ਸ਼ਤਰੰਜੀ ਘੋੜੇ ਵਾਲੀ ਖੇਡ ਖੇਡ ਰਹੀ ਹੈ ਪੰਜਾਬ ‘ਚ ਭਾਜਪਾ

-ਜਤਿੰਦਰ ਪਨੂੰ
ਪੰਜਾਬ ਦੀ ਰਾਜਨੀਤੀ ਇਸ ਵਕਤ ਬੜਾ ਅਣ-ਕਿਆਸਿਆ ਮੋੜਾ ਕੱਟਦੀ ਜਾਪ ਰਹੀ ਹੈ। ਇਸ ਵਿਚ ਬੀਤੇ ਦਿਨੀਂ ਮਾਝਾ ਖੇਤਰ ਵਿਚ ਜ਼ਹਿਰੀਲੀ ਨਾਜਾਇਜ਼ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਘਟਨਾਕ੍ਰਮ ਨੇ ਵੀ ਆਪਣਾ ਹਿੱਸਾ ਪਾਇਆ ਤੇ ਰਾਜਨੀਤੀ ਦੀ ਤੋਰ ਹੋਰ ਤਿੱਖੀ ਕੀਤੀ ਹੈ। ਵਿਰੋਧੀ ਪਾਰਟੀਆਂ ਨੂੰ ਇਸ ਗੱਲ ਦਾ ਹੱਕ ਹੈ, ਤੇ ਉਨ੍ਹਾਂ ਦਾ ਫਰਜ਼ ਵੀ ਹੈ ਕਿ ਸਰਕਾਰ ਅਤੇ ਸਰਕਾਰ ਚਲਾ ਰਹੀ ਪਾਰਟੀ ਦੇ ਨੁਕਸ ਲੱਭ ਕੇ ਲੋਕਾਂ ਨੂੰ ਮਿਲਣ ਤੇ ਆਪਣੀ ਗੱਲ ਕਹਿਣ। ਸਰਕਾਰ ਦੀ ਧਿਰ ਨਾਲ ਜੁੜੇ ਹੋਏ ਲੋਕ ਇਹ ਕਹਿੰਦੇ ਹਨ ਕਿ ਅਜਿਹੇ ਮੁੱਦੇ ਉਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।

ਜੇ ਅੱਜ ਇਥੇ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਹੁੰਦੀ ਤਾਂ ਕਾਂਗਰਸੀ ਆਗੂਆਂ ਨੇ ਵੀ ਇਹ ਹੀ ਕੁਝ ਕਰਨਾ ਸੀ, ਜੋ ਉਨ੍ਹਾਂ ਦੇ ਖਿਲਾਫ ਅੱਜ ਸਾਰੀ ਵਿਰੋਧੀ ਧਿਰ ਕਰਦੀ ਪਈ ਹੈ। ਜੋ ਲੋਕ ਇਸ ਕਾਂਡ ਵਿਚ ਮੁੱਖ ਦੋਸ਼ੀ ਨਿਕਲਦੇ ਹਨ, ਉਨ੍ਹਾਂ ਵਿਚ ਪੰਜਾਬ ਸਰਕਾਰ ਚਲਾ ਰਹੀ ਕਾਂਗਰਸ ਪਾਰਟੀ ਦੇ ਮਾਝੇ ਵਿਚਲੇ ਦੋ ਵਿਧਾਇਕਾਂ ਦਾ ਨਾਂ ਆਉਂਦਾ ਹੈ ਤੇ ਪੰਜਾਬ ਦੇ ਦੂਜੇ ਸਿਰੇ ਹਰਿਆਣੇ ਨਾਲ ਲੱਗਦੀਆਂ ਦੋ ਸੀਟਾਂ ਵਾਲੇ ਵਿਧਾਇਕਾਂ ਦਾ ਨਾਂ ਵੀ ਵੱਜਦਾ ਹੈ। ਹਰਿਆਣਾ ਬਾਰਡਰ ਨਾਲ ਜੁੜਦੇ ਵਿਧਾਇਕਾਂ ਦਾ ਨਾਂ ਤਾਂ ਨਾਜਾਇਜ਼ ਸ਼ਰਾਬ ਦੇ ਕਾਂਡ ਦੇ ਨਾਲ ਕਈ ਹੋਰ ਗੰਦੇ ਧੰਦਿਆਂ ਵਿਚ ਵੀ ਸੱ.ਰੇਆਮ ਲੋਕ ਦੱਸੀ ਜਾਂਦੇ ਹਨ, ਪਰ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਹੋ ਰਹੀ, ਜਦੋਂ ਕਿ ਇਹ ਖੜੇ ਪੈਰ ਕਰ ਦੇਣੀ ਚਾਹੀਦੀ ਸੀ। ਇਸੇ ਕਾਰਨ ਰਾਜ ਸਰਕਾਰ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਸਰਕਾਰ ਕਹਿੰਦੀ ਹੈ ਕਿ ਅਜਿਹੇ ਕਾਂਡ ਦੇਸ਼ ਦੇ ਕਈ ਰਾਜਾਂ ਵਿਚ ਹੁੰਦੇ ਰਹੇ ਹਨ ਅਤੇ ਇਹ ਗੱਲ ਠੀਕ ਵੀ ਹੈ, ਪਰ ਇਸ ਸੱਚਾਈ ਨਾਲ ਪੰਜਾਬ ਸਰਕਾਰ ਆਪਣੇ ਫਰਜ਼ਾਂ ਨੂੰ ਨਿਭਾਉਣ ਦੀ ਕਮਜ਼ੋਰੀ ਤੋਂ ਨਹੀਂ ਬਚ ਸਕਦੀ। ਉਸ ਨੂੰ ਆਪਣੇ ਬੰਦਿਆਂ ਉਤੇ ਕਾਰਵਾਈ ਕਰਨੀ ਚਾਹੀਦੀ ਹੈ।
ਰਹਿ ਗਈ ਗੱਲ ਹੋਰ ਰਾਜਾਂ ਵਿਚ ਅਜਿਹੇ ਕਾਂਡ ਹੋਣ ਦੀ, ਉਸ ਬਾਰੇ ਦੱਸਣ ਦੀ ਲੋੜ ਨਹੀਂ, ਰਿਕਾਰਡ ਬੋਲਦਾ ਪਿਆ ਹੈ। ਸਾਲ 1991 ਵਿਚ ਮੁੰਬਈ ਵਿਚ ਅਜਿਹੇ ਕਾਂਡ ਵਿਚ 93 ਲੋਕ ਮਾਰੇ ਜਾਣ ਪਿੱਛੋਂ ਉਥੇ ਕਾਂਗਰਸ ਸਰਕਾਰ ਨੇ ਇੱਕ ਕਮੇਟੀ ਏਦਾਂ ਦੀਆਂ ਘਟਨਾਵਾਂ ਰੋਕਣ ਲਈ ਬਣਾਈ ਸੀ, ਪਰ 2015 ਵਿਚ ਫਿਰ ਸ਼ਰਾਬ ਕਾਂਡ ਵਾਪਰ ਗਿਆ ਤੇ 102 ਲੋਕ ਮਾਰੇ ਗਏ ਸਨ, ਜਦੋਂ ਉਥੇ ਭਾਜਪਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਰਾਜ ਸੀ। ਸਾਲ 1991 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਅਜਿਹੇ ਕਾਂਡ ਵਿਚ 199 ਲੋਕ ਮਾਰੇ ਗਏ ਸਨ ਤੇ ਸ਼ਰਾਬ ਨੇੜਿਉਂ ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜਿਲੇ ਤੋਂ ਆਈ ਸੀ, ਜਿੱਥੇ ਭਾਜਪਾ ਮੁੱਖ ਮੰਤਰੀ ਕਲਿਆਣ ਸਿੰਘ ਰਾਜ ਕਰਦਾ ਸੀ। ਫਿਰ 2008 ਦੌਰਾਨ ਕਰਨਾਟਕ ਦੇ ਤਿੰਨ ਜਿਲਿਆਂ ਅਤੇ ਨਾਲ ਲੱਗਦੇ ਤਾਮਿਲਨਾਡੂ ਦੇ ਇੱਕ ਜਿਲੇ ਵਿਚ ਇਹੋ ਕੁਝ ਹੋਇਆ ਤੇ ਕੁੱਲ ਜੋੜ ਕੇ 180 ਲੋਕ ਮਾਰੇ ਗਏ ਸਨ। ਉਦੋਂ ਕਰਨਾਟਕ ਵਿਚ ਗਵਰਨਰ ਦਾ ਰਾਜ ਸੀ ਤੇ ਤਾਮਿਲਨਾਡੂ ਵਿਚ ਡੀ. ਐੱਮ. ਕੇ. ਪਾਰਟੀ ਦੇ ਆਗੂ ਕਰੁਣਾਨਿਧੀ ਦਾ ਰਾਜ ਹੁੰਦਾ ਸੀ। ਅਗਲੇ ਸਾਲ ਗੁਜਰਾਤ ਵਿਚ ਇਹੋ ਕਹਿਰ ਵਾਪਰਿਆ ਤੇ ਨਰਿੰਦਰ ਮੋਦੀ ਵਾਲੇ ਉਸ ਰਾਜ ਵਿਚ 136 ਲੋਕ ਮਾਰੇ ਗਏ ਸਨ, ਜਿੱਥੇ ਸਾਰੇ ਰਾਜ ਵਿਚ ਸ਼ਰਾਬ ਉੱਤੇ ਮੁਕੰਮਲ ਪਾਬੰਦੀ ਸੀ ਤੇ ਇਸ ਮਾਮਲੇ ਵਿਚ ਭਾਜਪਾ ਦਾ ਇਕ ਵਿਧਾਇਕ ਅਤੇ ਕੁਝ ਹੋਰ ਲੋਕ ਦੋਸ਼ੀ ਦੱਸੇ ਗਏ ਸਨ।
ਸਾਲ 2011 ਵਿਚ ਪੱਛਮੀ ਬੰਗਾਲ ਵਿਚ 172 ਲੋਕ ਮਮਤਾ ਬੈਨਰਜੀ ਦੇ ਰਾਜ ਵਿਚ ਮਾਰੇ ਗਏ ਸਨ ਅਤੇ ਫਰਵਰੀ 2019 ਵਿਚ ਭਾਜਪਾ ਦੀਆਂ ਦੋ ਸਰਕਾਰਾਂ ਵਾਲੇ ਉੱਤਰਾਖੰਡ ਵਿਚ 99 ਤੇ ਆਸਾਮ ਵਿਚ 168 ਮਰੇ ਜੋੜ ਕੇ ਇੱਕੋ ਮਹੀਨੇ ਵਿਚ 267 ਲੋਕ ਮਰ ਗਏ ਸਨ। ਇਸ ਵਾਰੀ ਪੰਜਾਬ ਵਿਚ ਏਡਾ ਵੱਡਾ ਕਾਂਡ ਹੋ ਗਿਆ ਹੈ, ਜਿੱਡਾ ਪਹਿਲਾਂ ਕਦੇ ਨਹੀਂ ਹੋਇਆ। ਇਹ ਲਿਸਟ ਦੱਸਦੀ ਹੈ ਕਿ ਇਸ ਦੇਸ਼ ਦੇ ਲੋਕਾਂ ਉੱਤੇ ਕਾਂਗਰਸ ਦਾ ਰਾਜ ਹੋਵੇ, ਭਾਜਪਾ ਦਾ, ਮਮਤਾ ਬੈਨਰਜੀ ਦਾ ਜਾਂ ਡੀ. ਐੱਮ. ਕੇ. ਵਰਗਿਆਂ ਦਾ, ਸ਼ਰਾਬ ਕਾਂਡ ਇਸ ਲਈ ਬਿਨਾ ਰੋਕ ਚੱਲਦੇ ਰਹੇ ਹਨ ਕਿ ਸ਼ਰਾਬ ਦੇ ਤਸਕਰਾਂ ਦੀ ਸਭ ਪਾਰਟੀਆਂ ਨਾਲ ਸਾਂਝ ਚੱਲਦੀ ਹੈ। ਪੰਜਾਬ ਵਿਚ ਤਾਜ਼ਾ ਕਾਂਡ ਚਾਰ ਦਿਨ ਚਰਚਾ ਵਿਚ ਰਹਿਣਾ ਹੈ ਤੇ ਫਿਰ ਲੋਕਾਂ ਨੂੰ ਭੁਲਾਉਣ ਵਾਲਾ ਕੋਈ ਹੋਰ ਅਜਿਹਾ ਜਾਂ ਏਦੂੰ ਵੱਡਾ ਕਾਂਡ ਲੋਕਾਂ ਨੇ ਵੇਖ ਲੈਣਾ ਹੈ ਤੇ ਉਸ ਦੇ ਬਾਅਦ ਕਿਸੇ ਨੇ ਮਰ ਗਿਆਂ ਦੀ ਚਰਚਾ ਵੀ ਨਹੀਂ ਕਰਨੀ।
ਅਗਲੀ ਗੱਲ ਪੰਜਾਬ ਦੀ ਰਾਜਨੀਤੀ ਦੀ ਹੈ। ਸ਼ਰਾਬ ਕਾਂਡ ਪਿਛੋਂ ਕਾਂਗਰਸ ਦੇ ਦੋ ਪਾਰਲੀਮੈਂਟ ਮੈਂਬਰਾਂ-ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਦੇ ਗਵਰਨਰ ਨੂੰ ਇੱਕ ਮੰਗ-ਪੱਤਰ ਦੇ ਕੇ ਇਸ ਕਾਂਡ ਦੀ ਜਾਂਚ ਲਈ ਕੇਂਦਰੀ ਏਜੰਸੀ ਸੀ. ਬੀ. ਆਈ. ਨੂੰ ਜ਼ਿੰਮਾ ਸੌਂਪਣ ਲਈ ਕਿਹਾ ਹੈ। ਇਹ ਮੰਗ-ਪੱਤਰ ਉਨ੍ਹਾਂ ਵੱਲੋਂ ਆਪਣੀ ਪਾਰਟੀ ਦੀ ਰਾਜ ਸਰਕਾਰ ਦੇ ਖਿਲਾਫ ਇੱਕ ਤਰ੍ਹਾਂ ਬੇਭਰੋਸਗੀ ਦਾ ਪ੍ਰਗਟਾਵਾ ਹੈ ਅਤੇ ਗਵਰਨਰ ਕਿਉਂਕਿ ਇਸ ਅਹੁਦੇ ਤੋਂ ਪਹਿਲਾਂ ਭਾਜਪਾ ਦਾ ਆਗੂ ਹੁੰਦਾ ਸੀ, ਉਹ ਇਸ ਪੱਤਰ ਨਾਲ ਆਪਣੀ ਚਿੱਠੀ ਜੋੜ ਕੇ ਕਿਸੇ ਵੀ ਸਮੇਂ ਕੇਂਦਰ ਸਰਕਾਰ ਨੂੰ ਸਿਫਾਰਸ਼ ਭੇਜਣ ਦੇ ਸਮਰੱਥ ਹੋ ਗਿਆ ਹੈ ਕਿ ਇਸ ਸਰਕਾਰ ਉੱਤੇ ਇਸ ਦੇ ਆਪਣੇ ਲੋਕ ਵੀ ਭਰੋਸਾ ਨਹੀਂ ਕਰਦੇ।
ਮੋਰਾਰਜੀ ਡਿਸਾਈ ਦੇ ਰਾਜ ਵੇਲੇ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਸੀ ਤੇ ਤਲਵੰਡੀ-ਟੌਹੜਾ ਜੋੜੀ ਨੇ ਆਪਣੇ ਪਾਰਟੀ ਦੇ ਲੀਡਰ ਬਾਦਲ ਦੇ ਖਿਲਾਫ ਪਾਰਟੀ ਦੇ ਇੱਕ ਜਨਰਲ ਸੈਕਟਰੀ ਦੇ ਹੱਥੀਂ ਏਦਾਂ ਦਾ ਇੱਕ ਪੱਤਰ ਉਦੋਂ ਗਵਰਨਰ ਨੂੰ ਭੇਜਿਆ ਸੀ। ਕੁਝ ਹਫਤਿਆਂ ਪਿਛੋਂ ਕੇਂਦਰ ਵਿਚ ਸਰਕਾਰ ਬਦਲੀ ਤਾਂ ਇੰਦਰਾ ਗਾਂਧੀ ਦੀ ਨਵੀਂ ਸਰਕਾਰ ਦੇ ਲਾਏ ਗਵਰਨਰ ਨੇ ਆ ਕੇ ਅਕਾਲੀ ਆਗੂਆਂ ਦਾ ਮੰਗ-ਪੱਤਰ ਬਾਦਲ ਦੀ ਸਰਕਾਰ ਤੋੜਨ ਲਈ ਬਹਾਨੇ ਵਜੋਂ ਵਰਤਿਆ ਸੀ। ਏਦਾਂ ਕਈ ਹੋਰਨਾਂ ਰਾਜਾਂ ਵਿਚ ਵੀ ਹੋ ਚੱਕਾ ਹੈ ਤੇ ਅਜਿਹੇ ਪੱਤਰ ਆਪਣੀ ਪਾਰਟੀ ਅੰਦਰ ਸੌ ਰੋਸੇ ਹੋਣ ਦੇ ਬਾਵਜੂਦ ਕੋਈ ਉਦੋ ਹੀ ਦਿੰਦਾ ਹੁੰਦਾ ਹੈ, ਜਦੋਂ ਇਸ ਦੇ ਲਈ ਕਿਸੇ ਦੂਜੀ ਧਿਰ ਤੋਂ ਆਸ ਹੋਵੇ। ਇਹ ਆਸ ਇਸ ਵੇਲੇ ਭਾਜਪਾ ਤੋਂ ਹੋ ਸਕਦੀ ਹੈ।
ਭਾਜਪਾ ਤੋਂ ਆਸ ਸਿਰਫ ਬਾਜਵਾ-ਦੂਲੋ ਨੂੰ ਹੀ ਨਹੀਂ ਹੋ ਸਕਦੀ, ਅਕਾਲੀ ਦਲ ਤੋਂ ਵੱਖ ਹੋਏ ਜਿਸ ਸੁਖਦੇਵ ਸਿੰਘ ਢੀਂਡਸਾ ਨਾਲ ਅਕਾਲੀ ਦਲ ਤੋਂ ਨਾਰਾਜ਼ ਲੋਕ ਜੁੜ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਵੀ ਆਸ ਹੈ ਕਿ ਭਾਜਪਾ ਅਗਲੀਆਂ ਚੋਣਾਂ ਦੇ ਵਕਤ ਬਾਦਲ ਬਾਪ-ਬੇਟੇ ਨੂੰ ਲੋਕਾਂ ਨਾਲੋਂ ਕੱਟੇ ਹੋਏ ਸਮਝ ਕੇ ਇਨ੍ਹਾਂ ਨਾਲ ਸਮਝੌਤਾ ਕਰ ਸਕਦੀ ਹੈ। ਭਾਜਪਾ ਦੇ ਆਗੂ ਏਦਾਂ ਦੇ ਸੰਕੇਤ ਦੇਈ ਵੀ ਜਾਂਦੇ ਹਨ ਤੇ ਇਹ ਗੱਲਾਂ ਵੀ ਇਸ ਵਕਤ ਚਰਚਾ ਵਿਚ ਹਨ ਕਿ ਭਾਜਪਾ ਪੰਜਾਬ ਦੀ ਰਾਜਨੀਤੀ ਵਿਚ ਕਿਸੇ ਵੱਡੇ ਸਿੱਖ ਆਗੂ ਨੂੰ ਅੱਗੇ ਲਾਉਣ ਲਈ ਕਾਂਗਰਸ ਵਿਚ ਵੀ ਕੁੰਡੀਆਂ ਪਾ ਰਹੀ ਹੈ ਤੇ ਕਾਂਗਰਸ ਸਰਕਾਰ ਵਿਚ ਮੰਤਰੀ ਰਹਿ ਚੁਕੇ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਸੰਪਰਕ ਬਣਾ ਰੱਖਿਆ ਹੈ। ਪਿਛਲੇ ਹਫਤੇ ਨਵਜੋਤ ਸਿੰਘ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਜਦੋਂ ਇਹ ਆਖਿਆ ਕਿ ਉਨ੍ਹਾਂ ਦੋਹਾਂ ਨੂੰ ਸਾਰੀ ਸਮੱਸਿਆ ਅਕਾਲੀ ਆਗੂਆਂ ਤੋਂ ਹੈ, ਭਾਜਪਾ ਨਾਲ ਕੋਈ ਸਮੱਸਿਆ ਹੀ ਨਹੀਂ ਤਾਂ ਇਹ ਗੱਲ ਸਹਿਵਨ ਨਹੀਂ ਸੀ ਆਖੀ, ਇਸ ਦੇ ਪਿੱਛੇ ਚੱਲਦੀ ਸਿਆਸਤ ਨੂੰ ਸਮਝਣ ਵਾਲੇ ਸਮਝ ਗਏ ਸਨ। ਹੋਰ ਗੱਲਾਂ ਛੱਡ ਦਿਓ, ਭਾਜਪਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਤੱਕ ਵੀ ਪਹੁੰਚ ਕਰ ਰਹੀ ਹੈ, ਜੋ ਬਹੁਤ ਵੱਡਾ ਬੁੱਧੀਜੀਵੀ ਕਿਹਾ ਜਾਂਦਾ ਹੈ, ਪਰ ਪਿਛਲੇ ਕਾਫੀ ਸਮੇਂ ਤੋਂ ਚੁੱਪ ਕਰ ਕੇ ਦਿਨ ਗੁਜ਼ਾਰ ਰਿਹਾ ਹੈ। ਉਹ ਨੇੜਲੇ ਸੱਜਣਾਂ ਤੋਂ ਬਿਨਾ ਕਿਸੇ ਦਾ ਫੋਨ ਵੀ ਨਹੀਂ ਚੁੱਕਦਾ ਤੇ ਇੱਕ ਸਾਬਕਾ ਫੌਜੀ ਅਫਸਰ ਦੇ ਰਾਹੀਂ ਉਸ ਨੂੰ ਪਤਿਆਉਣ ਦੀ ਭਾਜਪਾ ਦੀ ਕੋਸ਼ਿਸ਼ ਵੀ ਚਰਚਾ ਵਿਚ ਹੈ। ਏਦਾਂ ਕੁਝ ਹੋਰ ਲੋਕ ਵੀ ਏਜੰਡੇ ਉੱਤੇ ਹਨ।
ਜਿਹੜੇ ਲੋਕਾਂ ਨੂੰ ਸ਼ਤਰੰਜ ਦੀ ਖੇਡ ਦਾ ਪਤਾ ਹੈ, ਉਹ ਜਾਣਦੇ ਹਨ ਕਿ ਬਾਕੀ ਦੀਆਂ ਸਾਰੀਆਂ ਗੋਟੀਆਂ ਸਿੱਧੇ ਜਾਂ ਤਿਰਛੇ ਪਾਸੇ ਇੱਕੋ ਸੇਧ ਵਿਚ ਅੱਗੇ ਜਾਂ ਪਿੱਛੇ ਹੁੰਦੀਆਂ ਹਨ, ਪਰ ਇਸ ਖੇਡ ਵਿਚ ਘੋੜਾ ਜਦੋਂ ਚੱਲਦਾ ਹੈ, ਢਾਈ ਘਰਾਂ ਦਾ ਛੜੱਪਾ ਮਾਰਦਾ ਹੈ। ਉਹ ਢਾਈ ਘਰਾਂ ਵਾਲਾ ਛੜੱਪਾ ਅੱਗੇ, ਪਿੱਛੇ, ਖੱਬੇ ਜਾਂ ਸੱਜੇ ਕਿਸੇ ਪਾਸੇ ਵੀ ਵੱਜ ਸਕਦਾ ਹੈ ਅਤੇ ਭਾਜਪਾ ਇਸ ਵਕਤ ਉਸ ਘੋੜੇ ਵਾਂਗ ਇੱਕੋ ਵਕਤ ਕਈ ਪਾਸੀਂ ਅੱਖਾਂ ਲਾਈ ਬੈਠੀ ਹੈ। ਉਸ ਦਾ ਘੋੜਾ ਕਿਸੇ ਕਾਂਗਰਸੀ ਦੀ ਸਵਾਰੀ ਲਈ ਵੀ ਪੇਸ਼ ਹੋ ਸਕਦਾ ਹੈ, ਕਿਸੇ ਅਕਾਲੀ ਜਾਂ ਭਾਜਪਾ ਵਿਚੋਂ ਕੱਢੇ ਹੋਏ ਆਗੂ ਲਈ ਵੀ ਤੇ ਕਿਸੇ ਵੱਡੇ ਅਫਸਰ ਵਾਸਤੇ ਵੀ, ਜੋ ਅਗਲੇ ਦਿਨੀਂ ਰਿਟਾਇਰ ਹੋਣ ਵਾਲਾ ਹੈ। ਇਹ ਸ਼ਤਰੰਜੀ ਘੋੜਾ ਕਿਸੇ ਵੱਡੇ ਦਾਅ ਉਤੇ ਹੈ।