ਪ੍ਰਧਾਨ ਮੰਤਰੀ ਵਲੋਂ ਅਯੁੱਧਿਆ ਵਿਚ ਚਰਚਿਤ ਬਿਆਨ

ਪ੍ਰੋ. ਕਸ਼ਮੀਰਾ ਸਿੰਘ
ਫੋਨ: 1-801-414-0171
ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਣ ਵਾਲਿਆਂ ਲਈ ਹੁਣ ਬੜੀ ਮੁਸ਼ਕਿਲ ਦੀ ਘੜੀ ਹੈ। ਉਹ ਹੁਣ ਦੁਬਿਧਾ ਵਿਚ ਫਸ ਗਏ ਹਨ। ਇੱਕ ਪਾਸੇ ਉਹ ਪ੍ਰਧਾਨ ਮੰਤਰੀ ਵਲੋਂ ਦਿੱਤੇ ਬਿਆਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਾਮਾਇਣ ਲਿਖੀ ਹੈ, ਦਾ ਵਿਰੋਧ ਕਰਨਾ ਚਾਹੁੰਦੇ ਹਨ, ਦੂਜੇ ਪਾਸੇ ਇਹੀ ਰਾਮਾਇਣ ਉਨ੍ਹਾਂ ਦੇ ਦਸਮ ਗ੍ਰੰਥ ਦੇ ਪੰਨਾ 188 ਤੋਂ 254 ਤਕ ਵੀ ਦਰਜ ਹੈ, ਜਿਸ ਦਾ ਸਮਾਪਤੀ ਸੰਕੇਤ ਹੈ, “ਇਤਿ ਸ੍ਰੀ ਰਾਮਾਇਣ ਸਮਾਪਤਮ ਸਤੁ ਸੁਭਮ ਸਤੁ।” ਰਾਮਾਵਤਾਰ ਰਚਨਾ ਦਸਮ ਗ੍ਰੰਥ ਦੀ ਰਾਮਾਇਣ ਹੀ ਹੈ। ਪ੍ਰਧਾਨ ਮੰਤਰੀ ਨੂੰ ਗਲਤ ਕਹਿਣ ਵਾਲੇ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਕਿ ਬਿੱਲੀ ਇੱਥੇ ਤਾਂ ਨਹੀਂ ਮਿਆਊਂ ਕਰ ਰਹੀ!

ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ: ਸ਼੍ਰੋਮਣੀ ਕਮੇਟੀ ਵੀ ਦਸਮ ਗ੍ਰੰਥ ਦੇ ਹੱਕ ਵਿਚ ਭੁਗਤ ਰਹੀ ਹੈ ਤਾਂ ਹੀ ਉਸ ਨੇ ਸਿੱਖ ਰਹਿਤ ਮਰਿਆਦਾ ਵਿਚ ਕੀਰਤਨ ਦੀ ਮੱਦ ਅਧਿਆਇ ਨੰਬਰ ਪੰਜ, ਪੰਨਾ 15 ਵਿਚ ਆਪ ਹੀ ਖਾਲਸਾ ਪੰਥ ਬਣਦਿਆਂ ਸੋਧ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਕੀਰਤਨ ਕਰਨ ਦੀ ਖੁੱਲ੍ਹ ਦੇ ਦਿੱਤੀ ਹੋਈ ਹੈ, ਜਦੋਂ ਕਿ ਅਜੇ ਤਕ ਇਹ ਹੀ ਫੈਸਲਾ ਨਹੀਂ ਹੋ ਸਕਿਆ ਕਿ ਦਸਵੇਂ ਪਾਤਿਸ਼ਾਹ ਦੀ ਬਾਣੀ ਕਿਹੜੀ ਹੈ? ਸੋਧ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਇਸ ਬਾਣੀ ਦੀ ਵਿਆਖਿਆ ਵਜੋਂ ਭਾਈ ਗੁਰਦਾਸ ਦੀ ਰਚਨਾ ਵੀ ਪੜ੍ਹੀ ਜਾ ਸਕਦੀ ਹੈ, ਜੋ ਨਿਰਾ ਝੂਠ ਹੈ, ਕਿਉਂਕਿ ਭਾਈ ਗੁਰਦਾਸ ਤਾਂ ਛੇਵੇਂ ਗੁਰੂ ਜੀ ਵੇਲੇ ਹੀ ਅਕਾਲ ਚਲਾਣਾ ਕਰ ਗਏ ਸਨ, ਜਿਸ ਲਈ ਉਨ੍ਹਾਂ ਦੀ ਰਚਨਾ ਵਿਚ ਕਿਤੇ ਵੀ ਦਸਮ ਗ੍ਰੰਥ ਦੀ ਵਿਆਖਿਆ ਹੀ ਨਹੀਂ ਹੈ।
ਕ੍ਰਿਸ਼ਨ ਲੀਲ੍ਹਾ ਵੀ ਸਿੱਖੀ ਦੇ ਵਿਹੜੇ ਵਿਚ: ਕ੍ਰਿਸ਼ਨਾਵਤਾਰ ਵਿਚ ਕ੍ਰਿਸ਼ਨ ਲੀਲਾ ਵੀ ਲਿਖੀ ਹੋਈ ਹੈ, ਜੋ ਦਸਮ ਗ੍ਰੰਥ ਦੇ ਪੰਨਾ 254 ਤੋਂ 570 ਤਕ ਦਰਜ ਹੈ, ਜਿਸ ਦਾ ਸਮਾਪਤੀ ਸੰਕੇਤ ਹੈ, “ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿੱਤ੍ਰ ਨਾਟਕੇ ਗ੍ਰੰਥੇ ਕ੍ਰਿਸ਼ਨਾਵਤਾਰੇ ਧਿਯਾਇ ਸਮਾਪਤਮ ਸਤੁ ਸੁਭਮ ਸਤੁ।21।” ਕਿਸੇ ਦਿਨ ਇਹ ਵੀ ਕਿਸੇ ਆਗੂ ਵਲੋਂ ਗੁਰੂ ਜੀ ਨੂੰ ਕ੍ਰਿਸ਼ਨ ਭਗਤ ਬਣਾਉਣ ਲਈ ਕਿਹਾ ਜਾਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰਿਸ਼ਨ ਲੀਲ੍ਹਾ ਵੀ ਲਿਖੀ ਹੈ। ਅਜਿਹਾ ਹੋਰ ਬਹੁਤ ਕੁਝ ਹੋਣ ਵਾਲਾ ਹੈ, ਜੋ ਦਸਮ ਗ੍ਰੰਥ ਉਤੇ ਹੀ ਆਧਾਰਤ ਹੋਵੇਗਾ ਅਤੇ ਸਿੱਖੀ ਨੂੰ ਢਾਹ ਲਾਉਂਦਾ ਹੋਇਆ ਸਿੱਖਾਂ ਵਿਚ ਕਲੇਸ਼ ਦਾ ਕਾਰਨ ਬਣੇਗਾ।
ਜਾਗਰੂਕ ਜਥੇਬੰਦੀਆਂ ਦਾ ਵਿਰੋਧ ਹੋਇਆ: ਕਈ ਸਾਲਾਂ ਤੋਂ ਜਾਗਰੂਕ ਸਿੱਖ ਜਥੇਬੰਦੀਆਂ ਵਲੋਂ ਦਸਮ ਗ੍ਰੰਥ ਦੀ ਅਸਲੀਅਤ ਬਾਰੇ ਸਮਾਜਕ ਸਾਧਨਾਂ ਰਾਹੀਂ ਲੇਖ ਛਪਵਾਏ ਜਾ ਰਹੇ ਸਨ, ਪਰ ਦਸਮ ਗ੍ਰੰਥੀਏ ਇਹ ਕਹਿੰਦੇ ਰਹੇ ਹਨ ਕਿ ਇਹ ਜਥੇਬੰਦੀਆਂ ਤਾਂ ਬ੍ਰਾਹਮਣਵਾਦੀ ਏਜੰਟਾਂ ਦਾ ਕੰਮ ਕਰਦੀਆਂ ਹਨ। ਹੁਣ ਤਾਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਅਜਿਹੇ ਏਜੰਟ ਕੌਣ ਹਨ, ਇਹ ਜਾਗਰੂਕ ਜਥੇਬੰਦੀਆਂ ਜਾਂ ਇਨ੍ਹਾਂ ਨੂੰ ਏਜੰਟ ਕਹਿਣ ਵਾਲੇ ਆਪ!
ਕੀ ਗੁਰੂ ਪਾਤਿਸ਼ਾਹ ਰਾਮ ਚੰਦਰ ਦੀ ਅੰਸ਼ ਵੰਸ਼ ਵਿਚੋਂ ਹਨ?: ਅਯੁੱਧਿਆ ਵਿਚ ਹੀ ਗਿਆਨੀ ਇਕਬਾਲ ਸਿੰਘ ਨੇ ਗੁਰੂ ਪਾਤਿਸ਼ਾਹਾਂ ਨੂੰ ਰਾਮ ਚੰਦਰ ਦੀ ਅੰਸ਼-ਬੰਸ਼ ਨਾਲ ਖੁੱਲ੍ਹੇ ਤੌਰ ‘ਤੇ ਬਿਆਨ ਦੇ ਕੇ ਜੋੜਿਆ ਹੈ। ਇਸ ਬਿਆਨ ਨਾਲ ਵੀ ਦਸਮ ਗ੍ਰੰਥੀਆਂ ਨੂੰ ਚੋਟ ਪਹੁੰਚ ਰਹੀ ਜਾਪਦੀ ਹੈ, ਪਰ ਇਹ ਸਭ ਕੁਝ ਤਾਂ ਦਸਮ ਗ੍ਰੰਥ ਵਿਚ ਹੀ ਲਿਖਿਆ ਹੋਇਆ ਹੈ। ਦਸਮ ਗ੍ਰੰਥ ਦੇ ਪੰਨਾ ਨੰਬਰ 47 ਤੋਂ 54 ਤਕ ਨੂੰ ਧਿਆਨ ਨਾਲ ਪੜ੍ਹ ਕੇ ਦੇਖੋ ਤਾਂ ਇੱਥੇ ਉਹ ਕੁਝ ਲਿਖਿਆ ਪਿਆ ਹੈ, ਜੋ ਗਿਆਨੀ ਇਕਬਾਲ ਸਿੰਘ ਨੇ ਅਯੁੱਧਿਆ ਵਿਚ ਕਿਹਾ ਹੈ। ਜੇ ਦਸਮ ਗ੍ਰੰਥ ਨੂੰ ਰੱਦ ਨਹੀਂ ਕਰਨਾ ਅਤੇ ਆਪਣੇ ਵਿਹੜੇ ਵਿਚ ਰੱਖੀ ਛੱਡਣਾ ਹੈ ਤਾਂ ਇਕਬਾਲ ਸਿੰਘ ਕਿਸੇ ਸਜ਼ਾ ਦਾ ਹੱਕਦਾਰ ਨਹੀਂ। ਜੇ ਗਿਆਨੀ ਇਕਬਾਲ ਸਿੰਘ ਨੂੰ ਸਜ਼ਾ ਦੇਣੀ ਹੈ ਤਾਂ ਦਸ਼ਮ ਗ੍ਰੰਥ ਆਪੇ ਹੀ ਰੱਦ ਹੋ ਜਾਵੇਗਾ। ਦੇਖਣਾ ਹੈ ਕਿ ਕੌਣ ਭਾਰੂ ਪੈਂਦਾ ਹੈ? ਇਹ ਸਥਿਤੀ ਵੀ ਦਸਮ ਗ੍ਰੰਥੀਆਂ ਲਈ ਦੁਵਿਧਾ ਵਾਲੀ ਹੈ।
ਇੱਕੋ ਬੇੜੀ ਦੇ ਸਵਾਰ ਹੋਣ ਦੀ ਲੋੜ: ਹੁਣ ਇੱਕ ਪਾਸੇ ਹੋ ਕੇ ਹੀ ਸਿੱਖੀ ਬਚਾਈ ਜਾ ਸਕਦੀ ਹੈ ਤੇ ਉਹ ਹੈ, ਗੁਰੂ ਗ੍ਰੰਥ ਸਾਹਿਬ ਵਾਲਾ ਪਾਸਾ। ਇਹ ਤਾਂ ਹੀ ਸੰਭਵ ਹੈ ਜੇ ਅਧਿਕਾਰਤ ਤੌਰ ‘ਤੇ ਤਖਤਾਂ ਦੇ ਮੁੱਖ ਸੇਵਾਦਾਰਾਂ ਵਲੋਂ ਦਸਮ ਗ੍ਰੰਥ ਤੇ ਇਹੋ ਜਿਹੇ ਹੋਰ ਦੁਬਿਧਾ ਪਾਊ ਗ੍ਰੰਥਾਂ ਨੂੰ ਸਿੱਖੀ ਵਿਚੋਂ ਰੱਦ ਕੀਤਾ ਜਾਵੇ ਅਤੇ ਆਦੇਸ਼ ਦਿੱਤਾ ਜਾਵੇ ਕਿ ਇਸ ਇਸ ਗ੍ਰੰਥ ਨੂੰ ਸਿੱਖੀ ਦਾ ਹਿੱਸਾ ਨਾ ਮੰਨਿਆ ਜਾਵੇ ਤੇ ਇਨ੍ਹਾਂ ਵਿਚੋਂ ਅਦਾਲਤਾਂ ਵਿਚ ਪੇਸ਼ ਕੀਤੇ ਸਬੂਤਾਂ ਨਾਲ ਸਿੱਖੀ ਦਾ ਕੋਈ ਵਾਸਤਾ ਨਹੀਂ ਹੋਵੇਗਾ।
ਸਿੱਖਾਂ ਦਾ ਘਾਣ ਹੋਣਾ ਤੈਅ ਹੈ: ਸਿੱਖਾਂ ਤੋਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਖੋਹਣ ਲਈ ਅਜਿਹੇ ਗ੍ਰੰਥਾਂ ਦੇ ਆਧਾਰ ‘ਤੇ ਹੀ ਸਿੱਖੀ ਵਿਰੋਧੀ ਜਥੇਬੰਦੀਆਂ ਅਦਾਲਤਾਂ ਵਿਚ ਆਪਣੇ ਹੱਕ ਵਿਚ ਫੈਸਲੇ ਕਰਵਾਉਣਗੀਆਂ ਅਤੇ ਇਹ ਕੁਝ ਹੋਣ ਵਾਲਾ ਹੈ-ਭਾਵੇਂ ਅੱਜ ਹੋ ਜਾਏ, ਭਾਵੇਂ ਕੱਲ੍ਹ ਹੋ ਜਾਏ। ਜੇ ਕਿਤੇ ਅਜਿਹਾ ਹੋ ਗਿਆ ਤਾਂ ਵਿਰੋਧ ਕਰਨ ਵਾਲੇ, ਗੁਰ ਅਸਥਾਨਾਂ ਦੀ ਰੱਖਿਆ ਲਈ ਜਾ ਰਹੇ, ਸਿੱਖਾਂ ਨੂੰ ਸਰਕਾਰਾਂ ਵਲੋਂ ਬੰਦੂਕਾਂ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਿਚ ਕੋਈ ਕਸਰ ਨਹੀਂ ਰਹੇਗੀ।
ਅੰਗਰੇਜ਼ ਸਰਕਾਰ ਨੇ ਵੀ ਸਿੱਖਾਂ ਦਾ ਘਾਣ ਕੀਤਾ ਸੀ: ਅੰਗਰੇਜ਼ ਸਰਕਾਰ ਵੇਲੇ ਗੁਰ ਅਸਥਾਨਾਂ ਦੀ ਆਜ਼ਾਦੀ ਲਈ ਸ਼ਾਂਤਮਈ ਸੰਘਰਸ਼ ਕਰਨ ਜਾ ਰਹੇ ਸਿੱਖਾਂ ਨਾਲ ਅਜਿਹਾ ਵਾਪਰ ਚੁਕਾ ਹੈ। ਗੁਰਦੁਆਰਾ ਸੁਧਾਰ ਲਹਿਰ ਸੰਨ 1920-25 ਇਸ ਗੱਲ ਦੀ ਗਵਾਹੀ ਭਰਦੀ ਹੈ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਲਈ ਸ਼ਾਂਤਮਈ ਢੰਗ ਨਾਲ ਗਏ ਸਿੱਖਾਂ ਦਾ ਘਾਣ ਹੋ ਗਿਆ ਸੀ ਅਤੇ ਸਰਕਾਰੀ ਅਫਸਰਾਂ ਨੇ ਸਿੱਖਾਂ ਦੇ ਸੀਨਿਆਂ ਵਿਚ ਸਿੱਧੀਆਂ ਗੋਲੀਆਂ ਮਾਰੀਆਂ ਸਨ।
ਹੋ ਚੁੱਕਾ ਸਿੱਖੀ ਦਾ ਨੁਕਸਾਨ: ਸਿੱਖਾਂ ਦੇ ਬਹੁਤ ਸਾਰੇ ਧਾਰਮਿਕ ਅਸਥਾਨ ਸ਼੍ਰੋਮਣੀ ਕਮੇਟੀ ਦੀ ਛਤਰ ਛਾਇਆ ਵਿਚ ਹੀ ਢਹਿ ਢੇਰੀ ਕੀਤੇ ਜਾ ਚੁਕੇ ਹਨ ਅਤੇ ਬਹੁਤ ਸਾਰਿਆਂ ਨੂੰ ਢਾਹ ਕੇ ਇਸ ਤਰ੍ਹਾਂ ਬਣਾ ਦਿੱਤਾ ਗਿਆ ਹੈ, ਜਿਵੇਂ ਇੱਥੇ ਕੋਈ ਸਿੱਖ ਇਤਿਹਾਸਕ ਸਥਾਨ ਕਦੇ ਹੋਇਆ ਹੀ ਨਾ ਹੋਵੇ ਤੇ ਦਰਬਾਰ ਸਾਹਿਬ ਵਰਗੇ ਗੁਰਦੁਆਰਿਆਂ ਦੇ ਗੁੰਬਦਾਂ ਵਿਚ ਹਿੰਦੂ ਦੇਵੀ-ਦੇਵਤਿਆਂ ਦੇ ਚਿੱਤਰ ਪੱਕੇ ਤੌਰ ‘ਤੇ ਉਕਰੇ ਜਾ ਚੁਕੇ ਹਨ, ਜੋ ਅਦਾਲਤਾਂ ਵਿਚ ਮੰਦਿਰਾਂ ਦੀ ਹੋਂਦ ਦੇ ਹੱਕ ਵਿਚ ਗਵਾਹੀ ਦੇਣ ਲਈ ਹਨ ਕਿ ਇਹ ਗੁਰਦੁਆਰੇ ਪਹਿਲਾਂ ਹਿੰਦੂ ਮੰਦਿਰ ਹੀ ਹੁੰਦੇ ਸਨ।
ਸਿੱਖ ਕੌਮ ਲਈ ਸੋਚਣ ਦੀ ਘੜੀ: ਸਿੱਖ ਕੌਮ ਲਈ ਹੁਣ ਇੱਕ ਜੁੱਟ ਹੋ ਕੇ ਸੋਚਣ ਦੀ ਘੜੀ ਹੈ। ਸਭ ਧੜੇਬੰਦੀਆਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਇਕੱਠੇ ਕਰਨ ਵਾਲਾ ਕੋਈ ਯੋਧਾ ਆਗੂ ਮੈਦਾਨ ਵਿਚ ਨਿੱਤਰੇ ਜਾਂ ਇਨ੍ਹਾਂ ਧੜੇਬੰਦੀਆਂ ਤੇ ਜਥੇਬੰਦੀਆਂ ਦੇ ਆਗੂ ਆਪ ਹੀ ਇਕੱਠੇ ਹੋ ਕੇ ਇੱਕ ਸਾਂਝਾ ਰਸਤਾ ਕੱਢਣ। ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਆਪਣੇ ਨਾਲ ਸਹਿਮਤ ਕਰ ਕੇ ਕੋਈ ਫੈਸਲਾ ਕਰਨ, ਜਿਸ ਨਾਲ ਸਿੱਖੀ ਦੇ ਵਿਹੜੇ ਵਿਚ ਸਿੱਖੀ ਨੂੰ ਹੀ ਢਾਹ ਲਾਈ ਜਾ ਰਹੇ ਅਖੌਤੀ ਗ੍ਰੰਥਾਂ ਨਾਲ ਨਜਿੱਠਿਆ ਜਾ ਸਕੇ, ਗੁੰਬਦਾਂ ਵਿਚੋਂ ਬਣੇ ਦੇਵੀ-ਦੇਵਤਿਆਂ ਦੇ ਚਿੱਤਰ ਹਟਾਏ ਜਾਣ ਅਤੇ ਸਿੱਖੀ ਲਈ ਹੋਰ ਲਾਹੇਵੰਦ ਕਾਰਜ ਕੀਤੇ ਜਾਣ। ਜੇ ਪੱਛੜ ਗਏ ਤਾਂ ਹਰ ਕੋਈ ਕਹੇਗਾ, “ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ!”