ਭਾਰਤੀ ਸਮਾਜ ਅਤੇ ਆਰ ਐਸ ਐਸ ਦੇ ਰਲੇਵੇਂ ਦਾ ਆਗਾਜ਼

5 ਅਗਸਤ ਦੇ ਖਾਸ ਦਿਨ ਉਪਰ ਅਯੁੱਧਿਆ ਵਿਚ ਰਾਮ ਮੰਦਰ ਦੀ ਨੀਂਹ ਰੱਖਣ ਦੇ ਭਾਰਤ ਦੇ ਭਵਿਖ ਲਈ ਕੀ ਅਰਥ ਹਨ, ਇਸ ਦਾ ਬਾਖੂਬੀ ਵਿਸ਼ਲੇਸ਼ਣ ਨਾਮਵਰ ਪੱਤਰਕਾਰ ਅਭਿਸ਼ੇਕ ਸ੍ਰੀਵਾਸਤਵ ਨੇ ਆਪਣੇ ਇਸ ਲੇਖ ਵਿਚ ਕੀਤਾ ਹੈ। ਇਸ ਅਹਿਮ ਲੇਖ ਦਾ ਉਚੇਚਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਕੀਤਾ ਹੈ।

-ਸੰਪਾਦਕ
ਅਭਿਸ਼ੇਕ ਸ੍ਰੀਵਾਸਤਵ
ਅਨੁਵਾਦ: ਬੂਟਾ ਸਿੰਘ
ਇਸ 5 ਅਗਸਤ ਨੂੰ ਰਾਮ ਮੰਦਰ ਦੇ Ḕਭੂਮੀ ਪੂਜਨ’ ਤੋਂ ਬਾਅਦ ਜਿਸ ਕਿਸੇ ਨਾਲ ਵੀ ਗੱਲ ਹੋਈ, ਸਾਰਿਆਂ ਦੇ ਮਨ ਵਿਚ ਇਕ ਹੀ ਸਵਾਲ ਸੀ ਕਿ ਹੁਣ ਅੱਗੇ ਕੀ ਹੋਣ ਵਾਲਾ ਹੈ। ਭਾਜਪਾ ਦੀ ਪੈਦਾਇਸ਼ ਦੇ ਸਮੇਂ ਤੋਂ ਹੀ ਉਸ ਦੇ ਐਲਾਨਨਾਮੇ ਵਿਚ ਸ਼ਾਮਲ ਤਿੰਨ ਵਿਚੋਂ ਦੋ ਮੁੱਦੇ ਤਾਂ ਨਜਿੱਠ ਲਏ ਗਏ। ਧਾਰਾ 370 ਹਟਾਉਣ ਅਤੇ ਮੰਦਰ ਬਣਾਉਣ ਦਾ ਜੋ ਸਭ ਤੋਂ ਪੇਚੀਦਾ ਵਾਅਦਾ ਸੀ, ਉਸ ਨੂੰ ਤਾਂ ਬਹੁਤ ਸੌਖਿਆਂ ਹੀ ਪੂਰਾ ਕਰ ਲਿਆ ਗਿਆ। ਬਚ ਗਿਆ ਇਕਸਮਾਨ ਸਿਵਲ ਕੋਡ, ਉਹ ਵੀ ਦੇਰ-ਸਵੇਰ ਸੁਪਰੀਮ ਕੋਰਟ ਦੇ ਜ਼ਰੀਏ ਬਣ ਹੀ ਜਾਵੇਗਾ। ਫਿਰ ਆਰ ਐਸ ਐਸ਼ ਅਤੇ ਭਾਜਪਾ ਕਰਨਗੇ ਕੀ?
ਠੀਕ ਇਹੀ ਸਵਾਲ ਅੱਜ ਤੋਂ 33 ਸਾਲ ਪਹਿਲਾਂ ਤਤਕਾਲੀ ਆਰ ਐਸ ਐਸ਼ ਮੁਖੀ ਬਾਲਾਸਾਹਿਬ ਦੇਵਰਸ ਸਾਹਮਣੇ ਖੜ੍ਹਾ ਹੋਇਆ ਸੀ, ਜਦ ਰਾਮ ਮੰਦਰ ਬਣਾਉਣ ਲਈ ਤਮਾਮ ਧਿਰਾਂ ਅਤੇ ਕਾਂਗਰਸ ਸਰਕਾਰ ਦਰਮਿਆਨ ਸਹਿਮਤੀ ਬਣਨ ਦੀ ਖਬਰ Ḕਪਾਂਚਜੰਨਿਆ’ ਅਤੇ Ḕਆਰਗੇਨਾਈਜ਼ਰ’ ਵਿਚ ਛਪ ਗਈ ਸੀ। Ḕਪਾਂਚਜੰਨਿਆ’ ਦੇ 27 ਦਸਬੰਰ 1987 ਅੰਕ ਦੇ ਮੁੱਖ ਪੰਨੇ ਉਪਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਅਸ਼ੋਕ ਸਿੰਘਲ ਦੀ ਵੱਡੀ ਤਸਵੀਰ ਦੇ ਨਾਲ ਰਾਮ ਮੰਦਰ ਅੰਦੋਲਨ ਦੀ ਜਿੱਤ ਸੰਬੰਧੀ ਛਪੀ ਖਬਰ ਦਾ ਪਤਾ ਜਦ ਦੇਵਰਸ ਨੂੰ ਲੱਗਾ ਤਾਂ ਉਸ ਨੇ ਸੰਘ ਦੇ ਦਿੱਲੀ ਸਥਿਤ ਝੰਡੇਵਾਲਾ ਦਫਤਰੋਂ ਸਿੰਘਲ ਨੂੰ ਤਲਬ ਕਰ ਲਿਆ ਅਤੇ ਉਸ ਉਪਰ Ḕਅੰਦੋਲਨ ਦੀ ਪਿੱਠ ਵਿਚ ਛੁਰਾ ਮਾਰਨ ਦਾ ਇਲਜ਼ਾਮ ਲਾਇਆ’।
ਇਹ ਪ੍ਰਸੰਗ ਫੈਜ਼ਾਬਾਦ ਵਿਚ ਕੇ.ਐਮ. ਚੀਨੀ ਮਿੱਲ ਦੇ ਮਾਲਕ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਸ਼ਣੂਹਰਿ ਡਾਲਮੀਆ ਦੇ ਰਿਸ਼ਤੇਦਾਰ ਲਕਸ਼ਮੀਕਾਂਤ ਝੁਨਝੁਨਵਾਲਾ ਦੇ ਹਵਾਲੇ ਨਾਲ ਸ਼ੀਤਲਾ ਸਿੰਘ ਨੇ ਅਯੁੱਧਿਆ ਉਪਰ ਆਪਣੀ ਕਿਤਾਬ ਵਿਚ ਛਾਪਿਆ ਹੈ। ਉਹ ਬਾਲਾਸਾਹਿਬ ਦੇਵਰਸ ਬਾਰੇ ਲਿਖਦੇ ਹਨ: Ḕਉਨ੍ਹਾਂ ਨੇ ਸਭ ਤੋਂ ਪਹਿਲਾਂ ਤਾਂ ਅਸ਼ੋਕ ਸਿੰਘਲ ਨੂੰ ਬੁਲਾ ਕੇ ਪੁੱਛਿਆ ਕਿ ਤੁਸੀਂ ਏਨੇ ਪੁਰਾਣੇ ਸਵੈਮਸੇਵਕ ਹੋ, ਤੁਸੀਂ ਇਸ ਯੋਜਨਾ ਦੀ ਹਮਾਇਤ ਕਿਵੇਂ ਕਰ ਦਿੱਤੀ?Ḕ ਸਿੰਘਲ ਨੇ ਕਿਹਾ ਕਿ ਸਾਡਾ ਅੰਦੋਲਨ ਤਾਂ ਰਾਮ ਮੰਦਰ ਦੇ ਲਈ ਸੀ, ਜੇ ਇਹ ਸਵੀਕਾਰਿਆ ਜਾਂਦਾ ਹੈ ਤਾਂ ਹਮਾਇਤ ਕਰਨੀ ਹੀ ਚਾਹੀਦੀ ਹੈ। ਇਸ ‘ਤੇ ਦੇਵਰਸ ਜੀ ਉਸ ਨੂੰ ਪੈ ਨਿਕਲੇ ਅਤੇ ਕਿਹਾ ਕਿ ਤੇਰੀ ਅਕਲ ਘਾਹ ਚਰਨ ਗਈ ਹੈ। ਇਸ ਮੁਲਕ ਵਿਚ ਰਾਮ ਦੇ 800 ਰਾਮ ਮੰਦਰ ਪਹਿਲਾਂ ਹੀ ਮੌਜੂਦ ਹਨ, ਇਕ ਹੋਰ ਬਣ ਜਾਵੇਗਾ ਤਾਂ 801ਵਾਂ ਹੋ ਜਾਵੇਗਾ। ਲੇਕਿਨ ਇਹ ਅੰਦੋਲਨ ਲੋਕਾਂ ਵਿਚ ਹਰਮਨਪਿਆਰਾ ਹੋ ਰਿਹਾ ਸੀ। ਉਸ ਦੀ ਹਮਾਇਤ ਵਧ ਰਹੀ ਸੀ ਜਿਸ ਦੇ ਜ਼ੋਰ ਅਸੀਂ ਦਿੱਲੀ ਵਿਚ ਸਰਕਾਰ ਬਣਾਉਣ ਦੀ ਹਾਲਤ ਤੱਕ ਪਹੁੰਚਦੇ। ਤੁਸੀਂ ਇਸ ਦਾ ਸਵਾਗਤ ਕਰ ਕੇ ਦਰਅਸਲ ਅੰਦੋਲਨ ਦੀ ਪਿੱਠ ‘ਚ ਛੁਰਾ ਮਾਰਿਆ ਹੈ… ਇਸ ਵਿਚੋਂ ਬਾਹਰ ਨਿਕਲੋ, ਕਿਉਂਕਿ ਇਹ ਸਾਡੇ ਮਨੋਰਥਾਂ ਦੀ ਪੂਰਤੀ ਵਿਚ ਅੜਿੱਕਾ ਬਣੇਗਾ।’ (ਅਯੁੱਧਿਆ: ਰਾਮਜਨਮ ਭੂਮੀ ਬਾਬਰੀ ਮਸਜਿਦ ਕਾ ਸੱਚ, ਸ਼ੀਤਲਾ ਸਿੰਘ, ਪੰਨਾ 110)।
ਹੁਣ ਜਦ ਅਦਾਲਤ ਜ਼ਰੀਏ ਮੰਦਰ ਦਾ ਨੀਂਹ-ਪੱਥਰ ਰੱਖਿਆ ਜਾ ਚੁੱਕਾ ਹੈ, ਤਾਂ ਪਿੱਛੇ ਮੁੜ ਕੇ ਦੇਵਰਸ ਦੇ ਇਸ ਬਿਆਨ ਉਪਰ ਗੌਰ ਕਰਨਾ ਜ਼ਰੂਰੀ ਹੈ। ਜੋ ਮੁੱਦਾ 33 ਸਾਲ ਪਹਿਲਾਂ ਹੱਲ ਹੋ ਚੁੱਕਾ ਸੀ, ਉਸ ਨੂੰ ਇਸ ਕਰ ਕੇ ਧੁਖਦਾ ਰੱਖਿਆ ਗਿਆ ਤਾਂ ਜੋ ਦਿੱਲੀ ਵਿਚ ਸੰਘ ਦੀ ਸਰਕਾਰ ਬਣ ਸਕੇ। ਕੀ ਉਦੋਂ ਕੋਈ ਸੋਚ ਸਕਦਾ ਸੀ ਕਿ ਸੰਘ ਅਤੇ ਭਾਜਪਾ ਦੇ Ḕਮਨੋਰਥਾਂ’ ਦੀ ਪੂਰਤੀ ਵਿਚ ਖੁਦ ਰਾਮ ਮੰਦਰ ਹੀ Ḕਅੜਿੱਕਾ’ ਹੈ? ਉਸ ਜ਼ਮਾਨੇ ਦੇ ਹਰਮਨਪਿਆਰੇ ਹਿੰਦੂ ਆਗੂ ਅਸ਼ੋਕ ਸਿੰਘਲ ਵੀ ਦੇਵਰਸ ਦੇ ਸਾਹਮਣੇ ਨਾਦਾਨ ਬਾਲਕ ਨਜ਼ਰ ਆਉਂਦੇ ਹਨ ਜਿਸ ਦੀ ਨਜ਼ਰ ਸਿਰਫ ਰਾਮ ਮੰਦਰ ਤੱਕ ਜਾ ਕੇ ਖਤਮ ਹੋ ਜਾਂਦੀ ਹੈ। ਦੇਵਰਸ 1987 ਵਿਚ ਜੋ ਸੋਚ ਰਹੇ ਸਨ, ਉਹ 1998 ਵਿਚ ਪਹਿਲੀ ਵਾਰ ਅਟਲ ਬਿਹਾਰੀ ਵਾਜਪਾਈ ਦੀ ਗੱਠਜੋੜ ਸਰਕਾਰ ਦੇ ਰੂਪ ਵਿਚ ਸਾਕਾਰ ਹੋਇਆ, ਲੇਕਿਨ ਮੁਕੰਮਲ ਪੂਰੇ 27 ਸਾਲ ਬਾਅਦ 2014 ‘ਚ ਜਾ ਕੇ ਬਹੁਮਤ ਨਾਲ ਹੀ ਹੋ ਸਕਿਆ।
ਵਾਲਟਰ ਐਂਡਰਸਨ ਅਤੇ ਸ਼੍ਰੀਧਰ ਦਾਮਲੇ (Ḕਆਰਐਸਐਸ: ਏ ਵਿਊ ਟੂ ਦਿ ਇਨਸਾਈਡ’, ਪੈਂਗੁਇਨ) ਐਵੇਂ ਹੀ ਨਹੀਂ ਕਹਿੰਦੇ ਕਿ Ḕਸੰਘ ਨੂੰ ਸਮਝ ਸਕਣਾ ਬਹੁਤ ਮੁਸ਼ਕਿਲ ਹੈ, ਲੇਕਿਨ ਉਸ ਨੂੰ ਗਲਤ ਸਮਝ ਲੈਣਾ ਬਹੁਤ ਸੌਖਾ ਹੈ।’
ਦੇਵਰਸ ਦਾ ਸਿੰਘਲ ਨੂੰ ਦੱਸਿਆ ਮਨੋਰਥ 2014 ਵਿਚ ਪੂਰਾ ਹੋਇਆ। 2019 ਵਿਚ ਇਹ ਹੋਰ ਵੀ Ḕਪੱਕੇਪੈਰੀਂ’ ਹੋ ਗਿਆ। ਇਸੇ ਪੱਕੇ ਪੈਰੀਂ ਹੋਏ ਮਨੋਰਥ ਨਾਲ ਮੰਦਰ ਦੀ ਨੀਂਹ ਰੱਖਣ ਦੀ ਖਾਨਾਪੂਰਤੀ 5 ਅਗਸਤ, ਬੁੱਧਵਾਰ ਨੂੰ ਕਰ ਦਿੱਤੀ ਗਈ। ਖਾਨਾਪੂਰਤੀ ਇਸ ਲਈ ਕਿਉਂਕਿ 1987 ਤੋਂ ਲੈ ਕੇ ਹੁਣ ਤੱਕ ਮਨੋਰਥ ਮੰਦਰ ਨਹੀਂ ਸੀ। ਇਹ ਤਾਂ ਸਾਧਨ ਸੀ। ਇਸ ਸਾਧਨ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਵਿਦਵਤਾਪੂਰਨ ਵਿਆਖਿਆਵਾਂ ਹੋ ਰਹੀਆਂ ਹਨ। ਬੀਤੇ ਤਿੰਨ ਦਿਨਾਂ ਵਿਚ ਲੱਖਾਂ ਸ਼ਬਦ ਖਰਚੇ ਜਾ ਚੁੱਕੇ ਹਨ ਲੇਕਿਨ ਭਵਿਖ ਦੀ ਤੰਦ ਉਸ ਤੱਥ ਵਿਚ ਲੁਕੀ ਹੋਈ ਹੈ ਜਿਸ ਉਪਰ ਨਾ ਵੱਖਰੇ ਤੌਰ ‘ਤੇ ਲਿਖਿਆ ਗਿਆ ਅਤੇ ਨਾ ਹੀ ਬੋਲਿਆ ਗਿਆ। ਉਹ ਤੱਥ ਕੀ ਹੈ?
2014 ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਕਦੇ ਸਰਸੰਘਚਾਲਕ ਮੋਹਨ ਭਾਗਵਤ ਨਾਲ ਮੰਚ ਸਾਂਝਾ ਨਹੀਂ ਸੀ ਕੀਤਾ। ਕਦੇ ਵੀ ਨਹੀਂ। ਚਾਹੇ ਉਹ ਸਰਕਾਰੀ ਸਮਾਗਮ ਹੋ ਰਿਹਾ ਹੋਵੇ ਜਾਂ ਗੈਰਸਰਕਾਰੀ। ਇਹ ਪਹਿਲੀ ਵਾਰ ਸੀ ਜਦ ਅਯੁੱਧਿਆ ਵਿਚ ਸਰਸੰਘਚਾਲਕ ਅਤੇ ਪ੍ਰਧਾਨ ਸੇਵਕ ਇਕ ਹੀ ਮੰਚ ਉਪਰ ਇਕੱਠੇ ਸਨ। ਇਸ ਤੋਂ ਵੀ ਵਧੇਰੇ ਗੌਰ ਕਰਨ ਵਾਲੀ ਬੜੀ ਗੱਲ ਇਹ ਸੀ ਕਿ ਭਾਗਵਤ ਦਾ ਭਾਸ਼ਨ ਪ੍ਰਧਾਨ ਮੰਤਰੀ ਤੋਂ ਪਹਿਲਾਂ ਹੋਇਆ। ਜ਼ਾਹਿਰ ਹੈ, ਸੰਘ ਦੇ ਪ੍ਰਚਾਰਕ ਨਾਲੋਂ ਬੜਾ ਸਰਸੰਘਚਾਲਕ ਹੈ। ਬੀ.ਜੇ.ਪੀ. ਤੋਂ ਬੜਾ ਆਰ ਐਸ ਐਸ਼ ਹੈ। ਇਹ ਸਰਕਾਰ ਬੀ.ਜੇ.ਪੀ. ਦੀ ਨਹੀਂ, ਆਰ ਐਸ ਐਸ਼ ਦੀ ਸਰਕਾਰ ਹੈ। ਇਸ ਘਟਨਾ ਵਿਚ ਸਮੋਏ ਮਾਇਨੇ ਕੀ ਹਨ? ਇਸ ਵਲ ਆਉਣ ਤੋਂ ਪਹਿਲਾਂ, ਸੰਘ ਦੇ ਹੀ ਇਕ ਉਘੇ ਅਹੁਦੇਦਾਰ ਸੁਨੀਲ ਅੰਬੇਕਰ ਦੇ ਲਿਖੇ ਹੋਏ ਉਪਰ ਨਜ਼ਰ ਮਾਰਦੇ ਹਾਂ।
ਬੀਤੇ 17 ਸਾਲ ਤੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਆਰ ਐਸ ਐਸ਼ ਨਾਲ ਸੰਬੰਧਤ ਵਿਦਿਆਰਥੀ ਜਥੇਬੰਦੀ) ਦੇ ਰਾਸ਼ਟਰੀ ਜਥੇਬੰਦਕ ਸਕੱਤਰ ਅਤੇ ਸੰਘ ਦੇ ਪ੍ਰਮੁੱਖ ਪ੍ਰਚਾਰਕਾਂ ਵਿਚੋਂ ਇਕ ਸੁਨੀਲ ਅੰਬੇਕਰ ਦੀ ਪਿਛਲੇ ਸਾਲ ਕਿਤਾਬ ਛਪੀ ਸੀ ਜਿਸ ਉਪਰ ਬਹੁਤੀ ਚਰਚਾ ਨਹੀਂ ਹੋ ਸਕੀ। Ḕਦਿ ਆਰ ਐਸ ਐਸ਼ ਰੋਡਮੈਪਸ ਟਵੰਟੀ ਫਰਸਟ ਸੈਂਚਰੀ’ ਨਾਂ ਦੀ ਇਸ ਕਿਤਾਬ ਦਾ ਤੁਆਰਫ ਅੱਖਾਂ ਖੋਲ੍ਹਣ ਵਾਲਾ ਹੈ। ਅੰਬੇਕਰ ਲਿਖਦੇ ਹਨ ਕਿ ਉਸ ਦੇ ਦਿਮਾਗ ਵਿਚ ਇਹ ਸਵਾਲ ਘੁੰਮ ਰਿਹਾ ਸੀ ਕਿ ਆਖਿਰ ਸੁਤੰਤਰਤਾ ਦੇ 100 ਸਾਲ ਪੂਰੇ ਹੋਣ ‘ਤੇ ਸੰਨ 2047 ਵਿਚ ਭਾਰਤ ਦੀ ਸਥਿਤੀ ਕੀ ਹੋਵੇਗੀ? ਦੂਜੇ ਹੀ ਪੈਰੇ ਵਿਚ ਉਹ ਇਸ ਦਾ ਜਵਾਬ ਦਿੰਦਾ ਹੈ, Ḕਸੰਘ ਨੂੰ ਭਾਰਤੀ ਸਮਾਜ ਤੋਂ ਜੁਦਾ ਕਰ ਕੇ ਪਛਾਨਣਾ ਅਸੰਭਵ ਹੋ ਜਾਵੇਗਾ। ਸੰਘ ਅਤੇ ਭਾਰਤੀ ਸਮਾਜ ਦਾ ਰਲੇਵਾਂ ਏਨਾ ਮੁਕੰਮਲ ਹੋ ਜਾਵੇਗਾ ਜਿਵੇਂ ਦੁੱਧ ਵਿਚ ਘੁਲੀ ਖੰਡ। ਜਿਸ ਤਰ੍ਹਾਂ ਦੁੱਧ ਨੂੰ ਹਿਲਾਉਣ ‘ਤੇ ਉਹ ਖੰਡ ਦੇ ਗੁਣ ਦਿਖਾਉਣ ਲੱਗਦਾ ਹੈ, ਉਸੇ ਤਰ੍ਹਾਂ ਭਾਰਤੀ ਸਮਾਜ ਆਪਣੀ ਸਮੁੱਚਤਾ ਵਿਚ ਸੰਘ ਦੇ ਵਿਚਾਰਾਂ ਨੂੰ ਦਰਸਾਉਣਾ ਸ਼ੁਰੂ ਕਰ ਦੇਵੇਗਾ। ਇਸ ਤਰ੍ਹਾਂ ਸੰਘ, ਭਾਰਤੀ ਸਮਾਜ ਦਾ ਦੂਜਾ ਨਾਂ ਬਣ ਜਾਵੇਗਾ ਅਤੇ ਉਸ ਦੀ ਸੁਤੰਤਰ ਹੋਂਦ ਦੀ ਜ਼ਰੂਰਤ ਆਪਣੇ ਆਪ ਹੀ ਖਤਮ ਹੋ ਜਾਵੇਗੀ।’
ਸੰਘ ਅਤੇ ਭਾਰਤੀ ਸਮਾਜ ਦੇ ਇਕ ਹੋ ਜਾਣ ਦਾ ਪ੍ਰਭਾਵ ਪ੍ਰਸ਼ਾਸਨਕ ਸੰਰਚਨਾ ਉਪਰ ਕਿਸ ਤਰ੍ਹਾਂ ਨਜ਼ਰ ਆਵੇਗਾ, ਇਹ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ 2047 ਵਿਚ ਹੁਣ ਸਿਰਫ 27 ਸਾਲ ਬਾਕੀ ਹਨ। ਯਾਦ ਰੱਖੋ, ਦੇਵਰਸ ਨੇ ਵੀ 2014 ਵਿਚ ਸੰਘ ਦੀ ਸਰਕਾਰ ਬਣਨ ਤੋਂ 27 ਸਾਲ ਪਹਿਲਾਂ (1987 ਵਿਚ) ਅਸ਼ੋਕ ਸਿੰਘਲ ਨੂੰ ਗੁਰ-ਗਿਆਨ ਦਿੱਤਾ ਸੀ। ਅੰਬੇਕਰ ਦੇ ਬਿਆਨ ਦੇ ਪ੍ਰਸੰਗ ‘ਚ ਪਹਿਲਾਂ ਤਾਂ ਸਾਨੂੰ ਅਯੁੱਧਿਆ ਦੇ ਮੰਚ ਉਪਰ ਮੋਦੀ ਅਤੇ ਭਾਗਵਤ ਦੇ ਇਕੱਠੇ ਆਉਣ (2014 ਤੋਂ ਬਾਅਦ) ਦਾ ਮੰਜ਼ਰ ਚੇਤੇ ਰੱਖਣਾ ਹੋਵੇਗਾ। ਦੂਜਾ, ਪਿਛਲੇ ਸਾਲ ਸਤੰਬਰ ਵਿਚ ਦਿੱਲੀ ਵਿਚ ਮੋਹਨ ਭਾਗਵਤ ਵਲੋਂ ਵਿਦੇਸ਼ੀ ਪੱਤਰਕਾਰਾਂ ਨਾਲ ਹੋਈ ਗੈਰਰਸਮੀ ਚਰਚਾ (ਸੰਘ ਦੇ ਇਤਿਹਾਸ ਵਿਚ ਪਹਿਲੀ ਵਾਰ) ਵਿਚ ਸਰਸੰਘਚਾਲਕ ਦੀਆਂ ਕਹੀਆਂ ਗੱਲਾਂ ਨੂੰ ਸੁਣਨਾ ਹੋਵੇਗਾ।
ਸੰਘ ਦਾ ਵਿਸ਼ਵਾਸ ਸਦਾ ਗੁਪਤ ਕੰਮ-ਢੰਗ ਵਿਚ ਰਿਹਾ ਹੈ, ਲੇਕਿਨ ਸੱਤਾ ਨੇੜੇ ਆਉਂਦੀ ਦੇਖ ਸੰਘ ਨੇ ਆਪਣਾ ਰੂਪ ਪਹਿਲੀ ਵਾਰ 2013 ‘ਚ ਬਦਲਿਆ ਜਦ ਕਲਕੱਤਾ ਵਿਚ ਉਸ ਨੇ ਪੂਰੇ ਮੁਲਕ ਦੇ ਸੰਪਾਦਕਾਂ ਅਤੇ ਪੱਤਰਕਾਰਾਂ ਨੂੰ ਸੱਦ ਕੇ ਤਿੰਨ ਦਿਨ ਦਾ ਗੈਰਰਸਮੀ ਸੈਸ਼ਨ ਕੀਤਾ। ਉਦੋਂ ਤੋਂ ਲੈ ਕੇ 2019 ਤੱਕ ਸੰਘ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਸੀ। ਵਿਦੇਸ਼ੀ ਮੀਡੀਆ ਵਿਚ ਜਦ ਮੋਦੀ ਸਰਕਾਰ ਦਾ ਅਕਸ ਵਿਗੜਨਾ ਸ਼ੁਰੂ ਹੋਇਆ ਤਾਂ ਸਰਸੰਘਚਾਲਕ ਨੂੰ ਖੁਦ ਮੈਦਾਨ ਵਿਚ ਆਉਣਾ ਪਿਆ ਅਤੇ ਸਤੰਬਰ 2019 ਵਿਚ ਉਸ ਨੇ ਚੋਣਵੇਂ ਵਿਦੇਸ਼ੀ ਮੀਡੀਆ ਨਾਲ ਦਿੱਲੀ ਵਿਚ ਸੈਸ਼ਨ ਕੀਤਾ। ਉਥੇ ਉਸ ਨੇ ਇਕ ਬੜੀ ਮਾਅਰਕੇ ਦੀ ਗੱਲ ਕਹੀ, Ḕਸੰਘ ਅਨੇਕਤਾ ਵਿਚ ਏਕਤਾ ਵਾਲੇ ਮੁਹਾਵਰੇ ਨੂੰ ਨਹੀਂ ਮੰਨਦਾ। ਸੰਘ ਏਕਤਾ ਵਿਚ ਅਨੇਕਤਾ ਦੀ ਗੱਲ ਕਰਦਾ ਹੈ।’
ਹੁਣ ਸਰਸੰਘਚਾਲਕ ਦੇ ਇਸ ਬਿਆਨ, ਅਯੁੱਧਿਆ ਦੇ ਮੰਚ ਅਤੇ ਅੰਬੇਕਰ ਦੇ ਬਿਆਨ ਨੂੰ ਜੋੜ ਕੇ ਦੇਖੀਏ ਤਾਂ ਏਕੀਕਰਨ ਦੀ ਇਕ ਤੰਦ ਹੱਥ ਆ ਜਾਂਦੀ ਹੈ। ਸਰਸੰਘਚਾਲਕ ਵੀ ਏਕਤਾ ਦੀ ਗੱਲ ਕਰ ਰਿਹਾ ਹੈ, 5 ਅਗਸਤ ਨੂੰ ਅਯੁੱਧਿਆ ਦੇ ਮੰਚ ਉਪਰ ਪਹਿਲੀ ਵਾਰ ਲੋਕਤੰਤਰੀ ਤਰੀਕੇ ਨਾਲ ਚੁਣੀ ਹੋਈ ਸਰਕਾਰ ਅਤੇ ਉਸ ਨੂੰ ਚਲਾਉਣ ਵਾਲੀ ਅਨਰਜਿਸਟਰਡ Ḕਸਭਿਆਚਾਰਕ’ ਸੰਸਥਾ ਦੀ ਏਕਤਾ ਨਜ਼ਰ ਆਉਂਦੀ ਹੈ ਅਤੇ ਅੰਬੇਕਰ ਇਸ ਸੰਸਥਾ ਤੇ ਸਮਾਜ ਦੇ ਏਕੀਕਰਨ ਦੀ ਗੱਲ ਲੰਮੀ ਦੌੜ ਵਿਚ ਕਰ ਰਹੇ ਹਨ। ਫਿਰ ਸਵਾਲ ਉਠਦਾ ਹੈ ਕਿ ਭਾਗਵਤ ਅਤੇ ਮੋਦੀ ਦਾ ਇਕ ਮੰਚ ਉਪਰ ਇਕੱਠੇ ਆਉਣਾ ਨੇੜ ਭਵਿੱਖ ਵਿਚ ਕਿਹਨਾਂ ਏਕਤਾਵਾਂ ਦਾ ਸੰਕੇਤ ਬਣੇਗਾ?
ਇਸ ਦੀ ਤੰਦ ਸੰਘ ਦੇ ਸੰਚਾਲਨ ਵਿਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ Ḕਏਕੈ ਚਾਲਕਾਨੁਵ੍ਰਤਿਤਾ’ ਦੇ ਮੰਤਰ ਵਿਚ ਲੁਕੀ ਹੋਈ ਹੈ ਇਸ ਦੇ ਮਾਇਨੇ ਹਨ ਚਾਲਕ (ਡਰਾਈਵਰ) ਇਕ ਹੀ ਹੋਵੇ, ਬਾਕੀ ਸਾਰੇ ਕੰਡਕਟਰ, ਖਲਾਸੀ ਜਾਂ ਸਵਾਰੀਆਂ ਹੋਣ। ਸਾਰਿਆਂ ਦੀ ਭੂਮਿਕਾ ਵਿਚ ਆਪਸੀ ਬਦਲਾਓ ਹੁੰਦਾ ਰਹੇਗਾ। ਚਾਲਕ ਉਹੀ ਰਹੇਗਾ। ਈਸਾਈਅਤ ਵਿਚ ਇਸ ਨੂੰ ਕਹਿੰਦੇ ਹਨ Ḕਲਾਰਡ ਇਜ਼ ਮਾਈ ਸ਼ੈਫਰਡ’ ਯਾਨੀ ਅਸੀਂ ਸਭ ਭੇਡਾਂ ਹਾਂ ਅਤੇ ਈਸ਼ਵਰ ਸਾਡਾ ਆਜੜੀ। ਆਜੜੀ ਨੂੰ ਕੀ ਚਾਹੀਦਾ ਹੁੰਦਾ ਹੈ, ਇਕ ਬਾਂਸੁਰੀ ਅਤੇ ਬਹੁਤ ਸਾਰੀਆਂ ਭੇਡਾਂ ਜਿਨ੍ਹਾਂ ਨੂੰ ਉਹ ਜਦ ਚਾਹੇ ਹੁਰਰ ਕਰ ਹਿੱਕ ਸਕੇ।
ਮੌਜੂਦਾ ਸਰਕਾਰ ਦੇ ਜ਼ਾਹਰਾ ਤੌਰ ‘ਤੇ ਦੋ ਚਾਲਕ ਹਨ: ਇਕ ਸਰਸੰਘਚਾਲਕ ਅਤੇ ਦੂਜਾ ਉਸ ਦੀ ਰਾਜਨੀਤਕ ਪਾਰਟੀ ਦਾ ਮਖੌਟਾ, ਯਾਨੀ ਪ੍ਰਚਾਰਕ ਤੇ ਪ੍ਰਧਾਨ ਸੇਵਕ ਨਰਿੰਦਰ ਮੋਦੀ। ਯਾਦ ਰੱਖੋ ਕਿ ਸੰਘ ਨੂੰ ਸਮਝਣ ਦਾ ਦਾਅਵਾ ਕਰਨ ਵਾਲੇ ਵਿਦਵਾਨ ਕਿਵੇਂ ਪਿਛਲੇ ਪੰਜ ਸਾਲ ਦੌਰਾਨ ਲਗਾਤਾਰ ਸੰਘ ਅਤੇ ਮੋਦੀ ਦਰਮਿਆਨ ਨੂਰਾ-ਕੁਸ਼ਤੀ ਨੂੰ ਅਸਲੀ ਟਕਰਾਓ ਦੇ ਰੂਪ ਵਿਚ ਦਿਖਾ ਕੇ ਖੁਦ ਨੂੰ ਰਾਹਤ ਦਿੰਦੇ ਰਹੇ ਹਨ। ਹਕੀਕਤ ਇਹ ਹੈ ਕਿ ਸੰਘ ਨੂੰ ਰਾਜਸੀ ਸੱਤਾ ਚਾਹੀਦੀ ਸੀ ਜੋ ਬੀ.ਜੇ.ਪੀ. ਦੇ ਜ਼ਰੀਏ ਉਸ ਨੂੰ ਮਿਲ ਗਈ। ਹੁਣ ਸੰਘ ਨੂੰ ਮੰਦਰ ਵੀ ਮਿਲ ਗਿਆ ਹੈ। ਇਕ ਰਾਜਨੀਤਕ ਮਖੌਟੇ ਦੇ ਰੂਪ ‘ਚ ਬੀ.ਜੇ.ਪੀ. ਦੀ ਜ਼ਰੂਰਤ ਹੁਣ ਸਹਿਜੇ-ਸਹਿਜੇ ਸੁੰਗੜ ਰਹੀ ਹੈ, ਸਿਵਾਏ ਇਸ ਦੇ ਕਿ ਹੁਣ ਵੀ ਇਸ ਮੁਲਕ ਵਿਚ ਰਾਜਨੀਤਕ ਪਾਰਟੀ ਲਈ ਚੋਣ ਕਮਿਸ਼ਨ ਤੋਂ ਰਜਿਸਟਰੇਸ਼ਨ ਕਰਾਉਣਾ ਜ਼ਰੂਰੀ ਹੈ। ਇਸ ਲਿਹਾਜ਼ ਨਾਲ ਮੋਹਨ ਭਾਗਵਤ ਅਤੇ ਨਰਿੰਦਰ ਮੋਦੀ ਦਾ ਇਕ ਜਨਤਕ ਮੰਚ ਉਪਰ ਇਕੱਠੇ ਪਹਿਲੀ ਵਾਰ ਆਉਣਾ ਭਾਜਪਾ ਸੰਚਾਲਿਤ ਸਰਕਾਰ ਅਤੇ ਸੰਘ ਦੇ ਏਕੀਕਰਨ ਦਾ ਪਹਿਲਾ ਸੰਕੇਤ ਹੈ। ਦੋ ਚਾਲਕ ਇਕੱਠੇ ਨਹੀਂ ਰਹਿ ਸਕਦੇ। ਚਾਲਕ ਇਕ ਹੀ ਹੋਵੇਗਾ। ਬਹੁਤ ਸੰਭਵ ਹੈ ਕਿ ਆਉਣ ਵਾਲੇ ਸਾਲਾਂ ਵਿਚ, ਜਦ ਆਮ ਕੋਡ ਆਫ ਕੰਡਕਟ ਤੋਂ ਲੈ ਕੇ ਸੰਵਿਧਾਨਕ ਬਦਲਾਓ ਵਰਗੇ ਕੰਮ ਸਿਲਸਿਲੇਵਾਰ ਅਤੇ ਕਾਨੂੰਨੀ ਰਾਸਤੇ ਜ਼ਰੀਏ ਪੂਰੇ ਕਰ ਲਏ ਜਾਣਗੇ ਤਾਂ ਪ੍ਰਧਾਨ ਸੇਵਕ ਅਤੇ ਸਰਸੰਘਚਾਲਕ ਦਾ ਰਸਮੀ ਰਲੇਵਾਂ ਹੋ ਜਾਵੇ।
ਇਸ ਤੋਂ ਹੈਰਾਨੀ ਹੋ ਰਹੀ ਹੋਵੇ ਤਾਂ ਗੁਆਂਢੀ ਚੀਨ ਉਪਰ ਨਜ਼ਰ ਮਾਰ ਲੈਣਾ। ਉਥੇ ਸੁਪਰੀਮ ਆਗੂ ਇਕ ਹੀ ਹੈ। ਉਥੇ ਕਮਿਊਨਿਸਟ ਪਾਰਟੀ ਦਾ ਆਗੂ ਸੱਤਾਧਾਰੀ ਹੈ। ਉਹੀ ਰਾਸ਼ਟਰ ਮੁਖੀ ਵੀ ਹੈ। ਉਹੀ ਫੌਜਾਂ ਦਾ ਮੁਖੀ ਵੀ ਹੈ। ਭਾਰਤ ਵਿਚ ਢੁੱਕਵੀਂ ਤੁਲਨਾ ਲਈ ਚੀਫ ਆਫ ਸਟਾਫ ਦੇ ਭਾਜਪਾ ਸਰਕਾਰ ਵਲੋਂ ਬਣਾਏ ਗਏ ਨਵੇਂ ਅਹੁਦੇ ਉਪਰ ਗੌਰ ਕਰ ਲਵੋਗੇ ਤਾਂ ਮਾਮਲਾ ਸ਼ਾਇਦ ਸਮਝ ਵਿਚ ਆ ਜਾਵੇ। ਚੀਨ ਵਿਚ ਪਾਰਟੀ ਅਤੇ ਰਾਸ਼ਟਰਮੁਖੀ ਦਾ ਰਲੇਵਾਂ ਕਾਫੀ ਪਹਿਲਾਂ ਹੋ ਚੁੱਕਾ ਸੀ, ਹੁਣ ਸਮਾਜ ਅਤੇ ਪਾਰਟੀ ਵਿਚ ਰਲੇਵਾਂ/ਏਕੀਕਰਨ ਚੱਲ ਰਿਹਾ ਹੈ। ਅੰਬੇਕਰ ਮੁਤਾਬਿਕ ਇਹੀ ਕੰਮ ਇੱਥੇ 27 ਸਾਲ ਪਿਛੋਂ ਪੂਰਾ ਹੋਵੇਗਾ, ਸ਼ੁਰੂ ਇਸ ਤੋਂ ਪਹਿਲਾਂ ਹੋ ਜਾਵੇਗਾ। ਇਸ ਨੂੰ ਚੀਨ ਦਾ ਮਾਡਲ ਸਮਝਣਾ ਹੋਵੇ ਤਾਂ ਸਮਝ ਲੈਣਾ, ਲੇਕਿਨ ਕਿਸੇ ਵੀ ਤਾਨਾਸ਼ਾਹਵਾਦੀ ਜਥੇਬੰਦੀ ਦਾ ਮਾਡਲ ਇਹੀ ਹੁੰਦਾ ਹੈ।
ਇਹ ਜੋ ਲੋਕਤੰਤਰੀ ਤਰੀਕੇ ਨਾਲ ਚੁਣੀ ਸਰਕਾਰ ਅਤੇ ਸੰਘ ਦੀ ਏਕਤਾ ਹੋਵੇਗੀ, ਉਸ ਤੋਂ ਬਾਅਦ ਸੰਸਕ੍ਰਿਤਕ ਆਧਾਰ ਉਪਰ ਸਮਾਜ ਨੂੰ ਇਕ ਕਰਨ ਦੇ ਯਤਨ ਤੇਜ਼ ਹੋਣਗੇ। ਇਸ ਦਾ ਆਗਾਜ਼ ਅਯੁੱਧਿਆ ਤੋਂ ਹੋ ਚੁੱਕਾ ਹੈ, ਜਿਥੇ ਰਾਮ ਮੰਦਰ ਨੂੰ ਪ੍ਰਧਾਨ ਮੰਤਰੀ ਨੇ ਆਧੁਨਿਕ ਸੰਸਕ੍ਰਿਤੀ ਦਾ ਪ੍ਰਤੀਕ ਦੱਸਿਆ ਹੈ। ਇਸੇ ਮਸਲੇ ਉਪਰ ਬੋਲਦੇ ਹੋਏ ਸੰਘ ਦੇ ਬੜੇ ਆਗੂ (ਆਰ ਐਸ ਐਸ ਦੇ Ḕਸਹਿ-ਸਰ ਕਾਰਿਆਵਾਹ’) ਡਾ. ਕ੍ਰਿਸ਼ਨਗੋਪਾਲ ਨੇ ਬੜੀ ਸਫਾਈ ਨਾਲ ਇਕ ਵੀਡੀਓ ਵਿਚ ਕਿਹਾ ਹੈ ਕਿ ਕਿਵੇਂ ਭਾਰਤੀ ਸਮਾਜ ਦੇ ਏਕੀਕਰਨ ਦੀ ਸੰਸਕ੍ਰਿਤਕ ਤੰਦ ਅਯੁੱਧਿਆ ਵਿਚ ਬਣਨ ਵਾਲਾ ਰਾਮ ਮੰਦਰ ਹੋਵੇਗਾ। ਮੋਹਨ ਭਾਗਵਤ ਵੀ ਇਹੀ ਕਹਿ ਰਹੇ ਹਨ। ਮਿਲੇ ਸੁਰ ਮੇਰਾ ਤੁਮਹਾਰਾ। ਕਿਤੇ ਕੋਈ ਮੁਸ਼ਕਿਲ ਨਹੀਂ ਹੈ। ਸਭ ਇਕਸੁਰ ਹਨ।
ਇਸ ਏਕੀਕਰਨ ਪ੍ਰਾਜੈਕਟ ਦਾ ਪਹਿਲਾ ਹਮਲਾ ਉਨ੍ਹਾਂ ਹਿੰਦੂਆਂ ਉਪਰ ਹੋਵੇਗਾ ਜੋ ਦਿਲੋਂ ਤਾਂ ਰਵਾਇਤੀ ਹਿੰਦੂ ਹਨ ਲੇਕਿਨ ਜਿਹਨਾਂ ਨੇ ਸੰਘ ਅਤੇ ਭਾਜਪਾ ਤੋਂ ਵਿੱਥ ਬਣਾਈ ਹੋਈ ਹੈ। ਇਥੇ Ḕਜੈ ਸੀਆਰਾਮ’ ਦਾ ਨਾਅਰਾ ਕੰਮ ਆਵੇਗਾ। ਹੁਣ Ḕਜੈ ਸ਼੍ਰੀਰਾਮ’ ਦੀ ਜ਼ਰੂਰਤ ਖਤਮ ਹੋ ਚੁੱਕੀ ਹੈ। ਸਮਾਜ ਠੰਢਾ ਪੈ ਚੁੱਕਾ ਹੈ। ਉਸ ਨੂੰ ਗਰਮ ਨਹੀਂ ਕਰਨਾ। ਹੋਰ ਠੰਢਾ ਕਰਨਾ ਹੈ। ਇਸ ਨੂੰ ਇਸ ਤਰ੍ਹਾਂ ਸਮਝ ਲਓ ਕਿ ਦੁੱਧ ਉਬਲ ਚੁੱਕਾ ਹੈ, ਹੁਣ ਉਸ ਨੂੰ ਫੂਕਾਂ ਮਾਰ-ਮਾਰ ਕੇ ਠੰਢਾ ਕੀਤਾ ਜਾਣਾ ਹੈ ਤਾਂ ਜੋ ਸਤਹਿ ਉਪਰ ਮਲਾਈ ਜੰਮੇ ਅਤੇ ਉਸ ਨੂੰ ਲਾਹਿਆ ਜਾ ਸਕੇ। ਇਸ ਦੁੱਧ ਤੋਂ ਜੋ ਮਲਾਈ ਲਾਹ ਕੇ ਜੁਦਾ ਕੀਤੀ ਜਾਵੇਗੀ, ਉਹ ਸਮਾਜ ਉਪਰ ਰਾਜ ਕਰਨ ਵਾਲੇ ਉਚ ਵਰਣ ਅਤੇ ਉਚ ਵਰਗ ਦੀ ਨੁਮਾਇੰਦਗੀ ਕਰੇਗੀ। ਉਸ ਦਾ ਟਰੀਟਮੈਂਟ ਵੱਖਰਾ ਹੋਵੇਗਾ, ਲੇਕਿਨ ਬਾਕੀ ਦੁੱਧ ਵਿਚ ਹੁਣ ਖੰਡ ਘੋਲਣ ਦਾ ਕੰਮ ਸ਼ੁਰੂ ਹੋ ਜਾਵੇਗਾ – ਅੰਬੇਕਰ ਦੀ ਦੱਸੀ ਹੋਈ ਖੰਡ ਯਾਨੀ ਸੰਘ। ਇਸ ਤਰ੍ਹਾਂ ਮੋਹਨ ਭਾਗਵਤ ਦੀ ਬਿਆਨ ਕੀਤੀ ਏਕਤਾ ਦਾ ਅਮਲ ਚੱਲੇਗਾ।
ਇਹ ਏਕਤਾ ਖਾੜਕੂ ਰਾਮ ਦੇ ਸਹਾਰੇ ਨਹੀਂ, ਉਦਾਰ ਰਾਮ ਦੇ ਸਹਾਰੇ ਬਣੇਗੀ। ਜਿਸ ਰਾਮ ਅਤੇ ਹਨੂੰਮਾਨ ਦੀ ਅਭੈ ਮੁਦਰਾ ਦਾ ਹਵਾਲਾ ਦੇ ਦੇ ਕੇ ਉਦਾਰਵਾਦੀ ਸੰਘ ਦੀ ਆਲੋਚਨਾ ਕਰਦੇ ਰਹੇ ਹਨ, ਸੰਘ ਹੁਣ ਉਸੇ ਅਕਸ ਉਪਰ ਵਾਪਸ ਆ ਗਿਆ ਹੈ। ਉਦਾਰਵਾਦੀਆਂ ਦੇ ਤਰਕਸ਼ ਹੁਣ ਖਾਲੀ ਹੋਣ ਵਾਲੇ ਹਨ। ਇਹੀ ਵਜ੍ਹਾ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੀ ਕਦੇ ਏਨੀ ਆਲੋਚਨਾ ਨਹੀਂ ਹੋਈ ਜਿੰਨੀ 5 ਅਗਸਤ ਨੂੰ ਪ੍ਰਿਅੰਕਾ ਗਾਂਧੀ ਦੀ ਚਿੱਠੀ ਨੂੰ ਲੈ ਕੇ ਹੋਈ। ਰਾਹੁਲ ਗਾਂਧੀ ਪਹਿਲਾਂ ਵੀ ਮੰਦਰ ਜਾਂਦਾ ਰਿਹਾ ਹੈ, ਵੇਦ ਪੁਰਾਣ ਦੀ ਗੱਲ ਕਰਦਾ ਰਿਹਾ ਹੈ ਲੇਕਿਨ ਉਦੋਂ ਇਹ ਉਦਾਰ ਹਿੰਦੂ ਮੁਹਾਵਰਾ ਕਿਸੇ ਕੰਮ ਦਾ ਨਹੀਂ ਜਾਪਦਾ ਸੀ। ਅਯੁੱਧਿਆ ਵਿਚ ਮੋਦੀ ਦੇ ਸੌ ਰਾਮਾਇਣ ਵਾਲੇ ਅਤਿ-ਉਦਾਰ ਅਤੇ ਸਾਰਿਆਂ ਨੂੰ ਆਪਣੇ ਵਿਚ ਸਮੋਣ ਵਾਲੇ ਭਾਸ਼ਣ ਤੋਂ ਬਾਅਦ ਕਾਂਗਰਸ ਦਾ ਉਦਾਰ ਹਿੰਦੂ ਸਿੱਕਾ ਅਚਾਨਕ ਖੋਟਾ ਹੋ ਗਿਆ, ਜਿਸ ਦਾ ਗੁੱਸਾ ਉਸੇ ਦਿਨ ਸਮੁੱਚੇ ਉਦਾਰ ਲਾਣੇ ਨੇ ਪ੍ਰਿਅੰਕਾ ਅਤੇ ਰਾਹੁਲ ਉਪਰ ਕੱਢਿਆ। ਹੁਣ ਉਦਾਰ ਲਾਣੇ ਨੂੰ ਸੰਘ ਨਾਲ ਲੜਨ ਲਈ ਕੋਈ ਉਪਾਅ ਨਹੀਂ ਸੁੱਝ ਰਿਹਾ, ਤਾਂ ਉਹ ਇਸੇ ਵਿਚ ਮੱਥਾ ਮਾਰਨ ਲੱਗੇ ਹੋਏ ਹਨ ਕਿ ਅੱਗੇ ਸੰਘ ਦੀ ਰਣਨੀਤੀ ਕੀ ਹੋਵੇਗੀ।
___________________________
ਆਰ ਐਸ ਐਸ ਦੀ ਰਣਨੀਤੀ
ਸੰਘ ਦੀ ਰਣਨੀਤੀ ਬਹੁਤ ਸਾਫ ਹੈ। ਸੰਘ ਨੂੰ ਹੁਣ ਖੁਦ ਨੂੰ ਥੋੜ੍ਹਾ ਨਰਮ ਕਰਨ ਦੇ ਅਮਲ ਵਿਚ ਜਾਣਾ ਪਵੇਗਾ। ਇਸ 6 ਮਈ ਨੂੰ ਇਕ ਵਾਰ ਫਿਰ ਸੰਘ ਨੇ ਵਿਦੇਸ਼ੀ ਪੱਤਰਕਾਰਾਂ ਨਾਲ ਮੀਟਿੰਗ ਕੀਤੀ। ਇਸ ਵਾਰ ਆਰ ਐਸ ਐਸ ਦੇ ਸਹਾਇਕ ਜਨਰਲ ਸਕੱਤਰ ਦੱਤਾਤ੍ਰੇਆ ਹੋਸਬੋਲੇ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅੱਧੇ ਘੰਟੇ ਤੱਕ ਸੰਘ ਦੇ ਕੰਮਕਾਰ, ਵਿਚਾਰਾਂ ਅਤੇ ਦ੍ਰਿਸ਼ਟੀ ਉਪਰ ਵਿਦੇਸ਼ੀ ਪੱਤਰਕਾਰਾਂ ਨੂੰ ਲੈਕਚਰ ਦਿੱਤਾ। ਕਰੋਨਾ ਦਰਮਿਆਨ ਇਹ ਖਬਰ ਕਿਤੇ ਵੀ ਨਜ਼ਰ ਨਹੀਂ ਆਈ। ਸੰਘ ਹੁਣ ਐਲਾਨੀਆ ਰੂਪ ‘ਚ ਆਪਣੇ ਖੋਲ ਤੋਂ ਬਾਹਰ ਆ ਚੁੱਕਾ ਹੈ। ਉਹ ਹੁਣ ਸੰਸਕ੍ਰਿਤਕ (ਸਭਿਆਚਾਰਕ) ਜਥੇਬੰਦੀ ਨਹੀਂ ਰਿਹਾ। ਕੁਝ ਲੋਕ ਇਸ ਦੀ ਵਿਆਖਿਆ ਸੰਘ ਦੇ ਭ੍ਰਿਸ਼ਟ ਅਤੇ ਪਤਿਤ ਹੋ ਜਾਣ ਦੇ ਰੂਪ ‘ਚ ਕਰਦੇ ਹਨ, ਲੇਕਿਨ ਉਹ ਨਹੀਂ ਜਾਣਦੇ ਕਿ ਸੰਘ ਦੀ ਮੁਕਤੀ ਉਸ ਦੇ ਫਨਾਹ ਹੋ ਜਾਣ ‘ਚ ਹੀ ਹੈ। ਇਹ ਫਨਾਹ ਹੋਣਾ ਦਰਅਸਲ ਦੇਹ ਬਦਲਣ ਵਰਗਾ ਹੈ ਜਿਸ ਨੂੰ ਅਸੀਂ ਦੂਜੀ ਕਾਇਆ ‘ਚ ਪ੍ਰਵੇਸ਼ ਕਰਨਾ ਕਹਿੰਦੇ ਹਾਂ।
ਸੰਘ ਅਤੇ ਮੌਜੂਦਾ ਸਰਕਾਰ ਦੇ ਖਿਲਾਫ ਕੋਈ ਵੀ ਸੰਘਰਸ਼ ਜੇ ਇਸ ਨੁਕਤੇ ਨੂੰ ਸਮਝੇ ਬਗੈਰ ਕੀਤਾ ਜਾਂਦਾ ਹੈ ਤਾਂ ਉਹ ਹਵਾ ਵਿਚ ਤਲਵਾਰਾਂ ਵਾਹੁਣ ਤੋਂ ਬਿਨਾਂ ਹੋਰ ਕੁਝ ਨਹੀਂ ਹੋਵੇਗਾ।