ਅੰਮ੍ਰਿਤਸਰ: ਰਾਮ ਮੰਦਿਰ ਦੇ ਭੂਮੀ ਪੂਜਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਰੂ ਗੋਬਿੰਦ ਸਿੰਘ ਵਲੋਂ ‘ਗੋਵਿੰਦ ਰਮਾਇਣ’ ਲਿਖੇ ਜਾਣ ਬਾਰੇ ਦਾਅਵਾ ਕਰਨ ਅਤੇ ਇਸੇ ਦਿਨ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਵਲੋਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਅਤੇ ਦਸਮ ਪਿਤਾ ਨੂੰ ਭਗਵਾਨ ਰਾਮ ਦੇ ਦੋ ਪੁੱਤਰਾਂ ਲਵ ਤੇ ਕੁਸ਼ ਦੇ ਵੰਸ਼ਜ਼ ਦੱਸਣ ਦਾ ਮਾਮਲਾ ਭਖ ਗਿਆ ਹੈ।
ਸਿੱਖ ਜਥੇਬੰਦੀਆਂ ਨੇ ਇਸ ਮਸਲੇ ਉਤੇ ਅਕਾਲ ਤਖਤ ਦੇ ਜਥੇਦਾਰ ਦੀ ਚੁੱਪ ਉਤੇ ਸਵਾਲ ਚੁੱਕਦੇ ਹੋਏ ਮੰਗ ਕਰ ਦਿੱਤੀ ਹੈ ਕਿ ਉਹ ਸਿੱਖਾਂ ਨੂੰ ਇਸ ਦੁਬਿਧਾ ‘ਚੋਂ ਕੱਢਣ ਕਿ ਮੋਦੀ ਅਤੇ ਸਾਬਕਾ ਜਥੇਦਾਰ ਵਲੋਂ ਦਿੱਤੇ ਬਿਆਨ ਸਹੀ ਹਨ ਜਾਂ ਗਲਤ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਮੋਦੀ ਨੇ ਗੁਰੂ ਗੋਬਿੰਦ ਸਿੰਘ ਦੁਆਰਾ ‘ਗੋਵਿੰਦ ਰਮਾਇਣ’ ਲਿਖੇ ਜਾਣ ਬਾਰੇ ਕਹਿ ਕੇ ਗੁਮਰਾਹ ਕੀਤਾ ਹੈ ਜਦਕਿ ਅਸਲੀਅਤ ‘ਚ ਅਜਿਹਾ ਕੋਈ ਗ੍ਰੰਥ ਦਸਵੇਂ ਗੁਰੂ ਨੇ ਨਹੀਂ ਲਿਖਿਆ ਹੈ। ਪ੍ਰਧਾਨ ਮੰਤਰੀ ਵਲੋਂ ਇਹ ਗੱਲ ਉਸ ਵੇਲੇ ਆਖੀ ਗਈ ਜਦੋਂ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਚੱਲ ਰਿਹਾ ਸੀ। ਸਿੱਖ ਜਥੇਬੰਦੀਆਂ ਨੂੰ ਖਦਸ਼ਾ ਹੈ ਕਿ ਪ੍ਰਧਾਨ ਮੰਤਰੀ ਵਲੋਂ ਕੀਤੀ ਗਈ ਇਹ ਗੱਲ ਭਵਿੱਖ ਵਿਚ ਇਤਿਹਾਸਕ ਹਵਾਲਾ ਬਣੇਗੀ, ਇਸ ਲਈ ਇਸ ਦਾ ਵਿਰੋਧ ਕਰਨਾ ਜ਼ਰੂਰੀ ਬਣਦਾ ਹੈ।
ਉਂਜ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਸਿੱਖਾਂ ਨੂੰ ਹਿੰਦੂ ਧਰਮ ਦੇ ਹਿੱਸੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਇਥੋਂ ਤੱਕ ਕਿ ਸੁਪਰੀਮ ਕੋਰਟ ਵਿਚ ਰਾਮ ਮੰਦਿਰ ਭੂਮੀ ਮਸਲੇ ਦੀ ਸੁਣਵਾਈ ਵੇਲੇ ਹਿੰਦੂ ਪੱਖ ਨੇ ਸਿੱਖਾਂ ਦੇ ਦਸਵੇਂ ਗੁਰੂ, ਗੋਬਿੰਦ ਸਿੰਘ ਦੀ ਅਯੁੱਧਿਆ ਫੇਰੀ ਤੇ ਰਾਮ ਮੰਦਿਰ ਦੇ ਦਰਸ਼ਨਾਂ ਦਾ ਜ਼ਿਕਰ ਕਰਕੇ ਵਿਵਾਦਤ ਜ਼ਮੀਨ ਉਤੇ ਆਪਣੇ ਦਾਅਵੇ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਧਰ, ਮੋਦੀ ਦੇ ਮੂੰਹੋਂ ਨਿਕਲੇ ਇਨ੍ਹਾਂ ਵਿਵਾਦਤ ਬੋਲਾਂ ਨੂੰ ਭਗਵਾ ਧਿਰ ਦੇ ਸਿਆਸੀ ਮਨਸ਼ੇ ਨਾਲ ਵੀ ਜੋੜਿਆ ਜਾ ਰਿਹਾ ਹੈ। ਸਿਆਸੀ ਮਾਹਰ ਦਾਅਵਾ ਕਰ ਰਹੇ ਹਨ ਕਿ ਮੋਦੀ ਦੇ ਮੂੰਹੋਂ ਸਿੱਖ ਗੁਰੂਆਂ ਬਾਰੇ ਬਿਆਨ ਅਚਾਨਕ ਨਹੀਂ ਨਿਕਲਿਆ, ਸਗੋਂ ਇਹ ਤੈਅ ਰਣਨੀਤੀ ਦਾ ਹਿੱਸਾ ਸੀ।
ਪੂਰੇ ਮੁਲਕ ਵਿਚ ਕੁੱਲ ਮਿਲਾ ਕੇ ਪੰਜਾਬ ਇਕ ਅਜਿਹਾ ਸੂਬਾ ਹੈ ਜਿਥੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਸ ਭਗਵਾ ਧਿਰ ਦੇ ਪੈਰ ਢੰਗ ਨਾਲ ਨਹੀਂ ਲੱਗ ਰਹੇ। ਡੇਢ ਸਾਲ ਪਿੱਛੋਂ ਸੂਬੇ ਵਿਚ ਵਿਧਾਨ ਸਭਾ ਚੋਣਾਂ ਹਨ। ਅਕਾਲੀ ਦਲ ਬਾਦਲ ਨਾਲ ਭਾਈਵਾਲੀ ਵਿਚ ਆਈਆਂ ਤਰੇੜਾਂ ਹੁਣ ਲੁਕੀਆਂ ਨਹੀਂ ਹਨ। ਉਂਜ ਵੀ ਸੂਬੇ ਦੀ ਸਿਆਸਤ ਵਿਚ ਨੁੱਕਰੇ ਲੱਗੇ ਅਕਾਲੀ ਦਲ ਬਾਦਲਾਂ ਨਾਲ ਸਾਂਝੇਦਾਰੀ ਭਾਜਪਾ ਨੂੰ ਘਾਟੇ ਦਾ ਸੌਦਾ ਜਾਪ ਰਹੀ ਹੈ। ਇਸੇ ਲਈ ਹੋਰਨਾਂ ਧਿਰਾਂ ਵਾਂਗ ਭਾਜਪਾ ਵੀ ਸੂਬੇ ਵਿਚ ‘ਧਰਮ ਦੀ ਸਿਆਸਤ’ ਦੀ ਖੱਟੀ ਦੇ ਰਾਹਤ ਤੁਰੀ ਹੈ। ਨਾ ਚਾਹੁੰਦੇ ਹੋਏ ਕਰਤਾਰਪੁਰ ਲਾਂਘਾ ਖੋਲ੍ਹਣਾ, ਸਿੱਖ ਬੰਦੀਆਂ ਦੀ ਰਿਹਾਈ, ਅਫਗਾਨ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਤੇ 1984 ਸਿੱਖ ਕਤਲੇਆਮ ਪੀੜਤਾਂ ਨੂੰ ‘ਨਿਆਂ’ ਇਸੇ ਰਣਨੀਤੀ ਦਾ ਹਿੱਸਾ ਹਨ।
ਇਹੀ ਕਾਰਨ ਹੈ ਕਿ ਭੂਮੀ ਪੂਜਨ ਵੇਲੇ ਸਿੱਖ ਗੁਰੂਆਂ ਬਾਰੇ ਮੋਦੀ ਦੇ ਬਿਆਨ ਦੇ ਕੁਝ ਮਿੰਟ ਪਿੱਛੋਂ ਹਿੰਦੂ-ਸਿੱਖ ਧਰਮ ਵਿਚ ‘ਸਾਂਝ’ ਨੂੰ ਪੱਕਾ ਕਰਨ ਲਈ ਗਿਆਨ ਇਕਬਾਲ ਸਿੰਘ ਨੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਨੂੰ ਲਵ ਤੇ ਕੁਸ਼ ਦੇ ਵੰਸ਼ਜ਼ ਐਲਾਨ ਦਿੱਤਾ। ਇਸ ਤੋਂ ਕੁਝ ਚਿਰ ਬਾਅਦ ਹੀ ਅਕਾਲੀ ਦਲ ਬਾਦਲਾਂ ਤੋਂ ਬਾਗੀ ਹੋਈ ਸੁਖਦੇਵ ਸਿੰਘ ਢੀਂਡਸਾ ਦੇ ਮੂੰਹ ਆਰ.ਐਸ਼ਐਸ਼ ਦੀਆਂ ਸਿਫਤਾਂ ਨਿਕਲੀਆਂ ਸ਼ੁਰੂ ਹੋ ਗਈਆਂ। ਅਸਲ ਵਿਚ, ਭਾਜਪਾ ਨੂੰ ਇਸ ਵੇਲੇ ਸਿੱਖ ਸਿਆਸਤ ਨਾਲ ਨੇੜਿਉਂ ਜੁੜੇ ਆਗੂਆਂ ਦੀ ਭਾਲ ਹੈ। ਢੀਂਡਸਾ ਉਤੇ ਮੋਦੀ ਸਰਕਾਰ ਦੀਆਂ ਮਿਹਰਬਾਨੀਆਂ ਕਈ ਵਾਰ ਚਰਚਾ ਦਾ ਵਿਸ਼ਾ ਬਣੀਆਂ ਹਨ। ਹੁਣ ਤਾਜ਼ਾ ਹਿਲਜੁਲ ਨੂੰ ਵੀ ਇਸੇ ਰਣਨੀਤੀ ਦੇ ਹਿੱਸੇ ਵਜੋਂ ਵੇਖਿਆ ਜਾ ਰਿਹਾ ਹੈ। ਉਧਰ, ਸਿੱਖ ਜਥੇਬੰਦੀਆਂ ਵੀ ਭਾਜਪਾ ਦੀਆਂ ਇਨ੍ਹਾਂ ਰਣਨੀਤੀਆਂ ਤੋਂ ਚੌਕਸ ਜਾਪ ਰਹੀਆਂ ਹਨ ਤੇ ਮੋਦੀ ਦੇ ਸਿੱਖ ਗੁਰੂਆਂ ਬਾਰੇ ਤਾਜ਼ਾ ਬਿਆਨ ਦੀ ਤਿੱਖੀ ਨੁਕਤਾਚੀਨੀ ਸ਼ੁਰੂ ਹੋ ਗਈ ਹੈ।
ਸਿੱਖ ਜਥੇਬੰਦੀਆਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਨੇਜਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਸਿੱਖ ਵਿਦਵਾਨ ਅਮਰਜੀਤ ਸਿੰਘ ਨੇ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪਣੇ ਜੀਵਨ ਕਾਲ ਦੌਰਾਨ ‘ਗੋਵਿੰਦ ਰਮਾਇਣ’ ਨਾਂ ਦੀ ਰਮਾਇਣ ਲਿਖੀ ਗਈ ਸੀ।
ਸਿੱਖ ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦਾ ਦਾਅਵਾ ਤੱਥਾਂ ਉਤੇ ਆਧਾਰਿਤ ਨਹੀਂ ਹੈ। ਭਾਜਪਾ ਅਤੇ ਆਰ.ਐਸ਼ਐਸ਼ ਵਲੋਂ ਕਈ ਵਾਰ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਕਿਹਾ ਗਿਆ ਹੈ ਜਦੋਂਕਿ ਗੁਰੂ ਨਾਨਕ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਕੇ ਹਿੰਦੂ ਧਰਮ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਸਿੱਖ ਧਰਮ ਦੀ ਨੀਂਹ ਰੱਖੀ ਸੀ।
ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਕਿਹਾ ਹੈ ਕਿ ਉਹ ਸਿੱਖ ਕੌਮ ਨੂੰ ਇਸ ਦੁਬਿਧਾ ‘ਚੋਂ ਕੱਢਣ ਲਈ ਅੱਗੇ ਆਉਣ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀ.ਕੇ. ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਦੀ ਰਚਨਾ ‘ਬਚਿੱਤਰ ਨਾਟਕ’ ਅਤੇ ਕੇਸਰ ਸਿੰਘ ਛਿੱਬਰ ਵਲੋਂ ਲਿਖੇ ਬੰਸਵਾਲੀਨਾਮੇ ਨੂੰ ਲੈ ਕੇ ਕੁਝ ਵਿਦਵਾਨਾਂ ਵਲੋਂ ਦਿੱਤੇ ਜਾ ਰਹੇ ਬਿਆਨਾਂ ਵਲ ਧਿਆਨ ਦੇਣ ਦੀ ਲੋੜ ਹੈ। ਗੁਰਮਤਿ ਮਰਿਆਦਾ ਵੰਸ਼ ਵਾਲੀ ਸੋਚ ਨੂੰ ਰੱਦ ਕਰਦੀ ਹੈ ਕਿਉਂਕਿ ਅੰਮ੍ਰਿਤ ਛਕਣ ਮਗਰੋਂ ਹਰ ਸਿੱਖ ਖਾਲਸਾ ਬਣ ਜਾਂਦਾ ਹੈ। ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਗੁਰੂ ਸਾਹਿਬਾਨ ਦੇ ਵੰਸ਼ਾਂ ਬਾਰੇ ਛਪੇ ਇਤਿਹਾਸ ਅਤੇ ਇਨ੍ਹਾਂ ਦੇ ਸਰੋਤਾਂ ਵਲ ਮੁੜ ਝਾਤੀ ਮਾਰਨ ਦੀ ਲੋੜ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਹੋ ਸਕਦਾ ਹੈ ਕਿ ਇਤਿਹਾਸ ਤੇ ਇਤਿਹਾਸਕ ਸਰੋਤਾਂ ਨਾਲ ਛੇੜਛਾੜ ਕੀਤੀ ਗਈ ਹੋਵੇ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਤਾਂ ਕਈ ਇਤਿਹਾਸਕ ਸਰੋਤ ਖਤਮ ਹੋ ਗਏ ਸਨ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਸਿੱਖ ਮਿਸਲਾਂ ਦੇ ਹੋਂਦ ਵਿਚ ਆਉਣ ਦੌਰਾਨ ਸਿੱਖ ਲੰਮਾ ਸਮਾਂ ਜੰਗਲਾਂ ‘ਚ ਰਹੇ ਹਨ। ਉਨ੍ਹਾਂ ਅਪੀਲ ਕੀਤੀ ਹੈ ਕਿ ਸਮੁੱਚੇ ਸਿੱਖ ਇਤਿਹਾਸ ਦੀ ਜਾਂਚ ਗੁਰਮਤਿ ਸੋਚ ਮੁਤਾਬਕ ਕਰਾਈ ਜਾਵੇ।
_____________________________________________
ਇਕਬਾਲ ਸਿੰਘ ਨੂੰ ਤਲਬ ਕਰਨ ਦੀ ਮੰਗ ਉਠੀ
ਚੰਡੀਗੜ੍ਹ: ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਇਕਬਾਲ ਸਿੰਘ ਨੂੰ ਤਲਬ ਕਰ ਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਆਖਿਆ ਹੈ ਕਿ ਇਕਬਾਲ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਰਾਮ ਚੰਦਰ, ਲਵ ਤੇ ਕੁਸ਼ ਦੇ ਵੰਸ਼ਜ ਆਖ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਇਕਬਾਲ ਸਿੰਘ ਖਿਲਾਫ ਤੁਰਤ ਧਾਰਮਿਕ ਕਾਰਵਾਈ ਕਰਕੇ ਸਿੱਖਾਂ ਦੇ ਇਤਿਹਾਸ ਨੂੰ ਵਿਗਾੜ ਕੇ ਕਹਿਣ ਦੇ ਦੋਸ਼ ‘ਚ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨਾ ਚਾਹੀਦਾ ਹੈ। ਗਿਆਨੀ ਇਕਬਾਲ ਸਿੰੰਘ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਹੇ ਹਨ ਅਤੇ ਪਹਿਲਾਂ ਵੀ ਕਈ ਵਾਰ ਵਿਵਾਦ ਵਿਚ ਰਹਿ ਚੁੱਕੇ ਹਨ।