ਕਰੋਨਾ ਅਤੇ ਹੋ ਰਹੀ ਖੋਜ

ਡਾ. ਬਲਜਿੰਦਰ ਸਿੰਘ ਸੇਖੋਂ
ਫੋਨ: 1-905-781-1197
ਦ ਤੋਂ ਕਰੋਨਾ ਦਾ ਕਹਿਰ ਸ਼ੁਰੂ ਹੋਇਆ ਹੈ, ਇਸ ਬਾਰੇ ਨਵੀਂ ਖੋਜ ਤੋਂ ਨਵੇਂ ਤੱਥ ਸਾਹਮਣੇ ਆ ਰਹੇ ਹਨ। ਕਰੋਨਾ ਜਿਸ ਦੇ ਨਾ ਧੜ, ਨਾ ਸਿਰ, ਨਾ ਪੈਰ, ਜੋ ਕਿਸੇ ਨੂੰ ਬਿਮਾਰ ਕਰਕੇ ਖੁਸ਼ ਨਹੀਂ ਹੋ ਸਕਦਾ ਅਤੇ ਨਾ ਹੀ ਆਪਣੇ ਨਾਲ ਦਿਆਂ ਦੇ ਜਾਣ ‘ਤੇ ਦੁਖੀ ਹੋ ਸਕਦਾ ਹੈ, ਕਿਉਂਕਿ ਇਨ੍ਹਾਂ ਗੱਲਾਂ ਨੂੰ ਮਹਿਸੂਸ ਕਰਨ ਵਾਲਾ ਦਿਮਾਗ ਇਸ ਵਿਚ ਨਹੀਂ, ਨੇ ਸਾਰੀ ਦੁਨੀਆਂ ਨੂੰ ਵਖਤ ਪਾਇਆ ਹੋਇਆ ਹੈ। ਇਹ ਤਾਂ ਪੂਰਾ ਸੂਰਾ ਇੱਕ ਸੈੱਲ (ਮਨੁੱਖੀ ਸਰੀਰ ਕਰੀਬ 30 ਖਰਬ ਸੈੱਲਾਂ ਦਾ ਬਣਿਆ ਹੁੰਦਾ ਹੈ) ਵੀ ਨਹੀਂ। ਇਸ ਨੂੰ ਆਪਣੀ ਅਗਲੀ ਪੁਸ਼ਤ ਪੈਦਾ ਕਰਨ ਲਈ ਕਿਸੇ ਹੋਰ ਦੇ ਸੈੱਲ ਵਿਚਲੀਆਂ ਅੰਗੜੀਆਂ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਦੀ ਇਹੀ ਮਜਬੂਰੀ, ਜਦ ਇਹ ਆਪਣੇ ਵਾਧੇ ਲਈ ਮਨੁੱਖ ਦੇ ਸੈੱਲ ਵਰਤਦਾ ਹੈ, ਮਨੁੱਖ ਵਿਚ ਬਿਮਾਰੀ ਦਾ ਕਾਰਨ ਬਣਦੀ ਹੈ।

ਕਿਸੇ ਜੀਵ ਤੋਂ ਬਾਹਰ ਇਹ ਨਿਰਜੀਵ ਹੈ, ਪਰ ਕਿਸੇ ਸੈੱਲ ਵਿਚ ਜਾ ਕੇ ਉਸ ‘ਤੇ ਆਪਣਾ ਕਬਜ਼ਾ ਕਰ ਲੈਂਦਾ ਹੈ ਅਤੇ ਉਸ ਦੇ ਆਪਣੇ ਸਾਰੇ ਕੰਮ ਕਾਜ ਛਡਾ ਆਪਣੇ ਆਪ ਵਰਗੇ ਹੋਰ ਵਾਇਰਸ ਬਣਾਉਣ ਲਈ ਮਜਬੂਰ ਕਰ ਦਿੰਦਾ ਹੈ।
ਸਾਡਾ ਸਰੀਰ ਇਸ ਦੇ ਵਿਰੁਧ ਲੜਨ ਅਤੇ ਇਸ ਨੂੰ ਖਤਮ ਕਰਨ ‘ਤੇ ਸਾਰਾ ਤਾਣ ਲਾ ਦਿੰਦਾ ਹੈ। ਜਦ ਇਸ ਦੇ ਕਣ ਸਾਹ ਨਾਲ ਫੇਫੜਿਆਂ ਵਿਚ ਚਲੇ ਜਾਂਦੇ ਹਨ ਤਾਂ ਸਰੀਰ ਇਨ੍ਹਾਂ ਖਿਲਾਫ ਲੜਨ ‘ਤੇ ਵਾਹ ਲਾਉਂਦਾ ਆਪਣਾ ਤਾਪਮਾਨ ਵਧਾ ਲੈਂਦਾ ਹੈ, ਜਿਸ ਨੂੰ ਅਸੀਂ ਬੁਖਾਰ ਕਹਿੰਦੇ ਹਾਂ। ਜਦ ਪੰਜ-ਛੇ ਦਿਨ ਇਹ ਨਾ ਕਾਬੂ ਵਿਚ ਆਵੇ ਤਾਂ ਕਈ ਵਾਰ ਸਰੀਰ ਲੋੜੋਂ ਵੱਧ ਤਾਣ ਲਾਉਂਦਾ ਹੋਇਆ, ਫੇਫੜਿਆਂ ਵਿਚ ਆਪਣੇ ਸਾਰੇ ਫੌਜੀ (ਚਿੱਟੇ ਰਕਤਾਣੂ ਅਤੇ ਸੁਨੇਹੇ ਦੇਣ ਵਾਲੇ ਛੋਟੇ ਪ੍ਰੋਟੀਨ ਵਗੈਰਾ) ਵੱਡੀ ਮਾਤਰਾ ਵਿਚ ਇਕੱਠੇ ਕਰ ਲੈਂਦਾ ਹੈ, ਜਿਸ ਕਾਰਨ ਫੇਫੜਿਆਂ ਵਿਚ ਸੋਜਿਸ਼ ਆ ਜਾਂਦੀ ਹੈ, ਚਿਪਕਣੇ ਤਰਲ ਪਦਾਰਥ ਸੈੱਲਾਂ ਵਿਚੋਂ ਰਿਸਣ ਲਗਦੇ ਹਨ ਅਤੇ ਮਹੀਨ ਸਾਹ ਥੈਲੀਆਂ, ਜਿਨ੍ਹਾਂ ਵਿਚੋਂ ਆਕਸੀਜਨ ਨੇ ਖੂਨ ਵਿਚ ਰਲਣਾ ਹੁੰਦਾ ਹੈ, ਉਤੇ ਇਨ੍ਹਾਂ ਫਾਲਤੂ ਲੇਸਦਾਰ ਰਸਾਇਣਾਂ ਦਾ ਲੇਪ ਜਿਹਾ ਹੋ ਜਾਂਦਾ ਹੈ, ਜਿਸ ਨਾਲ ਖੂਨ ਵਿਚ ਆਕਸੀਜਨ ਘੱਟ ਜਾਣ ਲਗਦੀ ਹੈ, ਸਾਹ ਘੁਟਣ ਲਗਦਾ ਹੈ ਅਤੇ ਕਈ ਵਾਰ ਹਸਪਤਾਲ ਵਿਚ ਵਾਧੂ ਆਕਸੀਜਨ ਦੇਣ ਜਾਂ ਮਸ਼ੀਨ ਨਾਲ ਸਾਹ ਦੇਣ ਉਪਰੰਤ ਵੀ ਮਰੀਜ਼ ਦੀ ਜਾਨ ਚਲੀ ਜਾਂਦੀ ਹੈ। ਬੁਖਾਰ, ਸੁੱਕੀ ਖੰਘ ਅਤੇ ਥਕਾਵਟ ਇਸ ਬਿਮਾਰੀ ਦੀਆਂ ਆਮ ਅਲਾਮਤਾ ਹਨ, ਪਰ ਕਈ ਮਰੀਜ਼ਾਂ ਵਿਚ ਗਲਾ ਖਰਾਬ ਹੋਣਾ, ਸਿਰ ਦਰਦ, ਸਰੀਰ ਦੇ ਪੱਠਿਆਂ ਵਿਚ ਦਰਦ, ਦਸਤ ਲੱਗਣ, ਸਰੀਰ ‘ਤੇ ਪਿੱਤ ਵਾਂਗ ਦਾਣੇ, ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦਾ ਬਦਰੰਗ ਹੋਣ ਜਿਹੀਆਂ ਨਿਸ਼ਾਨੀਆਂ ਵੀ ਵੇਖੀਆਂ ਗਈਆਂ ਹਨ।
ਕਰੋਨਾ ਵਾਇਰਸ ਦੀ ਇਹ ਬਿਮਾਰੀ ਜੰਗਲ ਵਿਚ ਲੱਗੀ ਅੱਗ ਵਾਂਗ ਹੈ, ਜਿਸ ਨਾਲ ਸੁੱਕਾ ਘਾਹ ਬੂਟ, ਸੁੱਕੀਆਂ ਝਾੜੀਆਂ ਜਾਂ ਸੁੱਕੇ ਦਰਖਤ ਸੜ ਕੇ ਨਵੇਂ ਬੂਟਿਆਂ ਲਈ ਰਾਹ ਪੱਧਰਾ ਕਰਦੇ ਹਨ। ਇਹ ਬਿਮਾਰੀ ਵੀ ਕਮਜ਼ੋਰ, ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਜਾ ਵੱਡੀ ਉਮਰ ਕਾਰਨ ਕਮਜ਼ੋਰ ਹੋ ਚੁਕੀ ਸਰੀਰ ਸੁਰੱਖਿਆ ਪ੍ਰਣਾਲੀ ਵਾਲੇ ਮਰੀਜ਼ਾਂ ਦੀ ਜਾਨ ਲੈ ਰਹੀ ਹੈ। ਮਨੁੱਖ ਲਈ ਆਪਣਾ ਹਰ ਸਨੇਹੀ ਪਿਆਰਾ ਹੈ ਅਤੇ ਉਹ ਕਿੰਨੀ ਵੀ ਵੱਡੀ ਉਮਰ ਦਾ ਜਾਂ ਕਿਸੇ ਬਿਮਾਰੀ ਕਾਰਨ ਕਮਜ਼ੋਰ ਹੀ ਕਿਉਂ ਨਾ ਹੋਵੇ, ਉਸ ਦੇ ਜਾਣ ਦਾ ਬਹੁਤ ਦੁੱਖ ਹੁੰਦਾ ਹੈ। ਕੈਨੇਡਾ ਵਿਚ ਇਸ ਬਿਮਾਰੀ ਦੇ ਆਉਣ ‘ਤੇ 80% ਮੌਤਾਂ 80 ਸਾਲ ਦੀ ਉਮਰ ਤੋਂ ਵੱਧ ਵਿਅਕਤੀਆਂ ਦੀਆਂ ਹੋਈਆਂ। ਜ਼ਿਆਦਾਤਰ ਮਰੀਜ਼ ਥੋੜੇ ਬਹੁਤ ਤੰਗ ਹੋ ਕੇ ਠੀਕ ਹੋ ਜਾਂਦੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਕੁਲ ਮਰੀਜ਼ਾਂ ਦਾ 3.8% ਹੀ ਹੈ, ਪਰ ਦੁਨੀਆਂ ਭਰ ਵਿਚ ਕੁਲ ਮਰੀਜ਼ਾਂ ਦਾ ਅੰਕੜਾ ਦੋ ਕਰੋੜ ਦੇ ਨੇੜੇ ਤੇੜੇ ਜਾਣ ਨਾਲ ਕੁਲ ਮੌਤਾਂ 7 ਲੱਖ ਦੇ ਨੇੜੇ ਪਹੁੰਚ ਗਈਆਂ ਹਨ। ਇਸ ਦੇ ਤੇਜੀ ਨਾਲ ਵਧਣ ਦਾ ਕਾਰਨ, ਬਿਮਾਰੀ ਦੇ ਕਣਾਂ ਦਾ ਮਰੀਜ਼ ਵਿਚ ਨਿਸ਼ਾਨੀਆਂ ਆਉਣ ਤੋਂ ਪਹਿਲਾਂ ਹੀ ਨੱਕ, ਮੂੰਹ ਜਾਂ ਅੱਖਾਂ ਦੇ ਪਾਣੀ ਵਿਚੋਂ ਨਿਕਲ ਅੱਗੇ ਫੈਲਣਾ ਹੈ। ਉਸ ਵਿਅਕਤੀ ਵਿਚ ਕਿਉਂਕਿ ਬਿਮਾਰੀ ਦਾ ਕੋਈ ਲੱਛਣ ਨਹੀਂ ਹੁੰਦਾ, ਇਸ ਲਈ ਨਾ ਤਾਂ ਉਹ ਆਪ, ਨਾ ਹੀ ਉਸ ਨੂੰ ਮਿਲਣ-ਗਿਲਣ ਵਾਲੇ ਸਾਵਧਾਨੀਆਂ ਵਰਤਦੇ ਹਨ।
ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ, ਇਸ ਤੋਂ ਬਚਣ ਅਤੇ ਇਲਾਜ ਲਈ ਵੱਡੀ ਪੱਧਰ ‘ਤੇ ਯਤਨ ਹੋ ਰਹੇ ਹਨ। ਇਸ ਤੋਂ ਬਚਣ ਲਈ ਮਾਸਕ ਪਾਏ ਜਾਣ ਕਿ ਨਾ, ਦਾ ਮੁੱਦਾ ਕਾਫੀ ਗਰਮ ਰਿਹਾ ਹੈ। ਸੰਸਾਰ ਸਿਹਤ ਸੰਸਥਾ ਦੇ ਬੁਲਾਰੇ ਦਾ ਪਹਿਲਾਂ ਪਹਿਲ ਇਹ ਕਹਿਣਾ ਸੀ ਕਿ ਇਹ ਹਵਾ ਰਾਹੀਂ ਨਹੀਂ ਫੈਲਦਾ, ਜੇ ਫੈਲਦਾ ਹੁੰਦਾ ਤਾਂ ਇੱਕ ਕਮਰੇ ਵਿਚ ਕਿਸੇ ਮਰੀਜ਼ ਨਾਲ ਬੈਠੇ ਸਾਰੇ ਲੋਕ ਬਿਮਾਰ ਹੋਣੇ ਚਾਹੀਦੇ ਸਨ, ਜੋ ਵੇਖਣ ਵਿਚ ਨਹੀਂ ਆ ਰਿਹਾ। ਇਸ ਬਾਰੇ ਸਿੱਧੀ ਖੋਜ ਤਾਂ ਕੋਈ ਨਹੀਂ ਹੋਈ, ਪਰ ਕਰੀਬ 200 ਡਾਕਟਰਾਂ ਵਲੋਂ ਸੰਸਾਰ ਸਿਹਤ ਸੰਸਥਾ ਦੇ ਮੁਖੀ ਨੂੰ ਲਿਖੇ ਪੱਤਰ ਦੇ ਆਧਾਰ ‘ਤੇ ਉਸ ਨੇ ਜਿਥੇ ਬੰਦ ਕਮਰਾ ਹੋਵੇ, ਲੋਕ ਨੇੜੇ ਨੇੜੇ ਬੈਠੇ ਹੋਣ, ਉਸ ਥਾਂ ਮਾਸਕ ਪਾਉਣ ਦੀ ਸਿਫਾਰਿਸ਼ ਕੀਤੀ ਹੈ। ਇਨ੍ਹਾਂ ਡਾਕਟਰਾਂ ਦਾ ਤਰਕ ਸੀ ਕਿ ਇਹ ਵਾਇਰਸ ਆਮ ਜ਼ੁਕਾਮ ਕਰਨ ਵਾਲੇ ਕੀਟਾਣੂਆਂ ਨਾਲ ਮਿਲਦਾ ਹੈ, ਜੇ ਉਹ ਹਵਾ ਰਾਹੀਂ ਫੈਲ ਸਕਦੇ ਹਨ ਤਾਂ ਇਹ ਕਿਉਂ ਨਹੀਂ ਫੈਲੇਗਾ।
ਮਾਤਾ, ਪੋਲੀਓ, ਡੇਂਗੂ, ਏਡਜ਼, ਖਸਰਾ, ਈਬੋਲਾ, ਹਲਕਾਅ, ਜ਼ੁਕਾਮ ਆਦਿ ਵਾਂਗ ਕਰੋਨਾ ਵੀ ਵਾਇਰਸ ਦੀ ਬਿਮਾਰੀ ਹੈ। ਇੱਕ ਵਾਰ ਬਿਮਾਰੀ ਸ਼ੁਰੂ ਹੋ ਜਾਵੇ ਤਾਂ ਰੋਕਣ ਲਈ ਸਾਡੇ ਕੋਲ ਕੋਈ ਦਵਾਈ ਨਹੀਂ। ਦੂਜੇ ਕੀਟਾਣੂਆਂ ਜਿਵੇਂ ਬੈਕਟੀਰੀਆ (ਕੋਹੜ, ਹੈਜ਼ਾ, ਟੀ. ਬੀ., ਪਲੇਗ) ਆਦਿ ਨੂੰ ਸਰੀਰ ਵਿਚੋਂ ਖਤਮ ਕਰਨ ਲਈ ਕਈ ਕਿਸਮ ਦੀਆਂ ਦਵਾਈਆਂ ਹਨ ਜਿਵੇਂ ਪੈਨਸਲੀਨ, ਸਟਰੈਪਟੋਮਾਈਸੀਨ ਆਦਿ। ਵਾਇਰਸ ਦੀ ਬਿਮਾਰੀ ਹੋਣ ‘ਤੇ ਸਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਹੀ ਇਨ੍ਹਾਂ ਦਾ ਟਾਕਰਾ ਕਰਕੇ ਇਨ੍ਹਾਂ ਨੂੰ ਖਤਮ ਕਰ ਸਕਦੀ ਹੈ। ਜਿਸ ਵਿਅਕਤੀ ਦੀ ਸੁਰੱਖਿਆ ਪ੍ਰਣਾਲੀ ਨੇ ਇਸ ਨੂੰ ਖਤਮ ਕਰ ਲਿਆ ਤੇ ਉਹ ਰਾਜ਼ੀ ਹੋ ਗਿਆ ਤਾਂ ਜੇ ਉਸ ਨੂੰ ਦੁਬਾਰਾ ਵਾਇਰਸ ਬਿਮਾਰ ਕਰਨ ਦੀ ਕੋਸ਼ਿਸ਼ ਕਰੇ ਤਾਂ ਸੁਰੱਖਿਆ ਪ੍ਰਣਾਲੀ ਦੇ ਪਹਿਲਾਂ ਹੀ ਤਿਆਰ ਬੈਠੇ ਟੀ ਸੈੱਲ (ਇਕ ਕਿਸਮ ਦੇ ਸਿਪਾਹੀ) ਉਸ ਨੂੰ ਸਰੀਰ ਵਿਚ ਫੈਲਣ ਤੋਂ ਰੋਕ ਦਿੰਦੇ ਹਨ। ਜਾਂ ਫਿਰ ਇਨ੍ਹਾਂ ਵਾਇਰਸਾਂ ਤੋਂਂ ਬਚਣ ਲਈ ਵੈਕਸੀਨ ਬਣਾਈ ਜਾਂਦੀ ਹੈ, ਜੋ ਆਮ ਕਰਕੇ ਉਸ ਵਾਇਰਸ ਦੇ ਕਮਜ਼ੋਰ ਕੀਤੇ ਕਣ ਹੀ ਹੁੰਦੇ ਹਨ, ਜੋ ਕਿਸੇ ਵਿਅਕਤੀ ਨੂੰ ਬਿਮਾਰ ਨਹੀਂ ਕਰਦੇ, ਪਰ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਇਸ ਦੇ ਖਿਲਾਫ ਚੇਤਨ ਕਰ ਜਾਂਦੇ ਹਨ ਅਤੇ ਅਸਲ ਬਿਮਾਰੀ ਆਉਣ ‘ਤੇ ਪਹਿਲਾਂ ਹੀ ਤਿਆਰ-ਬਰ-ਤਿਆਰ ਸਿਪਾਹੀ ਅੰਦਰ ਆਉਣ ‘ਤੇ ਹੀ ਉਸ ਦਾ ਨਾਸ਼ ਕਰ ਦਿੰਦੇ ਹਨ।
ਜਿੰਨੀ ਦੇਰ ਵੈਕਸੀਨ ਨਹੀਂ ਬਣਦੀ, ਉਨੀ ਦੇਰ ਇਸ ਤੋਂ ਬਚਣ ਦੀ ਲੋੜ ਹੈ। ਇਸ ਲਈ ਬੇਲੋੜਾ ਘਰੋਂ ਬਾਹਰ ਨਾ ਜਾਣਾ, ਇੱਕ ਦੂਸਰੇ ਤੋਂ ਛੇ ਫੁੱਟ ਦੀ ਦੂਰੀ ਬਣਾਈ ਰੱਖਣੀ, ਬੰਦ ਥਾਂਵਾਂ ‘ਤੇ ਮਾਸਕ ਪਾਉਣਾ, ਕਿਸੇ ਵੀ ਅਣਜਾਣ ਥਾਂ ‘ਤੇ ਹੱਥ ਲੱਗਣ ਤੇ ਨੱਕ ਮੂੰਹ ਨੂੰ ਲਾਉਣ ਤੋਂ ਪਹਿਲਾਂ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ, ਜਾਂ ਅਲਕੋਹਲ ਨਾਲ ਕੀਟਾਣੂ ਰਹਿਤ ਕਰਨਾ, ਜਿਹੀਆਂ ਸਾਵਧਾਨੀਆਂ ਅਪਨਾਉਣਾ ਜਰੂਰੀ ਹੈ। ਇਸ ਬਿਮਾਰੀ ਦੇ ਇਲਾਜ ਲਈ ਕਈਆਂ ਵਲੋਂ, ਖਾਸ ਕਰ ਵਾਰ ਵਾਰ ਅਮਰੀਕਾ ਦੇ ਪ੍ਰਧਾਨ ਡੋਨਲਡ ਟਰੰਪ ਵਲੋਂ ਪ੍ਰਚਾਰ ਕੀਤੇ ਗਏ ਨਿਰਆਧਾਰ ਟੋਟਕਿਆਂ ਨੂੰ ਰੱਦ ਕਰਨ ਲਈ ਸਾਇੰਸਦਾਨਾਂ ਨੂੰ ਖੋਜ ਕਰਨੀ ਪਈ ਅਤੇ ਅਖੀਰ ਉਨ੍ਹਾਂ ਕਹਿ ਦਿੱਤਾ ਕਿ ਮਲੇਰੀਏ ਦੀ ਦਵਾਈ ਹਾਈਡਰੋਕਸੀ ਕਲੋਰੋਕਿਊਨ ਕਰੋਨਾ ਨੂੰ ਰੋਕਣ ਵਿਚ ਕੋਈ ਮਦਦ ਨਹੀਂ ਕਰਦੀ, ਸਗੋਂ ਇਹ ਕਈ ਮਰੀਜ਼ਾਂ ਵਿਚ ਦਿਲ ਦੀਆਂ ਮੁਸ਼ਕਿਲਾਂ ਪੈਦਾ ਕਰਦੀ ਹੈ। ਭਾਰਤ ਦੇ ਯੋਗ ਗੁਰੂ ਰਾਮਦੇਵ ਵਲੋਂ ਵੀ ਇੱਕ ਦੇਸੀ ਦਵਾਈ ਨੂੰ ਰਾਮ ਬਾਣ ਕਹਿ ਕੇ ਪ੍ਰਚਾਰਨ ਦਾ ਸ਼ੁਰੂ ਕੀਤਾ ਕੰਮ, ਸਰਕਾਰ ਨੂੰ ਛੇਤੀ ਬੰਦ ਕਰਵਾਉਣਾ ਪਿਆ। ਇਕ ਦਵਾਈ ਜਿਸ ਦੀ ਈਬੋਲਾ ਦੇ ਇਲਾਜ ਲਈ ਖੋਜ ਕੀਤੀ ਗਈ ਸੀ, ਰੈਮਡੀਸੀਵਾਇਰ, ਵੀ ਇਸ ਵਾਇਰਸ ਕਾਰਨ ਹੁੰਦੀਆਂ ਮੌਤਾਂ ਦੀ ਦਰ ਘਟਾਉਣ ਵਿਚ ਕਾਮਯਾਬ ਨਹੀਂ ਹੈ।
ਇਸ ਬਿਮਾਰੀ ਦੇ ਫੈਲਾਅ ਦੇ ਰੁਕਣ ਦਾ ਦੂਜਾ ਕਾਰਨ ਬਣਦਾ ਹੈ ਕਾਫੀ ਲੋਕਾਂ ਦਾ ਬਿਮਾਰ ਹੋ ਜਾਣਾ, ਜਿਸ ਨੂੰ ਝੁੰਡ ਸੁਰੱਖਿਆ (ਹਰਡ ਇਮਿਊਨਿਟੀ) ਕਿਹਾ ਜਾਂਦਾ ਹੈ। ਜਦ ਕੋਈ ਬਿਮਾਰ ਹੋ ਕੇ ਠੀਕ ਹੋ ਜਾਂਦਾ ਹੈ ਤਾਂ ਉਸ ਦਾ ਸਰੀਰ ਵਾਇਰਸ ਤੋਂ ਬਿਮਾਰ ਨਹੀਂ ਹੁੰਦਾ, ਸੋ ਉਸ ਵਿਚ ਇਹ ਵਾਇਰਸ ਇੱਕ ਤੋਂ ਕਰੋੜਾਂ ਦੀ ਗਿਣਤੀ ਵਿਚ ਨਹੀਂ ਵੱਧ ਸਕਦਾ। ਜਦ ਵਾਇਰਸ ਇੱਕ ਤੋਂ ਦੂਸਰੇ ਵਿਅਕਤੀ ਵਿਚ ਜਾਂਦਾ ਹੈ, ਜੇ ਉਸ ਨੂੰ ਬਿਮਾਰੀ ਨਹੀਂ ਲੱਗੀ ਤਾਂ ਇਸ ਦੀ ਗਿਣਤੀ (ਅਬਾਦੀ) ਕਰੋੜਾਂ ਗੁਣਾ ਵਧ ਜਾਂਦੀ ਹੈ ਅਤੇ ਉਹ ਵਿਅਕਤੀ ਅੱਗੇ ਕਿੰਨੇ ਹੀ ਲੋਕਾਂ ਨੂੰ ਬਿਮਾਰੀ ਲਾ ਸਕਦਾ ਹੈ, ਪਰ ਜੇ ਉਹ ਪਹਿਲਾਂ ਰਾਜ਼ੀ ਹੋ ਚੁਕਾ ਹੋਵੇ ਤਾਂ ਵਾਇਰਸ ਦੇ ਕਣ ਉਸ ਦੇ ਸਰੀਰ ‘ਤੇ ਜਾ ਕੇ ਖਤਮ ਹੋ ਜਾਂਦੇ ਹਨ ਅਤੇ ਬਿਮਾਰੀ ਦਾ ਵਧਣਾ ਰੁਕ ਜਾਂਦਾ ਹੈ। ਇਸ ਨੁਕਤੇ ਨੇ ਕੁਝ ਕੁ ਰੋਲ ਨਿਭਾਇਆ ਫਰਾਂਸ ਅਤੇ ਇਟਲੀ ਵਿਚ, ਜਿਥੇ ਅਬਾਦੀ ਦੀ ਵੱਡੀ ਗਿਣਤੀ ਬਿਮਾਰ ਹੋ ਗਈ ਅਤੇ ਇਹ ਬਿਮਾਰੀ ਕੁਦਰਤੀ ਤੌਰ ‘ਤੇ ਹੀ ਘਟ ਗਈ। ਇਨ੍ਹਾਂ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਮੌਤਾਂ ਦਾ ਕਾਰਨ ਬੁਢਿਆਂ ਦੀ ਗਿਣਤੀ ਜ਼ਿਆਦਾ ਹੋਣਾ ਸੀ। ਓਂਟਾਰੀਓ ਵਿਚ ਵੀ ਪਹਿਲਾਂ ਪਹਿਲ ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿਚ 80% ਲੋਕ 80 ਸਾਲ ਦੀ ਉਮਰ ਤੋਂ ਵੱਡੇ ਸਨ। ਦੂਜਾ ਤਰੀਕਾ ਹੈ ਇਸ ਨੂੰ ਦੇਸ਼ ਵਿਚੋਂ ਪੂਰੀ ਤਰ੍ਹਾਂ ਖਤਮ ਕਰਨ ਦਾ, ਇਹ ਚੀਨ ਅਤੇ ਦੱਖਣੀ ਕੋਰੀਆ ਨੇ ਕਰ ਵਿਖਾਇਆ ਹੈ। ਬੇਸ਼ੱਕ ਅਜੇ ਵੀ ਕਿਤੇ ਨਾ ਕਿਤੇ ਉਥੇ ਇਹ ਬਿਮਾਰੀ ਫਿਰ ਤੋਂ ਸਿਰ ਚੁੱਕ ਲੈਂਦੀ ਹੈ, ਪਰ ਅਜੇ ਤੱਕ ਉਹ ਇਸ ਨੂੰ ਦੇਸ਼ ਭਰ ਵਿਚ ਫੈਲਣ ਤੋਂ ਰੋਕਣ ਵਿਚ ਕਾਮਯਾਬ ਹਨ।
ਕਰੋਨਾ ਤੋਂ ਬਚਣ ਲਈ ਵੈਕਸੀਨ ਬਣਾਉਣ ਉਤੇ ਖੋਜ ਇਸ ਬਿਮਾਰੀ ਦੇ ਜਨਵਰੀ ਵਿਚ ਫੈਲਣ ‘ਤੇ ਹੀ ਸ਼ੁਰੂ ਹੋ ਗਈ ਸੀ। ਸੰਸਾਰ ਸਿਹਤ ਸੰਸਥਾ ਮੁਤਾਬਿਕ ਹੁਣ 140 ਤੋਂ ਵੱਧ ਵੈਕਸੀਨਾਂ ਨੂੰ ਬਣਾਉਣ ਲਈ ਵੱਖ ਵੱਖ ਪ੍ਰਯੋਗਸ਼ਾਲਾਵਾਂ ਵਿਚ ਖੋਜ ਹੋ ਰਹੀ ਹੈ। ਇਨ੍ਹਾਂ ਵਿਚੋਂ 7 ‘ਮਨੁੱਖ ਲਈ ਸੁਰੱਖਿਅਤ ਹਨ’ ਦੇ ਟੈਸਟ ਪਾਸ ਕਰ ਕੇ ਤੀਸਰੇ ਤੇ ਆਖਰੀ, ਜੋ ਬਿਮਾਰੀ ਨੂੰ ਰੋਕਣ ਵਿਚ ਸਮਰੱਥ ਹਨ, ਦੇ ਪੜਾਅ ‘ਤੇ ਪਹੁੰਚ ਚੁਕੀਆਂ ਹਨ। ਇਸ ਪਿਛੋਂ ਇਨ੍ਹਾਂ ਨੂੰ ਵੱਡੇ ਪੱਧਰ ‘ਤੇ ਵਾਲੰਟੀਅਰ ਵਿਅਕਤੀਆਂ ਵਿਚ ਲਾ ਕੇ ਇਨ੍ਹਾਂ ਦੇ ਕਾਰਗਰ ਹੋਣ ਅਤੇ ਸੁਰੱਖਿਅਤ ਹੋਣ ਬਾਰੇ ਅੰਕੜੇ ਇਕੱਠੇ ਕੀਤੇ ਜਾਣੇ ਹਨ। ਇਨ੍ਹਾਂ ਅੰਕੜਿਆਂ ਦੇ ਆਧਾਰ ‘ਤੇ ਦੇਸ਼ਾਂ ਦੀਆਂ ਸਿਹਤ ਸੰਸਥਾਵਾਂ ਇਨ੍ਹਾਂ ਨੂੰ ਵਰਤਣ ਦੀ ਮਨਜੂਰੀ ਦੇ ਸਕਣਗੀਆਂ। ਬੇਸ਼ੱਕ ਆਮ ਤੌਰ ‘ਤੇ ਕਿਸੇ ਵੈਕਸੀਨ ਨੂੰ ਬਣਾਉਣ ਲਈ ਕਈ ਸਾਲ ਲੱਗ ਜਾਂਦੇ ਹਨ, ਪਰ ਸਾਇੰਸਦਾਨਾਂ ਨੂੰ ਉਮੀਦ ਹੈ ਕਿ ਕਰੋਨਾ ਨੂੰ ਰੋਕ ਸਕਣ ਵਾਲੀ ਵੈਕਸੀਨ ਸਾਲ, ਡੇਢ ਸਾਲ ਵਿਚ ਬਣ ਕੇ ਤਿਆਰ ਹੋ ਜਾਵੇਗੀ।
ਇਨ੍ਹਾਂ ਵਿਚੋਂ ਆਕਸਫੋਰਡ ਯੂਨੀਵਰਸਿਟੀ ਵਿਚ ਬਣਾਈ ਜਾ ਰਹੀ ਵੈਕਸੀਨ ਦੇ ਛੇਤੀ ਮਾਰਕਿਟ ਵਿਚ ਆਉਣ ਅਤੇ ਇਸ ਦੇ ਵਧੀਆ ਨਤੀਜੇ ਦੇਣ ਦੀਆਂ ਵੱਧ ਸੰਭਾਵਨਾਵਾਂ ਹਨ। ਇਸ ਵਿਚ ਵਾਇਰਸ ਦਾ ਮੁੱਖ ਭਾਗ (ਆਰ. ਐਨ. ਏ. ਅਤੇ ਖੋਲ) ਆਮ ਜ਼ੁਕਾਮ ਦੇ ਵਾਇਰਸ ਤੋਂ ਲੈ ਕੇ ਉਸ ਉਤੇ ਕੋਰਨਾ ਦੀਆਂ ਡੰਡੀਆਂ ਜਿਹੀਆਂ, ਜਿਨ੍ਹਾਂ ਨਾਲ ਇਹ ਸੈੱਲ ਨਾਲ ਜੁੜ ਕੇ ਅੰਦਰ ਜਾਂਦਾ ਹੈ, ਪ੍ਰਯੋਗਸ਼ਾਲਾ ਵਿਚ ਬਣਾ ਕੇ ਲਾ ਦਿਤੀਆਂ ਗਈਆਂ ਹਨ। ਸੋ ਇਸ ਦੇ ਖਤਰਨਾਕ ਹੋਣ ਦਾ ਡਰ ਬਹੁਤ ਘਟ ਹੈ ਅਤੇ ਕਾਮਯਾਬ ਹੋਣ ਦੀ ਉਮੀਦ ਬਹੁਤ ਜਿਆਦਾ। ਇਸ ਨੂੰ 500 ਤੋਂ ਵੱਧ ਲੋਕਾਂ ‘ਤੇ ਟੈਸਟ ਕੀਤਾ ਜਾ ਚੁਕਾ ਹੈ ਅਤੇ ਅੱਗੇ ਵੱਡੇ ਪੱਧਰ ‘ਤੇ ਇਸ ਨੂੰ ਵੱਖ ਵੱਖ ਦੇਸ਼ਾਂ ਦੇ ਵਾਲੰਟੀਅਰਾਂ ਵਿਚ ਵਰਤ ਕੇ ਵੇਖਣਾ ਹੈ। ਸਤੰਬਰ ਤੱਕ ਇਸ ਦੇ 10 ਲੱਖ ਤੋਂ ਵੱਧ ਟੀਕੇ ਬਣਾਉਣ ਬਾਰੇ ਯੂਨੀਵਰਸਿਟੀ ਨੇ ਉਮੀਦ ਜਾਹਰ ਕੀਤੀ ਹੈ, ਪਰ ਫਿਰ ਵੀ ਆਮ ਵਰਤੋਂ ਲਈ ਇਹ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਆ ਸਕੇਗੀ।
ਯੂਰਪ ਸੰਗਠਨ ਨੇ ਇਸ ਬਿਮਾਰੀ ਦਾ ਦੁਨੀਆਂ ਪੱਧਰ ‘ਤੇ ਟਾਕਰਾ ਕਰਨ ਲਈ ਮਈ 2020 ਵਿਚ ਪਹਿਲ ਕੀਤੀ ਅਤੇ ਸੰਸਾਰ ਵਿਚੋਂ 16 ਅਰਬ ਯੂਰੋ (25 ਅਰਬ ਕੈਨੇਡੀਅਨ ਡਾਲਰ) ਦਾ ਫੰਡ ਇਕੱਠਾ ਕੀਤਾ। ਉਨ੍ਹਾਂ ਵਲੋਂ ਵੀ ਦੁਨੀਆਂ ਦੇ ਹਰ ਲੋੜਵੰਦ ਲਈ ਵੈਕਸੀਨ ਉਪਲੱਭਦ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਫੰਡ ਵਿਚ ਦੁਨੀਆਂ ਦੇ ਹੋਰ ਮੁਲਕਾਂ ਦੇ ਨਾਲ ਨਾਲ ਕੈਨੇਡਾ ਅਤੇ ਭਾਰਤ ਨੇ ਵੀ ਸਹਿਯੋਗ ਦਿੱਤਾ ਹੈ, ਪਰ ਅਮਰੀਕਾ ਆਪਣੀ ‘ਸਭ ਪ੍ਰਈਵੇਟ, ਸਭ ਲਾਭ ਲਈ’ ਦੀ ਨੀਤੀ ‘ਤੇ ਚਲਦਾ ਹੋਇਆ ਇਸ ਸਾਂਝੇ ਯਤਨ ਤੋਂ ਪਾਸੇ ਹੀ ਰਿਹਾ ਹੈ ਅਤੇ ਆਪਣੇ ਤੌਰ ‘ਤੇ ਵੈਕਸੀਨ ਬਣਾ ਰਿਹਾ ਹੈ, ਜੋ ਸਿਰਫ ਇਸ ਦਾ ਮੁੱਲ ਤਾਰ ਸਕਣ ਵਾਲਿਆਂ ਲਈ ਹੀ ਹੋਵੇਗੀ।
ਇਸ ਵਾਇਰਸ ਨੇ ਦੁਨੀਆਂ ‘ਤੇ ਬਹੁਤ ਵੱਡਾ ਅਸਰ ਪਾਇਆ ਹੈ ਅਤੇ ਕਾਫੀ ਲੰਮੇ ਸਮੇਂ ਤੱਕ ਆਮ ਹਾਲਾਤ ਨਹੀਂ ਬਣ ਸਕਣਗੇ। ਕਿੰਨੇ ਹੀ ਕੰਮ ਪ੍ਰਭਾਵਿਤ ਹੋ ਰਹੇ ਹਨ। ਖਾਸ ਕਰ ਸੈਰ ਸਪਾਟੇ ‘ਤੇ ਨਿਰਭਰ ਕਾਰੋਬਾਰ ਅਤੇ ਦੇਸ਼ ਇਸ ਬਿਮਾਰੀ ਤੋਂ ਵੱਡਾ ਨੁਕਸਾਨ ਝੱਲ ਰਹੇ ਹਨ। ਹਵਾਈ ਯਾਤਰਾ ਮਹਿੰਗੀ ਹੋ ਗਈ ਹੈ ਅਤੇ ਥੋੜੇ ਹਵਾਈ ਜਹਾਜ ਹਵਾ ਵਿਚ ਉੱਡ ਰਹੇ ਹਨ। ਬੱਸਾਂ ਗਡੀਆਂ ਵਿਚ ਵੀ ਭੀੜ ਨਹੀਂ ਬਣ ਰਹੀ। ਹੋਟਲ ਖਾਲੀ ਪਏ ਹਨ। ਖੋਲ੍ਹੇ ਜਾਣ ਦੇ ਬਾਵਜੂਦ ਰੈਸਟੋਰੈਂਟ ਕਰੀਬ ਖਾਲੀ ਪਏ ਹਨ। ਸਕੂਲ, ਕਾਲਜ, ਯੂਨੀਵਰਸਿਟੀਆਂ, ਵਿਦਿਆਰਥੀਆਂ ਨੂੰ ਜਮਾਤਾਂ ਵਿਚ ਇਕੱਠੇ ਕਰਨ ਤੋਂ ਝਿਜਕ ਰਹੀਆਂ ਹਨ। ਹਾਂ, ਇੱਕ ਉਮੀਦ ਜ਼ਰੂਰ ਹੈ ਕਿ ਮਨੁੱਖ ਜਿਸ ਤਰ੍ਹਾਂ ਪਹਿਲਾਂ ਅਜਿਹੀਆਂ ਮੁਸੀਬਤਾਂ ਵਿਚੋਂ ਲੰਘ ਕੇ ਆਮ ਵਰਗੀ ਜਿੰ.ਦਗੀ ਅੱਗੇ ਤੋਰਦਾ ਰਿਹਾ ਹੈ, ਇਸ ਵਾਰ ਵੀ ਇਹ ਤੱਤੀ ਵਾਅ ਲੰਘ ਜਾਵੇਗੀ ਅਤੇ ਰਹਿ ਗਏ ਲੋਕ ਇਸ ਨੂੰ ਕੁਝ ਸਾਲਾਂ ਬਾਅਦ ਭੁੱਲ ਭੁਲਾ ਜਾਣਗੇ।