ਆਰ ਐਸ ਐਸ ਦੀਆਂ ਸਿਫਤਾਂ ਕਰ ਕੇ ਬੁਰੇ ਫਸੇ ਸੁਖਦੇਵ ਢੀਂਡਸਾ

ਬਟਾਲਾ: ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਸਰਪ੍ਰਸਤ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਕਮੇਟੀ (ਐਸ ਜੀ ਪੀ ਸੀ) ਬਾਰੇ ਕੀਤੀ ਟਿੱਪਣੀ ਦਾ ਮਾਮਲਾ ਭਖ ਗਿਆ ਹੈ। ਸ਼੍ਰੋਮਣੀ ਕਮੇਟੀ ਸਣੇ ਸਿੱਖ ਜਥੇਬੰਦੀਆਂ ਨੇ ਢੀਂਡਸਾ ਦੇ ਇਸ ਬਿਆਨ ਉਤੇ ਸਖਤ ਇਤਰਾਜ਼ ਜਤਾਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਢੀਂਡਸਾ ਵੱਲੋਂ ਆਰ.ਐਸ਼ਐਸ਼ ਨੂੰ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਬਿਹਤਰ ਦੱਸਣ ਨਾਲ ਉਨ੍ਹਾਂ ਦੀ ਮਨਸ਼ਾ ਸਪਸ਼ਟ ਹੋ ਗਈ ਹੈ। ਉਨ੍ਹਾਂ ਢੀਂਡਸਾ ਦੇ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਸੰਸਥਾ ਸਿੱਖ ਕੌਮ ਦੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ‘ਚ ਆਈ ਸੀ

ਪਰ ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਕੰਮਾਂ ਦੇ ਸੋਹਲੇ ਗਾਉਣ ਵਾਲੇ ਢੀਂਡਸਾ ਵੱਲੋਂ ਅੱਜ ਆਰ. ਐਸ਼ ਐਸ ਨੂੰ ਸ਼੍ਰੋਮਣੀ ਕਮੇਟੀ ਨਾਲੋਂ ਬਿਹਤਰ ਦੱਸਣਾ ਮੰਦਭਾਗਾ ਹੈ। ਉਨ੍ਹਾਂ ਢੀਂਡਸਾ ਨੂੰ ਸਵਾਲ ਕੀਤਾ ਕਿ ਜੇ ਸ਼੍ਰੋਮਣੀ ਕਮੇਟੀ ਨਾਲੋਂ ਆਰ ਐਸ ਐਸ ਹੀ ਚੰਗੀ ਹੈ ਤਾਂ ਉਹ ਆਏ ਦਿਨ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਬਿਆਨ ਕਿਉਂ ਦੇ ਰਹੇ ਹਨ। ਇਕ ਪਾਸੇ ਤਾਂ ਉਹ ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਹਨ, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਆਰ.ਐਸ਼ਐਸ਼ ਤੋਂ ਨੀਵਾਂ ਵਿਖਾ ਕੇ ਅਖਬਾਰੀ ਸੁਰਖੀਆਂ ‘ਚ ਆ ਰਹੇ ਹਨ।
ਲੌਂਗੋਵਾਲ ਨੇ ਕਿਹਾ ਕਿ ਇਹ ਤਾਂ ਆਮ ਚਰਚਾ ਹੀ ਸੀ ਕਿ ਢੀਂਡਸਾ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਿਸੇ ਦੇ ਇਸ਼ਾਰਿਆਂ ਉਤੇ ਹੀ ਕਰ ਰਹੇ ਹਨ ਤੇ ਅੱਜ ਉਨ੍ਹਾਂ ਦੇ ਬਿਆਨ ਨੇ ਸਾਰੇ ਸ਼ੰਕਿਆਂ ਨੂੰ ਦੂਰ ਕਰ ਦਿੱਤਾ ਹੈ। ਉਨ੍ਹਾਂ ਢੀਂਡਸਾ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੋੜ ਪੈਣ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰ ਆਪਣੀ ਭੂਮਿਕਾ ਹੀ ਅਦਾ ਨਹੀਂ ਕਰਦੇ ਬਲਕਿ ਜ਼ਿਕਰਯੋਗ ਢੰਗ ਨਾਲ ਦਬਾਅ ਬਣਾ ਕੇ ਜਾਇਜ਼ ਗੱਲ ਵੀ ਮਨਵਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ।
ਦੱਸ ਦਈਏ ਕਿ ਢੀਂਡਸਾ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਨਾਲੋਂ ਆਰ.ਐਸ਼ਐਸ਼ ਕਿਤੇ ਚੰਗੀ ਹੈ ਕਿਉਂਕਿ ਕੇਂਦਰ ਸਰਕਾਰ ਜਾਂ ਹੋਰ ਪ੍ਰਾਂਤਾਂ ‘ਚ ਭਾਜਪਾ ਸਰਕਾਰ ਜਿੱਥੇ ਗਲਤ ਹੋਵੇ, ਸੰਘ ਉਸ ਨੇਤਾ ਦੇ ਤੁਰਤ ‘ਕੰਨ ਮਰੋੜ’ ਕੇ ਉਸ ਦੀ ਗਲਤੀ ਦਾ ਅਹਿਸਾਸ ਕਰਵਾ ਦਿੰਦਾ ਹੈ, ਪਰ ਬੇਅਦਬੀ ਕਾਂਡ, ਬਹਿਬਲ ਅਤੇ ਬਰਗਾੜੀ ਕਲਾਂ ਘਟਨਾਵਾਂ ਲਈ ਐਸ ਜੀ ਪੀ ਸੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਨੇ ਅਕਾਲੀ ਸਰਕਾਰ ਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਕੀਤੀ। ਉਨ੍ਹਾਂ ਬਾਦਲਾਂ ‘ਤੇ ਪਾਰਟੀ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਦਾ ਦੁਰਉਪਯੋਗ ਕਰਨ ਦੇ ਇਲਜ਼ਾਮ ਲਾਉਂਦਿਆਂ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਉਹ ਪੰਥਕ ਮਰਿਆਦਾ ਦੀ ਬਹਾਲੀ ਲਈ ਸ਼੍ਰੋਮਣੀ ਅਕਾਲੀ ਦਲ (ਡੀ) ਦਾ ਸਾਥ ਦੇਣ।
ਉਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਆਰ.ਐਸ਼ਐਸ਼ ਦੀਆਂ ਸਰਗਰਮੀਆਂ ਵਿਚ ਨਾ ਤਾਂ ਧਰਮ ਦਾ ਪ੍ਰਚਾਰ ਹੈ ਤੇ ਨਾਹੀ ਸਮਾਜਿਕ ਖੇਤਰ ਵਿਚ ਕੋਈ ਰੋਲ, ਇਹ ਜਥੇਬੰਦੀ ਘੱਟ ਗਿਣਤੀ ਕੌਮਾਂ ਨੂੰ ਬਹੁ-ਗਿਣਤੀ ਵਿਚ ਜਜ਼ਬ ਕਰਨ ਦੀ ਸਾਜਿਸ਼ ਤਹਿਤ ਕੰਮ ਕਰਦੀ ਹੈ। ਉਨ੍ਹਾਂ ਅਕਾਲੀ ਦਲ (ਡ) ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਰ.ਐਸ਼ਐਸ਼ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵਧੀਆ ਸੰਸਥਾ ਦੱਸਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਕਿਉਂਕਿ ਸ਼੍ਰੋਮਣੀ ਕਮੇਟੀ ਧਾਰਮਿਕ, ਸਮਾਜਿਕ ਅਤੇ ਵਿਦਿਅਕ ਖੇਤਰ ਦੇ ਨਾਲ ਨਾਲ ਪੰਥ, ਪੰਜਾਬ ਅਤੇ ਦੇਸ਼ ਪ੍ਰਤੀ ਜੋ ਭੂਮਿਕਾ ਅਦਾ ਕਰ ਰਹੀ ਹੈ ਉਹ ਮਾਣਮੱਤਾ ਤੇ ਗੌਰਵਮਈ ਹੈ, ਜਦਕਿ ਆਰ ਐਸ ਐਸ ਸਿਰਫ ਹਿੰਦੂ ਏਜੰਡੇ ਤੇ ਕੰਮ ਕਰਦੀ ਹੈ, ਜਿਸ ਦਾ ਉਦੇਸ਼ ਘੱਟ ਗਿਣਤੀਆਂ ਬਾਰੇ ਕੂੜ ਪ੍ਰਚਾਰ ਕਰ ਕੇ ਬਹੁਗਿਣਤੀ ਦਾ ਰਾਜ ਸਥਾਪਤ ਕਰਨਾ ਹੈ ਤੇ ਘੱਟ ਗਿਣਤੀਆਂ ਦੇ ਧਾਰਮਿਕ ਸਭਿਆਚਾਰ ਦੇ ਨਾਲ-ਨਾਲ ਉਨ੍ਹਾਂ ਦੀ ਆਜ਼ਾਦ ਤੇ ਨਿਆਰੀ ਹਸਤੀ ਨੂੰ ਖਤਮ ਕਰਨਾ ਹੈ। ਜਥੇਦਾਰ ਪੰਜੋਲੀ ਨੇ ਪੰਥਕ ਆਗੂ ਨੂੰ ਅਪੀਲ ਕੀਤੀ ਕਿ ਉਹ ਚੋਣਾ ਲੜਨ ਲਈ ਕੌਮ ਦੇ ਉਜਲੇ ਭਵਿੱਖ ਦਾ ਏਜੰਡਾ ਲੈ ਕੇ ਆਉਣ, ਜਿਥੇ ਕਿਤੇ ਸੰਸਥਾ ਵਿਚ ਕੋਈ ਕਮੀ ਨਜ਼ਰ ਆਉਂਦੀ ਹੈ, ਉਸ ਦਾ ਨੋਟਿਸ ਲੈਣ, ਉਸ ਵਿਚ ਸੁਧਾਰ ਕਰਨ ਦਾ ਏਜੰਡਾ ਲੈ ਕੇ ਆਉਣ, ਪਰ ਇਹ ਗੱਲ ਬਿਲਕੁਲ ਠੀਕ ਨਹੀਂ ਕਿ ਇਹੋ ਜਿਹੀ ਮਹਾਨ ਸੰਸਥਾ ਦੀ ਤੁਲਨਾ ਕਿਸੇ ਹੋਰ ਨਾਲ ਕਰਕੇ ਇਸ ਸਾਖ ਨੂੰ ਖੋਰਾ ਲਾਇਆ ਜਾਵੇ।
___________________________________________
‘ਐਸ ਜੀ ਪੀ ਸੀ ਦੀ ਤੁਲਨਾ ਆਰ.ਐਸ਼ਐਸ਼ ਨਾਲ ਨਹੀਂ ਕੀਤੀ’
ਬਟਾਲਾ: ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸਰਪ੍ਰਸਤ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਂਡਸਾ ਨੇ ਐਸ ਜੀ ਪੀ ਸੀ ਦੀ ਤੁਲਨਾ ਆਰ.ਐਸ਼ਐਸ਼ ਨਾਲ ਕੀਤੇ ਜਾਣ ਦਾ ਖੰਡਨ ਕਰਦਿਆਂ ਦੱਸਿਆ ਕਿ ਉਸ ਨੇ ਅਜਿਹੇ ਸ਼ਬਦ ਨਹੀਂ ਕਹੇ। ਉਨ੍ਹਾਂ ਦੱਸਿਆ ਕਿ ਐਸ ਜੀ ਪੀ ਸੀ ਸਿੱਖਾਂ ਦੀਆਂ ਕੁਰਬਾਨੀਆਂ ਕਰਕੇ ਹੋਂਦ ਵਿਚ ਆਈ ਹੈ ਪਰ ਅਜੋਕੇ ਦੌਰ ਵਿਚ ਇਸ ਸੰਸਥਾ ਦੇ ਪ੍ਰਬੰਧਕਾਂ ਦੀਆਂ ਖਾਮੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਐਸ ਜੀ ਪੀ ਸੀ ਪ੍ਰਬੰਧਕਾਂ ਦੇ ਅਵੇਸਲੇ ਹੋਣ ਨਾਲ ਸਿੱਖੀ ਵਿਚ ਨਿਘਾਰ ਆਇਆ ਹੈ। ਉਨ੍ਹਾਂ ਦੱਸਿਆ ਕਿ 267 ਸਰੂਪਾਂ ਦੀ ਬੇਅਦਬੀ ਦੇ ਅਫਸੋਸ ਵਜੋਂ ਅਖੰਡ ਪਾਠ ਦੇ ਭੋਗ 17 ਅਗਸਤ ਨੂੰ ਗੁਰਦੁਆਰਾ ਪਿਪਲੀ ਸਾਹਿਬ ਕਾਹਨੂੰਵਾਨ ਛੰਭ ‘ਚ ਪਾਏ ਜਾ ਰਹੇ ਹਨ।