‘ਮੁਗਲ-ਏ-ਆਜ਼ਮ’ ਦੀ ਦਾਸਤਾਨ

ਭਾਰਤ ਦੀ ਮਹਾਨ ਫਿਲਮ ‘ਮੁਗਲ-ਏ-ਆਜ਼ਮ’ ਦੀ 60ਵੀਂ ਵਰ੍ਹੇਗੰਢ ਮੌਕੇ ਪ੍ਰਕਾਸ਼ਿਤ ਹੋਈ ਨਵੀਂ ਕਿਤਾਬ ‘ਦਾਸਤਾਨ-ਏ-ਮੁਗਲ-ਏ-ਆਜ਼ਮ’ ਫਿਲਮ ‘ਮੁਗਲ-ਏ-ਆਜ਼ਮ’ ਦੀ ਸ਼ੂਟਿੰਗ ਮੌਕੇ ਕੈਮਰੇ ਪਿੱਛੇ ਵਾਪਰੀਆਂ ਬੇਹੱਦ ਦਿਲਚਸਪ ਘਟਨਾਵਾਂ ਅਤੇ ਕਿੱਸੇ ਬਿਆਨਦੀ ਹੈ। ਮੰਜੁਲ ਪਬਲਸ਼ਿੰਗ ਹਾਊਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਰਾਜਕੁਮਾਰ ਕੇਸਵਾਨੀ ਦੀ ਲਿਖੀ ਇਸ ਕਿਤਾਬ ਵਿਚ ਇਸ ਮਹਾਨ ਫਿਲਮ ਨੂੰ ਬਣਾਉਣ ਪਿੱਛੇ ਵਹਾਏ ਪਸੀਨੇ ਅਤੇ ਕੀਤੀ ਗਈ ਅੰਤਾਂ ਦੀ ਮਿਹਨਤ, ਖੁਸ਼ੀ ਤੇ ਹੰਝੂ, ਪ੍ਰੇਮ ਪ੍ਰਸੰਗ ਤੇ ਹਉਮੈ ਦੀ ਜੰਗ, ਜੋਸ਼ ਤੇ ਜਨੂੰਨ ਦੀਆਂ ਕਹਾਣੀਆਂ ਬਿਆਨ ਕੀਤੀਆਂ ਗਈਆਂ ਹਨ।

ਦਲੀਪ ਕੁਮਾਰ, ਮਧੂਬਾਲਾ ਅਤੇ ਪ੍ਰਿਥਵੀਰਾਜ ਕਪੂਰ ਦੀਆਂ ਮੁੱਖ ਭੂਮਿਕਾਵਾਂ ਵਾਲੀ ਇਹ ਫਿਲਮ 5 ਅਗਸਤ, 1960 ਵਿਚ ਰਿਲੀਜ਼ ਹੋਈ ਸੀ। ਇਹ ਫਿਲਮ ਹਿੰਦੀ ਸਿਨੇਮਾ ਦੀਆਂ ਬਿਹਤਰੀਨ ਫਿਲਮਾਂ ‘ਚੋਂ ਅੱਜ ਵੀ ਸਿਖਰ ‘ਤੇ ਹੈ।
ਹਿੰਦੀ ਵਿਚ ਲਿਖੀ ਇਸ ਪੁਸਤਕ ‘ਦਾਸਤਾਨ-ਏ-ਮੁਗਲ-ਏ-ਆਜ਼ਮ’ ਵਿਚ ਫਿਲਮ ਦੇ ਨਿਰਦੇਸ਼ਕ ਕੇæ ਆਸਿਫ ਵਲੋਂ ਬਿਹਤਰੀਨ ਫਿਲਮ ਬਣਾਉਣ ਦੇ ਸੰਕਲਪ ਤਹਿਤ ਤਣਾਅਪੂਰਵਕ ਹਾਲਾਤ ਅਤੇ ਲੰਮੇ ਸਮੇਂ ਦੇ ਸ਼ੂਟਿੰਗ ਸ਼ਡਿਊਲ ਦੌਰਾਨ ਕੀਤੀ ਮਿਹਨਤ ਅਤੇ ਹੋਰ ਰੌਚਕ ਕਿੱਸੇ ਅਤੇ ਟੋਟਕਿਆਂ ਦਾ ਜ਼ਿਕਰ ਹੈ।
ਇਹ ਫਿਲਮ ਮੁਗਲ ਸ਼ਹਿਜ਼ਾਦੇ ਸਲੀਮ ਜੋ ਬਾਅਦ ਵਿਚ ਸ਼ਹਿਨਸ਼ਾਹ ਜਹਾਂਗੀਰ ਵਜੋਂ ਮਸ਼ਹੂਰ ਹੋਇਆ ਅਤੇ ਸਲੀਮ ਦੇ ਅੱਬਾ ਸ਼ਹਿਨਸ਼ਾਹ ਅਕਬਰ ਦੇ ਦਰਬਾਰ ਦੀ ਇਕ ਨਾਚੀ ਅਨਾਰਕਲੀ ਦੇ ਪਿਆਰ ਦੀ ਕਹਾਣੀ ਹੈ। ਇਸ ਫਿਲਮ ਨੂੰ ਬਣਾਉਣ ਦਾ ਕਿੱਸਾ ਉਸ ਵਕਤ ਸ਼ੁਰੂ ਹੋਇਆ, ਜਦੋਂ 1944 ਵਿਚ ਕੇæ ਆਸਿਫ ਨੇ ਸ਼ਹਿਨਸ਼ਾਹ ਅਕਬਰ ਬਾਰੇ ਇਕ ਨਾਟਕ ਪੜ੍ਹਿਆ। ਉਸ ਇਸ ਪ੍ਰਾਜੈਕਟ ਉਤੇ ਬਾਕਾਇਦਾ ਕੰਮ ਕਰਨ ਲੱਗ ਪਿਆ ਅਤੇ 1950ਵਿਆਂ ਦੇ ਆਰੰਭ ਵਿਚ ਫਿਲਮ ਨਾਲ ਸਬੰਧਤ ਫੋਟੋਗ੍ਰਾਫੀ ਸ਼ੁਰੂ ਕਰ ਦਿੱਤੀ ਗਈ। ਫਿਲਮ ਦੀ ਕਹਾਣੀ ਦਾ ਆਧਾਰ ਇਮਤਿਆਜ਼ ਅਲੀ ਤਾਜ ਦੀ ਲਿਖੀ ਪੁਸਤਕ ‘ਅਨਾਰਕਲੀ’ ਨੂੰ ਬਣਾਇਆ ਗਿਆ। ਇਮਤਿਆਜ਼ ਅਲੀ ਤਾਜ ਨੇ ਆਪਣਾ ਇਹ ਨਾਟਕ 1922 ਵਿਚ ਲਿਖਿਆ ਸੀ ਅਤੇ ਉਰਦੂ ਵਿਚ ਲਿਖਿਆ ਇਹ ਨਾਟਕ ਉਨ੍ਹਾਂ ਦੀ ਜ਼ਿੰਦਗੀ ਦੀ ਪਛਾਣ ਹੋ ਨਿਬੜਿਆ। ਇਹ ਨਾਟਕ ਸਫਲਤਾ ਪੂਰਵਕ ਸੇਟਜ ਉਤੇ ਵੀ ਖੇਡਿਆ ਗਿਆ ਅਤੇ ਭਾਰਤ ਤੇ ਪਾਕਿਸਤਾਨ ਵਿਚ ਇਸ ਨੂੰ ਆਧਾਰ ਬਣਾ ਕੇ ਕਈ ਫਿਲਮਾਂ ਵੀ ਬਣਾਈਆਂ ਗਈਆਂ। ਇਮਤਿਆਜ਼ ਅਲੀ ਤਾਜ ਦਾ ਜਨਮ ਲਾਹੌਰ ਵਿਚ 13 ਅਕਤੂਬਰ 1900 ਨੂੰ ਹੋਇਆ ਸੀ।
ਜਦੋਂ ਇਹ ਫਿਲਮ ਰਿਲੀਜ਼ ਹੋਈ, ਇਸ ਦੀਆਂ ਧੁੰਮਾਂ ਪੈ ਗਈਆਂ। 197 ਮਿੰਟਾਂ ਦੀ ਇਸ ਫਿਲਮ ਨੇ ਫਿਲਮੀ ਸੰਸਾਰ ਵਿਚ ਕਈ ਰਿਕਾਰਡ ਕਾਇਮ ਕਰ ਦਿੱਤੇ। ਫਿਲਮ ਵਿਚ ਦਲੀਪ ਕੁਮਾਰ, ਮਧੂਬਾਲਾ ਅਤੇ ਪ੍ਰਿਥਵੀਰਾਜ ਕਪੂਰ ਤੋਂ ਇਲਾਵਾ ਦੁਰਗਾ ਖੋਟੇ, ਨਿਗਾਰ ਸੁਲਤਾਨਾ, ਅਜੀਤ, ਜਿਲੋ ਬਾਈ, ਜੌਨੀ ਵਾਕਰ, ਜਲਾਲ ਆਗਾ, ਬੇਬੀ ਤਬੱਸਮ ਵਰਗੇ ਕਲਾਕਾਰਾਂ ਨੇ ਆਪੋ-ਆਪਣਾ ਯੋਗਦਾਨ ਪਾਇਆ। ਫਿਲਮ ਵਿਚ 12 ਗੀਤ ਸ਼ਾਮਿਲ ਕੀਤੇ ਗਏ ਜਿਨ੍ਹਾਂ ਨੇ ਫਿਲਮ ਦੀ ਮਕਬੂਲੀਅਤ ਵਿਚ ਆਪਣਾ ਹਿੱਸਾ ਪਾਇਆ।
-ਆਮਨਾ ਕੌਰ