ਹੱਸਣਾ ਮੇਰੇ ਹਜੂਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਰੁੱਸਣ ਅਤੇ ਮਨਾਉਣ ਦੀ ਬਾਤ ਛੇੜਦਿਆਂ ਕਿਹਾ ਸੀ, “ਰੁੱਸਣਾ ਤੇ ਮੰਨਣਾ, ਦੋ ਵਿਰੋਧੀ ਪ੍ਰਕ੍ਰਿਆਵਾਂ, ਜਿਨ੍ਹਾਂ ਦਾ ਮਾਨਸਿਕਤਾ ਨਾਲ ਸਬੰਧ। ਦੋਹਾਂ ਦਾ ਜੀਵਨ ਵਿਚ ਹੋਣਾ ਅਤੇ ਇਨ੍ਹਾਂ ਸੰਗ ਜਿਉਣਾ ਬਹੁਤ ਹੀ ਅਹਿਮ, ਪਰ ਇਨ੍ਹਾਂ ਵਿਚਲਾ ਸੰਤੁਲਨ ਹੀ ਜੀਵਨ ਨੂੰ ਨਰੋਈ ਸੇਧ, ਸੰਦੇਸ਼ ਅਤੇ ਦ੍ਰਿਸ਼ਟੀ ਦੇ ਸਕਦਾ, ਜਿਸ ਨਾਲ ਜੀਵਨ ਨੂੰ ਨਵੀਆਂ ਬੁਲੰਦੀਆਂ ਨਸੀਬ ਹੁੰਦੀਆਂ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਨਿਰਾਸ਼ਾ ਤੋਂ ਬੇਨਿਆਜ਼ੀ ਲਈ ਅਤੇ ਜਿਉਂਦੇ ਰਹਿਣ ਲਈ ਹੱਸਣ ਨੂੰ ਅਤਿ ਲੋੜੀਂਦਾ ਦੱਸਿਆ ਹੈ। ਉਹ ਕਹਿੰਦੇ ਹਨ, “ਹੱਸਣਾ ਮਨੁੱਖੀ ਫਿਤਰਤ ਦੀ ਪਛਾਣ। ਵਿਅਕਤੀਤਵ ਦਾ ਮੁਹਾਂਦਰਾ। ਚੱਜ-ਅਚਾਰ ਦੀ ਝਲਕ। ਹਾਸੇ ਵਿਚੋਂ ਮਨੁੱਖ ਦੀ ਅਸਲੀਅਤ ਜੱਗ-ਜਾਹਰ ਹੁੰਦੀ ਕਿ ਉਹ ਕਿਵੇਂ, ਕਦੋਂ, ਕਿਸ ਤਰ੍ਹਾਂ ਅਤੇ ਕਿਹੜੇ ਅੰਦਾਜ਼ ਨਾਲ ਹੱਸਦਾ?…ਸਭ ਤੋਂ ਸੁੰਦਰ ਹੈ, ਜਦ ਮਨੁੱਖ ਦਾ ਅੰਗ-ਅੰਗ ਹੱਸਦਾ, ਨੈਣਾਂ ਵਿਚੋਂ ਹਾਸਾ ਡਲਕਦਾ, ਬੋਲਾਂ ਵਿਚੋਂ ਹਾਸਾ ਉਗਮਦਾ, ਤੋਰ ਵਿਚ ਹਾਸੇ ਦਾ ਜਲਵਾ ਅਤੇ ਉਦਮ ਤੇ ਉਤਸ਼ਾਹ ਵਿਚ ਹਾਸੇ ਦਾ ਪ੍ਰਗਟਾਅ।” ਡਾ. ਭੰਡਾਲ ਦੀ ਨਸੀਹਤ ਹੈ ਕਿ ਹੱਸਿਆ ਕਰੋ ਕਿਸੇ ਦੇ ਚਾਅਵਾਂ ਵਿਚ ਸ਼ਰੀਕ ਹੁੰਦਿਆਂ, ਖੁਸ਼ੀਆਂ ਨੂੰ ਦੂਣ-ਸਵਾਇਆ ਕਰਦਿਆਂ, ਖੁਸ਼ੀ ਵਿਚ ਖੀਵੇ ਹੁੰਦਿਆਂ ਜਾਂ ਇਹ ਦਰਸਾਉਣ ਲਈ ਕਿ ਤੁਹਾਨੂੰ ਵੀ ਉਨ੍ਹਾਂ ਦੀ ਪ੍ਰਾਪਤੀ/ਹਾਸਲ/ਰੁਤਬੇ ਦਾ ਬਹੁਤ ਚਾਅ ਤੇ ਮਾਣ ਹੈ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਹੱਸਣਾ, ਮਨ ਦੀਆਂ ਭਾਵਨਾਵਾਂ ਦੀ ਪਰਵਾਜ਼, ਸੁੱਤੇ ਅਹਿਸਾਸਾਂ ਦਾ ਅਗਾਜ਼ ਅਤੇ ਸੰਗੀਤਕਤਾ ਪੈਦਾ ਕਰਦਾ ਜ਼ਿੰਦ-ਸਾਜ਼।
ਹੱਸਣਾ, ਬੰਦੇ ਵਿਚ ਬੰਦੇ ਦੇ ਜਿਉਂਦੇ ਹੋਣ ਦੀ ਚਾਹਤ, ਮਨ ਨੂੰ ਮਿਲਣ ਵਾਲੀ ਰਾਹਤ ਅਤੇ ਖੁਦ ਨਾਲ ਸਾਂਝੀ ਕੀਤੀ ਉਹ ਬਾਤ, ਜੋ ਪਾਉਂਦੀ ਜੀਵਨ ਦੇ ਅੰਦਰ ਝਾਤ।
ਹੱਸਣਾ, ਬੇਫਿਕਰੀ ਦੇ ਆਲਮ ਵਿਚ ਹੋਣ ਦਾ ਅਹਿਸਾਸ, ਫੱਕਰਤਾ ਮਾਣਨ ਦਾ ਆਭਾਸ, ਖੁਲ੍ਹਦਿਲੀ ਨਾਲ ਆਪੇ ਦੇ ਰੂਬਰੂ ਹੋਣ ਦਾ ਧਰਵਾਸ ਅਤੇ ਪੈਦਾ ਕਰਨੀ ਅਜਿਹੀ ਆਸ, ਜੋ ਜਿਉਂਦੇ ਕਰ ਦਿੰਦੀ ਆਪੇ ‘ਤੇ ਵਿਸ਼ਵਾਸ।
ਹੱਸਣਾ, ਸਮਾਜਕ ਵਰਤਾਰਾ। ਮਨੁੱਖ ਵਲੋਂ ਮਨੁੱਖ ਨਾਲ ਸਾਂਝੇ ਕੀਤੇ ਵਲਵਲੇ। ਖਾਸ ਮੌਕਿਆਂ ਨੂੰ ਆਪਣਿਆਂ ਸੰਗ ਮਾਣਨ ਦੀ ਜ਼ਿੰਦਾਦਿਲੀ। ਅੰਦਰੋਂ ਬਾਹਰੋਂ ਇਕਸਾਰਤਾ ਨੂੰ ਹਾਜ਼ਰ-ਨਾਜ਼ਰ ਕਰਨ ਦੀ ਕਾਹਲ।
ਹੱਸਣਾ, ਮਨੁੱਖੀ ਫਿਤਰਤ ਦੀ ਪਛਾਣ। ਵਿਅਕਤੀਤਵ ਦਾ ਮੁਹਾਂਦਰਾ। ਚੱਜ-ਅਚਾਰ ਦੀ ਝਲਕ। ਹਾਸੇ ਵਿਚੋਂ ਮਨੁੱਖ ਦੀ ਅਸਲੀਅਤ ਜੱਗ-ਜਾਹਰ ਹੁੰਦੀ ਕਿ ਉਹ ਕਿਵੇਂ, ਕਦੋਂ, ਕਿਸ ਤਰ੍ਹਾਂ ਅਤੇ ਕਿਹੜੇ ਅੰਦਾਜ਼ ਨਾਲ ਹੱਸਦਾ?
ਹੱਸਣਾ, ਪਾਰਦਰਸ਼ੀ ਕਿਰਿਆ। ਮਨ-ਅੰਤਰੀਵ ਨੂੰ ਫਰੋਲਣਾ, ਪਰਖਣਾ, ਪਛਾਣਨਾ ਅਤੇ ਪ੍ਰਦਰਸ਼ਿਤ ਕਰਨਾ।
ਹੱਸਣਾ ਸਰੀਰਕ, ਸਮਾਜਕ ਅਤੇ ਮਾਨਸਿਕ ਕਰਮ, ਜੋ ਬਹੁ-ਪਸਾਰੀ ਰਾਹਤ, ਸੁਖਨ ਅਤੇ ਸਕੂਨ ਦਾ ਸੰਗਮ। ਹਾਸੇ ਨਾਲ ਚੌਗਿਰਦੇ ਨੂੰ ਹਸਾਉਣ, ਹਾਸਮਈ ਤਰੰਗਾਂ ਨੂੰ ਉਪਜਾਉਣ ਅਤੇ ਘਰ ਦੇ ਚਹੁੰ-ਖੂੰਜਿਆਂ ਨੂੰ ਹੱਸਣ ਲਾਉਣਾ, ਘਰ ਦਾ ਧੰਨਭਾਗ।
ਹੱਸਣਾ, ਬਾਹਰਮੁਖੀ ਤੇ ਅੰਦਰਮੁਖੀ ਵਰਤਾਰਾ। ਅੰਦਰ ਖੁਸ਼ੀ ਹੋਵੇਗੀ ਤਾਂ ਹੀ ਅਸੀਂ ਹੱਸਾਂਗੇ, ਖੁਸ਼ੀਆਂ ਸਾਂਝੀਆਂ ਕਰਾਂਗੇ ਅਤੇ ਇਨ੍ਹਾਂ ਵਿਚ ਆਪਣਿਆਂ ਨੂੰ ਸ਼ਾਮਲ ਕਰਾਂਗੇ।
ਹੱਸਣਾ, ਆਪਣਿਆਂ ਦੀ ਸੰਗਤ ਤੇ ਸੁਹਬਤ ਵਿਚ ਬਹੁਤ ਸੁਚਾਰੂ ਅਤੇ ਉਸਾਰੂ ਰੂਪ ਵਿਚ ਰੂਪਮਾਨ ਹੁੰਦਾ। ਇਸ ਦੀ ਹੋਂਦ ਵਿਚ ਬਣਦੇ ਨੇ ਰਿਸ਼ਤੇ, ਸੋਚਾਂ ‘ਤੇ ਉਗਦੇ ਨੇ ਸੂਹੇ ਫੁੱਲ, ਵਿਚਾਰਾਂ ਦੀ ਰੰਗ-ਬਿਰੰਗਤਾ ਮਨੁੱਖੀ ਮਨ ਨੂੰ ਪ੍ਰਭਾਵਤ ਕਰਦੀ, ਮਨ-ਜੂਹ ਵਿਚ ਸੁਗਮ-ਸੰਵੇਦਨਾ ਦਾ ਰਾਗ ਵੀ ਅਲਾਪਦੀ।
ਹੱਸਣਾ, ਮਨੁੱਖੀ ਤੰਦਰੁਸਤੀ ਦਾ ਰਾਜ਼, ਸਰੀਰਕ ਕਿਰਿਆਵਾਂ ਨੂੰ ਰਵਾਨਗੀ, ਚਿੰਤਾਵਾਂ ਅਤੇ ਫਿਕਰ ਕੁਝ ਸਮੇਂ ਲਈ ਵਿੱਥ ‘ਤੇ ਹੋ ਜਾਂਦੇ। ਕਸ਼ਟ, ਕਠਿਨਾਈਆਂ ਅਤੇ ਕਾਲਖੀ ਵਰਤਾਵੇ ਕੁਝ ਪਲਾਂ ਲਈ ਅੱਖੋਂ ਓਝਲ ਹੋ ਜਾਂਦੇ। ਮਨ ਆਪਣੇ ਰੌਂਅ ਤੇ ਰੰਗ ਵਿਚ ਹਾਸਿਆਂ ਦੇ ਸ਼ਗੂਫੇ ਵਿਚ ਮਸ਼ਰੂਫ ਹੋਇਆ ਖੁਦ ਨੂੰ ਵੀ ਭੁੱਲ ਜਾਂਦਾ। ਹੱਸਣ ਸਮੇਂ ਬਜੁਰਗ, ਬੱਚੇ, ਜਵਾਨ, ਔਰਤ ਜਾਂ ਮਰਦ ਵਿਚ ਕੋਈ ਨਹੀਂ ਅੰਤਰ ਰਹਿੰਦਾ। ਇਕਸਾਰ ਹਾਸਾ ਅਤੇ ਹਰੇਕ ਇਸ ਨੂੰ ਆਪਣੇ ਵਿਚ ਰਮਾਉਣ ਦਾ ਚਾਹਵਾਨ।
ਹੱਸਣ ਦੀ ਜਾਚ ਬੱਚਿਆਂ ਕੋਲੋਂ ਸਿੱਖਣਾ, ਜੋ ਰੋਂਦੇ ਰੋਂਦੇ ਹੱਸ ਵੀ ਪੈਂਦੇ ਅਤੇ ਹੱਸਦਿਆਂ ਹੱਸਦਿਆਂ ਉਨ੍ਹਾਂ ਦੀਆਂ ਅੱਖਾਂ ਵਿਚ ਅੱਥਰੂ ਵੀ ਆ ਜਾਂਦੇ।
ਹੱਸਣਾ ਰੂਹ ਦੀ ਖੁਰਾਕ। ਸੁਖਨਤਾ ਦੀ ਭਰਪਾਈ। ਮਨ ਦੀਆਂ ਕੱਸੀਆਂ ਤਾਰਾਂ ਵਿਚ ਕੁਝ ਲਚਕ। ਲਹੂ-ਨਾੜੀਆਂ ਦੀ ਤੰਗਦਸਤੀ ਵਿਚ ਮੋਕਲਾਪਣ, ਜਿਸ ਕਾਰਨ ਦਿਲ ਦੀਆਂ ਨਾੜੀਆਂ ਨੂੰ ਔਜ਼ਾਰਾਂ ਨਾਲ ਨਹੀਂ ਖੋਲ੍ਹਣਾ ਪੈਂਦਾ।
ਹੱਸਣਾ ਇਕ ਕਸਰਤ। ਸਰੀਰਕ ਅੰਗਾਂ ਨੂੰ ਤਰੰਗਤ ਕਰਨ, ਤਾਜ਼ਗੀ ਬਖਸ਼ਣ ਅਤੇ ਦਿਮਾਗ ਦੀਆਂ ਨਾੜਾਂ ਨੂੰ ਸਹਿਜ ਕਰਨ ਲਈ ਕੁਦਰਤੀ ਕਿਰਿਆ; ਤਾਂ ਹੀ ਅਜੋਕੇ ਸਮਿਆਂ ਵਿਚ ਲਾਫੋਥੀਰੈਪੀ ਵੰਨੀਂ ਲੋਕ ਰੁਚਿਤ ਹੋ ਰਹੇ ਨੇ। ਕੁਦਰਤੀ ਹਾਸਾ ਜਦ ਘਰਾਂ ਵਿਚੋਂ ਮਨਫੀ ਹੋ ਜਾਵੇ ਤਾਂ ਬਨਾਉਟੀ ਹਾਸੇ ਰਾਹੀਂ ਮਸਨੂਈ ਖੁਸ਼ੀਆਂ ਤੇ ਖੇੜਿਆਂ ਨੂੰ ਸਿਰਜਣਾ ਇਕ ਮਜ਼ਬੂਰੀ ਹੁੰਦੀ। ਭਟਕਣਮਈ ਜੀਵਨ ਸ਼ੈਲੀ ਅਤੇ ਭੱਜ-ਦੌੜ ਵਿਚ ਮਨੁੱਖ ਅਜਿਹਾ ਗਵਾਚਿਆ ਕਿ ਉਸ ਨੂੰ ਨਹੀਂ ਖੁਦ ਦੀ ਸਾਰ। ਫਿਰ ਕਿਵੇਂ ਕਰੇਗਾ ਪ੍ਰਵਾਹ ਪਰਿਵਾਰ ਜਾਂ ਘਰ-ਸੰਸਾਰ ਦੀ। ਖਿੱਝਣਾ, ਝੂਰਦੇ ਰਹਿਣਾ ਅਤੇ ਅਸੀਮਤ ਲੋੜਾਂ ਦੀ ਅਪੂਰਤੀ ਵਿਚੋਂ ਸਿਰਫ ਨਕਾਰਾਤਮਕਤਾ ਹੀ ਮਨੁੱਖ ਦੀ ਹੋਣੀ ਏ, ਜੋ ਅਜੋਕੇ ਮਨੁੱਖ ਦਾ ਸੱਚ ਏ।
ਹੱਸਣਾ ਹਾਵਿਆਂ ਤੋਂ ਲਾ-ਪ੍ਰਵਾਹੀ, ਹੌਕਿਆਂ ਤੋਂ ਦੂਰੀ, ਹਿੱਚਕੀਆਂ ਨੂੰ ਰਤਾ ਹੱਟਕ ਜਾਣ ਦੀ ਸਲਾਹ, ਨਿਰਾਸ਼ਾ ਤੋਂ ਬੇਨਿਆਜ਼ੀ, ਹੰਝੂਆਂ ਨੂੰ ਪੈੜ ਨਾ ਨੱਪਣ ਦੀ ਨਸੀਹਤ, ਹੇਰਵਿਆਂ ਨੂੰ ਜਰਾ ਕੁ ਠਹਿਰ ਜਾਣ ਦਾ ਸੰਦੇਸ਼, ਹਟਕੋਰਿਆਂ ਨੂੰ ਸੰਭਲ ਜਾਣ ਦਾ ਸੁਨੇਹਾ ਅਤੇ ਹਿੱਕ ਵਿਚ ਦੱਬੀਆਂ ਸਿਸਕੀਆਂ ਨੂੰ ਸੰਕੋਚ ਕਰਨ ਦੀ ਸਲਾਹ।
ਹੱਸਣਾ ਹੌਸਲਿਆਂ ਦੀ ਹੌਸਲਾ-ਅਫਜ਼ਾਈ, ਹਿੰਮਤ ਦਾ ਸ਼ੁਭ-ਆਗਮਨ, ਹੱਠ ਦੀ ਨਤਮਸਤਕਤਾ, ਹਲੀਮੀ ਨੂੰ ਗਲ ਨਾਲ ਲਾਉਣ ਦੀ ਤਮੰਨਾ, ਹਮਦਰਦੀ ਨੂੰ ਬੁੱਕਲ ਦਾ ਨਿੱਘ ਬਣਾਉਣ ਦੀ ਲੋਚਾ, ਹਮਜ਼ੋਲਤਾ ਨੂੰ ਹਮਰਾਹੀ ਬਣਾਉਣ ਦੀ ਲਾਲਸਾ ਅਤੇ ਹੱਸਮੁਖਤਾ ਨੂੰ ਚਿਹਰੇ ਦਾ ਸ਼ੀਸ਼ਾ ਬਣਾਉਣ ਦੀ ਜੁਗਤ।
ਹੱਸਣਾ ਹਮਜੋਲੀਆਂ ਨਾਲ, ਪਰਿਵਾਰ ਵਿਚ, ਲੰਗੋਟੀਏ ਯਾਰਾਂ ਨਾਲ, ਸਹਿਕਰਮੀਆਂ ਨਾਲ ਵੀ ਅਤੇ ਹਮਸਫਰਾਂ ਨਾਲ ਵੀ। ਹਾਸਾ ਕਿੰਜ ਪੈਦਾ ਕਰਨਾ ਅਤੇ ਕਿਹੜੀ ਜੁਗਤ ਨਾਲ ਸਾਥੀਆਂ ਵਿਚ ਵੰਡਣਾ, ਇਹ ਸਭ ਤੋਂ ਪ੍ਰਮੁੱਖ ਜੀਵਨ-ਸਾਧਨਾ।
ਹੱਸਣਾ ਅਤੇ ਹਸਾਉਣਾ, ਇਕ ਕਲਾ। ਹਾਸਰਸ ਕਵੀ, ਕਲਾਕਾਰ ਹਰ ਮਹਿਫਿਲ, ਪ੍ਰੋਗਰਾਮ ਜਾਂ ਸਮਾਜਕ ਇਕੱਠ ਵਿਚ ਪ੍ਰਮੁੱਖਤਾ ਸੰਗ ਹਾਜ਼ਰ-ਨਾਜ਼ਰ। ਹਸਾਉਣਾ ਸਭ ਤੋਂ ਵੱਡਾ ਕਰਮ-ਧਰਮ, ਕਿਉਂਕਿ ਰੁਆਂਸੇ ਚਿਹਰਿਆਂ ‘ਤੇ ਹਾਸਿਆਂ ਦੀਆਂ ਫੁੱਲ-ਪੱਤੀਆਂ ਖਿੜਾਉਣਾ ਅਤੇ ਚਿੰਤਾਵਾਂ ਤੇ ਫਿਕਰਾਂ ਨੂੰ ਦੂਰ ਭਜਾਉਣਾ, ਸਭ ਤੋਂ ਵੱਡਾ ਪੁੰਨ। ਕਈ ਵਾਰ ਤਾਂ ਇਹ ਕਲਾਕਾਰ ਖੁਦ ਪੀੜ ‘ਚ ਪਰੁੱਚੇ ਵੀ ਦੂਸਰਿਆਂ ਨੂੰ ਹਸਾਉਣ ਤੋਂ ਉਕਾਈ ਨਹੀਂ ਕਰਦੇ। ਕੁਝ ਮੌਕਿਆਂ ‘ਤੇ ਤਾਂ ਅਤਿ-ਨਜ਼ਦੀਕੀ ਦੀ ਮੌਤ ਨੂੰ ਮਨ ਵਿਚ ਛੁਪਾ ਕੇ, ਹਾਸੇ ਵੰਡਦਿਆਂ ਅੰਦਰੋਂ ਰੋਂਦੇ ਅਤੇ ਖੁਦ ਨੂੰ ਕੋਂਹਦੇ।
ਹੱਸਣਾ ਸਮਾਜਕ ਵਰਤਾਰੇ ਦੀ ਸੁਚੱਜਤਾ ਤੇ ਸੁਹੱਪਣ ਲਈ ਬਹੁਤ ਜਰੂਰੀ। ਜਦ ਕਿਸੇ ਨੂੰ ਆਪਣੀ ਤਕਲੀਫ ਤੇ ਤਨਹਾਈ ਦਾ ਮਜ਼ਾਕ ਉਡਾਉਣ ਦਾ ਵੱਲ ਆ ਜਾਵੇ ਤਾਂ ਤਕਲੀਫਾਂ ਅਤੇ ਔਕੜਾਂ ਸਦੀਵ ਨਹੀਂ ਰਹਿੰਦੀਆਂ।
ਹੱਸਣਾ, ਜਿਉਣ ਦਾ ਸੁੱਚਾ ਸਬੱਬ। ਮੁੱਠੀ ਵਿਚ ਕੈਦ ਕੀਤਾ ਰੱਬ, ਜਿਸ ਦੀ ਹਾਜਰੀ ਵਿਚ ਮੁਕਾਉਣਾ ਪੈਂਦਾ ਏ ਫਜੂਲ ਅਤੇ ਬੇਅਰਥੀ ਪ੍ਰੇਸ਼ਾਨੀਆਂ ਦਾ ਯੱਬ।
ਹੱਸਣਾ, ਮਜ਼ਬੂਰੀ ਵੀ ਤੇ ਮਨਮੌਜਤਾ ਵੀ। ਮੌਲਿਕ ਵੀ ਤੇ ਮਖੌਟਾ ਵੀ। ਮਾਨਵੀ ਵੀ ਤੇ ਅਮਾਨਵੀ ਵੀ। ਮੰਗਵਾਂ ਵੀ ਤੇ ਮਨੌਤ ਵਾਲਾ ਵੀ। ਮਹਿਮਾਨੀ ਵੀ ਤੇ ਮਿਹਨਤਾਨਾ ਵੀ। ਕਿਸ ਰੂਪ ਵਿਚ, ਕਿਹੜੇ ਮੌਕੇ ਅਤੇ ਕਿਨ੍ਹਾਂ ਹਾਲਤਾਂ ਵਿਚ ਹੱਸਿਆ ਜਾਂਦਾ, ਇਹ ਹੀ ਨਿਰਧਾਰਤ ਕਰਦਾ ਕਿ ਇਸ ਹਾਸੇ ਦੇ ਕੀ ਅਰਥ ਨੇ?
ਹੱਸਣ ਵਿਚ ਅੰਤਰ ਹੁੰਦਾ, ਕਿਸੇ ਇਨਸਾਨ ਜਾਂ ਸ਼ੈਤਾਨ ਦੇ। ਸ਼ੈਤਾਨ ਦਾ ਹਾਸਾ, ਆਫਤਾਂ ਨੂੰ ਸੱਦਾ, ਅਣਕਿਆਸੀਆਂ ਮੁਸੀਬਤਾਂ ਦੀ ਜੜ੍ਹ, ਸਾਫ-ਸੁਥਰੇ ਰਾਹਾਂ ਵਿਚ ਕੰਡਿਆਂ ਦੀ ਵਿਛਾਈ, ਮੰਜ਼ਿਲ ਪ੍ਰਾਪਤੀਆਂ ਵਿਚ ਰੁਕਾਵਟਾਂ, ਸੁਪਨਿਆਂ ‘ਤੇ ਡਾਕਾ, ਦੀਦਿਆਂ ਵਿਚ ਹੰਝੂ ਧਰਨ ਦੀ ਕਵਾਇਤ, ਸੀਨੇ ਵਿਚ ਹਾਵਿਆਂ ਦੀ ਪਨੀਰੀ, ਪੈਦਾ ਕਰਨੀ ਦਿਲਗੀਰੀ ਅਤੇ ਖੋਹ ਲੈਣੀ ਕਿਰਤ-ਕਰਮ ਦੀ ਅਮੀਰੀ। ਸ਼ੈਤਾਨ ਦੇ ਹਾਸੇ ਵਿਚ ਸਿਰਫ ਹੌਕੇ, ਹਿੱਚਕੀਆਂ ਅਤੇ ਅਣਹੋਣੀਆਂ ਦੀਆਂ ਚੰਘਾੜਾਂ, ਜਦੋਂ ਕਿ ਇਨਸਾਨ ਦੇ ਹਾਸੇ ਵਿਚ ਨਿਰਛੱਲਤਾ ਦਾ ਵਾਸਾ, ਹਸਾਸਮਈ ਖਾਸਾ, ਤਿੱੜਕਦੇ ਜੀਵਨ-ਗੁੰਬਦਾਂ ਨੂੰ ਧਰਵਾਸਾ ਅਤੇ ਰੀਝਾਂ ਦੀ ਖਾਲੀ ਝੋਲੀ ਵਿਚ ਪਾਈ ਆਸਾ। ਇਹ ਹਾਸਾ ਹੰਝੂਆਂ ਨੂੰ ਚੂਸਦਾ, ਹਾਵਿਆਂ ਨੂੰ ਹਵਾ ਕਰਦਾ ਅਤੇ ਹਾਸਿਆਂ ਦੀ ਰੁਮਕਣੀ ਮਨ ਵਿਚ ਪੈਦਾ ਕਰਦਾ। ਇਨਸਾਨ ਦੇ ਹਾਸੇ ਵਿਚ ਵੱਸਦੀ ਹੈ-ਫਕੀਰੀ, ਸ਼ਾਹਗੀਰੀ, ਅਨਾਇਤ ਆਮੀਰੀ ਅਤੇ ਸਮਿਆਂ ਨੂੰ ਸੂਹੀ ਰੰਗਤ ਬਖਸ਼ਣ ਦੀ ਰੰਗ-ਰੀਰੀ।
ਹੱਸਣ ਦੀਆਂ ਕਈ ਪਰਤਾਂ। ਕਈ ਵਾਰ ਅਸੀਂ ਖੁਦ ਲਈ ਹੱਸਦੇ। ਕੁਝ ਸਮਿਆਂ ‘ਤੇ ਕਿਸੇ ਲਈ। ਕਈ ਵਾਰ ਦਿਖਾਵੇ ਲਈ ਅਤੇ ਕਈ ਵਾਰ ਖੁਦ ਨੂੰ ਰਿਝਾਉਣ ਲਈ। ਕਈ ਵਾਰ ਹਾਸਾ ਆਪ-ਮੁਹਾਰਾ ਹੁੰਦਾ ਅਤੇ ਕਈ ਵਾਰ ਧਿੰਗੋਜੋਰੀ।
ਹੱਸਿਆ ਕਰੋ ਕਿਸੇ ਦੇ ਚਾਅਵਾਂ ਵਿਚ ਸ਼ਰੀਕ ਹੁੰਦਿਆਂ, ਖੁਸ਼ੀਆਂ ਨੂੰ ਦੂਣ-ਸਵਾਇਆ ਕਰਦਿਆਂ, ਖੁਸ਼ੀ ਵਿਚ ਖੀਵੇ ਹੁੰਦਿਆਂ ਜਾਂ ਇਹ ਦਰਸਾਉਣ ਲਈ ਕਿ ਤੁਹਾਨੂੰ ਵੀ ਉਨ੍ਹਾਂ ਦੀ ਪ੍ਰਾਪਤੀ/ਹਾਸਲ/ਰੁਤਬੇ ਦਾ ਬਹੁਤ ਚਾਅ ਤੇ ਮਾਣ ਹੈ।
ਹੱਸਣਾ ਸਭ ਤੋਂ ਖੂਬਸੂਰਤ, ਜਦ ਫਿਲਮ/ਨਾਟਕ/ਸ਼ੋਅ ਦੇਖਦਿਆਂ ਹੱਸਦੇ, ਕੁਝ ਪੜ੍ਹਦਿਆਂ ਹਾਸਿਆਂ ਦੀ ਫੁੱਲਝੜੀਆਂ ਮੁੱਖ ਤੋਂ ਫੁੱਟਦੀਆਂ ਜਾਂ ਕਿਸੇ ਗੱਲ ‘ਤੇ ਹਾਸੇ ਵਿਚ ਲੋਟਪੋਟ ਹੋ ਜਾਂਦੇ।
ਹੱਸਣ ਦੇ ਕਈ ਰੂਪ। ਖੁੱਲ੍ਹ ਕੇ ਉੱਚੀ-ਉੱਚੀ ਹੱਸਣਾ, ਠਹਾਕੇ ਮਾਰਨਾ, ਮਰਨਾਊ ਜਿਹਾ ਹਾਸਾ ਜਾਂ ਅੰਦਰ ਹੀ ਹੱਸਣਾ; ਪਰ ਸਭ ਤੋਂ ਸੁੰਦਰ ਹੈ, ਜਦ ਮਨੁੱਖ ਦਾ ਅੰਗ-ਅੰਗ ਹੱਸਦਾ, ਨੈਣਾਂ ਵਿਚੋਂ ਹਾਸਾ ਡਲਕਦਾ, ਬੋਲਾਂ ਵਿਚੋਂ ਹਾਸਾ ਉਗਮਦਾ, ਤੋਰ ਵਿਚ ਹਾਸੇ ਦਾ ਜਲਵਾ ਅਤੇ ਉਦਮ ਤੇ ਉਤਸ਼ਾਹ ਵਿਚ ਹਾਸੇ ਦਾ ਪ੍ਰਗਟਾਅ।
ਹੱਸਣਾ ਜਦ ਅੰਦਰ ਉਤਰਦਾ ਤਾਂ ਮਨੁੱਖ ਦੀ ਸਮੁੱਚੀ ਜ਼ਿੰਦਗੀ ਵਿਚ ਰੂਪਮਾਨ ਹੁੰਦਾ। ਨਿਤਾਪ੍ਰਤੀ ਦੀ ਜ਼ਿੰਦਗੀ, ਕਾਰ-ਵਿਹਾਰ, ਸ਼ਬਦ-ਉਚਾਰ, ਵਰਤੋਂ-ਵਿਚਾਰ ਜਾਂ ਚੱਜ-ਅਚਾਰ ਵਿਚ ਵੀ ਹਾਸੇ ਦੀਆਂ ਪਰਤਾਂ ਦੇ ਉਸਾਰੂ ਪੱਖ ਨੂੰ ਪਛਾਣਿਆ ਤੇ ਮਾਣਿਆ ਜਾ ਸਕਦਾ। ਹੱਸਮੁੱਖ ਲੋਕਾਂ ਦੀ ਸੰਗਤ ਵਿਚ ਜਿਉਣ ਦਾ ਅਦਬ ਤੇ ਅੰਦਾਜ਼, ਵਿਕੋਲਿਤਰਾ ਅਤੇ ਵਿਲੱਖਣ। ਇਸ ਵਿਲੱਖਣਤਾ ਵਿਚੋਂ ਹੀ ਮਨੁੱਖ ਦੀਆਂ ਸਕਾਰਾਤਮਕ ਅਤੇ ਉਸਾਰੂ ਬਿਰਤੀਆਂ ਨੂੰ ਵਧਣ, ਫੁੱਲਣ, ਵਿਗਸਣ ਅਤੇ ਵਿਸਥਾਰਨ ਦਾ ਮੌਕਾ ਮਿਲਦਾ।
ਹੱਸਣ ਦੀ ਪਾਬੰਦੀ ਜਦ ਹੋਠਾਂ ‘ਤੇ ਨਾਜ਼ਲ ਹੋਵੇ ਤਾਂ ਨੈਣਾਂ ਨਾਲ ਹੱਸਣ ਦੀ ਅਦਾ ਅਤੇ ਬੋਲਾਂ ਥੀਂ ਹਾਸਿਆਂ ਦੀ ਅਦਾਇਗੀ, ਜੀਵਨ ਨੂੰ ਖੇੜਿਆਂ ਭਰਪੂਰ ਕਰ ਦਿੰਦੀ ਏ।
ਹੱਸਣਾ ਸਭ ਤੋਂ ਖੂਬਸੂਰਤ, ਗੌਰਵਮਈ ਅਤੇ ਸਕੂਨਮਈ ਹੁੰਦਾ, ਜਦ ਇਕ ਮਾਂ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਉਸ ਦਾ ਰੋਣਾ ਸੁਣਦੀ ਹੈ।
ਹੱਸਣਾ ਜਦ ਕਿਸੇ ਦੀ ਨਾਕਾਮੀ ਨੂੰ ਜਾਹਰ ਕਰਨ, ਸਰੀਰਕ/ਮਾਨਸਿਕ ਘਾਟ ਜਾਂ ਗਰੀਬੀ ਦਾ ਮਖੌਲ ਉਡਾਉਣਾ ਜਾਂ ਕਿਸੇ ਨੂੰ ਨੀਵਾਂ ਦਿਖਾਉਣਾ ਹੋਵੇ ਤਾਂ ਇਹ ਕਮੀਨਗੀ ਹੁੰਦਾ। ਅਜਿਹੇ ਹਾਸੇ ਵਿਚ ਬੰਦਾ ਖੁਦ ਹੀ ਘਟੀਆ ਅਤੇ ਕਮੀਨਾ ਸਾਬਤ ਹੁੰਦਾ।
ਹੱਸਣਾ, ਦਿਲਦਾਰੀ, ਦਰਿਆਦਿਲੀ, ਦਰਵੇਸ਼ਤਾ, ਦਿੱਬ-ਦ੍ਰਿਸ਼ਟੀ ਅਤੇ ਦ੍ਰਿਸ਼ਟੀਕੋਣ ਵਿਚਲੀ ਚਾਨਣ-ਝੀਤ ਹੈ, ਜੋ ਹਮੇਸ਼ਾ ਸਵੇਰਿਆਂ ਦਾ ਸੰਦੇਸ਼ ਦਿੰਦੀ। ਇਸ ਵਿਚੋਂ ਸਰਘੀ ਪੈਦਾ ਹੁੰਦੀ ਅਤੇ ਤ੍ਰੇਲ-ਤੁਪਕਿਆਂ ਵਿਚੋਂ ਡਲਕਦੇ ਸੱਤ ਰੰਗ, ਜੀਵਨ ਨੂੰ ਸੱਤਰੰਗੇ ਸੰਧਾਰੇ ਨਾਲ ਨਿਵਾਜ਼ਦੇ।
ਹੱਸਣਾ, ਹੰਭੇ ਹੋਏ ਕਦਮਾਂ ਵਿਚ ਉਤਸ਼ਾਹ, ਹਾਰੇ ਹੋਇਆਂ ਲਈ ਚਾਅ, ਮੰਜ਼ਿਲ ਲੋਚਦੇ ਪੈਰਾਂ ਲਈ ਰਾਹ, ਹਟਕੋਰਿਆਂ ਲਈ ਸੁਖਨ-ਸਾਹ ਅਤੇ ਪਿਆਰ ਤਰੁੱਟਿਆਂ ਲਈ ਹੁੰਦੀ ਏ ਮੁਹੱਬਤ ਬੇ-ਪਨਾਹ।
ਹਸਾਉਣ ਲਈ ਚੁਟਕਲੇ, ਟੋਟਕੇ, ਟਿੱਚਰਾਂ, ਬਹੁਰੂਪੀਏ, ਮਖੌਟਾਧਾਰੀਏ ਜਾਂ ਮਰਾਸੀਆਂ ਦੀ ਆਮਦ ਹੁੰਦੀ ਤਾਂ ਮਿਲ-ਬੈਠਣੀ ਵਿਚ ਨਵੀਂ ਰੂਹ ਫੂਕੀ ਜਾਂਦੀ। ਇਸੇ ਲਈ ਬੀਤੇ ਸਮੇਂ ਵਿਚ ਵਿਆਹ-ਸ਼ਾਦੀ ਦੇ ਮੌਕੇ ‘ਤੇ ਮਰਾਸੀਆਂ ਵਲੋਂ ਅਕਸਰ ਹੀ ਰੌਣਕ ਲਾਈ ਜਾਂਦੀ ਸੀ।
ਹੱਸਣਾ, ਕਈ ਵਾਰ ਇੰਨੀ ਜੋਰ ਦੀ ਅਤੇ ਇੰਨਾ ਲੰਮੇਰਾ ਹੁੰਦਾ ਕਿ ਅੱਖਾਂ ਵਿਚ ਪਾਣੀ ਅਤੇ ਸਾਹ ਲੈਣਾ ਵੀ ਭੁੱਲ ਜਾਂਦਾ, ਕਿਉਂਕਿ ਹੱਸਣਾ ਤਾਂ ਖੁਦ ਨੂੰ ਭੁਲਾਉਣਾ ਹੁੰਦਾ। ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਹੱਸਦਿਆਂ ਹੱਸਦਿਆਂ ਉਸ ਦੀਆਂ ਅੱਖਾਂ ਸਿੱਲੀਆਂ ਕਿਉਂ ਹੋ ਗਈਆਂ?
ਹੱਸਣਾ ਇਕ ਅਜਿਹੀ ਕਲਾ ਕਿ ਹਸਾਉਣ ਵਾਲੇ ਹਰ ਹਾਲਾਤ, ਹਰ ਮੌਕਾ ਅਤੇ ਹਰ ਸਥਿਤੀ ਵਿਚ ਹਸਾਉਣ ਲਈ ਕੁਝ ਨਾ ਕੁਝ ਅਜਿਹਾ ਟਟੋਲ ਲੈਂਦੇ ਕਿ ਉਨ੍ਹਾਂ ਦੀਆਂ ਗੱਲਾਂ ਆਪ-ਮੁਹਾਰੇ ਹੀ ਖੁਸ਼ਗਵਾਰ ਮਾਹੌਲ ਸਿਰਜ ਜਾਂਦੀਆਂ।
ਹੱਸਣਾ ਜਿਥੇ ਮਨੁੱਖੀ ਸਿਹਤ ਲਈ ਉਤਮ ਟਾਨਿਕ, ਉਥੇ ਸਮਾਜਕ ਰਿਸ਼ਤਿਆਂ ਦੀ ਸਿਰਜਣਾ, ਪਕਿਆਈ ਅਤੇ ਮਜ਼ਬੂਤੀ ਲਈ ਠੋਸ ਆਧਾਰ। ਪ੍ਰਵਚਨਾਂ ਵਿਚ ਹਾਸੇ-ਠੱਠੇ ਵਾਲੀਆਂ ਗੱਲਾਂ ਹੋਣ ਤਾਂ ਉਹ ਸਿੱਧੀਆਂ ਰੂਹ ‘ਤੇ ਅਸਰ ਕਰਦੀਆਂ।
ਹੱਸਣਾ ਹਰ ਦਾਇਰੇ ਵਿਚ ਵਸੀਹ, ਵਿਸ਼ਾਲ ਅਤੇ ਵਿਹਾਰਕ ਵਰਤਾਰਿਆਂ ਨਾਲ ਭਰਪੂਰ। ਰਿਸ਼ਤਈ ਅਪਣੱਤ, ਸਾਰਥਕਤਾ ਅਤੇ ਸਦੀਵਤਾ ਸਿਰਜਣ ਵਿਚ ਅਹਿਮ।
ਹੱਸਣ-ਹਸਾਉਣ ਨਾਲ ਬਹੁਤ ਸਾਰੇ ਸੁਨੇਹੇ ਸੂਖਮ ਰੂਪ ਵਿਚ ਲੋਕ-ਚੇਤਨਾ ਵਿਚ ਧਰੇ ਜਾਂਦੇ। ਵਿਚਾਰਧਾਰਾ ਨੂੰ ਨਵਾਂ ਤੇ ਸੁਚਾਰੂ ਮੋੜ ਦਿੱਤਾ ਜਾ ਸਕਦਾ। ਨਿਵੇਕਲਾ ਜੀਵਨ-ਸੰਸਾਰ ਸਿਰਜਣਾ ਵਿਚ ਅਹਿਮ ਭੂਮਿਕਾ।
ਹੱਸਣ ਦੀ ਅਹਿਮੀਅਤ ਲਈ ਕਦੇ ਖੇਤਾਂ ਵਿਚ ਹੱਸਦੀਆਂ ਫਸਲਾਂ ਨੂੰ ਦੇਖਣਾ, ਉਨ੍ਹਾਂ ਨਾਲ ਗੱਲਾਂ ਕਰਦੇ ਕਿਸਾਨ ਦੇ ਮੁੱਖੜੇ ‘ਤੇ ਫੈਲੀ ਖੁਸ਼ੀ ਤੇ ਖੁਸ਼ਹਾਲੀ ਦੀ ਲਾਲ ਸੂਹੀ ਪਰਤ ਨੂੰ ਅੰਤਰੀਵਤਾ ਵਿਚ ਉਤਾਰਨਾ, ਬਗੀਚੀ ਵਿਚ ਖਿੜ ਖਿੜ ਹੱਸਦੇ ਫੁੱਲਾਂ ਦੀਆਂ ਗੱਲਾਂ ਸੁਣਨੀਆਂ ਅਤੇ ਇਨ੍ਹਾਂ ਦੇ ਹਾਸੇ ਵਿਚ ਸ਼ਾਮਲ ਹੋਣਾ, ਤੁਹਾਨੂੰ ਫੁੱਲਾਂ ਜਿਹੀ ਫਕੀਰੀ ਅਪਨਾਉਣਾ ਦੀ ਲੋਚਾ ਹੋਵੇਗੀ। ਕਦੇ ਕਿਤਾਬਾਂ ਵਿਚ ਹਰਫਾਂ ਦੀਆਂ ਗਲਵੱਕੜੀਆਂ ਵਿਚ ਪੈਦਾ ਹੋ ਰਹੀਆਂ ਹਠਖੇਲੀਆਂ ਨੂੰ ਸੁਣਨਾ, ਤੁਹਾਡੀ ਰੂਹ ਨਸ਼ਿਆ ਜਾਵੇਗੀ। ਕਦੇ ਕੋਰੇ ਵਰਕਿਆਂ ‘ਤੇ ਉਕਰੇ ਜਾ ਰਹੇ ਸ਼ਬਦਾਂ ਵਿਚ ਹਾਸਿਆਂ ਦੀਆਂ ਲਗਰਾਂ ਦੀ ਨਿਸ਼ਾਨਦੇਹੀ ਕਰਨੀ, ਜੀਵਨ-ਪਿੰਡੇ ‘ਤੇ ਜ਼ਿੰਦਗੀ ਦੀ ਕਲਾ-ਨਿਕਾਸ਼ੀ ਜਰੂਰ ਹੋਵੇਗੀ।
ਹੱਸਣ ਦੀ ਰੁੱਤ ਜਦ ਸੱਜਣ ਦੀ ਬੁੱਕਲ ‘ਚ ਆਲ੍ਹਣਾ ਪਾਵੇ ਤਾਂ ਕੁੱਤਕੁਤਾਰੀਆਂ ਦਾ ਵਿਸਮਾਦ ਜੀਵਨ ਦਾ ਹਾਸਲ ਬਣ ਜਾਵੇ। ਹੱਸਣਾ ਜਦ ਮਿੱਤਰ-ਮੰਡਲੀ ਨੂੰ ਆੜੀ ਬਣਾਵੇ ਤਾਂ ਬਚਪਨੀ ਸ਼ਰਾਰਤਾਂ ਹਾਸਿਆਂ ਦੀ ਪਟਾਰੀ ਬਣ ਜਾਵੇ। ਹੱਸਣਾ ਜਦ ਨਿੱਕੇ ਜਿਹੇ ਬੱਚੇ ਦੇ ਤੋਤਲੇ ਬੋਲਾਂ ਨੂੰ ਅਪਨਾਵੇ ਤਾਂ ਬੱਚੇ ਦੇ ਹਾਸੇ ਵਿਚ ਬਜੁਰਗ ਵੀ ਬੱਚਾ ਹੀ ਬਣ ਜਾਵੇ। ਹੱਸਣਾ ਜਦ ਮਾਂ ਦੀ ਤਬੀਅਤ-ਤੌਫੀਕ ਬਣ ਜਾਵੇ ਤਾਂ ਗੋਦ ਵਿਚਲਾ ਰੱਬ ਵੀ ਹੱਸੇ ਤੇ ਸਭ ਨੂੰ ਵੀ ਹੱਸਣ ਲਾਵੇ। ਹੱਸਣਾ ਜਦ ਬਾਪ ਦੀਆਂ ਨਸੀਹਤੀ ਝੀਤਾਂ ਵਿਚੋਂ ਉਗ ਆਵੇ ਤਾਂ ਫਰਜਾਂ ਵਿਚ ਰੰਗਿਆ ਹਾਸਿਆਂ ਦੀ ਬਗਲੀ ਗਲ ਵਿਚ ਪਾਵੇ।
ਬਹੁਤ ਔਖਾ ਹੁੰਦਾ ਏ ਰੋਂਦਿਆਂ, ਹੱਸਣਾ ਅਤੇ ਹੱਸਦਿਆਂ, ਰੋਣਾ; ਪਰ ਜਿਨ੍ਹਾਂ ਲੋਕਾਂ ਨੂੰ ਇਸ ਦੀ ਜਾਚ ਆ ਜਾਂਦੀ, ਉਹ ਪੈਰਾਂ ਵਿਚ ਉਗੇ ਕੰਡਿਆਂ ਤੋਂ ਨਹੀਂ ਘਬਰਾਉਂਦੇ। ਰਾਹਾਂ ਵਿਚ ਉਗੀਆਂ ਖਾਈਆਂ ‘ਤੇ ਆਸਾਂ ਦੇ ਪੁਲ ਉਸਾਰ ਲੈਂਦੇ। ਪਹਾੜਾਂ ਨੂੰ ਵੀ ਮੋਢਿਆਂ ‘ਤੇ ਠਹਿਰਾਅ ਲੈਂਦੇ। ਦੂਰ-ਦਿਸਹੱਦਿਆਂ ਵਿਚ ਸੂਰਜਾਂ ਦਾ ਘਰ ਬਣਾਉਂਦੇ। ਉਨ੍ਹਾਂ ਦੇ ਮੱਥਿਆਂ ਵਿਚ ਉਗੇ ਸੂਰਜਾਂ ਨੂੰ ਆਪਣੀ ਸਰਘੀ, ਦੁਪਹਿਰ ਅਤੇ ਸ਼ਾਮ ‘ਤੇ ਵੀ ਮਾਣ। ਅਜਿਹੇ ਸੂਰਜ ਕਦੇ ਡੁੱਬਦੇ ਨਹੀਂ, ਸਿਰਫ ਛੁਪਦੇ ਨੇ ਅਤੇ ਵਕਤ ਆਉਣ ‘ਤੇ ਉਹ ਬੰਦ ਦਰਾਂ ‘ਤੇ ਦਸਤਕ ਦਿੰਦੇ।
ਹੱਸਣ ਲਈ ਜਰੂਰੀ ਹੈ ਕਿ ਕਦੇ ਕਦਾਈਂ ਆਪਣੇ ਬਜੁਰਗਾਂ ਨੂੰ ਖੁਸ਼ਖਬਰੀ ਨਾਲ ਨਿਵਾਜਦੇ ਰਹੋ, ਜੋ ਪਿੰਡ ਵਾਲੇ ਪੁਰਾਣੇ ਘਰ ਦੇ ਦਰਬਾਨ ਨੇ। ਉਨ੍ਹਾਂ ਦੀਆਂ ਝੁਰੜੀਆਂ ਵਿਚ ਹਾਸਿਆਂ ਦੀ ਪਿਉਂਦ ਲਾਉਣਾ, ਜਿਨ੍ਹਾਂ ਵਿਚ ਜੰਮ ਚੁੱਕੀਆਂ ਨੇ ਅੱਥਰੂਆਂ ਦੀਆਂ ਘਰਾਲਾਂ। ਚੁੰਨੀਆਂ ਅੱਖਾਂ ਵਿਚ ਹਾਸਿਆਂ ਦੇ ਬੀਜ ਖਿਲਾਰਨਾ, ਜਿਨ੍ਹਾਂ ਨੂੰ ਆਪਣਿਆਂ ਦੀ ਪੈਰ-ਚਾਲ ਦੀ ਉਡੀਕ ਹੈ। ਤੁਹਾਡੇ ਵਲੋਂ ਦਰ ‘ਤੇ ਦਿਤੀ ਦਸਤਕ ਹੀ ਉਨ੍ਹਾਂ ਲਈ ਖੇੜਿਆਂ ਦਾ ਨਗਰ ਬਣ ਜਾਵੇਗੀ ਅਤੇ ਉਹ ਖੁਸ਼ੀਆਂ ਦੇ ਵਣਜ ਕਰੇਂਦਿਆਂ ਹੀ ਸਾਹਾਂ ਨੂੰ ਆਖਰੀ ਅਲਵਿਦਾ ਕਹਿਣ ਜੋਗੇ ਹੋ ਜਾਣਗੇ।
ਹੱਸਣਾ, ਅਹਿਮ ਹੁੰਦਾ ਜਦ ਅਸੀਂ ਖੁਦ ‘ਤੇ ਹੱਸਦੇ, ਖੁਦ ‘ਤੇ ਵਿਅੰਗ ਕੱਸਦੇ ਅਤੇ ਖੁਦ ਨੂੰ ਹਾਸੇ ਦਾ ਪਾਤਰ ਬਣਾ, ਹਾਸਿਆਂ ਦੇ ਸੁੱਚੇ ਵਣਜ ਨੂੰ ਅਕੀਦਤ-ਆਸਥਾ ਬਣਾਉਂਦੇ ਹਾਂ।
ਹੱਸਣਾ ਸਭ ਤੋਂ ਉਤਮ ਦੁਆ ਅਤੇ ਪਿਆਰ ਕਰਨਾ, ਉਚਤਮ ਅਦਾ, ਜਦੋਂ ਕਿ ਚੁੱਪ ਰਹਿਣਾ, ਅੰਤਰੀਵੀ ਗਜ਼ਾ ਅਤੇ ਖਾਮੋਸ਼ ਹੋ ਜਾਣਾ, ਸਭ ਤੋਂ ਵੱਡੀ ਸਜ਼ਾ।
ਹੱਸਣਾ ਰੂਹ ਦੀ ਭਾਸ਼ਾ ਅਤੇ ਸੰਵਾਦ। ਹੱਸਣ ਲਈ ਜਿਉਂਦੇ ਰਹਿਣਾ ਜਰੂਰੀ ਅਤੇ ਜਿਉਂਦੇ ਰਹਿਣ ਲਈ ਹੱਸਣਾ ਅਤਿ ਲੋੜੀਂਦਾ।
ਹੱਸਣ ਨਾਲ ਢਹਿ-ਢੇਰੀ ਹੋ ਜਾਂਦੀਆਂ ਨਫਰਤੀ ਦੀਵਾਰਾਂ, ਗਰਕ ਜਾਂਦੀਆਂ ਵਿਨਾਸ਼ਕਾਰੀ ਵਿਚਾਰਾਂ ਅਤੇ ਪੱਤਝੜ ਵਿਚ ਹੀ ਨਜ਼ਰ ਆਉਂਦੀਆਂ ਖਿੜੀਆਂ ਬਹਾਰਾਂ। ਕਿਸੇ ਦਾ ਦਿਲ ਜਿੱਤਣ ਲਈ ਹਾਸੇ ਤੋਂ ਵੱਡਾ ਕੋਈ ਕਾਰਗਾਰ ਸਾਧਨ ਨਹੀਂ।
ਹੱਸਣਾ ਜਰੂਰੀ ਹੈ ਕਦੇ ਕਦੇ, ਕਿਉਂਕਿ ਜੀਵਨ ਬਹੁਤ ਛੋਟਾ ਹੈ। ਗੰਭੀਰਤਾ ਕਦੇ ਕਦਾਈਂ ਹੀ ਚੰਗੀ ਹੁੰਦੀ। ਹਰ ਦਮ ਜ਼ਿਆਦਾ ਗੰਭੀਰਤਾ ਤਾਂ ਸਾਹਾਂ ਲਈ ਸਿਉਂਕ ਹੁੰਦੀ।
ਹੱਸਦਿਆਂ ਦੇ ਘਰ ਵੱਸਦੇ, ਜੀਵਨ ਦੀ ਸਭ ਤੋਂ ਸੁੰਦਰ, ਸਦੀਵ ਤੇ ਸਚਿਆਰੀ ਸੱਚਾਈ, ਜੋ ਜ਼ਿੰਦਗੀ ਨੂੰ ਪੂਰਨ ਪਰਿਭਾਸ਼ਤ ਕਰਨ ਵਿਚ ਏ ਸਹਾਈ।
ਹੱਸਣਾ ਇਕ ਤਾਕਤਵਰ ਸਾਧਨ, ਕਿਉਂਕਿ ਇਸ ਕਾਰਨ ਪੈਂਦੀਆਂ ਜੱਫੀਆਂ ਨਾਲ ਮਿੱਟਦੇ ਨੇ ਫਾਸਲੇ, ਘ੍ਰਿਣਾ ਬਦਲਦੀ ਏ ਪਿਆਰ ਵਿਚ, ਈਰਖਾ ਵਿਚੋਂ ਹੀ ਪੈਦਾ ਹੁੰਦੀ ਪ੍ਰਸ਼ੰਸਾ, ਬੇਗਾਨਗੀ ਪਹਿਨਦੀ ਅਪਣੱਤ ਦਾ ਲਿਬਾਸ, ਗਲਤਫਹਿਮੀਆਂ ਹੁੰਦੀਆਂ ਨੇ ਦੂਰ, ਨਿੱਕੇ ਨਿੱਕੇ ਪਾੜਿਆਂ ਵਿਚ ਉਸਰਦੇ ਨੇ ਸਾਂਝਾਂ ਦੇ ਪੁੱਲ ਅਤੇ ਸਮਾਨੰਤਰ ਕੰਢਿਆਂ ਨੂੰ ਮਿਲਾਉਂਦੀ ਏ ਮਿਲਵਰਤਨ ਦੀ ਬੇੜੀ।
ਹੱਸਣਾ, ਜੀਵਨ ਨੂੰ ਤਾਜ਼ਗੀ। ਉਮਰ ਨੂੰ ਪਿੱਛਲਖੁਰੀ ਮੋੜਾ। ਚਿਹਰੇ ਦੀ ਚਮਕ। ਅੱਖਾਂ ਵਿਚ ਲੋਅ। ਸੁਪਨ-ਸਿਰਜਣਾ ਦੀ ਤਰਜ਼ੀਹ ਤੇ ਤਰਤੀਬ। ਹੱਸਣ ਵਾਲੇ ਬੁੱਢੇ ਹੋ ਕੇ ਵੀ ਸਦਾ ਜਵਾਨ ਰਹਿੰਦੇ, ਕਿਉਂਕਿ ਜ਼ਿੰਦਗੀ ਉਮਰਾਂ ਨਾਲ ਨਹੀਂ, ਸਗੋਂ ਮਾਣੇ ਹੋਏ ਵਰ੍ਹਿਆਂ ਨਾਲ ਮਾਪੀ ਜਾਂਦੀ।
ਹੱਸਣਾ ਜਦ ਆਦਤ ਬਣ ਜਾਵੇ ਤਾਂ ਚੁਣੌਤੀਆਂ ਚਕਨਾਚੂਰ ਹੋ ਜਾਂਦੀਆਂ, ਅਸਫਲਤਾਵਾਂ ਦਾ ਮਾਣ ਟੁੱਟਦਾ ਅਤੇ ਰੋਂਦੇ ਮੁਖੜਿਆਂ ਨੂੰ ਹੱਸਣ ਦੀ ਜਾਚ ਆ ਜਾਂਦੀ।
ਹੱਸਣ ਲਈ ਜਰੂਰੀ ਹੈ ਕਿ ਸੰਗੀ-ਸਾਥੀਆਂ ਵਿਚ ਵਿਚਰਦਿਆਂ ਸੱਚੇ ਪਿਆਰ ਵਿਚ ਲਬਰੇਜ਼ ਰਹੋ। ਹਉਮੈ ਨੂੰ ਮਾਰੋ, ਗਲਤੀਆਂ ਨੂੰ ਮੰਨੋ, ਰੁਤਬਿਆਂ ਨੂੰ ਤਿਲਾਂਜਲੀ ਦਿਓ ਅਤੇ ਧਨ ਦੌਲਤ ਨੂੰ ਵਿਸਾਰੋ ਤਾਂ ਹੀ ਮਹਿਫਿਲ ਦਾ ਮਜ਼ਾ ਲੈ ਸਕਦੇ ਹੋ। ਰੁਤਬੇ ਅਤੇ ਠਾਠ-ਬਾਠ ਵਿਚ ਗ੍ਰੱਸੇ ਲੋਕਾਂ ਦੇ ਮੁੱਖ ‘ਤੇ ਮਾਯੂਸੀ ਦੀਆਂ ਹੀ ਝਰੀਟਾਂ ਹੁੰਦੀਆਂ।
ਹੱਸਣਾ, ਗਮ ਵਿਚੋਂ ਉਭਰਨ ਦਾ ਤਰੀਕਾ। ਦੁੱਖ ਵਿਚ ਸੁੱਖ ਨੂੰ ਕਿਆਸਣ ਦਾ ਜਰੀਆ, ਹੰਝੂਆਂ ਵਿਚੋਂ ਹਾਸਿਆਂ ਨੂੰ ਸੁਣਨ ਦਾ ਰਿਆਜ਼ ਅਤੇ ਪੀੜ ਵਿਚੋਂ ਰਾਹਤ ਲੱਭਣ ਦਾ ਰਿਵਾਜ਼।
ਹੱਸਣ ਦੀ ਮਹੱਤਤਾ ਨੂੰ ਇਕ ਹੀ ਵਾਕ ਵਿਚ ਸਪੱਸ਼ਟ ਅਤੇ ਸੇਧਤ ਕਰਦਿਆਂ, ਗੁਰਬਾਣੀ ਵਿਚ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ ਕਿ “ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥” ਇਸ ਨੂੰ ਜੀਵਨ ਦਾ ਮੂਲ-ਮੰਤਰ ਮੰਨ ਕੇ, ਜੀਵਨ-ਸਾਰਥਕਤਾ ਨੂੰ ਨਵੀਂ ਸੇਧ ਦਿਤੀ ਜਾ ਸਕਦੀ ਹੈ।
ਹੱਸਣਾ ਜ਼ਿੰਦਾਦਿਲੀ ਹੈ ਅਤੇ ਜਿੰ.ਦਾਦਿਲੀ ਨਾਲ ਜ਼ਿੰਦਗੀ ਨੂੰ ਜ਼ਿੰਦਾਬਾਦ ਆਖਣਾ ਹੀ ਜੀਵਨ-ਆਸਥਾ ਹੋਣੀ ਚਾਹੀਦੀ ਹੈ।