ਲੋਕਾਂ ਦੇ ਉਜਾੜੇ ਦੀਆਂ ਚੀਸਾਂ ਦਾ ਦਰਦ, ‘ਬੁੱਢੇ ਥੇਹ ਦੀ ਹੂਕ: ਸੰਨ 1947’

ਡਾ. ਸੁਖਦੇਵ ਸਿੰਘ ਝੰਡ
ਫੋਨ: 647-567-9128
15 ਅਗਸਤ 1947 ਦੇ ਦਿਨ ਬ੍ਰਿਟਿਸ਼ ਹਕੂਮਤ ਵੱਲੋਂ ਭਾਰਤ ਨੂੰ ਸੌਂਪੀ ਗਈ ਆਜ਼ਾਦੀ ਜਿੱਥੇ ਇਸ ਦੇ ਬਹੁਤੇ ਲੋਕਾਂ ਲਈ ਖੁਸ਼ੀ ਮਨਾਉਣ ਦਾ ਮੌਕਾ ਸੀ, ਉੱਥੇ ਅੰਗਰੇਜ਼ ਸਰਕਾਰ ਵੱਲੋਂ ਪੰਜਾਬ ਅਤੇ ਬੰਗਾਲ ਦੀ ਬੁਰੀ ਤਰ੍ਹਾਂ ਕੀਤੀ ਗਈ ਵੰਡ ਇਨ੍ਹਾਂ ਦੋਹਾਂ ਸੂਬਿਆਂ ਦੇ ਲੋਕਾਂ ਲਈ ਡੂੰਘੇ ਸੰਤਾਪ ਦਾ ਵੱਡਾ ਕਾਰਨ ਬਣੀ। ਆਬਾਦੀ ਦੇ ਨਾਂ ‘ਤੇ ਇਨ੍ਹਾਂ ਸੂਬਿਆਂ ਵਿਚ ਹਿੰਦੂ-ਸਿੱਖਾਂ ਅਤੇ ਮੁਸਲਮਾਨਾਂ ਦੀ ਹੋਈ ਹਿਜਰਤ ਵਿਚ ਲੱਖਾਂ ਹੀ ਲੋਕਾਂ ਦੀਆਂ ਜਾਨਾਂ ਗਈਆਂ ਤੇ ਹੋਰ ਕਈ ਲੱਖਾਂ ਦੀ ਗਿਣਤੀ ਵਿਚ ਘਰੋਂ ਬੇ-ਘਰ ਹੋ ਗਏ। ਉਨ੍ਹਾਂ ਵਿਚੋਂ ਵੀ ਬਹੁਤ ਸਾਰੇ ਸਿਰਫ ਆਪਣੀਆਂ ਜਾਨਾਂ ਬਚਾ ਕੇ ਹੀ ਦੋਹਾਂ ਦੇਸ਼ਾਂ ਦੀਆਂ ਬਣੀਆਂ ਨਵੀਆਂ ਸਰਹੱਦਾਂ ਨੂੰ ਪਾਰ ਕਰ ਸਕੇ ਅਤੇ ਉਨ੍ਹਾਂ ਦੀਆਂ ਜ਼ਮੀਨਾਂ-ਜਾਇਦਾਦਾਂ, ਘਰਾਂ ਦਾ ਬੇਸ਼-ਕੀਮਤੀ ਸਾਜ਼ੋ-ਸਮਾਨ ਤੇ ਮਾਲ-ਡੰਗਰ ਉੱਥੇ ਘਰਾਂ ਵਿਚ ਹੀ ਰਹਿ ਗਏ।

ਕਈਆਂ ਨੇ ਆਉਣ ਲੱਗਿਆਂ ਆਪਣੇ ਪਸੂਆਂ ਦੇ ਰੱਸੇ ਤੇ ਸੰਗਲ ਖੋਲ੍ਹ ਦਿੱਤੇ ਅਤੇ ਉਹ ਵਿਚਾਰੇ ਬੇ-ਜ਼ੁਬਾਨੇ ਬੈਲ-ਗੱਡਿਆਂ ‘ਤੇ ਲੱਦੇ ਸਮਾਨ ਦੇ ਨਾਲ ਨਾਲ ਕਈ ਮੀਲ ਤੁਰਦੇ ਆਏ। ਉਨ੍ਹਾਂ ਨੂੰ ਬੜੀ ਮੁਸ਼ਕਿਲ ਨਾਲ ਪਿਛਾਂਹ ਮੋੜਿਆ ਗਿਆ।
ਇਹ ਮੰਨਿਆ ਜਾਂਦਾ ਹੈ ਕਿ 80 ਲੱਖ ਲੋਕਾਂ ਨੇ ਇਹ ਸੰਤਾਪ ਆਪਣੇ ਹੱਡੀਂ ਹੰਢਾਇਆ। ਸਰਕਾਰੀ ਅੰਕੜਿਆਂ ਅਨੁਸਾਰ 10 ਲੱਖ ਤੋਂ ਵੱਧ ਲੋਕ ਇਸ ਦੌਰਾਨ ਆਪਣੀਆਂ ਜਾਨਾਂ ਗੰਵਾ ਬੈਠੇ। ਸੰਤਾਪ ਦੇ ਮਾਰੇ ਲੋਕਾਂ ਨਾਲ ਭਰੀਆਂ ਰੇਲ ਗੱਡੀਆਂ ਵੱਢੀਆਂ ਗਈਆਂ ਅਤੇ ਇਕ ਲੱਖ ਤੋਂ ਵੱਧ ਧੀਆਂ-ਭੈਣਾਂ ਉਧਾਲੇ ਤੇ ਬੇਹੁਰਮਤੀ ਦਾ ਸ਼ਿਕਾਰ ਹੋਈਆਂ। ਅੱਜ ਦੇ ਪੱਛਮੀ ਪੰਜਾਬ (ਪਾਕਿਸਤਾਨ) ਦੇ ‘ਸਾਂਦਲ ਬਾਰ’, ‘ਨੀਲੀ ਬਾਰ’ ਤੇ ‘ਗੰਜੀ ਬਾਰ’ ਦੇ ਇਲਾਕੇ ਦੇ ਜੰਗਲਾਂ ਨੂੰ ਜੱਟਾਂ-ਜਿਮੀਂਦਾਰਾਂ ਵੱਲੋਂ ਆਪਣੇ ਹੱਥਾਂ ਨਾਲ ਪੁੱਟ-ਪੁੱਟ ਕੇ ਬੜੀ ਮਿਹਨਤ ਤੇ ਮੁਸ਼ੱਕਤ ਨਾਲ ਬਣਾਈਆਂ ਹੋਈਆਂ ਨਹਿਰਾਂ ਨਾਲ ਸਿੰਜੀਆਂ ਜਾਣ ਵਾਲੀਆਂ ਬੇਹੱਦ ਜ਼ਰਖੇਜ਼ ਜਮੀਨਾਂ ਉੱਥੇ ਹੀ ਰਹਿ ਗਈਆਂ ਅਤੇ ਉਨ੍ਹਾਂ ਦੇ ਇਵਜ਼ ਵਿਚ ਕਈ ਸਾਲਾਂ ਬਾਅਦ ਬਹੁਤ ਥੋੜ੍ਹੀਆਂ ਤੇ ਘੱਟ-ਉਪਜਾਊ ਜਮੀਨਾਂ ਹੀ ਉਨ੍ਹਾਂ ਨੂੰ ਨਸੀਬ ਹੋ ਸਕੀਆਂ।
ਇਸ ਵੱਡੇ ਸੰਤਾਪ ਦਾ ਇਕ ਹਿੱਸਾ ਮੇਰੇ ਪਰਿਵਾਰ ਦੇ ਵਡੇਰਿਆਂ ਨੇ ਵੀ ਹੰਢਾਇਆ, ਜਦੋਂ ਭਾਰਤ ਦੀ ਕਥਿਤ ‘ਆਜ਼ਾਦੀ’ ਦੇ ਤਿੰਨ ਦਿਨ ਬਾਅਦ 18 ਅਗਸਤ 1947 ਨੂੰ ਉਨ੍ਹਾਂ ਨੂੰ ਵੀ ਲੱਖਾਂ ਹੋਰਨਾਂ ਵਾਂਗ ਸਭ ਛੱਡ ਛਡਾ ਕੇ ਬੈਲ-ਗੱਡਿਆਂ ਦੇ ਇਨ੍ਹਾਂ ਕਾਫਲਿਆਂ ਵਿਚ ਸ਼ਾਮਲ ਹੋਣਾ ਪਿਆ। ਉਹ ਜਿਨ੍ਹਾਂ ਮੁਸ਼ਕਿਲਾਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਹੋਏ ਲਾਇਲਪੁਰ (ਅੱਜ ਕੱਲ੍ਹ ਫੈਸਲਾਬਾਦ) ਜਿਲੇ ਦੇ ਚੱਕ ਨੰਬਰ 202 (ਪਿੰਡ ਗੱਟੀ) ਤੋਂ ਚੱਲ ਕੇ ਬੱਲੋਕੀ ਹੈੱਡ ਵਰਕਸ, ਚੀਚੋਕੀ ਮੱਲ੍ਹੀਆਂ ਵਾਲੀ ਨਹਿਰ ਦੇ ਕੰਢੇ-ਕੰਢੇ, ਭਾਈ ਫੇਰੂ ਸ਼ਹਿਰ, ਮੋਗਾ, ਲੁਧਿਆਣਾ, ਫਗਵਾੜਾ ਤੇ ਜਲੰਧਰ ਜੀ. ਟੀ. ਰੋਡ ਦੇ ਨਾਲ-ਨਾਲ ਖੱਜਲ-ਖੁਆਰ ਹੁੰਦੇ ਹੋਏ 33 ਦਿਨਾਂ ਦੇ ਲੰਮੇ, ਅਕਾਊ ਤੇ ਥਕਾਊ ਸਫਰ ਪਿਛੋਂ ਜਿਲਾ ਅੰਮ੍ਰਿਤਸਰ ਦੇ ਪਿੰਡ ਤਲਾਵਾਂ (ਅੱਜ ਕੱਲ੍ਹ ਤਾਰਾਗੜ੍ਹ) ਪਹੁੰਚਣ ਦਾ ਜ਼ਿਕਰ ਜਦੋਂ ਮੇਰੇ ਪਿਤਾ ਜੀ ਕਰਿਆ ਕਰਦੇ ਸਨ ਤਾਂ ਉਨ੍ਹਾਂ ਦੇ ਨਾਲ ਸਾਡੀਆਂ ਵੀ ਅੱਖਾਂ ਵਿਚੋਂ ਅੱਥਰੂ ਪਰਲ-ਪਰਲ ਵਗਣ ਲੱਗ ਪੈਂਦੇ ਸਨ। ਉਹ ਦੱਸਦੇ ਸਨ ਕਿ ਕਾਫਲਿਆਂ ਦੇ ਰੂਪ ਵਿਚ ਉਸ ਅਤਿ-ਬਿਖੜੇ ਰਸਤੇ ਵਿਚ ਆਉਂਦਿਆਂ ਮੁਸਲਿਮ ਲੁਟੇਰਿਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਕਈਆਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਅਤੇ ਰਾਹ ਵਿਚ ਛੱਪੜਾਂ ਤੇ ਨਾਲਿਆਂ ਦਾ ਗੰਦਾ ਪਾਣੀ ਪੀਣ ਨਾਲ ਹੈਜ਼ਾ ਫੈਲਣ ਕਰਕੇ ਕਈ ਲੋਕ ਮਾਰੇ ਗਏ, ਜਿਨ੍ਹਾਂ ਵਿਚ ਮੇਰਾ ਇਕ ਤਾਇਆ ਤੇ ਇਕ ਚਾਚਾ ਵੀ ਸ਼ਾਮਲ ਸਨ। ਮੇਰੇ ਪਰਿਵਾਰ ਦੇ ਜੀਆਂ ਨੂੰ ਉਨ੍ਹਾਂ ਦੀਆਂ ਮ੍ਰਿਤਕ-ਦੇਹਾਂ ਦਾ ਅੰਤਿਮ ਸਸਕਾਰ ਕਰਨ ਦਾ ਵੀ ਮੌਕਾ ਨਾ ਮਿਲਿਆ ਅਤੇ ਇਕ ਨੂੰ ਤਾਂ ਰਸਤੇ ਵਿਚ ਧਰਤੀ ‘ਚ ਦਫਨਾ ਦਿੱਤਾ ਗਿਆ ਤੇ ਦੂਜੇ ਨੂੰ ਮੰਜੇ ਨਾਲ ਬੰਨ੍ਹ ਕੇ ਸਤਲੁਜ ਦੇ ਵਗਦੇ ਪਾਣੀ ਵਿਚ ਡੱਡੂਆਂ-ਮੱਛੀਆਂ ਦੇ ਹਵਾਲੇ ਕਰ ਦਿੱਤਾ ਗਿਆ।
ਜਿੱਥੇ ਬਹੁਤ ਸਾਰੇ ਲੋਕ, ਜਿਨ੍ਹਾਂ ਦੇ ਸਿਰਾਂ ‘ਤੇ ਉਦੋਂ ਉਸ ਸਮੇਂ ਧਾਰਮਿਕ ਜਨੂੰਨ ਸਵਾਰ ਸੀ, ਨੇ ਰਾਹ ਜਾਂਦੇ ਕਾਫਲਿਆਂ ਨੂੰ ਲੁੱਟਣ ਅਤੇ ਉਨ੍ਹਾਂ ਵਿਚਲੇ ਲੋਕਾਂ ਦੀ ਮਾਰ-ਧਾੜ ਕੀਤੀ, ਉੱਥੇ ਕਈ ਭਲੇ-ਪੁਰਸ਼ਾਂ ਨੇ ਮੌਤ ਦੀ ਪ੍ਰਵਾਹ ਨਾ ਕਰਦਿਆਂ ਸਿਰਾਂ ‘ਤੇ ਕਫਨ ਬੰਨ੍ਹ ਕੇ ਆਪਣੇ ਸੁਹਿਰਦ ਯਤਨਾਂ ਨਾਲ ਇਹ ਸੰਤਾਪ ਭੋਗ ਰਹੇ ਲੋਕਾਂ ਨੂੰ ਵੱਖ-ਵੱਖ ਥਾਂਵਾਂ ‘ਤੇ ਲੱਗੇ ਸਰਕਾਰੀ ਰਾਹਤ-ਕੈਪਾਂ ਤੀਕ ਸੁਰੱਖਿਅਤ ਵੀ ਪਹੁੰਚਾਇਆ। ਇਨ੍ਹਾਂ ਵਿਚ ਕਈ ਹੋਰਨਾਂ ਸਮੇਤ ਇਸ ਪੁਸਤਕ ਦੀ ਸੰਪਾਦਕ ਇਕਬਾਲ ਕੌਰ ਦੇ ਪਿਤਾ (ਸ਼ਹੀਦ) ਗਹਿਲ ਸਿੰਘ ਛੱਜਲਵੱਡੀ ਵੀ ਸ਼ਾਮਲ ਹਨ। ਉਨ੍ਹਾਂ ਦੀ ਯਾਦ ਵਿਚ ਉਨ੍ਹਾਂ ਦੀਆਂ ਬੇਟੀਆਂ ਵੱਲੋਂ ਅੰਮ੍ਰਿਤਸਰ ਤੋਂ 22 ਕਿਲੋਮੀਟਰ ਦੂਰ ਰਈਆ/ਖਿਲਚੀਆਂ ਵਾਲੇ ਪਾਸੇ ਜੀ. ਟੀ. ਰੋਡ (ਨੈਸ਼ਨਲ ਹਾਈਵੇਅ ਨੰ. 1) ਦੇ ਦੋਵੇਂ ਪਾਸੇ ਵੱਸੇ ਵੱਡੇ ਪਿੰਡ ਟਾਂਗਰਾ ਵਿਖੇ ‘ਸ਼ਹੀਦ ਗਹਿਲ ਸਿੰਘ ਮੈਮੋਰੀਅਲ ਸਕੂਲ’ ਸਥਾਪਿਤ ਕੀਤਾ ਗਿਆ ਅਤੇ ਉੱਥੇ ਹਰ ਸਾਲ ਉਨ੍ਹਾਂ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ। ਸਕੂਲ ਪੜ੍ਹਦੇ ਸਮੇਂ ਮੈਂ ਕਈ ਵਾਰ ਉਨ੍ਹਾਂ ਮੌਕਿਆਂ ‘ਤੇ ਹੋਏ ਬਰਸੀ ਸਮਾਗਮਾਂ ਵਿਚ ਸ਼ਾਮਲ ਹੋਇਆ ਹਾਂ। ਮੈਡਮ ਇਕਬਾਲ ਕੌਰ ਸੌਂਦ, ਉਨ੍ਹਾਂ ਦੀ ਵੱਡੀ ਭੈਣ ਬੀਰ ਕਲਸੀ ਤੇ ਛੋਟੀਆਂ ਭੈਣਾਂ ਇਨ੍ਹਾਂ ਸ਼ਹੀਦੀ ਸਮਾਗਮਾਂ ਦੀਆਂ ‘ਰੂਹੇ-ਰਵਾਂ’ ਹੁੰਦੀਆਂ ਸਨ।
ਡਾ. ਇਕਬਾਲ ਕੌਰ ਸੌਂਦ ਨੇ ਇਸ ਸੰਤਾਪ ਨੂੰ ਵੱਖ-ਵੱਖ ਲੇਖਕਾਂ ਵੱਲੋਂ ਕਲਮਬੰਦ ਕੀਤੀਆਂ ਗਈਆਂ ਸੱਚੀਆਂ ਘਟਨਾਵਾਂ ਨੂੰ 35 ਕਹਾਣੀਆਂ ਦੇ ਰੂਪ ਵਿਚ ਇਸ ਪੁਸਤਕ ਵਿਚ ਬੜੇ ਖੂਬਸੂਰਤ ਢੰਗ ਨਾਲ ਸੰਪਾਦਿਤ ਕੀਤਾ ਹੈ। ਪੁਸਤਕ ਵਿਚ ਕਹਾਣੀਕਾਰ ਅਤਰਜੀਤ ਦੀ ਪਹਿਲੀ ਕਹਾਣੀ ‘ਚੰਦਰੀ ਹਵਾ’ ਦੀ ਸ਼ੁਰੂਆਤ ਲਾਹੌਰ ਵੱਲੋਂ ਆਈ ਲੋਥਾਂ ਨਾਲ ਭਰੀ ਗੱਡੀ ਨਾਲ ਹੁੰਦੀ ਹੈ, ਜਿਸ ਦੇ ਵਿਰੋਧ ਵਿਚ ਨਿਹੰਗੀ-ਭੇਸ ਵਿਚ ਕਈ ਵੈਲੀ ਕਿਸਮ ਦੇ ਲੋਕ ਬਰਛਿਆਂ, ਟਕੂਏ ਤੇ ਤਲਵਾਰਾਂ ਆਦਿ ਨਾਲ ਪਿੰਡੋ-ਪਿੰਡੀ ਜਾ ਕੇ ਮੁਸਲਮਾਨਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਲਈ ਤੁਰ ਪੈਂਦੇ ਹਨ। ਇਨ੍ਹਾਂ ਵਿਚ ਸ਼ਾਮਲ ‘ਸਰਦਾਰੇ’ ਜਿਹੇ ਕਈ ਬਦਮਾਸ਼ਾਂ ਨੇ ‘ਜੈਨਾ’ ਵਰਗੀਆਂ ਬਹੁਤ ਸਾਰੀਆਂ ਮਾਸੂਮ ਮੁਸਲਿਮ ਲੜਕੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਜ਼ਬਰਦਸਤੀ ਉਨ੍ਹਾਂ ਦਾ ਧਰਮ ਬਦਲ ਕੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਵਸਾਇਆ।
ਦੂਜੀ ਕਹਾਣੀ ‘ਬਟਵਾਰਾ’ ਵਿਚ ਪੁਸਤਕ ਦੀ ਸੰਪਾਦਕ ਡਾ. ਇਕਬਾਲ ਕੌਰ ਨੇ ਵੀ ਅਜਿਹੇ ਹੀ ਇਕ ਪਾਤਰ ‘ਸਰਪੰਚ’ ਦਾ ਬਾਖੂਬੀ ਜ਼ਿਕਰ ਕੀਤਾ ਹੈ, ਜੋ ਰਾਹ ਜਾਂਦੇ ਕਾਫਲੇ ਵਿਚੋਂ ਪਾਣੀ ਪੀਣ ਲਈ ਇਕ ਪਾਸੇ ਹੋਈ ਮੁਸਲਿਮ ਜਵਾਨ ਲੜਕੀ ਨੂੰ ਧੂਹ ਕੇ ਆਪਣੇ ਘਰ ਲੈ ਆਉਂਦਾ ਹੈ। ਇਸ ਕਹਾਣੀ ਵਿਚ ਉਹ ਲੱਭੂ ਘੁਮਿਆਰ ਦੇ ਜਨੂੰਨੀਆਂ ਦੇ ਹੱਥੋਂ ਬੇਰਹਿਮੀ ਨਾਲ ਵੱਢੇ-ਟੁੱਕੇ ਜਾਣ ਬਾਰੇ ਵੀ ਦੱਸਦੇ ਹਨ। ਕਹਾਣੀ ਦਾ ਮੁੱਖ ਪਾਤਰ ਇਕ ਭਲਾ-ਪੁਰਸ਼ ‘ਸਰਦਾਰ’ ਆਪਣੇ ਪਿੰਡ ਦੇ ਸਾਥੀਆਂ ਨਾਲ ਮੁਸਲਿਮ ਕਾਫਲੇ ਨੂੰ ਸੁਰੱਖਿਅਤ ਕੈਂਪ ਤੱਕ ਪਹੁੰਚਾਉਂਦਾ ਹੈ। ਅਗਲੀ ਕਹਾਣੀ ‘ਵਿਛੜਨ ਰਾਤ ਨਾ ਆਵੇ’ ਵਿਚ ਡਾ. ਇੰਦਰਾ ਵਿਰਕ ਨੇ ਮੁੱਖ ਪਾਤਰ ਇਕਬਾਲ ਦੇ ਆਪਣੇ ਪਿਤਾ ਦੇ ਵਿਛੜਨ ਅਤੇ ਫਿਰ ਆਪਣੀ ਮਾਂ, ਚਾਚੇ, ਦਾਦੇ ਤੇ ਦਾਦੀ ਨਾਲ ਕਈ ਦੁੱਖ, ਤਕਲੀਫਾਂ ਸਹਿੰਦੇ ਹੋਏ ਇਧਰਲੇ ਪੰਜਾਬ ਵਿਚ ਪਹੁੰਚਣ ਅਤੇ ਚਾਚੇ ਦੇ ਰਸਤੇ ਵਿਚ ਹੀ ਸਾਥ ਛੱਡ ਜਾਣ ਦਾ ਜ਼ਿਕਰ ਕੀਤਾ ਹੈ।
ਕਹਾਣੀਆਂ ਦਾ ਸਿਲਸਿਲਾ ਇੰਜ ਅੱਗੇ ਤੁਰਦਾ ਹੈ ਅਤੇ ਪਾਠਕ ਨੂੰ ਪ੍ਰਿੰ. ਸੁਜਾਨ ਸਿੰਘ ਦੀ ਕਹਾਣੀ ‘ਮਨੁੱਖ ਤੇ ਪਸੂ’, ‘ਸਵਰਨ ਕੌਰ ਬੱਲ ਦੀ ‘ਸ਼ਰੀਫਾਂ’, ਸਤਨਾਮ ਚੌਹਾਨ ਦੀ ‘ਤੈਂ ਕੀ ਦਰਦ ਨਾ ਆਇਆ’, ਸੁਰਿੰਦਰ ਖਹਿਰਾ ਪੱਖੋਕੇ ਦੀ ‘ਨਿਸ਼ਾਨੀ’, ਡਾ. ਸ਼ ਸ਼ ਛੀਨਾ ਦੀ ‘ਭਾਵਨਾਵਾਂ ਦੇ ਸ਼ਬਦ ਨਹੀਂ ਹੁੰਦੇ’, ਹਰਸਿਮਰਨ ਕੌਰ ਦੀ ‘ਸ਼ਰਨਾਰਥੀ’, ਪ੍ਰੋ. ਕਰਨੈਲ ਸਿੰਘ ਥਿੰਦ ਦੀ ‘ਚਾਚਾ ਜੁੰਮਾ’, ਪ੍ਰਿੰ. ਕੁਲਦੀਪ ਕੌਰ ਦੀ ‘ਪੰਦਰਾਂ ਅਗਸਤ’, ਕੀਰਤ ਸਿੰਘ ਪੰਨੂੰ ਦੀ ‘ਫੈਸਲਾ’, ਗੁਰਦਿਆਲ ਸਿੰਘ ਬੱਲ ਦੀ ‘ਘੁਣ’, ਗੁਰਮੇਜ ਸਿੰਘ ਢਿੱਲੋਂ ਦੀ ‘ਬੁੱਢੇ ਥੇਹ ਦੀ ਹੂਕ’, ਦੀਪ ਦਵਿੰਦਰ ਸਿੰਘ ਦੀ ‘ਵੇਲਾ ਕੁਵੇਲਾ’, ਦਰਸ਼ਨ ਦਰਦ ਦੀ ‘ਆਜ਼ਾਦ ਲਾਹੌਰੀਆ’ ਤੇ ਕਈ ਹੋਰ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ। ਉਹ ਜਿਉਂ-ਜਿਉਂ ਇਹ ਕਹਾਣੀਆਂ ਪੜ੍ਹਦਾ ਹੈ, ਉਸ ਦੀ ਇੱਛਾ ਇਸ ਮਨੁੱਖੀ-ਘੱਲੂਘਾਰੇ ਬਾਰੇ ਹੋਰ ਜਾਣਨ ਦੀ ਬਣਦੀ ਜਾਂਦੀ ਹੈ ਅਤੇ ਉਹ ਬੜੀ ਉਤਸੁਕਤਾ ਨਾਲ ਇਨ੍ਹਾਂ ਵਿਚ ਗਵਾਚ ਜਾਂਦਾ ਹੈ।
ਮੈਨੂੰ ਮਾਣ ਹੈ ਕਿ ਇਨ੍ਹਾਂ ਕਹਾਣੀਆਂ ਦੇ ਨਾਲ ਮੇਰੇ ਪਿਤਾ ਜੀ ਦੀ ਹੱਡ-ਬੀਤੀ ਵੀ, ਸੰਪਾਦਕ ਵੱਲੋਂ ਇਸ ਪੁਸਤਕ ਦੇ ਅਖੀਰ ਵਿਚ ਕਹਾਣੀ ਰੂਪ ਵਿਚ ਸ਼ਾਮਲ ਕੀਤੀ ਗਈ ਹੈ। ਉਹ ਇਸ ਵਿਚ ਕੁਝ ਆਪਣੇ ਬਾਰੇ ਤੇ ਕੁਝ ਬਾਰਾਂ ਦੇ ਇਲਾਕੇ ਦੇ ਆਬਾਦ ਹੋਣ ਅਤੇ ਫਿਰ ਉੱਥੋਂ ਆਪਣੇ ਤੇ ਹੋਰ ਪਰਿਵਾਰਾਂ ਦੇ ਉਜੜਨ ਬਾਰੇ ਬਾਖੂਬੀ ਬਿਆਨ ਕਰਦੇ ਹਨ। ਉਹ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਨੂੰ ਉੱਥੋਂ ਚੱਲ ਕੇ ਇਧਰ ਆਪਣੇ ਜੱਦੀ ਪਿੰਡ ਪਹੁੰਚਣ ਲਈ ਰਸਤੇ ਵਿਚ ਕਿਨ੍ਹਾਂ-ਕਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਡਾ. ਇਕਬਾਲ ਕੌਰ ਨੇ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਇਹ ਪੁਸਤਕ ਪਾ ਕੇ ਭਾਰਤ ਦੀ 1947 ਦੀ ਹੋਈ ਦਰਦਨਾਕ ਵੰਡ ਨਾਲ ਜੁੜੇ ਇਤਿਹਾਸ ਦੇ ਖੂਨੀ ਕਾਂਡ ਵਿਚ ਨਿੱਗਰ ਵਾਧਾ ਕੀਤਾ ਹੈ। ਪੁਸਤਕ ਵਿਚਲੀਆਂ ਇਹ ਕਹਾਣੀਆਂ ਨਿਰੀਆਂ ਕਹਾਣੀਆਂ ਹੀ ਨਹੀਂ ਹਨ, ਸਗੋਂ ਇਹ ਇਨ੍ਹਾਂ ਵਿਚਲੇ ਪਾਤਰਾਂ ਦਾ ਹੱਡੀਂ ਹੰਢਾਇਆ ਸੰਤਾਪ ਹੈ, ਜਿਸ ਨੂੰ ਕਹਾਣੀਕਾਰਾਂ ਨੇ ਕਲਮੀ ਰੂਪ ਦਿੱਤਾ ਹੈ। ਉੱਘੇ ਪੰਜਾਬੀ ਕਵੀ ਨਿਰਮਲ ਅਰਪਨ ਦਾ ਲਿਖਿਆ ਮੁੱਖਬੰਦ ‘ਦਾਗ-ਦਾਗ ਉਜਾਲਾ’ ਪੁਸਤਕ ਨੂੰ ਹੋਰ ਵੀ ਚਾਰ ਚੰਨ ਲਾਉਂਦਾ ਹੈ। ਪੰਜਾਬੀ ਸੱਥ ਲਾਂਬੜਾ ਦੇ ਸੇਵਾਦਾਰ ਡਾ. ਨਿਰਮਲ ਸਿੰਘ ਅਤੇ ਮੋਤਾ ਸਿੰਘ ਸਰਾਏ, ਸੰਚਾਲਕ ਯੂਰਪੀ ਪੰਜਾਬੀ ਸੱਥ ਦੇ ਮੁੱਢਲ ਸ਼ਬਦ ‘ਹੱਡੀਂ ਹੰਢਾਏ ਦਰਦਾਂ ਦੀਆਂ ਦਾਸਤਾਨਾਂ’ ਇਸ ਦਾ ਅਹਿਮ ਹਾਸਲ ਹਨ। ਪੁਸਤਕ ਦਾ ਟਾਈਟਲ ‘ਬੁੱਢੇ ਥੇਹ ਦੀ ਹੂਕ: ਸੰਨ 1947’ ਇਸ ਵਿਚਲੀਆਂ ਕਹਾਣੀਆਂ ਦੀ ਸਹੀ ਤਰਜਮਾਨੀ ਕਰਦਾ ਹੈ। ਆਜ਼ਾਦ ਬੁੱਕ ਡਿਪੋ, ਅੰਮ੍ਰਿਤਸਰ ਪੁਸਤਕ ਨੂੰ ਇਸ ਰੂਪ ਵਿਚ ਲਿਆਉਣ ਲਈ ਵਧਾਈ ਦਾ ਹੱਕਦਾਰ ਹੈ।