ਸਰਹੱਦਾਂ ‘ਤੇ ਰੌਸ਼ਨੀ

ਸੁਰਿੰਦਰ ਸਿੰਘ ਤੇਜ
ਦੱਖਣ ਏਸ਼ਿਆਈ ਮਾਮਲਿਆਂ ਦੇ ਮਾਹਿਰ ਫਰਾਂਸੀਸੀ ਵਿਦਵਾਨ ਅਤੇ ਸਮਾਜ ਸ਼ਾਸਤਰੀ ਕ੍ਰਿਸਟੌਫ ਯਫਰਲੂ ਦੀ ਸੰਪਾਦਿਤ ਕਿਤਾਬ ‘ਪਾਕਿਸਤਾਨ ਐਟ ਦਿ ਕਰੌਸਰੋਡਜ਼’ (ਪਾਕਿਸਤਾਨ ਚੌਰਾਹੇ ‘ਤੇ) ਪੜ੍ਹਦਿਆਂ ਪਾਕਿਸਤਾਨ ਦਾ ਮੌਜੂਦਾ ਸਰੂਪ ਵਿਗੜਨ ਜਾਂ ਮੁਲਕ ਦੀ ਨਵੀਂ ਟੁੱਟ-ਭੱਜ ਹੋਣ ਬਾਰੇ ਭਰਮ ਤੇ ਪ੍ਰਭਾਵ ਸਹਿਜੇ ਹੀ ਦੂਰ ਹੋ ਜਾਂਦੇ ਹਨ। ਪਾਕਿਸਤਾਨ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਦਾ ਇਸ ਕਿਤਾਬ ਵਿਚ ਖੁੱਲ੍ਹ ਕੇ ਜ਼ਿਕਰ ਕੀਤਾ ਗਿਆ ਹੈ, ਪਰ ਇਹ ਵੀ ਦਰਸਾਇਆ ਗਿਆ ਹੈ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਇਹ ਮੁਲਕ, ਆਲਮੀ ਪੱਧਰ ‘ਤੇ ਆਪਣੀ ਵੁੱਕਤ ਬਰਕਰਾਰ ਰੱਖਣ ਦੇ ਸਮਰੱਥ ਹੈ। ਪਾਕਿਸਤਾਨੀ ਅਰਥਚਾਰੇ ਦੀਆਂ ਖੂਬੀਆਂ ਅਤੇ ਖਾਮੀਆਂ ਦਾ ਸਾਬਕਾ ਖਜ਼ਾਨਾ ਮੰਤਰੀ ਤੇ ਵਿਸ਼ਵ ਬੈਂਕ ਦੇ ਸਾਬਕਾ ਮੀਤ ਪ੍ਰਧਾਨ ਸ਼ਾਹਿਦ ਜਾਵੇਦ ਬਰਕੀ ਨੇ ਜੋ ਜਾਇਜ਼ਾ ਪੇਸ਼ ਕੀਤਾ ਹੈ, ਉਸ ਤੋਂ ਜ਼ਾਹਿਰ ਹੈ ਕਿ ਕੌਮੀ ਅਰਥਚਾਰਾ ਸੁਰਜੀਤੀ ਦੇ ਦੌਰ ਵਿਚ ਦਾਖਲ ਹੋ ਰਿਹਾ ਹੈ ਅਤੇ ਮੁਲਕ ਵਿਚ ਵਿਦੇਸ਼ੀ ਸਰਮਾਇਆਸਾਜ਼ੀ ਵੀ ਵਧ ਰਹੀ ਹੈ।

ਇਹ ਕਿਤਾਬ ਅਸਲ ਵਿਚ ਕੋਲੰਬੀਆ ਯੂਨੀਵਰਿਸਟੀ (ਅਮਰੀਕਾ) ਵਿਚ ਕਰਵਾਈਆਂ ਦੋ ਕਾਨਫਰੰਸਾਂ ਦੇ ਪਰਚਿਆਂ ਉਤੇ ਆਧਾਰਿਤ ਹੈ। ਇਸ ਵਿਚਲੇ ਲੇਖ ਬੁਨਿਆਦੀ ਤੌਰ ‘ਤੇ ਪਾਕਿਸਤਾਨ ਦੇ ਆਰਥਿਕ, ਸਮਾਜਿਕ, ਸਿਆਸੀ ਅਤੇ ਅੰਦਰੂਨੀ-ਬਹਿਰੂਨੀ ਹਾਲਾਤ ਉਪਰ ਰੌਸ਼ਨੀ ਪਾਉਂਦੇ ਹਨ, ਫਿਰ ਵੀ ਇਨ੍ਹਾਂ ਵਿਚ ਭਾਰਤ-ਪਾਕਿਸਤਾਨ ਸਬੰਧਾਂ ਦੀਆਂ ਪੇਚੀਦਗੀਆਂ ਬਾਰੇ ਟਿੱਪਣੀਆਂ, ਟੋਟਕੇ ਤੇ ਹੋਰ ਬਹੁਤ ਕੁਝ ਮੌਜੂਦ ਹੈ। ਬਹੁਤੇ ਲੇਖ ਪਾਕਿਸਤਾਨੀ ਲੇਖਕਾਂ, ਅਕਾਦਮੀਸ਼ਨਾਂ ਅਤੇ ਸਮਾਲੋਚਕਾਂ ਦੇ ਹਨ, ਇਸ ਲਈ ਪਾਕਿਸਤਾਨੀ ਨਜ਼ਰੀਆ ਬਿਹਤਰ ਢੰਗ ਨਾਲ ਸਾਹਮਣੇ ਆਉਂਦਾ ਹੈ।
ਉਂਜ, ਇੱਕ ਪ੍ਰਭਾਵ ਜੋ ਵਾਰ-ਵਾਰ ਉਭਰਦਾ ਹੈ, ਉਹ ਹੈ ਕਿ ਕਿਸੇ ਨਵੀਂ ਟੁੱਟ-ਭੱਜ ਦਾ ਖਤਰਾ ਨਾ ਹੋਣ ਦੇ ਬਾਵਜੂਦ ਪਾਕਿਸਤਾਨ ਖੁਦ ਨੂੰ ਘਿਰਿਆ ਮਹਿਸੂਸ ਕਰਦਾ ਹੈ। ਇਹੋ ਮਾਨਸਿਕਤਾ ਦੋ ਗੁਆਂਢੀ ਮੁਲਕਾਂ-ਭਾਰਤ ਤੇ ਅਫਗਾਨਿਸਤਾਨ ਨਾਲ ਇਸ ਦੇ ਰਿਸ਼ਤੇ ਨੂੰ ਨਾਸਾਜ਼ ਬਣਾਉਣ ਵਿਚ ਮੁੱਖ ਭੂਮਿਕਾ ਨਿਭਾਉਂਦੀ ਆਈ ਹੈ ਅਤੇ ਹੁਣ ਵੀ ਨਿਭਾਅ ਰਹੀ ਹੈ। ਆਲਮੀ ਮਾਹਿਰ ਮੰਨਦੇ ਹਨ ਕਿ ਪਾਕਿਸਤਾਨ ਵਲੋਂ ਦਹਿਸ਼ਤਵਾਦੀ ਗੁੱਟਾਂ ਦੀ ਪਰਵਰਿਸ਼ ਬੰਦ ਨਾ ਕਰਨ ਪਿੱਛੇ ਇਹੀ ਮਾਨਸਿਕਤਾ ਕੰਮ ਕਰ ਰਹੀ ਹੈ; ਉਹ ਵੀ ਇਸ ਅਸਲੀਅਤ ਦੇ ਬਾਵਜੂਦ ਕਿ ਪਿਛਲੇ 9 ਸਾਲਾਂ ਦੌਰਾਨ ਉਸ ਨੂੰ ਖੁਦ ਇਨ੍ਹਾਂ ਦਹਿਸ਼ਤੀ ਗੁੱਟਾਂ ਹੱਥੋਂ ਭਾਰਤ ਦੀ ਬਨਿਸਬਤ ਕਿਤੇ ਵੱਧ ਜਾਨੀ ਤੇ ਮਾਲੀ ਨੁਕਸਾਨ ਉਠਾਉਣਾ ਪਿਆ ਹੈ। ਅਫਗਾਨਿਸਤਾਨ ਦੀ ਸਰਹੱਦ ਨਾਲ ਜੁੜੇ ਨੀਮ-ਖੁਦਮੁਖਤਾਰ ਕਬਾਇਲੀ ਖਿੱਤੇ (ਫਾਟਾ) ਤੇ ਵਜ਼ੀਰਿਸਤਾਨ ਵਿਚ ਪਾਕਿਸਤਾਨੀ ਫੌਜ ਵਲੋਂ ਜ਼ਰਬ-ਏ-ਅਜ਼ਬ ਨਾਂ ਹੇਠ ਸਫਾਇਆ ਮੁਹਿੰਮ ਚਲਾਉਣ ਅਤੇ ਕਰਾਚੀ ਮਹਾਂਨਗਰ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅਤੇ ਹੋਰ ਇੰਤਹਾਪਸੰਦ ਗੁੱਟਾਂ ਖਿਲਾਫ ਪਾਕਿਸਤਾਨ ਰੇਂਜਰਜ਼ ਵੱਲੋਂ ਚਲਾਏ ਅਪਰੇਸ਼ਨ ਰਾਹ-ਏ-ਨਿਜਾਤ ਦੇ ਬਾਵਜੂਦ ਪਾਕਿਸਤਾਨੀ ਫੌਜ ਤੇ ਸਿਵਲੀਅਨ ਸਰਕਾਰ ਲਸ਼ਕਰ ਜਾਂ ਜੈਸ਼ ਵਰਗੇ ਦਹਿਸ਼ਤੀ ਸੰਗਠਨਾਂ ਦੀ ਪੁਸ਼ਤਪਨਾਹੀ ਤਿਆਗਣ ਲਈ ਤਿਆਰ ਨਹੀਂ।
ਯਫਰਲੂ ਅਨੁਸਾਰ ਪਾਕਿਸਤਾਨ, ਅਫਗਾਨਿਸਤਾਨ ਨੂੰ ਭਾਰਤ ਦਾ ਪਿੱਠੂ ਸਮਝਦਾ ਹੈ ਅਤੇ ਅਫਗਾਨ ਸਦਰ ਅਬਦੁੱਲ ਗਨੀ ਵਲੋਂ ਢਾਈ ਸਾਲ ਪਾਕਿਸਤਾਨ-ਪੱਖੀ ਪਹੁੰਚ ਅਪਣਾਏ ਜਾਣ ਦੇ ਬਾਵਜੂਦ ਉਸ ਨੂੰ ‘ਭਾਰਤੀ ਕਠਪੁਤਲੀ’ ਹੀ ਮੰਨਦਾ ਆ ਰਿਹਾ ਹੈ। ਇਹੀ ਕਾਰਨ ਹੈ ਕਿ ਉਹ ਦੋਵਾਂ ਗੁਆਂਢੀ ਮੁਲਕਾਂ, ਖਾਸ ਕਰ ਕੇ ਭਾਰਤ ਨੂੰ ਮਾਅਰਕੇਬਾਜ਼ੀ ਦੀ ਖੇਡ ਵਿਚ ਫਸਾਉਂਦਾ ਰਿਹਾ ਹੈ। ਭਾਰਤ ਵਿਚ ਹਿੰਦੂਤਵੀ ਉਭਾਰ ਅਤੇ ਨਵੀਂ ਦਿੱਲੀ ਵਿਚਲੇ ਨਵੇਂ ਹੁਕਮਰਾਨਾਂ ਦੀ ‘ਚੌੜੇ ਸੀਨੇ’ ਵਾਲੀ ਚੌੜਵਾਦੀ ਪਹੁੰਚ ਵੀ ਪਾਕਿਸਤਾਨ ਨੂੰ ਇਸ ਪੱਖੋਂ ਚੋਖੇ ਰਾਸ ਆ ਰਹੇ ਹਨ। ਪਾਕਿਸਤਾਨ ਨਾਲ ਕਰੜੇ ਹੱਥੀਂ ਸਿੱਝਣ ਦੀ ਲਾਲਸਾ ਭਾਰਤੀ ਹੁੱਕਾਮ ਨੂੰ ਪੇਤਲੀ ਕਿਸਮ ਦੀ ਮਾਅਰਕੇਬਾਜ਼ੀ ਦੇ ਰਾਹ ਪਾ ਦਿੰਦੀ ਹੈ। ਅਜਿਹੀ ਪਹੁੰਚ ਆਲਮੀ ਪੱਧਰ ‘ਤੇ ਭਾਰਤੀ ਅਕਸ ਨੂੰ ਢਾਹ ਲਾ ਰਹੀ ਹੈ। ਅਜਿਹੇ ਹਾਲਾਤ ਵਿਚ ਕੀ ਹਿੰਦ-ਪਾਕਿ ਸਬੰਧ ਛੇਤੀ ਲੀਹ ‘ਤੇ ਆਉਣ ਦੀ ਗੁੰਜਾਇਸ਼ ਬਚੀ ਹੈ?
ਪਾਕਿਸਤਾਨੀ ਅਖਬਾਰ ‘ਦਿ ਨਿਊਜ਼’ ਵਲੋਂ ਹਾਲ ਹੀ ਵਿਚ ਕਰਵਾਇਆ ਸਰਵੇਖਣ ਦਰਸਾਉਂਦਾ ਹੈ ਕਿ ਮੌਜੂਦਾ ਮੁਸ਼ਕਿਲਾਂ ਦੇ ਬਾਵਜੂਦ ਪੜ੍ਹੇ-ਲਿਖੇ ਪਾਕਿਸਤਾਨੀਆਂ ਦਾ ਵੱਡਾ ਵਰਗ ਭਾਰਤ ਨਾਲ ਸਬੰਧ ਲੀਹ ‘ਤੇ ਲਿਆਉਣ ਦਾ ਚਾਹਵਾਨ ਹੈ। ਖੁਦ ਸ਼ਾਹਿਦ ਜਾਵੇਦ ਬਰਕੀ ਨੇ ਹਾਲ ਹੀ ਵਿਚ ਇੱਕ ਟੈਲੀਵਿਜ਼ਨ ਇੰਟਰਵਿਊ ਵਿਚ ਕਿਹਾ ਕਿ ਦੁਵੱਲੇ ਵਿਵਾਦਾਂ ਨਾਲ ਜੁੜੇ ਸਾਰੇ ਮੁੱਦੇ ਜੇ ਦਸ ਕੁ ਸਾਲਾਂ ਲਈ ‘ਫਰੀਜ਼’ ਕਰ ਦਿੱਤੇ ਜਾਣ ਤਾਂ ‘ਬਹੁਤ ਸਾਰੀਆਂ ਤਨਜ਼ਾਂ ਤੇ ਤਨਾਜ਼ਾ ਖੁਦ-ਬਖੁਦ ਖਤਮ ਹੋ ਜਾਵੇਗਾ।’ ਪਰ ਤਨਜ਼ਾਂ ਤੇ ਤਨਾਜ਼ੇ ਦੀ ਅੱਗ ਉਤੇ ਰੋਟੀਆਂ ਸੇਕਦੇ ਆ ਰਹੇ ਅਨਸਰ ਕੀ ਅਜਿਹਾ ਹੋਣ ਦੇਣਗੇ? ਇਸ ਸਵਾਲ ਦੇ ਜਵਾਬ ਵਿਚ ਬਰਕੀ ਨੇ ਮਖਦੂਮ ਫਿਲੌਰੀ ਦੀ ਨਜ਼ਮ ਦਾ ਹਵਾਲਾ ਦਿੱਤਾ:
ਸਰਹਦੇਂ ਬਟੀ ਹੂਈ ਹੈਂ
ਭਵੇਂ ਭੀ ਤਨੀ ਹੂਈ ਹੈਂ
ਖੁੱਦਦਾਰੀ ਉਧਰ ਭੀ ਹੈ,
ਖੁੱਦਦਾਰੀ ਇਧਰ ਭੀ ਹੈ
ਫਿਰ ਭੀ ਚੇਹਰੇ ਤੋ ਅਪਨੋਂ ਜੈਸੇ ਹੈਂ
ਉਨਹੇਂ ਛੂਨੇ ਕੋ ਮਨ ਹੋਤਾ ਹੈ
ਹਾਥ ਬੜ੍ਹਾਨੇ ਕੋ ਮਨ ਹੋਤਾ ਹੈ।
ਸ਼ਾਹਿਦ ਜਾਵੇਦ ਬਰਕੀ ਦੀ ਇਸ ਇੰਟਰਵਿਊ ਤੋਂ ਅਗਲੇ ਹੀ ਦਿਨ ਸ਼ਾਇਰ ਅਤੇ ਫਿਲਮਸਾਜ਼ ਗੁਲਜ਼ਾਰ ਨੇ ਪੰਜਾਬ ਯੂਨੀਵਰਿਸਟੀ ਵਿਚ ਵਿਦਿਆਰਥੀਆਂ ਨਾਲ ਰੂਬਰੂ ਦੌਰਾਨ ਪਾਕਿਸਤਾਨ ਨਾਲ ਸਬੰਧਾਂ ਦੇ ਪ੍ਰਸੰਗ ਵਿਚ ਇੱਕ ਪਾਕਿਸਤਾਨੀ ਸ਼ਾਇਰ ਦੇ ਹਵਾਲੇ ਨਾਲ ਕਿਹਾ:
ਉਮੀਦ ਕੀ ਕਿਰਨ ਕੇ ਸਿਵਾ
ਔਰ ਕੁਛ ਨਹੀਂ ਯਹਾਂ
ਇਸ ਘਰ ਮੇਂ
ਰੌਸ਼ਨੀ ਕਾ ਯਹੀ ਇੰਤਜ਼ਾਮ ਹੈ।
ਜਦੋਂ ਤਕ ਵਾਹਗੇ-ਅਟਾਰੀ ਦੇ ਦੋਵੇਂ ਪਾਸੇ ਅਜਿਹੀਆਂ ਸੰਵੇਦਨਾਵਾਂ ਮੌਜੂਦ ਹਨ, ‘ਰੌਸ਼ਨੀ ਕਾ ਯਹੀ ਇੰਤਜ਼ਾਮ’ ਰਿਸ਼ਤਾ-ਚਾਕ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਉਂਦਾ ਰਹੇਗਾ।