ਬਾਦਲਾਂ ਦੇ ਹਵਾਈ ਝੂਟਿਆਂ ਨੇ ਖ਼ਜ਼ਾਨਾ ਖਾਲੀ ਕੀਤਾ

ਚੰਡੀਗੜ੍ਹ: ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੋਂ ਲਾਚਾਰ ਹੋਈ ਪੰਜਾਬ ਸਰਕਾਰ ਮੰਤਰੀਆਂ ਦੇ ਸੁੱਖ ਆਰਾਮ ‘ਤੇ ਖ਼ਜਾਨਾ ਲੁਟਾ ਰਹੀ ਹੈ। ਪੰਜਾਬ ਸਰਕਾਰ ਦੇ ਖ਼ਜ਼ਾਨੇ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਵਾਈ ਸਫ਼ਰ ਦਾ ਖਰਚ ਪਹਿਲਾਂ ਨਾਲੋਂ ਕਈ ਗੁਣਾ ਵਧ ਗਿਆ ਹੈ। ਸਰਕਾਰ ਵੱਲੋਂ ਆਪਣਾ ਹੈਲੀਕਾਪਟਰ ਖਰੀਦਣ ਦੇ ਬਾਵਜੂਦ ਕਿਰਾਏ ‘ਤੇ ਲਿਆ ਗਲੋਬਲ ਵੈਕਟਰਾ ਦਾ ਹੈਲੀਕਾਪਟਰ ਵੀ ਵਰਤਿਆ ਜਾ ਰਿਹਾ ਹੈ।
ਇਸ ਨਾਲ ਸਰਕਾਰ ਦੇ ਹਵਾਈ ਸਫ਼ਰ ਦਾ ਖਰਚ ਪਹਿਲਾਂ ਨਾਲੋਂ ਦੁਗਣਾ ਹੋ ਗਿਆ ਹੈ। ਸੂਤਰਾਂ ਮੁਤਾਬਕ ਮਈ ਮਹੀਨੇ ਦੌਰਾਨ ਦੋਵਾਂ ਹੈਲੀਕਾਪਟਰਾਂ ਦੀਆਂ ਉਡਾਣਾਂ 70 ਘੰਟਿਆਂ ਦੇ ਕਰੀਬ ਰਹੀਆਂ ਜੋ ਆਪਣੇ-ਆਪ ਵਿਚ ਰਿਕਾਰਡ ਹੈ। ਹੈਲੀਕਾਪਟਰ ਦੀ ਵਰਤੋਂ ਕਰਨ ਵਾਲਿਆਂ ਵਿਚ ਮੁੱਖ ਮੰਤਰੀ ਦੇ ਜਵਾਈ ਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਉਪ ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਸ਼ਾਮਲ ਹਨ।
ਸਰਕਾਰ ਕੋਲ ਜਦੋਂ ਸਿਰਫ਼ ਕਿਰਾਏ ਵਾਲਾ ਹੈਲੀਕਾਪਟਰ ਸੀ ਤਾਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਉਸ ਵਿਚ ਉਡਾਣ ਭਰਦੇ ਸਨ ਪਰ ਜਦੋਂ ਤੋਂ ਦੋ ਹੈਲੀਕਾਪਟਰਾਂ ਦੀ ਸਹੂਲਤ ਮਿਲੀ ਹੈ, ਉਦੋਂ ਤੋਂ ਬਾਦਲ ਪਰਿਵਾਰ ਦੇ ਕਰੀਬੀ ਰਿਸ਼ਤੇਦਾਰਾਂ ਨੂੰ ਵੀ ਹੈਲੀਕਾਪਟਰ ਦੇ ਝੂਟੇ ਮਿਲਣ ਲੱਗੇ ਹਨ। ਪੰਜਾਬ ਦੇ ਕਿਸੇ ਵੀ ਹੋਰ ਮੰਤਰੀ ਨੂੰ ਹੈਲੀਕਾਪਟਰ ਦਾ ਸਫ਼ਰ ਘੱਟ ਹੀ ਨਸੀਬ ਹੋਇਆ ਹੈ।
ਪੰਜਾਬ ਸਰਕਾਰ ਵੱਲੋਂ ਅਮਰੀਕਨ ਕੰਪਨੀ ਬੈੱਲ ਦਾ ਜਿਹੜਾ ਹੈਲੀਕਾਪਟਰ ਖਰੀਦਿਆ ਗਿਆ ਹੈ, ਉਸ ਦੀ ਵਰਤੋਂ ਸਰਕਾਰ ਨੇ ਤਿੰਨ ਮਈ ਨੂੰ ਸ਼ੁਰੂ ਕਰ ਦਿੱਤੀ ਸੀ। ਲਗਦਾ ਸੀ ਕਿ ਸਰਕਾਰ ਵੱਲੋਂ ਆਪਣਾ ਹੈਲੀਕਾਪਟਰ ਖਰੀਦਣ ਤੋਂ ਬਾਅਦ ਕਿਰਾਏ ਵਾਲਾ ਹੈਲੀਕਾਪਟਰ ਵਾਪਸ ਭੇਜ ਦਿੱਤਾ ਜਾਵੇਗਾ। ਮਹੀਨਾ ਲੰਘਣ ਤੋਂ ਬਾਅਦ ਵੀ ਕਿਰਾਏ ਵਾਲਾ ਹੈਲੀਕਾਪਟਰ ਵਾਪਸ ਨਹੀਂ ਭੇਜਿਆ ਗਿਆ। ਕਿਰਾਏ ਵਾਲੇ ਹੈਲੀਕਾਪਟਰ ਦਾ ਕਿਰਾਇਆ ਪ੍ਰਤੀ ਘੰਟਾ ਇਕ ਲੱਖ 40 ਹਜ਼ਾਰ ਰੁਪਏ ਦੇ ਕਰੀਬ ਹੈ।
ਇਹ ਹੈਲੀਕਾਪਟਰ ਇਕ ਮਹੀਨੇ ਦੌਰਾਨ ਤਕਰੀਬਨ 35 ਘੰਟੇ ਚੱਲਦਾ ਹੈ। ਇਸੇ ਤਰ੍ਹਾਂ ਸਰਕਾਰ ਵੱਲੋਂ ਨਵਾਂ ਖਰੀਦਿਆ ਹੈਲੀਕਾਪਟਰ ਵੀ 35 ਘੰਟੇ ਚੱਲਿਆ ਹੈ। ਸਰਕਾਰ ਦੇ ਆਪਣੇ ਹੈਲੀਕਾਪਟਰ ਦਾ ਖਰਚ ਪ੍ਰਤੀ ਘੰਟਾ ਇਕ ਲੱਖ ਰੁਪਏ ਹੈ। ਇਸ ਤਰ੍ਹਾਂ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਹੋਰਾਂ ਮੰਤਰੀਆਂ ਵੱਲੋਂ ਲਏ ਹੈਲੀਕਾਪਟਰ ਦੇ ਝੂਟੇ ਸਰਕਾਰੀ ਖਜ਼ਾਨੇ ਨੂੰ ਇਕ ਕਰੋੜ ਰੁਪਏ ਦੇ ਕਰੀਬ ਪਏ ਹਨ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਇਕ ਮਹੀਨੇ ਦੌਰਾਨ 10 ਵਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ ਜਦੋਂਕਿ ਬਿਕਰਮ ਮਜੀਠੀਆ ਨੇ ਦੋ ਵਾਰੀ ਹੈਲੀਕਾਪਟਰ ਵਰਤਿਆ।
ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਹੈਲੀਕਾਪਟਰ ਦੀ ਜ਼ਿਆਦਾ ਵਰਤੋਂ ਕੀਤੀ ਹੈ। ਉਪ ਮੁੱਖ ਮੰਤਰੀ ਤਾਂ ਅਕਸਰ ਨਵੀਂ ਦਿੱਲੀ ਤੋਂ ਚੰਡੀਗੜ੍ਹ ਮੀਟਿੰਗਾਂ ਦੀ ਪ੍ਰਧਾਨਗੀ ਕਰਨ ਆਉਂਦੇ ਹਨ ਤੇ ਵਾਪਸ ਦਿੱਲੀ ਹੀ ਚਲੇ ਜਾਂਦੇ ਹਨ। ਪਿਛਲੇ ਮਹੀਨਿਆਂ ਦੌਰਾਨ ਵਿਭਾਗ ਨੂੰ ਦਿੱਲੀ ਤੋਂ ਕਈ ਵਾਰੀ ਹੰਗਾਮੀ ਹਾਲਤ ਵਿਚ ਵੀ ਹੈਲੀਕਾਪਟਰ ਮੰਗਵਾਉਣਾ ਪਿਆ। ਇਸ ਹਾਲਤ ਵਿਚ ਹੈਲੀਕਾਪਟਰ ਮੰਗਵਾਉਣਾ ਹੋਰ ਵੀ ਜ਼ਿਆਦਾ ਮਹਿੰਗਾ ਪੈਂਦਾ ਕਿਉਂਕਿ ਦਿੱਲੀ ਤੋਂ ਆਉਣ-ਜਾਣ ਦੇ ਤਿੰਨ ਘੰਟੇ ਲੱਗਦੇ ਹਨ ਤੇ ਤਿੰਨ ਘੰਟਿਆਂ ਦੇ ਪੰਜ ਲੱਖ ਰੁਪਏ ਪੈਂਦੇ ਹਨ।
ਸਰਕਾਰ ਵੱਲੋਂ ਮਈ ਮਹੀਨੇ ਦੌਰਾਨ ਜਿਸ ਤਰ੍ਹਾਂ ਦੋ ਹੈਲੀਕਾਪਟਰਾਂ ਦੀ ਵਰਤੋਂ 70 ਘੰਟੇ ਦੇ ਕਰੀਬ ਕੀਤੀ ਗਈ, ਉਸ  ਬਾਰੇ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਰਾਜ ਸਰਕਾਰ ਵਿਚ ਇਹ ਵਰਤੋਂ ਬਹੁਤ ਜ਼ਿਆਦਾ ਹੈ। ਸ਼ਹਿਰੀ ਹਵਾਬਾਜੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਰਾਜ ਸਰਕਾਰ ਦੇ ਇਸ ਸ਼ਾਹੀ ਖਰਚ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਰਾਜ ਸਰਕਾਰ ਨੂੰ ਗੰਭੀਰ ਮਾਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿੱਤ ਵਿਭਾਗ ਨੇ ਮੁਲਾਜ਼ਮਾਂ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ ਜਦੋਂਕਿ ਮੁੱਖ ਮੰਤਰੀ ਤੇ ਮੰਤਰੀਆਂ ਨੇ ਖਰਚਿਆਂ ਵਿਚ ਕੋਈ ਕਟੌਤੀ ਨਹੀਂ ਕੀਤੀ।

Be the first to comment

Leave a Reply

Your email address will not be published.