ਚੰਡੀਗੜ੍ਹ: ਪੰਜਾਬ ਸਰਕਾਰ ਦੇ ਕਰੋਨਾ ਬਾਰੇ ਪ੍ਰਬੰਧਾਂ ਉਤੇ ਸਵਾਲ ਉੱਠਣ ਲੱਗੇ ਹਨ। ਇਥੋਂ ਤੱਕ ਕਿ ਕੇਂਦਰ ਵੱਲੋਂ ਇਸ ਮਹਾਮਾਰੀ ਦੌਰਾਨ ਭੇਜੀ ਮਦਦ ਲੋਕਾਂ ਤੱਕ ਨਾ ਪਹੁੰਚਣ ਦੀ ਪੋਲ ਖੁੱਲ੍ਹਣ ਲੱਗੀ ਹੈ। ਕੇਂਦਰੀ ਖੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਤੇ ਪੱਛਮੀ ਬੰਗਾਲ ਸਣੇ 11 ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਤਹਿਤ ਜੁਲਾਈ ‘ਚ ਮੁਫਤ ਅਨਾਜ ਦੀ ਵੰਡ ਨਹੀਂ ਕੀਤੀ। ਇਸ ਕਾਰਨ ਪਿਛਲੇ ਮਹੀਨੇ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਮੁਫਤ ਅਨਾਜ 81 ਕਰੋੜ ਲਾਭਪਾਤਰੀਆਂ ‘ਚੋਂ ਸਿਰਫ 62% ਲੋਕਾਂ ਤੱਕ ਹੀ ਪਹੁੰਚ ਸਕਿਆ। ਉਨ੍ਹਾਂ ਸੂਬਿਆਂ ਨੂੰ ਅਨਾਜ ਦੀ ਵੰਡ ‘ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ।
ਯੋਜਨਾ ਦਾ ਮਕਸਦ ਕਰੋਨਾ ਕਾਰਨ ਲੋਕਾਂ ਨੂੰ ਰਾਹਤ ਦਿਵਾਉਣਾ ਹੈ।
ਉਧਰ, ਪੰਜਾਬ ਵਿਚ ਵੀ ਸਰਕਾਰ ਦੀ ਨਾਲਾਇਕੀ ਖਿਲਾਫ ਲਾਮਬੰਦੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਤੋਂ ਕਰੋਨਾ ਉਤੇ ਹੁਣ ਤੱਕ ਹੋਏ ਸਾਰੇ ਖਰਚਿਆਂ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੂਬੇ ਅੰਦਰ ਵਧ ਰਹੇ ਕਰੋਨਾ ਕੇਸਾਂ ਬਾਰੇ ਡੂੰਘੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ 4 ਮਹੀਨਿਆਂ ‘ਚ ਕਰੋਨਾ ਮਹਾਮਾਰੀ ਨੂੰ ਕਾਬੂ ਕਰਨ ‘ਚ ਕੈਪਟਨ ਸਰਕਾਰ ਫਲਾਪ ਸਿੱਧ ਹੋਈ ਹੈ।
ਉਨ੍ਹਾਂ ਕਿਹਾ ਕਿ ਹੁਣ ਰੋਜ਼ਾਨਾ ਇਕ ਹਜ਼ਾਰ ਤੋਂ ਵਧ ਨਵੇਂ ਕਰੋਨਾ ਪਾਜ਼ੇਟਿਵ ਕੇਸਾਂ ਦਾ ਆਉਣਾ ਜਿਥੇ ਵੱਡੇ ਖਤਰੇ ਦੇ ਸੰਕੇਤ ਹਨ, ਉਥੇ ਪੰਜਾਬ ਸਰਕਾਰ ਦੇ ਕਰੋਨਾ ਬਾਰੇ ਪ੍ਰਬੰਧਾਂ ਦੀ ਬੁਰੀ ਤਰਾਂ ਪੋਲ ਖੁੱਲ੍ਹ ਰਹੀ ਹੈ। ਸ੍ਰੀ ਚੀਮਾ ਨੇ ਕਿਹਾ ਕਿ ਰਾਜਾ ਸਾਹਿਬ (ਮੁੱਖ ਮੰਤਰੀ) 300 ਕਰੋੜ ਰੁਪਏ ਤੋਂ ਵੱਧ ਰਾਸ਼ੀ ਕਰੋਨਾ ਮਹਾਮਾਰੀ ਨੂੰ ਕਾਬੂ ਕਰਨ ‘ਤੇ ਖਰਚ ਕੀਤੇ ਜਾਣ ਦੇ ਦਾਅਵੇ ਕਰ ਰਹੇ ਹਨ, ਪਰ ਖਰਚੇ ਕਿੱਥੇ ਹਨ? ਪੰਜਾਬ ਦੇ ਲੋਕ ਇਨ੍ਹਾਂ ਭਾਰੀ ਭਰਕਮ ਖਰਚਿਆਂ ਦਾ ਹਿਸਾਬ ਮੰਗਦੇ ਹਨ। ਇਸ ਲਈ ਕਰੋਨਾ ਲਈ ਹੁਣ ਤੱਕ ਲੋਕਾਂ ਵੱਲੋਂ ਦਾਨ ਕੀਤੀ ਕੁੱਲ ਰਾਸ਼ੀ ਤੇ ਸਰਕਾਰ ਵੱਲੋਂ ਕੁੱਲ ਤੇ ਕਿੱਥੇ, ਕਿੰਨਾ-ਕਿੰਨਾ ਖਰਚ ਕੀਤਾ ਗਿਆ ਹੈ, ਇਸ ਬਾਰੇ ਤੁਰੰਤ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ। ਉਨ੍ਹਾਂ ਪਟਿਆਲਾ ਦੇ ਸਰਕਾਰੀ ਹਸਪਤਾਲ ‘ਚ ਇਕ ਕਰੋਨਾ ਪੀੜਤ ਮਰੀਜ਼ ਦੀ ਮ੍ਰਿਤਕ ਦੇਹ 11 ਘੰਟੇ ਫਰਸ਼ ‘ਤੇ ਪਏ ਰਹਿਣਾ, ਲੁਧਿਆਣਾ ‘ਚ ਇਕ ਕਰੋਨਾ ਪੀੜਤ ਕਾਰੋਬਾਰੀ ਦੀ ਬੈੱਡ ਦੀ ਭਾਲ ਦੌਰਾਨ ਮੌਤ ਹੋ ਜਾਣੀ, ਤਰਨਤਾਰਨ ‘ਚ ਕਰੋਨਾ ਪੀੜਤ ਮਰੀਜ਼ ਵੱਲੋਂ ਖਟਾਰਾ ਐਂਬੂਲੈਂਸ ‘ਚ ਚੜ੍ਹਨ ਤੋਂ ਇਨਕਾਰ ਕਰ ਦੇਣਾ ਤੇ ਬਠਿੰਡਾ, ਬਰਨਾਲਾ ਆਦਿ ਸ਼ਹਿਰਾਂ ‘ਚ ਕਰੋਨਾ ਕੇਅਰ ਸੈਂਟਰਾਂ ਦੀ ਅਤਿ ਤਰਸਯੋਗ ਹਾਲਤ ਹੋਣ ਆਦਿ ਘਟਨਾਵਾਂ ਦਾ ਜ਼ਿਕਰ ਕਰਦਿਆਂ ਸਰਕਾਰ ਦੇ ਪ੍ਰਬੰਧਾਂ ਉਤੇ ਸਵਾਲ ਉਠਾਉਂਦਿਆਂ ਕਿਹਾ ਕਿ ਪੰਜਾਬ ਪੁਲਿਸ ਦੇ 450 ਤੋਂ ਵੱਧ ਜ਼ਵਾਨਾਂ ਦੇ ਕਰੋਨਾ ਪਾਜ਼ੇਟਿਵ ਆਉਣ ਦੇ ਬਾਵਜੂਦ ਪੰਜਾਬ ਪੁਲਿਸ ਦੇ ਡੀæਜੀæਪੀæ ਵੱਲੋਂ ਪੁਲਿਸ ਫੋਰਸ ਦੇ ਵੱਡੇ ਪੱਧਰ ‘ਤੇ ਕਰੋਨਾ ਟੈਸਟ ਕਰਾਉਣ ਤੋਂ ਭੱਜਣਾ ਗੈਰ ਜ਼ਿੰਮੇਵਾਰਨਾ ਤੇ ਮੰਦਭਾਗਾ ਕਦਮ ਹੈ।