ਸੋ ਦਰੁ ਕੇਹਾ ਸੋ ਘਰੁ ਕੇਹਾ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਗੁਰੂ ਨਾਨਕ ਸਾਹਿਬ ਦੇ ਜਪੁਜੀ ਦਾ ਕਾਵਿ-ਪ੍ਰਬੰਧ ਵੀ ਕਮਾਲ ਦਾ ਹੈ। ਛੋਟੇ ਛੋਟੇ ਰਚਨਾਤਮਕ ਕਾਵਿ-ਟੋਟਿਆਂ ਦੀਆਂ ਪਉੜੀਆਂ, ਹਰ ਇਕ ਦਾ ਵੱਖਰਾ ਵਿਸ਼ਾ-ਵਸਤੂ, ਹਰ ਇਕ ਦਾ ਵੱਖਰਾ ਸਵਾਲ, ਹਰ ਇਕ ਦਾ ਸਿੱਧਾ ਬਿਰਤਾਂਤ, ਪਰ ਫਿਰ ਵੀ ਹਰ ਇਕ ਦਾ ਇਕੋ ਰੁਝਾਨ। ਕਿਤੇ ਕਿਤੇ ਲੱਗੇ ਕਿ ਇਹ ਸਬਦਾਂ ਦੇ ਗੋਹੜੇ ਬਿਨਾ ਸਿਰਲੇਖੀ ਜਾਣ-ਪਛਾਣ ਤੋਂ ਕਾਵਿ-ਪਟ ‘ਤੇ ਆਜ਼ਾਦ ਉਡਦੇ ਫਿਰਦੇ ਹਨ, ਫਿਰ ਲੱਗੇ ਕਿ ਆਧੁਨਿਕ ਕੰਪਿਊਟਰੀ ਵਾਰਤਕ ਵਾਂਗ ਇਨ੍ਹਾਂ ਦੇ ਆਪਣੇ ਅੰਤਰ-ਘੜਤ ਪਤੇ-ਟਿਕਾਣੇ ਹਨ, ਜਿਨ੍ਹਾਂ ਅਨੁਸਾਰ ਥਾਂ ਸਿਰ ਬੈਠ ਕੇ ਇਹ ਇਕ ਉੱਚ-ਪੱਧਰਾ ਕਥਾਨਕ ਕਰਦੇ ਹਨ। ਕਦੇ ਲੱਗੇ ਕਿ ਇਹ ਲਿਖਤ ਕਿਸੇ ਆਧੁਨਿਕ ਖੋਜ ਨਿਬੰਧ ਦੀ ਰੂਪ-ਰੇਖਾ ਹੈ ਤੇ ਕਦੇ ਲੱਗੇ ਕਿ ਇਹ ਕਿਸੇ ਮਹਾਨ ਪ੍ਰਯੋਜਨ ਦਾ ਪ੍ਰਸਤਾਵ ਹੈ।

ਸੰਖੇਪਤਾ ਇੰਨੀ ਕਿ ਅਣਜਾਣ ਪਾਠਕ ਸੋਚਦਾ ਸੋਚਦਾ ਅਧਿਆਤਮ ਦੇ ਅਸਮਾਨ ਵਿਚ ਉਡਾਰੀਆਂ ਭਰਨ ਲੱਗੇ ਅਤੇ ਯਥਾਰਥਕਤਾ ਇੰਨੀ ਕਿ ਅਸਮਾਨੀਂ ਚੜ੍ਹਿਆ ਸ਼ਰਧਾਲੂ ਵੀ ਕੁਦਰਤ ਦੇ ਖੇਤ ਵਿਚ ਬੌਧਿਕਤਾ ਦੀ ਹਲਾਈ ਪਾ ਲਵੇ। ਸ਼ਬਦ ਸ਼ਬਦ ਵਿਚ ਜਾਨ, ਸ਼ਬਦ ਸ਼ਬਦ ਵਿਚ ਪਰਮਾਣ ਤੇ ਸ਼ਬਦ ਸ਼ਬਦ ਵਿਚ ਗਿਆਨ; ਜੋ ਇਸ ਵਿਚਲੇ ਦਰਸ਼ਨ ਤੇ ਵਿਗਿਆਨ ਦੇ ਸੁਮੇਲ ਨੂੰ ਸਮਝ ਜਾਵੇ, ਉਹ ਸੱਚ ਦੀ ਸੇਧ ਪਾ ਜਾਵੇ!
ਵਿਗਿਆਨ ਦਾ ਗਣਿਤ ਨਾਲ ਚੋਲੀ-ਦਾਮਨ ਦਾ ਸਬੰਧ ਹੈ। ਜਾਂ ਇਉਂ ਸਮਝੋ ਕਿ ਗਣਿਤ ਵਿਗਿਆਨ ਦਾ ਵਾਹਨ ਹੈ। ਇਹ ਇਸ ਨੂੰ ਮੁਹਾਂਦਰਾ ਦਿੰਦਾ ਹੈ, ਔਜ਼ਾਰ ਦਿੰਦਾ ਹੈ, ਵਿਧੀ ਦਿੰਦਾ ਹੈ ਤੇ ਅਰਥ ਦਿੰਦਾ ਹੈ। ਜੇ ਆਇਨਸਟੀਨ ਓ=ਮਚ² ਦਾ ਫਾਰਮੂਲਾ ਲਿਖ ਕੇ ਆਪਣੇ ਰੈਲੇਟਿਵਿਟੀ ਦੇ ਸਿਧਾਂਤ (ਠਹeੋਰੇ ਾ ੍ਰeਲਅਟਵਿਟੇ) ਦਾ ਗਣਿਤੀ ਸਬੂਤ ਨਾ ਦਿੰਦਾ ਤਾਂ ਉਸ ਦੇ ਸਿਧਾਂਤ ਨੂੰ ਅੱਧਿਆਂ ਨੇ ਨਹੀਂ ਸੀ ਮੰਨਣਾ। ਵਿਗਿਆਨ ਤੱਥ-ਸਮਗਰੀ (ਧਅਟਅ) ਦੇ ਸਿਰ ਚਲਦਾ ਹੈ ਜਾਂ ਇਉਂ ਕਹੋ ਕਿ ਵਿਗਿਆਨ ਦਾ ਪਹਿਲਾ ਕਦਮ ਪੇਖਣਾ ਤੇ ਤੱਥਾਂ ਨੂੰ ਇੱਕਤਰਤ ਕਰਨਾ ਹੈ। ਇਸ ਕਾਰਜ ਵਿਚ ਵਰਤਾਰੇ ਦੀ ਰੂਪ-ਰੇਖਾ, ਪ੍ਰਕ੍ਰਿਆਵਾਂ ਦੀ ਪਛਾਣ ਤੇ ਮਾਤਰੀਕਰਨ (ਥੁਅਨਟਿਚਿਅਟਿਨ) ਵੀ ਸ਼ਾਮਲ ਹਨ। ਮਾਤਰੀਕਰਨ ਲਈ ਪ੍ਰਵਾਣਿਤ ਇਕਾਈਆਂ ਅਤੇ ਪੈਮਾਨਿਆਂ ਦੀ ਲੋੜ ਹੈ ਤਾਂ ਜੋ ਸਭ ਕੁਝ ਇਕੋ ਪੈਮਾਨੇ ਅਨੁਸਾਰ ਮਿਣਿਆ-ਤੋਲਿਆ ਜਾ ਸਕੇ ਤੇ ਸਾਰਥਕ ਸਿੱਟੇ ਪ੍ਰਾਪਤ ਕੀਤੇ ਜਾ ਸਕਣ। ਗੁਰੂ ਸਾਹਿਬ ਨੇ ਜਪੁਜੀ ਵਿਚ 20ਵੀਂ ਪਉੜੀ ਤੋਂ ਬਾਅਦ ਸਤਿ ਦੀ ਪਛਾਣ ਲਈ ਕੁਦਰਤ ਦੇ ਕਈ ਪਹਿਲੂਆਂ ਦਾ ਮਾਤਰੀਕਰਨ ਕਰਨ ‘ਤੇ ਜੋਰ ਦਿੱਤਾ ਹੈ। ਥਾਂ ਥਾਂ ਗਿਣਤੀ, ਥਾਂ ਥਾਂ ਮਿਣਤੀ ਤੇ ਥਾਂ ਥਾਂ ਅਣਮਿੱਤੇ ਕੁਦਰਤੀ ਸੋਮਿਆਂ ਦੀ ਗੱਲ ਕੀਤੀ ਹੈ। ਕਈ ਕਹਿੰਦੇ ਹਨ, ਇਹ ਉਨ੍ਹਾਂ ਦੀ ਕੀਤੀ ਰੱਬ ਦੀ ਪ੍ਰਸ਼ੰਸਾ ਹੈ, ਪਰ ਅਸਲ ਵਿਚ ਇਹ ਉਨ੍ਹਾਂ ਦੀ ਅਧੂਰੇ ਮਨੁੱਖੀ ਗਿਆਨ ਪ੍ਰਤੀ ਚੇਤਨਾ ਦਾ ਪ੍ਰਗਟਾਵਾ ਹੈ ਤੇ ਸੱਚ ਪ੍ਰਾਪਤੀ ਦੀ ਪ੍ਰਬਲ ਜਗਿਆਸਾ ਹੈ।
ਗੁਰੂ ਸਾਹਿਬ ਤੋਂ ਪਹਿਲਾਂ ਵੀ ਬੁੱਧੀਜੀਵੀਆਂ ਵਿਚ ਸਤਿ ਪ੍ਰਾਪਤੀ ਦੀ ਬੜੀ ਤਾਂਘ ਸੀ, ਪਰ ਉਸ ਵੇਲੇ ਦੀ ਮੁੱਖ ਪਹੁੰਚ ਅਧਿਆਤਮਵਾਦ ਸੀ, ਜੋ ਬਹੁਤਾ ਕਰਕੇ ਧਾਰਮਿਕ ਫਿਲਾਸਫੀ ਨੇ ਸੰਭਾਲੀ ਹੋਈ ਸੀ। ਸਤਿ ਬਾਰੇ ਹਰ ਜਗਿਆਸੂ ਦੀ ਆਪਣੀ ਆਪਣੀ ਕਲਪਨਾ ਸੀ, ਪਰ ਇਕ ਗੱਲ ਸਭ ਵਿਚ ਸਾਂਝੀ ਸੀ ਕਿ ਸਭ ਅਧਿਆਤਮਵਾਦੀ ਇਸ ਨੂੰ ਆਪਣੇ ਚੌਗਿਰਦੇ ਤੋਂ ਬਾਹਰ ਦੀ ਵਸਤ ਸਮਝਦੇ ਸਨ। ਸਭ ਇਹੀ ਸਮਝਦੇ ਸਨ ਕਿ ਕਰਤਾ ਹਮੇਸ਼ਾ ਕਿਰਤ ਦੇ ਬਾਹਰ ਹੁੰਦਾ ਹੈ, ਇਸ ਲਈ ਨੇੜਿਓਂ ਭਾਲਣ ਨਾਲ ਉਨ੍ਹਾਂ ਦੇ ਹੱਥ-ਪੱਲੇ ਕੁਝ ਨਹੀਂ ਲੱਗਣਾ। ਉਨ੍ਹਾਂ ਅਨੁਸਾਰ ਇਹ ਕੋਈ ਬਦਲਵੇਂ ਸਰੂਪ ਵਾਲੀ ਸ਼ੈ ਸੀ, ਜੋ ਕਦੇ ਅਵਾਜ਼ ਜਿਹੀ ਮਹੀਨ, ਕਦੇ ਹਵਾ ਜਿਹੀ ਅਦਿੱਖ, ਕਦੇ ਪਰਉਪਕਾਰੀ ਜੀਵ ਤੇ ਕਦੇ ਡੰਡਨਾਇਕ ਸ਼ਾਸ਼ਕ ਬਣ ਸਕਦੀ ਸੀ। ਇਸ ਛੁਪੇ ਛਲੇਡੇ ਜਿਹੀ ਧਾਰਨਾ ਨੂੰ ਅਪਨਾ ਕੇ ਉਸ ਵੇਲੇ ਦੇ ਧਰਮਿਕ ਜਿਊੜੇ ਸਿਰਫ ਭਰਮ, ਵਿਸ਼ਵਾਸ ਅਤੇ ਡਰ ਨਾਲ ਫੋਕੇ ਵਿਚਾਰਾਂ ਦਾ ਜਾਲ ਬੁਣਦੇ ਰਹੇ ਤੇ ਆਪਣਾ ਇਕਤਰਫੀ ‘ਗਿਆਨ’ ਚਲਾਉਂਦੇ ਰਹੇ। ਇਸ ਪਹੁੰਚ ਵਿਚੋਂ ਪੂਜਾ, ਬੰਦਗੀ, ਸਨਿਆਸ, ਤਪੱਸਿਆ ਤੇ ਹੋਰ ਕਰਮ-ਕਾਂਡੀ ਰੀਤਾਂ ਨੇ ਜਨਮ ਲਿਆ। ਧਾਰਮਿਕ ਪੁਰਸ਼ਾਂ ਨੇ ਇਸ ਅੰਧ-ਵਿਸ਼ਵਾਸ ਦੇ ਚੌਖਟੇ ‘ਚੋਂ ਬਾਹਰ ਨਿਕਲ ਕੇ ਉਦੋਂ ਤੀਕ ਨਾ ਦੇਖਿਆ, ਜਦੋਂ ਤੀਕ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਝੰਜੋੜ ਕੇ ਨਵਾਂ ਰਾਹ ਨਾ ਦਿਖਾਇਆ।
ਜਪੁਜੀ ਦੀ ਇਕ ਇਕ ਪਉੜੀ ਦਾ ਨਿਚੋੜ ਹੈ ਕਿ ਉਪਰ ਨਾ ਤੱਕੋ, ਦੁਆਲੇ ਤੱਕੋ, ਕੋਲ ਤੱਕੋ, ਭਾਵ ਚੀਜ਼ਾਂ ਦੇ ਅੰਦਰ ਪੇਖੋ। ਕੁਦਰਤ ਦੀ ਗੋਦ ਵਿਚ ਬੈਠੇ ਹੋ, ਕੁਦਰਤ ਦੇ ਅਰਥਚਾਰੇ ਨੂੰ ਵਰਤਦੇ ਹੋ ਤੇ ਕੁਦਰਤ ਦੇ ਨਿਯਮਾਂ ਵਿਚ ਬੱਝੇ ਹੋ, ਫਿਰ ਕੁਦਰਤ ਤੋਂ ਬਾਹਰ ਕੀ ਭਾਲਦੇ ਹੋ? ਕੁਦਰਤ ਦਾ ਸੰਚਾਲਕ ਕੁਦਰਤ ਦੇ ਵਿਚ ਹੀ ਹੈ। ਕੁਦਰਤ ਨੂੰ ਫਾਲਤੂ ਦਾ ਖਿਲਾਰਾ ਨਾ ਸਮਝੋ, ਇਹ ਉਸੇ ਦਾ ਪਸਾਰਾ ਹੈ। ਇਹ ਕੁਦਰਤ ਧਿਆਨ ਦੀ ਸਰਬ ਸਰਬ-ਪ੍ਰਥਮ ਹੱਕਦਾਰ ਹੈ, ਇਸੇ ਨੂੰ ਖੋਜੋ ਕਿਉਂਕਿ ਸਭ ਸਵਾਲਾਂ ਦੇ ਜਵਾਬ ਇਸੇ ਵਿਚੋਂ ਮਿਲਣਗੇ। ਜੇ ਹੁਣ ਤੀਕ ਦੀ ਕੋਸ਼ਿਸ਼ ਨਾਲ ਕਿਸੇ ਸਿੱਟੇ ‘ਤੇ ਨਹੀਂ ਪੁੱਜੇ ਤਾਂ ਆਪਣੀ ਸੋਚ ਬਦਲੋ, ਨਦਰ ਬਦਲੋ ਤੇ ਵਿਧੀ ਬਦਲੋ। ਸੋਚ-ਕਲਪਨਾ, ਤਪੱਸਿਆ, ਸਮਾਧੀ, ਮੌਨ ਵਰਤ, ਸਿੱਧ-ਸਿਆਣਪਾਂ ਅਤੇ ਤੀਰਥ ਅਸ਼ਨਾਨਾਂ ਦੇ ਕਸੁੱਧੇ ਰਸਤੇ ਛੱਡੋ ਤੇ ੴ ਦਾ ਪ੍ਰਮਾਣੀਕ ਰਾਹ ਅਪਨਾਓ। ਜਿਸ ਕੁਦਰਤ ਵਿਚ ਵਿਚਰਦੇ ਹੋ, ਉਸੇ ਵਿਚੋਂ ਸੱਚੇ ਨਿਯਮ ਲੱਭੋ। ਦੁਆਲੇ ਦੀ ਇਸ ਕੁਦਰਤ ਦਾ ਸਤਿ ਜਾਣਨ ਲਈ ਲੇਖੇ-ਜੋਖੇ ਵਾਲਾ ਜਾਂ ਗਣਿਤ ਪ੍ਰਧਾਨ ਤੇ ਪਰਖ-ਪੜਤਾਲੀ ਰਾਹ ਹੀ ਕਾਰਆਮਦ ਹੈ।
ਉਨ੍ਹਾਂ ਅਨੁਸਾਰ ਇਸ ਅਸੀਮਤ ਵਰਤਾਰੇ ਦਾ ਨਾ ਕੋਈ ਅਰੰਭ ਹੈ, ਨਾ ਅੰਤ ਹੈ ਤੇ ਨਾ ਕੋਈ ਹੱਦ-ਬੰਨਾ ਨਜ਼ਰੀਂ ਪੈਂਦਾ ਹੈ। ਇਹ ਇਕ ਮਹਾਨ ਵਰਤਾਰਾ ਹੀ ਨਹੀਂ, ਸਗੋਂ ਇਕ ਅਥਾਹ ਅਰਥਚਾਰਾ ਵੀ ਹੈ, ਜੋ ਅਨੰਤ ਕਾਲ ਤੋਂ ਅਸੰਖ ਜੀਵਾਂ ਦਾ ਜੀਵਨ ਆਧਾਰ ਬਣਿਆ ਹੋਇਆ ਹੈ। ਇਹ ਅਰਥਚਾਰਾ ਹਮੇਸ਼ਾ ਤੋਂ ਬੇ-ਲਾਗਤ (ਛੋਸਟਲeਸਸ) ਤੇ ਅਸੀਮ ਦਾਤਾਂ ਦਾ ਸੋਮਾ ਹੈ। ਇਸ ਵਿਚ ਨਾ ਕੋਈ ਰੋਕ ਰੁਕਾਵਟ ਹੈ, ਨਾ ਪੱਖਪਾਤ ਤੇ ਨਾ ਦਖਲ-ਅੰਦਾਜ਼ੀ। ਕੱਚੇ ਮਾਲ ਦੇ ਖੁੱਲ੍ਹੇ ਗੱਫੇ ਵਰਤ ਰਹੇ ਹਨ; ਕੋਈ ਕਿੰਨਾ ਵਰਤੇ, ਕਿੰਨਾ ਹੰਢਾਵੇ, ਜਿਥੇ ਹੋਵੇ ਉਥੇ ਹੀ ਪਾਵੇ, ਪਰ ਨਾਲ ਕਿਸੇ ਦੇ ਕੁਝ ਵੀ ਬੰਨ ਕੇ ਨਾ ਤੋਰੇ। ਕੁਦਰਤ ਆਪਣੇ ਇਸ ਨਿਯਮ ਵਿਚ ਇੰਨੀ ਸਖਤ ਤੇ ਪੱਕੀ ਹੈ ਕਿ ਅਰਦਾਸਾਂ ਤੋਂ ਮੰਨੇ ਨਾ, ਚੜ੍ਹਾਵਿਆਂ ਤੋਂ ਪਰਚੇ ਨਾ, ਨਿਮਣ-ਖਿਮਣ ਤੋਂ ਪਸੀਜੇ ਨਾ ਤੇ ਦਇਆ ਕਿਸੇ ‘ਤੇ ਕਰੇ ਨਾ। ਇਸ ਅਸੀਮ ਭੰਡਾਰਾਂ ਵਾਲੇ ਤੇ ਵਿਚਿੱਤਰ ਗੁਣਾਂ ਵਾਲੇ ਕੁਦਰਤੀ ਵਰਤਾਰੇ ਵਿਚ ਹੀ ਪਰਮ-ਸਤਿ ਦੀ ਅਸਲ ਰੂਪ-ਰੇਖਾ ਭਾਵ ਅਕਾਲ ਮੂਰਤਿ ਛੁਪੀ ਹੈ; ਪਰ ਅਜੇ ਤੀਕ ਇਸ ਅਪਾਰ ਵਿਸਤਾਰ ਤੇ ਅਸੰਖ ਗੁਣਾਂ ਵਾਲੇ ਪ੍ਰਕ੍ਰਿਤਿਕ ਪ੍ਰਬੰਧ ਨੂੰ ਗਿਣਤੀ-ਮਿਣਤੀ ਦੇ ਲੇਖਿਆਂ ਵਿਚ ਵਰਣਨ ਨਹੀਂ ਕੀਤਾ ਜਾ ਸਕਿਆ ਭਾਵ ਇਸ ਨੂੰ ਵਿਗਿਆਨ ਦੇ ਸਿਧਾਂਤਾਂ ਅਨੁਸਾਰ ਨਿਯਮਬੱਧ ਕਰਕੇ ਨਹੀਂ ਸਮਝਿਆ ਗਿਆ। ਇਹੀ ਇਕ ਚੁਣੌਤੀ ਹੈ, ਜੋ ਵਿਵੇਕ ਬੁੱਧੀ ਵਾਲੇ ਨਾਨਕੋਤਰੀ ਸਿੱਖ ਪੁਰਖ ਨੇ ੴ ਦਾ ਲੜ ਫੜ ਕੇ ਸਵੀਕਾਰ ਕਰਨੀ ਹੈ।
ਪਰ ਅਜੋਕਾ ਸਿੱਖ ਪੁਰਖ ਹਾਲੇ ਵੀ ਅਧਿਆਤਮਵਾਦ ਦੇ ਚੌਖਟੇ ਵਿਚੋਂ ਬਾਹਰ ਨਿਕਲਣ ਦੀ ਰੌਂਅ ਵਿਚ ਨਹੀਂ ਹੈ। ਉਹ ਇਨ੍ਹਾਂ ਹੀ ਪ੍ਰਸ਼ਨਾਂ ਦੁਆਲੇ ਘੁੰਮਦਾ ਫਿਰ ਰਿਹਾ ਹੈ ਕਿ ਉਸ ਦਾ ਪਰਮਾਤਮਾ ਕਿੱਥੇ ਰਹਿੰਦਾ ਹੈ, ਉਹ ਕਿਵੇਂ ਮਿਲੇਗਾ ਤੇ ਪਰਉਪਕਾਰ ਕਦੋਂ ਕਰੇਗਾ? ਉਹ ਉਸ ਦੇ ਅਹਿਸਾਸ ਬਿਨਾ ਵਿਜੋਗਿਆ ਮਹਿਸੂਸ ਕਰਦਾ ਹੈ। ਉਹ ਪਿਛਾਂਹਮੁਖੀ ਹੋ ਕੇ ਪੁੱਛਦਾ ਹੈ ਕਿ ਜੇ ਵੇਦ ਪੁਰਾਣ ਕਹਿੰਦੇ ਹਨ ਕਿ ਉਹ ਹੈ, ਤਾਂ ਦੱਸੋ ਉਹ ਕਿੱਥੇ ਹੈ ਤੇ ਕਿਹੋ ਜਿਹੇ ਨਿਵਾਸ ਅਸਥਾਨ ਵਿਚ ਰਹਿੰਦਾ ਹੈ। ਜੇ ਨਿਵਾਸ-ਅਸਥਾਨ ਦਾ ਪਤਾ ਲੱਗ ਜਾਵੇ ਤਾਂ ਉਹ ਦੋ ਚਾਰ ਪ੍ਰਸ਼ੰਸਕੀ ਘੋੜੀਆਂ ਉਸ ਦੀ ਰਿਹਾਇਸ਼ਗਾਹ ਦੀਆਂ ਵੀ ਗਾ ਕੇ ਦੇਖ ਲਵੇ, ਸ਼ਾਇਦ ‘ਪਰਉਪਕਾਰੀ ਪਾਤਸ਼ਾਹ’ ਖੁਸ਼ ਹੋ ਕੇ ਦਰਸ਼ਨ ਦੇ ਦੇਵੇ; ਪਰ ਜੇ ਉਹ ਪ੍ਰਗਟ ਹੋ ਕੇ ਉਸ ਦੀ ਬਾਂਹ ਨਹੀਂ ਫੜਦਾ ਤਾਂ ਇਹ ਦੱਸੋ ਉਸ ਦੀ ਕਿਰਪਾ ਬਿਨਾ ਉਹ ਇਸ ਭਰੀ ਦੁਨੀਆਂ ਵਿਚ ਕਿਸ ਦਾ ਸਹਾਰਾ ਤੱਕੇ? ਕਿਸੇ ਚੀਜ਼ ਦੀ ਕਮੀ ਆ ਗਈ ਤਾਂ ਕਿਸ ਦੀ ਮਾਂ ਨੂੰ ਮਾਂ ਕਹੇ? ਖਸਮ ਦੀ ਦੇਖ-ਰੇਖ ਤੋਂ ਬਿਨਾ ਜੀਵਨ ਕਿਵੇਂ ਗੁਜਾਰੇ? ਗੱਲ ਕੀ, ਉਸ ਨੇ ਪ੍ਰਕ੍ਰਿਤਿਕ ਪ੍ਰਣਾਲੀ ਵਿਚ ਬੇਉਮੀਦੀ ਜਤਾ ਕੇ ਪਰਾਏ ਧਰਵਾਸ ਨੂੰ ਜਾਹਰਾ ਰੂਪ ਪਾਉਣ ਦਾ ਪੱਕਾ ਮਨ ਬਣਾਇਆ ਹੋਇਆ ਹੈ।
ਅਜਿਹੇ ਸ਼ਸ਼ੋਪੰਜਾਂ ਵਿਚ ਪਿਆ ਅਜੋਕਾ ਸਿੱਖ ਆਪਣੇ ਕੁਦਰਤੀ ਆਤਮ-ਵਿਸ਼ਵਾਸ ਤੋਂ, ਬਾਣੀ ਵਿਚਾਰ ਤੋਂ ਤੇ ਸਿੱਖੀ ਬੁੱਧ-ਵਿਵੇਕ ਤੋਂ ਭਗੌੜਾ ਹੋ ਕੇ ਉਨ੍ਹਾਂ ਦੇਹਧਾਰੀਆਂ ਵੱਲ ਭੱਜਦਾ ਹੈ, ਜੋ ਉਸ ਨੂੰ ਫੌਰੀ ਦਿਲਾਸਾ ਦੇਣ। ਉਹ ਅਜਿਹੇ ਪੈਗੰਬਰੀ ਸੰਤ ਪੁਰਖ ਦੀ ਭਾਲ ਵਿਚ ਨਿਕਲਦਾ ਹੈ, ਜੋ ਉਸ ਦੇ ਹੰਝੂ ਪੂੰਝੇ, ਰੋਂਦੇ ਨੂੰ ਚੁੱਪ ਕਰਾਵੇ, ਪਾਓਂ ਪਏ ਦੀ ਪਿੱਠ ‘ਤੇ ਥਾਪੜਾ ਦੇਵੇ ਤੇ ਪ੍ਰਸਾਦ ਦਾ ਗੱਫਾ ਦੇ ਕੇ ਹਰ ਸੰਭਵ ਸੰਕੇਤ ਰਾਹੀਂ ਦੱਸੇ ਕਿ ਉਹ ਹਰ ਦੁੱਖ-ਸੁੱਖ ਵਿਚ ਉਸ ਦੇ ਨਾਲ ਹੈ! ਉਸ ਦੀ ਮਾਨਸਿਕ ਪੀੜਾ ਤੇ ਉਪਰਾਮਤਾ ਨੂੰ ਭਾਂਪ ਕੇ ਅਨੇਕਾਂ ਚੋਲਾਧਾਰੀ ਚਤੁਰ-ਸੁਜਾਨ ਦਸਤਾਰਾਂ ਤੇ ਜਪਮਾਲੀਆਂ ਨਾਲ ਸੱਜਣ ਰੂਪ ਧਾਰ ਕੇ ਸੰਗਮਰਮਰੀ ਟਿਕਾਣਿਆਂ ‘ਤੇ ਜਾ ਬੈਠੇ ਹਨ। ਇਨ੍ਹਾਂ ਦੇਹਧਾਰੀ ਬਾਬਿਆਂ ਦੀ ਵਧਦੀ ਮਾਨਤਾ ਤੇ ਉਨ੍ਹਾਂ ਦੇ ਡੇਰਿਆਂ ‘ਤੇ ਲਗਦੀਆਂ ਭੀੜਾਂ ਅਜੋਕੇ ਸਿੱਖ ਸ਼ਰਧਾਲੂਆਂ ਦੇ ਸਿੱਖੀ ਸਿਧਾਂਤ ਪ੍ਰਤੀ ਅਲਗਾਵ ਤੇ ਸਮੁੱਚੇ ਵਿਦਿਅਕ ਢਾਂਚੇ ਦੇ ਨਿਘਾਰ ਦੀਆਂ ਸੂਚਕ ਹਨ।
ਅਜਿਹੇ ਹਾਲਾਤ ਵਿਚ ਅਜੋਕੇ ਸਿੱਖ ਵਿਦਵਾਨ, ਪੁਜਾਰੀ ਤੇ ਪ੍ਰਚਾਰਕ ਸਿੱਖੀ ਦੇ ਅਸਲ ਅਸੂਲਾਂ ਦਾ ਪਾਠ ਪੜ੍ਹਾਉਣ ਦੀ ਥਾਂ ਪਰ੍ਹਾ-ਨਾਨਕੀ ਸੰਵਾਦ ਰਾਹੀਂ ਸ਼ਰਧਾਲੂਆਂ ਨੂੰ ਅਧਿਆਤਮ ਤੇ ਪਾਠ ਪੂਜਾ ਦੇ ਰਾਹ ਤੋਰ ਰਹੇ ਹਨ। ਇਹ ਗੱਲ ਉਨ੍ਹਾਂ ਦੇ 27ਵੀਂ ਪਉੜੀ ਦੇ ਅਰਥ-ਅਨੁਵਾਦਾਂ ਤੋਂ ਸਪਸ਼ਟ ਹੋ ਜਾਂਦੀ ਹੈ,
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ॥
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ॥
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ॥
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ॥
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ॥
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ॥
ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ॥
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ॥
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ॥
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ॥
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ॥
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ॥੨੭॥
ਰੇਣੁਕਾ ਸਰਬਜੀਤ ਸਿੰਘ ਅਨੁਸਾਰ ਇਸ ਪਉੜੀ ਦੇ ਅਰਥ ਹਨ, “ਉਹ ਦਰ-ਘਰ ਕਿੰਨਾ ਹੀ ਅਸਚਰਜ ਹੈ, ਜਿਥੇ ਬਹਿ ਕੇ ਹੇ ਨਿਰੰਕਾਰ! ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ। ਤੇਰੀ ਇਸ ਰਚੀ ਹੋਈ ਕੁਦਰਤ ਵਿਚ ਅਣਗਿਣਤ ਵਾਜੇ ਤੇ ਰਾਗ ਹਨ, ਬੇਅੰਤ ਹੀ ਜੀਵ ਉਨ੍ਹਾਂ ਵਾਜਿਆਂ ਨੂੰ ਵਜਾਉਣ ਵਾਲੇ ਹਨ, ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ ਇਨ੍ਹਾਂ ਰਾਗਾਂ ਦੇ ਗਾਉਣ ਵਾਲੇ ਹਨ, ਜੋ ਤੈਨੂੰ ਗਾ ਰਹੇ ਹਨ। ਹੇ ਨਿਰੰਕਾਰ! ਪਉਣ, ਪਾਣੀ ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ ‘ਤੇ ਤੇਰੇ ਗੁਣ ਗਾ ਰਿਹਾ ਹੈ। ਚਿਤਰਗੁਪਤ, ਜੋ ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ ਲਿਖਦਾ ਹੈ ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ। ਹੇ ਅਕਾਲ ਪੁਰਖ! ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਸਾਲਾਹ ਰਹੇ ਹਨ। ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ-ਕਰ ਕੇ ਤੈਨੂੰ ਸਾਲਾਹ ਰਹੇ ਹਨ। ਜਤ ਧਾਰੀ, ਦਾਨ ਕਰਨ ਵਾਲੇ ਅਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ। ਬੇਅੰਤ ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ। ਹੇ ਅਕਾਲ ਪੁਰਖ! ਪੰਡਿਤ ਤੇ ਮਹਾਂਰਿਖੀ, ਜੋ ਵੇਦਾਂ ਨੂੰ ਪੜ੍ਹਦੇ ਹਨ, ਵੇਦਾਂ ਸਣੇ ਤੈਨੂੰ ਗਾ ਰਹੇ ਹਨ। ਸੁੰਦਰ ਇਸਤਰੀਆਂ ਜੋ ਸੁਰਗ, ਮਾਤ ਲੋਕ ਤੇ ਪਾਤਾਲ ਵਿਚ ਭਾਵ ਹਰ ਥਾਂ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।
ਹੇ ਨਿਰੰਕਾਰ! ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ। ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫਤ ਸਾਲਾਹ ਕਰ ਰਹੇ ਹਨ। ਚਾਰ ਖਾਣੀਆਂ ਦੇ ਜੀਅ-ਜੰਤ ਤੈਨੂੰ ਗਾ ਰਹੇ ਹਨ। ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਤੇ ਚਕਰ, ਜੋ ਤੂੰ ਪੈਦਾ ਕਰ ਕੇ ਟਿੱਕਾ ਰੱਖੇ ਹਨ, ਤੈਨੂੰ ਗਾ ਰਹੇ ਹਨ। ਹੇ ਅਕਾਲ ਪੁਰਖ! ਅਸਲ ਵਿਚ ਤਾਂ ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ ਭਾਵ ਉਨ੍ਹਾਂ ਦਾ ਹੀ ਗਾਉਣਾ ਸਫਲ ਹੈ, ਜੋ ਤੈਨੂੰ ਚੰਗੇ ਲੱਗਦੇ ਹਨ। ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਨ੍ਹਾਂ ਦਾ ਮੈਨੂੰ ਪਤਾ ਵੀ ਨਹੀਂ। ਨਾਨਕ ਕੀ ਵਿਚਾਰ ਕਰ ਸਕਦਾ ਹੈ। ਉਹ ਅਕਾਲ ਪੁਰਖ ਸਦਾ ਥਿਰ ਹੈ, ਉਹ ਮਾਲਕ ਸੱਚਾ ਹੈ? ਉਸ ਦੀ ਵਡਿਆਈ ਵੀ ਸਦਾ ਅਟੱਲ ਹੈ। ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾ ਉਹ ਜੰਮਿਆ ਹੈ ਅਤੇ ਨਾ ਹੀ ਮਰੇਗਾ। ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ। ਉਹ ਜਿਵੇਂ ਉਸ ਦੀ ਰਜ਼ਾ ਹੈ, ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਵੀ ਕਰ ਰਿਹਾ ਹੈ। ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਉਹ ਕਰੇਗਾ। ਕੋਈ ਵੀ ਅਕਾਲ ਪੁਰਖ ਨੂੰ ਹੁਕਮ ਨਹੀਂ ਕਰ ਸਕਦਾ, ਅਕਾਲ ਪੁਰਖ ਪਾਤਸ਼ਾਹ ਹੈ, ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਹੇ ਨਾਨਕ! ਜੀਵਾਂ ਦਾ ਉਸ ਦੀ ਰਜ਼ਾ ਵਿਚ ਰਹਿਣਾ ਹੀ ਚੰਗਾ ਹੈ।”
ਇਹ ਵਿਆਖਿਆ ਹੋਰ ਦੂਜੇ ਟੀਕਿਆਂ ਨਾਲ ਮਿਲਦੀ-ਜੁਲਦੀ ਹੈ। ਪ੍ਰੋ. ਸਾਹਿਬ ਸਿੰਘ ਦੇ ਟੀਕੇ ਵਿਚ ਤਾਂ ਪਰਮਾਤਮਾ, ਵਾਹਿਗੁਰੂ ਤੇ ਰੱਬ ਦੀ ਥਾਂ ਇਸ ਵਾਂਗ ਸ਼ਬਦ ਵੀ ਅਕਾਲ ਪੁਰਖ ਹੀ ਵਰਤਿਆ ਹੋਇਆ ਹੈ। ਇਨ੍ਹਾਂ ਸਭ ਟੀਕਿਆਂ ਵਿਚ ਅਕਾਲ ਪੁਰਖ ਦੇ ਘਰ ਨੂੰ ਅਸਚਰਜ ਭਰਪੂਰ ਦੱਸਿਆ ਗਿਆ ਹੈ, ਜਿੱਥੇ ਬੈਠੀਆਂ ਨਾਮਾਵਰ ਧਰਮੀ ਹਸਤੀਆਂ ਉਸ ਦੇ ਗੁਣ ਗਾ ਰਹੀਆਂ ਹਨ। ਇਨ੍ਹਾਂ ਅਨੁਸਾਰ ਉੱਥੇ ਅਕਾਲ ਪੁਰਖ ਦੇ ਸਵਾਰੇ ਹੋਏ ਹਿੰਦੂ ਦੇਵਤੇ ਵੀ ਬੈਠੇ ਉਸ ਦੀ ਭਗਤੀ ਕਰ ਰਹੇ ਹਨ। ਭਾਵ ਇਹ ਟੀਕਾਕਾਰ ਦੇਵਤਿਆਂ ਨੂੰ ਅਕਾਲ ਪੁਰਖ ਦੇ ਬਣਾਏ ਮੰਨਦੇ ਹਨ ਤੇ ਇਹ ਵੀ ਮੰਨਦੇ ਹਨ ਕਿ ਇਹ ਸੱਚੀ ਮੁੱਚੀ ਉਸ ਦੇ ਘਰ ਦੇ ਬਾਹਰ ਉਸ ਦੀਆਂ ਵਡਿਆਈਆਂ ਗਾ ਰਹੇ ਹਨ। ਇਹ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਅਕਾਲ ਪੁਰਖ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਇਸ ਲਈ ਉਸ ਦੀ ਰਜ਼ਾ ਵਿਚ ਹੀ ਰਹਿਣਾ ਚੰਗਾ ਹੈ! ਉਹ ਇਵੇਂ ਕਹਿੰਦੇ ਲਗਦੇ ਹਨ ਜਿਵੇਂ ਰਜ਼ਾ ਵਿਚ ਰਹਿਣਾ ਜਾਂ ਨਾ ਰਹਿਣਾ ਕਿਸੇ ਦੀ ਆਪਣੀ ਮਰਜ਼ੀ ‘ਤੇ ਨਿਰਭਰ ਕਰਦਾ ਹੋਵੇ। ਇਸ ਦੇ ਨਾਲ ਉਹ ਇਹ ਵੀ ਦੱਸਦੇ ਹਨ ਕਿ ਗਾਉਣਾ ਉਨ੍ਹਾਂ ਦਾ ਹੀ ਸਫਲ ਹੈ, ਜੋ ਉਸ ਨੂੰ ਭਾਉਂਦੇ ਹਨ। ਇਸ ਦਾ ਭਾਵ ਬਹੁਤੇ ਤਾਂ ਬਿਨਾ ਸਫਲਤਾ ਦੇ ਹੀ ਗਾਈ ਜਾਂਦੇ ਹਨ। ਇਨ੍ਹਾਂ ਵਿਚੋਂ ਕੋਈ ਵੀ ਟੀਕਾ ਇਸ ਪਉੜੀ ਵਿਚ ਗੁਰੂ ਸਾਹਿਬ ਦੇ ਮੰਤਵ ਬਾਰੇ ਨਹੀਂ ਦੱਸਦਾ ਤੇ ਨਾ ਹੀ ਇਸ ਨੂੰ ਜਪੁਜੀ ਦੀ ਮੁੱਖ ਧਾਰਾ ਨਾਲ ਜੋੜਦਾ ਹੈ। ਇਨ੍ਹਾਂ ਦੀ ਇਕੋ ਟੇਕ ਅਧਿਆਤਮਵਾਦ ਅਤੇ ਭਗਤੀ ‘ਤੇ ਹੈ, ਜਦੋਂ ਕਿ ਗੁਰੂ ਸਾਹਿਬ ਦਾ ਮਨੋਰਥ ਇਸ ਤੋਂ ਕਿਤੇ ਦੂਰ ਹੈ।
ਦਰਅਸਲ ਇਸ ਪਉੜੀ ਵਿਚ ਗੁਰੂ ਸਾਹਿਬ ਨੇ ਆਪਣੇ ਵੇਲੇ ਦੇ ਇਕ ਪ੍ਰਚਲਿਤ ਪ੍ਰਸ਼ਨ ਦਾ ਉੱਤਰ ਦਿੱਤਾ ਹੈ। ਉਹ ਹੈ ਕਿ ਰੱਬ ਕਿੱਥੇ ਰਹਿੰਦਾ ਹੈ? ਇਹ ਨਹੀਂ ਹੋ ਸਕਦਾ ਕਿ ਇਹ ਪ੍ਰਸ਼ਨ ਉਨ੍ਹਾਂ ਤੋਂ ਕਿਸੇ ਨੇ ਕਦੇ ਪੁੱਛਿਆ ਨਾ ਹੋਵੇ। ਸਿੱਧ ਪੁਰਖਾਂ ਨੇ ਉਨ੍ਹਾਂ ਨੂੰ ਇਸ ਤੋਂ ਵੀ ਕਿਤੇ ਅਜ਼ੀਬ ਪ੍ਰਸ਼ਨ ਪੁੱਛੇ ਸਨ। ਆਮ ਸ਼ਰਧਾਲੂਆਂ ਨੇ ਤਾਂ ਪੁੱਛਣੇ ਹੀ ਹੋਏ, ਕਿਉਂਕਿ ਜੇ ਉਨ੍ਹਾਂ ਨੂੰ ਪਰਮਾਤਮਾ ਦੀ ਹੋਂਦ ਬਾਰੇ ਦੱਸਿਆ ਜਾਂਦਾ ਹੈ ਤਾਂ ਉਸ ਦੇ ਨਿਵਾਸ ਅਸਥਾਨ ਬਾਰੇ ਵੀ ਉਨ੍ਹਾਂ ਦਾ ਜਾਣਨਾ ਬਣਦਾ ਹੀ ਹੈ। ਉਤਲੀਆਂ ਪਉੜੀਆਂ ਵਿਚ ਗੁਰੂ ਸਾਹਿਬ ਨੇ ਅਥਾਹ ਕੁਦਰਤੀ ਸੋਮਿਆਂ ਦਾ ਜ਼ਿਕਰ ਕੀਤਾ ਹੈ, ਇਸ ਲਈ ਪ੍ਰਸ਼ਨ ਉੱਠਣਾ ਉਂਜ ਵੀ ਸੁਭਾਵਿਕ ਹੈ ਕਿ ਇੱਡੀ ਵੱਡੀ ਕੁਦਰਤ ਦਾ ਮਾਲਕ ਰਹਿੰਦਾ ਕਿੱਥੇ ਹੈ ਭਾਵ ਕਿੱਥੇ ਬੈਠ ਕੇ ਇਸ ਦਾ ਬੰਦੋਬਸਤ ਕਰ ਰਿਹਾ ਹੈ? ਗੁਰੂ ਸਾਹਿਬ ਨੇ ਇਸ ਪਉੜੀ ਵਿਚ ਇਸ ਪ੍ਰਸ਼ਨ ਦਾ ਵਿਸਥਾਰ-ਪੂਰਵਕ ਉੱਤਰ ਦਿੱਤਾ ਹੈ ਤਾਂ ਜੋ ਉਹ ਕੋਈ ਭਰਮ ਪਾਲਦੇ ਨਾ ਰਹਿਣ।
ਉਨ੍ਹਾਂ ਦੇ ਉੱਤਰ ਵਿਚ ਤਿੰਨ ਗੱਲਾਂ ਬਹੁਤ ਧਿਆਨ ਦੇਣ ਯੋਗ ਹਨ। ਪਹਿਲੀ ਇਹ ਕਿ ਉਨ੍ਹਾਂ ਨੇ ਪਰਮਾਤਮਾ, ਪ੍ਰਭੂ ਜਾਂ ਈਸ਼ਵਰ ਦਾ ਨਾਂ ਲੈ ਕੇ ਉੱਤਰ ਨਹੀਂ ਦਿੱਤਾ। ਭਾਵੇਂ ਇਤਫਾਕ ਲੱਗੇ, ਪਰ ਇਹ ਕੋਈ ਆਮ ਭੁੱਲ ਚੁੱਕ ਵਾਲੀ ਗੱਲ ਨਹੀਂ। ਇਸ ਬਾਣੀ ਵਿਚ ਉਨ੍ਹਾਂ ਨੇ ਘੱਟੋ ਘੱਟ ਦੋ ਹੋਰ ਥਾਂਵਾਂ ‘ਤੇ ਇਵੇਂ ਹੀ ਨਾਮ ਲੈਣ ਤੋਂ ਚੁੱਪ ਵੱਟੀ ਹੈ। ਸਮੁੱਚੇ ਜਪੁਜੀ ਵਿਚ ਕਿਸੇ ਦੈਵੀ ਹਸਤੀ ਦੇ ਨਾਂ ਤੋਂ ਪਾਸਾ ਵੱਟਣਾ ਉਨ੍ਹਾਂ ਦਾ ਸੋਚਿਆ ਸਮਝਿਆ ਤੇ ਸਿਧਾਂਤਕ ਨਿਰਣਾ ਹੈ। ਜਿਸ ਨਾਮ ਨੂੰ ਲੱਭਣ ਦਾ ਜਪੁਜੀ ਇਕ ਪ੍ਰਯੋਜਨ ਹੈ, ਇਸ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਉਸ ਨੂੰ ਕੋਈ ਨਾਮ ਦੇ ਦੇਣਾ ਤਰਕ ਸੰਗਤ ਨਹੀਂ ਹੈ। ਜੇ ਨਾਮ ਦਾ ਪਤਾ ਨਹੀਂ ਹੈ, ਤਦੇ ਹੀ ਤਾਂ ਉਸ ਨੂੰ ਲੱਭਣਾ ਹੈ, ਜੇ ਪਤਾ ਹੋਵੇ ਤਾਂ ਧਿਆਉਣਾ ਕਿਸ ਨੂੰ ਭਾਵ ਖੋਜ ਕਿਸ ਚੀਜ਼ ਦੀ ਕਰਨੀ ਹੈ? ਦੂਜਾ ਇਹ ਕਿ ਗੁਰੂ ਸਾਹਿਬ ਨੇ ਇਸ ਦੇ ਜਵਾਬ ਵਿਚ ਆਪਣੇ ਕੋਲੋਂ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਪ੍ਰਸ਼ਨਕਰਤਾਵਾਂ ਦੀ ਜਾਣਕਾਰੀ ਨੂੰ ਵਰਤ ਕੇ ਉਨ੍ਹਾਂ ਦੇ ਸ਼ਬਦਾਂ ਵਿਚ ਹੀ ਸੰਕੇਤਕ ਜਵਾਬ ਦਿੱਤਾ ਹੈ। ਸਪਸ਼ਟ ਹੈ ਕਿ ਇਹ ਗੋਲ ਜਵਾਬ ਉਨ੍ਹਾਂ ਨੇ ਜਗਿਆਸੂਆਂ ਨੂੰ ਪੁਰਾਤਨ ਰੱਟ ਵਿਚੋਂ ਕੱਢਣ ਲਈ ਦਿੱਤਾ ਹੈ ਤਾਂ ਜੋ ਉਹ ਇਸ ਬੁਝਾਰਤ ਬਾਰੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸੋਚਣ ਲਈ ਪ੍ਰੇਰਿਤ ਹੋਣ। ਤੀਜੀ ਤੇ ਸਭ ਤੋਂ ਅਹਿਮ ਗੱਲ ਇਹ ਕਿ ਇਸ ਉੱਤਰ ਵਿਚ ਉਨ੍ਹਾਂ ਨੇ ਉੱਚ-ਪੱਧਰੀ ਵਿਅੰਗ ਤੇ ਪਰਿਹਾਸ (ੰਅਟਰਿe ਅਨਦ ੍ਹੁਮੋਰ) ਦੀ ਵਰਤੋਂ ਕੀਤੀ ਹੈ ਤਾਂ ਜੋ ਇਹ ਉਨ੍ਹਾਂ ਦੀ ਬੁੱਧੀ ਨੂੰ ਟੁੰਬੇ।
ਫ੍ਰੈਡਰਿਕ ਏਂਗਲਜ਼ ਨੇ ਲਿਖਿਆ ਹੈ ਕਿ ਜਿਸ ਕਾਲ ਵਿਚ ਜਿਸ ਤਰ੍ਹਾਂ ਦੀ ਰਾਜ ਵਿਵਸਥਾ ਹੁੰਦੀ ਹੈ, ਉਸ ਵਿਚ ਉਸੇ ਤਰ੍ਹਾਂ ਦੀ ਦੈਵੀ ਵਿਵਸਥਾ ਹੁੰਦੀ ਹੈ। ਭਾਵ ਦੇਵਪਤੀ ਦੀ ਕਲਪਨਾ ਵਿਚ ਮਨੁੱਖ ਆਪਣੇ ਰਾਜਪਤੀ ਦੇ ਮੁਹਾਂਦਰੇ ਨੂੰ ਅੱਗੇ ਰੱਖਦਾ ਹੈ। ਵੈਦਿਕ ਕਾਲ ਦੇ ਚਲਦੇ-ਫਿਰਦੇ ਕਬਾਇਲੀ ਮੁਖੀਆਂ ਵੇਲੇ ਗਤੀਸ਼ੀਲ (ਧੇਨਅਮਚਿ) ਕੁਦਰਤੀ ਸ਼ਕਤੀਆਂ, ਉੱਤਰ-ਵੈਦਿਕ ਕਾਲ ਦੇ ਚੜ੍ਹਦੇ ਭੂਮੀ-ਪਤੀਆਂ ਵੇਲੇ ਇਨਸਾਨੀ ਕਿਰਦਾਰਾਂ ਵਾਲੇ ਦੇਵੀ-ਦੇਵਤੇ, ਮੱਧਕਾਲ ਦੇ ਚੱਕਰਵਰਤੀ ਸ਼ਹਿਨਸ਼ਾਹਾਂ ਵਕਤ ਇਕ ਸਰਬਸ਼ਕਤੀਮਾਨ ਹੁਕਮਰਾਨ, ਲੋਕਤੰਤਰੀ ਕਾਲ ਵਿਚ ਛਵੀ-ਰਹਿਤ ਸਰਬ-ਵਿਆਪਕ ਸ਼ਕਤੀ ਤੇ ਭਵਿੱਖ ਦੀ ਮਨੁੱਖੀ ਸਨਮਾਨ ਵਾਲੀ ਰਾਜ-ਰਹਿਤ ਵਿਵਸਥਾ ਵਿਚ ਕਣ-ਕਣ ਭਗਵਾਨ ਦੀ ਧਾਰਨਾ, ਸਭ ਏਂਗਲਜ਼ ਦੇ ਸਿੱਟਿਆਂ ਨੂੰ ਸਹੀ ਸਿੱਧ ਕਰਦੇ ਹਨ। ਮੱਧਕਾਲ ਵਿਚ ਸ਼ਹਿਨਸ਼ਾਹਾਂ ਦੇ ਆਲੀਸ਼ਾਨ ਮਹਿਲ ਤੇ ਦਰਬਾਰ ਹੁੰਦੇ ਸਨ, ਜਿਨ੍ਹਾਂ ਵਿਚ ਉੱਘੇ ਸਮਕਾਲੀ ਗਵੱਈਏ ਉਨ੍ਹਾਂ ਦਾ ਗੀਤ-ਸੰਗੀਤ ਨਾਲ ਮਨੋਰੰਜਨ ਕਰਦੇ ਸਨ। ਉਨ੍ਹਾਂ ਵਿਚ ਕਈ ਸਾਜ ਵਜਾਉਣ ਵਾਲੇ ਸਾਜਿੰਦੇ ਤੇ ਕਈ ਹਵਾ ਵਾਲੇ ਸਾਜਾਂ ਨੂੰ ਵਜਾਉਣ ਵਾਲੇ ਵਾਵੱਈਏ ਹੁੰਦੇ ਸਨ। ਇਸ ਤੋਂ ਇਲਾਵਾ ਅਨੇਕਾਂ ਹੋਰ ਸੇਵਕਗਣ ਸੇਵਾ ਵਿਚ ਹਾਜ਼ਰ ਖੜ੍ਹੇ ਰਹਿੰਦੇ ਸਨ। ਇਹ ਸਭ ਸ਼ਹਿਨਸਾਹ ਦੇ ਮਹਿਲ ਵਿਚ ਉਸ ਦੇ ਸੌਣ ਵੇਲੇ ਤੀਕ ਉਸ ਦਾ ਦਿਲ ਬਹਿਲਾਉਂਦੇ ਰਹਿੰਦੇ ਸਨ। ਉਨ੍ਹਾਂ ਦਿਨਾਂ ਵਿਚ ਕਿਸੇ ਲਈ ਗਾਉਣਾ ਜਾਂ ਉਸ ਉੱਤੇ ਖੜ੍ਹਾ ਰਹਿਣਾ, ਉਸ ਦੀ ਗੁਲਾਮੀ ਕਰਨ ਦੇ ਬਰਾਬਰ ਸਮਝਿਆ ਜਾਂਦਾ ਸੀ। ਇਸੇ ਤੁਲਨਾ ਅਨੁਸਾਰ ਉਸ ਵੇਲੇ ਦੇ ਧਰਮ ਗੁਰੂ ਆਪਣੇ ਪ੍ਰਭੂ ਦਾ ਨਿਵਾਸ ਅਸਥਾਨ ਤੇ ਕਾਰਜ-ਸਥਲ ਚਿਤਵਦੇ ਸਨ। ਉਹ ਕਲਪਨਾ ਕਰਦੇ ਸਨ ਕਿ ਉਨ੍ਹਾਂ ਦੇ ਪਰਮੇਸ਼ਰ ਦਾ ਵੀ ਉਸੇ ਭਾਂਤ ਦਾ ਪਰ ਬਹੁਤ ਵੱਡਾ ਮਹਿਲ ਹੋਵੇਗਾ ਤੇ ਉਸ ਦੇ ਮਨੋਰੰਜਨ ਲਈ ਉਸੇ ਤਰ੍ਹਾਂ ਦਾ ਮਾਹੌਲ ਹੋਵੇਗਾ। ਉਸ ਦੇ ਦਰਬਾਰ ਵਿਚ ਵੀ ਗਾਉਣ ਲਈ ਅਨੇਕਾਂ ਗਵੱਈਏ ਤੇ ਵਾਵੱਈਏ ਅਤੇ ਨੱਚਣ ਲਈ ਹੂਰਾਂ-ਪਰੀਆਂ ਹੋਣਗੀਆਂ। ਗੁਰੂ ਸਾਹਿਬ ਇਸੇ ਪ੍ਰਚਲਿਤ ਮਾਨਤਾ ਨੂੰ ਆਪਣੇ ਕਟਾਕਸ਼-ਭਰਪੂਰ ਉੱਤਰ ਦਾ ਆਧਾਰ ਬਣਾਉਂਦੇ ਹਨ।
ਇਸ ਪਉੜੀ ਵਿਚ ਗੁਰੂ ਸਾਹਿਬ ਜਗਿਆਸੂਆਂ ਨੂੰ ਕੁਝ ਇਸ ਤਰ੍ਹਾਂ ਸੰਬੋਧਨ ਕਰਦੇ ਲਗਦੇ ਹਨ, ਪੁੱਛਦੇ ਹੋ ਉਹ ਕਿਹੋ ਜਿਹਾ ਦਰ ਹੈ ਤੇ ਕਿਹੋ ਜਿਹਾ ਘਰ ਹੈ, ਜਿੱਥੇ ਬੈਠ ਕੇ ਉਹ ਸਭ ਕੁਝ ਨੂੰ ਸੰਭਾਲਦਾ ਹੈ, ਲਓ ਸੁਣੋ। (ਉਸ ਦਾ ਸਥਾਨ ਜਿਹੋ ਜਿਹਾ ਵੀ ਹੋਵੇ) ਉੱਥੇ ਕਿੰਨੇ ਹੀ ਗਵੱਈਏ ਤੇ ਵਾਵੱਈਏ ਅਨੇਕਾਂ ਅਵਾਜ਼ਾਂ ਤੇ ਸਾਜ਼ਾਂ ਨਾਲ ਅਣਗਿਣਤ ਰਾਗ ਵਜਾ ਰਹੇ ਹਨ। ਕਿੰਨੇ ਹੀ ਪਰੀਆਂ ਨੂੰ ਰਾਗ ਦੱਸ ਰਹੇ ਹਨ ਤੇ ਕਿੰਨੇ ਹੀ ਗਾ ਗਾ ਕੇ ਪੱਕੇ ਰਾਗਾਂ ਦਾ ਅਲਾਪ ਕਰ ਰਹੇ ਹਨ। ਇਹ ਇੱਡਾ ਵਿਆਪਕ ਦਰਬਾਰ ਹੈ ਕਿ ਇਸ ਵਿਚ ਸਭ ਕਲਪੇ ਦੇਵੀ-ਦੇਵਤੇ ਭਾਵ ਹਵਾ, ਪਾਣੀ, ਅਗਨੀ ਤੇ ਧਰਮਰਾਜ ਗਾਉਂਦੇ ਹਨ। ਲੇਖੇ ਲਿਖ-ਲਿਖ ਹਿਸਾਬ ਰੱਖਣ ਵਾਲਾ ਤੇ ਧਰਮ ਦੀ ਪਾਲਣਾ ਕਰਨ ਵਾਲਾ ਚਿਤਰ-ਗੁਪਤ ਵੀ ਉੱਥੇ ਗਾਉਂਦਾ ਹੈ। ਉੱਥੇ ਹੀ ਸਦਾ ਸਜੇ-ਧਜੇ ਰੂਪ ਵਿਚ ਖੜ੍ਹੇ ਬ੍ਰਹਮਾ, ਸ਼ਿਵਜੀ ਤੇ ਪਾਰਵਤੀ ਦੇਵੀ ਗਾਉਂਦੇ ਹਨ। ਆਪਣੇ ਆਸਣ ‘ਤੇ ਬੈਠਾ ਇੰਦਰ ਦੂਜੇ ਦੇਵਤਿਆਂ ਨਾਲ ਉਸ ਦਰ ‘ਤੇ ਗਾਉਂਦਾ ਹੈ। ਸਮਾਧੀਆਂ ਵਿਚ ਮਗਨ ਸਿੱਧ ਤੇ ਸਾਧਾਰਨ ਸਾਧ ਉੱਥੇ ਗਾਉਣ ਦੀ ਸੇਵਾ ਕਰ ਰਹੇ ਹਨ। ਜੁਗਾਂ ਜੁਗਾਂਤਰਾਂ ਤੋਂ ਵੇਦਾਂ ਨੂੰ ਪੜ੍ਹਨ ਵਾਲੇ ਪੰਡਿਤ ਤੇ ਰਿਸ਼ੀ ਮੁਨੀ, ਜਤ-ਸਤ ਵਾਲੇ ਸੰਤੋਖੀ ਤੇ ਬਹਾਦਰ ਯੋਧੇ ਉੱਥੇ ਗਾਉਣ ਦਾ ਫਰਜ਼ ਅਦਾ ਕਰਦੇ ਹਨ। ਇਸ ਨਾਲ ਹੀ ਸੁਰਗਾਂ ਵਿਚ ਰਹਿਣ ਵਾਲੀਆਂ ਮਨ-ਮੋਹਿਕ ਸੁੰਦਰੀਆਂ ਤੇ ਤੁਹਾਡੇ ਬਣਾਏ ਹੋਏ ਅਠਸਠ ਤੀਰਥ ਵੀ ਉਸ ਦੀ ਉਪਾਸਨਾ ਲਈ ਗਾ ਰਹੇ ਹਨ। ਵੱਡੇ ਸੂਰਬੀਰ ਯੋਧੇ, ਚਾਰੇ ਖਾਣੀਆਂ ਤੇ ਯੁਗਾਂ ਯੁਗਾਂਤਰਾਂ ਤੋਂ ਬਣਾ ਕੇ ਰੱਖੇ ਪਏ ਬ੍ਰਹਿਮੰਡ ਦੇ ਖੰਡ ਤੇ ਮੰਡਲ ਵੀ ਉੱਥੇ ਗਾ ਰਹੇ ਹਨ। ਉਸ ਦੀ ਚਾਹ ਵਿਚ ਰੰਗੇ ਉਸ ਦੇ ਰਸੀਏ ਭਗਤ ਵੀ ਉਸ ਦੀ ਸੇਵਾਦਾਰੀ ਵਿਚ ਗਾ ਰਹੇ ਹਨ। ਕਿੰਨੇ ਹੀ ਹੋਰ ਉਸ ਦਰ ‘ਤੇ ਬੈਠੇ ਗਾ ਰਹੇ ਹਨ, ਜਿਨ੍ਹਾਂ ਦੇ ਨਾਨਕ ਨੂੰ ਨਾਮ ਵੀ ਯਾਦ ਨਹੀਂ। ਕੁਝ ਇਕ ਦੇਵੀ-ਦੇਵਤੇ ਤੇ ਸ਼ਰਧਾਲੂ-ਗਣ ਤਾਂ ਕੀ, ਸਾਰੀ ਦੁਨੀਆਂ ਹੀ ਉਸ ਦਰ ‘ਤੇ ਵਿਛੀ ਪਈ ਹੈ। ਜੋ ਨਿਰਜੀਵ ਨਹੀਂ ਵੀ ਗਾ ਸਕਦੇ, ਉਹ ਵੀ ਉਸ ਦੀ ਮਹਿਮਾ ਗਾ ਰਹੇ ਹਨ।
ਇਹ ਹੈ ਉਸ ਸਦੀਵੀ ਪਰਮ-ਸਤਿ ਦਾ ਰੁਤਬਾ, ਜਿਸ ਨੇ ਇਹ ਬ੍ਰਹਿਮੰਡ ਸਾਜਿਆ ਹੈ ਤੇ ਜੋ ਇਸ ਵਿਚ ਸੱਚਾ ਨਿਆਂ ਵਰਤਾ ਰਿਹਾ ਹੈ। ਭਾਂਤ ਭਾਂਤ ਦੇ ਰੰਗਾਂ ਰੂਪਾਂ ਵਾਲੀ ਪਦਾਰਥੀ ਮਾਇਆ ਦਾ ਉਹ ਘਾੜਤ ਉਸ ਕਲਾਕਾਰ ਦੀ ਨਿਆਈ ਹੈ, ਜੋ ਆਪਣੀ ਕਲਾ ਕ੍ਰਿਤੀ ਨੂੰ ਬਣਾ ਬਣਾ ਕੇ ਆਪ ਹੀ ਦੇਖਣਾ ਚਾਹੁੰਦਾ ਹੈ। ਜੋ ਉਸ ਨੇ ਕਰਨਾ ਹੈ, ਉਹ ਉਹੀ ਕਰਦਾ ਹੈ, ਉਸ ਨੂੰ ਕੋਈ ਹੁਕਮ ਨਹੀਂ ਕਰ ਸਕਦਾ। ਬਾਦਸ਼ਾਹਾਂ ਦੇ ਬਾਦਸ਼ਾਹਾਂ ਦੇ ਬਾਦਸ਼ਾਹ ਵੀ ਉਸ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ।
ਗੁਰੂ ਸਾਹਿਬ ਦੇ ਕਹਿਣ ਦਾ ਸਾਰ ਹੈ ਕਿ ਉਹ ਘਰ ਬਾਰ ਤਾਂ ਜਦੋਂ ਲੱਭਿਆ ਗਿਆ ਉਦੋਂ ਪਤਾ ਲੱਗ ਹੀ ਜਾਵੇਗਾ ਕਿ ਕਿੱਥੇ ਹੈ ਤੇ ਕਿਹੋ ਜਿਹਾ ਹੈ, ਪਰ ਪਹਿਲਾਂ ਇਹ ਤਾਂ ਜਾਣ ਲਵੋ ਕਿ ਉਹ ਕਿੰਨਾ ਕੁ ਵਿਸ਼ਾਲ ਤੇ ਵਿਰਾਟ ਹੈ। ਉਸ ਦਰ ‘ਤੇ ਸਭ ਛੋਟੀਆਂ ਵੱਡੀਆਂ ਕਾਲਪਨਿਕ ਤੇ ਅਰਧ-ਕਾਲਪਨਿਕ ਦੈਵਿਕ ਹਸਤੀਆਂ ਮੱਥੇ ਰਗੜ ਰਹੀਆਂ ਹਨ ਅਤੇ ਸੰਸਾਰਕ ਹੁਕਮਰਾਨਾਂ ਦੇ ਹੁਕਮਰਾਨ ਵੀ ਉੱਥੇ ਪਾਣੀ ਭਰਦੇ ਹਨ। ਪੁੱਛਣ ਤਾਂ ਲੱਗੇ ਹੋ, ਸੋਚ ਵੀ ਸਕੋਗੇ ਉਸ ਬਾਰੇ?