ਨਾਜਾਇਜ਼ ਸ਼ਰਾਬ ਹੁਣ ਜਾਨਵਰਾਂ ਲਈ ਕਾਲ ਬਣੀ

ਜਲੰਧਰ: ਪੰਜਾਬ ਵਿਚ ਨਾਜਾਇਜ਼ ਸ਼ਰਾਬ ਇਨਸਾਨਾਂ ਤੋਂ ਬਾਅਦ ਹੁਣ ਜਾਨਵਰਾਂ ਦੀਆਂ ਜਾਨਾਂ ਲੈ ਰਹੀ ਹੈ। ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ‘ਤੇ ਫੜੀ ਲਾਹਣ ਸਤਲੁਜ ਦਰਿਆ ਵਿਚ ਸੁੱਟਣ ਕਾਰਨ ਵੱਡੀ ਪੱਧਰ ‘ਤੇ ਮੱਛੀਆਂ ਮਰ ਗਈਆਂ ਹਨ। ਇਨ੍ਹਾਂ ਵਿਚੋਂ ਕੁਝ ਪ੍ਰਜਾਤੀਆਂ ਤਾਂ ਹਾਲ ਹੀ ਵਿਚ ਕਰੀਬ ਤਿੰਨ ਦਹਾਕੇ ਬਾਅਦ ਸਤਲੁਜ ਵਿਚ ਪਰਤੀਆਂ ਸਨ। ਪੁਲਿਸ ਦੀ ਲਾਪਰਵਾਹੀ ਪ੍ਰਤੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਚੁੱਪ ਵੱਟੀ ਬੈਠੇ ਹਨ।

ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮਾਮਲੇ ਨੂੰ ਬੋਰਡ ਦੀ ਮੀਟਿੰਗ ਵਿਚ ਰੱਖਣ ਦਾ ਫੈਸਲਾ ਕੀਤਾ ਹੈ। ਸਮਾਜ ਸੇਵੀ ਸੰਸਥਾਵਾਂ ਪੁਲਿਸ ਦੇ ਇਸ ਵਤੀਰੇ ਪ੍ਰਤੀ ਸਖਤ ਨਰਾਜ਼ ਹਨ।
ਉਧਰ, ਮਰੀਆਂ ਮੱਛੀਆਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਨੌਜਵਾਨ ਨੂੰ ਪੁਲਿਸ ਆਪਣੇ ਢੰਗ ਤਰੀਕਿਆਂ ਨਾਲ ਤੰਗ ਪਰੇਸ਼ਾਨ ਕਰਨ ਲੱਗ ਪਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਫਿਲੌਰ, ਸ਼ਾਹਕੋਟ ਤੇ ਲੋਹੀਆਂ ਦੇ ਸਤਲੁਜ ਦਰਿਆ ਨੇੜਲੇ ਪਿੰਡਾਂ ਵਿਚੋਂ 3 ਲੱਖ 58 ਹਜ਼ਾਰ ਲੀਟਰ ਤੋਂ ਵੱਧ ਲਾਹਣ ਫੜੀ ਸੀ। ਪੰਜਾਬ ਪੁਲਿਸ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਸਤਲੁਜ ਦਰਿਆ ਵਿਚ ਲਾਹਣ ਰੋੜ੍ਹੇ ਜਾਣ ਦੀਆਂ ਸੋਸ਼ਲ ਮੀਡੀਆ ਉਤੇ ਚੱਲ ਰਹੀ ਚਰਚਾ ਦਾ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਸਤਲੁਜ ‘ਚ ਬੁੱਢੇ ਨਾਲੇ ਤੇ ਚਿੱਟੀ ਵੇਈਂ ਦਾ ਜ਼ਹਿਰੀਲਾ ਪਾਣੀ ਪੈਣ ਨਾਲ ਦਰਿਆ ਵਿਚਲੇ ਜਲ ਜੀਵ ਮਰ ਗਏ ਸਨ। ਮੱਛੀਆਂ ਦੀਆਂ ਕਈ ਦੁਰਲੱਭ ਪ੍ਰਜਾਤੀਆਂ ਸਮਾਪਤ ਹੋ ਗਈਆਂ ਸਨ। ਕਰੋਨਾ ਕਾਰਨ ਲੱਗੀ ਤਾਲਾਬੰਦੀ ਤੇ ਸਤਲੁਜ ‘ਚ ਛੱਡੇ ਸਾਫ ਪਾਣੀ ਨਾਲ ਇਕ ਵਾਰ ਫਿਰ ਤਿੰਨ ਦਹਾਕਿਆਂ ਬਾਅਦ ਜਲ ਜੀਵ ਮੁੜ ਦਰਿਆ ਵਿਚ ਪਰਤ ਆਏ ਸਨ ਪਰ ਇਸ ਨੂੰ ਪੁਲਿਸ ਤੇ ਸ਼ਰਾਬ ਮਾਫੀਆ ਵੱਲੋਂ ਰੋੜ੍ਹੀ ਗਈ ਲਾਹਣ ਨੇ ਇਕ ਵਾਰ ਫਿਰ ਤਬਾਹੀ ਦੇ ਕੰਢੇ ਲੈ ਆਂਦਾ ਹੈ। ਨਿਗਰਾਨ ਕਮੇਟੀ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ 1974 ਦੇ ਵਾਟਰ ਐਕਟ ਤਹਿਤ ਕਾਰਵਾਈ ਹੋਵੇ ਤੇ ਸਤਲੁਜ ‘ਚ ਸਾਫ ਪਾਣੀ ਛੱਡਿਆ ਜਾਵੇ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦੋ ਐਸ਼ਡੀ.ਓਜ਼. ਨੇ ਸਤਲੁਜ ਦੇ ਪਾਣੀ ਦੇ ਸੈਂਪਲ ਲਏ ਹਨ।
ਸਤਲੁਜ ਵਿਚ ਮਰੀਆਂ ਮੱਛੀਆਂ ਦੀ ਵੀਡੀਓ ਬਣਾਉਣ ਵਾਲੇ ਸੁਖਬੀਰ ਸਿੰਘ ਵਾਸੀ ਫਤਿਹਪੁਰ ਭੰਗਵਾਂ ਨੇ ਦੱਸਿਆ ਕਿ ਸਵੇਰੇ 6 ਵਜੇ ਵੱਡੀ ਗਿਣਤੀ ‘ਚ ਮਰੀਆਂ ਮੱਛੀਆਂ ਰੁੜ੍ਹ ਰਹੀਆਂ ਸਨ। ਬਹੁਤ ਸਾਰੀਆਂ ਮੱਛੀਆਂ ਤਾਂ ਦਰਿਆ ਦੇ ਪਾਣੀ ਨਾਲ ਰੁੜ੍ਹ ਵੀ ਗਈਆਂ ਸਨ।