ਦੋ ਢਾਡੀਆਂ ਨੂੰ ਚੇਤੇ ਕਰਦਿਆਂ…

ਨਿੰਦਰ ਘੁਗਿਆਣਵੀ
ਫੋਨ: 91-94174-21700
7 ਅਗਸਤ ਨੂੰ ਸੋਹਣ ਸਿੰਘ ਸੀਤਲ ਦਾ ਇਕ ਸੌ ਗਿਆਰਵਾਂ ਜਨਮ ਦਿਨ ਸੀ। ਇਸੇ ਦਿਨ ਉਹ 1909 ਵਿਚ ਲਾਹੌਰ ਦੀ ਤਹਿਸੀਲ ਕਸੂਰ ਦੇ ਪਿੰਡ ਕਾਦੀਵਿੰਡ ਵਿਚ ਪਿਤਾ ਸ਼ ਖੁਸ਼ਹਾਲ ਸਿੰਘ ਦੇ ਘਰ ਮਾਂ ਸਰਦਾਰਨੀ ਦਿਆਲ ਕੌਰ ਦੀ ਕੁੱਖੋਂ ਪੈਦਾ ਹੋਏ ਸਨ। ਉਨ੍ਹਾਂ ਦੇ ਜਨਮ ਦਿਨ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮਸ਼੍ਰੀ ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਸੀਤਲ ਜੀ ਦੀ ਪੰਜਾਬੀ ਸਾਹਿਤ ਤੇ ਸਭਿਆਚਾਰ ਵਾਸਤੇ ਘਾਲੀ ਘਾਲਣਾ ਅਭੁੱਲ ਹੈ। ਉਨ੍ਹਾਂ ਦੇ ਨਾਵਲ ਤੇ ਗਾਈਆਂ ਢਾਡੀ ਵਾਰਾਂ ਕਦੇ ਨਹੀਂ ਭੁਲਾਈਆਂ ਜਾ ਸਕਦੀਆਂ।

ਪੰਜਾਬ ਕਲਾ ਪ੍ਰੀਸ਼ਦ ਵਲੋਂ ਢਾਡੀ ਸੀਤਲ ਦੇ ਪਰਿਵਾਰ ਨੂੰ ਇਸ ਮੌਕੇ ਮੁਬਾਰਕ ਭੇਜੀ ਗਈ। ਉਘੇ ਕਵੀ ਡਾ. ਲਖਵਿੰਦਰ ਜੌਹਲ ਨੇ ਦੂਰਦਰਸ਼ਨ ਜਲੰਧਰ ਵਿਖੇ ਕੰਮ ਕਰਦਿਆਂ ਉਨ੍ਹਾਂ ਨਾਲ ਲੰਬੀ ਦਸਤਾਵੇਜ਼ੀ ਮੁਲਾਕਾਤ ਰਿਕਾਰਡ ਕੀਤੀ ਸੀ।
ਉਘੇ ਦੇਸ਼ ਭਗਤ ਤੇ ਸ਼ਾਇਰ ਮੁਨਸ਼ਾ ਸਿੰਘ ਦੁਖੀ ਦੀ ਪ੍ਰੇਰਨਾ ਸਦਕਾ ਸ਼ ਸੀਤਲ ਲਿਖਾਰੀ ਬਣੇ। ਉਨ੍ਹਾ ਦੇ ਨਾਵਲ ‘ਤੂਤਾਂ ਵਾਲਾ ਖੂਹ’ ਦੀ ਪ੍ਰਸਿੱਧੀ ਏਨੀ ਹੋਈ ਕਿ ਕਈ ਸਾਲ ਸਿਲੇਬਸਾਂ ਵਿਚ ਸ਼ਾਮਿਲ ਰਿਹਾ। ਅੱਜ ਵੀ ਇਹ ਨਾਵਲ ਪੰਜਾਬੀ ਪਾਠਕਾਂ ਦੇ ਮਨਾਂ ਵਿਚ ਵੱਸਿਆ ਹੋਇਆ ਹੈ। ਉਨ੍ਹਾਂ ਦੀਆਂ ਇਹ ਇਤਿਹਾਸਕ ਪੁਸਤਕਾਂ ‘ਸਿੱਖ ਰਾਜ ਕਿਵੇਂ ਬਣਿਆ’ ਤੇ ‘ਸਿੱਖ ਰਾਜ ਕਿਵੇਂ ਗਿਆ’ ਲੱਖਾਂ ਦੀ ਗਿਣਤੀ ਵਿਚ ਛਪੀਆਂ। ਲੇਖਣ ਕਾਰਜ ਦੇ ਨਾਲ ਨਾਲ ਉਹ ਢਾਡੀ ਕਲਾ ਰਾਹੀਂ ਵੀ ਪੰਜਾਬੀਆਂ ਦੀ ਸੇਵਾ ਵਿਚ ਅੰਤਲੇ ਸਾਹਾਂ ਤੀਕ ਜੁਟੇ ਰਹੇ। ਉਨ੍ਹਾਂ ਨੇ ਬਹੁਤ ਸਾਰੇ ਧਾਰਮਿਕ ਢਾਡੀ ਪ੍ਰਸੰਗ ਲਿਖੇ ਤੇ ਆਪਣੇ ਜਥੇ ਨਾਲ ਗਾਏ। ਉਨ੍ਹਾਂ ਦਾ ਭਾਸ਼ਣ ਜੋਸ਼ੀਲਾ ਤੇ ਸਰੋਤਿਆਂ ਨੂੰ ਕੀਲ ਲੈਣ ਵਾਲਾ ਹੁੰਦਾ ਸੀ। ਉਨ੍ਹਾਂ ਦਾ ਲਿਖਿਆ ਤੇ ਗਾਇਆ ‘ਸਾਕਾ ਪੰਜਾ ਸਾਹਿਬ’ ਬੜਾ ਮਸ਼ਹੂਰ ਹੋਇਆ, ਜਿਸ ਦੇ ਮੁੱਢਲੇ ਬੋਲ ਹਨ,
ਗੱਡੀ ਭਰ ਕੇ ਅੰਬਰਸਰੋਂ ਤੋਰੀ
ਪੰਜਾ ਸਾਹਿਬ ਜਾ ਖੜਦੀ,
ਵਿਚ ਸੀਗੇ, ਵਿਚ ਸੀਗੇ ਪੈਨਸ਼ਨੀਏ
ਸਾਰੇ ਕੈਦ ਕੀਤੇ ਗੁਰੂ ਬਾਗ ‘ਚੋਂ।
ਇਸ ਤੋਂ ਇਲਾਵਾ ਉਨ੍ਹਾਂ ਵਾਰਾਂ ਵੀ ਗਾਈਆਂ। ਇਕ ਵਾਰ, ਜੋ ਅਕਾਸ਼ਵਾਣੀ ਕੇਂਦਰ ਜਲੰਧਰੋਂ ਪ੍ਰਸਾਰਿਤ ਹੁੰਦੀ ਰਹੀ, ਉਹਦੇ ਬੋਲ ਹਨ,
ਮਾਰੂ ਵੱਜਿਆ ਜੁਆਨ ਰਣ ਨਿੱਤਰੇ
ਗੁੱਸੇ ਵਿਚ ਆ ਤਿਊੜੀਆਂ ਪਾਈਆਂ।
ਸ਼ ਸੀਤਲ ਦਾ ਲਿਖਿਆ ‘ਮਲਕੀ ਕੀਮਾ’ ਲੋਕ ਗੀਤ ਦਾ ਰੂਪ ਧਾਰਨ ਕਰ ਗਿਆ, ਬੋਲ ਹਨ,
ਮਲਕੀ ਭਰਦੀ ਪਈ ਸੀ ਖੂਹ ਦੇ ਉਤੋਂ ਪਾਣੀ
ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ।
ਉਨ੍ਹਾਂ ਦੇ ਨਾਵਲਾਂ ਤੇ ਧਾਰਮਿਕ ਇਤਿਹਾਸਕ ਕਿਤਾਬਾਂ ਤੋਂ ਇਲਾਵਾ ਢਾਡੀ ਪ੍ਰਸੰਗਾਂ ਦੀਆਂ ਕਿਤਾਬਾਂ ਦੀ ਗਿਣਤੀ ਡੇਢ ਸੌ ਹੈ। ਵੱਖ ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੇ ਖੋਜਾਰਥੀਆਂ ਨੇ ਸ਼ ਸੀਤਲ ਦੀਆਂ ਕਿਤਾਬਾਂ ਉਤੇ ਐਮ. ਫਿਲ ਤੇ ਪੀਐਚ. ਡੀ. ਦੇ ਥੀਸਿਸ ਲਿਖੇ। ਉਹ ਰੇਡੀਓ ਜਲੰਧਰ ਤੇ ਦੂਰਦਰਸ਼ਨ ਜਲੰਧਰ ਤੋਂ ਵੀ ਲੰਬਾ ਸਮਾਂ ਗਾਉਂਦੇ ਰਹੇ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਉਨ੍ਹਾਂ ਦਾ 1982 ਵਿਚ ‘ਸ਼੍ਰੋਮਣੀ ਢਾਡੀ ਪੁਰਸਕਾਰ’ ਨਾਲ ਸਨਮਾਨ ਕੀਤਾ। ਸ਼੍ਰੋਮਣੀ ਕਮੇਟੀ ਨੇ ‘ਸਿੱਖ ਢਾਡੀ ਗਾਇਕ’ ਵਜੋਂ 1979 ਵਿਚ ਸਨਮਾਨਿਆ। ਉਨ੍ਹਾਂ ਦੇ ਨਾਵਲ ‘ਜੁਗ ਬਦਲ ਗਿਆ’ ਨੂੰ ਭਾਰਤੀ ਸਾਹਿਤ ਅਕਾਦਮੀ (1973) ਪੁਰਸਕਾਰ ਪ੍ਰਾਪਤ ਹੋਇਆ। ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਦੇਣ ਮਹਾਨ ਹੈ, ਜਿਸ ਦਾ ਲੇਖਾ-ਜੋਖਾ ਕਰਨਾ ਲੰਬੇ ਸਮੇਂ ਦੀ ਮੰਗ ਕਰਦਾ ਹੈ।
ਪੰਜਾਬ ਦੇ ਸਿਰਮੌਰ ਢਾਡੀ ਲੋਕ ਗਾਇਕ ਦੀਦਾਰ ਸਿੰਘ ਰਟੈਂਡਾ ਦੀ 9 ਅਗਸਤ ਨੂੰ ਬਰਸੀ ਸੀ। ਪੰਜਾਬ ਕਲਾ ਪ੍ਰੀਸ਼ਦ ਉਨ੍ਹਾਂ ਦੇ ਪਰਿਵਾਰ ਨੂੰ ਇਸ ਗੱਲ ਦਾ ਮਾਣ ਦਿੰਦਿਆਂ ਆਖਿਆ ਕਿ ਉਨ੍ਹਾਂ ਦੀ ਲੋਕ ਗਾਇਕੀ ਨੂੰ ਭੁਲਾਉਣਾ ਸੌਖਾ ਨਹੀਂ। ਉਹ ਆਪਣੀ ਕਲਾ ਆਸਰੇ ਅੱਜ ਵੀ ਜਿਉਂਦੇ ਨੇ। ਡਾ. ਸੁਰਜੀਤ ਪਾਤਰ ਨੇ ਸਵਰਗੀ ਰਟੈਂਡਾ ਨੂੰ ਚੇਤੇ ਕਰਦਿਆਂ ਪੰਜਾਬ ਦੇ ਲੋਕ ਸੰਗੀਤ ਨੂੰ ਦਿੱਤੀ ਉਨ੍ਹਾਂ ਦੀ ਵਡਮੁੱਲੀ ਦੇਣ ਨੂੰ ਪ੍ਰਣਾਮ ਕੀਤਾ ਹੈ। ਡਾ. ਪਾਤਰ ਕਹਿੰਦੇ ਹਨ ਕਿ ਦੀਦਾਰ ਸਿੰਘ ਰਟੈਂਡਾ ਦੀ ਲੋਕ ਗਾਇਕੀ ਰਾਹੀਂ ਪੰਜਾਬ ਦੀ ਸੱਚੀ ਸੁੱਚੀ ਲੋਕ ਗਾਇਕੀ ਦੇ ਸਾਵੇਂ ਦੇ ਸਾਵੇਂ ਦੀਦਾਰ ਹੁੰਦੇ ਸਨ। ਡਾ. ਲਖਵਿੰਦਰ ਜੌਹਲ ਨੇ ਜੋ ਗੱਲ ਆਖੀ, ਉਹ ਉਦਾਸ ਕਰਨ ਵਾਲੀ ਹੈ। ਉਨ੍ਹਾਂ ਦੂਰਦਰਸ਼ਨ ਕੇਂਦਰ ਜਲੰਧਰ ਵਾਸਤੇ ਸ਼ ਰਟੈਂਡਾ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਣਾਈ। ਜਦ ਉਹ ਜਲੰਧਰ ਤੋਂ ਬਦਲ ਗਏ ਤੇ ਕੁਝ ਸਾਲਾਂ ਬਾਅਦ ਵਾਪਸ ਆਏ ਤੇ ਲਘੂ ਫਿਲਮ ਡਿਲੀਟ ਕੀਤੀ ਜਾ ਚੁਕੀ ਸੀ। ਕਿੰਨਾ ਚੰਗਾ ਹੁੰਦਾ, ਜੇ ਮਹਾਨ ਫਨਕਾਰ ਦੀ ਯਾਦ ਅੱਜ ਸਾਡੇ ਕੋਲ ਹੁੰਦੀ!
ਢਾਡੀ ਰਟੈਂਡਾ ਨੇ ਪੰਜਾਬ ਦੇ ਗਮੰਤਰੀਆਂ ‘ਚੋਂ ਸਭ ਤੋਂ ਲੰਮੇਰੀ ਉਮਰ ਭੋਗੀ। ਆਪਣਾ ਜਨਮ ਸਾਲ ਉਹ 1893 ਦਾ ਦਸਦੇ ਸਨ। ਉਨ੍ਹਾਂ ਦਾ ਪਿੰਡ ਬੰਗਾ ਨੇੜੇ ਰਟੈਂਡਾ ਸੀ ਤੇ ਪਹਿਲਾਂ ਉਹ ਗੁਣਾਚੌਰ ਰਹੇ ਸਨ। ਵੰਡ ਤੋਂ ਪਹਿਲਾਂ ਉਹ ਪਾਕਿਸਤਾਨ ਦੇ ਜੜ੍ਹਾਂ ਵਾਲਾ ਤਹਿਸੀਲ ਦੇ ਚੱਕ ਨੰਬਰ 65 ਵਿਚ ਰਹਿੰਦੇ ਸਨ। ਆਪਣਾ ਤਖੱਲਸ ‘ਪੰਛੀ’ ਵੀ ਰੱਖੀ ਰੱਖਿਆ ਤੇ ਪਿੰਡ ਦੇ ਮੋਹ ਨੇ ਹੀ ਉਨ੍ਹਾਂ ਦਾ ਤਖੱਲਸ ਰਟੈਂਡਾ ਰਖਵਾਇਆ। ਸੰਨ 1913 ਵਿਚ ਦੀਦਾਰ ਸਿੰਘ ਦਾ ਵਿਆਹ ਸੰਧਵਾਂ ਫਰਾਲੇ ਬੀਬੀ ਕਰਮ ਕੌਰ ਨਾਲ ਹੋਇਆ।
ਦਸਦੇ ਨੇ ਕਿ ਦੀਦਾਰ ਸਿੰਘ ਦੀ ਆਖਰੀ ਪਹਿਰ ਨਿਗਾ ਵੀ ਘਟ ਗਈ ਸੀ ਤੇ ਰੋਟੀ ਟੁਕ ਖਾ ਕੇ ਆਪਣੀ ਖੂੰਡੀ ਦੇ ਸਹਾਰੇ ਤੁਰਦਾ ਉਹ ਬਸ ਅੱਡੇ ਦੇ ਥੜ੍ਹੇ ਉਤੇ ਆ ਬੈਠਦਾ ਤੇ ਆਂਦੇ-ਜਾਂਦੇ ਲੋਕਾਂ ਨੂੰ ਦੇਖਦਾ ਰਹਿੰਦਾ। ਇਉਂ ਉਸ ਦਾ ਵਕਤ ਪਾਸ ਹੋ ਜਾਂਦਾ।
1912 ‘ਚ ਢਾਡੀ ਰਟੈਂਡਾ ਨੇ ਮੁਕਤਸਰ ਸਾਹਿਬ ਮੇਲੇ ਉਤੇ ਭਗਤੂ ਰਾਮਗੜ੍ਹੀਆ ਨੂੰ ਸਾਰੰਗੀ ਵਜਾਉਂਦਾ ਦੇਖਿਆ ਤੇ ਪ੍ਰਭਾਵਿਤ ਹੋਇਆ ਤੇ ਗੁਰੂ ਧਾਰ ਕੇ ਸਾਰੰਗੀ ਸਿੱਖ ਲਈ। 1929 ਵਿਚ ਉਹਦੇ ਰਿਕਾਰਡ ਭਰਵਾਉਣ ਦਾ ਸਿਲਸਿਲਾ ਐਚ. ਐਮ. ਵੀ. ਕੰਪਨੀ ਵਿਚ ਸ਼ੁਰੂ ਹੁੰਦਾ ਹੈ। ਕਲੀਆਂ ਤੇ ਲੋਕ ਗਾਥਾਵਾਂ ਦੀ ਰਿਕਾਰਡਿੰਗ ਹੁੰਦੇ ਸਾਰ ਪੰਜਾਬ ਭਰ ਦੇ ਪਿੰਡਾਂ ਵਿਚ ਉਨ੍ਹਾਂ ਦੇ ਬੋਲ ਗੂੰਜ ਉਠੇ। ਕਾਲੇ ਤਵਿਆਂ ਵਿਚ ਉਨ੍ਹਾਂ ਦੇ 32 ਰਿਕਾਰਡ ਭਰੇ ਗਏ। ਬਾਹਰਲੇ ਮੁਲਕਾਂ ਵਿਚ ਜਾਣ ਤੇ ਗਾਉਣ ਦਾ ਮੌਕਾ ਵੀ ਮਿਲਿਆ। ਉਨ੍ਹਾਂ ਆਪਣੀਆਂ ਢਾਡੀ ਰਚਨਾਵਾਂ ਦੀਆਂ ਕਈ ਕਿਤਾਬਾਂ ਛਪਵਾਈਆਂ। ਧੰਨਾ ਸਿੰਘ ਤੇ ਭਗਤ ਸਿੰਘ ਵੀ ਉਨ੍ਹਾਂ ਨਾਲ ਗਾਉਂਦੇ ਸਨ ਤੇ ਬਾਅਦ ਵਿਚ ਕਈ ਸਾਥੀ ਹੋਰ ਰਲੇ।
ਹਾਰ ਤੋੜ ਕੇ ਮਕਰ ਬਣਾ ਲਿਆ ਹੀਰ ਨੇ
ਮੋਤੀ ਇਕ ਇਕ ਕਰਕੇ
ਡੋਲੀ ਕੋਲ ਖਿੰਡਾਇਆ
ਇਹ ਬਹੁਤ ਮਸ਼ਹੂਰ ਹੋਇਆ ਸੀ। ਹੋਰ ਵੀ ਕਾਫੀ ਕਲੀਆਂ ਬਹੁਤ ਚੜ੍ਹੀਆਂ। 1942 ਵਿਚ ਦੀਦਾਰ ਸਿੰਘ ਰਟੈਂਡਾ ਦੇ ਮਿਹਦੇ ਵਿਚ ਕੋਈ ਨੁਕਸ ਬੈਠ ਗਿਆ। ਉਦੋਂ ਉਹ ਵਲੈਤ ਜਾ ਕੇ ਆਇਆ ਸੀ। ਖਾਧਾ ਪੀਤਾ ਹਜਮ ਹੋਣੋਂ ਹਟਣ ਲੱਗਾ। 9 ਅਗਸਤ 1989 ਦੇ ਦਿਨ ਉਹ ਵਿਛੜ ਗਿਆ। ਡਾ. ਸੁਰਜੀਤ ਪਾਤਰ ਆਖਦੇ ਨੇ ਕਿ ਰਟੈਂਡਾ ਦੀ ਢਾਡੀ ਗਾਇਕੀ ਅੱਜ ਵੀ ਜਿੰਦਾ ਹੈ ਤੇ ਅਣਗਿਣਤ ਸਰੋਤੇ ਉਹਨੂੰ ਪਿਆਰ ਕਰਨ ਵਾਲੇ ਹਨ।