ਕੁਸ਼ਤੀ ਦਾ ਧਰੂ ਤਾਰਾ ਕਰਤਾਰ: ਵਰਿਆਮ ਸਿੰਘ ਸੰਧੂ

ਪ੍ਰਿੰ. ਸਰਵਣ ਸਿੰਘ
ਵਰਿਆਮ ਸਿੰਘ ਸੰਧੂ ਕਹਾਣੀਆਂ ਦਾ ਕੋਹਿਨੂਰ ਹੈ। ਕਹਿਣੀ ਤੇ ਕਰਨੀ ਦਾ ਕੱਦਾਵਰ ਲੇਖਕ। ਲੰਮੀਆਂ ਕਹਾਣੀਆਂ ਦਾ ਕੌਮੀ ਚੈਂਪੀਅਨ। ਉਹਦੀ ਕਹਾਣੀ ‘ਚੌਥੀ ਕੂਟ’ ਭਾਰਤੀ ਭਾਸ਼ਾਵਾਂ ‘ਚੋਂ ਚੋਟੀ ਦੀਆਂ ਬਾਰਾਂ ਕਹਾਣੀਆਂ ਦੇ ਅੰਗਰੇਜ਼ੀ ਸੰਗ੍ਰਿਹ ‘ਮੈਮੋਰੇਬਲ ਸਟੋਰੀਜ਼ ਆਫ ਇੰਡੀਆ: ਟੈੱਲ ਮੀ ਏ ਲੌਂਗ ਸਟੋਰੀ’ ਵਿਚ ਪ੍ਰਕਾਸ਼ਿਤ ਹੈ। ਉਹ ਰਣ-ਤੱਤੇ ਵਿਚ ਜੂਝਿਆ ਤੇ ਰਚਨਾਵਾਂ ਵਿਚ ਵੀ ਜੂਝ ਰਿਹੈ। ਪੰਜਾਬੀ ਦਾ ਉਹ ਸ਼ਾਨਾਂਮੱਤਾ ਲੇਖਕ ਹੈ। ਉਸ ਨੇ ਪੰਜਾਬੀ ਖੇਡ ਸਾਹਿਤ ਨੂੰ ਅਮੀਰ ਕਰਨ ਵਿਚ ਵੀ ਯੋਗਦਾਨ ਪਾਇਆ। ਉਸ ਦੀ ਪੁਸਤਕ ‘ਕੁਸ਼ਤੀ ਦਾ ਧਰੂ ਤਾਰਾ ਕਰਤਾਰ’ ਸੱਤ ਲੱਖ ਰੁਪਏ ਤੋਂ ਵੱਧ ਰਾਇਲਟੀ (ਮਾਣ ਭੇਟਾ) ਕਮਾ ਚੁਕੀ ਹੈ। ਪੇਸ਼ ਹੈ, ਉਸ ਪੁਸਤਕ ਦੇ ਮੁੱਖ ਬੰਦ ਦਾ ਸੰਖੇਪ ਸਾਰ:

ਕਰਤਾਰ ਭਲਵਾਨ ਮੇਰਾ ਗਰਾਈਂ ਹੈ| ਅੰਮ੍ਰਿਤਸਰ ਜਿਲੇ ਦੇ ਇਤਿਹਾਸਕ ਪਿੰਡ ਸੁਰ ਸਿੰਘ ਦਾ ਜੰਮਪਲ| ਸਿੱਖ ਗੁਰੂਆਂ, ਸਿੱਖ ਸੂਰਮਿਆਂ ਅਤੇ ਗਦਰੀ ਯੋਧਿਆਂ ਦੀਆਂ ਇਤਿਹਾਸਕ ਯਾਦਾਂ ਸੰਭਾਲੀ ਬੈਠਾ ਪਿੰਡ| ਭਲਵਾਨੀ ਦੇ ਖੇਤਰ ਵਿਚ ਕਰਤਾਰ ਨੇ ਇਸ ਦੇ ਇਤਿਹਾਸ ਨੂੰ ਇਕ ਹੋਰ ਨਵੀਂ ਦਿਸ਼ਾ ਦਿੱਤੀ ਹੈ|
ਉੱਚਾ-ਲੰਮਾ, ਗੋਰਾ-ਚਿੱਟਾ, ਫੱਬਵੇਂ ਨਕਸ਼, ਮਰਮਰੀ ਬੁੱਤ ਵਾਂਗ ਤਰਾਸ਼ਿਆ ਸੁਡੌਲ ਜਿਸਮ| ਮੰਦ ਮੰਦ ਮੁਸਕਰਾਉਣ ਵਾਲਾ| ਮੇਲ-ਮੁਲਾਕਾਤਾਂ ਵਿਚ ਧੀਮੇ ਬੋਲ, ਪਰ ਅਖਾੜੇ ਵਿਚ ਸ਼ੇਰ ਵਰਗੀ ਦਹਾੜ| ਤਾਕਤ ਦਾ ਪਹਾੜ, ਏਸ਼ੀਆ ਦਾ ਸਰਦਾਰ| ਰੁਸਤਮੇ-ਜਮਾਂ| ਜਗਤ-ਜੇਤੂ ਭਲਵਾਨ|
ਅੱਜ-ਕੱਲ ਉਹ ਜਲੰਧਰ ਦੇ ਚੀਮਾ ਨਗਰ ਵਿਚ ਰਹਿੰਦਾ ਹੈ| ਉਸ ਕੋਲ ਕੋਠੀਆਂ ਹਨ, ਕਾਰਾਂ ਹਨ, ਉਹ ਭਾਰਤ ਕੁਮਾਰ ਹੈ, ਭਾਰਤ ਕੇਸਰੀ ਹੈ, ਭਾਰਤ ਮੱਲ-ਸਮਰਾਟ ਹੈ, ਕਾਮਨਵੈਲਥ ਚੈਂਪੀਅਨ, ਏਸ਼ੀਆ ਚੈਂਪੀਅਨ, ਵਿਸ਼ਵ ਵੈਟਰਨ ਚੈਂਪੀਅਨ, ਅਰਜਨ ਅਵਾਰਡੀ ਅਤੇ ਪਦਮਸ੍ਰੀ ਹੈ| ਖੇਡ ਵਿਭਾਗ ਦਾ ਡਾਇਰੈਕਟਰ ਰਿਹੈ| ਆਈ. ਪੀ. ਐਸ਼ ਹੈ ਅਤੇ ਆਈ. ਜੀ. ਦੇ ਅਹੁਦੇ ਤੋਂ ਰਿਟਾਇਰ ਹੋਇਐ। ਉਹ ਏਨਾ ਕੁਝ ਹੈ ਕਿ ਗਿਣਨਾ ਔਖਾ ਹੈ| ਪਰ ਏਨਾ ਕੁਝ ਹੁੰਦਿਆਂ ਵੀ ਉਹ ‘ਕੁਝ ਨਾ ਹੋਣ’ ਵਿਚ ਯਕੀਨ ਰੱਖਦਾ ਹੈ| ਮਿੱਠਾ ਪਿਆਰਾ, ਨਿਮਰ ਅਤੇ ਨਿਰਮਾਣ ਪਹਿਲਵਾਨ|
ਮੈਂ ਕਰਤਾਰ ਨੂੰ ਬਚਪਨ ਤੋਂ ਜਾਣਦਾ ਹਾਂ| ਜਦੋਂ ਉਹ ਛੋਟਾ ਜਿਹਾ ਸੀ, ਸਕੂਲ ਪੜ੍ਹਨ ਜਾਂਦਾ ਬੱਚਾ| ਉਹ ਥੋੜ੍ਹਾ ਵੱਡਾ ਹੋਇਆ ਤਾਂ ਆਸਾ ਸਿੰਘ ਸ਼ਾਹ ਦੀ ਹਵੇਲੀ ਵਿਚ ਅਸੀਂ ਗੋਲਾ ਵੀ ਸੁੱਟਦੇ ਰਹੇ| ਪਿੱਛੋਂ ਸੁਰ ਸਿੰਘ ਦੇ ਹਾਈ ਸਕੂਲ ਵਿਚ ਕਈ ਸਾਲ ਪੜ੍ਹਾਉਂਦਾ ਰਿਹਾ ਹੋਣ ਕਰਕੇ ਪਰਿਵਾਰ ਦੇ ਬਾਕੀ ਜੀਆਂ ਦਾ ਵੀ ਮੇਰੇ ਨਾਲ ਮੇਲ-ਮਿਲਾਪ ਤੇ ਪਿਆਰ ਵਧਦਾ ਗਿਆ| ਫਿਰ ਜਦੋਂ ਕਰਤਾਰ ਨੇ ਭਲਵਾਨੀ ਵਿਚ ਆਪਣਾ ਨਾਮ ਬਣਾਉਣਾ ਸ਼ੁਰੂ ਕੀਤਾ ਤਾਂ ਪਿੰਡ ਦੇ ਹਮਦਰਦ ਤੇ ਹਿਤਾਇਸ਼ੀ ਲੋਕਾਂ ਵਾਂਗ ਕਰਤਾਰ ਦੀਆਂ ਪ੍ਰਾਪਤੀਆਂ ਮੈਨੂੰ ਆਪਣੇ ਪਿੰਡ ਦੀਆਂ ਪ੍ਰਾਪਤੀਆਂ ਲੱਗਣ ਲੱਗੀਆਂ| ਸਮੇਂ ਸਮੇਂ ਵੱਡੀਆਂ ਜਿੱਤਾਂ ਲਈ ਜਾਣ ਤੋਂ ਪਹਿਲਾਂ ਜਾਂ ਜਿੱਤ ਕੇ ਆਉਣ ਤੋਂ ਪਿੱਛੋਂ ਮੈਂ ਕਰਤਾਰ ਬਾਰੇ ਅਖਬਾਰਾਂ ਵਿਚ ਲਿਖਦਾ ਵੀ ਰਿਹਾ| ਕਰਤਾਰ ਦੀ ਤਾਰੀਫ ਕਰਨਾ, ਮੈਨੂੰ ਆਪਣੀ ਤਾਰੀਫ ਕਰਨ ਵਾਂਗ ਲੱਗਦਾ| ਖੇਡਾਂ ਬਾਰੇ ਜਾਂ ਖਿਡਾਰੀਆਂ ਬਾਰੇ ਲਿਖਣਾ ਮੇਰਾ ਬੁਨਿਆਦੀ ਸ਼ੌਕ ਨਹੀਂ ਸੀ। ਕਰਤਾਰ ਬਾਰੇ ਹੋਰ ਲੇਖਕ ਭਾਵੇਂ ਜੰਮ ਜੰਮ ਲਿਖਦੇ, ਪਰ ਮੈਨੂੰ ਲੱਗਦਾ ਕਿ ਆਪਣੇ ਪਿੰਡ ਦੇ ਇਸ ਛਿੰਦੇ ਤੇ ਲਾਡਲੇ ਪੁੱਤ ਬਾਰੇ ਮੈਂ ਕਿਉਂ ਨਾ ਲਿਖਾਂ!
ਕਰਤਾਰ ਬਾਰੇ ਲਿਖ ਕੇ ਮੈਂ ਆਪਣਾ ਫਰਜ਼ ਪੂਰਾ ਕਰਦਾ ਰਿਹਾ ਸਾਂ| ਜਦੋਂ 1986 ਦੀਆਂ ਸਿਓਲ ਏਸ਼ੀਅਨ ਖੇਡਾਂ ਵਿਚੋਂ ਪੀ. ਟੀ. ਊਸ਼ਾ ਤੋਂ ਬਿਨਾ ਇਕੋ ਇਕ ਭਾਰਤੀ ਮਰਦ, ਕਰਤਾਰ ਨੇ ਹੀ ਸੋਨ ਤਮਗਾ ਜਿਤ ਕੇ ਲਿਆਂਦਾ ਤਾਂ ਉਹਦੀ ਚਾਰੇ ਪਾਸੇ ਜੈ ਜੈ ਕਾਰ ਹੋ ਉੱਠੀ| ਉਹਦੇ ਮਾਣ-ਸਨਮਾਨ ਹੋਣ ਲੱਗੇ| ਬੱਚੇ ਬੱਚੇ ਨੂੰ ਉਹਦੇ ਨਾਂ ਦਾ ਪਤਾ ਚੱਲ ਗਿਆ| ਉਹ ਦਿਨ ਸਨ, ਜਦੋਂ ਉਹਦੀ ਪ੍ਰਸਿੱਧੀ ਸਿਖਰ ‘ਤੇ ਪਹੁੰਚ ਗਈ ਸੀ|
ਉਨ੍ਹੀਂ ਦਿਨੀਂ ‘ਪੰਜਾਬੀ ਟ੍ਰਿਬਿਊਨ’ ਦੇ ਤਤਕਾਲੀ ਸੰਪਾਦਕ ਗੁਲਜ਼ਾਰ ਸਿੰਘ ਸੰਧੂ ਨੇ ਵਿਸ਼ੇਸ਼ ਵਿਅਕਤੀਆਂ ਨਾਲ ਕੀਤੀਆਂ ਜਾਂਦੀਆਂ ਮੁਲਾਕਾਤਾਂ ਵਾਲੇ ਕਾਲਮ ‘ਖੁੱਲ੍ਹੀਆਂ ਗੱਲਾਂ’ ਲਈ ਮੈਨੂੰ ਕਰਤਾਰ ਨਾਲ ਲੰਮੀ ਮੁਲਾਕਾਤ ਕਰ ਕੇ ‘ਪੰਜਾਬੀ ਟ੍ਰਿਬਿਊਨ’ ਲਈ ਭੇਜਣ ਵਾਸਤੇ ਆਖਿਆ| 25 ਜਨਵਰੀ 1987 ਦੇ ਅਖਬਾਰ ਵਿਚ ਉਹ ਮੁਲਾਕਾਤ ਛਪੀ ਤਾਂ ਪਾਠਕਾਂ ਤੇ ਖੇਡ-ਪ੍ਰੇਮੀਆਂ ਦੇ ਨਾਲ ਕਰਤਾਰ ਹੁਰਾਂ ਨੂੰ ਵੀ ਬਹੁਤ ਪਸੰਦ ਆਈ| ਉਹਦੇ ਵੱਡੇ ਭਰਾ ਗੁਰਚਰਨ ਨੇ ਕਰਤਾਰ ਨਾਲ ਸਬੰਧਤ ਅਖਬਾਰਾਂ ਵਿਚ ਛਪੀਆਂ ਖਬਰਾਂ ਤੇ ਲੇਖਾਂ ਦੀਆਂ ਕਾਤਰਾਂ ਨਾਲ ਭਰੇ ਚਾਰ ਰਜਿਸਟਰ ਮੈਨੂੰ ਮੇਰੇ ਘਰ ਫੜਾਉਂਦਿਆਂ ਕਿਹਾ, “ਭਾ ਜੀ! ਤੁਹਾਡਾ ਲਿਖਿਆ ਪੜ੍ਹ ਕੇ ਖੇਡ-ਹਲਕਿਆਂ ਨਾਲ ਜੁੜੇ ਲੋਕ ਚਾਹੁੰਦੇ ਹਨ ਕਿ ਤੁਸੀਂ ਹੀ ਕਰਤਾਰ ਦੀ ਜੀਵਨੀ ਲਿਖ ਸਕਦੇ ਹੋ| ਕਰਤਾਰ ਤੁਹਾਡਾ ਵੀ ਛੋਟਾ ਭਰਾ ਹੈ…|”
ਗੁਰਚਰਨ ਲੱਖ ਠੀਕ ਕਹਿੰਦਾ ਸੀ, ਪਰ ਫਿਰ ਵੀ ਮੈਂ ਇਹ ਜੀਵਨੀ ਲਿਖਣ ਲਈ ਆਪਣੇ ਮਨ ਨੂੰ ਤਿਆਰ ਨਾ ਕਰ ਸਕਿਆ| ਪਹਿਲਾ ਕਾਰਨ ਤਾਂ ਇਹ ਸੀ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਮੇਰਾ ਸ਼ੌਕ ਨਹੀਂ ਸੀ| ਦੂਜਾ ਮੇਰੇ ਮਨ ਵਿਚ ਅਚੇਤ ਹੀ ਇਹ ਅਹਿਸਾਸ ਵੀ ਹੁੰਦਾ ਕਿ ਜਿੰਨਾ ਸਮਾਂ ਮੈਂ ਜੀਵਨੀ ਲਿਖਣ ਲਈ ਲਾਉਣਾ ਹੈ, ਓਨੇ ਚਿਰ ਵਿਚ ਮੈਂ ਆਪਣੀ ਕੋਈ ਸਿਰਜਣਾਤਮਕ ਲਿਖਤ ਕਿਉਂ ਨਾ ਲਿਖਾਂ! ਤੀਜਾ ਤੇ ਮਹੱਤਵਪੂਰਨ ਪਹਿਲੂ ਇਹ ਵੀ ਸੀ ਕਿ ਖੇਡ ਜਗਤ ਕੋਲ ਸਰਵਣ ਸਿੰਘ ਵਰਗੇ ਖੇਡ ਖੇਤਰ ਦੇ ਸ਼ਾਹਸਵਾਰ ਤੇ ਮਾਣਯੋਗ ਲੇਖਕ ਵੀ ਸਨ| ਮੇਰੀ ਇੱਛਾ ਸੀ ਕਿ ਕਰਤਾਰ ਦੀ ਜੀਵਨੀ ਸਰਵਣ ਸਿੰਘ ਹੀ ਲਿਖੇ| ਜਿੱਡਾ ਵੱਡਾ ਭਲਵਾਨ, ਓਡੇ ਉੱਚੇ ਪਾਏ ਦਾ ਹੀ ਖੇਡ ਲੇਖਕ|
ਇੰਜ ਇਹ ਜੀਵਨੀ ਲਿਖਣੀ ਦਸ ਸਾਲ ਪਿੱਛੇ ਪੈ ਗਈ| ਉਧਰੋਂ ਸਰਵਣ ਸਿੰਘ ਹੁਰਾਂ ਵੀ ਉਨ੍ਹਾਂ ਨੂੰ ਕਹਿ ਦਿੱਤਾ ਕਿ ਜੇ ਕਰਤਾਰ ਦੀ ਜੀਵਨੀ ਵਰਿਆਮ ਲਿਖੇ ਤਾਂ ਕਮਾਲ ਹੋ ਜਾਵੇ| ਭਾਵੇਂ ਭਲਵਾਨੀ ਜ਼ੋਰ ਨਾਲ ਲਿਖਵਾਓ। ਤੇ ਫਿਰ ਪਿਛਲੇ ਕਈ ਮਹੀਨਿਆਂ ਤੋਂ ਗੁਰਚਰਨ ਜਦੋਂ ਮਿਲਦਾ ਤਾਂ ਮੋਹ ਭਰੀ ਜ਼ਿਦ ਨਾਲ ਆਖਦਾ, “ਭਾ ਜੀ ਕੱਢੋ ਹੁਣ ਟੈਮ…|”
”ਭਲਵਾਨੋਂ| ਟੈਮ ਤੁਹਾਡੇ ਕੋਲ ਆਪ ਨਹੀਂ ਹੈਗਾ ਤੇ ਮੇਰੇ ‘ਤੇ ਐਵੇਂ ਸੁਹਾਗਾ ਫੇਰੀ ਜਾਂਦੇ ਓ…।” ਮੈਂ ਉੱਤੋਂ ਦੀ ਵਲਿਆ, ਪਰ ਉਨ੍ਹਾਂ ਨੂੰ ਉੱਤੋਂ ‘ਵਲਣ’ ਵਾਲਾ ਇਕ ਦਿਨ ਮੈਂ ਆਪ ਹੀ ਵਲਿਆ ਗਿਆ| ਗੁਰਚਰਨ ਫਿਰ ਕਹਿਣ ਲੱਗਾ, ”ਭਾ ਜੀ, ਕਿਤੇ ਕੱਢੋ ਟੈਮ…।” ਮੈਂ ਹੱਸ ਪਿਆ|
ਕਰਤਾਰ ਵੀ ਕਹਿਣ ਲੱਗਾ, “ਜੇ ਅਗਲੇ ਦਿਨੀਂ ਵਿਹਲੇ ਹੋਵੋ ਤਾਂ ਅਸੀਂ ਤੁਹਾਡੇ ਘਰ ਆ ਜਾਇਆ ਕਰਾਂਗੇ| ਤੁਸੀਂ ਪੁੱਛ ਪੁਛਾ ਲੌ ਗੱਲਾਂ ਬਾਤਾਂ| ਹੁਣ ਇਹ ਕੰਡਾ ਕੱਢ ਈ ਦਈਏ…।”
ਹੁਣ ਮੈਂ ਕੁਝ ਕਹਿਣ ਜੋਗਾ ਵੀ ਨਹੀਂ ਸਾਂ! ਮੈਂ ਹਥਿਆਰ ਸੁੱਟ ਦਿੱਤੇ| ਕਰਤਾਰ ਨੂੰ ਵੱਧ ਤੋਂ ਵੱਧ ਜਾਣਨ ਤੇ ਉਹਦੇ ਬਾਰੇ ਚੰਗੀ ਕਿਤਾਬ ਲਿਖਣ ਲਈ ਮੈਨੂੰ ਸਖਤ ਮਿਹਨਤ ਕਰਨੀ ਪੈਣੀ ਸੀ| ਮੈਂ ਰੋਜ਼ ਸ਼ਾਮ ਨੂੰ ਤਿੰਨ-ਚਾਰ ਘੰਟੇ ਕਰਤਾਰ, ਗੁਰਚਰਨ ਤੇ ਪਰਿਵਾਰ ਦੇ ਜੀਆਂ ਕੋਲ ਬੈਠਦਾ| ਉਸ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਉਹਦਾ ਪੂਰਾ ਜੀਵਨ ਛਾਣਨ-ਪੁਣਨ ਲਈ ਮੈਂ ਲਗਭਗ ਤਿੰਨ ਮਹੀਨੇ ਰੋਜ਼ ਹੀ ਉਨ੍ਹਾਂ ਕੋਲ ਜਾਂਦਾ ਰਿਹਾ| ਕੁਸ਼ਤੀ-ਖੇਤਰ ਵਿਚ ਸ਼ੁਰੂ ਤੋਂ ਹੁਣ ਤੱਕ ਉਸ ਨਾਲ ਜੁੜੇ ਭਲਵਾਨਾਂ ਤੇ ਕੋਚਾਂ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ| ਦਿੱਲੀ ਗੁਰੂ ਹਨੂਮਾਨ ਦੇ ਅਖਾੜੇ ਤੱਕ ਵੀ ਚੱਕਰ ਮਾਰੇ| ਕਰਤਾਰ ਬਾਰੇ ਹੁਣ ਤੱਕ ਜੋ ਕੁਝ ਪੁੱਛਿਆ ਗਿਆ, ਉਹ ਮੈਂ ਨਾਲ ਦੇ ਨਾਲ ‘ਟੇਪ ਰਿਕਾਰਡ’ ਕਰੀ ਜਾਂਦਾ| ਜਦੋਂ ਕੱਚੇ ਖਰੜੇ ਦੇ ਰੂਪ ਵਿਚ ਮੈਂ ਉਹ ਕੈਸਿਟਾਂ ਕਾਗਜ਼ਾਂ ‘ਤੇ ਉਤਾਰੀਆਂ ਤਾਂ ਛੇ ਸੱਤ ਸੌ ਪੁਸਤਕੀ ਪੰਨੇ ਬਣ ਗਏ| ਹੁਣ, ਮਿਲੀ ਜਾਣਕਾਰੀ ਨੂੰ ਸੋਧਣਾ, ਛਾਂਟਣਾ ਤੇ ਤਰਤੀਬ ਦੇਣੀ ਸੀ| ਇਹ ਕੁਝ ਕਰਨ ਲਈ ਮੈਨੂੰ ਰੋਜ਼ਾਨਾ ਦਸ ਤੋਂ ਬਾਰਾਂ ਤੇ ਕਈ ਵਾਰ ਚੌਦਾਂ ਚੌਦਾਂ ਘੰਟੇ ਕੰਮ ਕਰਨਾ ਪਿਆ…|
ਮੈਂ ਭਲਵਾਨ ਤਾਂ ਨਹੀਂ ਸਾਂ ਬਣ ਸਕਦਾ, ਪਰ ਇਨ੍ਹਾਂ ਦਿਨਾਂ ਵਿਚ ਸਾਧਨਾ ਮੈਂ ਭਲਵਾਨਾਂ ਵਾਂਗ ਹੀ ਕੀਤੀ| ਮੈਂ ਚਾਹੁੰਦਾ ਸਾਂ ਕਿ ਮੇਰੀ ਲਿਖਤ ‘ਭਲਵਾਨੀ ਸਪਿਰਟ’ ਵਾਲੀ ਬਣ ਸਕੇ| ਮੈਂ ਇਹ ਵੀ ਚਾਹੁੰਦਾ ਸਾਂ ਕਿ ਇਸ ਜੀਵਨੀ ਵਿਚੋਂ ਕਰਤਾਰ ਦਾ ਪਰਿਵਾਰ, ਉਸ ਦਾ ਪਿਛੋਕੜ, ਉਸ ਦਾ ਚੌਗਿਰਦਾ, ਉਸ ਦੀ ਸਾਧਨਾ, ਉਸ ਅੰਦਰਲਾ ਭਲਵਾਨ ਅਤੇ ਇਨਸਾਨ ਸੰਪੂਰਨ ਰੂਪ ਵਿਚ ਨਜ਼ਰ ਆਵੇ; ਪਰ ਕਦੀ ਸੰਪੂਰਨ ਵੀ ਕੁਝ ਹੋਇਆ ਹੈ!
ਮੈਂ ਸਿਰਫ ਏਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਜੀਵਨੀ ਨੂੰ ਮੁਕੰਮਲ ਕਰਨ ਲਈ ਹਰ ਹੀਲਾ ਕੀਤਾ ਹੈ| ਇਸ ਲਈ ਨਹੀਂ ਕਿ ਇਹ ਕਰਤਾਰ ਬਾਰੇ ਹੈ, ਸਗੋਂ ਇਸ ਲਈ ਵੀ ਕਿ ਇਸ ਉਤੇ ਲੇਖਕ ਦੇ ਤੌਰ ‘ਤੇ ਮੇਰਾ ਨਾਂ ਵੀ ਛਪਣਾ ਹੈ| ਮੇਰੇ ਨਾਂ ‘ਤੇ ਮਾੜੀ ਲਿਖਤ ਛਪਣੀ ਮੈਨੂੰ ਕਦੀ ਵੀ ਪਰਵਾਨ ਨਹੀਂ ਹੋਈ! ਕਿਸੇ ਖਿਡਾਰੀ ਬਾਰੇ ਲਿਖਣਾ ਮੇਰੇ ਆਪਣੇ ਖੇਤਰ ਤੋਂ ਬਾਹਰ ਜਾਣ ਵਾਲੀ ਗੱਲ ਸੀ| ਇਸ ਖੇਤਰ ਵਿਚ ਵੀ ਮੇਰੀ ਕਲਮ ਕੁਝ ਕਰ ਸਕਣ ਦੇ ਸਮਰੱਥ ਹੋਈ ਹੈ ਜਾਂ ਨਹੀਂ, ਇਹ ਦੱਸਣਾ ਇਸ ਪੁਸਤਕ ਦੇ ਪਾਠਕਾਂ ਦਾ ਕੰਮ ਹੈ|
ਧੰਨਵਾਦ ਹੈ ਗੁਰਚਰਨ ਸਿੰਘ ਦਾ, ਜਿਸ ਨੇ ਆਪਣੇ ਪਿਆਰ ਦੇ ਮਾਣ ਸਦਕਾ ਦਸਾਂ ਸਾਲਾਂ ਦੀ ਜੱਦੋਜਹਿਦ ਪਿੱਛੋਂ ਮੈਨੂੰ ਜੀਵਨੀ ਲਿਖਣ ਲਈ ਤਿਆਰ ਕਰ ਹੀ ਲਿਆ| ਉਸ ਤੋਂ ਵੀ ਵੱਧ ਆਪਣੀ ਪਤਨੀ ਰਜਵੰਤ ਦਾ ਤੇ ਮੇਰੇ ਪਰਿਵਾਰ ਦਾ, ਜਿਨ੍ਹਾਂ ਨੇ ਮੈਨੂੰ ਵਿਹਲ, ਸੁਖਾਵਾਂ ਮਾਹੌਲ ਤੇ ਮਾਨਸਿਕ ਬਲ ਦੇ ਕੇ ਇਹ ਬਿਖਮ-ਕਾਰਜ ਨੇਪਰੇ ਚੜ੍ਹਾਉਣ ਵਿਚ ਮੇਰੀ ਮਦਦ ਕੀਤੀ|
1978 ਵਿਚ ਜਦੋਂ ਕਰਤਾਰ ਪਹਿਲੀ ਵਾਰ ਏਸ਼ੀਅਨ ਖੇਡਾਂ ਬੈਂਕਾਕ ਤੋਂ ਸੋਨ ਤਮਗਾ ਜਿਤ ਕੇ ਲਿਆਇਆ ਸੀ ਤਾਂ ਕਰਤਾਰ ਦਾ ਪੂਰੇ ਪਿੰਡ ਵੱਲੋਂ ਭਰਪੂਰ ਆਦਰ ਮਾਣ ਕੀਤਾ ਗਿਆ| ਉਹਦੇ ਸਤਿਕਾਰ ਵਿਚ ਸਮਾਗਮ ਕੀਤਾ ਗਿਆ| ਕਰਤਾਰ ਤੇ ਉਹਦੇ ਨਾਲ ਆਏ ਭਲਵਾਨਾਂ ਤੇ ਕੋਚਾਂ ਨੂੰ ਸਵਾਗਤੀ ਕਮੇਟੀ ਵੱਲੋਂ ਤੁਛ ਭੇਟਾ ਦਿੰਦਿਆਂ ਮੈਂ ਇਕ ਗੱਲ ਸੁਣਾਈ:
ਮੇਰਾ ਇਕ ਮਾਮਾ ਆਪਣੇ ਵੇਲਿਆਂ ਦਾ ਚੰਗਾ ਭਲਵਾਨ ਸੀ| ਇਕ ਵਾਰ ਉਹ ਆਪਣੇ ਪਿੰਡੋਂ ਵੀਹ ਤੀਹ ਕੋਹ ਦੂਰ ਕਿਸੇ ਦੂਸਰੇ ਪਿੰਡ ਛਿੰਝ ‘ਤੇ ਘੁਲਣ ਲਈ ਗਿਆ| ਉਹਦੇ ਹੀ ਪਿੰਡ ਦਾ ਕੋਈ ਹੋਰ ਬੰਦਾ, ਜਿਹੜਾ ਛਿੰਝ ਵਾਲੇ ਪਿੰਡ ਦੇ ਨੇੜੇ ਕਿਸੇ ਰਿਸ਼ਤੇਦਾਰੀ ‘ਚ ਮਿਲਣ-ਗਿਲਣ ਗਿਆ ਸੀ, ਘੋਲ ਵੇਖਣ ਲਈ ਉਥੇ ਆਇਆ| ਜਦੋਂ ਮੇਰਾ ਮਾਮਾ ਦੂਜੇ ਭਲਵਾਨ ਨਾਲ ਘੁਲ ਰਿਹਾ ਸੀ ਤਾਂ ਉਹਦੇ ਪਿੰਡ ਦਾ ਵਸਨੀਕ ਵੀ ਆਪਣੇ ਮਨ ਵਿਚ ਨਾਲ ਨਾਲ ਹੀ ਘੁਲ ਰਿਹਾ ਸੀ| ਆਪਣੇ ਭਲਵਾਨ ਦੇ ਵੱਜਦੇ ਦਾਅ ਨਾਲ ਹੀ ਉਹ ਉਛਲਦਾ ਤੇ ਦੂਜੇ ਭਲਵਾਨ ਦੇ ਵੱਜਦੇ ਦਾਅ ਨਾਲ ਉਹਦਾ ਸਾਹ ਸੂਤਿਆ ਜਾਂਦਾ| ਆਖਰ ਜਦੋਂ ਮੇਰੇ ਮਾਮੇ ਨੇ ਵਿਰੋਧੀ ਭਲਵਾਨ ਨੂੰ ਧਰਤੀ ‘ਤੇ ਪਿਠ ਪਰਨੇ ਸੁਟ ਲਿਆ ਤਾਂ ਉਹਦੇ ਗਰਾਈਂ ਨੇ ਧਰਤੀ ਤੋਂ ਤਿੰਨ ਫੁੱਟ ਉੱਚੀ ਛਾਲ ਮਾਰੀ ਤੇ ਸੰਤੋੜ ਮੇਰੇ ਮਾਮੇ ਵੱਲ ਭੱਜ ਉੱਠਾ| ਜਾ ਕੇ ਮੇਰੇ ਮਾਮੇ ਨੂੰ ਹਿੱਕ ਨਾਲ ਘੁੱਟ ਕੇ ਧਰਤੀ ਤੋਂ ਉੱਚਾ ਚੁੱਕ ਲਿਆ| ਪਿੱਛੋਂ ਆਪਣੀ ਜੇਬ ਵਿਚ ਹੱਥ ਮਾਰਿਆ| ਗਰੀਬ ਜੱਟ ਸੀ| ਉਦੋਂ ਲੋਕਾਂ ਕੋਲ ਪੈਸੇ ਹੁੰਦੇ ਵੀ ਕਿਥੇ ਸਨ! ਜੇਬ ਵਿਚੋਂ ਸਿਰਫ ਇਕ ਅਠਿਆਨੀ ਨਿਕਲੀ| ਉਸ ਨੇ ਉਹ ਅਠਿਆਨੀ ਮੇਰੇ ਮਾਮੇ ਦੀ ਮੁੱਠ ਵਿਚ ਦਿੱਤੀ ਤੇ ਫਿਰ ਉਹਦੀ ਮੁੱਠ ਮੀਚਦਿਆਂ ਕਹਿਣ ਲੱਗਾ, “ਬਘੇਲ ਸਿਅ੍ਹਾਂ! ਇਹ ਮੁੱਠ ਤੂੰ ਮੀਟੀ ਰੱਖ! ਇਹ ਨਾ ਵੇਖ! ਇਹਦੇ ਵਿਚ ਹੈ ਕੀ? ਮੇਰੇ ਕੋਲ ਹੈ ਈ ਇਹੋ ਕੁਝ ਸੀ ਵੀਰ ਮੇਰਿਆ। ਮੇਰੇ ਕੋਲੋਂ ਤੇਰੇ ਜਿੱਤਣ ਦਾ ਚਾਅ ਠੱਲ੍ਹਿਆ ਈ ਨਹੀਂ ਗਿਆ। ਬੱਸ ਇਸ ਚਾਅ ‘ਚ ਈ ਭੱਜਾ ਆਇਆਂ! ਤੂੰ ਸਾਡਾ ਖੂਨ ਐਂ, ਸਾਡੀ ਆਪਣੀ ਦੇਹ ਜਾਨ। ਤੈਨੂੰ ਦੇਣ ਲਈ ਮੇਰੇ ਕੋਲ ਖੁੱਲ੍ਹੀਆਂ ਬਾਹਵਾਂ ਦਾ ਢੇਰਾਂ ਦਾ ਢੇਰ ਪਿਆਰ ਹੈ, ਇਸ ਲਈ ਤੂੰ ਇਹ ਮੁੱਠੀ ਬੰਦ ਹੀ ਰੱਖ ਤੇ ਮੇਰੇ ਖੁੱਲ੍ਹੇ ਦਿਲ ਵੱਲ ਵੇਖ਼..।”
ਬਘੇਲ ਸਿੰਘ ਨੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ| ਆਪਣੇ ਗਰਾਈਂ ਨੂੰ, ਜੋ ਪਿੰਡੋਂ ਵੀਹ ਕੋਹ ਦੂਰ, ਉਹਦਾ ਸਭ ਤੋਂ ਪਹਿਲਾਂ ਆਪਣਾ ਬਣ ਕੇ ਉਹਦੀ ਜਿੱਤ ਦੀ ਖੁਸ਼ੀ ਵਿਚ ਉਛਲਿਆ ਸੀ| ਇਸ ਭਰੱਪਣ ‘ਚ ਭਿੱਜ ਕੇ ਦੋਹਾਂ ਸ਼ਰੀਕ ਭਰਾਵਾਂ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ…|
ਇਹ ਕਹਾਣੀ ਸੁਣਾ ਕੇ ਮੈਂ ਕਰਤਾਰ ਨੂੰ ਕਿਹਾ ਸੀ, ”ਭਲਵਾਨ ਜੀ, ਮੈਂ ਅਤੇ ਮੇਰੇ ਪਿੰਡ ਵਾਲੇ ਤੁਹਾਡੀ ਏਡੀ ਮਹਾਨ ਜਿੱਤ ਦੀ ਖੁਸ਼ੀ ਵਿਚ ਮਾਣ-ਸਨਮਾਨ ਵਜੋਂ ਜੋ ਕੁਝ ਤੁਹਾਨੂੰ ਭੇਟ ਕਰ ਰਹੇ ਹਾਂ, ਉਹ ਤਾਂ ਤੁਸੀਂ ਮੁੱਠੀ ਵਿਚ ਬੰਦ ਹੀ ਰੱਖੋ। ਉਹਨੂੰ ਖੋਲ੍ਹ ਕੇ ਨਾ ਵੇਖੋ ਕਿ ਇਸ ਵਿਚ ਕੀ ਹੈ! ਵੇਖਣਾ ਹੈ ਤਾਂ ਸਾਡੇ ਪਿਆਰ ਨਾਲ ਨੱਕੋ-ਨੱਕ ਭਰੇ ਦਿਲ ਵੇਖੋ, ਸਾਡਾ ਚਾਅ ਵੇਖੋ, ਸਾਡਾ ਮਾਣ ਵੇਖੋ…।”
ਅੱਜ ਉਸੇ ਹੀ ਪਿਆਰ ਤੇ ਮਾਣ ਵਿਚ ਭਰ ਕੇ ਮੈਂ ਇਹ ਪੁਸਤਕ ਕਰਤਾਰ ਦੇ ਹੱਥਾਂ ਵਿਚ ਦੇ ਕੇ ਕਹਿਣਾ ਚਾਹੁੰਦਾ ਹਾਂ, “ਭਲਵਾਨ ਜੀ! ਅੱਜ ਆਪਣੀਆਂ ਉਨ੍ਹਾਂ ਬੰਦ ਮੁੱਠਾਂ ਨੂੰ ਖੋਲ੍ਹੋ ਤੇ ਇਸ ਪੁਸਤਕ ਨੂੰ ਵੇਖੋ ਤੇ ਵਿਖਾਓ ਵੀ, ਜਿਸ ਵਿਚ ਤੁਹਾਡੇ ਗਰਾਈਂ, ਤੁਹਾਡੇ ਵੱਡੇ ਭਰਾ ਦਾ ਪਿਆਰ ਉਲੱਦਿਆ ਪਿਆ ਹੈ!
ਅਖੀਰ ਵਿਚ ਮੈਂ ਆਪਣੇ ਮਹਾਨ ਪਿੰਡ ਸੁਰ ਸਿੰਘ ਅੱਗੇ ਆਪਣਾ ਸੀਸ ਨਿਵਾਉਂਦਾ ਹਾਂ, ਜਿਸ ਦੀ ਮੁਹੱਬਤ ਨੇ ਆਪਣੇ ਇਸ ਮਹਾਨ ਪੁੱਤ ਬਾਰੇ ਆਪਣੇ ਇਸ ਲੇਖਕ ਪੁੱਤ ਕੋਲੋਂ ਕੁਝ ਸ਼ਬਦ ਲਿਖਵਾਏ ਹਨ|
ਮੇਰੇ ਪਿਆਰੇ ਤੇ ਮਾਣ-ਮੱਤੇ ਪਿੰਡ!
ਮੇਰੇ ਪਿੰਡ ਦੇ ਪਿਆਰੇ ਤੇ ਮੋਹ-ਭਿੱਜੇ ਲੋਕੋ!
ਇਤਿਹਾਸ ਬਣਾਉਣ ਵਾਲੇ ਤੇ ਇਤਿਹਾਸ ਲਿਖਣ ਵਾਲੇ ਤੁਹਾਡੇ ਬੱਚੇ ਤੁਹਾਡੇ ਵਿਹੜਿਆਂ ਵਿਚ ਪਲਦੇ ਅਤੇ ਖੇਡਦੇ ਰਹਿਣ, ਤੇ ਫਿਰ ਇਕ ਦਿਨ ਇੰਜ ਹੀ ਚਮਕ ਉੱਠਣ, ਉੱਚੇ ਨੀਲੇ ਅੰਬਰਾਂ ਵਿਚ ਧਰੂ ਤਾਰਾ ਬਣ ਕੇ, ਤੁਹਾਡੇ ਕਰਤਾਰ ਵਾਂਗ|
ਪੁਸਤਕ ਦੇ ਕੁਝ ਅੰਸ਼:
ਅੰਮ੍ਰਿਤਸਰ ਤੋਂ ਦੱਖਣ-ਪੱਛਮ ਨੂੰ ਪਾਕਿਸਤਾਨ ਸਰਹੱਦ ਦੇ ਸਮਾਨੰਤਰ ਜਾਂਦੀ ਭਿੱਖੀਵਿੰਡ-ਖੇਮਕਰਨ ਸੜਕ ਦੇ ਐਨ ਵੀਹਵੇਂ ਮੀਲ ਉਪਰ ਸੱਜੇ ਹੱਥ ਉੱਚੇ ਥੇਹ ‘ਤੇ ਵਸਿਆ ਅਤੇ ਥੇਹ ਉਤੇ ਬਣੇ ਮਕਾਨਾਂ ਦੇ ਸੱਜੇ-ਖੱਬੇ ਦੂਰ ਨੀਵਾਣਾਂ ਤੱਕ ਆਪਣੇ ਖੰਭ ਫੈਲਾਈ ਬੈਠਾ ਪਿੰਡ ਸੁਰ ਸਿੰਘ ਕਿਸੇ ਉਸ ਵੱਡੇ ਪੰਛੀ ਵਰਗਾ ਲੱਗਦਾ ਹੈ, ਜੋ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਲੁਕੋਈ ਬੈਠਾ ਹੋਵੇ ਤਾਂ ਕਿ ਕਿਸੇ ਖੂੰਖਾਰ ਜਾਨਵਰ ਦੀ ਨਜ਼ਰ ਉਸ ਦੇ ਮਾਸੂਮ ਬੱਚਿਆਂ ਉੱਪਰ ਨਾ ਪੈ ਸਕੇ।
ਸੁਰ ਸਿੰਘ ਪਿੰਡ ਦਾ ਜਾਨਦਾਰ ਅਤੇ ਸ਼ਾਨਾਂਮੱਤਾ ਇਤਿਹਾਸ ਇਸ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਇਸ ਧਰਤੀ ਨੇ ਬਹੁਤ ਸਾਰੇ ਸ਼ਹੀਦ-ਸੂਰਮੇ, ਵਿਦਵਾਨ, ਕਲਾਕਾਰ, ਖਿਡਾਰੀ ਅਤੇ ਲੇਖਕ ਪੈਦਾ ਕਰਨ ਦਾ ਮਾਣ ਹੀ ਪ੍ਰਾਪਤ ਨਹੀਂ ਕੀਤਾ, ਸਗੋਂ ਕਈ ਖੇਤਰਾਂ ਵਿਚ ਤਾਂ ਭਾਰਤ ਭਰ ਵਿਚੋਂ ਸਭ ਤੋਂ ‘ਪਹਿਲ’ ਕਰਨ ਦਾ ਸਿਹਰਾ ਵੀ ਇਸੇ ਪਿੰਡ ਨੂੰ ਜਾਂਦਾ ਹੈ। ਛੋਟੇ ਹੁੰਦਿਆਂ ਕਿਸੇ ਕਵੀਸ਼ਰੀ ਵਿਚੋਂ ਪੜ੍ਹਿਆ ਸੀ-ਸੁਰ ਸਿੰਘ ਪਿੰਡ ਹੈ ਖਾਲਸਿਓ! ਜਿਲੇ ਲਾਹੌਰ ਦਾ, ਉਥੋਂ ਦਾ ਬਿਧੀ ਚੰਦ ਸੀ, ਸ਼ੇਰਾਂ ਦੇ ਤੌਰ ਦਾ…। ਕੁੱਜਾ ਭਰਿਆ ਲੀਰਾਂ ਦਾ, ਸੁਰ ਸਿੰਘ ਪਿੰਡ ਫਕੀਰਾਂ ਦਾ, ‘ਚੜ੍ਹੀ ਆਵੇ ਤੇ ਲੱਥੀ ਜਾਵੇ, ਲੱਥੀ ਆਵੇ ਤੇ ਚੜ੍ਹੀ ਜਾਵੇ।’
ਪੇਂਡੂ ਭਾਈਚਾਰੇ ਤੇ ਖਾਸ ਤੌਰ ‘ਤੇ ਜੱਟਾਂ ਵਿਚ ਉਦੋਂ ਬੱਚੇ ਦੀ ਜਨਮ ਤਾਰੀਖ ਤੇ ਸੰਨ ਦਾ ਕੌਣ ਹਿਸਾਬ ਕਿਤਾਬ ਰੱਖਦਾ ਸੀ! ਮੌਸਮਾਂ, ਘਟਨਾਵਾਂ ਜਾਂ ਤਿਉਹਾਰਾਂ ਦਾ ਚੇਤਾ ਕਰਕੇ ਹੀ ਮਾਂ-ਬਾਪ ਵੱਲੋਂ ਬੱਚੇ ਦੇ ਜਨਮ ਦਿਨ ਦਾ ਅਟਾ-ਸਟਾ ਲਾਇਆ ਜਾਂਦਾ ਸੀ। ਪ੍ਰਸਿੱਧ ਪਾਕਿਸਤਾਨੀ ਲੋਕ ਗਾਇਕਾ ਰੇਸ਼ਮਾ ਨੂੰ ਜਦੋਂ ਉਸ ਦੀ ਪਹਿਲੀ ਔਲਾਦ ਦੀ ਪੈਦਾਇਸ਼ ਬਾਰੇ ਪੁੱਛਿਆ ਗਿਆ ਤਾਂ ਉਹ ਹੱਸ ਕੇ ਆਖਣ ਲੱਗੀ, “ਜਦੋਂ ਖਰਬੂਜ਼ੇ ਪੱਕਦੇ ਨੇ, ਓਸ ਰੁੱਤੇ।”
ਕਰਤਾਰ ਦੀ ਜਨਮ ਤਾਰੀਖ ਸਰਕਾਰੀ ਕਾਗਜ਼ਾਂ ਵਿਚ 7 ਅਕਤੂਬਰ 1953 ਹੈ, ਪਰ ਮਾਤਾ ਦੱਸਦੀ ਹੈ: ਸੰਨ-ਸੁੰਨ ਤਾਂ ਵੀਰਾ ਮੈਨੂੰ ਪਤਾ ਨ੍ਹੀਂ, ਪਰ ਐਨਾ ਯਾਦ ਹੈ ਕਿ ਲੋਹੜੀ ਹੁੰਦੀ ਆ ਨਾ-ਤੇ ਅਗਲੇ ਦਿਨ ਹੁੰਦੀ ਆ ਮਾਘੀ। ਤੇ ਇਹ ਮਾਘੀ ਤੋਂ ਦੋ ਦਿਨ ਪਿਛੋਂ ਜੰਮਿਆ ਤਿੰਨ ਮਾਘ ਨੂੰ, ਟੈਮ ਹੋਊ ਇਹੋ ਸਵੇਰੇ 9-10 ਦਾ।
ਸਾਲ 1953 ਦਾ ਤਾਂ ਕਰਤਾਰ ਨੂੰ ਪੱਕ ਹੈ। ਉਸ ਨੇ ਚੌਕੀਦਾਰ ਵੱਲੋਂ ਭੇਜੇ ਰਿਕਾਰਡ ਦੀ ਅੰਮ੍ਰਿਤਸਰ ਜਿਲਾ ਹੈੱਡਕੁਆਟਰ ਤੋਂ ਪੜਤਾਲ ਕਰਵਾਈ ਹੈ, ਪਰ ਲੋਹੜੀ ਤਾਂ ਜਨਵਰੀ ਵਿਚ ਆਉਂਦੀ ਹੈ। ਚੌਕੀਦਾਰ ਦੇ ਕਾਗਜ਼ਾਂ ਤਕ ਪਹੁੰਚਦੀ-ਪਹੁੰਚਦੀ ਜਨਵਰੀ, ਅਕਤੂਬਰ ਕਿਵੇਂ ਬਣ ਗਈ? ਇਸ ਹਿਸਾਬ ਨਾਲ ਤਾਂ ਕਰਤਾਰ ਦਾ ਜਨਮ 15 ਜਨਵਰੀ ਵੀਰਵਾਰ ਵਾਲੇ ਦਿਨ ਹੋਇਆ…।

ਵਿਸਾਖੀ ਦਾ ਮੇਲਾ ਸੀ। ਅਗਲਿਆਂ ਪਤਾ ਨਹੀਂ ਤਾਰੇ ਨੂੰ ਕਿਵੇਂ ਭੁਚਲਾ ਫੁਸਲਾ ਲਿਆ। ਉਹ ਰੋਡੇ ਨਾਲ ਅਸਾਵਾਂ ਘੋਲ ਘੁਲਣ ਲਈ ਤਿਆਰ ਹੋ ਗਿਆ। ਤੇ ਫੇਰ ਦੋਹਾਂ ਦੀ ਪਕੜ ਸ਼ੁਰੂ ਹੋਈ। ਇਸ ਤੋਂ ਪਹਿਲਾਂ ਕਿ ਰੋਡਾ ਉਸ ਨੂੰ ਕੋਈ ਹੁਝਕਾ ਮਾਰਦਾ, ਧਰਤੀ ‘ਤੇ ਪਟਕਾਅ ਮਾਰਦਾ, ਬਿਜਲੀ ਵਰਗੀ ਫੁਰਤੀ ਨਾਲ ਤਾਰੇ ਨੇ ਰੋਡੇ ਦੇ ਪੱਟੀਂ ਲੱਗ ਕੇ ਉਸ ਨੂੰ ਥੱਲੇ ਸੁੱਟ ਲਿਆ। ਜਿਵੇਂ ਰੇਤ ਦਾ ਪਹਾੜ ਇਕੋ ਝਟਕੇ ਨਾਲ ਢੇਰੀ ਹੋ ਗਿਆ ਹੋਵੇ। ਭੀੜ ਉਨ੍ਹਾਂ ਉਪਰ ਉਲਰ ਗਈ। ਲਾਕੜੀ ‘ਪਾਸੇ ਹੋ ਜੋ’ ਦਾ ਰੌਲਾ ਪਾਉਂਦੇ ਪਰਨੇ ਹਿਲਾ ਰਹੇ ਸਨ। ਰੋਡਾ ਘੋੜੀ ਬਣਿਆ ਹੋਇਆ ਸੀ ਤੇ ਤਾਰਾ ਉਸ ਦੀ ਪਿੱਠ ‘ਤੇ ਸਵਾਰ। ਉਹ ਉਹਦੇ ਅੱਗੇ-ਪਿੱਛੇ ਟਪੂਸਣੀਆਂ ਲਾਉਂਦਾ। ਕਦੀ ਮਿੱਟੀ ਵਿਚ ਉਸ ਦਾ ਹਦਵਾਣੇ ਵਰਗਾ ਸਿਰ ਗੋਡਾ ਦੇ ਕੇ ਨੱਪ ਦਿੰਦਾ, ਕਦੀ ਗੋਡੇ ਮਾਰਦਾ ਏਧਰੋਂ ਓਧਰ ਤੇ ਓਧਰੋਂ ਏਧਰ ਰੋਲਣ ਲੱਗਾ। ਭੀੜ ‘ਚੋਂ ‘ਬੱਲੇ! ਸਾਬਾਸ਼ੇ!!’ ਦੀਆਂ ਚੀਕਾਂ ਉਠ ਰਹੀਆਂ ਸਨ। ਰੋਡੇ ਦਾ ਭਾਰਾ ਸਰੀਰ ਕਿਸੇ ਕੰਮ ਨਾ ਆਇਆ। ਤਾਰੇ ਦਾ ਕੀਤਾ ਜਾਂਦਾ ‘ਜੋ.ਰ’ ‘ਜੁਗਤ’ ਉਹਦੇ ਕੰਮ ਆ ਰਹੀ ਸੀ। ਉਹਨੇ ਰੋਡੇ ਨੂੰ ਦੱਗ੍ਹਲ ਕਰ ਕੇ ਢਾਹ ਲਿਆ ਸੀ ਤੇ ਹਿੱਕ ‘ਤੇ ਸ਼ੇਰ ਵਾਂਗ ਬੈਠਾ ਤਾਰਾ ਤੇਜ਼ ਤਰਾਰ ਚੀਤੇ ਵਰਗਾ ਲਗਦਾ ਪਿਆ ਸੀ।
ਲੋਕਾਂ ਨੇ ਤਾਰੇ ਨੂੰ ਅਸਮਾਨ ਵਿਚ ਉਛਾਲਿਆ। ਉਹਦੀ ਮੁੱਠ ਨੋਟਾਂ ਨਾਲ ਭਰ ਦਿੱਤੀ। ਇਹ ਪਹਿਲੀ ਵਾਰ ਸੀ ਜਦੋਂ ਮੈਂ ‘ਤਾਰੇ’ ਨੂੰ ਅਸਮਾਨ ਵੱਲ ਉਛਲਦਿਆਂ ਵੇਖਿਆ ਸੀ। ਤੇ ਫਿਰ ਜਿਉਂ-ਜਿਉਂ ਸਾਲ ਬੀਤਦੇ ਗਏ, ਤਾਰਾ ਅਸਮਾਨ ਵਿਚ ਹੋਰ ਗੂੜ੍ਹਾ ਹੋਇਆ, ਹੋਰ ਚਮਕਦਾਰ ਬਣਿਆ, ਹੋਰ ਤੇਜੱਸਵੀ ਬਣਿਆ, ਹੋਰ ਉੱਚਾ ਹੋਇਆ, ਏਨਾ ਉੱਚਾ ਕਿ ਆਪਣੇ ਨਾਲ ਆਪਣੇ ਪਰਿਵਾਰ, ਪਿੰਡ, ਪ੍ਰਾਂਤ ਤੇ ਦੇਸ਼ ਨੂੰ ਵੀ ਉਚਾਣਾਂ ਵਿਚ ਉੱਡਣ ਲਾ ਦਿੱਤਾ…।
ਭਲਵਾਨ ਪਿੰਡ ਦਾ ਮਾਣ ਹੁੰਦੇ ਸਨ। ਭਲਵਾਨਾਂ ਲਈ ਖੁਰਾਕ ਦੀ ਲੋੜ ਹੁੰਦੀ ਸੀ ਤਾਂ ਪਿੰਡ ਵਾਲੇ ਉਸ ਲਈ ਘਿਉ ਦੇ ਪੀਪੇ ‘ਕੱਠੇ ਕਰਦੇ। ਪੈਸੇ ਅਤੇ ਬਦਾਮ ਦਿੰਦੇ ਤੇ ਫਿਰ ਢਾਣੀਆਂ ਬੰਨ੍ਹ ਕੇ ਉਸ ਦੇ ਪਿੱਛੇ ਛਿੰਝਾਂ ‘ਤੇ ਜਾਂਦੇ। ਕਈ ਕਈ ਪਿੰਡਾਂ ਦੀਆਂ ਸਾਲਾਨਾ ਛਿੰਝਾਂ ਬਹੁਤ ਮਸ਼ਹੂਰ ਸਨ, ਜਿਨ੍ਹਾਂ ਵਿਚ ਹਰ ਸਾਲ ਦੂਰੋਂ-ਨੇੜਿਓਂ ਵੱਡੇ ਤੇ ਛੋਟੇ ਭਲਵਾਨ ਆ ਕੇ ਜ਼ੋਰ ਅਜ਼ਮਾਈ ਕਰਦੇ। ਹਰੇਕ ਪਿੰਡ ਦੇ ਸਾਲਾਨਾ ਜੋੜ ਮੇਲਿਆਂ ਦੇ ਆਖਰੀ ਦਿਨ ਘੋਲ ਤੇ ਕਬੱਡੀ, ਦੋ ਪੱਕੀਆਂ ਖੇਡਾਂ ਸਨ, ਜੋ ਖੇਡੀਆਂ ਜਾਂਦੀਆਂ। ਇਨ੍ਹਾਂ ਕੁਸ਼ਤੀਆਂ ਵਿਚ ਨਾ ਕੋਈ ਵਜ਼ਨ ਦੀ ਬਰਾਬਰੀ ਦਾ ਮਸਲਾ ਸੀ, ਨਾ ਉਮਰ ਦਾ ਤੇ ਨਾ ਹੀ ਨਿਸ਼ਚਿਤ ਸਮੇਂ ਦੀ ਹੱਦ ਦਾ। ਕੁਸ਼ਤੀ ਭਲਵਾਨਾਂ ਅਤੇ ਲੋਕਾਂ ਦੀ ਤਸੱਲੀ ਨਾਲ ਹੀ ਛੁੱਟਦੀ ਸੀ। ਲੋਕਾਂ ਨੂੰ ਵੀ ਕੁਸ਼ਤੀ ਦਾ ਮਜ਼ਾ ਤਦ ਹੀ ਆਉਂਦਾ ਸੀ, ਜੇ ਕੁਸ਼ਤੀ ਕਾਂਟੇ ਦੀ ਹੋਵੇ। ਰਲ ਕੇ ਘੁਲਣ ਵਾਲਿਆਂ ਨੂੰ ਲੋਕ ਝੱਟ ਤਾੜ ਜਾਂਦੇ ਸਨ ਤੇ ਉਨ੍ਹਾਂ ਦੇ ਪੱਲੇ ਫਿਟਕਾਰਾਂ ਹੀ ਪੈਂਦੀਆਂ ਸਨ…।
ਇਕ ਵਾਰ ਦੀ ਗੱਲ ਹੈ, ਕਰਤਾਰ ਨਵਾਂ-ਨਵਾਂ ਹੀ ਸਬਜ਼ੀ ਮੰਡੀ ਦਿੱਲੀ ਗੁਰੂ ਹਨੂਮਾਨ ਦੇ ਅਖਾੜੇ ਵਿਚ ਗਿਆ ਸੀ। ਇਕ ਦਿਨ ਗੁਰੂ ਜੀ ਦੀ ਗੈਰ-ਹਾਜ਼ਰੀ ਦਾ ਲਾਭ ਲੈ ਕੇ ਸੁਖਚੈਨ ਅਤੇ ਕਰਤਾਰ ਹੋਰਾਂ ਨੇ ਫਿਲਮ ਵੇਖਣ ਦਾ ਪ੍ਰੋਗਰਾਮ ਬਣਾਇਆ ਤੇ ਛੇਤੀ-ਛੇਤੀ ਕਰਤਾਰ ਨੂੰ ਟਿਕਟਾਂ ਖਰੀਦ ਕੇ ਲਿਆਉਣ ਦਾ ਆਦੇਸ਼ ਦਿੱਤਾ। ਕਰਤਾਰ ਗਿਆ ਤੇ ਜਾ ਕੇ ਲਾਈਨ ਵਿਚ ਲੱਗ ਗਿਆ। ਵਾਰੀ ਆਉਣ ‘ਤੇ ਉਸ ਨੇ ਪੈਸਿਆਂ ਸਮੇਤ ਬਾਂਹ ਖਿੜਕੀ ਦੇ ਅੰਦਰ ਕੀਤੀ ਅਤੇ ਬਾਲਕੋਨੀ ਦੀਆਂ ਪੰਜ ਟਿਕਟਾਂ ਮੰਗੀਆਂ।
“ਭਾਈ ਸਾਹਿਬ ਯਹਾਂ ਪਰ ਅੰਮ੍ਰਿਤਸਰ ਕੀ ਟਿਕਟੇਂ ਮਿਲਤੀ ਹੈਂ, ਬਾਲਕੋਨੀ ਕੀ ਨਹੀਂ” ਅੰਦਰੋਂ ਅਵਾਜ਼ ਦੇ ਨਾਲ ਹੀ ਪੈਸੇ ਬਾਹਰ ਮੁੜ ਆਏ। ਅਸਲ ਵਿਚ ਕਰਤਾਰ ਸਬਜ਼ੀ ਮੰਡੀ ਰੇਲਵੇ ਸਟੇਸ਼ਨ ‘ਤੇ ਟਿਕਟਾਂ ਲੈਣ ਲਈ ਲੱਗੀ ਲਾਈਨ ਵਿਚ ਆ ਖੜੋਤਾ ਸੀ…!
ਇਕ ਵਾਰ ਗੁਰੂ ਜੀ ਨੂੰ ਕਿਸੇ ਨੇ ਸ਼ੱਕ ਪਾ ਦਿੱਤਾ ਕਿ ਕਰਤਾਰ ਰਾਤ ਨੂੰ ਚੁੱਪ ਚਾਪ ‘ਕਿਧਰੇ’ ਖਿਸਕ ਜਾਂਦਾ ਹੈ। ਗੁਰੂ ਜੀ, ਜੋ ਸ਼ਿਸ਼ਾਂ ਦਾ ਹਰੇਕ ਪੱਖੋਂ ਧਿਆਨ ਰੱਖਦੇ ਸਨ ਅਤੇ ਉਨ੍ਹਾਂ ਨੂੰ ਕਰਤਾਰ ਦੇ ‘ਕਿਧਰੇ’ ਖਿਸਕਣ ਦੀ ਉਮੀਦ ਨਹੀਂ ਸੀ, ਅੰਦਰੇ-ਅੰਦਰ ਬੜੇ ਪ੍ਰੇਸ਼ਾਨ ਹੋਏ। ਉਨ੍ਹਾਂ ਕਰਤਾਰ ਨੂੰ ਕੁਝ ਨਹੀਂ ਕਿਹਾ, ਪਰ ਉਹਦੀ ‘ਰਾਖੀ’ ਰੱਖਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ, ਜਦੋਂ ਉਨ੍ਹਾਂ ਨੇ ਸੱਚੀਂ ਹੀ ਕਰਤਾਰ ਨੂੰ ਅੱਖ ਬਚਾ ਕੇ ਖਿਸਕਦਿਆਂ ਵੇਖਿਆ। ਉਹ ਵੀ ਦੱਬੇ ਪੈਰੀਂ, ਥੋੜ੍ਹੀ ਵਿੱਥ ਰੱਖ ਕੇ, ਉਹਦੇ ਪਿੱਛੇ-ਪਿੱਛੇ ਤੁਰ ਪਏ। ਕਰਤਾਰ ਰੋਜ਼ ਜਾਂਦਾ ਅਤੇ ਗੁਰੂ ਜੀ ਹਰ ਰੋਜ਼ ਹੀ ਪਿੱਛੇ-ਪਿੱਛੇ ਪੈੜ ਨੱਪਦੇ ਸੂਹ ਲਾਉਣ ਜਾਂਦੇ।
ਲਗਾਤਾਰ ਤਿੰਨ ਰਾਤਾਂ ਗੁਰੂ ਜੀ ਨੇ ਪਿੱਛੇ ਜਾ ਕੇ ਜਦੋਂ ਕਰਤਾਰ ਨੂੰ ‘ਪੱਕੀ ਚੋਰੀ’ ਕਰਦਿਆਂ ਵੇਖ ਲਿਆ ਤਾਂ ਉਨ੍ਹਾਂ ਨੇ ਦੂਜੇ ਮੁੰਡਿਆਂ ਨੂੰ ਕਿਹਾ ਕਿ ਅੱਜ ਉਹ ਉਨ੍ਹਾਂ ਦੇ ਨਾਲ ਜਾਣ। ਉਨ੍ਹਾਂ ਨੂੰ ਪਤਾ ਹੈ ਕਿ ਕਰਤਾਰ ਹਰ ਰੋਜ਼ ਕਿਥੇ ਜਾਂਦਾ ਹੈ! ਉਹ ਸਾਰੇ ਰਲ ਕੇ ਉਹਨੂੰ ਰੰਗੇ ਹੱਥੀਂ ਫੜਨਗੇ। ਮੁੰਡੇ ਬੜੇ ਉਤਸ਼ਾਹ ਨਾਲ ਗੁਰੂ ਜੀ ਦੇ ਪਿੱਛੇ-ਪਿੱਛੇ ਤੁਰ ਪਏ। ਅਜੀਬ ਖੁਤਖੁਤੀ ਤੇ ਜਗਿਆਸਾ ਸੀ ਦਿਲਾਂ ਵਿਚ। ਗੁਰੂ ਜੀ ਉਨ੍ਹਾਂ ਨੂੰ ਅਖਾੜੇ ਤੋਂ ਥੋੜ੍ਹੀ ਹੀ ਦੂਰ ਸਥਿਤ ਸਿੰਘ ਸਭਾ ਗੁਰਦੁਆਰੇ ਲੈ ਗਏ। ਮੱਥਾ ਟੇਕਿਆ ਤੇ ਫਿਰ ਗੁਰੂ ਦੀ ਹਜ਼ੂਰੀ ਵਿਚ ਅੱਖਾਂ ਮੀਚੀ ਬੈਠੇ ਕਰਤਾਰ ਨੂੰ ਕੀਰਤਨ ਸੁਣਦਿਆਂ ਵਿਖਾਇਆ। ਕਰਤਾਰ ਰੋਜ਼ ਇਥੇ ਹੀ ਆਉਂਦਾ ਸੀ…।
ਲਾਹੌਰ ਵਿਖੇ ਕੁਸ਼ਤੀਆਂ ਲੜਨ ਅਤੇ ਲਾਹੌਰ ਵੇਖਣ ਨਾਲੋਂ ਵੀ ਇਕ ਹੋਰ ਡੂੰਘੀ ਤਲਬ ਸੀ ਕਰਤਾਰ ਦੇ ਮਨ ਵਿਚ। ਪੰਜਾਬੀ ਕਿੱਸਾ-ਕਾਵਿ ਅਤੇ ਲੋਕ-ਕਹਾਣੀਆਂ ਵਿਚ ਪਹਿਲੀ ਨਜ਼ਰ ਦੀ ਮੁਹੱਬਤ ਦਾ ਜ਼ਿਕਰ ਵਾਰ-ਵਾਰ ਹੋਇਆ ਹੈ, ਪਰ ਕਈ ਕਹਾਣੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਵਿਚ ਇਕ ਦੂਜੇ ਨੂੰ ਬਿਨਾ ਵੇਖਿਆਂ, ਇਕ ਦੂਜੇ ਦੀਆਂ ਗੱਲਾਂ ਸੁਣਦਿਆਂ ਹੀ ਮੁਹੱਬਤ ਭਰੇ ਦਿਲ ਇਕ-ਦੂਜੇ ਨੂੰ ਮਿਲਣ ਦੀ ਤਾਂਘ ਲਈ ਅੰਗੜਾਈਆਂ ਭਰਦੇ ਰਹਿੰਦੇ ਹਨ। ਅਜਿਹੀ ਮੁਹੱਬਤ ਦਾ ਰਿਸ਼ਤਾ ਆਮ ਤੌਰ ਉਤੇ ਬਹਾਦਰ ਤੇ ਸੋਹਣੇ ਨੌਜੁਆਨ ਅਤੇ ਸੋਹਣੀ ਮੁਟਿਆਰ ਦਰਮਿਆਨ ਹੁੰਦਾ ਸੀ।
ਕਰਤਾਰ ਦੇ ਸਬੰਧ ਵਿਚ ਵੀ ਗੱਲ ਤਾਂ ਕੁਝ ਇਸ ਤਰ੍ਹਾਂ ਦੀ ਹੀ ਸੀ। ਉਹ ਵੀ ਲਾਹੌਰ ਵਿਚ ਰਹਿੰਦੇ ਆਪਣੇ ਅਣਦੇਖੇ ਸੱਜਣ ਨੂੰ ਮਿਲਣ ਲਈ ਕਾਹਲਾ ਸੀ, ਪਰ ਉਹ ਸੱਜਣ ਕੋਈ ਖੂਬਸੂਰਤ ਮੁਟਿਆਰ ਨਹੀਂ ਸੀ, ਉਹ ਤਾਂ ਲਾਹੌਰ ਸ਼ਹਿਰ ਦਾ ਪ੍ਰਸਿੱਧ ਟਰਾਂਸਪੋਰਟਰ ਅਤੇ ਭਲਵਾਨ ਸੀ। ਜਿਸ ਨੂੰ ਲੋਕ ‘ਵਹੀ ਭਲਵਾਨ’ ਆਖ ਕੇ ਬੁਲਾਉਂਦੇ ਸਨ। ਕਰਤਾਰ ਦਾ ਇਕ ਦੋਸਤ ਬਲਬੀਰ ਇੰਗਲੈਂਡ ਵਿਚ ਰਹਿੰਦਾ ਸੀ। ਉਥੇ ਹੀ ਉਸ ਦਾ ਵਹੀ ਭਲਵਾਨ ਨਾਲ ਮੇਲ ਹੋਇਆ। ‘ਵਹੀ ਭਲਵਾਨ’ ਨੂੰ ਵੇਖਦਿਆਂ ਹੀ ਬਲਬੀਰ ਹੈਰਾਨ ਹੋ ਗਿਆ। ਉਹ ਤਾਂ ਨਿਰਾ-ਪੁਰਾ ਕਰਤਾਰ ਸੀ। ਉਸ ਤਰ੍ਹਾਂ ਹੀ ਸੋਹਣਾ ਸੂਤਰਿਆ ਮਨ ਮੋਂਹਦਾ ਜਾਨਦਾਰ ਜੁੱਸਾ। ਓਨਾ ਹੀ ਉੱਚਾ-ਲੰਮਾ ਕੱਦ-ਬੁੱਤ। ਉਂਜ ਹੀ ਇਕ ਦੂਜੇ ਨਾਲ ਮਿਲਦਾ-ਜੁਲਦਾ ਚਿਹਰਾ ਅਤੇ ਨੈਣ-ਨਕਸ਼। ਬਿਲਕੁਲ ਕਰਤਾਰ ਦੀ ਕਾਰਬਨ ਕਾਪੀ…।
ਕਰਤਾਰ ਸਿੰਘ ਬਚਪਨ ਦੇ ਦਿਨਾਂ ਵਿਚ ਗਾਉਣ ਦਾ ਸ਼ੌਕੀਨ ਵੀ ਸੀ। ਕਦੀ ਸਾਥੀਆਂ ਦੇ ਇਕੱਠ ਵਿਚ, ਕਦੀ ਪਿੰਡ ਦੇ ‘ਚੰਡੀਗੜ੍ਹ’ ਵਿਚ ਬਜੁਰਗਾਂ ਦੀ ਹੱਲਾਸ਼ੇਰੀ ਨਾਲ ਤੇ ਕਦੀ ਡੰਗਰ ਚਾਰਦਿਆਂ ਮੋੜੇ ਲਾਉਣ ਤੋਂ ਮਿਲੀ ਵਿਹਲ ਵਿਚ। ਜਿਹੜੀ ਕਵਿਤਾ ਉਹ ਪੂਰੀ ਤਰੰਗ ਵਿਚ ਗਾਇਆ ਕਰਦਾ ਸੀ, ਉਹੋ ਕਵਿਤਾ ਅੱਜ ਇਸ ਪੁਸਤਕ ਦੇ ਪੰਨਿਆਂ ਉਤੇ ਵੀ ਗੂੰਜਣਾ ਚਾਹੁੰਦੀ ਹੈ। ਲਓ ਸੁਣੋ,
ਰੂੜੀ ਮਾਰਕਾ ਗਟਾ-ਗਟ ਪੀ ਕੇ
ਆ ਗਿਆ ਸਰੂਰ ਵਿਚ ਜੀ,
ਵਿਚ ਸੱਥ ਦੇ ਚਾਂਗਰਾਂ ਮਾਰੇ
ਵੈਰੀਆਂ ਨੂੰ ਕੱਢੇ ਗਾਲ੍ਹੀਆਂ,
ਅੱਗੋਂ ਵੈਰੀਆਂ ਬਰਛੀਆਂ ਲਾਈਆਂ
ਖੂਨ ਇਕ ਝੱਟ ਹੋ ਗਿਆ,
ਨੰਬਰਦਾਰ ਨੇ ਥਾਣੇ ਜਾ ਦੱਸਿਆ
ਥਾਣੇਦਾਰ ਝੱਟ ਆ ਗਿਆ,
ਪੈਰੀਂ ਬੇੜੀਆਂ ਹੱਥੀਂ ਹੱਥਕੜੀਆਂ
ਜੇਲ੍ਹ ਵਿਚ ਜਾ ਸੁੱਟਿਆ,
ਵਿਚ ਜੇਲ੍ਹ ਦੇ ਹੋਸ਼ ਫਿਰ ਕੀਤੀ
ਕੈਦ ਬੋਲੀ ਦਸ ਸਾਲ ਦੀ,
ਪੈਲੀ ਵੇਚ ਕੇ ਮੁਕੱਦਮਾ ਕੀਤਾ
ਥਾਂ ਸਾਰਾ ਗਹਿਣੇ ਪੈ ਗਿਆ,
ਧੀਆਂ-ਪੁੱਤ ਗਲੀਆਂ ਵਿਚ ਰੁਲ ਗਏ
ਨਾਰ ਤੇਰੀ ਰੋਂਦੀ ਫਿਰੇ।
ਤਾਰਿਆ! ਤਾਰਿਆ!!
ਤੇਰੀਆਂ ਸ਼ਰਾਬਾਂ ਨੇ ਚੰਦ ਚਾੜ੍ਹਿਆ…।
ਕਰਤਾਰ ਭਲਵਾਨ ਦੀ ਜੀਵਨੀ ਦੱਸਦੀ ਹੈ ਕਿ ਕਿਵੇਂ ਦ੍ਰਿੜ ਇਰਾਦੇ ਨਾਲ ਮੰਜ਼ਿਲ ਵੱਲ ਵਧਦੇ ਹੋਏ ਆਮ ਘਰਾਂ ਦੇ ਬੱਚੇ ਵੀ ਲਾਸਾਨੀ ਪ੍ਰਾਪਤੀਆਂ ਕਰ ਸਕਦੇ ਹਨ। ਆਮ ਜੱਟਾਂ ਦੇ ਪੁੱਤ ਨੇ ਆਪਣੀ ਮਿਹਨਤ, ਲਗਨ, ਸਿਰੜ, ਸਿਦਕ ਤੇ ਸਾਧਨਾ ਨਾਲ ਇਹ ਸਾਬਤ ਕੀਤਾ ਹੈ ਕਿ ਬੰਦਾ ਤਨੋਂ, ਮਨੋਂ ਦ੍ਰਿੜ ਸੰਕਲਪ ਕਰ ਕੇ ਤੁਰ ਪਵੇ ਤਾਂ ਰਾਹ ਵਿਚਲੀ ਕੋਈ ਵੀ ‘ਅਟਕ’ ਉਸ ਨੂੰ ਅਟਕਾ ਨਹੀਂ ਸਕਦੀ। ਉਸ ਲਈ ਕੁਝ ਵੀ ਅਪਹੁੰਚ ਨਹੀਂ ਹੁੰਦਾ। ਨਸ਼ਿਆਂ ਵਿਚ ਗਰਕਦੀ ਜਾ ਰਹੀ ਜਵਾਨੀ ਲਈ ਇਸ ਕਿਤਾਬ ਦਾ ਪਾਠ ਚਾਨਣ-ਮੁਨਾਰੇ ਦਾ ਕੰਮ ਕਰੇਗਾ। ਨਵੇਂ ਉਭਰਦੇ ਖਿਡਾਰੀਆਂ ਲਈ ਤਾਂ ਕਰਤਾਰ ਦਾ ਜੀਵਨ ਪ੍ਰੇਰਨਾ ਦੀ ਮਿਸਾਲ ਹੈ ਹੀ। ਇਸ ਜੀਵਨੀ ਨੂੰ ਪੜ੍ਹਦਿਆਂ ਆਮ ਪੰਜਾਬੀ ਪਾਠਕ ਇਸ ਵਿਚੋਂ ਪੰਜਾਬੀ ਸਭਿਆਚਾਰ ਦੀਆਂ ਰਸਦਾਇਕ ਤੇ ਪ੍ਰੇਰਨਾਦਾਇਕ ਝਾਕੀਆਂ ਦਾ ਵੀ ਅਨੰਦ ਲੈ ਸਕਣਗੇ।
ਇਹ ਪੁਸਤਕ ਲਿਖ ਕੇ ਕਹਾਣੀਆਂ ਦੇ ਚੈਂਪੀਅਨ ਵਰਿਆਮ ਸਿੰਘ ਸੰਧੂ ਨੇ ਖੇਡ ਸਾਹਿਤ ਵਿਚ ਵੀ ਝੰਡੀ ਕਰ ਦਿੱਤੀ ਹੈ, ਪਈ ਆਵੇ ਕੋਈ ਨਿੱਤਰੇ!