ਸਾਦੀਆ ਤੇ ਅਲਕਾਜ਼ੀ ਬਨਾਮ ਕੰਵਲ ਤੇ ਟਿਵਾਣਾ

ਗੁਲਜ਼ਾਰ ਸਿੰਘ ਸੰਧੂ
ਕਰੋਨਾ ਮਹਾਮਾਰੀ ਦੇ ਸੰਕਟ ਕਾਲ ਵਿਚ ਅੱਧੀ ਦਰਜਨ ਫਿਲਮੀ ਸਿਤਾਰਿਆਂ ਵਲੋਂ ਖੁਦਕੁਸ਼ੀ ਤੇ ਚਾਰ ਸਾਹਿਤਕ ਜਗਤ ਦੇ ਮਹਾਰਥੀਆਂ ਦਾ ਤੁਰ ਜਾਣਾ ਇਕ ਵਿਚਿੱਤਰ ਤੇ ਸਬੱਬੀ ਵਰਤਾਰਾ ਹੈ। 2020 ਦੀ ਜਨਵਰੀ ਦੇ ਅੰਤ ਤੇ ਫਰਵਰੀ ਦੇ ਸ਼ੁਰੂ ਵਿਚ ਪੰਜਾਬੀ ਸਾਹਿਤ ਸੰਸਾਰ ਦੇ ਜਸਵੰਤ ਸਿੰਘ ਕੰਵਲ ਤੇ ਦਲੀਪ ਕੌਰ ਟਿਵਾਣਾ ਇੱਕ ਦੂਜੇ ਤੋਂ ਚੌਵੀ ਘੰਟਿਆ ਦੇ ਅੰਦਰ ਅੰਦਰ ਅਲਵਿਦਾ ਕਹਿ ਗਏ ਤੇ ਪਿਛਲੇ ਹਫਤੇ ਉਰਦੂ ਅਦਬ ਦੇ ਸ਼ਾਹਸਵਾਰ ਇਬਰਾਹੀਮ ਅਲਕਾਜ਼ੀ ਤੇ ਸਾਦੀਆ ਦਿਲਹਵੀ ਉਨ੍ਹਾਂ ਵਾਂਗ ਇੱਕ ਦੂਜੇ ਦੇ ਅੱਗੇ ਪਿੱਛੇ ਤੁਰ ਗਏ। ਜਿੱਥੇ ਪੰਜਾਬੀ ਦੇ ਮਹਾਰਥੀ ਗਲਪ ਰਚਨਾ ਨੂੰ ਪ੍ਰਨਾਏ ਹੋਏ ਪੰਜਾਬ ਦੇ ਮਾਲਵਾ ਖੇਤਰ ਦੇ ਸਿੱਖ ਪਰਿਵਾਰਾਂ ਵਿਚੋਂ ਸਨ, ਉੱਥੇ ਉਰਦੂ ਦੇ ਸ਼ਾਹ ਸਵਾਰ ਰੰਗ-ਮੰਚ ਵਿਚ ਵਿਚਰਨ ਵਾਲੇ ਭਾਰਤ ਦੀ ਰਾਜਧਾਨੀ ਦਿੱਲੀ ਦੇ ਮੁਹਤਬਰ ਵਸਨੀਕ ਸਨ। ਉਨ੍ਹਾਂ ਦਾ ਯੋਗਦਾਨ ਉੱਤਮ ਤੇ ਵਡਮੁੱਲਾ ਸੀ। ਪੰਜਾਬੀ ਵਾਲਿਆਂ ਦੀ ਗੱਲ ਹੋ ਚੁਕੀ ਹੈ, ਦੂਜਿਆਂ ਦੀ ਕਰਦੇ ਹਾਂ।

ਇਬਰਾਹੀਮ ਅਲਕਾਜ਼ੀ ਨੇ ਨਾਟਕਾਂ ਦੀ ਪੇਸ਼ਕਾਰੀ ਨੂੰ ਨਵੀਨ ਲੀਹਾਂ ਉੱਤੇ ਤੋਰਿਆ। ਦਿੱਲੀ, ਫਰੀਦਾਬਾਦ, ਗੁੜਗਾਓਂ, ਸੋਨੀਪਤ ਤੇ ਨਾਜ਼ਫਗੜ੍ਹ ਦੇ ਨਾਟਕ ਪ੍ਰੇਮੀ 1974 ਵਿਚ ਉਸ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਤਿੰਨ ਨਾਟਕਾਂ ਨੂੰ ਕਦੀ ਨਹੀਂ ਭੁਲਾ ਸਕਦੇ। ਧਰਮ ਵੀਰ ਭਾਰਤੀ ਰਚਿਤ ‘ਅੰਧਾ ਯੁਗ’, ਗਰੀਸ਼ ਕਰਨਰਡ ਦੇ ‘ਤੁਗਲਕ’ ਤੇ ਬਲਵੰਤ ਗਾਰਗੀ ਦੇ ਨਾਟਕ ‘ਰਜ਼ੀਆ ਸੁਲਤਾਨਾ’ ਦੀ ਪੇਸ਼ਕਾਰੀ ਲਈ ਉਸ ਨੇ ਬੰਦ ਕਮਰਿਆਂ ਵਾਲੇ ਵੱਡੇ ਹਾਲ ਨਹੀਂ ਚੁਣੇ, ਸਗੋਂ ਦਿੱਲੀ ਦੇ ਕੋਟਲਾ ਫਿਰੋਜ਼ਸ਼ਾਹ ਦੇ ਪੁਰਾਣੇ ਕਿਲੇ ਦੇ ਖੰਡਰਾਂ ਵਿਚ ਨਵੀਂ ਰੂਹ ਫੂਕੀ। ਉਨ੍ਹੀਂ ਦਿਨੀਂ ਦਿੱਲੀ ਨਿਵਾਸੀ ਹੋਣ ਦੇ ਨਾਤੇ ਮੈਂ ਇਨ੍ਹਾਂ ਦੀ ਪੇਸ਼ਕਾਰੀ ਦਾ ਚਸ਼ਮਦੀਦ ਗਵਾਹ ਹਾਂ।
ਨਾਟਕਾਂ ਦੇ ਪਾਤਰਾਂ ਦਾ ਪਹਿਰਾਵਾ, ਅਵਾਜ਼ ਦੀ ਬੁਲੰਦੀ ਤੇ ਸੰਗੀਤ ਦੀਆਂ ਧੁਨਾਂ ਪੁਰਾਣੇ ਕਿਲੇ ਦੀਆਂ ਕੰਧਾਂ ਤੇ ਖੰਡਰਾਂ ਨੂੰ ਗੂੰਜਣ ਨਹੀਂ ਦਿੰਦੇ ਹਨ। ਗਾਰਗੀ ਦੇ ਕਥਨ ਅਨੁਸਾਰ ਉਸ ਨੂੰ ਰਜੀਆ ਸੁਲਤਾਨਾ ਵੇਖਦੇ ਸਮੇਂ ਇੰਜ ਨਹੀਂ ਸੀ ਲੱਗ ਰਿਹਾ ਕਿ ਉਸ ਦਾ ਲਿਖਿਆ ਨਾਟਕ ਖੇਡਿਆ ਜਾ ਰਿਹਾ ਹੈ। ਜਦੋਂ ਬਲਵੰਤ ਨੇ ਇਹ ਸ਼ਬਦ ਅਲਕਾਜ਼ੀ ਨੂੰ ਕਹੇ, ਮੈਂ ਉਸ ਦੇ ਕਰਜ਼ਨ ਰੋਡ ਉੱਤੇ ਪੈਂਦੇ ਨਿਕਚੂ ਜਿਹੇ ਘਰ ਵਿਚ, ਜਿਸ ਨੂੰ ਬਲਵੰਤ ਗਾਰਗੀ ਨੇ ‘ਕਾਸ਼ਨੀ ਵਿਹੜਾ’ ਨਾਂ ਦੇ ਰਖਿਆ ਸੀ, ਹਾਜ਼ਰ ਸਾਂ। ਉਹਦੇ ਵਿਹੜੇ ਵਿਚ ਮੈਂ ਹਰਪਾਲ ਟਿਵਾਣਾ, ਓਮਪੁਰੀ, ਰਾਜ ਬੱਬਰ, ਅਮਰੀਕ ਗਿੱਲ ਤੇ ਨੀਲਮ ਮਾਨ ਸਿੰਘ ਜਿਹੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਮਿਲਦਾ ਰਿਹਾ ਹਾਂ, ਜਿਨ੍ਹਾਂ ਨੂੰ ਅਲਕਾਜ਼ੀ ਵੱਖੋ ਵੱਖਰੇ ਢੰਗ ਅਤੇ ਸ਼ਬਦਾਂ ਰਾਹੀਂ ਵਾਰ ਵਾਰ ਇਹੀਓ ਜਤਾਉਂਦਾ ਸੀ ਕਿ ਨਾਟਕਕਾਰੀ ਜੀਵੰਤ ਕਲਾ ਹੈ ਤੇ ਇਸ ਨੂੰ ਜਿਉਂਦੀ ਰੱਖਣਾ ਅਭਿਨੈਕਾਰਾਂ ਦੇ ਹੱਥ ਹੁੰਦਾ ਹੈ, ਲਿਖਣ ਵਾਲਿਆਂ ਦੇ ਨਹੀਂ।
ਅਲਕਾਜ਼ੀ 1962 ਤੋਂ 1977 ਤੱਕ ਪੂਰੇ ਪੰਦਰਾਂ ਸਾਲ ਐਨ. ਐਸ਼ ਡੀ. ਦਾ ਡਾਇਰੈਕਟਰ ਰਿਹਾ ਤੇ ਵਿਅਕਤੀ ਨਾ ਰਹਿ ਕੇ ਇੱਕ ਸੰਸਥਾ ਦਾ ਰੂਪ ਧਾਰ ਗਿਆ। ਉਸ ਨੇ ਰੰਗ ਮੰਚ ਦੀ ਦੁਨੀਆਂ ਨੂੰ ਕਾਵਿਕ ਉੱਤਮਤਾ ਹੀ ਨਹੀਂ ਦਿੱਤੀ, ਫਿਲਮ ਜਗਤ ਵਾਲੀ ਪਛਾਣ ਵੀ ਪ੍ਰਦਾਨ ਕੀਤੀ। ਉਸ ਦੇ ਨਾਟਕਾਂ ਨੂੰ ਵੇਖਣ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਡਾ. ਜ਼ਾਕਿਰ ਹੁਸੈਨ ਵੀ ਪਹੁੰਚੇ।
ਜਿੱਥੋਂ ਤੱਕ ਸਾਦੀਆ ਦਿਹਲਵੀ ਦਾ ਸਬੰਧ ਹੈ, ਉਸ ਦੀ ਯਾਦ ਮੈਨੂੰ ਖੁਸ਼ਵੰਤ ਸਿੰਘ ਦੇ ਸੁਜਾਨ ਸਿੰਘ ਪਾਰਕ ਵਾਲੇ ਘਰ ਲੈ ਜਾਂਦੀ ਹੈ। ਜਿੱਥੇ ਉਹ ਅਕਸਰ ਆਉਂਦੀ ਸੀ। ਉਸ ਦੀ ਆਮਦ ਮੀਰ ਤਕੀ ਮੀਰ ਦੇ ਸ਼ਿਅਰ, “ਵੁਹ ਆਏ ਬਜ਼ਮ ਮੇਂ ਬਸ ਇਤਨਾ ਤੋ ਪੀਰ ਨੇ ਦੇਖਾ, ਕਿ ਉਸ ਕੇ ਬਾਅਦ ਚਿਰਾਗੋਂ ਮੇਂ ਰੋਸ਼ਨੀ ਨਾ ਰਹੀ” ਵਾਂਗ ਹੁੰਦੀ ਸੀ।
ਆਪਣੇ ਨਾਂ ਨਾਲ ਲੱਗੇ ਦਿਹਲਵੀ ਸ਼ਬਦ ਵਾਂਗ ਉਹ ਦਿੱਲੀ ਦੀ ਧੜਕਣ ਸੀ। ਸੂਫੀਮਤ ਤੇ ਦਿੱਲੀ ਦੀਆਂ ਸੂਫੀ ਦਰਗਾਹਾਂ ਨੂੰ ਪ੍ਰਨਾਈ ਸਾਦੀਆ ਚਾਰ ਦਹਾਕੇ ਆਪਣੀਆਂ ਲਿਖਤਾਂ ਰਾਹੀਂ ‘ਤੇ ਹੋਰ ਵਿਧੀਆਂ ਰਾਹੀਂ ਦਿੱਲੀ ਦੀ ਵਿਰਾਸਤ, ਇਸਲਾਮਿਕ ਅਧਿਆਤਮਕਤਾ ਤੇ ਔਰਤਾਂ ਦੇ ਮਾਣ-ਮਰਿਆਦਾ ਦੀ ਬਾਤ ਪਾਉਂਦੀ ਰਹੀ। ਇਹ ਵਾਲੀ ਭਾਵਨਾ ਉਸ ਦੇ ਖੂਨ ਵਿਚ ਸੀ। ਮੈਂ ਯੂਨਿਸ ਦਿਹਲਵੀ, ਇਕਰਸ ਦਿਹਲਵੀ ਤੇ ਇਲਿਆਸ ਦਿਹਲਵੀ ਦੇ ਪ੍ਰਕਾਸ਼ਨ ਤੇ ਸੰਪਾਦਨ ਵਾਲਾ ‘ਸ਼ਬੱਸਤਾਂ’ ਨਾਂ ਦਾ ਡਾਈਜੈਸਟ ਅੱਜ ਤੱਕ ਸਾਂਭ ਕੇ ਰੱਖਿਆ ਹੋਇਆ ਹੈ, ਜੋ 1969 ਵਿਚ ਮਿਰਜਾ ਗ਼ਾਲਿਬ ਦੀ 100ਵੀਂ ਬਰਸੀ ਸਮੇਂ ਸਾਦੀਆ ਪਰਿਵਾਰ ਨੇ ਜਾਰੀ ਕੀਤਾ ਸੀ। ਇਸ ਵਿਚ ਮਿਰਜ਼ਾ ਗ਼ਾਲਿਬ ਦੇ ਜੀਵਨ, ਕਲਾਮ ਤੇ ਸਮਕਾਲ ਬਾਰੇ ਬਹਾਦਰ ਸ਼ਾਹ ਜ਼ਫਰ, ਜਿਗਰ ਮੁਰਾਦਾਬਾਦੀ, ਜ਼ਾਕਿਰ ਹੁਸੈਨ, ਅੱਲਾਮਾ ਇਕਬਾਲ, ਸੱਜਾਦ ਅਲੀ ਖਾਂ ਅਖਤਰ, ਫੈਜ਼ ਅਹਿਮਦ ਫੈਜ਼, ਸਰ ਸਈਅਦ ਅਹਿਮਦ ਖਾਨ, ਅਰਸ਼ ਮਲਸਿਆਨੀ, ਮਾਲਿਕ ਰਾਮ, ਅਬਦੁਰ ਰਹਿਮਾਨ ਬਿਜਨੌਰੀ, ਸਰ ਅਬਦੁਲ ਕਾਦਿਰ ਫਿਕਰ ਤੌਂਸਵੀ, ਪੰਡਿਤ ਜੀਆ ਲਾਲ ਕੌਲ ਦੇ ਹੀ ਲੇਖ ਨਹੀਂ, ਹਮੀਦ ਅਹਿਮਦ ਖਾਂ ਵਲੋਂ ਗ਼ਾਲਿਬ ਦੀ ਨੂੰਹ ਨਾਲ ਕੀਤੀ ਇੱਕ ਮੁਲਾਕਾਤ ਤੇ ਹਮੀਦਾ ਸੁਲਤਾਨ ਦੀ ਰਚਨਾ ‘ਗ਼ਾਲਿਬ ਦੀ ਮਹਿਬੂਬਾ’ ਵੀ ਸ਼ਾਮਲ ਹੈ।
ਕੁਝ ਸ਼ਿਅਰ ਮੁਲਾਹਿਜ਼ਾ ਫਰਮਾਓ, ਜੋ ਹਮੀਦਾ ਦੇ ਕਥਨ ਅਨੁਸਾਰ ਮਿਰਜ਼ਾ ਗ਼ਾਲਿਬ ਵਲੋਂ ਆਪਣੀ ਮਹਿਬੂਬ ਨੂੰ ਸੰਬੋਧਨ ਸਨ,
(1) ਜਹਾਂ ਤੇਰਾ ਨਕਸ਼-ਏ-ਕਦਮ ਦੇਖਤੇ ਹੈਂ
ਖਯਾਬਾਂ ਖਯਾਬਾਂ ਅਰਮ ਦੇਖਤੇ ਹੈਂ।

(2) ਦੇਖਨਾ ਤਕਰੀਰ ਕੀ ਲਜ਼ਤ ਕਿ ਜੋ ਉਸ ਨੇ ਕਹਾ
ਮੈਨੇ ਯੇਹ ਜਾਨਾ ਕਿ ਗੋਯਾ ਯੇਹ ਭੀ ਮੇਰੇ ਦਿਲ ਮੇਂ ਹੈ।

(3) ਕਹਿਰ ਹੋ, ਬਲਾ ਹੋ, ਜੋ ਕੁੱਛ ਭੀ ਹੋ
ਕਾਸ਼ ਕਿ ਤੁੱਮ ਮੇਰੇ ਲਿਯੇ ਹੋਤੇ
ਮੈਨੂੰ ਸਾਦੀਆ ਦਿਹਲਵੀ ਦੇ ਅਕਾਲ ਚਲਾਣੇ ਦੀ ਖਬਰ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਚੇਅਰਪਰਸਨ ਰੇਣੁਕਾ ਸਿੰਘ ਨੇ ਦਿੱਤੀ, ਜੋ ਖੁਦ ਸਾਦੀਆ ਨੂੰ ਖੁਸ਼ਵੰਤ ਸਿੰਘ ਦੇ ਘਰ ਮਿਲਦੀ ਰਹੀ ਹੈ। ਉਸ ਨੇ ਦੱਸਿਆ ਕਿ ਸਾਦੀਆ ਨੂੰ ਛਾਤੀ ਦਾ ਕੈਂਸਰ ਸੀ, ਪਰ ਉਸ ਦੇ ਲਹਿਜੇ ਤੇ ਵਰਤਾਰੇ ਤੋਂ ਕਿਸੇ ਨੂੰ ਇਸ ਦਾ ਪਤਾ ਨਹੀਂ ਸੀ ਲਗਦਾ।
ਮੇਰੇ ਕੋਲ ਵੀ ਇਸ ਦੀ ਪੁਸ਼ਟੀ ਹੈ। ਮੈਂ ਅੱਜ ਕੱਲ ਮਿਰਜ਼ਾ ਗ਼ਾਲਿਬ ਬਾਰੇ ਇਕ ਕਿਤਾਬ ਤਿਆਰ ਕਰ ਰਿਹਾ ਹਾਂ, ਜਿਸ ਵਿਚ ਉਰਦੂ ਰਸਾਲੇ ‘ਸ਼ਬਸਤਾਂ’ ਵਿਚੋਂ ਕੁਝ ਸਮੱਗਰੀ ਵਰਤਣੀ ਚਾਹੁੰਦਾ ਸਾਂ। ਮੈਂ ਖੁਸ਼ਵੰਤ ਸਿੰਘ ਦੇ ਬੇਟੇ ਰਾਹੁਲ ਸਿੰਘ ਤੋਂ ਸਾਦੀਆ ਦਾ ਫੋਨ ਲੈ ਕੇ ਦਿਹਲਵੀ ਪਰਿਵਾਰ ਦੀ ਪ੍ਰਵਾਨਗੀ ਲੈਣੀ ਚਾਹੀ ਤਾਂ ਮੈਨੂੰ ਸਾਦੀਆ ਦੀ ਅਵਾਜ਼ ਤੋਂ ਉੱਕਾ ਹੀ ਨਹੀਂ ਸੀ ਜਾਪਿਆ ਕਿ ਉਹ ਕੈਂਸਰ ਤੋਂ ਪੀੜਤ ਹੈ। ਇਸ ਘਟਨਾ ਨੂੰ ਦੋ ਮਹੀਨੇ ਵੀ ਨਹੀਂ ਹੋਏ।
ਇਹ ਵੀ ਦੱਸ ਦਿਆਂ ਕਿ ਇਸ ਲੇਖ ਵਾਲੀਆਂ ਚਾਰੇ ਹਸਤੀਆਂ ਕਰੋਨਾ ਦਾ ਸ਼ਿਕਾਰ ਨਹੀਂ ਹੋਈਆਂ, ਕੁਦਰਤੀ ਮੌਤ ਮਰੀਆਂ ਹਨ। ਕੰਵਲ ਸੌ ਸਾਲ ਦਾ ਹੋ ਕੇ, ਅਲਕਾਜ਼ੀ 94 ਵਰ੍ਹਿਆ ਦਾ ਅਤੇ ਟਿਵਾਣਾ ਪੱਚਾਸੀਆਂ ਦੀ। ਸਾਦੀਆ ਦੀ ਗੱਲ ਹੋਰ ਹੈ। ਚਾਰ ਦੇ ਚਾਰ ਅਮਰ ਹਨ। ਜ਼ਿੰਦਾਬਾਦ!
ਅੰਤਿਕਾ: ਅੱਲਾਮਾ ਇਕਬਾਲ ਦਾ ਮਿਰਜ਼ਾ ਗ਼ਾਲਿਬ?
ਦੀਦ ਤੇਰੀ ਆਖ ਕੋ ਉਸ ਹੁਸਨ ਕੀ ਮੰਜ਼ੂਰ ਹੈ
ਬਨ ਕੇ ਸੋਜ਼-ਏ-ਜ਼ਿੰਦਗੀ ਹਰ ਸ਼ੈ ਮੇ ਜੋ ਮਸਤੂਰ ਹੈ।
ਐ ਜਹਾਂ ਆਬਾਦ! ਐ ਗਹਿਵਾਰਾ-ਏ-ਇਲਮ-ਓ-ਹੁਨਰ
ਹੈ ਸਰਾਪਾ ਨਾਲਾ-ਏ-ਖਾਮੋਸ਼ ਤੇਰੇ ਬਾਮ-ਓ-ਦਰ,
ਜ਼ੱਰੇ-ਜ਼ੱਰੇ ਮੇਂ ਤਿਰੇ ਖਵਾਬੀਦਾ ਹੈ ਸ਼ਮਸ-ਓ-ਕਮਰ
ਯੂੰ ਤੋ ਪੋਸ਼ੀਦਾ ਹੈ ਤੇਰੀ ਖਾਕ ਮੇਂ ਲਾਖੋਂ ਗੁਹ।