ਵਾਹ ਵਾਹ ਸਿਆਸਤ ਰੰਗਾਂ ਦੀ

ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-98152-53245
ਦੁਨੀਆਂ ਦੇ ਹਰ ਦੇਸ਼ ਅਤੇ ਖਿੱਤੇ ਵਿਚ ਸਮਾਜ, ਸਭਿਆਚਾਰ, ਧਰਮ ਅਤੇ ਰਾਜਨੀਤੀ ਵਿਚ ਰੰਗਾਂ ਦੀ ਸਿਆਸਤ ਬੜੀ ਦਿਲਚਸਪ ਰਹੀ ਹੈ। ਕਈ ਵਾਰ ਕਿਸੇ ਖਾਸ ਰੰਗ ਦੇ ਅਰਥ ਅਤੇ ਉਸ ਨਾਲ ਜਜ਼ਬਾਤੀ ਸਾਂਝ ਕਿਸੇ ਵਿਸ਼ੇਸ਼ ਖਿੱਤੇ ਵਿਚ ਵਿਕੋਲਿਤਰੀ ਹੁੰਦੀ ਹੈ, ਪਰ ਕਈ ਰੰਗ ਅਜਿਹੇ ਵੀ ਹੁੰਦੇ ਹਨ, ਜੋ ਸਾਰੀ ਸ੍ਰਿਸ਼ਟੀ ਉਪਰ ਭਾਵਨਾਵਾਂ ਅਤੇ ਜਜ਼ਬਾਤ ਪੱਖੋਂ ਸਾਂਝੇ ਹੁੰਦੇ ਹਨ, ਖਾਸ ਤੌਰ ‘ਤੇ ਉਹ ਰੰਗ, ਜੋ ਕੁਦਰਤ ਵਿਚ ਉਘੜਵੇਂ ਰੂਪ ਵਿਚ ਨਜ਼ਰ ਆਉਂਦੇ ਹਨ, ਜਿਵੇਂ ਕਾਲਾ, ਲਾਲ, ਚਿੱਟਾ ਅਤੇ ਹਰਾ। ਕਈ ਵਾਰ ਕਈ ਰੰਗ ਸਮੇਂ ਅਤੇ ਸਥਿੱਤੀ ਅਨੁਸਾਰ ਬਹੁ-ਅਰਥੀ ਹੋ ਜਾਂਦੇ ਹਨ, ਪਰ ਕਈ ਰੰਗ ਅਜਿਹੇ ਵੀ ਹੁੰਦੇ ਹਨ, ਜੋ ਵਿਅਕਤੀਗਤ, ਇਤਿਹਾਸਕ, ਭੂਗੋਲਿਕ, ਧਾਰਮਿਕ ਅਤੇ ਸਭਿਆਚਰਕ ਕਾਰਨਾਂ ਕਰਕੇ ਵਖਰੇਵਾਂ ਕਾਇਮ ਰੱਖਦੇ ਹਨ।

ਹਿੰਦੁਸਤਾਨ ਦੀ ਸਿਆਸਤ ਵਿਚ ਚਿੱਟਾ, ਕਾਲਾ, ਲਾਲ, ਹਰਾ, ਨੀਲਾ, ਅਸਮਾਨੀ, ਕੇਸਰੀ, ਪੀਲਾ ਅਤੇ ਭਗਵਾਂ ਰੰਗ ਬੜੇ ਅਹਿਮ ਰਹੇ ਹਨ। ਸਿਆਸੀ ਪਾਰਟੀਆਂ ਆਪਣੀ ਵੱਖਰੀ ਹੋਂਦ ਨੁਮਾਇਆ ਕਰਨ ਅਤੇ ਸਮੂਹਿਕ ਸਾਂਝ ਸਥਾਪਤ ਕਰਨ ਹਿਤ ਪਾਰਟੀ ਦੇ ਅਪਨਾਏ ਰੰਗ ਨੂੰ ਖੂਬ ਉਤਸ਼ਾਹਿਤ ਅਤੇ ਇਸ਼ਤਿਹਾਰਤ ਕਰਦੀਆਂ ਹਨ। ਅਪਨਾਇਆ ਗਿਆ ਰੰਗ ਉਸ ਦੇਸ਼ ਦੇ ਇਤਿਹਾਸ-ਮਿਥਿਹਾਸ ਅਤੇ ਸਮਾਜ-ਸਭਿਆਚਾਰ ਵਿਚ ਜਾਂ ਉਸ ਖਿੱਤੇ ਦੇ ਧਰਮ-ਵਿਹਾਰ ਵਿਚ ਬਹੁਤ ਖਾਸ ਹੁੰਦਾ ਹੈ ਅਤੇ ਲੋਕ-ਮਾਨਸਿਕਤਾ ਵਿਚ ਗਹਿਰਾ ਖੁੱਭਿਆ ਹੁੰਦਾ ਹੈ। ਮਿਸਾਲ ਵਜੋਂ ਅਕਾਲੀ ਦਲ ਦਾ ਪਛਾਣ ਰੰਗ ਕੇਸਰੀ ਅਤੇ ਨੀਲਾ ਹੈ, ਕਿਉਂਕਿ ਇਹ ਰੰਗ ਸਿੱਖ ਧਰਮ ਦਾ ਅਹਿਮ ਅਰਥ-ਵਾਹਕ ਰਿਹਾ ਹੈ। ਭਾਈ ਗੁਰਦਾਸ ਅਨੁਸਾਰ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਤਾਂ ਉਸ ਵੇਲੇ ਪੰਜ ਪਿਆਰਿਆਂ ਨੇ ਨੀਲ ਵਸਤਰ ਪਹਿਨੇ ਹੋਏ ਸਨ। ਅੱਜ ਵੀ ਅਕਾਲੀਆਂ ਦੀ ਪਛਾਣ ਨੀਲੀ ਦਸਤਾਰ ਹੈ, ਹਾਲਾਂਕਿ ਅਕਾਲੀ ਦਲ ਚੋਣਾਂ ਵੇਲੇ ਪੀਲੀਆਂ ਝੰਡੀਆਂ ਰਾਹੀਂ ਆਪਣੀ ਹੋਂਦ ਦਰਸਾਉਂਦਾ ਹੈ। ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬ ਪੀਲੇ ਹੁੰਦੇ ਹਨ, ਜਦੋਂ ਕਿ ਨਿਹੰਗ ਸਿੰਘ ਨੀਲੇ ਨਿਸ਼ਾਨ ਸਾਹਿਬ ਬੁਲੰਦ ਕਰਦੇ ਹਨ। ਕੇਸਰੀ ਰੰਗ ਕੁਰਬਾਨੀ ਦਾ ਰੰਗ ਹੈ। ਅੱਜ ਵੀ ਸਿੱਖਾਂ ਜਾਂ ਅਕਾਲੀਆਂ ਵਿਚ ਰੋਸ ਵਜੋਂ ਏਕਾ ਦਿਖਾਉਣ ਲਈ ਪੀਲੀਆਂ ਪੱਗਾਂ ਬੰਨ੍ਹੀਆਂ ਜਾਂਦੀਆਂ ਹਨ ਜਾਂ ਘਰਾਂ ਉਪਰ ਜਾਂ ਕਾਰਾਂ ਅੱਗੇ ਕੇਸਰੀ ਝੰਡੀਆਂ ਝੁਲਾਈਆਂ ਜਾਂਦੀਆਂ ਹਨ।
ਉਂਜ ਰੋਸ ਦਾ ਰੰਗ ਸਾਰੀ ਦੁਨੀਆਂ ‘ਤੇ ਹੀ ਕਾਲਾ ਰੰਗ ਰਿਹਾ ਹੈ। ਹਿੰਦੁਸਤਾਨ ਵਿਚ ਵੀ ਆਜ਼ਾਦੀ ਤੋਂ ਪਹਿਲਾਂ ਸਾਈਮਨ ਕਮਿਸ਼ਨ ਨੂੰ ‘ਗੋ ਬੈਕ’ ਕਹਿਣ ਲਈ ਕਾਲੀਆਂ ਝੰਡੀਆਂ ਦਾ ਵਿਖਾਵਾ ਕੀਤਾ ਗਿਆ। ਸੁਭਾਵਕ ਹੈ ਕਿ ਕਾਲਾ ਰੰਗ ਦੁਨੀਆਂ ਵਿਚ ਅਜਿਹਾ ਰੰਗ ਹੈ, ਜੋ ਕਿਸੇ ਰਾਜਨੀਤਕ ਪਾਰਟੀ ਨੇ ਨਹੀਂ ਅਪਨਾਇਆ, ਕਿਉਂਕਿ ਇਹ ਰੰਗ ਮੁੱਖ ਤੌਰ ‘ਤੇ ਹਨੇਰੇ ਅਤੇ ਅਗਿਆਨ ਦਾ ਪ੍ਰਤੀਕ ਰਿਹਾ ਹੈ। ਕਾਲੇ ਰੰਗ ਤੋਂ ਐਨ ਉਲਟ ਚਿੱਟੇ ਰੰਗ ਨਾਲ ਬੇ-ਰੰਗ ਹੋਣ ਦੇ ਬਾਵਜੂਦ ਪਾਕ-ਪਵਿੱਤਰਤਾ ਅਤੇ ਪਾਕੀਜ਼ਦਗੀ ਦੇ ਅਹਿਸਾਸ ਓਤ-ਪੋਤ ਰਹੇ ਹਨ। ਇਹ ਅਮਨ-ਸ਼ਾਂਤੀ ਦਾ ਦੂਤ ਵੀ ਰਿਹਾ ਹੈ ਅਤੇ ਸ਼ੁਧਤਾ-ਪ੍ਰਬੁੱਧਤਾ ਦਾ ਵੀ। ਦੁਨੀਆਂ ਦੇ ਕਰੀਬ ਹਰ ਧਰਮ ਵਿਚ ਹੀ ਧਾਰਮਿਕ ਹਸਤੀਆਂ ਚਿੱਟੀ ਪੱਗ, ਪਰਨਾ ਜਾਂ ਸਾਫਾ ਬੰਨ੍ਹਦੀਆਂ ਰਹੀਆਂ ਹਨ ਜਾਂ ਬੇ-ਦਾਗ ਸਫੈਦ ਪੁਸ਼ਾਕ ਪਹਿਨਦੀਆਂ ਰਹੀਆਂ ਹਨ। ਸਫੈਦ ਰੰਗ ਜਿੱਥੇ ਪਾਕੀਜ਼ਗੀ ਦਾ ਪ੍ਰਤੀਕ ਹੈ, ਉਥੇ ਇਹ ਅਮਨ-ਸ਼ਾਂਤੀ ਅਤੇ ਯੁੱਧ-ਬੰਦੀ ਦਾ ਸੰਦੇਸ਼ ਵੀ ਦਿੰਦਾ ਹੈ।
ਸਿਆਸੀ ਪਾਰਟੀਆਂ ਬੜੀਆਂ ਚਲਾਕ ਹੁੰਦੀਆਂ ਹਨ, ਇਸ ਲਈ ਉਹ ਖੇਡਾਂ ਖੇਡਦੀਆਂ ਹਨ, ਜਿਨ੍ਹਾਂ ਨਾਲ ਆਮ ਜਨਤਾ ਨੂੰ ਬੁਧੂ ਬਣਾਇਆ ਜਾ ਸਕੇ ਅਤੇ ਉਨ੍ਹਾਂ ਦਾ ਜਜ਼ਬਾਤੀ ਸ਼ੋਸ਼ਣ ਕੀਤਾ ਜਾ ਸਕੇ। ਘੱਟ ਵਿਕਸਿਤ ਦੇਸ਼ਾਂ ਵਿਚ ਇਹ ਵਰਤਾਰਾ ਵੱਧ ਪ੍ਰਭਾਵੀ ਰੂਪ ਵਿਚ ਨਜ਼ਰ ਆਉਂਦਾ ਹੈ। ਅਨਪੜ੍ਹ ਜਨਤਾ ਨੂੰ ਧਰਮ ਦੇ ਨਾਂ ‘ਤੇ ਛੇਤੀ ਹੀ ਵਰਗਲਾਇਆ ਜਾ ਸਕਦਾ ਹੈ। ਹਿੰਦੁਸਤਾਨ ਐਸਾ ਮੁਲਖ ਹੈ, ਜਿੱਥੇ ਧਰਮ ਅਤੇ ਸਿਆਸਤ ਦੀ ਅੰਗਲੀ-ਸੰਗਲੀ ਪੱਕੀ-ਪੀਡੀ ਹੁੰਦੀ ਹੈ। ਹਿੰਦੂ ਧਰਮ ਵਿਚ ਸਭ ਤੋਂ ਵੱਧ ਪ੍ਰਭਾਵੀ ਰੰਗ ਭਗਵਾਂ ਰੰਗ ਗਿਣਿਆ ਜਾ ਸਕਦਾ ਹੈ। ਇਹ ਰੰਗ ਕੁਰਬਾਨੀ ਅਤੇ ਤਿਆਗ ਦਾ ਪ੍ਰਤੀਕ ਰਿਹਾ ਹੈ। ਹਿੰਦੂ ਸਮਾਜ ਵਿਚ ਜੋ ਲੋਕ ਸੰਨਿਆਸੀ ਹੋ ਕੇ ਜ਼ਿੰਦਗੀ ਦੇ ਮੁੱਖ-ਮੰਤਵ ਦੇ ਰਹੱਸਾਂ ਦਾ ਅਧਿਅਨ ਕਰਨ ਲਈ ਇਸ ਦੁਨੀਆਂ ਦੇ ਕਲਾ-ਕਲੇਸ਼ ਤੋਂ ਅਲਹਿਦਾ ਰਹਿਣ ਲੱਗ ਪੈਂਦੇ ਸਨ, ਉਹ ਭਗਵੇਂ ਕੱਪੜੇ ਪਾ ਲੈਂਦੇ ਸਨ ਤਾਂ ਕਿ ਵੇਖਣ ਵਾਲੇ ਮਰਦ-ਔਰਤ ਨੂੰ ਇਹ ਅਹਿਸਾਸ ਹੋ ਜਾਵੇ ਕਿ ਉਹ ਦੁਨਿਆਵੀ ਅਤੇ ਮਾਇਆਵੀ ਚਿੰਤਾਵਾਂ ਤੋਂ ਉਪਰ ਹਨ। ਇਸੇ ਭਗਵੇਂ ਰੰਗ ਦਾ ਹਲਕਾ ਰੰਗ ਕੇਸਰੀ ਅਖਵਾਉਂਦਾ ਹੈ, ਜੋ ਖਾਲਸੇ ਦਾ ਰੰਗ ਹੈ, ਅਕਾਲੀ ਦਲ ਦਾ ਰੰਗ ਹੈ। ਉਹ ਸਿਆਸੀ ਪਾਰਟੀ, ਜੋ ਅਕਾਲੀ ਦਲ ਨੂੰ ਧਰਮ ਅਤੇ ਸਿਆਸਤ ਦੇ ਰਲੇਵੇਂ ਦੀ ਖੇਡ ਖੇਡਣ ਕਰਕੇ ‘ਮੀਰੀ-ਪੀਰੀ’ ਦੇ ਸੰਕਲਪ ਦੀ ਨੁਕਤਾਚੀਨੀ ਕਰਦੀ ਸੀ, ਅੱਜ ਉਸੇ ਏਜੰਡੇ ਨੂੰ ਅਪਨਾਈ ਆਪਣੇ ਆਪ ਦਾ ਭਗਵਾਂਕਰਨ ਕਰੀ ਬੈਠੀ ਹੈ।
ਇਸਲਾਮ ਦੀ ਸ਼ੁਰੂਆਤ ਅਰਬ ਮੁਲਕਾਂ ਵਿਚੋਂ ਹੋਈ, ਜੋ ਮਾਰੂਥਲ ਮੁਲਕ ਅਖਵਾਉਂਦੇ ਹਨ। ਇਸ ਧਰਮ ਦੇ ਅਨੁਆਈਆਂ ਦੇ ਮਨਾਂ ਵਿਚ ਪਾਣੀ ਅਤੇ ਹਰਿਆਵਲ ਦਾ ਬਹੁਤ ਜ਼ਿਆਦਾ ਮਨੋ-ਵਿਗਿਆਨਕ ਮਹੱਤਵ ਸੁਭਾਵਕ ਹੈ। ਇਹੀ ਵਜ੍ਹਾ ਹੈ ਕਿ ਮੁਸਲਿਮ ਧਰਮ ਦਾ ਸੰਕੇਤਕ ਰੰਗ ਗੂੜ੍ਹਾ ਹਰਾ ਹੈ। ਇਸੇ ਮਾਨਸਿਕਤਾ ਕਰਕੇ ਮੁਸਲਿਮ ਲੀਗ ਨੇ ਵੀ ਆਪਣਾ ਰਾਜਸੀ ਰੰਗ ਇਸੇ ਨੂੰ ਚੁਣਿਆ। ਕੁਦਰਤ ਦੇ ਰੰਗਾਂ ਵਿਚ ਵੀ ਸਭ ਤੋਂ ਪ੍ਰਤੱਖ-ਮਈ ਰੰਗ ਦੋ ਹੀ ਹਨ-ਹਰਾ ਅਤੇ ਪੀਲਾ। ਹਰਾ ਜੀਵੰਤ-ਜਵਾਨੀ ਦਾ ਪ੍ਰਤੀਕ ਹੈ, ਜੋਬਨਵੰਤ-ਜ਼ਿੰਦਗੀ ਦਾ ਲਖਾਇਕ ਹੈ। ਪੀਲਾ ਰੰਗ ਪੱਕੇ, ਪਰਪੱਕ ਅਤੇ ਪਕਰੋੜ ਹੋਣ ਦਾ।
ਦੇਸ਼ ਦੀ ਆਜ਼ਾਦੀ ਪਿਛੋਂ ਹਿੰਦੂ-ਮੁਸਲਿਮ-ਸਿੱਖਾਂ ਵਿਚ ਧਰਮ-ਨਿਰਪੱਖਤਾ ਅਤੇ ਇਕਸਾਰਤਾ ਵਿਖਾਉਣ ਲਈ ਦੇਸ਼ ਦੇ ਕੌਮੀ ਝੰਡੇ ਵਿਚ ਹਰਾ, ਚਿੱਟਾ ਅਤੇ ਕੇਸਰੀ ਰੰਗ ਅਪਨਾਏ ਗਏ। ਕਾਂਗਰਸ ਪਾਰਟੀ ਨੇ ਖਾਦੀ ਤੇ ਚਿੱਟੀਆਂ ਟੋਪੀਆਂ ਅਤੇ ਪਗੜੀਆਂ ਰਾਹੀਂ ਆਪਣੇ ਆਪ ਨੂੰ ਨਿਰਲੇਪ ਤੇ ਪਾਕੀਜ਼ਾ ਹੋਣ ਦਾ ਪਰਚਮ ਝੁਲਾਇਆ। ਉਹ ਚਿੱਟਾ ਰੰਗ, ਜੋ ਸਦੀਆਂ ਤੋਂ ਧਾਰਮਿਕ ਹਸਤੀਆਂ ਨੇ ਸ਼ੁਧਤਾ ਅਤੇ ਸਫੈਦ-ਗੋਈ ਲਈ ਪਹਿਨਿਆ ਸੀ, ਸਿਆਸੀ ਰੰਗ ਬਣ ਗਿਆ। ਇਹ ਵੱਖਰੀ ਗੱਲ ਹੈ ਕਿ ਆਜ਼ਾਦੀ ਲੈ ਲੈਣ ਪਿਛੋਂ ਰਿਸ਼ਵਤਖੋਰੀ ਅਤੇ ਤਰਫਦਾਰੀ ਦੇ ਜੋ ਧੱਬੇ ਇਨ੍ਹਾਂ ਸਫੈਦਪੋਸ਼ਾਂ ‘ਤੇ ਲੱਗੇ, ਉਨ੍ਹਾਂ ਨੇ ਚਿੱਟੇ ਰੰਗ ਦੀ ਪਾਕੀਜ਼ਗੀ ਬਦਨਾਮ ਕਰ ਦਿੱਤੀ। ਰੰਗ ਚਿੰਨ੍ਹਾਤਮਿਕ ਤੌਰ ‘ਤੇ ਅਰਥ-ਭਰਪੂਰ ਤਾਂ ਹੁੰਦੇ ਹੀ ਹਨ, ਇਸ ਲਈ ਦਲ-ਬਦਲੂਆਂ ਦੇ ਰੰਗ ਬਦਲਦੇ ਰਹਿੰਦੇ ਹਨ। ਜਦੋਂ ਕੋਈ ਕਾਂਗਰਸੀ ਅਕਾਲੀ ਦਲ ਵਿਚ ਜਾਂਦਾ ਹੈ ਤਾਂ ਨੀਲੀ ਪੱਗ ਬੰਨ੍ਹ ਲੈਂਦਾ ਤੇ ਜਦੋਂ ਕੋਈ ਅਕਾਲੀ ਕਾਂਗਰਸ ਵਿਚ ਜਾਂਦਾ ਤਾਂ ਚਿੱਟੀ ਪੱਗ ਬੰਨ੍ਹ ਲੈਂਦਾ ਹੈ।
ਉਂਜ ਮਨਮੋਹਨ ਸਿੰਘ ਅਤੇ ਮੌਨਟੇਕ ਸਿੰਘ ਆਹਲੂਵਾਲੀਆ ਨੇ ਹਮੇਸ਼ਾ ਅਸਮਾਨੀ ਰੰਗ ਦੀਆਂ ਪੱਗਾਂ ਬੰਨ੍ਹੀਆਂ। ਵੈਸੇ ਇਹ ਅਸਮਾਨੀ ਰੰਗ ਦਲਿਤ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਰੰਗ ਰਿਹਾ ਹੈ। ਹੈ ਇਹ ਵੀ ਬੜੀ ਦਿਲਚਸਪ ਗੱਲ ਕਿ ਘੱਟ-ਗਿਣਤੀ ਇਨ੍ਹਾਂ ਪਾਰਟੀਆਂ ਦਾ ਇਹ ਰੰਗ ਓਨਾ ਮਸ਼ਹੂਰ ਤੇ ਨੁਮਾਇਆ ਨਹੀਂ ਹੋ ਸਕਿਆ, ਜਿੰਨਾ ਕਿ ਮਾਰਕਸਵਾਦੀਆਂ ਜਾਂ ਕਮਿਊਨਿਸਟਾਂ ਦੀ ਪਾਰਟੀ ਦਾ ਲਾਲ ਰੰਗ। ਮਾਰਕਸਵਾਦੀ ਪਾਰਟੀ ਪੰਜਾਬ ਵਿਚ ਭਾਵੇਂ ਬਹੁਜਨ ਸਮਾਜ ਪਾਰਟੀ ਨਾਲੋਂ ਘੱਟ-ਗਿਣਤੀ ਵਿਚ ਹੈ, ਪਰ ਵਿਚਾਰਧਾਰਕ ਕੌਮਾਂਤਰੀ ਪਾਰਟੀ ਹੋਣ ਕਰਕੇ ਵਧੇਰੇ ਨੋਟਿਸ ਵਿਚ ਰਹੀ ਹੈ। ਲਾਲ ਰੰਗ ਵੈਸੇ ਵੀ ਸਾਰੀ ਦੁਨੀਆਂ ਵਿਚ ਸਭ ਤੋਂ ਸ਼ੋਖ ਰੰਗ ਗਿਣਿਆ ਜਾਂਦਾ ਹੈ। ਮਾਰਕਸਵਾਦੀ ਪਾਰਟੀ ਆਪਣੇ ਨਿਸ਼ਾਨੇ ਪ੍ਰਾਪਤ ਕਰਨ ਲਈ ਖੂਨ ਵਹਾਉਣ ਵਿਚ ਯਕੀਨ ਰੱਖਦੀ ਹੈ।
ਇੰਗਲੈਂਡ ਦੇ ਇੱਕ ਚਿੰਤਕ ਨੇ ਸਿਆਸਤ ਬਾਰੇ ਕਿਹਾ ਸੀ, “ਇਹ ਗੁੰਡਿਆਂ ਦੀ ਆਖਰੀ ਠਾਹਰ ਹੁੰਦੀ ਹੈ (ਫੋਲਟਿਚਿਸ ਸਿ ਟਹe ਲਅਸਟ ਰeਸੋਰਟ ਾ ਟਹe ਸਚੁਨਦਰeਲਸ)।” ਧਾਰਮਿਕ ਅਰਥਾਂ ਨਾਲ ਲਬਰੇਜ਼ ਲਿਬਾਸ ਪਹਿਨੀ ਇਕ ਸਿਆਸੀ ਸ਼ਖਸ ਸ਼ਾਇਦ ਦੁਨੀਆਂ ਦਾ ਸਭ ਤੋਂ ਵੱਡੇ ਵਿਰੋਧਾਭਾਸ ਅਤੇ ਦੰਭ-ਵਾਦ ਦਾ ਪ੍ਰਤੀਕ ਅਖਵਾ ਸਕਦਾ ਹੈ। ਕੁਰਬਾਨੀ ਅਤੇ ਤਿਆਗ ਦੀ ਚਿੰਨ੍ਹ ਭਗਵੇਂ ਰੰਗ ਦੀ ਪੁਸ਼ਾਕ ਕਿਸੇ ਪ੍ਰਮੁੱਖ ਸਿਆਸੀ ਵਿਅਕਤੀ ਲਈ ਕਿਵੇਂ ਸੁਹਜ ਦਾ ਕਾਰਨ ਬਣ ਸਕਦੀ ਹੈ? ਜਿਸ ਸਿਆਸੀ ਵਿਅਕਤੀ ਨੇ ਚੋਣਾਂ ਜਿੱਤਣ ਲਈ ਸੈਆਂ ਕਿਸਮ ਦੇ ਛੜਯੰਤਰ ਰਚੇ ਹੋਣ ਅਤੇ ਅੰਦਰੋ-ਅੰਦਰ ਪਤਾ ਨਹੀਂ ਕੀ ਕੀ ਗੁੰਡਾ-ਗਰਦੀਆਂ ਕੀਤੀਆਂ ਹੋਣ! ਕੱਪੜੇ ਸਫੈਦ: ਕਰਤੂਤਾਂ ਕਾਲੀਆਂ! ਪੱਗਾਂ ਕੇਸਰੀ: ਕੁਰਬਾਨੀ-ਭਾਵਨਾਂ ਤੋਂ ਕੋਹਾਂ ਦੀ ਦੂਰੀ! ਕੱਪੜੇ ਭਗਵੇਂ: ਸੱਤਾ ਅਤੇ ਮਾਇਆ ਦੀ ਅਮਿੱਟ ਹਵਸ!
ਬੱਸ ਫਿਰ ਇਹੀ ਤਾਂ ਹੈ ਰੰਗਾਂ ਦੀ ਸਿਆਸਤ!