ਚੰਡੀਗੜ੍ਹ: ਪੰਜਾਬ ਕਾਂਗਰਸ ਵਿਚ ਉਠੀਆਂ ਬਾਗੀ ਸੁਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਹਿਲਾ ਕੇ ਰੱਖ ਦਿੱਤੀ ਹੈ। ਪੰਜਾਬ ਵਿਚ ਸ਼ਰਾਬ ਕਾਂਡ ਤੋਂ ਬਾਅਦ ਇਕ ਪਾਸੇ ਵਿਰੋਧੀ ਧਿਰਾਂ ਕੈਪਟਨ ਸਰਕਾਰ ਡੇਗਣ ਲਈ ਰਾਜਪਾਲ ਨੂੰ ਮੰਗ ਪੱਤਰ ਦੇਣ ਸਮੇਤ ਧਰਨੇ ਮਾਰ ਰਹੀਆਂ ਹਨ, ਦੂਜੇ ਪਾਸੇ ਕਾਂਗਰਸ ਦੇ ‘ਆਪਣਿਆਂ’ ਨੇ ਵੀ ਕੈਪਟਨ ਹਕੂਮਤ ਦੀਆਂ ਨਾਲਾਇਕੀਆਂ ਦੀ ਲੰਮੀ ਚੌੜੀ ਲਿਸਟ ਚੁੱਕ ਲਈ ਹੈ। ਹਾਲਾਤ ਇਹ ਬਣ ਗਏ ਹਨ ਕਿ ਮੁੱਖ ਮੰਤਰੀ ਨੂੰ ਜਵਾਬ ਦੇਣਾ ਔਖਾ ਹੋ ਗਿਆ ਹੈ ਤੇ ਅੰਦਰੋਂ ਅੰਦਰੀ ਬਗਾਵਤ ਨੂੰ ਠੱਲ੍ਹਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।
ਕੈਪਟਨ ਅਮਰਿੰਦਰ ਸਿੰਘ ਦਾ ਸ਼ਰਾਬ ਕਾਂਡ ਤੋਂ ਉਠੇ ਸਿਆਸੀ ਉਬਾਲ ਨੂੰ ਮੱਠਾ ਕਰਨ ਲਈ ਜ਼ੋਰ ਲੱਗਾ ਹੋਇਆ ਹੈ। ਪਤਾ ਲੱਗਾ ਹੈ ਕਿ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਹੱਲੇ ਨੂੰ ਟੱਕਰ ਦੇਣ ਲਈ ਵਿਉਂਤਬੰਦੀ ਬਣਾਉਣ ਦੇ ਨਾਲ-ਨਾਲ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦੇ ਬਗਾਵਤੀ ਸੁਰਾਂ ਖਿਲਾਫ ਵੀ ਪੈਂਤੜਾ ਤਿਆਰ ਕੀਤਾ ਜਾ ਰਿਹਾ ਹੈ।
ਇਸੇ ਰਣਨੀਤੀ ਵਜੋਂ ਕੈਪਟਨ ਨੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਦੁਪਹਿਰ ਦੇ ਖਾਣੇ ‘ਤੇ ਸੱਦਿਆ ਜਿਸ ਦੌਰਾਨ ਉਨ੍ਹਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦੇ ਬਗਾਵਤੀ ਸੁਰਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਨ ਨੇ ਆਸ਼ਾ ਕੁਮਾਰੀ ਤੋਂ ਇਸ ਮਾਮਲੇ ‘ਚ ਰਿਪੋਰਟ ਮੰਗੀ ਹੈ। ਕਾਂਗਰਸ ਹਾਈਕਮਾਨ ਪੰਜਾਬ ਦੇ ਸ਼ਰਾਬ ਕਾਂਡ ਤੋਂ ਇਲਾਵਾ ਬਾਜਵਾ-ਦੂਲੋ ਦੇ ਮਾਮਲੇ ਨੂੰ ਲੈ ਫਿਕਰਮੰਦ ਹੈ ਕਿਉਂਕਿ ਮੱਧ ਪ੍ਰਦੇਸ਼ ਮਗਰੋਂ ਰਾਜਸਥਾਨ ਵਿਚ ਪਾਰਟੀ ਵਿਚ ਬਣੇ ਸੰਕਟ ਨੇ ਕਾਂਗਰਸ ਨੂੰ ਵੱਡੀ ਢਾਹ ਲਾਈ ਹੈ। ਸੂਤਰਾਂ ਨੇ ਕਿਹਾ ਕਿ ਸ਼ਰਾਬ ਕਾਂਡ ਦੀ ਸੂਈ ਦੋ ਸ਼ਰਾਬ ਸਨਅਤਾਂ ਵਲ ਘੁੰਮ ਰਹੀ ਹੈ ਜਿਸ ਨੂੰ ਲੈ ਕੇ ਸਰਕਾਰ ਨੂੰ ਅੰਦਰੋਂ ਘਬਰਾਹਟ ਵੀ ਹੈ। ਵਿਰੋਧੀ ਧਿਰਾਂ ਇਸ ਮਾਮਲੇ ‘ਤੇ ਕੋਈ ਮੌਕਾ ਖੁੰਝਣ ਨਹੀਂ ਦੇ ਰਹੀਆਂ ਹਨ। ਦੱਸ ਦਈਏ ਕਿ ਪੰਜਾਬ ਵਿਚ ਪਿਛਲੇ ਲਗਭਗ ਸਾਢੇ 3 ਸਾਲ ਤੋਂ ਸੱਤਾ ਚਲਾ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦਾ ਵਿਵਾਦਾਂ ਤੇ ਆਲੋਚਨਾ ਨੇ ਇਸ ਦਾ ਪਿੱਛਾ ਨਹੀਂ ਛੱਡਿਆ। ਅਕਸਰ ਸਰਕਾਰ ‘ਤੇ ਇਸ ਕਰਕੇ ਉਂਗਲਾਂ ਜ਼ਰੂਰ ਉੱਠਦੀਆਂ ਰਹੀਆਂ ਹਨ ਕਿ ਉਹ ਆਪਣੇ ਕੀਤੇ ਵਾਅਦਿਆਂ ਨੂੰ ਅੱਧਾ-ਅਧੂਰਾ ਹੀ ਪੂਰਾ ਕਰ ਸਕੀ ਹੈ।
ਹਾਲਾਤ ਇਹ ਬਣ ਗਏ ਕਿ ਪਾਰਟੀ ਅੰਦਰੋਂ ਹੀ ਵਿਰੋਧ ਦੀਆਂ ਆਵਾਜ਼ਾਂ ਉੱਠਣ ਲੱਗੀਆਂ। ਨਵਜੋਤ ਸਿੰਘ ਸਿੱਧੂ ਵਰਗੇ ਵਿਅਕਤੀ ਨੂੰ ਸਰਕਾਰ ਤੋਂ ਕਿਨਾਰਾ ਕਰਨ ਲਈ ਮਜਬੂਰ ਹੋਣਾ ਪਿਆ। ਇਥੋਂ ਤੱਕ ਕਿ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਆਪਣੀ ਹੀ ਸਰਕਾਰ ਦੀ ਸ਼ਰੇਆਮ ਆਲੋਚਨਾ ਕਰਦੇ ਨਜ਼ਰ ਆਏ। ਹੁਣ ਇਹ ਧੁਖਦਾ ਧੂੰਆਂ ਹੋਰ ਤੀਬਰ ਹੁੰਦਾ ਦਿਖਾਈ ਦੇ ਰਿਹਾ ਹੈ। ਪਿਛਲੇ ਦਿਨੀਂ ਹੋਏ ਦੁਖਦਾਈ ਸ਼ਰਾਬ ਕਾਂਡ ਨੇ ਜਿਥੇ ਸਰਕਾਰ ਦੀਆਂ ਚਿੰਤਾਵਾਂ ਵਿਚ ਵਾਧਾ ਕੀਤਾ ਹੈ, ਉਥੇ ਵਿਰੋਧੀ ਪਾਰਟੀਆਂ ਇਸ ਮਸਲੇ ਨੂੰ ਲੈ ਕੇ ਪੂਰੀ ਤਰ੍ਹਾਂ ਮੈਦਾਨ ਵਿਚ ਉਤਰ ਆਈਆਂ ਹਨ। ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਪਿਛਲੇ ਦਿਨੀਂ ਰਾਜਪਾਲ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਜੋ ਚਿੱਠੀ ਸੌਂਪੀ ਹੈ, ਉਸ ਨੇ ਪਾਰਟੀ ਅਤੇ ਸਰਕਾਰ ਦੋਵਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵੀ ਵਧਾ ਦਿੱਤਾ ਹੈ।