ਜ਼ਿੰਦਗੀ ਦਾ ਸੁਰੀਲਾ ਗੀਤ: ਸੌਂਗ ਆਫ ਸਪੈਰੋ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ, ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਰਾਨ ਦੇ ਸਰਕਰਦਾ ਫਿਲਮਸਾਜ਼ ਮਾਜਿਦ ਮਾਜੀਦੀ ਦੀ ਫਿਲਮ ‘ਸੌਂਗ ਆਫ ਸਪੈਰੋ’ ਬਾਰੇ ਚਰਚਾ ਕੀਤੀ ਗਈ ਹੈ। ਇਹ ਫਿਲਮ ਜ਼ਿੰਦਗੀ ਦੇ ਸੁਰੀਲੇ ਗੀਤ ਵਰਗੀ ਹੈ।

-ਸੰਪਾਦਕ
ਡਾ. ਕੁਲਦੀਪ ਕੌਰ
ਫੋਨ: +91-98554-04330
ਭਾਰਤ ਵਿਚ ਮਾਜਿਦ ਮਾਜੀਦੀ ਦੀ ਚਰਚਾ ਫਿਲਮ ‘ਬੀਔਂਡ ਦਿ ਕਲਾਊਡਜ਼’ ਨਾਲ ਸ਼ੁਰੂ ਹੋਈ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੇ ਅਖਬਾਰ ‘ਹਿੰਦੋਸਤਾਨ ਟਾਈਮਜ਼’ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਕਿਸੇ ਖਿੱਤੇ ਜਾਂ ਮੁਲਕ ਨੂੰ ਜਾਨਣ ਦਾ ਬਿਹਤਰ ਤਰੀਕਾ ਉਸ ਜਗ੍ਹਾ ਦੇ ਸਭਿਆਚਾਰ,ਰਸਮਾਂ-ਰਿਵਾਜਾਂ ਅਤੇ ਜੀਵਨ ਜਾਚ ਨੂੰ ਜਾਨਣਾ ਹੈ। ਉਸ ਲਈ ਬੰਬਈ ਵਿਲੱਖਣ ਸ਼ਹਿਰ ਸੀ। ਉਸ ਨੇ ਮੰਨਿਆ ਕਿ ਇਥੋਂ ਦੀ ਗਰੀਬੀ ਵਿਚ ਖਾਸ ਤਰ੍ਹਾਂ ਦੀ ਕਰੂਰਤਾ ਹੈ। ਇਥੇ ਗਰੀਬੀ ਅਤੇ ਜੁਰਮ, ਦੋਵੇਂ ਇਕੋ ਸਿੱਕੇ ਦੇ ਦੋ ਪਾਸੇ ਹਨ; ਜਿਵੇਂ ਇਹ ਮੰਨ ਹੀ ਲਿਆ ਜਾਂਦਾ ਹੈ ਕਿ ਜੇ ਕੋਈ ਬੰਦਾ ਗਰੀਬ ਹੈ ਤਾਂ ਉਹ ਮੁਜਰਿਮ ਤਾਂ ਜ਼ਰੂਰ ਹੀ ਹੋਵੇਗਾ। ਦੂਜੇ ਪਾਸੇ ਜੁਰਮ ਦੀ ਅਨੰਤ ਦੁਨੀਆ ਵਿਚ ਹਰ ਦੂਜਾ ਮੁਜਰਿਮ ਗਰੀਬੀ ਦੀ ਦਲਦਲ ਵਿਚ ਪਲ ਕੇ ਜਵਾਨ ਹੋਇਆ ਹੈ। ਗਰੀਬ ਜੁਰਮਾਂ ਦੀ ਚੱਕੀ ਦਾ ਕੱਚਾ ਚਾਰਾ ਹੈ।
ਮਾਜਿਦ ਮਾਜੀਦੀ ਦੀ ਇਸ ਫਿਲਮ ਦੇ ਭੈਣ-ਭਰਾ ਬਿਨਾ ਕਿਸੇ ਕਸੂਰ ਤੋਂ ਜਿਸ ਤਰ੍ਹਾਂ ਨਾਲ ਲਗਾਤਾਰ ਸ਼ੋਸ਼ਣ ਦੀ ਚੱਕੀ ਵਿਚ ਪਿਸਦੇ ਹਨ, ਉਸ ਦਾ ਖਾਕਾ ਤੇ ਖਾਸਾ ਬਹੁਤ ਤਰੀਕਿਆਂ ਨਾਲ ਉਸ ਦੀ ਫਿਲਮ ‘ਦਿ ਚਿਲਡਰਨ ਆਫ ਹੈਵਨ’ ਨਾਲੋਂ ਵੱਖਰਾ ਹੈ। ਜਿਥੇ ਇਰਾਨ ਵਰਗੇ ਮੁਲਕਾਂ ਵਿਚ ਦਿਹਾਤੀ ਸੂਝ-ਬੂਝ ਅਤੇ ਪੁਰਾਤਨ ਦਿਆਨਤਦਾਰੀ ਗਰੀਬੀ ਵਿਚ ਫਸੇ ਜੀਆਂ ਦੇ ਜ਼ਖਮਾਂ ‘ਤੇ ਮੱਲ੍ਹਮ ਦਾ ਕੰਮ ਕਰਦੀ ਹੈ, ਬੰਬਈ, ਦਿੱਲੀ ਜਾਂ ਲੁਧਿਆਣਾ ਵਰਗੇ ਸ਼ਹਿਰਾਂ ਵਿਚਲਾ ਖੋਖਲਾਪਣ, ਇਕੱਲਾਪਣ ਅਤੇ ਬੇਗਾਨਗੀ ਗਰੀਬਾਂ ਨਾਲ ਹੋਰ ਵੀ ਜ਼ਿਆਦਾ ਬਰਬਰ ਤਰੀਕੇ ਨਾਲ ਪੇਸ਼ ਆਉਂਦੀ ਹੈ।
ਮਾਜਿਦ ਦੀ ਇਸ ਫਿਲਮ ਦੀ ਸਮੀਖਿਆ ਕਰਨ ਵਾਲੇ ਆਲੋਚਕਾਂ ਦਾ ਮੰਨਣਾ ਸੀ ਕਿ ਇਹ ਫਿਲਮ ਅਲੀ ਅਤੇ ਜ਼ਾਇਰਾ ਦੀ ਕਹਾਣੀ ‘ਦਿ ਚਿਲਡਰਨ ਆਫ ਹੈਵਨ’ ਤੋਂ ਅਗਾਂਹ ਦੀ, ਪਰ ਬਿਲਕੁੱਲ ਵੱਖਰੀ ਧਰਾਤਲ ‘ਤੇ ਬਣੀ ਫਿਲਮ ਹੈ। ਕੌਮਾਂਤਰੀ ਹਲਕਿਆਂ ਵਿਚ ਇਸ ਫਿਲਮ ਦੀ ਬਹੁਤ ਚਰਚਾ ਹੋਈ ਪਰ ਇਹ ਫਿਲਮ ਬਾਕਸ ਆਫਿਸ ‘ਤੇ ਅਸਫਲ ਹੋ ਗਈ। ਮਾਜਿਦ ਅਨੁਸਾਰ ਇਸ ਫਿਲਮ ਦੇ ਅਸਫਲ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਜਿਹੜਾ ਸਭ ਤੋਂ ਵੱਡਾ ਅਤੇ ਦੁਖਦਾਈ ਕਾਰਨ ਇਹ ਹੈ ਕਿ ਬਾਲੀਵੁੱਡ ਨੇ ਦਰਸ਼ਕਾਂ ਨੂੰ ਅਜਿਹੀਆਂ ਖੋਖਲੀਆਂ ਅਤੇ ਸੁਹਜ-ਸੁਆਦ ਤੋਂ ਖਾਲੀ ਤੇ ਕਲਾ ਤੋਂ ਵਿਰਵੀਆਂ ਕਹਾਣੀਆਂ ਦੀ ਆਦਤ ਪਾ ਦਿੱਤੀ ਗਈ ਹੈ ਕਿ ਉਨ੍ਹਾਂ ਲਈ ਫਿਲਮ ਮਹਿਜ਼ ਮਨੋਰੰਜਨ ਤੇ ਦਿਲ-ਪ੍ਰਚਾਵੇ ਦਾ ਸੰਦ ਬਣ ਕੇ ਰਹਿ ਗਈ ਹੈ। ਇਸ ਦਾ ਦੂਜਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਦੋਵਾਂ ਮੁਲਕਾਂ (ਭਾਰਤ ਤੇ ਇਰਾਨ) ਦੀ ਸਿਨੇਮਾ ਅਤੇ ਕਲਾਵਾਂ ਬਾਰੇ ਸਮਝ ਅਤੇ ਦੇਖਣ ਦੀ ਜਾਚ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ।
ਮਾਜਿਦ ਮਾਜੀਦੀ ਦਾ ਇਸ ਫਿਲਮ ਨੂੰ ਬਣਾਉਣ ਦਾ ਤਜਰਬਾ ਬਹੁਤ ਵਿਲੱਖਣ ਰਿਹਾ। ਉਸ ਅਨੁਸਾਰ ਕਿਸੇ ਵੀ ਫਿਲਮ ਦਾ ਦਾਰਸ਼ਨਿਕ ਅਤੇ ਰੂਹਾਨੀ ਪੱਖ ਬਹੁਤ ਮਹਤੱਵਪੂਰਨ ਹੈ। ਫਿਲਮ ਦੇਖਣ ਨਾਲੋਂ ਮਹਿਸੂਸ ਕਰਨ ਵਾਲੀ ਕਲਾ ਵੱਧ ਹੈ। ਉਸ ਦੀ ਇਸ ਟਿੱਪਣੀ ਦਾ ਝਲਕਾਰਾ ਵਾਰ-ਵਾਰ ਉਸ ਦੀ ਫਿਲਮ ‘ਦਿ ਸੌਂਗ ਆਫ ਸਪੈਰੋਜ਼’ ਵਿਚੋਂ ਪੈਂਦਾ ਹੈ ਜਿਸ ਵਿਚ ਉਹ ਅਜਿਹੇ ਕਿਰਦਾਰ ਦੀ ਸਿਰਜਣਾ ਕਰਦਾ ਹੈ ਜਿਹੜਾ ਰੋਜ਼-ਮੱਰਾ ਦੀ ਜ਼ਿੰਦਗੀ ਦੇ ਝਮੇਲਿਆਂ ਅਤੇ ਕਸ਼ਮਕਸ਼ ਵਿਚ ਆਪਣੀ ਆਤਮਾ ਗੁਆ ਬੈਠਦਾ ਹੈ। ਫਿਲਮ ਦੇ ਅੰਤ ਤੱਕ ਪਹੁੰਚਦਿਆਂ ਉਹ ਕਿਵੇਂ ਆਪਣੀ ਚੇਤਨਾ ਅਤੇ ਆਤਮਿਕ ਸ਼ਾਤੀ ਲਈ ਜੱਦੋ-ਜਹਿਦ ਕਰਦਾ ਹੈ, ਇਹੀ ਇਸ ਫਿਲਮ ਦਾ ਮੁੱਖ ਨੁਕਤਾ ਹੈ।
ਫਿਲਮ ‘ਦਿ ਸੌਂਗ ਆਫ ਸੈਪਰੋਜ਼’ ਦੀ ਕਹਾਣੀ ਵਿਚ ਮੁੱਖ ਕਿਰਦਾਰ ਕਰੀਮ ਹੈ ਜਿਹੜਾ ਤਹਿਰਾਨ ਦੇ ਇਕ ਪਿੰਡ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਅਤੇ ਸ਼ੁਤਰਮੁਰਗਾਂ ਦੀ ਦੇਖਭਾਲ ਕਰਨ ਵਾਲੇ ਫਾਰਮ ਵਿਚ ਨੌਕਰੀ ਕਰਦਾ ਹੈ। ਇਕ ਦਿਨ ਉਸ ਨੂੰ ਘਰੋਂ ਫੋਨ ਆਉਂਦਾ ਹੈ ਕਿ ਉਸ ਦੀ ਵੱਡੀ ਧੀ (ਜਿਸ ਨੂੰ ਕੰਨਾਂ ਤੋਂ ਨਹੀਂ ਸੁਣਦਾ) ਦਾ ਸੁਣਨ ਵਾਲਾ ਯੰਤਰ ਗੁਆਚ ਗਿਆ ਹੈ। ਪੂਰਾ ਟੱਬਰ ਪ੍ਰੇਸ਼ਾਨ ਹੈ। ਉਹ ਜਦੋਂ ਘਰ ਜਾਂਦਾ ਹੈ ਤਾਂ ਉਸ ਦੇ ਪੁੱਤਰ ਆਪਣੇ ਦੋਸਤਾਂ ਨਾਲ ਮਿਲ ਕੇ ਘਰ ਵਿਚ ਬਣੇ ਖੂਹ ਵਿਚੋਂ ਉਹ ਯੰਤਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਵੀ ਉਨ੍ਹਾਂ ਨਾਲ ਮਿਲ ਕੇ ਯੰਤਰ ਲੱਭਣ ਲਗਦਾ ਹੈ। ਉਧਰ, ਉਸ ਦੇ ਫਾਰਮ ਵਿਚੋਂ ਇਕ ਸ਼ੁਤਰਮੁਰਗ ਭੱਜ ਜਾਂਦਾ ਹੈ। ਫਾਰਮ ਦਾ ਮਾਲਕ ਕਰੀਮ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਉਸ ਨੂੰ ਨੌਕਰੀ ਤੋਂ ਜਵਾਬ ਦੇ ਦਿੰਦਾ ਹੈ। ਕਰੀਮ ਲਈ ਇਹ ਅਸਮਾਨੀ ਬਿਜਲੀ ਡਿੱਗਣ ਵਾਂਗ ਹੈ। ਦਿਹਾੜੀ ਨਾ ਮਿਲਣ ਤੋਂ ਪ੍ਰੇਸ਼ਾਨ ਉਹ ਤਹਿਰਾਨ ਦਾ ਰੁਖ ਕਰਦਾ ਹੈ। ਉਹ ਜਦੋਂ ਆਪਣੇ ਮੋਟਰਸਾਈਕਲ ਉਪਰ ਕੰਮ ਦੀ ਤਲਾਸ਼ ਵਿਚ ਘੁੰਮ ਰਿਹਾ ਹੈ ਤਾਂ ਉਸ ਨੂੰ ਕਿਰਾਏ ਲਈ ਮੋਟਰਸਾਈਕਲ ਵਾਲਾ ਮੰਨਦਿਆਂ ਉਸ ਤੋਂ ਸਮਾਨ ਅਤੇ ਬੰਦਿਆਂ ਦੀ ਢੋਹ-ਢੁਆਈ ਦਾ ਕੰਮ ਕਰਵਾਉਣ ਲੱਗਦੇ ਹਨ। ਪਹਿਲਾਂ-ਪਹਿਲ ਉਸ ਨੂੰ ਇਹ ਕੰਮ ਚੰਗਾ ਵੀ ਲੱਗਦਾ ਹੈ। ਸਮਾਨ ਦੀ ਢੋਆ-ਢੁਆਈ ਕਰਦਿਆਂ ਅਤੇ ਸ਼ਹਿਰ ਦੀ ਬੇਕਿਰਕੀ ਵਿਚ ਜਿਊਂਦਿਆਂ ਹੌਲੀ-ਹੌਲੀ ਉਸ ਅੰਦਰ ਲਾਲਚ ਅਤੇ ਲਾਲਸਾ ਪਨਪਣ ਲੱਗਦੀ ਹੈ। ਉਹ ਸ਼ਹਿਰੋਂ ਰੱਦੀ ਅਤੇ ਕਬਾੜ ਹੋਈਆਂ ਚੀਜ਼ਾਂ ਨਾਲ ਆਪਣਾ ਘਰ ਭਰਨ ਲੱਗ ਜਾਂਦਾ ਹੈ। ਉਸ ਦਾ ਆਪਣੇ ਬੱਚਿਆਂ ਅਤੇ ਪਤਨੀ ਨਾਲ ਵਿਹਾਰ ਵੀ ਬਦਲ ਜਾਂਦਾ ਹੈ। ਉਹ ਜ਼ਿੱਦੀ, ਲਾਲਚੀ ਤੇ ਗੁੱਸੇਖੋਰ ਆਦਮੀ ਵਿਚ ਵਟ ਜਾਂਦਾ ਹੈ। ਉਸ ਦਾ ਲਾਲਚ ਇੰਨਾ ਵਧ ਜਾਂਦਾ ਹੈ ਕਿ ਉਹ ਫਾਲਤੂ ਸਾਮਾਨ ਨਾਲ ਆਪਣਾ ਘਰ ਭਰ ਲੈਂਦਾ ਹੈ। ਚੀਜ਼ਾਂ ਦਾ ਮੋਹ ਉਸ ਨੂੰ ਅੰਦਰੋਂ ਦਿਨੋ-ਦਿਨ ਖਤਮ ਕਰਦਾ ਜਾਂਦਾ ਹੈ। ਆਖਿਰ ਇਕ ਦਿਨ ਉਹ ਇਸ ਕਬਾੜ ਦੇ ਢੇਰ ਹੇਠ ਆ ਜਾਂਦਾ ਹੈ ਤੇ ਉਸ ਦੀ ਲੱਤ ਟੁੱਟ ਜਾਂਦੀ ਹੈ। ਹੁਣ ਉਹ ਬਿਸਤਰ ‘ਤੇ ਪਿਆ ਆਪਣੇ ਪਰਿਵਾਰ ਦੇ ਮੋਹ ਅਤੇ ਸਾਂਭ-ਸੰਭਾਲ ‘ਤੇ ਹੈਰਾਨ ਅਤੇ ਸ਼ਰਮਿੰਦਾ ਹੁੰਦਾ ਹੈ। ਉਹ ਆਪਣੇ ਪਰਿਵਾਰ ਨਾਲ ਮਿਲ ਕੇ ਖੂਹ ਵਿਚ ਗੋਲਡਨ ਮੱਛੀਆਂ ਪਾਲਣ ਦਾ ਫੈਸਲਾ ਕਰਦਾ ਹੈ। ਉਹ ਜਦੋਂ ਠੀਕ ਹੋ ਕੇ ਮੱਛੀਆਂ ਅਤੇ ਹੋਰ ਸਾਮਾਨ ਖਰੀਦਣ ਸ਼ਹਿਰ ਜਾਂਦੇ ਹਨ ਤਾਂ ਰਸਤੇ ਵਿਚ ਮੱਛੀਆਂ ਵਾਲਾ ਬਕਸਾ ਬੱਚਿਆਂ ਤੋਂ ਧਰਤੀ ‘ਤੇ ਢੇਰ ਹੋ ਜਾਂਦਾ ਹੈ। ਪੂਰੇ ਪਰਿਵਾਰ ਦੇ ਸੁਪਨੇ ਵੀ ਇਸ ਦੇ ਨਾਲ ਹੀ ਬਿਖਰ ਜਾਂਦੇ ਹਨ ਪਰ ਕੁਦਰਤ ਦੇ ਰਾਹ ਬਹੁਤ ਅਜੀਬ ਹਨ। ਬੱਚੇ ਆਪਣੇ ਦੋਸਤਾਂ ਨਾਲ ਮਿਲ ਕੇ ਸਾਰੀਆਂ ਮੱਛੀਆਂ ਨੂੰ ਪਾਣੀ ਵਾਲੀਆਂ ਨਾਲੀਆਂ ਵਿਚ ਜਿਊਣ ਲਈ ਖੁੱਲ੍ਹਾ ਛੱਡ ਦਿੰਦੇ ਹਨ। ਕਰੀਮ ਬੱਚਿਆਂ ਦੀ ਇਸ ਦਿਆਨਤਦਾਰੀ ਅਤੇ ਇਮਾਨਦਾਰੀ ‘ਤੇ ਬੇਹੱਦ ਖੁਸ਼ ਹੁੰਦਾ ਹੈ; ਜਿੱਦਾਂ ਉਸ ਨੂੰ ਆਪਣੀ ਆਤਮਾ ਹੀ ਵਾਪਿਸ ਮਿਲਦੀ ਨਜ਼ਰ ਆਉਂਦੀ ਹੈ।