ਸ਼ਹੀਦ ਗੰਜ ਭਾਈ ਤਾਰੂ ਸਿੰਘ

ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦੇ ਲਾਹੌਰ ਵਿਚਲੇ ਇਤਿਹਾਸਕ ਸਥਾਨ ‘ਤੇ ਗਵਾਂਢੀ ਲੋਕਾਂ ਦੀ ਕੈਰੀ ਅੱਖ ਬਾਰੇ ਲੇਖਕ ਨੇ ਆਪਣੇ ਪਾਕਿਸਤਾਨੀ ਸਫਰਨਾਮਾ ‘ਮਿੱਟੀ ਦੀ ਮਹਿਕ’ (2017) ਵਿਚ ਜ਼ਿਕਰ ਕੀਤਾ ਸੀ ਕਿ ਇਹ ਕਦੇ ਵੀ ਨੇੜਲੀ ਮਸੀਤ ਵਿਚ ਸ਼ਾਮਲ ਕਰ ਲਿਆ ਜਾਵੇਗਾ। ਉਨ੍ਹਾਂ ਦਾ ਇਹ ਖਦਸ਼ਾ ਸਾਬਤ ਹੁੰਦਾ ਨਜ਼ਰ ਆਉਂਦਾ ਹੈ, ਜਦ ਹੁਣੇ ਹੁਣੇ ਗਵਾਂਢੀਆਂ ਨੇ ਇਸ ਨੂੰ ਆਪਣੀ ਮਲਕੀਅਤ ਗਰਦਾਨ ਕੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ।

ਕੌਮਾਂਤਰੀ ਦਬਾਓ ਕਾਰਨ ਭਾਵੇਂ ਅਜੇ ਇਹ ਹੋਣੀ ਟਲ ਗਈ ਜਾਪਦੀ ਹੈ, ਪਰ ਅਲਪ ਸੰਖਿਅਕ ਸਿੱਖਾਂ ਦੀ ਇਹ ਪਵਿੱਤਰ ਜਗ੍ਹਾ ਨੇੜਲੇ ਭਵਿੱਖ ਵਿਚ ਵੀ ਖਤਰੇ ਤੋਂ ਖਾਲੀ ਨਹੀਂ। ਪਾਠਕਾਂ ਲਈ ਹਾਜ਼ਰ ਹੈ, ਚਰਨਜੀਤ ਸਿੰਘ ਪੰਨੂ ਦਾ ਇਹ ਜਾਣਕਾਰੀ ਭਰਪੂਰ ਲੇਖ। -ਸੰਪਾਦਕ

ਚਰਨਜੀਤ ਸਿੰਘ ਪੰਨੂ

ਲਾਹੌਰ ਰੇਲਵੇ ਸਟੇਸ਼ਨ ਦੇ ਸਾਹਮਣੇ ਨਖਾਸ ਚੌਂਕ, ਨੌਂ ਲੱਖਾ ਬਾਜ਼ਾਰ ਵਿਚ ਸਿੱਖ ਪੰਥ ਦੇ ਸਿਰਮੌਰ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ ਹੈ। ਲੰਡਾ ਬਾਜ਼ਾਰ ਵੱਲੋਂ ਨੌਂ ਲੱਖਾ ਬਾਜ਼ਾਰ ਵਿਚ ਵੜਦਿਆਂ ਹੀ ਖੱਬੇ ਹੱਥ ਦੁਕਾਨਾਂ ਵਿਚ ਇਕ ਨਿੱਕਾ ਜਿਹਾ ਦਰਵਾਜਾ ਹੈ। ਇਸ ਦੇ ਅੰਦਰ ਮਹਾਨ ਸ਼ਹੀਦ ਦੀ ਯਾਦਗਾਰ ਹੈ। ਮੱਥੇ ‘ਤੇ ਉਰਦੂ ਵਿਚ ਲਿਖਿਆ ਹੈ ‘ਹਜ਼ਰਤ ਸ਼ਾਹ ਕਾਕੂ ਚਿਸ਼ਤੀ…।’ ਸਾਨੂੰ ਪਹਿਲਾਂ ਹੀ ਵੇਖ ਕੇ ਧੱਕਾ ਜਿਹਾ ਲੱਗਾ ਕਿ ਇੱਥੇ ਦਰਵਾਜੇ ‘ਤੇ ਸਾਡੇ ਸ਼ਾਹ ਦਾ ਕੋਈ ਨਾਂ ਨਿਸ਼ਾਨ ਨਹੀਂ। ਨਾਲ ਦੀ ਦੰਦਾਂ ਦੀ ਦੁਕਾਨ ਦਾ ਬੋਰਡ ਵੇਖ ਕੇ ਡਾ. ਦਲਵੀਰ ਪੰਨੂ ਦੇ ਕਦਮ ਰੁਕ ਗਏ। ਬਾਹਰ ਲੱਗੇ ਦੰਦਾਂ ਦੇ ਪੀੜ ਵਾਲੇ ਸਾਈਨ ਬੋਰਡ ਨੂੰ ਉਸ ਨੇ ਚੰਗੀ ਤਰ੍ਹਾਂ ਨਿਹਾਰਿਆ, ਜਿਵੇਂ ਉਸ ਨੂੰ ਆਪਣੇ ਦਫਤਰ ਯਾਦ ਆ ਗਏ। ਉਸ ਦਾ ਚਿਹਰਾ ਖਿੜ ਗਿਆ ਕਿ ਉਹ ਉਸ ਕੋਲੋਂ ਆਪਣੇ ਸ਼ਹੀਦ ਬਾਰੇ ਵਿਆਪਕ ਜਾਣਕਾਰੀ ਲੈ ਸਕੇਗਾ। ਨੇੜੇ ਇਕ ਮੋਟਰ ਸਾਈਕਲ ਖੜਾ ਵੇਖ ਕੇ ਇਸ ਦਾ ਹਾਰਨ ਨੱਪਿਆ ਕਿ ਸ਼ਾਇਦ ਇਹ ਉਸ ਡਾਕਟਰ ਦਾ ਹੋਵੇਗਾ, ਜੋ ਸੁਣ ਕੇ ਆ ਜਾਏਗਾ; ਪਰ ਕੋਈ ਨਾ ਆਇਆ। ਦੁਕਾਨ ਬੰਦ ਹੋਣ ਕਾਰਨ ਸਾਡਾ ਜਲਦੀ ਛੁਟਕਾਰਾ ਹੋ ਗਿਆ, ਨਹੀਂ ਤੇ ਮੈਨੂੰ ਪਤਾ ਹੈ ਉਸ ਨੇ ਇੱਥੇ ਬੈਠ ਕੇ ਮਰੀਜ਼ਾਂ ਦੇ ਦੰਦ ਨਿਰੀਖਣ ਕਰਨ ਲੱਗ ਜਾਣਾ ਸੀ।
ਮੇਨ ਬਾਜ਼ਾਰ ਵਿਚੋਂ ਅੰਦਰ ਵੜਨ ਵਾਲਾ ਬਹੁਤ ਪੁਰਾਣਾ ਟੁੱਟਾ-ਭੱਜਾ ਜਿਹਾ ਖਸਤਾ ਹਾਲਤ ਵਾਲਾ ਇਕ ਲੱਕੜ ਦਾ ਦਰਵਾਜਾ ਹੈ। ਇਸ ਛੋਟੇ ਜਿਹੇ ਬਾਜਾਰ ਵਿਚ ਖੱਬੇ ਸੱਜੇ ਭੀੜੀਆਂ ਦੁਕਾਨਾਂ ਸਜੀਆਂ ਪਈਆਂ ਹਨ। ਇਹ ਦੁਕਾਨਾਂ ਭਾਈ ਤਾਰੂ ਸਿੰਘ ਗੁਰਦੁਆਰੇ ਦੀ ਮਲਕੀਅਤ ਹੋਣ ਕਾਰਨ ਕਿਰਾਏ ‘ਤੇ ਦਿੱਤੀਆਂ ਗਈਆਂ ਹਨ। ਅੰਦਰ ਲੰਘਣ ਵਾਸਤੇ ਭੀੜੀ ਜਿਹੀ ਛੋਟੀ ਗਲੀ ਹੈ। ਕੋਈ ਦਸ ਫੁੱਟ ਤੋਂ ਬਾਅਦ ਇਹ ਵਿਹੜਾ ਸ਼ੁਰੂ ਹੁੰਦਾ ਹੈ। ਖੱਬੇ ਹੱਥ ਭਾਈ ਸਾਹਿਬ ਦੀ ਸਮਾਧ ਹੈ। ਸੱਜੇ ਹੱਥ ਇਕ ਚੌਥਾਈ ਭਾਗ ਵਿਚ ਇਕ ਕਾਕੂ ਸ਼ਾਹ ਦੀ ਮਸਜਿਦ ਹੈ। ਉਸ ਦੇ ਬਾਹਰ ਉਰਦੂ ਵਿਚ ਲਿਖਿਆ ਹੋਇਆ ਹੈ, ‘ਸਿਗਰਟ ਬੀੜੀ ਤੰਬਾਕੂ ਪੀਣਾ ਮਨ੍ਹਾਂ ਹੈ।’ ਅਸੀਂ ਉਸ ਦੇ ਅੰਦਰ ਵੀ ਗਏ ਤੇ ਪਰਿਕਰਮਾ ਕੀਤੀ। ਅਸੀਂ ਕੁਝ ਵਿਚਾਰ ਵਟਾਂਦਰਾ ਕਰ ਕੇ ਉਨ੍ਹਾਂ ਕੋਲੋਂ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸਾ, ਪਰ ਉਨ੍ਹਾਂ ਦਾ ਕੋਈ ਸੇਵਾਦਾਰ ਮੌਜੂਦ ਨਹੀਂ ਮਿਲਿਆ।
ਅੰਦਰ ਛੇ ਕਨਾਲ ਵਾਲੀ ਇਹ ਥਾਂ ਹੁਣ ਸਿਮਟ ਕੇ ਦੋ ਕੁ ਕਨਾਲਾਂ ਵਿਚ ਸੀਮਤ ਹੋ ਗਈ ਦਿਸਦੀ ਹੈ। ਇਸ ਥਾਂ ਬਹੁਤ ਸੁੰਦਰ ਗੁਰਦੁਆਰਾ ਬਣਨਾ ਚਾਹੀਦਾ ਸੀ, ਪਰ ਨਹੀਂ ਬਣਿਆ। ਇਹ ਇਕ ਆਮ ਸਮਾਧ ਜਿਹੀ ਬਣ ਕੇ ਰਹਿ ਗਿਆ ਹੈ। ਉਸ ਅਹਾਤੇ ਦੇ ਅੰਦਰ ਨਾਲ ਕਾਕੂ ਸ਼ਾਹ ਪੀਰ ਦੀ ਜਗ੍ਹਾ (ਕਬਰ) ਹੋਣ ਕਰ ਕੇ ਇਹ ਵੀ ਵਿਵਾਦ ਦਾ ਮੁੱਦਾ ਬਣਿਆ ਰਹਿੰਦਾ ਹੈ। ਮੁਸਲਮਾਨ ਇੱਥੇ ‘ਉਰਸ’ ਮਨਾਉਂਦੇ ਕਬਰਾਂ ਨੂੰ ਪੂਜਦੇ ਹਨ, ਜਦੋਂ ਕਿ ਸਿੱਖ ਮੜ੍ਹੀ ਮਸਾਣ ਨੂੰ ਮੱਥਾ ਟੇਕਣਾ ਮਨਮਤ ਸਮਝਦੇ ਹਨ। ਕਾਕੂ ਸ਼ਾਹ ਬਾਬਾ ਫਰੀਦ ਸ਼ਕਰ ਗੰਜ ਦਾ ਪੋਤਰਾ ਸੀ।
ਕੋਰਟ ਦੇ ਸਿੱਖ ਗੁਰਦੁਆਰੇ ਦੇ ਹੱਕ ਵਿਚ ਫੈਸਲਾ ਦੇਣ ਦੇ ਬਾਵਜੂਦ ਕੁਝ ਲੋਕ ਇਸ ਜਗ੍ਹਾ ਨੂੰ ਆਪਣੇ ਧਰਮ ਕਾਰਜਾਂ ਦੇ ਬਹਾਨੇ ਹੜੱਪਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਅਸਲ ਵਿਚ ਜ਼ਮੀਨਾਂ ਦੀਆਂ ਕੀਮਤਾਂ ਦੇ ਵਧਣ ਕਰ ਕੇ ਇਕ ਇਕ ਫੁੱਟ ਦੀ ਕੀਮਤ ਹਜ਼ਾਰਾਂ ਤੋਂ ਲੱਖਾਂ ਤੱਕ ਪਹੁੰਚ ਗਈ ਹੈ। ਧਿੰਗੋਜ਼ੋਰੀ ਕਬਜ਼ੇ ਦੇ ਇਹ ਹੀ ਕਾਰਨ ਹਨ। ਸਿੱਖ ਵਿਰਸੇ ਦੀਆਂ ਹਜ਼ਾਰਾਂ ਏਕੜ ਵਡਮੁੱਲੀਆਂ ਵਿਰਾਸਤਾਂ ਪਾਕਿਸਤਾਨੀ ਹਾਕਮਾਂ ਦੀ ਲਟਕਦੀ ਤਲਵਾਰ ਦੇ ਰਹਿਮੋ-ਕਰਮ ‘ਤੇ ਹਨ। ਇਹ ਕਿਸੇ ਵੇਲੇ ਵੀ ਬੁਰੀ ਨਜ਼ਰਾਂ ਵਾਲੇ ਸਮੇਂ ਦੇ ਹਾਕਮਾਂ ਦੇ ਹੁਕਮ ‘ਤੇ ਸਰਕਾਰੀ ਕੰਟਰੋਲ ਥੱਲੇ ਆ ਜਾਣੇ ਹਨ।
ਭਾਈ ਤਾਰੂ ਸਿੰਘ ਸ਼ਹੀਦਗੰਜ ਗੁਰਦੁਆਰੇ ਬਾਰੇ ਕਈ ਤਰ੍ਹਾਂ ਦਾ ਵਾਦ-ਵਿਵਾਦ ਖੜਾ ਕੀਤਾ ਜਾਂਦਾ ਰਿਹਾ ਹੈ। ਇੱਥੇ ਮੌਲਵੀ ਕਾਕੂ ਸ਼ਾਹ ਵਾਲੀ ਮਸਜਿਦ ਦੇ ਪੈਰੋਕਾਰਾਂ ਦੀ ਮਿਲੀਭੁਗਤ ਹੈ ਕਿ ਉਹ ਇਸ ਜਗ੍ਹਾ ‘ਤੇ ਆਪਣਾ ਹੱਕ ਜਤਾਉਂਦੇ ਇਸ ਨੂੰ ਡੇਗਣ-ਢਾਹੁਣ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ। ਡਰ ਹੈ ਕਿ ਅਯੁੱਧਿਆ ਤੇ ਚੰਬਲ ਵਾਲੇ ਹਥੌੜੇ ਕਿਸੇ ਵੇਲੇ ਇੱਥੇ ਵੀ ਚੱਲ ਪੈਣਗੇ। ਮਾਮਲਾ ਅਦਾਲਤ ਵਿਚ ਪਹੁੰਚ ਚੁਕਾ ਹੈ। ਅਜਿਹੇ ਗੁਰਦੁਆਰੇ ਦੀ ਮੰਦਹਾਲੀ ਹਾਲਤ ਜਿਉਂ ਦੀ ਤਿਉਂ ਕਾਇਮ ਹੈ। ਗੁੰਬਦ ਵਾਲੀ ਇਸ ਛੋਟੀ ਜਿਹੀ ਕੋਠੜੀ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈ। ਉਪਰ ਇਕ ਛੋਟਾ ਜਿਹਾ ਕੇਸਰੀ ਨਿਸ਼ਾਨ ਸਾਹਿਬ ਝੁਲ ਰਿਹਾ ਹੈ। ਪਿਛਲੀਆਂ ਕੋਠੜੀਆਂ ਦਾ ਢਾਹੋ-ਵਾੜਾ ਦੱਸਦਾ ਹੈ ਕਿ ਇੱਥੇ ਕਿਸੇ ਵੇਲੇ ਬਹੁਤ ਸਾਰੇ ਸੁੰਦਰ ਮਕਾਨ, ਹਾਲ, ਕਮਰੇ ਪਏ ਹੋਏ ਸਨ, ਜੋ ਸਮੇਂ ਦੇ ਕਰੂਰ ਪੰਜਿਆਂ ਹੇਠ ਇਹ ਅਣਗੌਲੇ ਹੋ ਕੇ ਇਸ ਹਾਲਤ ਵਿਚ ਪਹੁੰਚ ਗਏ। ਇਸ ਦੇ ਨਾਮ ਲੱਗੀ ਜ਼ਮੀਨ ਵਿਚੋਂ ਪਿਛਲੇ ਪਾਸੇ ਦੋ ਕਨਾਲਾਂ ਜ਼ਮੀਨ ਹੁਣ ਜਗ੍ਹਾ ਖਾਲੀ ਪਈ ਹੋਈ ਹੈ। ਉਸ ਵਿਚ ਬਹੁਤ ਸਾਰਾ ਕੂੜਾ ਕਰਕਟ ਸੁੱਟਿਆ ਪਿਆ ਹੈ।
ਭਾਈ ਤਾਰੂ ਸਿੰਘ ਦੀ ਸਮਾਧ ਦੇ ਸਨਮੁੱਖ ਹੁਣ ਸੇਵਾ ਕਰਨ ਵਾਲਾ ਇਕ ਸੇਵਾਦਾਰ ਬੈਠਦਾ ਹੈ। ਬਾਹਰ ਉਸ ਦੀ ਇਕ ਟੁੱਟੀ ਜਿਹੀ ਕੁਰਸੀ ਪਈ ਹੈ। ਉਸ ਉਪਰ ਇਕ ਫੱਟੀ ਤੇ ਬੋਰੀ ਰੱਖੀ ਹੋਈ ਹੈ। ਬੈਠਣ ਵਾਲੀ ਸੀਟ ਟੁੱਟ ਚੁਕੀ ਹੈ। ਉਸ ਦੇ ਲਾਗੇ ਚਾਰ ਇੱਟਾਂ ਰੱਖ ਕੇ ਉਸ ਦੇ ਉਪਰ ਤਾਂਬੀਆ ਰੱਖਿਆ ਹੋਇਆ ਹੈ। ਉਹ ਆਉਂਦੇ-ਜਾਂਦੇ ਦਰਸ਼ਨ ਅਭਿਲਾਸ਼ੀ ਨੂੰ ਚਾਹ ਦੀ ਸੁਲ੍ਹਾ ਮਾਰ ਲੈਂਦਾ ਹੈ। ਇੱਥੇ ਇਹ ਕਹਾਵਤ ਬਿਲਕੁਲ ਠੀਕ ਢੁਕਦੀ ਨਜ਼ਰ ਆਉਂਦੀ ਹੈ ਕਿ ਉਹ ਗੁਰਦੁਆਰੇ ਵਿਚ ਬੈਠ ਕੇ ਮਸਜਿਦ ਦੀ ਪੂਜਾ ਕਰਦਾ ਹੈ। ਨਮਾਜ਼ ਵੇਲੇ ਇੱਥੋਂ ਆਪਣੀ ਕੁਰਸੀ ਛੱਡ ਕੇ ਉਸ ਨੇੜਲੀ ਮਸਜਿਦ ਵਿਚ ਜਾ ਵੜਦਾ ਆਪਣਾ ਅਕੀਦਾ ਉਥੇ ਹੀ ਭੁਗਤਾਉਂਦਾ ਹੈ। ਇੱਥੇ ਪੈਸਿਆਂ ਖਾਤਰ ਹੀ ਡਿਊਟੀ ‘ਤੇ ਆ ਬੈਠਦਾ ਹੈ। ਇਕ ਮੁਲਾਜ਼ਮ ਇਸ ਦੀ ਸੇਵਾ ਲਈ ਹਾਜ਼ਰ ਰਹਿੰਦਾ ਹੈ, ਜੋ ਆਉਂਦੇ-ਜਾਂਦੇ ਸ਼ਰਧਾਲੂਆਂ ਕੋਲੋਂ ਟਿੱਪ ਦੀ ਉਮੀਦ ਰੱਖਦਾ ਹੈ। ਉਸ ਦਾ ਦੁਨਿਆਵੀ ਮਕਸਦ ਇਸ ਦੀ ਸੇਵਾ ਤੋਂ ਇਲਾਵਾ ਆਪਣੀ ਰੋਜ਼ੀ ਰੋਟੀ ਵੀ ਜ਼ਿਆਦਾ ਹੈ। ਮੈਂ ਹੋਰ ਵੀ ਗੁਰਦੁਆਰੇ ਦੇਖੇ ਹਨ, ਪਰ ਉਥੇ ਅਜਿਹਾ ਵੇਖਣ ਨੂੰ ਨਹੀਂ ਮਿਲਿਆ। ਇਹ ਸੇਵਾਦਾਰ ਯਾਤਰੀਆਂ ਨੂੰ ਆਪਣੀ ਖੂਬੀ ਦੱਸਦਾ ਇਸ ਮਹਾਨ ਸਥਾਨ ਦੀ ਸੇਵਾ ਕਰਨ ਦਾ ਅਹਿਸਾਨ ਜਤਾਉਂਦਾ ਉਨ੍ਹਾਂ ਕੋਲੋਂ ਮੁਆਵਜ਼ਾ ਮੰਗਣ ਦੀ ਕੋਸ਼ਿਸ਼ ਕਰਦਾ ਹੈ। ਉਸ ਦਾ ਅੰਦਰਲਾ ਮਨ ਤੇ ਮਾਨਸਿਕਤਾ ਮੂਲ ਰੂਪ ਵਿਚ ਮੁਸਲਮਾਨੀ ਅਕੀਦਾ ਹੈ, ਪਰ ਸੈਲਾਨੀਆਂ ਨੂੰ ਵੀ ਇਸ ਅਸਥਾਨ ਦੀ ਸੇਵਾ ਭਾਵਨਾ ‘ਤੇ ਆਸਥਾ ਰੱਖਣ ਦੀ ਪੇਸ਼ਕਾਰੀ ਕਰੀ ਰੱਖਦਾ ਹੈ।
ਇਸ ਖਬਰ ਨੇ ਸਰਕਾਰ ਦੇ ਥੰਮ੍ਹ ਥਿੜਕਾ ਦਿੱਤੇ। ਜੰਡਿਆਲੇ ਦੇ ਵਸਨੀਕ ਹਰਭਗਤ ਨਿਰੰਜਨੀਆ, ਜੋ ਸਰਕਾਰੀ ਗੁਪਤਚਰ ਸੀ, ਦੀ ਗੁਪਤ ਸੂਚਨਾ ਨੇ ਵੀ ਭਾਈ ਤਾਰੂ ਸਿੰਘ ‘ਤੇ ਇਲਜ਼ਾਮਾਂ ਦੀ ਪੁਸ਼ਟੀ ਕਰ ਦਿੱਤੀ। ਇਸ ਪਰਉਪਕਾਰ ਦੇ ਖਮਿਆਜ਼ੇ ਵਜੋਂ ਕੁਰਾਹੀਆ, ਗੁਮਰਾਹੀਆ ਅਤੇ ਬਾਗੀ ਇਲਜ਼ਾਮ ਲਾ ਕੇ ਹਕੂਮਤ ਨੇ ਉਸ ਦਾ ਪਿੱਛਾ ਸ਼ੁਰੂ ਕਰ ਦਿੱਤਾ। ਅਖੀਰ ਗ੍ਰਿਫਤਾਰ ਕਰਨ ਉਪਰੰਤ ਬੇੜੀਆਂ ਵਿਚ ਜਕੜ ਕੇ ਮੁਗਲ ਦਰਬਾਰ ਵਿਚ ਪੇਸ਼ ਕੀਤਾ ਗਿਆ। ਸੂਬੇਦਾਰ ਜ਼ਕਰੀਆ ਖਾਨ ਨੇ ਉਸ ਨੂੰ ਕੇਸ ਕਟਵਾ ਕੇ ਮੁਸਲਿਮ ਧਰਮ ਕਬੂਲ ਕਰਨ ਜਾਂ ਮੌਤ ਵਿਚੋਂ ਇਕ ਦੀ ਚੋਣ ਕਰਨ ਦਾ ਵਿਕਲਪ ਪੇਸ਼ ਕੀਤਾ। ਗੁਰੂ ਦੇ ਸਿੰਘ ਨੇ ਧਰਮ ਤਬਦੀਲੀ ਤੇ ਕੇਸ ਕਟਵਾਉਣ-ਦੋਹਾਂ ਤੋਂ ਸਾਫ ਇਨਕਾਰ ਕਰ ਦਿੱਤਾ, ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।’
ਉਸ ਨੂੰ ਧਮਕਾਉਣ ਤੇ ਯਰਕਾਉਣ ਦਾ ਕੋਈ ਚਾਰਾ ਨਾ ਚੱਲਦਾ ਵੇਖ ਕੇ ਮੋਚੀ ਦੀ ਤਲਾਸ਼ ਕੀਤੀ ਤੇ ਉਸ ਨੂੰ ਭਾਈ ਤਾਰੂ ਸਿੰਘ ਦੇ ਕੇਸ ਕਤਲ ਕਰਨ ਦਾ ਹੁਕਮ ਦਿੱਤਾ। ਭਾਈ ਸਾਹਿਬ ਸ਼ਾਂਤ ਚਿੱਤ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ। ਵਾਲ ਕਟਵਾਉਣ ਤੋਂ ਨਾਂਹ ਕਰਨ ਤੇ ਨਿਕਾਸ ਚੌਂਕ ਵਿਚ ਸ਼ੱਰੇਆਮ ਰੰਬੀ ਨਾਲ ਭਾਈ ਸਾਹਿਬ ਦੀ ਖੋਪਰੀ ਉਤਾਰ ਦਿੱਤੀ ਗਈ ਤੇ ਨਿਰਜਿੰਦ ਸਮਝ ਕੇ ਕਿਲ੍ਹੇ ਦੇ ਬਾਹਰ ਇਕ ਖਾਈ ਵਿਚ ਸੁੱਟ ਦਿੱਤਾ ਗਿਆ। ਗੁਰੂ ਦੇ ਸਿੱਖ ਉਨ੍ਹਾਂ ਨੂੰ ਉਠਾ ਕੇ ਆਪਣੇ ਕੋਲ ਲੈ ਆਏ ਤੇ ਇਲਾਜ ਸ਼ੁਰੂ ਕਰ ਦਿਤਾ, ਪਰ ਉਨ੍ਹਾਂ ਨੇ ਇਲਾਜ ਕਰਾਉਣ ਤੋਂ ਨਾਂਹ ਕਰ ਦਿੱਤੀ।
ਇਸ ਸਮੇਂ ਇਹ ਕਰੂਰ ਕਾਰਾ ਕਰਨ ਜਾਂ ਕਰਵਾਉਣ ਵਾਲੇ ਜ਼ਕਰੀਆ ਖਾਨ ਦੇ ਢਿੱਡ ਵਿਚ ਸੂਲ ਉਠਿਆ। ਉਸ ਨੂੰ ਪਖਾਨੇ ਦਾ ਬੰਨ੍ਹ ਪੈ ਗਿਆ ਤੇ ਤਰਲੇ ਲੈਣ ਲੱਗਾ। ਉਸ ਨੇ ਆਪਣੇ ਕੀਤੇ ਗੁਨਾਹ ਦੀ ਭੁੱਲ ਬਖਸ਼ਾਉਣ ਲਈ ਅਕਾਲ ਤਖਤ ਤੱਕ ਪਹੁੰਚ ਕੀਤੀ। ਅਕਾਲ ਤਖਤ ਦੇ ਹੁਕਮ ਅਨੁਸਾਰ ਭਾਈ ਤਾਰੂ ਸਿੰਘ ਦੀ ਜੁੱਤੀ ਉਸ ਦੇ ਸਿਰ ਮਾਰਨ ਦੀ ਸਜ਼ਾ ਸੁਣਾਈ ਗਈ, ਜੋ ਉਸ ਨੇ ਸਵੀਕਾਰ ਕਰ ਲਈ। ਇੱਕੀ ਦਿਨ ਉਹ ਇਸ ਜੁੱਤੀ ਦੀ ਮਾਰ ਝੱਲਦਾ ਰਿਹਾ। ਅਖੀਰ ਜੁੱਤੀ ਦੀ ਝਾਲ ਨਾ ਝੱਲਦਾ ਮਾਫੀਆਂ ਮੰਗਦਾ ਪ੍ਰਾਣ ਤਿਆਗ ਗਿਆ। ਉਸ ਦੇ ਵਹਿਸ਼ੀ ਤਸ਼ੱਦਦ ਦੇ ਸ਼ਿਕਾਰ ਭਾਈ ਤਾਰੂ ਸਿੰਘ ਨੂੰ ਉਸ ਦੀ ਫੌਤ ਦੀ ਖਬਰ ਮਿਲ ਗਈ। ਉਹ ਪਰਮੇਸ਼ਰ ਦੇ ਹੁਕਮ ਅਨੁਸਾਰ 23 ਅੱਸੂ ਸੰਮਤ 1802 (1785 ਈ) ਨੂੰ ਗੁਰਬਾਣੀ ਦਾ ਪਾਠ ਕਰਦੇ ਅਕਾਲ ਪੁਰਖ ਦੇ ਚਰਨਾਂ ਵਿਚ ਲੀਨ ਹੋ ਕੇ ਸ਼ਹੀਦੀ ਪ੍ਰਾਪਤ ਕਰ ਗਏ।
ਇਸ ਜਗ੍ਹਾ ਸ਼ਹੀਦੀ ਅਸਥਾਨ ਬਣਿਆ ਹੋਇਆ ਹੈ, ਪਰ ਬੇਗਾਨੀ ਹਕੂਮਤ ਦੀ ਤਾਨਾਸ਼ਾਹੀ ਥੱਲੇ ਇਸ ਮਹਾਨ ਸ਼ਹੀਦ ਦੇ ਸਮਾਰਕ ਨੂੰ ਉਹ ਮਹਾਨਤਾ ਨਹੀਂ ਦਿੱਤੀ ਗਈ, ਜੋ ਲੋੜੀਂਦੀ ਸੀ। ਗੁਰੂ ਘਰ ਦੇ ਪ੍ਰੀਤਵਾਨ ਸਿੱਖਾਂ ਨੇ ਉਨ੍ਹਾਂ ਦਾ ਯਾਦਗਾਰੀ ਸ਼ਹੀਦ ਗੰਜ ਤਿਆਰ ਕੀਤਾ। ਪਿੰਡ ਬੇਲਾ ਬਸਤੀ ਰਾਮ, ਤਹਿਸੀਲ ਲਾਹੌਰ ਤੋਂ 100 ਰੁਪਈਆ ਸਾਲਾਨਾ ਜਾਗੀਰ ਇਸ ਇਮਾਰਤ ਨੂੰ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਨਾਂ ਛੇ ਕਨਾਲ ਦੇ ਕਰੀਬ ਜ਼ਮੀਨ ਲਵਾ ਦਿੱਤੀ। ਸ਼ਹੀਦ ਗੰਜ ਨਾਲ ਬਹੁਤ ਸਾਰੀਆਂ ਦੁਕਾਨਾਂ ਹਨ। ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਮਹਾਨ ਗੁਰਸਿੱਖ ਸ਼ਹੀਦ ਭਾਈ ਤਾਰੂ ਸਿੰਘ ਦੀ ਸ਼ਹੀਦੀ ਬਾਰੇ ਪੜ੍ਹਦਿਆਂ ਸੁਣਦਿਆਂ ‘ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ’ ਦੀ ਭਾਵਨਾ ਮਨ ਵਿਚ ਪੈਦਾ ਹੁੰਦੀ ਹੈ।
ਇਹ ਯਾਦਗਾਰ ਸ਼ਹੀਦ ਗੰਜ ਸਾਨੂੰ ਅੱਜ ਵੀ ਸਿੱਖੀ ਬਾਣੇ ਵਿਚ ਸਾਬਤ ਸੂਰਤ ਸਿੱਖ ਰਹਿ ਕੇ ਹੱਕ ਸੱਚ ਲਈ ਮਰ ਮਿਟਣ ਦੀ ਪ੍ਰੇਰਨਾ ਦਿੰਦੀ ਹੈ। ਇਸ ਦਾ ਪ੍ਰਬੰਧ 1927 ਤੋਂ 1947 ਤੱਕ ਸ਼੍ਰੋਮਣੀ ਪ੍ਰਬੰਧਕ ਕਮੇਟੀ ਕੋਲ ਰਿਹਾ। ਇਸ ਦੀ ਸੇਵਾ ਸੰਭਾਲ ਭਾਈ ਈਸ਼ਰ ਸਿੰਘ ਨੂੰ ਸੌਂਪੀ ਗਈ, ਜਿਨ੍ਹਾਂ ਨੇ ਆਪਣੀ ਸ਼ਰਧਾ ਭਾਵਨਾ ਨਾਲ ਸਾਂਭ ਸੰਭਾਲ ਕੀਤੀ। ਹੁਣ ਇਸ ਦੀ ਸਪੁਰਦਦਾਰੀ ਮਹਿਕਮਾ ਵਕਫ ਬੋਰਡ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ।