ਗੁਰੂ ਨਾਨਕ ਦਾ ਸਿੱਖ ਸਮਰੱਥ ਹੈ, ਪਿਛਲੱਗੂ ਨਹੀਂ!

ਅਮਰਜੀਤ ਸਿੰਘ ਮੁਲਤਾਨੀ
ਜਿਸ ਸਮੇਂ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ, ਉਸ ਵਕਤ ਹਿੰਦੁਸਤਾਨ ਵਿਚ ਧਰਮ ਦੇ ਨਾਮ ‘ਤੇ ਜ਼ਬਰਦਸਤ ਜ਼ੁਲਮ ਅਤੇ ਭ੍ਰਿਸ਼ਟਾਚਾਰ ਦਾ ਦੌਰ ਚੱਲ ਰਿਹਾ ਸੀ। ਇਸਲਾਮ ਨੂੰ ਕਿਉਂਕਿ ਵਕਤ ਦੀਆਂ ਮੁਸਲਿਮ ਹਕੂਮਤਾਂ ਦਾ ਸਮਰਥਨ ਪ੍ਰਾਪਤ ਸੀ, ਇਸ ਲਈ ਇਸਲਾਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਅਨੈਤਿਕ ਢੰਗ ਵਰਤ ਰਹੇ ਸਨ, ਜੋ ਕਿ ਉਨ੍ਹਾਂ ਨੂੰ ਧਾਰਮਿਕ ਤੌਰ ‘ਤੇ ਜਾਇਜ਼ ਅਤੇ ਆਪਣੇ ‘ਖੁਦਾ’ ਦੀ ਸੇਵਾ ਦਾ ਮਾਧਿਅਮ ਲੱਗਦਾ ਸੀ। ਮੁਸਲਮਾਨਾਂ ਵਿਚੋਂ ਕੁਝ ਵਰਗ ਇਸ ਤਰ੍ਹਾਂ ਦੀ ਕੱਟੜ ਧਾਰਮਿਕ ਪਹੁੰਚ ਦੇ ਖਿਲਾਫ ਸਨ।

ਦੂਜੇ ਪਾਸੇ ‘ਹਿੰਦੂ’ ਧਰਮ ਨੂੰ ਵੱਡੇ ਖੋਰੇ ਲੱਗਣ ਦੇ ਬਾਵਜੂਦ ਧਰਮ ‘ਤੇ ਕਾਬਜ਼ ਬ੍ਰਾਹਮਣ ਵਰਗ ਵੱਲੋਂ ਜਾਤ-ਪਾਤ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਜਾਤ ਵਿਸ਼ੇਸ਼ ਪ੍ਰਬੰਧਨ ਹਿੰਦੂ ਧਰਮ ਦੇ ਸਭ ਤੋਂ ਵੱਡੇ ਅਤੇ ਅਣਗੌਲੇ ਹੇਠਲੇ ਤਬਕਿਆਂ ਉਤੇ ਧਰਮ ਦੇ ਨਾਮ ‘ਤੇ ਅਣਮਨੁੱਖੀ ਵਿਹਾਰ ਕਰ ਰਿਹਾ ਸੀ। ਭਾਵ ਆਮ ਲੋਕ ਦੋਹਾਂ ਧਰਮਾਂ ਤੋਂ ਦੁਖੀ ਸਨ। ਦੋਹਾਂ ਧਰਮਾਂ ਦੇ ਕਮਜ਼ੋਰ ਵਰਗ ਧਾਰਮਿਕ ਭ੍ਰਿਸ਼ਟਾਚਾਰ ਵਿਚ ਜੀਵਨ ਔਖਾ ਮਹਿਸੂਸ ਕਰ ਰਹੇ ਸਨ। ਬ੍ਰਾਹਮਣਾਂ ਅਤੇ ਮੌਲਾਣਿਆਂ ਵੱਲੋਂ ਤਰਤੀਬਵਾਰ ਆਪਣੇ-ਆਪਣੇ ਧਰਮਾਂ ਦੇ ਦੇਵੀਆਂ-ਦੇਵਤਿਆਂ ਅਤੇ ਪੈਗੰਬਰਾਂ ਦੀਆਂ ਸ਼ਕਤੀਆਂ ਤੇ ਧਾਰਮਿਕ ਸ਼ਰਾਪਾਂ ਦੀ ਓਟ ਹੇਠ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਸੀ। ਲੋਕ ਜਿਉਂਦੇ ਜੀਅ ਧਰਮਾਂ ਦੀਆਂ ਰੀਤਾਂ ਤੇ ਸਮਾਜਕ ਤਾਣੇ-ਬਾਣੇ ਦੀ ਅਗਨੀ ਵਿਚ ਸੜ ਰਹੇ ਸਨ।
ਠੀਕ ਇਸੇ ਵੇਲੇ ਉਸ ਖਿੱਤੇ ਵਿਚ ਗੁਰੂ ਨਾਨਕ ਦਾ ਆਗਮਨ ਹੁੰਦਾ ਹੈ। ਉਹ ਕਿਉਂਕਿ ਹਿੰਦੂ ਪਰਿਵਾਰ ਵਿਚ ਪੈਦਾ ਹੋਏ ਸਨ, ਇਸ ਲਈ ਉਨ੍ਹਾਂ ਨੇ ਹਿੰਦੂ ਧਰਮ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦੀ ਸ਼ੁਰੂਆਤ ਆਪਣੇ ਆਪ ਤੋਂ ਅਤੇ ਆਪਣੇ ਘਰ ਤੋਂ ਹੀ ਕੀਤੀ। ਉਨ੍ਹਾਂ ਨੇ ਜਨੇਊ ਦੀ ਮਹੱਤਤਾ ਦਾ ਖੰਡਨ ਕੀਤਾ ਤੇ ਉਸ ਨੂੰ ਧਾਰਨ ਤੋਂ ਇਨਕਾਰ ਕੀਤਾ। ਨਾਲ ਹੀ ਉਨ੍ਹਾਂ ਨੇ ਪਿਤਾ ਪੁਰਖੀ ਹਿੰਦੂ ਧਰਮ ਧਾਰਨ ਨਾ ਕੀਤਾ। ਹਿੰਦੂ ਧਰਮ ਦੀਆਂ ਰੀਤਾਂ ਦੇ ਖੰਡਨ ਲਈ ਉਨ੍ਹਾਂ ਨੇ ਹਰਿਦੁਆਰ ਵਿਖੇ ਹਿੰਦੂਆਂ ਵੱਲੋਂ ਸੂਰਜ ਨੂੰ ਜਲ/ਪਾਣੀ ਦੇਣ ਦੀ ਧਾਰਮਿਕ ਰੀਤੀ ਨੂੰ ਗਲਤ ਦੱਸਣ ਲਈ ਕਰਤਾਰਪੁਰ ਨੂੰ ਜਲ ਪਹੁੰਚਾਉਣ ਦਾ ਢੋਂਗ ਕੀਤਾ। ਉਨ੍ਹਾਂ ਬੇਖੌਫ ਦੱਸਿਆ ਕਿ ਇਹ ਸਭ ਕਰਮ-ਕਾਂਡ ਤੋਂ ਸਿਵਾਏ ਕੁਝ ਵੀ ਨਹੀਂ। ਹਿੰਦੂਆਂ ਵਿਚ ਪ੍ਰਚਲਿਤ ਸਵਰਗ-ਨਰਕ ਅਤੇ ਬਹੁ ਜਨਮਾਂ ਦੇ ਭੁਲੇਖੇ ਤੇ ਸਿੱਧੀਆਂ ਦੀ ਪ੍ਰਾਪਤੀ ਦਾ ਸੱਚ ਉਜਾਗਰ ਕਰਨ ਲਈ ਸਿੱਧਾਂ ਨਾਲ ਗੋਸ਼ਟੀ ਕੀਤੀ ਤੇ ਉਨ੍ਹਾਂ ਨੂੰ ਸਹੀ ਮਾਰਗ ਦੱਸਿਆ। ਗੁਰੂ ਨਾਨਕ ਨੇ ਕਦਮ-ਕਦਮ ‘ਤੇ ਉਸ ਵੇਲੇ ਦੇ ਸਮਾਜ ਵਿਚ ਫੈਲੀਆਂ ਧਾਰਮਿਕ ਤੇ ਸਮਾਜਕ ਕੁਰਹਿਤਾਂ ਦਾ ਖੰਡਨ ਹੀ ਨਹੀਂ ਕੀਤਾ, ਸਗੋਂ ਸਹੀ ਮਾਰਗ ਵੀ ਦੱਸਿਆ। ਉਨ੍ਹਾਂ ਨੇ ਜਪੁਜੀ ਸਾਹਿਬ ਰਾਹੀਂ ਸਿੱਖਾਂ ਨੂੰ ਸਮਾਜਕ ਗਿਆਨ ਤੋਂ ਇਲਾਵਾ ਵਿਗਿਆਨ ਦੇ ਗਿਆਨ ਨਾਲ ਵੀ ਮਾਲਾ-ਮਾਲ ਕੀਤਾ। ਉਨ੍ਹਾਂ ਜਪੁਜੀ ਸਾਹਿਬ ਦੇ ਅੰਤਿਮ ਸਲੋਕ ਵਿਚ ਸਿੱਖ ਨੂੰ ਸੰਖੇਪ ਵਿਚ ਉਹ ਗਿਆਨ ਦਿੱਤਾ ਹੈ, ਜੋ ਕਈ ਸਮਕਾਲੀ ਗ੍ਰੰਥ ਪੜ੍ਹ ਕੇ ਵੀ ਪ੍ਰਾਪਤ ਨਹੀਂ ਹੋ ਸਕਦਾ।
ਸਿੱਖ ਧਰਮ ਅਤੇ ਸਿੱਖਾਂ ਦੇ ਬਾਨੀ ਗੁਰੂ ਨਾਨਕ ਦੀ ਜਦੋਂ ਜੀਵਨੀ ਪੜ੍ਹਦੇ ਤੇ ਵਾਚਦੇ ਹਾਂ ਤਾਂ ਕਿਤੇ ਵੀ ਅਜਿਹੀ ਮਿਸਾਲ ਨਹੀਂ ਮਿਲਦੀ, ਜਦੋਂ ਉਨ੍ਹਾਂ ਨੇ ਮਨੁੱਖ ਦੀ ਜਾਤ ਨਾਲ ਧਰਮ ਅਤੇ ਸਮਾਜਕ ਤਾਣੇ-ਬਾਣੇ ਦੇ ਨਾਮ ‘ਤੇ ਹੋ ਰਹੇ ਅਨਿਆਂ ਤੇ ਵਿਤਕਰੇ ਵਿਰੁੱਧ ਸੰਘਰਸ਼ ਦੌਰਾਨ ਕਿਤੇ ਵੀ ਧਰਮ ਦੀ ਜ਼ਰਾ ਜਿੰਨੀ ਵਰਤੋਂ ਕੀਤੀ ਹੋਵੇ ਜਾਂ ਕਿਸੇ ਵੀ ਧਾਰਮਿਕ ਗਿਆਨ ਦੀ ਓਟ ਲਈ ਹੋਵੇ। ਇਹ ਵੀ ਕਿਤੇ ਮਿਸਾਲ ਨਹੀਂ ਮਿਲਦੀ, ਉਨ੍ਹਾਂ ਕਿਸੇ ਔਕੜ ਜਾਂ ਸਮੱਸਿਆ ਆਉਣ ‘ਤੇ ਕਿਸੇ ਦੇਵੀ ਜਾਂ ਦੇਵਤੇ ਦੀ ਭਗਤੀ ਜਾਂ ਉਪਾਸਨਾ ਕੀਤੀ ਹੋਵੇ। ਉਨ੍ਹਾਂ ਨੇ ਸੰਸਾਰ ਨੂੰ ਸਿਰਫ ਦੱਸਿਆ (ਗਿਆਨ) ਹੀ ਨਹੀਂ, ਸਗੋਂ ਆਪਣੇ ਆਪ ਉਨ੍ਹਾਂ ‘ਤੇ ਚੱਲ ਕੇ ਵਿਖਾਇਆ ਕਿ ਨਜ਼ਰ ਨਾ ਆਉਣ ਵਾਲੇ ‘ਕਰਤੇ’ ਦੀਆਂ ਸ਼ਕਤੀਆਂ ਕਿੰਨੀਆਂ ਅਸੀਮ ਅਤੇ ਅਪਾਰ ਹਨ। ਉਨ੍ਹਾਂ ਨੇ ‘ਜਪੁਜੀ ਸਾਹਿਬ’ ਰਾਹੀਂ ਸਿੱਖ ਨੂੰ ਕਰਤੇ ਦੀ ਹੋਂਦ ਤੇ ਉਸ ਦੇ ਸਿਰਜੇ ਬ੍ਰਹਿਮੰਡਾਂ ਦੇ ਆਰ-ਪਾਰ ਦਾ ਗਿਆਨ ਵੀ ਦਿੱਤਾ। ਉਨ੍ਹਾਂ ਨੇ ਕੁਦਰਤ ਦੇ ਬਲਿਹਾਰੇ ਜਾ ਕੇ ‘ਕਰਤੇ’ ਦੀ ਸਿਫਤ ਸਾਲਾਹ ਕਰਦਿਆਂ ਉਸ ਨੂੰ ‘ਵਾਹਿਗੁਰੂ’ ਕਹਿ ਕੇ ਸੰਬੋਧਤ ਵੀ ਕੀਤਾ। ਉਨ੍ਹਾਂ ਨੇ ਭਟਕੀ ਹੋਈ ਲੋਕਾਈ ਨੂੰ ਸੱਚ ਦੇ ਮਾਰਗ ‘ਤੇ ਚੱਲਦਿਆਂ ਖੁਦ ਗ੍ਰਹਿਸਥੀ ਬਣ ਕੇ ਜੀਵਨ ਜਾਚ ਸਿਖਾਈ। ਕਿਰਤ ਕਰਨ ਦੀ ਸਲਾਹ ਦਿੱਤੀ ਤਾਂ ਆਪ ਵੀ ਆਪਣੇ ਜੀਵਨ ਕਾਲ ਦੇ ਅੰਤਿਮ ਵਡੇਰੀ ਉਮਰ ਵਾਲੇ ਸਾਲਾਂ ਦੌਰਾਨ ‘ਕਿਰਤ ਕਰਨ’ ਵਜੋਂ ਖੇਤੀ ਦਾ ਕੰਮ ਕੀਤਾ।
ਗੁਰੂ ਨਾਨਕ ਸਾਹਿਬ ਨੇ ਭੈਣ ਨੂੰ ਬੇਬੇ ਨਾਨਕੀ ਬਣਾ ਕੇ ਫਿਰ ਸੁਲੱਖਣੀ ਜੀ ਨੂੰ ਧਰਮ ਪਤਨੀ ਬਣਾ ਕੇ ‘ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ॥’ ਵਾਲਾ ਕਥਨ ਵੀ ਨਿਭਾਇਆ। ਉਨ੍ਹਾਂ ਨੇ ਬਾਲੇ ਤੇ ਮਰਦਾਨੇ ਨੂੰ ਆਪਣੇ ਸੰਗੀ ਬਣਾ ਕੇ ਉਚ-ਨੀਚ ਤੇ ਜਾਤ-ਪਾਤ ਦੇ ਬੰਧਨਾਂ ਨੂੰ ਤੋੜਿਆ, ਜੋ ਕਿ ਉਸ ਕਾਲ ਦੌਰਾਨ ਵੱਡੀ ਪੱਧਰ ‘ਤੇ ਲੋਕਾਈ ਦਾ ਸ਼ੋਸ਼ਣ ਕਰ ਰਹੇ ਸਨ। ਉਨ੍ਹਾਂ ਨੇ ਭਾਈ ਲਾਲੋ ਦੀ ਪ੍ਰਾਹੁਣਾਚਾਰੀ ਸਵੀਕਾਰ ਕਰਕੇ ਸਮਾਜ ਦੇ ‘ਨੀਚਾਂ ਸਿਉਂ ਦੋਸਤੀ’ ਵਾਲਾ ਕਥਨ ਸੱਚ ਕਰਦਿਆਂ ਗਰੀਬ ਤਬਕੇ ਨੂੰ ਮਾਣ ਤੇ ਤਾਣ ਬਖਸ਼ਿਆ। ਮਲਕ ਭਾਗੋ ਦੇ ਸੱਦੇ ਨੂੰ ਠੁਕਰਾ ਕੇ ਉਨ੍ਹਾਂ ਨੇ ਜਰਵਾਣਿਆਂ ਤੋਂ ਨਾ ਡਰਦਿਆਂ ਆਪਣੀ ‘ਜਿਨ ਸੱਚ ਪੱਲੇ ਹੋਇ’ ਵਾਲੀ ਸ਼ਕਤੀ ਵਿਖਾਈ।
ਗੁਰੂ ਨਾਨਕ ਦੇ ਧਰਮ ਦੀ ਵਿਲੱਖਣ ਸਹਿਜਤਾ ਅਤੇ ਬਰਾਬਰੀ ਦੇ ਨਿਯਮਾਂ ਨੇ ਹਿੰਦੂ ਧਰਮ ਵੱਲੋਂ ਸ਼ੋਸ਼ਿਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਆਕਰਸ਼ਿਤ ਕੀਤਾ। ਮੁਸਲਮਾਨ ਵੀ ਉਨ੍ਹਾਂ ਦੇ ਮੁਰੀਦ ਬਣੇ। ਇਸ ਖਿੱਤੇ ਵਿਚ ਹੀ ਨਹੀਂ, ਗੁਰੂ ਨਾਨਕ ਨੇ ਉਦਾਸੀਆਂ ਦੌਰਾਨ ਜਿਨ੍ਹਾਂ ਦੇਸ਼ਾਂ ਦੀ ਯਾਤਰਾ ਕੀਤੀ, ਹਰ ਥਾਂ ਲੋਕਾਂ ਨੇ ਉਨ੍ਹਾਂ ਦੇ ਧਰਮ ਨੂੰ ਅਪਨਾਇਆ। ਇਹ ਗੱਲ ਵੱਖਰੀ ਹੈ ਕਿ ਗੁਰੂ ਨਾਨਕ ਦੇ ਉਤਰਾਧਿਕਾਰੀਆਂ ਨੇ ਦੁਰਾਡੇ ਦੇਸ਼ਾਂ ਵਿਚ ਫੈਲੇ ਸਿੱਖਾਂ ਨਾਲ ਸੰਪਰਕ ਨਹੀਂ ਬਣਾਇਆ। ਗੁਰੂ ਨਾਨਕ ਤੋਂ ਬਾਅਦ ਸਿੱਖ ਧਰਮ ਇਸ ਮਹਾਦੀਪ ਅੰਦਰ ਵਧੇਰੇ ਪ੍ਰਫੁਲਿਤ ਹੋਇਆ।
ਗੁਰੂ ਨਾਨਕ ਨੇ ਸਿੱਖ ਨੂੰ, ਭਾਵੇਂ ਕੋਈ ਵੀ ਹੋਵੇ, ਹਰ ਵਿਸ਼ੇ ‘ਤੇ ਸੰਪੂਰਨ ਗਿਆਨ ਦਿੱਤਾ। ਕੋਈ ਵੀ ਅਜਿਹਾ ਵਿਸ਼ਾ ਨਹੀਂ ਛੱਡਿਆ, ਜਿਸ ਬਾਰੇ ਸਿੱਖ ਨੂੰ ਕਿਸੇ ਹੋਰ ਵੱਲ ਤੱਕਣਾ ਪਵੇ। ਅਫਸੋਸ! ਗੁਰੂ ਨਾਨਕ ਦਾ ਗਿਆਨਵਾਨ ਸਿੱਖ ਮੌਜੂਦਾ ਦੌਰ ਵਿਚ ਅਗਿਆਨ ਦੀ ਦਲ-ਦਲ ਵਿਚ ਇੰਨਾ ਖੁੱਭ ਗਿਆ ਹੈ ਕਿ ਉਸ ਨੂੰ ਹਰ ਕਦਮ ‘ਤੇ ਬਾਬਿਆਂ ਅਤੇ ਗ੍ਰੰਥੀਆਂ ਤੋਂ ਸੇਧ ਦੀ ਲੋੜ ਪੈ ਰਹੀ ਹੈ! ਉਸ ਨੂੰ ਕਿਉਂ ਲੱਗ ਰਿਹਾ ਹੈ ਕਿ ਬਾਬਾ ਨਾਨਕ ਨਹੀਂ, ਅਖੌਤੀ ਬਾਬਿਆਂ ਦੇ ਝੁੰਡ ਵਿਚੋਂ ਹੀ ਕੋਈ ਬਾਬਾ ਉਸ ਦਾ ਪਾਰ ਉਤਾਰਾ ਕਰੇਗਾ? ਸਿੱਖ ਅੰਨੇ ਤੇ ਬੋਲੇ ਵਾਂਗ ਵਿਚਰ ਰਿਹਾ ਹੈ? ਸਿੱਖਾਂ ਦਾ ਬਹੁਤ ਵੱਡਾ ਹਿੱਸਾ ਮਲਕ ਭਾਗੋ ਤੋਂ ਕਿਤੇ ਅੱਗੇ ਵਧ ਗਿਆ ਹੈ ਅਤੇ ਭਾਈ ਲਾਲੋ ਸਰੀਖੇ ਸਿੱਖ ਸਮਾਜ ਵਿਚ ਹਾਸ਼ੀਏ ‘ਤੇ ਪੁੱਜ ਗਏ ਹਨ, ਜਿਨ੍ਹਾਂ ਬਾਰੇ ਕੋਈ ਪਤਾ ਨਹੀਂ, ਕਦੋਂ ਮਲਕ ਭਾਗੋ ਜਿਹਿਆਂ ਵੱਲੋਂ ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇ।
ਸਿੱਖ ਗੁਰੂਆਂ ਅਤੇ ਉਨ੍ਹਾਂ ਦੀਆਂ ਸ਼ਕਤੀਆਂ ‘ਤੇ ਹੁਣ ਸ਼ਾਇਦ ਸਿੱਖਾਂ ਨੂੰ ਭਰੋਸਾ ਨਹੀਂ ਰਿਹਾ। ਹਾਲਾਤ ਇਸ ਪੱਧਰ ‘ਤੇ ਪੁੱਜ ਗਏ ਹਨ ਕਿ ਦੁਨੀਆਂ ਦੇ ਸਭ ਤੋਂ ਸਮਰੱਥ ਗੁਰੂ, ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਦਿਵਾਉਣ ਲਈ ਸਤਿਕਾਰ ਕਮੇਟੀਆਂ ਬਣ ਗਈਆਂ ਹਨ। ਲੱਗਦਾ ਹੈ, ਗੁਰੂ ਸਾਹਿਬਾਨ ਦੀ ਸ਼ਕਤੀ ‘ਤੇ ਸਿੱਖਾਂ ਦੇ ਕੁਝ ਵਰਗਾਂ ਨੂੰ ਸ਼ੱਕ ਹੈ। ਵਰਨਾ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਦਿਵਾਉਣ ਲਈ ਕਮੇਟੀਆਂ ਬਣਾਉਣ ਦੀ ਹਿਮਾਕਤ ਕੌਣ ਕਰ ਸਕਦਾ ਹੈ? ਕਿਤੇ ਵੀ ਸਿੱਖ ਧਰਮ ਤੇ ਸਿੱਖ ਗੁਰੂਆਂ ਬਾਰੇ ਹੇਠੀ ਦੀ ਜ਼ਰਾ ਜਿਹੀ ਘਟਨਾ ਵਾਪਰ ਜਾਂਦੀ ਹੈ, ਸਿੱਖ ਫੌਰਨ ਖੁਦ ਹੀ ਫੈਸਲੇ ਲੈ ਲੈਂਦੇ ਹਨ। ਕੀ ਇਨ੍ਹਾਂ ਮੰਦੀਆਂ ਘਟਨਾਵਾਂ ਦੀ ਸਜ਼ਾ ਦੋਸ਼ੀਆਂ ਨੂੰ ਸਮਰੱਥ ਗੁਰੂ ਆਪ ਨਹੀਂ ਦੇ ਸਕਦੇ? ਜਦੋਂ ਗੁਰੂ ਦੇ ਨਾਮ ‘ਤੇ ਅਸੀ ਆਪ ਫੈਸਲੇ ਲੈਂਦੇ ਹਾਂ, ਕੀ ਇਸ ਨਾਲ ਦੂਸਰਿਆਂ ਕੋਲ ਸਹੀ ਸੰਦੇਸ਼ ਜਾਵੇਗਾ?
ਜਿਵੇਂ ਅਸੀ ਹਰ ਰੋਜ ਅਰਦਾਸ ਵੇਲੇ ਸੁਣਦੇ ਹਾਂ ਕਿ ‘ਵਾਹਿਗੁਰੂ ਆਪਣੇ ਪੰਥ ਦੇ ਆਪ ਸਹਾਈ…।’ ਇਸ ਵਿਚ ਜ਼ਰਾ ਜਿਹੇ ਸ਼ੱਕ ਦੀ ਗੁੰਜਾਇਸ਼ ਨਹੀਂ ਹੈ। ਗੁਰੂ ਨਾਨਕ ਆਪ ਹੀ ਆਪਣੇ ਧਰਮ ਦਾ ਰਾਖਾ ਤੇ ਸਹਾਈ ਹੈ, ਵਰਨਾ ਪਿਛਲੇ ਕਈ ਦਹਾਕਿਆਂ ਤੋਂ ਸਿੱਖਾਂ ਦੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਨੇ ਤਾਂ ਸਿੱਖਾਂ ਅਤੇ ਸਿੱਖ ਧਰਮ ਦੀ ਹੇਠੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਵੱਡਾ ਵਰਗ ਸਿੱਖਾਂ ਦੀ ਮੌਜੂਦਾ ਸਥਿਤੀ ਤੋਂ ਮਾਯੂਸ ਹੈ, ਪਰ ਨਿਰਾਸ਼ ਨਹੀਂ? ਉਹ ਅੰਦਰੋਂ ਜਗ ਰਹੇ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਅਮਾਵਸ ਦੀ ਰਾਤ ਵੀ ਜਰੂਰ ਕੱਟੀ ਜਾਏਗੀ, ਕਿਉਂਕਿ ਉਨ੍ਹਾਂ ਨੂੰ ਯਕੀਨ ਹੈ ਕਿ ਗੁਰੂ ਨਾਨਕ ਨੇ ਸਿੱਖ ਨੂੰ ਸਮਰੱਥ ਬਣਾਇਆ ਹੈ, ਪਿਛਲੱਗੂ ਨਹੀਂ!