ਮੇਰੇ ਨਾਵਲਾਂ ਦਾ ਧਰਾਤਲ ਤੇ ਨਵਾਂ ਨਾਵਲ ‘ਪਰੀ ਸੁਲਤਾਨਾ’

ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਹਾਲ ਹੀ ਵਿਚ ਪ੍ਰਕਾਸ਼ਿਤ ਹੋਏ ਮੇਰੇ ਨਾਵਲ ‘ਪਰੀ ਸੁਲਤਾਨਾ’ (ਲੋਕਗੀਤ ਪ੍ਰਕਾਸ਼ਨ, ਪੰਨੇ 184, ਮੁੱਲ 250 ਰੁਪਏ) ਦੇ ਸਰਵਕ ਉਤੇ ਨੂਰ ਜਹਾਂ, ਅਰੁਣਾ ਆਸਫ ਅਲੀ ਤੇ ਉਸ਼ਿਮਾ ਰੇਖੀ ਦੀ ਤਸਵੀਰ ਵੇਖ ਕੇ ਮੇਰੇ ਪਾਠਕ ਤੇ ਮਿੱਤਰ ਪਿਆਰੇ ਪੁੱਛਦੇ ਹਨ ਕਿ ਕੀ ਮੇਰਾ ਇਹ ਨਾਵਲ ਵੀ ਪੰਜਾਬ ਦੀ ਧਰਾਤਲ ਤੋਂ ਬਾਹਰ ਦਾ ਹੈ? ਮੈਂ ਉਨ੍ਹਾਂ ਦਾ ਧਿਆਨ ਆਪਣੇ ਵੱਲੋਂ ਮੁੱਢ ਵਿਚ ਲਿਖੇ ਸ਼ਬਦਾਂ ਵੱਲ ਦਿਵਾਉਂਦਾ ਹਾਂ। ਇਹ ਸ਼ਬਦ ਦਸਦੇ ਹਨ ਕਿ ਨਾਵਲ ਦੀ ਨਾਇਕਾ ਈਰਾਨੀ ਮੁਸਲਮਾਨਾਂ ਦੇ ਘਰ ਜੰਮੀ, ਪੇਸ਼ਾਵਰ ਦੇ ਬਹਾਈ ਸਿੱਖਾਂ ਨੇ ਗੋਦ ਲਈ ਤੇ ਪਾਣੀਪਤ ਦੇ ਬੇਦੀ ਹਿੰਦੂਆਂ ਦੇ ਘਰ ਵਿਆਹੀ ਗਈ।

ਮੇਰੇ ਪਾਠਕ ਜਾਣਦੇ ਹਨ ਕਿ ਮੇਰੇ ਪਹਿਲੇ ਦੋ ਨਾਵਲਾਂ ‘ਧਰੂ ਤਾਰੇ’ ਅਤੇ ‘ਗੋਰੀ ਹਿਰਨੀ’ ਦਾ ਧਰਾਤਲ ਵੀ ਪੰਜਾਬ ਦਾ ਨਹੀਂ ਹੈ। ‘ਧਰੂ ਤਾਰੇ’ ਗਾਂਧੀ ਗ੍ਰਾਮ (ਦੱਖਣੀ ਭਾਰਤ) ਦੇ ਇੱਕ ਅਨਾਥਾਲਿਆ ਵਿਚ ਪਲੇ ਬੱਚਿਆਂ ਵਲੋਂ ਆਪੋ-ਆਪਣੇ ਜੀਵਨ ਵਿਚ ਮਾਰੀਆਂ ਮੱਲਾਂ ਦੀ ਬਾਤ ਪਾਉਂਦਾ ਹੈ ਅਤੇ ‘ਗੋਰੀ ਹਿਰਨੀ’ ਨਾਜ਼ੀ ਹਿਟਲਰ ਦੀ ਧਾਰਨਾ ਦਾ ਸ਼ਿਕਾਰ ਹੋਈ ਉਸ ਯੁਵਤੀ ਦੀ ਗਾਥਾ ਹੈ, ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਉਦੋਂ ਹੁੰਦਾ ਹੈ, ਜਦ ਉਹ ਮਰਨ ਕਿਨਾਰੇ ਪਹੁੰਚ ਜਾਂਦੀ ਹੈ। ਇਹ ਸਬੱਬ ਦੀ ਗੱਲ ਹੈ ਕਿ ਮੈਨੂੰ ਆਪਣੇ ਨਾਵਲਾਂ ਦੇ ਪਾਤਰਾਂ ਦੀਆਂ ਗਤੀਵਿਧੀਆਂ ਨੂੰ ਬਹੁਤ ਨੇੜਿਓਂ ਜਾਣਨ ਦਾ ਮੌਕਾ ਮਿਲਿਆ ਹੈ, ਜਿਸ ਨੂੰ ਪੰਜਾਬ ਦੇ ਹੋਰ ਕਿਸੇ ਲੇਖਕ ਲਈ ਜਾਣਨਾ ਸੌਖਾ ਨਹੀਂ ਸੀ। ਇਹੋ ਕਾਰਨ ਹੈ ਕਿ ਮੇਰੇ ਪਹਿਲੇ ਦੋ ਨਾਵਲਾਂ ਦਾ ਅੰਗਰੇਜ਼ੀ ਤੇ ਹਿੰਦੀ ਅਨੁਵਾਦ ਵੀ ਪ੍ਰਵਾਨ ਕੀਤਾ ਗਿਆ ਹੈ।
ਜਿੱਥੋਂ ਤੱਕ ‘ਪਰੀ ਸੁਲਤਾਨਾ’ ਦਾ ਸਬੰਧ ਹੈ, ਇਸ ਦੀ ਨਾਇਕਾ ਨਾਲ ਮੇਰੀ ਪਤਨੀ ਸੁਰਜੀਤ ਕੌਰ ਬਹੁਤ ਨੇੜਿਉਂ ਵਿਚਰਦੀ ਰਹੀ ਹੈ ਤੇ ਮੈਨੂੰ ਵੀ ਉਸ ਨੂੰ ਜਾਣਨ ਦੇ ਅਨੇਕ ਮੌਕੇ ਮਿਲੇ ਹਨ। ਉਹ ਇਸੇ ਤਰ੍ਹਾਂ ਦੀ ਸੀ, ਜਿਸ ਤਰ੍ਹਾਂ ਦੀ ਮੈਂ ਚਿਤਰੀ ਹੈ। ਸਮਾਂ ਤੇ ਸਥਾਨ ਅਸਲ ਦੇ ਨੇੜੇ ਹਨ ਤੇ ਨਹੀਂ ਵੀ। ਜੇ ਫਰਕ ਹੈ ਤਾਂ ਸਿਰਫ ਓਨਾ ਹੀ, ਜਿੰਨਾ ਕਿਸੇ ਵੀ ਸੱਚ ਨੂੰ ਨਾਵਲ ਵਿਚ ਢਾਲਦੇ ਸਮੇਂ ਹੋਣਾ ਕੁਦਰਤੀ ਹੈ। ਪਹੁੰਚ ਤੋਲਾ-ਮਾਸਾ ਏਧਰ ਓਧਰ ਹੋ ਗਈ ਹੋਵੇ ਤਾਂ ਕਹਿ ਨਹੀਂ ਸਕਦਾ। ਮੈਂ ਆਪਣੇ ਵਲੋਂ ਨਾਇਕਾ ਦੀ ਰੂਹ ਨੂੰ ਫੜਨ ਦਾ ਸੱਚਾ ਯਤਨ ਕੀਤਾ ਹੈ।
ਏਨਾ ਜ਼ਰੂਰ ਹੈ ਕਿ ਮੈਂ ਉਸ ਦੇ ਸਾਰੇ ਦੇ ਸਾਰੇ ਜੀਵਨ ਨੂੰ ਆਪਣੇ ਨਾਵਲ ਦਾ ਵਿਸ਼ਾ ਨਹੀਂ ਬਣਾਇਆ। ਉਸ ਦੀ ਕਹਾਣੀ ਨੂੰ ਉਸ ਪੜਾਅ ਉਤੇ ਖਤਮ ਕਰ ਦਿੰਦਾ ਹਾਂ, ਜਦੋਂ ਮੈਨੂੰ ਜਾਪਦਾ ਹੈ ਕਿ ਮੈਂ ਉਸ ਨੂੰ ਉਸ ਮਾਰਗ ਉਤੇ ਤੋਰਨ ਵਿਚ ਸਫਲ ਹੋ ਗਿਆ ਹਾਂ, ਜਿਸ ਉਤੇ ਉਹ ਤੁਰਨਾ ਚਾਹੁੰਦੀ ਸੀ ਤੇ ਮਰਦੇ ਦਮ ਤੱਕ ਤੁਰੀ। ਭਾਵਨਾ ਕੀ ਸੀ, ਇਹ ਜਾਣਨ ਲਈ ਪਾਠਕਾਂ ਨੂੰ ਨਾਵਲ ਪੜ੍ਹਨਾ ਪਵੇਗਾ।
ਮੇਰੇ ਨਾਵਲਾਂ ਵਿਚ ਮੇਰਾ ਪੰਜਾਬੀ ਕਿਉਂ ਨਹੀਂ ਬੋਲਦਾ? ਇਸ ਦਾ ਮੂਲ ਕਾਰਨ ਇਹ ਕਿ ਮੈਂ ਆਪਣੇ ਪੰਜਾਬ ਵਿਚ ਆਪਣੀ ਉਮਰ ਦੇ ਸਿਰਫ ਪਹਿਲੇ 18 ਸਾਲ ਰਿਹਾ ਹਾਂ, ਬਾਕੀ ਦੇ ਸੱਤ ਦਹਾਕੇ ਇਸ ਤੋਂ ਬਾਹਰ। ਨਿਸ਼ਚੇ ਹੀ ਮੇਰੀ ਆਪਣੇ ਪੰਜਾਬ ਉਤੇ ਪਕੜ ਉਨੀ ਨਹੀਂ, ਜਿੰਨੀ ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ, ਗੁਰਦਿਆਲ ਸਿੰਘ (ਮੜ੍ਹੀ ਦਾ ਦੀਵਾ) ਅਵਤਾਰ ਸਿੰਘ ਬਿਲਿੰਗ, ਜਤਿੰਦਰ ਹਾਂਸ ਵਰਗਿਆਂ ਦੀ ਸੀ ਤੇ ਹੈ। ਮੈਂ ਉਨ੍ਹਾਂ ਵਾਲਾ ਮਾਰਗ ਅਪਨਾਉਂਦਾ ਤਾਂ ਨਿਸ਼ਚੇ ਹੀ ਸਫਲ ਨਹੀਂ ਸਾਂ ਹੋ ਸਕਦਾ। ਕੁਝ ਇਸੇ ਤਰ੍ਹਾਂ, ਜਿਵੇਂ ਉਹ ਮੇਰੇ ਵਾਲੀ ਧਰਾਤਲ ਪੇਸ਼ ਕਰਨ ਦਾ ਯਤਨ ਕਰਦੇ ਤਾਂ ਉਨ੍ਹਾਂ ਨੇ ਵੀ ਸਫਲ ਨਹੀਂ ਸੀ ਹੋਣਾ।
ਮੈਂ ਆਪਣੇ ਲਿਖਣ ਕਾਲ ਵਿਚ ਆਪਣੇ ਨਾਨਕੇ-ਦਾਦਕੇ ਪਿੰਡ ਦੋ-ਚਾਰ ਦਿਨ ਤੋਂ ਵੱਧ ਕਦੀ ਨਹੀਂ ਗਿਆ। ਇਹ ਵਾਲੀ ਨਿੱਕੀ ਮੇਰੀ ਫੇਰੀ ਮੈਨੂੰ ਕਹਾਣੀਆਂ ਦੇ ਪਲਾਟ ਤਾਂ ਦਿੰਦੀ ਰਹੀ, ਨਾਵਲਾਂ ਦੇ ਨਹੀਂ। ਮੇਰੀਆਂ ਕਹਾਣੀਆਂ ਦਾ ਕਥਾ ਸੰਸਾਰ ਕਿਹੋ ਜਿਹਾ ਹੈ, ਮੈਨੂੰ ਦੱਸਣ ਦੀ ਲੋੜ ਨਹੀਂ। ਵਡੇਰੀ ਕਥਾਕਾਰੀ ਕਿਹੋ ਜਿਹੀ ਹੈ, ਉਹ ਵੀ ਨਹੀਂ। ਆਪਣੇ ਵਲੋਂ ਇਹੀਓਂ ਕਹਾਂਗਾ ਕਿ ਮੈਂ ਹਵਾਈ ਕਿਲੇ ਉਸਾਰਨ ਵਿਚ ਯਕੀਨ ਨਹੀਂ ਰੱਖਦਾ। ਉਹੀਓ ਲਿਖਦਾ ਹਾਂ, ਜਿਸ ਦੀ ਰਗ ਰਗ ਤੋਂ ਜਾਣੂ ਹੋਵਾਂ। ਮੈਂ ਬੜੀ ਦੁਨੀਆਂ ਦੇਖੀ ਹੈ। ਮੇਰੀ ਰਚਨਾਕਾਰੀ, ਮੇਰੀ ਦੁਨੀਆਂ ਦੀ ਦੇਣ ਹੈ।
ਘੜਕਾ ਚੰਬਾ, ਮੈਂ ਤੇ ਮੇਰੇ ਪੁਰਖੇ: ਤਰਨਤਾਰਨ ਤਹਿਸੀਲ ਵਿਚ ਪੈਂਦੇ ਪਿੰਡ ਘੜਕਾ ਦੇ ਨੌਜਵਾਨ ਜੁਗਰਾਜ ਸਿੰਘ ਦੇ ਵਹਿਸ਼ੀ ਲੁਟੇਰਿਆਂ ਵਲੋਂ ਨਿਗੁਣੇ ਮੋਬਾਈਲ ਖੋਹਣ ਲਈ ਕੀਤੇ ਹਿਰਦੇਵੇਧਕ ਕਤਲ ਨੇ ਮੈਨੂੰ ਆਪਣੇ ਬਚਪਨ ਵਿਚ ਮਰਾਸੀਆ ਵਲੋਂ ਕੀਤੀ ਕੁੱਲਿਆਣ ਚੇਤੇ ਕਰਵਾ ਦਿੱਤੀ ਹੈ। ਸਾਡੇ ਪੁਰਖਿਆਂ ਦਾ ਪਿਛੋਕੜ ਦੱਸਦੇ ਸਮੇਂ ਉਹ ਸਾਨੂੰ ਚੇਤੇ ਕਰਾਉਂਦੇ ਸਨ ਕਿ ਸਾਡੇ ਪਿੰਡ (ਸੂਨੀ, ਹੁਸ਼ਿਆਰਪੁਰ) ਦੀ ਮੂਹੜੀ ਗੱਡਣ ਵਾਲਾ ਬਾਬਾ ਕਰੋੜਾ ਸਿੰਘ ਘੜਕਾ ਚੰਬਾ ਖੇਤਰ ਤੋਂ ਆਇਆ ਸੀ। ਕਦੋਂ ਤੇ ਕਿਉਂ ਬਾਰੇ ਵੀ ਦੱਸਦੇ ਸਨ, ਜਿਹੜਾ ਮੈਨੂੰ ਚੇਤੇ ਨਹੀਂ। ਖਾਲਸਾ ਰਾਜ ਦੀ ਸਮਾਪਤੀ ਵੇਲੇ ਦਾ ਸਮਾਂ ਹੋਵੇਗਾ, 18ਵੀਂ ਸਦੀ ਦਾ। ਮੇਰਾ ਜੱਦੀ ਪਿੰਡ ਦੁਆਬੇ ਵਿਚ ਪੈਂਦਾ ਹੈ। ਮੇਰੇ ਵਿਆਹ ਸਮੇਂ ਨੌਸ਼ਹਿਰਾ ਪੰਨੂੰਆਂ (ਤਰਨਤਾਰਨ) ਵਾਲੇ ਮੇਰੇ ਸਹੁਰਾ ਪਰਿਵਾਰ ਨੇ ਮੇਰੇ ਜਾਂਜੀਆਂ ਨੂੰ ਪ੍ਰੀਤੀ ਭੋਜਨ ਵਰਤਾਉਣ ਸਮੇਂ ਦੋ-ਤਿੰਨ ਥਾਲੀਆਂ ਪਿੰਡ ਨੌਸ਼ਹਿਰਾ ਪੰਨੂੰਆਂ ਦੀਆਂ ਉਨ੍ਹਾਂ ਨੂੰਹਾਂ ਲਈ ਕੱਢੀਆਂ ਸਨ, ਜਿਨ੍ਹਾਂ ਦਾ ਪੇਕਾ ਘਰ ਘੜਕਾ ਦਾ ਚੰਬਾ ਪਿੰਡ ਸੀ। ਕਿਹੜਾ ਪਿੰਡ ਸੀ, ਮੈਨੂੰ ਨਹੀਂ ਪਤਾ। ਨਿਸ਼ਚੇ ਹੀ ਉਹ ਪਿੰਡ ਹੋਵੇਗਾ, ਜਿਸ ਵਿਚ ਸੰਧੂ ਗੋਤ ਵਾਲੇ ਸਿੱਖ ਵਸਦੇ ਹਨ। ਜੇ ਉਸ ਪਿੰਡ ਦਾ ਕੋਈ ਵਸਨੀਕ ਇਹ ਸਤਰਾਂ ਪੜ੍ਹ ਕੇ ਮੈਨੂੰ ਆਪਣੇ ਬਾਰੇ ਦੱਸ ਸਕੇ ਤਾਂ ਮੈਂ ਉਹਦੇ ਨਾਲ ਗੱਲਾਂ ਕਰਨ ਦੀ ਖੁਸ਼ੀ ਲੈਣਾ ਚਾਹਾਂਗਾ। ਮੈਂ ਕੌਣ ਹਾਂ, ਪਾਠਕ ਜਾਣਦੇ ਹਨ ਤੇ ਰਹਿੰਦਾ ਚੰਡੀਗੜ੍ਹ ਹਾਂ।
ਜਿੱਥੋਂ ਤੱਕ ਜੁਗਰਾਜ ਸਿੰਘ ਦੇ ਵਹਿਸ਼ੀ ਕਤਲ ਦਾ ਸਬੰਧ ਹੈ, ਮੈਨੂੰ ਉਸ ਦੇ ਮਾਪਿਆਂ ਨਾਲ ਹਮਦਰਦੀ ਹੈ। ਉਨ੍ਹਾਂ ਦਾ ਦੁੱਖ ਵੰਡਾਉਣ ਲਈ ਸ਼ਬਦ ਮੇਰਾ ਸਾਥ ਨਹੀਂ ਦੇ ਰਹੇ। ਭਾਣਾ ਮੰਨਣ ਵਾਲੇ ਸ਼ਬਦ ਸਿਰਫ ਰਸਮੀ ਹਨ। ਮੈਂ ਚਾਹਾਂਗਾ ਕਿ ਪੰਜਾਬ ਪੁਲਿਸ ਉਨ੍ਹਾਂ ਕਾਤਲਾਂ ਨੂੰ ਫੜੇ ਤੇ ਸਜ਼ਾ ਦੇਵੇ। ਮੇਰੀ ਜਾਚੇ ਉਹ ਨਸ਼ੇੜੀ ਹੋਣਗੇ, ਜਿਨ੍ਹਾਂ ਨੇ ਮੋਬਾਈਲ ਦੇ ਪੈਸਿਆਂ ਨਾਲ ਉਹ ਲਾਹਣ ਪੀਣੀ ਸੀ, ਜੋ ਅੱਜ ਕੱਲ ਅਖਬਾਰਾਂ ਦੀ ਸੁਰਖੀ ਬਣੀ ਹੋਈ ਹੈ। ਮੈਂ ਉਨ੍ਹਾਂ ਨੂੰ ਲਾਹਣ ਦੀ ਥਾਂ ਪੁਲਿਸ ਦਾ ਸ਼ਿਕਾਰ ਹੋਇਆ ਦੇਖਣ ਦਾ ਚਾਹਵਾਨ ਹਾਂ, ਪੁਲਿਸ ਵਲੋਂ ਦਿੱਤੇ ਜਾਣ ਵਾਲੇ ਤਸੀਹੇ ਦੇਖਣ ਦਾ!
ਅੰਤਿਕਾ: ਸ਼ਫਦਰ ਮਿਰਜ਼ਾਪੁਰੀ
ਘਰ ਤੋਂ ਘਰ, ਘਰ ਕਾ ਨਿਸ਼ਾਂ ਭੀ ਨਹੀਂ ਬਾਕੀ ਸਫਦਰ,
ਅਬ ਵਤਨ ਮੇਂ ਕਭੀ ਜਾਏਂ ਭੀ ਤੋ ਮਹਿਮਾਨ ਹੋਂਗੇ।