ਹੈ ਕੋਈ ਬਚਿਆ ਨਿਘਰਨ ਤੋਂ!

ਅਮਰਜੀਤ ਸਿੰਘ ਮੁਲਤਾਨੀ, ਨਿਊ ਯਾਰਕ
‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕ (ਨੰਬਰ 32) ਵਿਚ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਨੇ ਅਵਤਾਰ ਸਿੰਘ ਇੰਗਲੈਂਡ ਦੇ ਲੇਖ ‘ਸਿੱਖ ਬੌਧਿਕਤਾ ਦਾ ਮਿਆਰ ਨਿਘਾਰ ਵੱਲ ਕਿਉਂ?’ ਉਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਬੇੜੀ ਉਹ ਚਲਾ ਰਹੇ ਸਨ, ਪਰ ਚੱਪੂ ਕੋਈ ਹੋਰ ਮਾਰ ਰਿਹਾ ਸੀ। ਉਨ੍ਹਾਂ ਦਾ ਸਿੱਧਾ ਨਿਸ਼ਾਨਾ ਅਜਮੇਰ ਸਿੰਘ ‘ਤੇ ਸੀ ਜਾਂ ਕਿਸੇ ਹੋਰ ‘ਤੇ? ਕਰਮਜੀਤ ਸਿੰਘ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਕਿ ਅਵਤਾਰ ਸਿੰਘ ਨੇ ਸੰਤ ਭਿੰਡਰਾਂਵਾਲਿਆਂ ਦੀ ਮਕਬੂਲੀਅਤ ਤੇ ਪ੍ਰਵਾਨਿਤ ਹੋਣ ਦਾ ਸਿਹਰਾ ਅਜਮੇਰ ਸਿੰਘ ਸਿਰ ਕਿਵੇਂ ਬੰਨ ਦਿੱਤਾ ਹੈ?

ਇਸੇ ਸੰਦਰਭ ਵਿਚ ਕਰਮਜੀਤ ਸਿੰਘ ਨੇ ‘ਨਿਰਪੱਖ ਸੰਜੀਦਗੀ ਸਵਾਲਾਂ ਦੇ ਘੇਰੇ ਵਿਚ’ ਸਿਰਲੇਖ ਹੇਠ ਪ੍ਰਭਸ਼ਰਨ ਭਰਾਵਾਂ ਦਾ ਪੱਖ ਲੈਂਦਿਆਂ ਆਪਣੇ ਵੱਲੋਂ ਪੂਰੀ ਵਾਹ ਲਾ ਦਿੱਤੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਸੀਅਤ ਤੇ ਫਲਸਫੇ ਨੂੰ ਸੁਰਜੀਤ ਰੱਖਣ ਅਤੇ ਸਦੀਵੀ ਬਣਾਉਨ ਲਈ ਪ੍ਰਭਸ਼ਰਨ ਭਰਾਵਾਂ ਤੋਂ ਵਧੀਕ ਤੇ ਸਟੀਕ ਕੋਈ ਹੋਰ ਕਲਮ ਨਹੀਂ ਹੋ ਸਕਦੀ; ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਾਨਸ਼ੀਨੀ ਨੂੰ ਲੈ ਕੇ ਇੰਨੀ ਕਲਮ ਘਿਸਾਈ ਕਿਉਂ? ਅਜਮੇਰ ਸਿੰਘ ਤਾਂ ਸ਼ਾਇਦ ਮੈਦਾਨ ਛੱਡ ਰਿਹਾ ਹੈ। ਇਸੇ ਕਰਕੇ ਉਹਨੇ ਅਜਿਹਾ ਇੰਟਰਵਿਊ ਦਿੱਤਾ ਹੈ। ਸ਼ਾਇਦ ਉਸ ਨੂੰ ਕੋਈ ਕ੍ਰਿਸ਼ਮਾ ਨਜ਼ਰ ਨਹੀਂ ਆਇਆ ਤੇ ਉਸ ਨੇ ਹਕੀਕਤ ਵੱਲ ਨੂੰ ਵਾਪਸ ਪੈਰ ਪੁੱਟੇ ਹਨ।
ਕਰਮਜੀਤ ਸਿੰਘ ਜੀ, ਹਾਂਗਕਾਂਗ ਦੀ ਸੁਪਰੀਮ ਕੋਰਟ ਦੇ ਜੱਜ ਚੂਹੜ ਸਿੰਘ ਸਿੱਧੂ ਵੱਲੋਂ ਲਿਖੀ ਕਿਤਾਬ ਉਨ੍ਹਾਂ ਦੇ ਨਿੱਜੀ ਵਿਚਾਰ ਹੋ ਸਕਦੇ ਹਨ। ਉਨ੍ਹਾਂ ਵੱਲੋਂ ਲਾਰਡ ਮੈਕਾਲੇ ਦੇ ਸ਼ਬਦਾਂ ਦੇ ਅਰਥ ਵੀ ਉਨ੍ਹਾਂ ਦੀ ਨਿੱਜੀ ਮਾਨਸਿਕਤਾ ਦਰਸਾਉਂਦੇ ਹਨ। ਰੋਮ ਦਾ ਮਹਾਨਾਇਕ ਹੋਰੇਸ਼ੀਅਮ ਰੋਮ ਸ਼ਹਿਰ ਦੀ ਰਾਖੀ ਲਈ ਲੜਿਆ ਸੀ ਤੇ ਬਚਾਇਆ ਵੀ ਸੀ, ਪਰ ਦਰਬਾਰ ਸਾਹਿਬ ਤਾਂ ਹਮਲੇ ਦਾ ਸ਼ਿਕਾਰ ਹੋਇਆ ਅਤੇ ਅੰਤ ਬਾਰੇ ਸਾਰਾ ਸਿੱਖ ਸਮਾਜ ਵਾਕਿਫ ਹੈ। ਕਰਮਜੀਤ ਸਿੰਘ ਜੀ, ਅਰਥ ਹਮੇਸ਼ਾ ਅਰਥ ਕਰਨ ਵਾਲੇ ਦੀ ਨਿੱਜੀ ਮਾਨਸਿਕ ਉਲਾਰ ਵਾਲੀ ਪ੍ਰਤੀਬੱਧਤਾ ਦਰਸਾਉਂਦਾ ਹੈ। ਇਹੋ ਕਾਰਨ ਹੈ, ਗੁਰਬਾਣੀ ਤੇ ਵੱਖ-ਵੱਖ ਵਿਦਵਾਨਾਂ ਵਲੋਂ ਕੀਤੇ ਟੀਕੇ ਇਕ ਰੂਪ ਨਹੀਂ ਹਨ। ਇਸੇ ਕਰਕੇ ਹਰ ਟੀਕਾ, ਟੀਕਾ ਕਰਨ ਵਾਲੇ ਵਿਦਵਾਨ ਦੀ ਸੋਚ ਤੇ ਪ੍ਰਤੀਬੱਧ ਉਲਾਰ ਦਾ ਪ੍ਰਦਰਸ਼ਨ ਕਰਦਾ ਹੈ। ਕੋਈ ਵੀ ਟੀਕਾ ਜਾਂ ਲਿਖਤ ਦੈਵੀ ਆਦੇਸ਼ ਤਾਂ ਕਦੇ ਵੀ ਨਹੀਂ ਹੋ ਸਕਦੇ!
ਕੱਲ ਮੈਂ ਜੂਨ ਚੁਰਾਸੀ ਬਾਰੇ ਯੂਟਿਊਬ ‘ਤੇ ਬੀ. ਬੀ. ਸੀ. ਦਾ ਇਕ ਵੀਡੀਉ ਵੇਖਿਆ, ਜਿਸ ਵਿਚ ਪੱਤਰਕਾਰ ਸਤੀਸ਼ ਜੈਕਬ ਨੇ ਦੱਸਿਆ ਕਿ ਇਕ ਦਿਨ ਉਸ ਦੀ ਛੱਤ ‘ਤੇ ਇਕੱਲਿਆਂ ਸੰਤਾਂ ਨਾਲ ਗੱਲਬਾਤ ਹੋਈ। ਸਤੀਸ਼ ਜੈਕਬ ਨੇ ਕਿਹਾ ਕਿ ਉਸ ਨੇ ਜਦੋਂ ਸੰਤਾਂ ਨੂੰ ਕਿਹਾ ਕਿ ਜੋ ਹਾਲਾਤ ਬਣ ਰਹੇ ਹਨ, ਜੇ ਉਨ੍ਹਾਂ ‘ਤੇ ਸਰਕਾਰ ਨੇ ਕੋਈ ਕਾਰਵਾਈ ਕੀਤੀ, ਤਾਂ? ਜਵਾਬ ਵਿਚ ਸੰਤਾਂ ਨੇ ਸਤੀਸ਼ ਜੈਕਬ ਨੂੰ ਬਾਂਹ ਨਾਲ ਇਸ਼ਾਰਾ ਕਰਦਿਆਂ ਕਿਹਾ ਕਿ ਵੇਖ ਰਿਹਾ ਹੈਂ ਉਹ ਖੇਤ। ਇੱਧਰੋਂ ਬਾਰਡਰ ਅੱਠ ਦੱਸ ਕਿੱਲੋਮੀਟਰ ਹੈ ਤੇ ਬਾਰਡਰ ਪਾਰ ਕਰਨ ਵਿਚ ਅੱਧੇ ਘੰਟੇ ਦਾ ਸਮਾਂ ਲੱਗਦਾ ਹੈ। ਜੇ ਕੋਈ ਸਰਕਾਰੀ ਕਾਰਵਾਈ ਹੋਈ ਤਾਂ ਮੈਂ ਪਿੱਛੋਂ ਦੀ ਨਿਕਲ ਕੇ ਪਾਕਿਸਤਾਨ ਚਲੇ ਜਾਣਾ ਹੈ, ਜਿੱਥੋਂ ਅਸੀਂ ਗੁਰੀਲਾ ਯੁੱਧ ਕਰਾਂਗੇ। ਇਹ ਵੀਡੀਉ ਯੂਟਿਊਬ ‘ਤੇ ਉਪਲਬਧ ਹੈ। ਵੀਡੀਉ ਵੇਖ ਕੇ ਲੱਗਦਾ ਹੈ ਕਿ ਸਰਕਾਰ ਅਤੇ ਸੰਤ ਭਿੰਡਰਾਂਵਾਲੇ-ਦੋਹਾਂ ਦੇ ਇਕ ਦੂਜੇ ਪ੍ਰਤੀ ਕਿਆਫੇ ਸਹੀ ਨਹੀਂ ਸਨ। ਵੀਡੀਉ ਦਾ ਨਾਮ ਹੈ, “ੌਪeਰਅਟਿਨ ਭਲੁe ੰਟਅਰ: ੱਹਅਟ ੍ਹਅਪਪeਨeਦ ਨਿ ਘੋਲਦeਨ ਠeਮਪਲe ੋਨ 6ਟਹ ਝੁਨe 1984? (ਭਭਛ ੍ਹਨਿਦ)ਿ
ਕਰਮਜੀਤ ਸਿੰਘ ਨੇ ਅਜਮੇਰ ਸਿੰਘ ਵੱਲੋਂ ਸਾਂਝਾ ਏ. ਬੀ. ਪੀ. ਦੇ ਯਾਦਵਿੰਦਰ ਨੂੰ ਦਿੱਤੀ ਇੰਟਰਵਿਊ ਦੇ ਹਵਾਲੇ ਨਾਲ ਅਜਮੇਰ ਸਿੰਘ ਵੱਲੋਂ ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਦੀ ਸੁਪਨਸਾਜ਼ੀ ਖਾਲਿਸਤਾਨ ਬਾਰੇ ਪ੍ਰਗਟਾਏ ਵਿਚਾਰਾਂ ਦਾ ਨੋਟਿਸ ਲੈਂਦਿਆਂ ਅਜਮੇਰ ਸਿੰਘ ਦੀ ਵਿਦਵਤਾ ਉਤੇ ਕਿਰਦਾਰਕੁਸ਼ੀਆਂ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਅਜਮੇਰ ਸਿੰਘ ਦੇ ਵਿਦੇਸ਼ੀ ਮੇਜ਼ਬਾਨਾਂ ਅਤੇ ਉਨ੍ਹਾਂ ਦੀ ਸਮਝ ‘ਤੇ ਵੀ ਉਂਗਲ ਚੁੱਕੀ ਹੈ ਕਿ ਇਹ ਲੋਕ ਅਜਮੇਰ ਸਿੰਘ ਦੀ ਕਿਉਂ ਮਾਇਕ ਮਦਦ ਕਰਦੇ ਹਨ ਤੇ ਉਸ ਦੀਆਂ ਪੁਸਤਕਾਂ ਖਰੀਦਦੇ ਹਨ? ਉਹ ਚਾਹੁੰਦਾ ਹੈ ਕਿ ਸੰਤਾਂ ਦੇ ਪੈਰੋਕਾਰ ਨੋਟਿਸ ਲੈਣ ਕਿ “ਅਜਮੇਰ ਸਿੰਘ ਕੀ ਕਰ ਰਿਹਾ ਹੈ?” ਉਸ ਨੇ ਅਜਮੇਰ ਸਿੰਘ ਦੀਆਂ ਵਿਚਾਰਕ ਕਚਿਆਈਆਂ ਨੂੰ ਵੀ ਨੰਗੇ ਕਰਨ ਦਾ ਯਤਨ ਕੀਤਾ ਹੈ।
ਮੈਨੂੰ ਲੱਗਦਾ ਹੈ ਕਿ ਸਿੱਖ ਸੰਘਰਸ਼ ਵਿਚ ਹਿੱਸਾ ਲੈਣ ਵਾਲੇ ਅਣਗੌਲੇ ਤੇ ਅਨਾਮ ਲੱਖਾਂ ਨੌਜਵਾਨਾਂ ਦੀ ਭਾਗੀਦਾਰੀ ਤੇ ਸ਼ਹਾਦਤ ਕਰਮਜੀਤ ਸਿੰਘ ਚੰਡੀਗੜ੍ਹ ਅਤੇ ਪ੍ਰਭਸ਼ਰਨ ਭਰਾਵਾਂ ਲਈ ਇੰਨੀ ਅਹਿਮ ਨਹੀਂ, ਜਿੰਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵਿਚਾਰਕ ਜਾਨਸ਼ੀਨ ਬਣਨਾ ਅਤੇ ਇਸ ਮੁੱਦੇ ‘ਤੇ ਇਜਾਰੇਦਾਰੀ ਕਾਇਮ ਰੱਖਣੀ ਹੈ। ਕਰਮਜੀਤ ਸਿੰਘ ਨੇ ਪਿਛਲੇ ਇਕ ਲੇਖ ਵਿਚ ਆਪਣੇ ਆਪ ਨੂੰ ਸੁਭਾਗਾ ਮੰਨਿਆ ਸੀ, ਉਹ ਉਸ ਵਕਤ ਸ੍ਰੀ ਅੰਮ੍ਰਿਤਸਰ ਤਾਇਨਾਤ ਸੀ ਤੇ ਉਹ ਸੰਤਾਂ ਦੇ ਦਰਸ਼ਨ ਵੀ ਕਰ ਚੁਕਾ ਸੀ। ਇਸ ਨਜ਼ਰੀਏ ਨਾਲ ਤਾਂ ਪੱਤਰਕਾਰ ਦਲਬੀਰ ਸਿੰਘ ਸਭ ਤੋਂ ਵੱਧ ਸੁਭਾਗਾ ਸੀ, ਜਿਸ ਨੂੰ ਸੰਤਾਂ ਦੀ ਕਾਫੀ ਨੇੜਤਾ ਹਾਸਿਲ ਸੀ।
ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਵਿਚ ਕਿਤੇ ਵੀ ਆਪਣੇ ਆਪ ਨੂੰ ਕ੍ਰਿਸ਼ਮਈ ਜਨ ਸਾਬਤ ਕਰਨ ਦਾ ਯਤਨ ਨਹੀਂ ਕੀਤਾ, ਪਰ ਪਤਾ ਨਹੀਂ ਪੱਤਰਕਾਰ ਕਰਮਜੀਤ ਸਿੰਘ ਨੂੰ ਇਹ ਵਿਸ਼ੇਸ਼ ਕ੍ਰਿਸ਼ਮਈ ਦੇਖਣ ਤੇ ਘੋਖਣ ਦੀ ਯੋਗਤਾ ਕਿਵੇਂ ਪ੍ਰਾਪਤ ਹੋਈ? ਸਿੱਖ ਧਰਮ, ਵਿਅਕਤੀ ਵਿਸ਼ੇਸ਼ ਜਾਂ ਵਿਅਕਤੀ ਵਿਸ਼ੇਸ਼ ਦੇ ਚਿੰਤਨ ਦਾ ਧਾਰਨੀ ਕਦੇ ਵੀ ਨਹੀਂ ਰਿਹਾ। ਸਿੱਖ ਧਰਮ ਦੇ ਕੇਂਦਰ ਬਿੰਦੂ ਵਿਚ ਹਮੇਸਾ ‘ਸਰਬੱਤ ਵੱਲੋਂ ਸਰਬੱਤ ਦਾ ਭਲਾ’ ਰਿਹਾ ਹੈ।
ਇਹ ਜੋ ਜਾਨਸ਼ੀਨੀ ਦਾ ਦੌਰ ਚੱਲਿਆ ਹੈ, ਇਸ ਵਿਚ ਕਿਰਦਾਰਕੁਸ਼ੀਆਂ ਦਾ ਚੱਲ ਰਿਹਾ ਸਿਲਸਿਲਾ ਹੁਣ ਠੱਲ੍ਹਣ ਵਾਲਾ ਨਹੀਂ। ਲੱਗਦਾ ਹੈ, ਸਿੱਖ ਧਰਮ ਦੇ ਦੋਖੀਆਂ ਨੇ ਪੜ੍ਹੇ-ਲਿਖੇ ਸਿੱਖਾਂ ਨੂੰ ਇਕ ਅਜਿਹੀ ਚੂਹਾ ਦੌੜ ਵਿਚ ਪਾ ਦਿੱਤਾ ਹੈ, ਜਿਸ ਵਿਚੋਂ ਨਿਕਲਨਾ ਕੁਝ ਨਹੀਂ, ਪਰ ਬੇਸ਼ਕੀਮਤੀ ਸਮੇਂ ਤੇ ਊਰਜਾ ਦੀ ਬਰਬਾਦੀ ਤਾਂ ਨਿਸ਼ਚਿਤ ਹੈ। ਲੱਗਦਾ ਹੈ, ਗੁਰਬਾਣੀ ਦਾ ਸਿੱਖਾਂ ਨਾਲ ਸਰੋਕਾਰ ਹੁਣ ਸਿਰਫ ਸਿਰ ਨਿਵਾਉਣ ਤੱਕ ਹੀ ਰਹਿ ਗਿਆ ਹੈ। ਹਰ ਗੁਰਦੁਆਰਾ ਸਾਹਿਬ ਵਿਚ ਦਰਬਾਰ ਸਾਹਿਬ ਦੇ ਠੀਕ ਬਾਹਰ ਵੱਡੀ ਟੀ. ਵੀ. ਸਕਰੀਨ ਤੇ ਹਰ ਦਿਨ ਹੁਕਮਨਾਮਾ ਅੰਕਿਤ ਹੁੰਦਾ ਹੈ। ਕਰੀਬ 95% ਸੰਗਤ ਟੀ. ਵੀ. ਸਕਰੀਨ ਮੂਹਰੇ ਸਿਰ ਨਿਵਾਉਂਦੀ ਹੈ ਤੇ ਪੜ੍ਹੇ-ਲਿਖੇ ਲੋਕ ਹੱਥ ਜੋੜ ਕੇ ਬੜੀ ਸ਼ਰਧਾ ਨਾਲ ਮੁੱਖ ਵਾਕ ਪੜ੍ਹਦੇ ਹਨ, ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਿੰਨਿਆਂ ਨੇ ਉਸ ਦਿਨ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਅਨੁਸਾਰ ਹੀ ਕਾਰ ਵਿਹਾਰ ਕੀਤੇ ਹਨ?
ਸਿੱਖਾਂ ਵੱਲੋਂ ਗੱਲ-ਗੱਲ ‘ਤੇ ਗੁਰਬਾਣੀ ਦੀਆਂ ਮਿਸਾਲਾਂ ਦੇਣੀਆਂ ਇਕ ਆਮ ਵਿਹਾਰ ਬਣ ਗਿਆ ਹੈ। ਕਿੰਨੇ ਸਿੱਖ ਹਨ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਤਾਂ ਦੂਰ ਦੀ ਗੱਲ ਹੈ, ਜਪੁਜੀ ਸਾਹਿਬ ਦੇ ਮੂਲ ਮੰਤਰ ਦੇ ਸਹੀ ਅਰਥ ਆਉਂਦੇ ਹੋਣ? ਮੇਰੀ ਤਾਂ ਸਿੱਖ ਵਿਦਵਾਨਾਂ ਤੇ ਦਰਦੀਆਂ ਨੂੰ ਅਰਜੋਈ ਹੈ ਕਿ ਸਿੱਖਾਂ ਵਿਚ ਆਪਸੀ ਭਾਈਚਾਰੇ ਦੇ ਗੁਣਾਂ ‘ਤੇ ਵਿਸਤ੍ਰਿਤ ਚਰਚਾ ਕਰੋ। ਸਿੱਖਾਂ ਨੂੰ ਇਸ ਦੇ ਧਾਰਨੀ ਬਣਾਉਣ ਵੱਲ ਨੂੰ ਯਤਨ ਤੇ ਉਪਰਾਲੇ ਕਰੋ। ਸਰਬੱਤ ਦੇ ਭਲੇ ਦੇ ਨਾਲ-ਨਾਲ ਲੋੜਵੰਦ ਸਿੱਖਾਂ ਦਾ ਵੀ ਧਿਆਨ ਕਰੋ। ਸਿੱਖ ਸੰਸਥਾਵਾਂ ਨੂੰ ਕੌਮਾਂਤਰੀ ਪੱਧਰ ‘ਤੇ ਲੈ ਜਾਉ। ਜੇ ਹੋਰ ਕੋਈ ਕੌਮ ਹੁੰਦੀ ਤਾਂ ‘ਭਗਤ ਪੂਰਨ ਸਿੰਘ ਪਿੰਗਲਵਾੜਾ’ ਦਾ ਨਾਮ ਤੇ ‘ਪਿੰਗਲਵਾੜਾ ਸੰਸਥਾ’ ਦੀ ਖਿਆਤੀ ਅੱਜ ਮਦਰ ਟੈਰੇਸਾ ਅਤੇ ਉਸ ਦੀ ਸੰਸਥਾ ‘ਮਿਸ਼ਨਰੀਜ਼ ਆਫ ਚੈਰੀਟਿਜ਼’ ਵਾਂਗ ਕੌਮਾਂਤਰੀ ਪੱਧਰ ‘ਤੇ ਧਰੂ ਤਾਰੇ ਵਾਂਗ ਟਿਮ ਟਿਮਾ ਰਹੀ ਹੁੰਦੀ ਤੇ ‘ਖਾਲਸਾ ਏਡ’ ਸੰਸਥਾ ਅੱਜ ਗੁਰੂ ਨਾਨਕ ਦੇ ਸਰਬੱਤ ਦੇ ਭਲੇ ਦਾ ਕੌਮਾਂਤਰੀ ਦੂਤ ਹੁੰਦੀ। ਪੰਜਾਬੀ/ਸਿੱਖ ਖੁਦਕੁਸ਼ੀਆਂ ਵੱਲ ਨੂੰ ਨਾ ਵਧਦੇ, ਪੰਜਾਬੀ ਨੌਜਵਾਨਾਂ ਤੇ ਮੁਟਿਆਰਾਂ ਨੂੰ ਰੁਜ਼ਗਾਰ ਅਤੇ ਚੰਗੇ ਭਵਿੱਖ ਲਈ ਜਾਨਾਂ ਤੇ ਪੱਤ ਨਾ ਦਾਅ ‘ਤੇ ਲਾਉਣੀ ਪੈਂਦੀ।
ਮੌਜੂਦਾ ਕਰੋਨਾ ਮਹਾਮਾਰੀ ਦੇ ਦੌਰ ਵਿਚ ਇਸਾਈ ਚੈਰਿਟੀ ਸੰਸਥਾਵਾਂ ਦਿਨ ਰਾਤ ਲਾਜਵਾਬ ਮਨੁੱਖਤਾ ਦੀ ਸੇਵਾ ਵਿਚ ਲੀਨ ਹਨ। ਚਰਚਾਂ ਅਤੇ ਚੈਰੀਟਿਜ਼ ਦੇ ਬਾਹਰ ਟਰੱਕਾਂ ਦੇ ਹਿਸਾਬ ਨਾਲ ਸੁੱਕਾ ਰਾਸ਼ਨ ਵੰਡਿਆ ਜਾਂਦਾ ਹੈ, ਪਰ ਕਮਾਲ ਹੈ! ਸਿੱਖ ਦਾਨੀ ਖਾਨਿਆਂ ਦੀ ਗਿਣਤੀ ਅਤੇ ਆਪਣੀ ਸੰਸਥਾ ਦਾ ਨਾਮ ਦੱਸਣਾ ਤੇ ਫੋਟੋ ਖਿਚਵਾਉਣਾ ਨਹੀਂ ਭੁੱਲਦੇ!