ਖਾਲਿਸਤਾਨ ਦੀ ਸਿਆਸਤ ਬਨਾਮ ਗੁਰਬਾਣੀ ਦੀ ਸਰਬ ਸਾਂਝੀਵਾਲਤਾ

ਖਾਲਿਸਤਾਨ ਅਤੇ ਸਿੱਖ ਸਿਆਸਤ ਬਾਰੇ ਚੱਲ ਰਹੀ ਬਹਿਸ ਦੌਰਾਨ ਐਤਕੀਂ ਹਾਕਮ ਸਿੰਘ ਦਾ ਲੇਖ ਛਾਪਿਆ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਇਕ ਵਾਰ ਫਿਰ ਕੁਝ ਕੁ ਸਵਾਲ ਉਠਾਏ ਹਨ। ਇਨ੍ਹਾਂ ਸਵਾਲਾਂ ਬਾਰੇ ਅਕਸਰ ਜਾਂ ਤਾਂ ਖਾਮੋਸ਼ੀ ਧਾਰ ਲਈ ਜਾਂਦੀ ਹੈ ਜਾਂ ਫਿਰ ਇਨ੍ਹਾਂ ਦੀ ਵਿਆਖਿਆ ਆਪਣੇ ਢੰਗ ਨਾਲ ਕਰ ਲਈ ਜਾਂਦੀ ਹੈ, ਜਦਕਿ ਹਕੀਕਤ ਇਹ ਹੈ ਕਿ ਇਨ੍ਹਾਂ ਸਵਾਲਾਂ ਦਾ ਸਾਹਮਣਾ ਕੀਤੇ ਬਿਨਾ ਕੋਈ ਵੀ ਗੱਲ ਤੁਰ ਸਕਣੀ ਮੁਸ਼ਕਿਲ ਜਾਪਦੀ ਹੈ।

-ਸੰਪਾਦਕ

ਹਾਕਮ ਸਿੰਘ
‘ਪੰਜਾਬ ਟਾਈਮਜ਼’ ਦੀ ਖਾਲਿਸਤਾਨ ਬਾਰੇ ਚੱਲ ਰਹੀ ਵਿਚਾਰ-ਚਰਚਾ ਵਿਚ ਹਰਚਰਨ ਸਿੰਘ ਪਰਹਾਰ ਨੇ ਖਾਲਿਸਤਾਨ ਦੇ ਉਪਾਸ਼ਕਾਂ ਨੂੰ ਸੱਚ ਦਾ ਸਾਹਮਣਾ ਕਰਾਇਆ ਹੈ ਅਤੇ ਪ੍ਰੀਤਮ ਸਿੰਘ ਕੁਮੇਦਾਨ ਨੇ ਉਨ੍ਹਾਂ ਤੋਂ ਬਹੁਤ ਸਿੱਧੇ ਸਵਾਲ ਪੁੱਛੇ ਹਨ, ਜਿਨ੍ਹਾਂ ਦੇ ਜਵਾਬ ਉਨ੍ਹਾਂ ਨੂੰ ਦੇਣੇ ਬਣਦੇ ਹਨ। ਮੇਰੇ ਪੁਰਾਣੇ ਮਿੱਤਰ ਡਾ. ਬਲਕਾਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ ਅਤੇ ਉਸ ਨੇ ਪਰਹਾਰ ਅਤੇ ਕੁਮੇਦਾਨ ਦੇ ਵਿਚਾਰਾਂ ਦੀ ਤਾਈਦ ਕੀਤੀ ਹੈ। ਇਸ ਵਿਸ਼ੇ ‘ਤੇ ਵਖਰੇ ਨਜ਼ਰੀਏ ਤੋਂ ਵੀ ਵਿਚਾਰ ਕਰਨ ਦੀ ਲੋੜ ਹੈ। ਖਾਲਿਸਤਾਨ ਦੇ ਉਪਾਸ਼ਕਾਂ ਤੋਂ ਇਹ ਪੁਛਣਾ ਬਣਦਾ ਹੈ ਕਿ ਖਾਲਿਸਤਾਨ ਦਾ ਸੰਘਰਸ਼ ਕਿਸ ਮਾਨਵਵਾਦੀ ਉਦੇਸ਼ ਦੀ ਪ੍ਰਾਪਤੀ ਲਈ ਕੀਤਾ ਜਾ ਰਿਹਾ ਹੈ? ਇਤਿਹਾਸ ਗਵਾਹ ਹੈ ਕਿ ਆਜ਼ਾਦੀ ਦਾ ਹਰ ਸੰਘਰਸ਼ ਮਾਨਵਵਾਦੀ ਉਦੇਸ਼ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਰਿਹਾ ਹੈ। ਫਰਾਂਸ ਅਤੇ ਅਮਰੀਕਾ ਦੇ ਇਨਕਲਾਬ ਮਨੁੱਖਤਾ ਦੀ ਆਜ਼ਾਦੀ ਦੇ ਸੰਘਰਸ਼ ਸਨ। ਯੂਰਪ ਵਿਚ ਪਲੈਟੋ (ਅਫਲਾਤੂਨ) ਤੇ ਅਰਸਤੂ ਦੇ ਵਿਚਾਰਾਂ ਅਤੇ ਈਸਾਈ ਚਰਚ ਦੇ ਸੁਧਾਰ (੍ਰeੋਰਮਅਟਿਨ) ਤੋਂ ਪ੍ਰਭਾਵਤ ਹੋਈ ਪੁਨਰ ਜਾਗ੍ਰਿਤੀ (੍ਰeਨਅਸਿਸਅਨਚe) ਲਹਿਰ ਵਿਚ ਅਨੇਕਾਂ ਚਿੰਤਕਾਂ ਦੇ ਮਾਨਵਵਾਦੀ ਵਿਚਾਰਾਂ ਨੇ ਯੂਰਪੀ ਕੌਮਾਂ ਵਿਚ ਇਨਕਲਾਬ ਲੈ ਆਂਦਾ ਸੀ ਅਤੇ ਉਨ੍ਹਾਂ ਨੂੰ ਦੁਨੀਆਂ ‘ਤੇ ਦਬਦਬਾ ਕਾਇਮ ਕਰਨ ਦੇ ਸਮਰੱਥ ਬਣਾ ਦਿੱਤਾ ਸੀ। ਕਾਰਲ ਮਾਰਕਸ ਦੇ ਕੈਪੀਟਲ (ਧਅਸ ਖਅਪਟਿਅਲ) ਤੇ ਕਮਿਊਨਿਸਟ ਮੈਨੀਫੈਸਟੋ ਦੇ ਵਿਚਾਰਾਂ ਨੇ ਦੁਨੀਆਂ ਭਰ ਵਿਚ ਕਾਮਿਆਂ ਦੇ ਅਧਿਕਾਰਾਂ ਅਤੇ ਮਨੁੱਖਤਾ ਦੀ ਆਜ਼ਾਦੀ ਦੀ ਲਹਿਰ ਨੂੰ ਜਨਮ ਦਿੱਤਾ ਤੇ ਸਫਲ ਬਣਾਇਆ ਸੀ। ਲੈਨਿਨ ਦੇ ਵਿਚਾਰਾਂ ਨੇ ਰੂਸ ਵਿਚ ਇਨਕਲਾਬ ਲੈ ਆਂਦਾ ਸੀ। ਮਾਓ ਸੇ ਤੁੰਗ ਦੇ ਵਿਚਾਰਾਂ ਨੇ ਹੀ ਚੀਨ ਵਿਚ ਸਾਮਰਾਜੀ ਸ਼ਕਤੀਆਂ ਦੀ ਦਖਲ-ਅੰਦਾਜ਼ੀ ਖਤਮ ਕੀਤੀ ਸੀ। ਮਹਾਨ ਚਿੰਤਕ ਹੋ ਚੀ ਮਿੰਨ੍ਹ ਦੇ ਮਾਨਵਵਾਦੀ ਵਿਚਾਰਾਂ ਨੇ ਵੀਅਤਨਾਮ ਨੂੰ ਫਰਾਂਸ ਅਤੇ ਅਮਰੀਕਾ ਜੈਸੇ ਤਾਕਤਵਰ ਸਾਮਰਾਜਾਂ ਨੂੰ ਹਰਾਉਣ ਦੇ ਸਮਰੱਥ ਬਣਾ ਦਿੱਤਾ ਸੀ। ਭਾਰਤ, ਅਫਰੀਕਾ ਅਤੇ ਦਖਣੀ ਅਮਰੀਕਾ ਦੇ ਦੇਸ਼ਾਂ ਦੀ ਆਜ਼ਾਦੀ ਵੀ ਮਾਨਵਵਾਦੀ ਉਦੇਸ਼ ਲਈ ਸੰਘਰਸ਼ਾਂ ਦਾ ਨਤੀਜਾ ਸਨ। ਪ੍ਰਾਚੀਨ ਕਾਲ ਵਿਚ ਮਹਾਤਮਾ ਬੁੱਧ ਦੇ ਮਾਨਵਵਾਦੀ ਵਿਚਾਰਾਂ ਨੇ ਅਸ਼ੋਕ ਨੂੰ ਮਹਾਨ ਬਣਾਇਆ ਅਤੇ ਏਸ਼ੀਆ ਦੇ ਸਭਿਆਚਾਰ ਨੂੰ ਸਹਾਰਾ ਦਿੱਤਾ ਸੀ। ਇਸਲਾਮ ਵਿਚ ਮਾਨਵਤਾ ਦੀ ਕਦਰ ਕਾਰਨ ਹੀ ਦੁਨੀਆਂ ਵਿਚ ਉਸ ਦੀ ਸਫਲਤਾ ਸੰਭਵ ਹੋ ਸਕੀ ਸੀ। ਪੰਜਾਬੀ ਕੌਮ ਦਾ ਉਗਮਨ ਅਤੇ ਪੰਜਾਬ ਵਿਚ ਆਜ਼ਾਦ ਰਾਜ ਦੀ ਸਥਾਪਨਾ ਗੁਰੂ ਨਾਨਕ ਦੀ ਵਿਚਾਰਧਾਰਾ ਦੀ ਦੇਣ ਸੀ। ਦੇਖਿਆ ਜਾਵੇ ਤਾਂ ਹਿੰਦੂ ਧਰਮ ਦੀ ਹਜ਼ਾਰਾਂ ਸਾਲ ਲੰਮੀ ਗੁਲਾਮੀ ਉਸ ਦੇ ਅਮਾਨਵੀ ਜਾਤ-ਪਾਤ ਪ੍ਰਣਾਲੀ ਦਾ ਨਤੀਜਾ ਸੀ।
ਖਾਲਿਸਤਾਨ ਦੇ ਸੰਕਲਪ ਨੂੰ ਅਕਸਰ ਤਿੰਨ ਮੂਲ ਅੰਗਾਂ ‘ਤੇ ਆਧਾਰਤ ਦੱਸਿਆ ਜਾਂਦਾ ਹੈ: (1) ਗੁਰੂ ਗ੍ਰੰਥ ਸਾਹਿਬ ਦੀ ਬਾਣੀ, (2) ਗੁਰੂ ਸਾਹਿਬਾਨ ਦੀਆਂ ਜੀਵਨੀਆਂ, ਅਤੇ (3) ਸਿੱਖ ਪੰਥ ਦਾ ਇਤਿਹਾਸ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਧਿਆਤਮਕ ਗਿਆਨ ਹੈ ਅਤੇ ਖਾਲਿਸਤਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕੁਝ ਸ਼ਰਧਾਲੂਆਂ ਵਲੋਂ ਚਿਤਵਿਆ ਪੰਜਾਬ ਦਾ ਰਾਜ ਪ੍ਰਬੰਧ। ਅਧਿਆਤਮਕ ਗਿਆਨ ਅਤੇ ਰਾਜ ਪ੍ਰਬੰਧ ਵਿਚ ਕੋਈ ਸਾਂਝ ਨਹੀਂ ਹੈ। ਮਾਨਵ ਇਤਿਹਾਸ ਅੰਦਰ ਇਹ ਬਹਿਸ ਨਵੀਂ ਨਹੀਂ, ਸਦੀਆਂ ਪੁਰਾਣੀ ਹੈ। ਯੂਰਪ ਅੰਦਰ 16ਵੀਂ ਸਦੀ ਵਿਚ ਲੱਖਾਂ-ਕਰੋੜਾਂ ਲੋਕਾਂ ਦੀਆਂ ਜਾਨਾਂ ਲਈਆਂ। ਪੂਰਾ ਯੂਰਪ ਕਬਰਸਿਤਾਨ ਬਣ ਗਿਆ ਤਾਂ ਜਾ ਕੇ ਸ਼ਾਂਤੀ ਹੋਈ ਅਤੇ ਉਹ ਲੋਕ ਚਰਚ ਨੂੰ ਇਕ ਦੂਜੇ ਨੂੰ ਜੁਦਾ ਕਰਨ ਲਈ ਰਜ਼ਾਮੰਦ ਹੋਏ। ਪਿਛਲੀ ਅੱਧੀ ਸਦੀ ਤੋਂ ਇਸਲਾਮੀ ਜਗਤ ਦੇ ਬਹੁਤੇ ਦੇਸ਼ ਇਕ ਵਾਰ ਮੁੜ ਫਸੇ ਹੋਏ ਹਨ ਅਤੇ ਇਕ ਦੂਸਰੇ ਦਾ ਖੂਨ ਵਹਾ ਰਹੇ ਹਨ। ਸਾਡੀਆਂ ਗਰਮ ਧਿਰਾਂ ਨੂੰ ਇਸ ਖੂਨੀ ਇਤਿਹਾਸ ਤੋਂ ਪੂਰਨ ਠਰੰਮੇ ਨਾਲ ਸਬਕ ਸਿੱਖਣਾ ਚਾਹੀਦਾ ਸੀ ਅਤੇ ਦਰਸ਼ਨ-ਦਿੱਗ ਦਰਸ਼ਨ ਵਾਲੀ ਬਹਿਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਰਿਆਸਤ ਅਤੇ ਖਾਲਿਸਤਾਨ ਦੇ ਸਮਰਥਕਾਂ ਨੂੰ ਇਹ ਦੱਸਣਾ ਬਣਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਕਿਸ ਬਾਣੀ ਵਿਚ ਉਨ੍ਹਾਂ ਵਲੋਂ ਚਿਤਵੇ ਰਾਜ ਪ੍ਰਬੰਧ ਬਾਰੇ ਕੀ ਉਪਦੇਸ਼ ਹੈ? ਪਰ ਉਨ੍ਹਾਂ ਦੇ ਕਿਸੇ ਵੀ ਲੀਡਰ, ਬੁਲਾਰੇ ਜਾਂ ਚਿੰਤਕ ਨੇ ਸੁਬੋਧ ਤਰੀਕੇ ਨਾਲ ਐਸਾ ਨਹੀਂ ਕੀਤਾ। ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਪਣੇ ਨਿਸ਼ਚੇ ਨੂੰ ਹੀ ਖਾਲਿਸਤਾਨ ਦਾ ਆਧਾਰ ਮੰਨੀ ਅਤੇ ਪ੍ਰਚਾਰੀ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਗੁਰਮਤਿ ਗਿਆਨ ਨਹੀਂ ਹੁੰਦੀ। ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਰਾਜ ਪ੍ਰਬੰਧ ਨਾਲ ਕੋਈ ਵਾਸਤਾ ਹੀ ਨਹੀਂ ਹੈ। ਉਸ ਦਾ ਤਾਂ ਸਪਸ਼ਟ ਨਿਰਣਾ ਹੈ,
ਰਾਜੁ ਨ ਚਾਹਉ ਮੁਕਤਿ ਨ ਚਾਹਉ
ਮਨਿ ਪ੍ਰੀਤਿ ਚਰਨ ਕਮਲਾਰੇ॥ (ਪੰਨਾ 534)
ਗੁਰਬਾਣੀ ਤਾਂ ਰਾਜ ਨੂੰ ਕਪਟ ਆਖਦੀ ਹੈ,
ਰਾਜ ਕਪਟੰ ਰੂਪ ਕਪਟੰ
ਧਨ ਕਪਟੰ ਕੁਲ ਗਰਬਤਹ॥ (ਪੰਨਾ 708)
ਗੁਰੂ ਸਾਹਿਬਾਨ ਦੀਆਂ ਜੀਵਨੀਆਂ ਦਾ ਵੀ ਖਾਲਿਸਤਾਨ ਦੇ ਸੰਕਲਪ ਨਾਲ ਕੋਈ ਸਬੰਧ ਨਹੀਂ ਹੈ। ਉਦਾਸੀ ਅਤੇ ਨਿਰਮਲੇ ਸਾਧੂਆਂ ਨੇ ਆਪਣੇ ਵਿਚਾਰਾਂ ਨੂੰ ਗੁਰਬਾਣੀ ਦੀ ਵਿਚਾਰਧਾਰਾ ਨਾਲ ਰਲਗੱਡ ਕਰਨ ਲਈ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਦਾ ਵਿਸਤ੍ਰਿਤ ਮਿਥਿਹਾਸ ਰਚ ਦਿੱਤਾ ਸੀ ਜੋ ਹੁਣ ਤਕ ਇਤਿਹਾਸ ਵਜੋਂ ਪ੍ਰਚਾਰਿਆ ਜਾਂਦਾ ਹੈ। ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਦੀ ਤਾਂ ਕਈ ਗੁਰਦੁਆਰਿਆਂ ਵਿਚ ਕਥਾ ਵੀ ਕੀਤੀ ਜਾਂਦੀ ਹੈ। ਇਸ ਸਬੰਧ ਵਿਚ ਇੱਕ ਤੱਥ ਧਿਆਨਯੋਗ ਹੈ। ਗੁਰੂ ਨਾਨਕ ਸਾਹਿਬ ਨੇ ਕੋਈ ਗੁਰਗੱਦੀ ਸਥਾਪਤ ਨਹੀਂ ਸੀ ਕੀਤੀ। ਗੁਰਬਾਣੀ ਤਾਂ ਸ਼ਬਦ ਨੂੰ ਗੁਰੂ ਮੰਨਦੀ ਹੈ,
ਸਬਦੁ ਗੁਰੂ ਪੀਰਾ ਗਹਿਰ ਗੰਭੀਰਾ
ਬਿਨੁ ਸਬਦੈ ਜਗੁ ਬਉਰਾਨੰ॥ (ਪੰਨਾ 635)
ਗੁਰੂ ਕੋਈ ਗੱਦੀ ਜਾਂ ਸੈਨਿਕ ਗੁਣ ਨਹੀਂ ਹੈ। ਸਿਰਫ ਉਹੋ ਵਿਅਕਤੀ ਗੁਰੂ ਅਖਵਾਉਣ ਦੇ ਯੋਗ ਹੁੰਦਾ ਸੀ, ਜਿਸ ਨੇ ਆਪਣਾ ਜੀਵਨ ਅਧਿਆਤਮਕ ਗਿਆਨ ਦੀ ਸਿਖਿਆ ਅਤੇ ਸੰਚਾਰ ਲਈ ਸਮਰਪਿਤ ਕੀਤਾ ਹੋਵੇ, ਕਿਉਂਕਿ ਸਿਖਿਆ ਪ੍ਰਦਾਨ ਕਰਨ ਵਾਲੇ ਨੂੰ ਹੀ ਗੁਰੂ ਮੰਨਿਆ ਜਾਂਦਾ ਹੈ; ਪਰ ਗੁਰ ਪਰਿਵਾਰਾਂ ਵਿਚ ਗੁਰੂ ਨਾਲੋਂ ਗੱਦੀ ਨੂੰ ਮਹਤੱਤਾ ਦੇਣ ਦੀ ਰੀਤ ਚੱਲ ਪਈ ਸੀ, ਜੋ ਗੁਰਬਾਣੀ ਦੀ ਸਿਖਿਆ ਅਤੇ ਸੰਚਾਰ ਵਿਚ ਰੁਕਾਵਟ ਬਣਨ ਦੇ ਨਾਲ ਨਾਲ ਪਰਿਵਾਰਕ ਖਿਚੋਤਾਣ ਦਾ ਕਾਰਨ ਬਣ ਗਈ। ਗੁਰੂ ਅਮਰਦਾਸ ਜੀ ਦੀ ਸੰਤਾਨ ਤੋਂ ਸ਼ੁਰੂ ਹੋਈ ਗੱਦੀ ਲਈ ਖਿਚੋਤਾਣ ਗੁਰੂ ਸਾਹਿਬਾਨ ਦੀਆਂ ਸ਼ਹੀਦੀਆਂ, ਉਜਾੜੇ ਅਤੇ ਜੰਗਾਂ ਦਾ ਕਾਰਨ ਬਣ ਗਈ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਸ਼ਹੀਦੀ ‘ਤੇ ਖਤਮ ਹੋਈ।
ਖਾਲਿਸਤਾਨ ਦੇ ਸਮਰਥਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਦਾ ਜ਼ਿਕਰ ਤਾਂ ਸਿਰਫ ਰਸਮੀ ਤੌਰ ‘ਤੇ ਲੋਕਾਂ ਨੂੰ ਪ੍ਰਭਾਵਤ ਕਰਨ ਲਈ ਹੀ ਕਰਦੇ ਹਨ ਪਰ ਖਾਲਿਸਤਾਨ ਦਾ ਅਸਲੀ ਆਧਾਰ ਤਾਂ ਸਿੱਖ ਇਤਿਹਾਸ ਨੂੰ ਮੰਨਦੇ ਤੇ ਪ੍ਰਚਾਰਦੇ ਹਨ; ਪਰ ਸਿੱਖ ਇਤਿਹਾਸ ਵਿਚ ਵੀ ਖਾਲਿਸਤਾਨ ਜੈਸੇ ਨਿਰੋਲ ਸਿੱਖ ਧਰਮ ਦੇ ਰਾਜ ਦਾ ਕੋਈ ਜ਼ਿਕਰ ਨਹੀਂ ਮਿਲਦਾ। ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਹੀ ਉਨ੍ਹਾਂ ਨੂੰ ਖਾਲਿਸਤਾਨ ਦਾ ਆਧਾਰ ਬਣਾਇਆ ਜਾ ਸਕਦਾ ਹੈ। ਸਿੱਖ ਇਤਿਹਾਸ ਦੇ ਤੱਥਾਂ ‘ਤੇ ਵਿਚਾਰ ਕਰਨ ਨਾਲ ਹੀ ਉਨ੍ਹਾਂ ਦੇ ਖਾਲਿਸਤਾਨ ਨਾਲ ਸਬੰਧਾਂ ਦੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਇਸ ਲਈ ਸਿੱਖ ਇਤਿਹਾਸ ‘ਤੇ ਸਰਸਰੀ ਨਜ਼ਰ ਮਾਰਨ ਦਾ ਯਤਨ ਕਰਦੇ ਹਾਂ।
ਬੰਦਾ ਬਹਾਦਰ ਨੂੰ ਮਰਾਠਿਆਂ ਦੇ ਜੰਗ ਲੜਨ ਅਤੇ ਲੁੱਟ ਮਾਰ ਕਰਨ ਦੇ ਢੰਗਾਂ ਦਾ ਗਿਆਨ ਸੀ। ਉਸ ਨੇ ਪੰਜਾਬ ਦੇ ਮੁਗਲ ਸ਼ਾਸਨ ‘ਤੇ ਹਮਲਾ ਕਰ ਦਿੱਤਾ, ਜਿਸ ਵਿਚ ਬਿਨਾਸ਼ਕ ਉਸ ਦੀਆਂ ਪ੍ਰਾਪਤੀਆਂ ਤਾਂ ਹੋਈਆਂ ਪਰ ਅੰਤ ਨੂੰ ਉਸ ਦੀ ਹਾਰ ਹੋ ਗਈ ਅਤੇ ਉਸ ਨੂੰ ਬੰਦੀ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ। ਉਸ ਦੇ ਹਮਲੇ ਦਾ ਬਦਲਾ ਲੈਣ ਲਈ ਮੁਗਲ ਸ਼ਾਸਨ ਨੇ ਸਿੱਖਾਂ ਦੀ ਨਸਲਕੁਸ਼ੀ ਦਾ ਐਲਾਨ ਕਰ ਦਿੱਤਾ। ਸਿੱਖਾਂ ਨੂੰ ਆਪਣੇ ਬਚਾਓ ਲਈ ਘਰ ਬਾਰ ਛੱਡ ਕੇ ਜੰਗਲਾਂ ਵਿਚ ਪਨਾਹ ਲੈਣੀ ਪਈ। ਜੰਗਲਾਂ ਵਿਚ ਰਹਿੰਦੇ ਸਿੱਖ ਸੰਗਠਿਤ ਹੋ ਕੇ ਮੁਗਲਾਂ ਨਾਲ ਗੁਰੀਲਾ ਜੰਗ ਕਰਨ ਲੱਗ ਪਏ। ਗੁਰੀਲਾ ਜੰਗ ਕਰਦਿਆਂ ਉਨ੍ਹਾਂ ਦੀ ਜੰਗੀ ਸ਼ਕਤੀ ਵਧ ਗਈ। ਸਿੱਖਾਂ ਦੀ ਵਧਦੀ ਸ਼ਕਤੀ ਦੇਖ ਕੇ ਪੰਜਾਬ ਦੇ ਗਵਰਨਰ ਜ਼ਕਰੀਆ ਖਾਨ ਨੇ ਉਨ੍ਹਾਂ ਨਾਲ ਸਮਝੌਤਾ ਕਰਨ ਲਈ ਨਵਾਬੀ ਦੇ ਪੇਸ਼ਕਸ਼ ਕਰ ਦਿੱਤੀ, ਜੋ ਉਨ੍ਹਾਂ ਮਨਜ਼ੂਰ ਕਰ ਲਈ।
ਮਰਾਠਿਆਂ ਦੇ ਹਮਲਿਆਂ ਅਤੇ ਮੁਗਲਾਂ ਦੀ ਖਾਨਾਜੰਗੀ ਨੇ ਮੁਗਲ ਰਾਜ ਬਹੁਤ ਕਮਜ਼ੋਰ ਕਰ ਦਿੱਤਾ ਸੀ। ਦਿੱਲੀ ਲੁੱਟਣ ਦੀ ਮਨਸ਼ਾ ਨਾਲ ਇਰਾਨ ਦੇ ਬਾਦਸ਼ਾਹ, ਨਾਦਰ ਸ਼ਾਹ ਨੇ ਹਿੰਦੋਸਤਾਨ ‘ਤੇ ਹਮਲਾ ਕਰ ਦਿੱਤਾ ਅਤੇ ਕਰਨਾਲ ਵਿਚ ਮੁਗਲ ਬਾਦਸ਼ਾਹ ਨੂੰ ਹਰਾ ਕੇ ਦਿੱਲੀ ਵਿਚ ਕਤਲੇਆਮ ਤੇ ਲੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਨਾਦਰ ਸ਼ਾਹ ਦੀ ਫੋਜ ਦਿੱਲੀ ਲੁੱਟ ਕੇ ਹਜ਼ਾਰਾਂ ਔਰਤਾਂ ਅਤੇ ਬੰਦਿਆਂ ਨੂੰ ਗੁਲਾਮ ਬਣਾ ਕੇ ਵਾਪਸ ਜਾ ਰਹੀ ਸੀ ਤਾਂ ਸਿੱਖ ਗੁਰੀਲਾ ਜਥਿਆਂ ਨੇ ਹਿੰਮਤ ਕਰਕੇ ਲੁਟੇਰਿਆਂ ਤੋਂ ਬਹੁਤ ਸਾਰੀਆਂ ਗੁਲਾਮ ਔਰਤਾਂ ਅਤੇ ਬੰਦਿਆਂ ਨੂੰ ਆਜ਼ਾਦ ਕਰਵਾ ਦਿੱਤਾ। ਇਸ ਨਾਲ ਸਿੱਖ ਜਥੇ ਪੰਜਾਬ ਦੇ ਲੋਕਾਂ ਵਿਚ ਹਰਮਨ ਪਿਆਰੇ ਹੋ ਗਏ।
ਨਾਦਰ ਸ਼ਾਹ ਦੀ ਮੌਤ ‘ਤੇ ਅਹਿਮਦ ਸ਼ਾਹ ਅਬਦਾਲੀ ਅਫਗਾਨ ਨੇ ਦਿੱਲੀ ‘ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਅਬਦਾਲੀ ਦੀਆਂ ਧਾੜਵੀ ਫੌਜਾਂ ਦਿੱਲੀ ਜਾਂਦੇ ਸਮੇਂ ਪੰਜਾਬ ਵਿਚ ਵੀ ਲੁੱਟ ਮਚਾਉਂਦੀਆਂ ਅਤੇ ਉਜਾੜਾ ਕਰਦੀਆਂ ਜਾਂਦੀਆਂ ਸਨ। ਸਿੱਖ ਫੌਜੀ ਜਥੇ ਉਨ੍ਹਾਂ ਧਾੜਵੀਆਂ ਦਾ ਵੀ ਮੁਕਾਬਲਾ ਕਰਨ ਲੱਗ ਪਏ, ਜਿਸ ਵਿਚ ਉਨ੍ਹਾਂ ਨੂੰ ਕਾਫੀ ਜਾਨੀ ਨੁਕਸਾਨ ਵੀ ਝੱਲਣਾ ਪਿਆ। ਅਬਦਾਲੀ ਨੇ ਅੱਕ ਕੇ ਦਰਬਾਰ ਸਾਹਿਬ ਨੂੰ ਵੀ ਢਾਹ-ਢੇਰੀ ਕਰ ਦਿੱਤਾ ਪਰ ਅਬਦਾਲੀ ਨਾਲ ਮੁਕਾਬਲਿਆਂ ਨੇ ਸਿੱਖਾਂ ਨੂੰ ਤਾਕਤਵਰ ਸ਼ਕਤੀ ਨਾਲ ਮੁਕਾਬਲਾ ਕਰਨ ਦੇ ਸਮਰੱਥ ਬਣਾ ਦਿੱਤਾ, ਉਨ੍ਹਾਂ ਦਾ ਆਤਮ ਵਿਸ਼ਵਾਸ ਵਧ ਗਿਆ ਅਤੇ ਉਹ ਪੰਜਾਬ ਵਿਚ ਲੋਕਾਂ ਦੇ ਰਖਿਅਕਾਂ ਵਜੋਂ ਪ੍ਰਸਿੱਧ ਹੋ ਗਏ।
ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬ ਦੇ ਮੁਗਲ ਰਾਜ ਨੂੰ ਤਹਿਸ-ਨਹਿਸ ਕਰ ਦਿੱਤਾ ਸੀ। ਭਾਵੇਂ ਅਹਿਮਦ ਸ਼ਾਹ ਨੇ ਤੀਜੀ ਪਾਣੀਪਤ ਦੀ ਲੜਾਈ ਵਿਚ ਮਰਾਠੇ ਹਰਾ ਦਿੱਤੇ ਸਨ, ਪਰ ਉਸ ਦੀ ਹਿੰਦੋਸਤਾਨ ‘ਤੇ ਰਾਜ ਕਰਨ ਦੀ ਇੱਛਾ ਨਹੀਂ ਸੀ। ਮੁਗਲ ਅਤੇ ਅਫਗਾਨ ਪੰਜਾਬ ਦੇ ਲੋਕਾਂ ਵਿਚ ਬਦਨਾਮ ਹੋ ਗਏ ਸਨ। ਪੰਜਾਬ ਦੇ ਲੋਕ ਅਮਨ ਚੈਨ ਚਾਹੁੰਦੇ ਸਨ। ਇਸ ਲਈ ਉਹ ਸਿੱਖ ਜਥਿਆਂ ‘ਤੇ ਭਰੋਸਾ ਕਰਦੇ ਸਨ ਅਤੇ ਉਨ੍ਹਾਂ ਦਾ ਆਦਰ ਵੀ ਕਰਦੇ ਸਨ। ਲੋਕਾਂ ਦੇ ਸਹਿਯੋਗ ਨਾਲ ਸਿੱਖ ਜਥਿਆਂ ਨੇ ਬਾਰਾਂ ਮਿਸਲਾਂ ਕਾਇਮ ਕਰ ਲਈਆਂ। ਸਿੱਖ ਮਿਸਲਦਾਰਾਂ ਨੇ ਪੰਜਾਬ ‘ਤੇ ਆਪਣਾ ਰਾਜ ਸਥਾਪਤ ਕਰ ਲਿਆ। ਸ਼ੁਕਰਚੱਕੀਆ ਮਿਸਲ ਦਾ ਮਿਸਲਦਾਰ ਰਣਜੀਤ ਸਿੰਘ ਦਲੇਰ, ਦੂਰਅੰਦੇਸ਼ ਅਤੇ ਸਿਆਸੀ ਸੂਝ ਦਾ ਮਾਲਕ ਸੀ। ਉਸ ਨੇ ਦੂਜੇ ਮਿਸਲਦਾਰਾਂ ਨੂੰ ਜਿੱਤ ਕੇ ਜਾਂ ਨਾਲ ਮਿਲਾ ਕੇ ਪੰਜਾਬ ‘ਤੇ ਆਪਣਾ ਰਾਜ ਕਾਇਮ ਕਰ, ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਜਿੱਤ ਕੇ ਆਪਣੇ ਰਾਜ ਦਾ ਵਿਸਤਾਰ ਕਰ ਲਿਆ, ਪਰ ਉਹ ਆਪਣੇ ਰਾਜ ਨੂੰ ਪੱਕੇ ਪੈਰੀਂ ਸਥਾਪਤ ਕਰਨ ਲਈ ਕੋਈ ਸੰਸਥਾਈ ਵਿਵਸਥਾ ਨਾ ਕਰ ਸਕਿਆ ਅਤੇ ਨਾ ਹੀ ਆਪਣੇ ਜਾਨਸ਼ੀਨਾਂ ਨੂੰ ਰਾਜ ਪ੍ਰਬੰਧ ਕਰਨ ਦੇ ਯੋਗ ਬਣਾ ਸਕਿਆ। ਉਸ ਦੀ ਮੌਤ ਨਾਲ ਪੰਜਾਬ ‘ਤੇ ਸਿੱਖ ਰਾਜੇ ਦਾ ਰਾਜ ਖਤਮ ਹੋ ਗਿਆ।
ਸਿੱਖਾਂ ਦੀ ਅੰਗਰੇਜ਼ਾਂ ਨਾਲ ਦੂਜੀ ਜੰਗ ਵਿਚ ਅੰਗਰੇਜ਼ੀ ਫੌਜਾਂ ਹਾਰ ਗਈਆਂ ਸਨ, ਪਰ ਸਿੱਖਾਂ ਵਿਚ ਕੋਈ ਇਮਾਨਦਾਰ ਅਤੇ ਪ੍ਰਵਾਨਿਤ ਲੀਡਰ ਨਹੀਂ ਸੀ, ਜੋ ਸਿੱਖਾਂ ਦੀ ਜਿੱਤ ਦਾ ਐਲਾਨ ਕਰਦਾ। ਲਾਰਡ ਡਲਹੌਜ਼ੀ ਨੇ ਅੰਗਰੇਜ਼ਾਂ ਦੀ ਜਿੱਤ ਦਾ ਐਲਾਨ ਕਰ ਦਿੱਤਾ। ਅੰਗਰੇਜ਼ ਝੂਠਾ ਐਲਾਨ ਕਰ ਕੇ ਹਾਰੀ ਜੰਗ ਜਿੱਤ ਗਏ। ਸ਼ਾਹ ਮੁਹੰਮਦ ਲਿਖਦਾ ਹੈ,
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ।
ਸੈਆਂ ਆਦਮੀ ਗੋਲਿਆਂ ਨਾਲ ਉਡਣ
ਹਾਥੀ ਢਾਹੁੰਦੇ ਸਣੇ ਅੰਬਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
ਸ਼ੁਰੂ ਸ਼ੁਰੂ ਵਿਚ ਲੋਕਾਂ ਵਿਚ ਡਰ ਪੈਦਾ ਕਰਨ ਲਈ ਅੰਗਰੇਜ਼ੀ ਸ਼ਾਸਨ ਪੰਜਾਬ ਵਿਚ ਬਹੁਤ ਸਖਤੀ ਕਰਦਾ ਸੀ। ਉਨ੍ਹਾਂ ਕੂਕਿਆਂ ਨੂੰ ਤੋਪਾਂ ਨਾਲ ਉਡਾ ਦਿੱਤਾ ਅਤੇ ਜੱਲਿਆਂਵਾਲੇ ਬਾਗ ਵਿਚ ਕਤਲੇਆਮ ਕੀਤਾ।
ਸਿੱਖਾਂ ਦੇ ਧਰਮ ਪ੍ਰਚਾਰ ਕੇਂਦਰਾਂ ਉਤੇ ਉਦਾਸੀ ਤੇ ਨਿਰਮਲੇ ਮਹੰਤਾਂ ਦੇ ਕਬਜ਼ੇ ਸਨ। ਉਨ੍ਹਾਂ ਗੁਰਦੁਆਰਿਆਂ ਵਿਚ ਬੁੱਤ ਪੂਜਾ ਅਤੇ ਹੋਰ ਕਰਮ ਕਾਂਡ ਪ੍ਰਚਲਿਤ ਕੀਤੇ ਹੋਏ ਸਨ। ਪੜ੍ਹੇ-ਲਿਖੇ ਸਿੱਖਾਂ ਨੇ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਸਿੰਘ ਸਭਾ ਲਹਿਰ ਸ਼ੁਰੂ ਕੀਤੀ। ਉਸ ਲਹਿਰ ਨੇ ਸ਼ਹਿਰੀ ਸਿੱਖਾਂ ਵਿਚ ਜਾਗ੍ਰਿਤੀ ਲੈ ਆਂਦੀ। ਸਿੰਘ ਸਭਾਵਾਂ ਦੇ ਪ੍ਰਭਾਵ ਸਦਕਾ ਸਿੱਖ ਧਰਮ ਅਸਥਾਨਾਂ ਵਿਚ ਨਿਰਮਲੇ ਅਤੇ ਉਦਾਸੀ ਮਹੰਤਾਂ ਦੀਆਂ ਕੁਰੀਤੀਆਂ ਤੇ ਕੁਰਹਿਤਾਂ ਦੂਰ ਕਰਨ ਲਈ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ। ਇਸ ਲਹਿਰ ਦੀ ਸ਼ੁਰੂਆਤ 15 ਨਵੰਬਰ 1920 ਨੂੰ ਦਰਬਾਰ ਸਾਹਿਬ ਭਵਨ ਸਮੂਹ ਵਿਚ ਸੱਦੀ ਸਿੱਖ ਪੰਥ ਦੀ ਮੀਟਿੰਗ ਤੋਂ ਹੋਈ, ਜਿਸ ਵਿਚ ਸਾਰੇ ਹਿੰਦੋਸਤਾਨ, ਬਰਮਾ, ਮਲਾਯਾ, ਚੀਨ ਅਤੇ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਉਸ ਮੀਟਿੰਗ ਵਿਚ 175 ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਸ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ਉਸ ਕਮੇਟੀ ਦੀ ਪਹਿਲੀ ਮੀਟਿੰਗ 12 ਦਸੰਬਰ 1920 ਨੂੰ ਅਤੇ ਨਿਯਮ ਬਣਨ ‘ਤੇ ਨਵੇਂ ਮੈਂਬਰਾਂ ਦੀ ਚੋਣ ਜੁਲਾਈ 1921 ਨੂੰ ਹੋਈ, ਜਿਸ ਵਿਚ ਬਾਬਾ ਖੜਕ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ। ਗੁਰਦੁਆਰਿਆਂ ‘ਤੇ ਕਾਬਜ਼ ਮਹੰਤਾ ਵਿਰੁੱਧ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿਚ ਅੰਗਰੇਜ਼ ਸਰਕਾਰ ਮਹੰਤਾਂ ਦਾ ਸਾਥ ਦੇ ਰਹੀ ਸੀ ਅਤੇ ਰੋਸ ਪ੍ਰਗਟ ਕਰ ਰਹੇ ਸਿੱਖਾਂ ਦੀ ਮਾਰ ਕੁੱਟ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਬੰਦ ਕਰ ਰਹੀ ਸੀ। ਬਾਬਾ ਖੜਕ ਸਿੰਘ ਦੀ ਸੂਝਵਾਨ ਤੇ ਧੜੱਲੇਦਾਰ ਅਗਵਾਈ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਨੇ ਅੰਗਰੇਜ਼ ਸਰਕਾਰ ਨੂੰ ਬੇਵਸ ਕਰ ਦਿੱਤਾ ਤੇ ਉਹ ਸਿੱਖਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਹੋ ਗਈ। ਉਸ ਲਹਿਰ ਦੀ ਜਿੱਤ ਨੂੰ ਭਾਰਤ ਵਿਚ ਅੰਗਰੇਜ਼ਾਂ ਦੀ ਪਹਿਲੀ ਵੱਡੀ ਹਾਰ ਮੰਨਿਆ ਗਿਆ, ਪਰ ਉਹ ਜਿੱਤ ਸਿੱਖ ਧਰਮ ਨੂੰ ਉਦਾਸੀ ਤੇ ਨਿਰਮਲਿਆਂ ਦੇ ਪ੍ਰਭਾਵ ਤੋਂ ਮੁਕਤ ਕਰਵਾਉਣ ਅਤੇ ਧਰਮ ਵਿਚ ਸੁਧਾਰ ਲਿਆਉਣ ਵਿਚ ਪੂਰੀ ਤਰ੍ਹਾਂ ਸਫਲ ਨਾ ਹੋਈ, ਕਿਉਂਕਿ ਅੰਗਰੇਜ਼ਾਂ ਦੇ ਵਫਾਦਾਰ ਤੇ ਗੁਲਾਮ ਬਿਰਤੀ ਵਾਲੇ ਲੀਡਰਾਂ ਨੇ ਗੁਰਦੁਆਰਿਆਂ ਵਿਚ ਸੁਧਾਰ ਲਿਆਉਣ ਦੀ ਥਾਂ ਸਿੱਖਾਂ ਨੂੰ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਸਰਕਾਰੀ ਕਾਨੂੰਨ ਬਣਵਾਉਣ ਦੇ ਰਾਹ ਟੋਰ ਲਿਆ। ਪੰਜਾਬ ਸਰਕਾਰ ਨੇ ‘ਸਿੱਖ ਗੁਰਦੁਆਰਾ ਐਕਟ 1925’ ਪਾਸ ਕਰਕੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਚੋਣਵੇਂ ਬੋਰਡ ਨੂੰ ਸੌਂਪ ਦਿੱਤਾ। ਸਾਰੇ ਇਤਿਹਾਸਕ ਗੁਰਦੁਆਰੇ ਸਰਕਾਰੀ ਕਾਨੂੰਨ ਦੇ ਅਧੀਨ ਹੋ ਗਏ। ਗੁਰਦੁਆਰਾ ਬੋਰਡ ਨੇ ਆਪਣਾ ਨਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖ ਲਿਆ, ਜਦੋਂ ਕਿ 1920 ਵਿਚ ਬਣੀ ਸ਼੍ਰੋਮਣੀ ਕਮੇਟੀ ਹਾਲੇ ਚਲ ਰਹੀ ਸੀ। ਇਸ ਤਰ੍ਹਾਂ ਦੂਜੀ ਸੰਸਥਾ ਦਾ ਨਾਂ ਅਪਨਾਉਣਾ ਧੋਖਾ ਸਮਝਿਆ ਜਾਂਦਾ ਹੈ, ਪਰ ਗੁਰਦੁਆਰਾ ਬੋਰਡ ਨੇ ਉਸ ਦੀ ਪ੍ਰਵਾਹ ਨਾ ਕੀਤੀ। ਗੁਰਦੁਆਰਾ ਐਕਟ ਬਣਨ ਨਾਲ ਗੁਰਦੁਆਰੇ ਮਹੰਤਾਂ ਦੀ ਥਾਂ ਸਰਕਾਰੀ ਕਾਨੂੰਨ ਦੇ ਅਧੀਨ ਹੋ ਗਏ। ਗੁਰਦੁਆਰਾ ਕਾਨੂੰਨ ਨੂੰ ਸਿੱਖ ਧਰਮ ਦੀ ਵੱਡੀ ਪ੍ਰਾਪਤੀ ਸਮਝਿਆ ਜਾਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰੀ ਕਾਨੂੰਨ ਅਨੁਸਾਰ ਚੱਲਣ ਵਾਲੀ ਵੱਡੀ ਸਿੱਖ ਸੰਪਰਦਾ ਹੈ। ਸਿੱਖ ਧਰਮ ਵਿਚ ਹੋਰ ਵੀ ਕਈ ਸੰਪਰਦਾਵਾਂ ਹਨ, ਪਰ ਸ਼੍ਰੋਮਣੀ ਕਮੇਟੀ ਦੇ ਬਣਨ ਨਾਲ ਧਰਮ ਵਿਚ ਵੰਡ ਦੀ ਗਤੀ ਤੇਜ਼ ਹੋ ਗਈ ਹੈ। ਸਿੱਖ ਧਰਮ ਵਿਚ ਰੁਚੀ ਰੱਖਣ ਵਾਲੇ ਵਿਅਕਤੀ ਹੁਣ ਆਪਣੇ ਨਾਂ ਨਾਲ ਸੰਤ ਸ਼ਬਦ ਜੋੜ ਕੇ ਨਿੱਜੀ ਗੁਰਦੁਆਰੇ ਸਥਾਪਤ ਕਰ ਸਕਦੇ ਹਨ। ਭਾਰਤੀ ਕਾਨੂੰਨ ਦੇ ਸਹਾਰੇ ਚਲ ਰਹੇ ਸਿੱਖ ਧਰਮ ਦੇ ਹੀ ਕੁਝ ਉਪਾਸ਼ਕ ਪੰਜਾਬ ਵਿਚ ਉਸੇ ਧਰਮ ਦਾ ਖਾਲਿਸਤਾਨ ਰਾਜ ਸਥਾਪਤ ਕਰਨ ਲਈ ਉਤਸੁਕ ਹਨ।
1920 ਵਿਚ ਸਿੱਖਾਂ ਨੇ ਆਪਣੀ ਰਾਜਸੀ ਪਾਰਟੀ, ਅਕਾਲੀ ਦਲ ਬਣਾ ਲਈ। ਪਾਰਟੀ ਦੇ ਬਹੁਤੇ ਮੈਂਬਰ ਪੜ੍ਹੇ-ਲਿਖੇ ਪੋਠੋਹਾਰ ਦੇ ਸਿੱਖ ਖੱਤਰੀ ਵਪਾਰੀ ਅਤੇ ਮਾਝੇ ਦੇ ਜ਼ਿਮੀਂਦਾਰ ਜੱਟ ਸਿੱਖ ਸਨ ਤੇ ਪਾਰਟੀ ਦੀ ਵਾਗ ਡੋਰ ਇਨ੍ਹਾਂ ਦੋ ਜਾਤਾਂ ਦੇ ਹੱਥ ਵਿਚ ਸੀ। ਪਾਰਟੀ ਦੀ ਅਗਵਾਈ ਮਾਸਟਰ ਤਾਰਾ ਸਿੰਘ ਕਰ ਰਿਹਾ ਸੀ। ਪਾਰਟੀ ਦਾ ਮਨੋਰਥ ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਹੱਕਾਂ ਦੀ ਰਾਖੀ ਕਰਨਾ ਸੀ। ਅਕਾਲੀ ਦਲ ਦੇ ਮੁਕਾਬਲੇ ਕਾਂਗਰਸ ਅਤੇ ਮੁਸਲਿਮ ਲੀਗ ਦੇ ਲੀਡਰ ਸੂਝਵਾਨ ਤੇ ਉਚ ਸਿਖਿਆ ਪ੍ਰਾਪਤ ਵਿਅਕਤੀ ਸਨ। ਪਾਰਲੀਮਾਨੀ ਲੋਕਤੰਤਰ ਵਿਚ ਸਮਰਥਕਾਂ ਦੀ ਗਿਣਤੀ ਮਾਅਨੇ ਰੱਖਦੀ ਹੈ, ਇਸ ਲਈ ਕਾਂਗਰਸ ਹਰ ਧਰਮ, ਵਰਗ, ਜਾਤ ਤੇ ਸ਼੍ਰੇਣੀ ਦੇ ਬੰਦਿਆਂ ਨੂੰ ਅਤੇ ਮੁਸਲਿਮ ਲੀਗ ਸਾਰੇ ਮੁਸਲਮਾਨਾਂ ਨੂੰ ਨਾਲ ਮਿਲਾਉਣ ਦੇ ਪੁਰਜ਼ੋਰ ਯਤਨ ਕਰ ਰਹੇ ਸਨ, ਪਰ ਅਕਾਲੀ ਦਲ ਮਾਲਵੇ, ਦੁਆਬੇ, ਪੁਆਧ ਅਤੇ ਨੀਵੀਂ ਜਾਤ ਦੇ ਸਿੱਖਾਂ ਨੂੰ ਪਾਰਟੀ ਦੇ ਮੈਂਬਰ ਬਣਾਉਣ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਿਹਾ ਸੀ। ਉਹ ਲੀਡਰਾਂ ਦੀ ਚੋਣ ਵਿਚ ਵੀ ਜਾਤੀਵਾਦ ਅਤੇ ਸਥਾਨਵਾਦ ਨੂੰ ਸਿਆਸੀ ਸੂਝ ਤੇ ਵਿਦਿਅਕ ਯੋਗਤਾ ਨਾਲੋਂ ਵੱਧ ਮਹੱਤਤਾ ਦਿੰਦਾ ਸੀ।
1947 ਵਿਚ ਭਾਰਤ ਦੀ ਆਜ਼ਾਦੀ ਸਮੇਂ ਅਕਾਲੀ ਦਲ ਤੇ ਸਿੱਖਾਂ ਦੇ ਭਵਿੱਖ ਦਾ ਵੱਡਾ ਫੈਸਲਾ ਕਰਨ ਦੀ ਜ਼ਿੰਮੇਵਾਰੀ ਆ ਪਈ, ਪਰ ਅਕਾਲੀ ਦਲ ਵਿਚ ਕੋਈ ਵੀ ਐਸਾ ਲੀਡਰ ਨਹੀਂ ਸੀ, ਜੋ ਸਮੇਂ ਦਾ ਹਾਣੀ ਅਤੇ ਏਡੀ ਵੱਡੀ ਜ਼ਿੰਮੇਵਾਰੀ ਨਿਭਾਉਣ ਦੇ ਕਾਬਲ ਹੁੰਦਾ। ਅੰਗਰੇਜ਼ ਸਿੱਖਾਂ ਨੂੰ ਤੀਜੀ ਧਿਰ ਬਣਾਉਣਾ ਚਾਹੁੰਦੇ ਸਨ, ਕਿਉਂਕਿ ਮਾਲਵੇ, ਪੁਆਧ ਅਤੇ ਉਨ੍ਹਾਂ ਨਾਲ ਲਗਦੇ ਬਾਂਗਰ ਤੇ ਪਹਾੜੀ ਇਲਾਕਿਆਂ ‘ਤੇ ਫੂਲਕੀਆਂ ਰਿਆਸਤਾਂ ਦੇ ਸਿੱਖ ਰਾਜਿਆਂ ਦਾ ਰਾਜ ਸੀ, ਜੋ ਆਜ਼ਾਦ ਹੋ ਜਾਣਾ ਸੀ, ਸਿੱਖਾਂ ਦੀ ਆਪਣੀ ਸਿਆਸੀ ਪਾਰਟੀ ਸੀ ਅਤੇ ਫੌਜ ਵਿਚ ਭਾਰੀ ਗਿਣਤੀ ਸੀ। ਫੂਲਕੀਆਂ ਰਿਆਸਤਾਂ ਦੇ ਰਾਜਿਆਂ ਨਾਲ ਗੱਲਬਾਤ ਰਾਹੀਂ ਅਤੇ ਪੰਜਾਬ ਦੇ ਨੇੜਲੇ ਇਲਾਕੇ ਮਿਲਾ ਕੇ ਸਿੱਖਾਂ ਲਈ ਵੱਖਰਾ ਆਜ਼ਾਦ ਰਾਜ ਸਥਾਪਤ ਕਰਨਾ ਅੰਗਰੇਜ਼ਾਂ ਲਈ ਔਖਾ ਵੀ ਨਹੀਂ ਸੀ, ਪਰ ਇਸ ਦਾ ਫੈਸਲਾ ਅਕਾਲੀ ਦਲ ਨੇ ਕਰਨਾ ਸੀ। ਰਾਜਸੀ ਪਾਰਟੀ ਹੁੰਦੇ ਹੋਏ ਵੀ ਅਕਾਲੀ ਦਲ ਦੇ ਲੀਡਰ ਪੰਜਾਬ ਵਿਚ ਆਪਣਾ ਆਜ਼ਾਦ ਰਾਜ ਸਥਾਪਤ ਕਰਨ ਦੀ ਕਲਪਨਾ ਨਾ ਕਰ ਸਕੇ। ਅਕਾਲੀ ਦਲ ਤੀਜੀ ਧਿਰ ਬਣਨ ਲਈ ਤਿਆਰ ਨਾ ਹੋਇਆ। ਮੁਹੰਮਦ ਅਲੀ ਜਿਨਾਹ ਨੇ ਵੀ ਸਿੱਖਾਂ ਨੂੰ ਪਾਕਿਸਤਾਨ ਨਾਲ ਰਲਣ ਦਾ ਪ੍ਰਸਤਾਵ ਕੀਤਾ ਸੀ, ਜੋ ਅਕਾਲੀ ਦਲ ਨੇ ਨਾਮਨਜ਼ੂਰ ਕਰ ਦਿੱਤਾ। ਅਕਾਲੀ ਲੀਡਰਾਂ ਨੇ ਕਾਂਗਰਸ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ, ਪਰ ਜੋ ਹਾਲਾਤ ਬਣੇ ਹੋਏ ਸਨ, ਉਨ੍ਹਾਂ ਵਿਚ ਇਹ ਫੈਸਲਾ ਗਲਤ ਨਹੀਂ ਸੀ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਅਕਾਲੀ ਦਲ ਨੇ ਬਿਨਾ ਕਿਸੇ ਲਿਖਤੀ ਸਮਝੌਤੇ ਅਤੇ ਵਿਸ਼ੇਸ਼ ਅਧਿਕਾਰਾਂ ਦੇ ਕਾਂਗਰਸ ਨਾਲ ਰਲਣਾ ਪ੍ਰਵਾਨ ਕਰਕੇ ਆਪਣੀ ਸਿਆਸੀ ਹਸਤੀ ਨੂੰ ਮਿਟਾਉਣ ਦਾ ਨਿਰਣਾ ਕਿਉਂ ਲੈ ਲਿਆ ਸੀ? ਹਾਲਾਂਕਿ ਇਹ ਬਹਿਸ ਦਾ ਵਿਸ਼ਾ ਹੈ ਕਿ ਰਿਆਸਤੀ ਸਿੱਖ ਰਾਜੇ ਕਿਸ ਕਿਸਮ ਦੇ ਸਿੱਖ ਸਨ ਤੇ ਉਨ੍ਹਾਂ ਦੇ ਆਸਰੇ ਲਿਆ ਗਿਆ ਸਿੱਖ ਰਾਜ ਕਿੰਨਾ ਕੁ ਬਾਣੀ ਦੇ ਆਸ਼ਿਆਂ ਅਨੁਸਾਰ ਹੋਣਾ ਸੀ।
ਜਿਹੜੇ ਰਾਜ ਦੀ ਖਾਲਿਸਤਾਨੀ ਮੰਗ ਕਰ ਰਹੇ ਹਨ, ਉਸ ਦੀ 1947 ਵਿਚ ਉਨ੍ਹਾਂ ਦੇ ਬਜ਼ੁਰਗਾਂ ਨੇ ਕਲਪਨਾ ਕਰਨੀ ਵੀ ਜ਼ਰੂਰੀ ਨਹੀਂ ਸੀ ਸਮਝੀ। ਜੇ ਅਕਾਲੀ ਦਲ ਪੰਜਾਬ ਵਿਚ ਵੱਖਰੇ ਰਾਜ ਦੀ ਮੰਗ ਕਰ ਲੈਂਦਾ ਤਾਂ ਪੰਜਾਬ ਵਿਚ ਸਿੱਖ ਰਾਜਿਆਂ ਦੇ ਮਿਲਾਪ ਨਾਲ ਆਜ਼ਾਦ ਰਾਜ ਦੀ ਸਥਾਪਨਾ ਹੋ ਜਾਣੀ ਸੰਭਵ ਸੀ।
ਆਜ਼ਾਦੀ ਪ੍ਰਾਪਤ ਕਰਨ ਪਿਛੋਂ ਭਾਰਤ ਦਾ ਸੰਵਿਧਾਨ ਬਣਾਉਣ ਵਾਲੀ ਅਸੈਂਬਲੀ ਵਿਚ ਸਿੱਖ ਨੁਮਾਇੰਦਿਆਂ ਨੇ ਹਿੱਸਾ ਲਿਆ ਸੀ, ਪਰ ਉਸ ਵਲੋਂ ਬਣਾਏ ਸੰਵਿਧਾਨ ‘ਤੇ ਦਸਤਖਤ ਨਹੀਂ ਸੀ ਕੀਤੇ। ਭਾਰਤੀ ਸੰਵਿਧਾਨ ਵਿਚ ਮੂਲ ਮਨੁੱਖੀ ਅਧਿਕਾਰਾਂ ਦੀ ਵਿਵਸਥਾ ਹੈ। ਇਨ੍ਹਾਂ ਅਧਿਕਾਰਾਂ ਅਧੀਨ ਧਾਰਮਿਕ ਆਜ਼ਾਦੀ ਦੀ ਵੀ ਵਿਵਸਥਾ ਹੈ। ਕਿਸੇ ਧਰਮ ਨਾਲ ਵਿਤਕਰਾ ਸੰਵਿਧਾਨਕ ਕਾਨੂੰਨ ਦੀ ਉਲੰਘਣਾ ਮੰਨੀ ਜਾਂਦੀ ਹੈ ਅਤੇ ਉਲੰਘਣਾ ਕਰਨ ਵਾਲੇ ਨੂੰ ਕੋਰਟ ਸਜ਼ਾ ਦਿੰਦਾ ਹੈ। ਫਿਰ ਵੀ ਜੁਗੋ-ਜੁਗਾਂ ਤੋਂ ਸਰਕਾਰਾਂ ਗਲਤੀਆਂ ਕਰਦੀਆਂ ਆਈਆਂ ਹਨ ਅਤੇ ਭਾਰਤ ਸਰਕਾਰ ਵੀ ਦੁਧ ਧੋਤੀ ਨਹੀਂ ਹੈ, ਸਰਕਾਰ ਨੇ ਸੌੜੀ ਰਾਜਨੀਤੀ ਕਰਦਿਆਂ ਵਿਤਕਰੇ ਇਕੱਲੇ ਪੰਜਾਬੀਆਂ ਨਾਲ ਹੀ ਕਿਉਂ, ਸਗੋਂ ਨਾਗਾਲੈਂਡ ਵਾਸੀਆਂ, ਕਸ਼ਮੀਰੀਆਂ, ਦੇਸ਼ ਦੇ ਕਰੋੜਾਂ ਆਦਿਵਾਸੀਆਂ ਅਤੇ ਦੇਸ਼ ਦੇ ਹਰ ਹਿੱਸੇ ਦੇ ਦਲਿਤਾਂ ਨਾਲ ਸਿੱਖਾਂ ਨਾਲੋਂ ਵੀ ਵੱਧ ਵਿਤਕਰੇ ਕੀਤੇ। ਸਰਕਾਰ ਨਾਲ ਲੜਨਾ ਜਾਇਜ਼ ਸੀ, ਪਰ ਸਾਡੇ ਆਗੂ ਕਦੇ ਵੀ ਲੜਾਈ ਦੇ ਢੁਕਵੇਂ ਦਾਅ-ਪੇਚ ਨਾ ਬਣਾ ਸਕੇ; ਗੈਰ ਸਿੱਖਾਂ ਦਾ ਵਿਸ਼ਵਾਸ ਜਿਤਣ ਦੀ ਗੱਲ ਤਾਂ ਪਾਸੇ, ਖੁਦ ਆਪਣੇ ਰਾਮਗੜ੍ਹੀਆ ਭਰਾਵਾਂ, ਸੈਣੀਆਂ, ਕੰਬੋਜਾਂ ਜਾਂ ਅਨੇਕਾਂ ਹੋਰ ਸਿੱਖ ਭਾਈਚਾਰਿਆਂ ਦੇ ਲੋਕਾਂ ਦਾ ਵਿਸ਼ਵਾਸ ਵੀ ਨਾ ਜਿੱਤ ਸਕੇ। ਸ਼ਾਇਦ ਇਸੇ ਕਰਕੇ ਬਹੁਤੇ ਸਿੱਖ ਭਾਰਤੀ ਲੋਕਤੰਤਰ ਤੋਂ ਕਾਫੀ ਹੱਦ ਤਕ ਅਜੇ ਵੀ ਸੰਤੁਸ਼ਟ ਹਨ। ਸਵਾਲ ਪੈਦਾ ਹੁੰਦਾ ਹੈ ਕਿ ਖਾਲਿਸਤਾਨ ਐਸੇ ਕਿਹੜੇ ਮਾਨਵੀ ਅਧਿਕਾਰ ਦੇਣ ਲਈ ਵਚਨਬੱਧ ਹੈ, ਜੋ ਭਾਰਤੀ ਸੰਵਿਧਾਨ ਨਹੀਂ ਦੇ ਰਿਹਾ? ਅਕਾਲੀ ਪਾਰਟੀ ਮਾਝੇ ਦੇ ਸਿੱਖਾਂ ਦੀ ਪਾਰਟੀ ਬਣੀ ਹੋਈ ਸੀ, ਪਰ ਪੰਜਾਬੀ ਸੂਬੇ ਦੇ ਸੰਘਰਸ਼ ਦੀ ਸਫਲਤਾ ‘ਤੇ ਉਹ ਮਾਲਵੇ ਦੇ ਸਿੱਖਾਂ ਦੀ ਪਾਰਟੀ ਬਣ ਗਈ।
ਖਾਲਿਸਤਾਨ ਦਾ ਸੰਕਲਪ ਕਿਸੇ ਡੂੰਘੀ ਜਾਂ ਨਿੱਗਰ ਵਿਚਾਰਧਾਰਾ ਜਾਂ ਮਾਨਵੀ ਕਦਰਾਂ ਕੀਮਤਾਂ ਦੀ ਉਪਜ ਨਹੀਂ ਹੈ। ਹੁਣ ਇਸ ਦਾ ਆਧਾਰ ਬਹੁਤ ਹੱਦ ਤਕ ਦਮਦਮੀ ਟਕਸਾਲ ਸੰਪਰਦਾ ਦੀ ਸੋਚ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਕਰੀਰਾਂ ਹਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨਿਸ਼ਚਾ ਸੀ ਕਿ ਦਰਬਾਰ ਸਾਹਿਬ ‘ਤੇ ਹਮਲਾ ਹੋਣ ਨਾਲ ਸਿੱਖ ਆਪਣੇ ਧਰਮ ਦੀ ਰਖਿਆ ਲਈ ਮਰਨ-ਮਾਰਨ ਲਈ ਤਿਆਰ ਹੋ ਜਾਣਗੇ, ਜਿਸ ਨਾਲ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਸ ਲਈ ਉਹ ਦਰਬਾਰ ਸਾਹਿਬ ਵਿਚ ਮੋਰਚਾ-ਬੰਦੀ ਕਰਕੇ ਅਤੇ ਹਰ ਤਰ੍ਹਾਂ ਦੇ ਚੰਗੇ-ਮਾੜੇ ਤੇ ਸ਼ੱਕੀ ਕਿਸਮ ਦੇ ਅਨਸਰਾਂ ਨੂੰ ਪਨਾਹ ਦੇ ਕੇ ਭਾਰਤ ਸਰਕਾਰ ਨੂੰ ਹਮਲਾ ਕਰਨ ਲਈ ਉਕਸਾ ਰਿਹਾ ਸੀ; ਪਰ ਦਰਬਾਰ ਸਾਹਿਬ ਉਤੇ ਹਮਲਾ ਹੋਣ ‘ਤੇ ਸਿੱਖ ਜਗਤ ਵਿਚ ਸੋਗ ਪੈ ਗਿਆ ਅਤੇ ਇੱਕਾ ਦੁਕਾ ਹਿੰਸਕ ਵਾਰਦਾਤਾਂ ਤੋਂ ਇਲਾਵਾ ਕੋਈ ਵੱਡਾ ਸੰਘਰਸ਼ ਨਾ ਛਿੜਿਆ। ਅਸਲ ਵਿਚ ਆਮ ਸਿੱਖਾਂ ਦਾ ਭਾਰਤੀ ਸੰਵਿਧਾਨ ਦੇ ਮਾਨਵੀ ਅਧਿਕਾਰਾਂ ਵਿਚ ਵਿਸ਼ਵਾਸ ਸੀ। ਦਰਬਾਰ ਸਾਹਿਬ ‘ਤੇ ਹਮਲੇ ਨੂੰ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਲੋਂ ਫੈਲਾਏ ਦਹਿਸ਼ਤਵਾਦ, ਭਾਰਤ ਸਰਕਾਰ ਦੀ ਮਿਲੀਭੁਗਤ, ਕਾਂਗਰਸ ਦੀ ਸਿੱਖ ਧਰਮ ਨਾਲ ਈਰਖਾ ਅਤੇ ਭਾਰਤ ਸਰਕਾਰ ਦੀ ਇੱਜ਼ਤ ਦਾ ਮਸਲਾ ਸਮਝਦੇ ਹਨ। ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਭਾਰਤ ਸਰਕਾਰ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਦੇ ਹਨ, ਕਿਉਂਕੇ ਸਰਕਾਰ ਨੇ ਹੀ ਸਭ ਕੁਝ ਜਾਣਦਿਆਂ ਦਰਬਾਰ ਸਾਹਿਬ ਵਿਚ ਅਸਲਾ ਲਿਆਉਣ ਦੀ ਖੁੱਲ੍ਹ ਦਿੱਤੀ ਸੀ। ਇਹ ਘਿਨਾਉਣੀ ਘਟਨਾ ਕਾਂਗਰਸ ਪਾਰਟੀ ਦੀ ਅਕਾਲੀ ਦਲ ਨੂੰ ਤੋੜਨ ਦੀ ਸਿਆਸੀ ਸਾਜ਼ਿਸ਼ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਧਾਰਮਿਕ ਕੱਟੜਤਾ ਤੇ ਸਿਆਸੀ ਅਨੁਭਵ ਦੀ ਘਾਟ ਦਾ ਦਰਦਨਾਕ ਨਤੀਜਾ ਸੀ। ਇਸ ਲਈ ਕਿਸੇ ਖੱਬੇ ਪੱਖੀ ਪਾਰਟੀ ਨੂੰ ਦੋਸ਼ੀ ਠਹਿਰਾਉਣ ਦੀ ਕੋਈ ਤੁਕ ਨਹੀਂ ਬਣਦੀ।
ਜਿਥੋਂ ਤਕ ਦਮਦਮੀ ਟਕਸਾਲ ਸੰਪਰਦਾ ਦੇ ਸਿੱਖ ਧਰਮ ਵਿਚ ਯੋਗਦਾਨ ਦਾ ਸੁਆਲ ਹੈ, ਟਕਸਾਲ ਗੁਰਬਾਣੀ ਦੇ ਸ਼ੁੱਧ ਪਾਠ ਅਤੇ ਪਾਠਾਂ ਦੀਆਂ ਲੜੀਆਂ ਚਲਾਉਣ ‘ਤੇ ਜ਼ੋਰ ਦਿੰਦੀ ਹੈ; ਚਮਤਕਾਰਾਂ ਤੇ ਹਿੰਦੂ ਧਰਮ ਦੀ ਜਾਤ-ਪਾਤ ਪ੍ਰਣਾਲੀ ਵਿਚ ਵਿਸ਼ਵਾਸ ਰੱਖਦੀ ਹੈ ਅਤੇ ਹਿੰਦੂ ਧਰਮ ਦੀਆਂ ਰੀਤਾਂ ਦੇ ਨਾਂ ਬਦਲ ਕੇ ਵਰਤਣ ਦੀ ਹਾਮੀ ਹੈ। ਇਸ ਨੇ ਸਿੱਖ ਧਰਮ ‘ਤੇ ਕੁਝ ਟੈਕਸਟ ਤੇ ਪਾਠ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਨ ਦੀ ਵਿਵਸਥਾ ਕੀਤੀ ਹੈ। ਵਿਦੇਸ਼ਾਂ ਵਿਚ ਵੀ ਟਕਸਾਲ ਦੇ ਗੁਰਦੁਆਰੇ ਹਨ। ਇਹ ਹਿੰਸਕ ਕਾਰਵਾਈਆਂ ਕਰਕੇ ਦੂਜੀਆਂ ਸਿੱਖ ਸੰਪਰਦਾਵਾਂ ਦੇ ਮੁਖੀਆਂ ਨੂੰ ਡਰਾਉਂਦੀ ਧਮਕਾਉਂਦੀ ਰਹਿੰਦੀ ਹੈ।
ਅਕਾਲੀ ਦਲ ਨੇ ਅਨੰਦਪੁਰ ਸਾਹਿਬ ਦੇ ਮਤੇ ਵਿਚ ਭਾਰਤ ਦੇ ਫੈਡਰਲ ਢਾਂਚੇ ਵਿਚ ਸੁਧਾਰ ਦਾ ਪ੍ਰਸਤਾਵ ਰਖਿਆ ਹੈ, ਜੋ ਸਹੀ ਅਤੇ ਵਾਜਬ ਹੈ, ਕਿਉਂਕਿ ਹਿੰਦੂਤਵੀ ਸ਼ਕਤੀਆਂ ਫੈਡਰਲ ਢਾਂਚੇ ਨੂੰ ਖਤਮ ਕਰਕੇ ਏਕਾਤਮਕ ਰਾਜ ਪ੍ਰਣਾਲੀ ਸਥਾਪਤ ਕਰਨ ਲਈ ਤਰਲੋ-ਮੱਛੀ ਹਨ। ਇਸ ਵੇਲੇ ਭਾਰਤ ਦੇ ਰਾਜਾਂ ਦੇ ਅਧਿਕਾਰਾਂ ਅਤੇ ਸੱਤਾ ਵਿਚ ਵਾਧਾ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ।
ਸਿਆਸਤ ਲੋਕਾਂ ਨੂੰ ਇਕੱਠੇ ਰੱਖਣ ਦਾ ਹੁਨਰ ਹੈ। ਧਰਮ, ਨਸਲ, ਜਾਤ, ਰੰਗ, ਲਿੰਗ ਅਤੇ ਰੁਤਬੇ ਦੀਆਂ ਵੰਡੀਆਂ ਪੈਣ ਨਾਲ ਸਮਾਜ ਹਿੰਸਕ ਤੇ ਅਸਥਿਰ ਹੋ ਕੇ ਬਿਖਰ ਜਾਂਦਾ ਹੈ। ਜੀਵਨ, ਸਮਾਜ ਅਤੇ ਵਿਚਾਰ ਬਦਲਦੇ ਰਹਿੰਦੇ ਹਨ। ਸਮਾਜ ਦੀ ਉਨਤੀ ਲਈ ਵਿਚਾਰਾਂ ਦਾ ਵਿਰੋਧ ਅਤੇ ਆਦਾਨ-ਪ੍ਰਦਾਨ ਜ਼ਰੂਰੀ, ਪਰ ਵੈਰ ਘਾਤਕ ਹੁੰਦਾ ਹੈ। ਸਿਆਸਤ ਵਿਚ ਸਫਲਤਾ ਮਾਨਵੀ ਉਦੇਸ਼ਾਂ ਦੀ ਪ੍ਰਾਪਤੀ ਅਤੇ ਰਖਿਆ ਲਈ ਉਦਮ ‘ਤੇ ਨਿਰਭਰ ਕਰਦੀ ਹੈ।