ਸੜਕਾਂ ਅਤੇ ਮਾਂਵਾਂ

ਇੰਦਰਜੀਤ ਚੁਗਾਵਾਂ
ਸੜਕਾਂ ਬਿਨ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ! ਮਾਂਵਾਂ ਬਿਨ ਜ਼ਿੰਦਗੀ ਦੀ ਜੜ੍ਹ ਨਹੀਂ ਲੱਗ ਸਕਦੀ! ਸੜਕਾਂ ਨੇ ਜ਼ਿੰਦਗੀ ਨੂੰ ਰਫਤਾਰ ਬਖਸ਼ੀ ਹੈ। ਮਾਂਵਾਂ ਤੇਜ਼ ਰਫਤਾਰ ਜ਼ਿੰਦਗੀ ਨਾਲ ਕਦਮ ਮਿਲਾਉਣ ‘ਚ ਪੂਰੀ ਵਾਹ ਲਾ ਰਹੀਆਂ ਹਨ। ਆਲੇ-ਦੁਆਲੇ ਦੇ ਹਾਣ ਦਾ ਹੋਣਾ, ਉਸ ਨੂੰ ਸਮਝਣਾ ਤੇ ਆਪਣੀ ਔਲਾਦ ਨੂੰ ਸੰਭਾਵੀ ਖਤਰਿਆਂ ਤੋਂ ਬਚਾ ਕੇ ਰੱਖਣਾ ਇੱਕ ਮਾਂ ਦੀ ਪਰਮ-ਅਗੇਤ ਹੁੰਦੀ ਹੈ। ਬਿਨਾ ਸ਼ੱਕ ਬਾਪ ਵੀ ਬਰਾਬਰ ਦਾ ਜ਼ਿੰਮੇਵਾਰ ਹੁੰਦਾ ਹੈ, ਪਰ ਇਹ ਜ਼ਿੰਮੇਵਾਰੀ ਮੁੱਖ ਤੌਰ ‘ਤੇ ਮਾਂ ਦੇ ਸਿਰ ਹੀ ਹੁੰਦੀ ਹੈ।

ਇਹ ਕੋਈ ਛੋਟਾ-ਮੋਟਾ ਕਾਰਜ ਨਹੀਂ, ਇਹ ਇੱਕ ਵੱਡੀ ਜੱਦੋ-ਜਹਿਦ ਹੈ। ਇਸ ਜੱਦੋ-ਜਹਿਦ ‘ਚ ਕੁਝ ਬਦਕਿਸਮਤ ਮਾਂਵਾਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਅਵੇਸਲੀਆਂ ਹੋ ਉਖੜ ਜਾਂਦੀਆਂ ਹਨ ਤੇ ਉਮਰਾਂ ਦੇ ਜ਼ਖਮ ਖਾ ਬੈਠਦੀਆਂ ਹਨ। ਅਜਿਹੀਆਂ ਮਾਂਵਾਂ ਬੇਸ਼ੱਕ ਤੁਹਾਡੇ ਨਾਲ ਕੋਈ ਸਬੰਧ ਨਾ ਵੀ ਰੱਖਦੀਆਂ ਹੋਣ, ਪਰ ਉਨ੍ਹਾਂ ਦੇ ਜ਼ਖਮ, ਤੁਹਾਡੇ ਖੁਦ ਦੇ ਜ਼ਖਮ ਹਰੇ ਕਰ ਜਾਂਦੇ ਹਨ!
ਗੱਲ ਕੋਈ ਖਾਸ ਤਾਂ ਨਹੀਂ ਸੀ!
ਜੱਗੋਂ ਤੇਰ੍ਹਵੀਂ ਵੀ ਨਹੀਂ!
ਰੋਜ਼ ਵਾਪਰਦੀਆਂ ਹਨ ਅਜਿਹੀਆਂ ਘਟਨਾਵਾਂ।
ਉਫ! ਘਟਨਾਵਾਂ ਨਹੀਂ, ਦੁਰਘਟਨਾਵਾਂ!!
ਅਜਿਹਾ ਈ ਹੁੰਦੈ! ਕਿਸਾਨ ਖੁਦਕੁਸ਼ੀਆਂ ਵਾਂਗ!!
ਪਹਿਲਾਂ ਪਹਿਲ ਸੁਰਖੀਆਂ ਬਣਦੀ ਰਹੀ ਇਹ ਖਬਰ ਕਿਸੇ ਅੰਦਰਲੇ ਸਫੇ ਦੀ ਥਾਂ-ਭਰਾਵੀ ਬਣਨ ਲੱਗ ਪਈ ਹੈ!
ਟਰੱਕ ਚਲਾਉਂਦਿਆਂ ਸੜਕ ‘ਤੇ ਰੁਲਦੇ ਪਸੂਆਂ ਦੇ ਕਈ ਮੁਰਦਾਰ ਰੋਜ਼ ਦੇਖਦੇ ਹਾਂ, ਜਿਨ੍ਹਾਂ ‘ਚ ਵੱਡੀ ਗਿਣਤੀ ਹਿਰਨਾਂ ਦੀ ਹੁੰਦੀ ਹੈ। ਇਸ ਬਾਰੇ ਆਪਸ ‘ਚ ਚਰਚਾ ਵੀ ਕਰਦੇ ਹਾਂ!
“ਕੋਈ ਚੁੱਕ ਕੇ ਪਾਸੇ ਵੀ ਨਹੀਂ ਕਰਦਾ ਯਾਰ ਇਨ੍ਹਾਂ ਨੂੰ! ਹਿਰਨ ਦਾ ਤਾਂ ਸ਼ਿਕਾਰ ਕਰਕੇ ਖਾਂਦੇ ਹਨ ਆਪਣੇ ਲੋਕ,” ਮੇਰੇ ਸਹਿਯੋਗੀ ਡਰਾਈਵਰ ਦਲਜੀਤ ਨੇ ਇੱਕ ਦਿਨ ਆਖਿਆ ਸੀ।
“ਆਪਣੇ ਤਾਂ ਏਨੀ ਦੇਰ ਨੂੰ ਦੇਗ ‘ਚ ਪਿਆ ਰਿੱਝਦਾ ਹੋਣਾ ਸੀ,” ਮੇਰਾ ਜੁਆਬ ਸੀ। ਭਾਵੇਂ ਇਹ ਜੰਗਲੀ ਜਾਨਵਰ ਹੀ ਹਨ, ਫੇਰ ਵੀ ਮਨ ਦੇ ਕਿਸੇ ਕੋਨੇ ‘ਚੋਂ ਇਨ੍ਹਾਂ ਬੇਜ਼ੁਬਾਨਿਆਂ ਲਈ ਹਾਅ ਨਿਕਲ ਜਾਂਦੀ ਹੈ। ਇਸ ਗੱਲ ਦਾ ਸ਼ੁਕਰ ਮਨਾਈ ਦਾ ਸੀ ਕਿ ਸਾਡੇ ਟਰੱਕ ਥੱਲੇ ਕੋਈ ਜਾਨਵਰ ਨਹੀਂ ਆਇਆ, ਪਰ ਉਸ ਦਿਨ ਇਹ ਹਾਦਸਾ ਸਾਡੀਆਂ ਅੱਖਾਂ ਸਾਹਮਣੇ ਵੀ ਵਾਪਰ ਗਿਆ ਤੇ ਵਾਪਰਿਆ ਵੀ ਅੱਖ ਦੇ ਫੋਰ ‘ਚ।
ਅਮਰੀਕਾ ਦੇ ਫਰੀਵੇ ‘ਤੇ ਮੋਟਰ ਗੱਡੀਆਂ, ਖਾਸ ਕਰ ਟਰੱਕ ਗੋਲੀ ਦੀ ਰਫਤਾਰ ਨਾਲ ਚੱਲਦੇ ਹਨ। ਸੱਤਰ ਤੋਂ ਅੱਸੀ ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਦੇ ਇਨ੍ਹਾਂ ਟਰੱਕਾਂ ਨੂੰ ਫੌਰੀ ਤੌਰ ‘ਤੇ ਰੋਕਣਾ ਸੰਭਵ ਨਹੀਂ ਹੁੰਦਾ। ਡਰਾਈਵਰਾਂ ਨੂੰ ਚੌਕਸ ਕਰਨ ਲਈ ਥਾਂ ਥਾਂ ਜਿੱਥੇ ਮਿੱਥੀ ਰਫਤਾਰ, ਕੂਹਣੀ ਮੋੜਾਂ ਬਾਰੇ ਤੇ ਹੋਰ ਟ੍ਰੈਫਿਕ ਸਾਈਨ ਬੋਰਡ ਲੱਗੇ ਹੋਏ ਹਨ, ਉਥੇ ਜੰਗਲੀ ਇਲਾਕਿਆਂ ‘ਚ ਅਜਿਹੇ ਬੋਰਡ ਵੀ ਹਨ, ਜੋ ਤੁਹਾਨੂੰ ਖਬਰਦਾਰ ਕਰਦੇ ਹਨ ਕਿ ਇਸ ਇਲਾਕੇ ‘ਚ ਜੰਗਲੀ ਜਾਨਵਰ ਅਚਾਨਕ ਤੁਹਾਡੇ ਸਾਹਮਣੇ ਆ ਸਕਦਾ ਹੈ, ਇਸ ਲਈ ਆਪਣੇ ਬਚਾਓ ਲਈ ਤਿਆਰ-ਬਰ-ਤਿਆਰ ਰਹੋ।
ਸਪੋਕੇਨ (ਵਾਸ਼ਿੰਗਟਨ) ਤੋਂ ਟਰੇਸੀ (ਕੈਲੀਫੋਰਨੀਆ) ਜਾ ਰਹੇ ਸਾਂ। ਸਟੀਅਰਿੰਗ ਵ੍ਹੀਲ ‘ਤੇ ਦਲਜੀਤ ਸੀ ਤੇ ਮੈਂ ਨਾਲ ਬੈਠਾ ਕੁਦਰਤ ਦੇ ਨਜ਼ਾਰਿਆਂ ਨੂੰ ਕੈਦ ਕਰਨ ਦੀ ਆਪਣੀ ਲਲਕ ਪੂਰੀ ਕਰਨ ਵਾਸਤੇ ਆਈ-ਫੋਨ ਲਈ ਬੈਠਾ ਸਾਂ। ਅਚਾਨਕ ਖੱਬੇ ਪਾਸੇ ਨਜ਼ਰ ਗਈ। ਇੱਕ ਬਹੁਤ ਹੀ ਮਲੂਕ ਜਿਹਾ ਹਿਰਨ-ਬਾਲ ਸਾਹਮਣੇ ਆਇਆ। ਬੱਗਾ ਰੰਗ, ਕੰਨ ਖੜੇ, ਡੌਰ-ਭੌਰ ਅੱਖਾਂ! ਜੀ ਕੀਤਾ ਕਿ ਫੋਟੋ ਖਿੱਚ ਲਵਾਂ, ਪਰ ਨਹੀਂ! ਉਹ ਡਰਿਆ ਹੋਇਆ ਸੀ।
ਮੇਰਾ ਜੀ ਕੀਤਾ ਕਿ ਉਸ ਨੂੰ ਕੁੱਛੜ ਚੁੱਕ ਲਵਾਂ, ਪਰ ਨਹੀਂ! ਉਸ ਨੇ ਅਚਾਨਕ ਛਾਲ ਮਾਰ ਦਿੱਤੀ! ਮੈਂ ਹਿੱਲ ਗਿਆ ਸੀ, ਮੇਰੇ ਹੱਥੋਂ ਮੋਬਾਇਲ ਡਿਗ ਪਿਆ! ਦਲਜੀਤ ਦੇ ਮੂੰਹੋਂ ਨਿਕਲਿਆ, “ਉਹ ਤੇਰੀ!”
“ਸ਼ੁਕਰ ਆ, ਬਚ ਗਿਆ,” ਮੇਰੇ ਮੂੰਹੋਂ ਨਿਕਲਿਆ, ਪਰ ਨਹੀਂ! ਨਾਲ ਆਉਂਦੇ ਟਰੱਕ ਨੇ ਉਸ ਨੂੰ ਲਪੇਟ ਲਿਆ ਸੀ! ਉਫ, ਮੇਰਿਆ ਰੱਬਾ!!
ਲਿਖਣ ਨੂੰ ਸਮਾਂ ਲੱਗ ਰਿਹਾ ਹੈ!
ਹੱਥ ਕੰਬ ਰਹੇ ਹਨ!
ਅੱਖਾਂ ‘ਚ ਝੜੀ ਹੈ!
ਇੱਕ ਖੂਬਸੂਰਤ ਅਣਭੋਲ ਜੀਅ ਪਲ ਭਰ ‘ਚ ਸੜਕ ਨੇ ਨਿਗਲ ਲਿਆ!
ਅੱਖ ਦੇ ਫੋਰ ‘ਚ ਸਭ ਕੁਝ ਖਤਮ!
ਇੱਕ ਅਜੀਬ ਜਿਹੀ ਅਵਾਜ਼ ਆਈ ‘ਕਰਰਰਚ’ ਤੇ ਬਸ!!
ਸਾਡਾ ਟਰੱਕ ਬਹੁਤ ਦੂਰ ਨਿਕਲ ਚੁਕਾ ਸੀ, ਪਰ ਮੈਂ ਓਥੇ ਈ ਖੜਾ ਸਾਂ। ਉਹ ਹਿਰਨ-ਬਾਲ ਖੂਨ ਨਾਲ ਲੱਥ-ਪੱਥ ਨਿੱਕੇ-ਨਿੱਕੇ ਟੋਟਿਆਂ ‘ਚ ਬਦਲਿਆ ਪਿਆ ਸੀ। ਉਸ ਦੀਆਂ ਅੱਖਾਂ ਉਵੇਂ ਹੀ ਖੁੱਲ੍ਹੀਆਂ ਪਈਆਂ ਤੱਕ ਰਹੀਆਂ ਸਨ! ਸਾਰੇ ਜੰਗਲ ‘ਚ ਕੋਹਰਾਮ ਸੀ! ਉਸ ਦੀ ਮਾਂ ਉਸ ਦਾ ਸਿਰ ਗੋਦ ‘ਚ ਲਈ ਵਿਰਲਾਪ ਕਰ ਰਹੀ ਸੀ! ਕੋਸ ਰਹੀ ਸੀ ਉਸ ਘੜੀ ਨੂੰ, ਜਦ ਉਹ ਅਵੇਸਲਾ ਹੀ ਆਪਣਾ ਹੱਥ ਛੁਡਾ ਨਿਕਲ ਤੁਰਿਆ ਤੇ ਪਲ ਭਰ ‘ਚ ਹੀ ਉਸ ਨੂੰ ਸੜਕ ਨਿਗਲ ਗਈ। ਉਸ ਦਾ ਬਾਪ ਪਾਗਲ ਹੋ ਗਿਆ ਸੀ। ਉਹ ਦਰਖਤਾਂ ਦੇ ਗਲ ਲੱਗ ਉਚੀ ਉਚੀ ਹੱਸ ਰਿਹਾ ਸੀ!…ਤੇ ਦੂਜੇ ਜਾਨਵਰ ਉਸ ਨੂੰ ਫੜ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਅਚਾਨਕ ਇਸ ਜੰਗਲ ਨੇ ਸਾਡੇ ਵਿਹੜੇ ਦਾ ਰੂਪ ਧਾਰ ਲਿਆ। ਚੀਕ-ਚਿਹਾੜਾ ਮੱਚਿਆ ਪਿਆ ਹੈ। ਸਾਰਾ ਪਿੰਡ ਵਿਹੜੇ ‘ਚ ਜੁੜਿਆ ਹੋਇਆ ਹੈ। ਛੋਟੀ ਭਾਬੀ ਡੇਢ ਕੁ ਸਾਲ ਦੇ ਆਪਣੇ ਪੁੱਤ ਮੋਲੀ ਨੂੰ ਝੋਲੀ ‘ਚ ਲਈ ਵੈਣ ਪਾ ਰਹੀ ਸੀ। ਉਹ ਭੁੱਲ ਗਈ ਸੀ ਕਿ ਕੂਲਰ ਸ਼ਾਟ ਮਾਰਦਾ ਹੈ। ਉਸ ਨੂੰ ਨੁਹਾ ਕੇ ਫਰਸ਼ ‘ਤੇ ਵਿਛੀ ਚਟਾਈ ਉਪਰ ਬੈਠਾ ਕੇ ਰਸੋਈ ‘ਚ ਅਜੇ ਪੈਰ ਨਹੀਂ ਸੀ ਪਾਇਆ ਕਿ ਮੋਲੀ ਕੂਲਰ ਨੂੰ ਜਾ ਲੱਗਾ ਤੇ ਪਲ ਭਰ ‘ਚ ਖੇਲ ਖਤਮ। ਜਦ ਮੈਂ ਉਸ ਨੂੰ ਆਪਣੇ ਬੈੱਡ ‘ਤੇ ਲਿਟਾ ਦਿੰਦਾ ਤਾਂ ਉਹ ਪਲਸੇਟੀ ਮਾਰ ਇੱਕ ਦਮ ਸਿੱਧਾ ਹੋ ਜਾਂਦਾ ਤੇ ਦੋਵੇਂ ਹੱਥ ਉਪਰ ਵੱਲ ਕਰ ਇੱਕ ਅਜੀਬ ਜਿਹੀ ਹਰਕਤ ਕਰਦਾ, ਬਿਲਕੁਲ ਮੱਛੀ ਵਾਂਗ! ਜਦ ਵੀ ਅਕੇਵਾਂ ਭਾਰੂ ਹੋਣਾ ਤਾਂ ਉਸ ਦੀ ਇਹ ਹਰਕਤ ਦੇਖਣ ਲਈ ਉਸ ਨੂੰ ਚੁੱਕ ਲੈਣਾ, ਬੈੱਡ ‘ਤੇ ਲਿਟਾ ਹੋਰਨਾਂ ਨੂੰ ਵੀ ਅਵਾਜ਼ਾਂ ਮਾਰਨੀਆਂ ਕਿ ਆਹ ਦੇਖੋ! ਬਾਕੀ ਪਰਿਵਾਰ ਨੇ ਕਹਿਣਾ ਕਿ ਮੋਲੀ ਨੇ ਤਾਂ ਤਾਇਆ ਸ਼ੁਦਾਈ ਬਣਾ ਦਿੱਤਾ! ਪਰ ਹੁਣ ਮੋਲੀ ਕੁਝ ਵੀ ਨਹੀਂ ਸੀ ਕਰ ਰਿਹਾ! ਤਾਏ ਵੱਲ ਦੇਖ ਕੇ ਅਹੁਲਣ ਵਾਲਾ ਮੋਲੀ ਬੇਹਰਕਤ ਪਿਆ ਹੋਇਆ ਸੀ! ਮੋਲੀ ਦਾ ਬਾਪ, ਮੇਰਾ ਭਰਾ ਸਦਮੇ ‘ਚ ਪਾਗਲ ਹੋ ਗਿਆ ਸੀ! ਪਰਿਵਾਰ ਕੀ, ਸਾਰਾ ਪਿੰਡ ਸੁੰਨ ਹੋਇਆ ਪਿਆ ਸੀ। ਮੋਲੀ ਨੂੰ ਸ਼ਮਸ਼ਾਨ ਘਰ ਤੱਕ ਮੈਂ ਚੁੱਕ ਕੇ ਲੈ ਕੇ ਗਿਆ ਸਾਂ। ਮੈਂ ਆਪਣੀ ਜ਼ਿੰਦਗੀ ‘ਚ ਏਨਾ ਭਾਰੀ ਬੋਝ ਅੱਜ-ਤੱਕ ਨਹੀਂ ਉਠਾਇਆ ਤੇ ਇਹੋ ਦੁਆ ਹੈ ਕਿ ਕਿਸੇ ਵੀ ਮਾਂ-ਬਾਪ ਨੂੰ ਆਪਣੀ ਜ਼ਿੰਦਗੀ ‘ਚ ਅਜਿਹਾ ਬੋਝ ਕਦੇ ਨਾ ਉਠਾਉਣਾ ਪਵੇ। ਮੋਲੀ ਦਾ ਮਾਮਾ ਉਸ ਨੂੰ ਆਪਣੀਆਂ ਬਾਹਾਂ ‘ਚ ਲੈਣਾ ਚਾਹੁੰਦਾ ਸੀ, ਪਰ ਮੇਰੀਆਂ ਬਾਹਾਂ ਜਿਵੇਂ ਪੱਥਰ ਹੋ ਗਈਆਂ ਸਨ, ਚਾਹੁੰਦਿਆਂ ਵੀ ਮੇਰੀਆਂ ਬਾਹਾਂ ਖੁੱਲ੍ਹ ਨਹੀਂ ਸਨ ਰਹੀਆਂ!
“ਭਾਜੀ, ਏਨਾ ਵੀ ਦਿਲ ਨੂੰ ਨਹੀਂ ਲਾਈਦਾ! ਆਪਾਂ ਕਰ ਵੀ ਕੀ ਸਕਦੇ ਸੀ। ਨਾਲੇ ਇਹੋ ਜਿਹੇ ਸੀਨ ਤਾਂ ਆਪਾਂ ਰੋਜ਼ ਦੇਖਦੇ ਆਂ,” ਦਲਜੀਤ ਬੋਲਿਆ! ਉਸ ਦੇ ਇਨ੍ਹਾਂ ਬੋਲਾਂ ਨੇ ਮੈਨੂੰ ਵਰਤਮਾਨ ‘ਚ ਲੈ ਆਂਦਾ। ਮੇਰਾ ਸਰੀਰ ਸਾਹ-ਸਤ ਹੀਣ ਹੋਇਆ ਪਿਆ ਸੀ। ਮੇਰੀਆਂ ਬਾਹਾਂ ਠੰਡੀਆਂ ਸੀਤ ਹੋ ਗਈਆਂ ਸਨ। ਦਲਜੀਤ ਨੂੰ ਮੈਂ ਕੋਈ ਜੁਆਬ ਨਾ ਦੇ ਸਕਿਆ। ਆਪਣੀਆਂ ਬਾਹਾਂ ਘੁੱਟ ਕੇ ਸਹਿਜ ਹੋਣ ਦੀ ਕੋਸ਼ਿਸ਼ ਕੀਤੀ। ਦਲਜੀਤ ਦੀਆਂ ਗੱਲਾਂ ਵੱਲ ਧਿਆਨ ਲਾ ਕੇ ਆਪਣੇ ਆਪ ਨੂੰ ਇਸ ਤੂਫਾਨੀ ਵਰੋਲੇ ‘ਚੋਂ ਵਕਤੀ ਤੌਰ ‘ਤੇ ਕੱਢਣ ‘ਚ ਕਾਮਯਾਬ ਵੀ ਹੋ ਗਿਆ।
ਬਹੁਤ ਕੋਸ਼ਿਸ਼ ਕੀਤੀ ਭੁਲਾਉਣ ਦੀ, ਪਰ ਇਹ ਹਾਦਸਾ ਮੇਰੀ ਛਾਤੀ ਤੋਂ ਪਾਸੇ ਨਹੀਂ ਸੀ ਹਟ ਰਿਹਾ। ਕਦੇ ਉਹ ਹਿਰਨ-ਬਾਲ, ਕਦੇ ਮੇਰਾ ਮੋਲੀ ਮੇਰੀ ਛਾਤੀ ‘ਤੇ ਚੜ੍ਹ ਮੈਨੂੰ ਪ੍ਰੇਸ਼ਾਨ ਕਰਦੇ ਰਹੇ।
ਇੱਕ ਵਾਰ ਫੇਰ ਸਪੋਕੇਨ ਦਾ ਲੋਡ ਮਿਲ ਗਿਆ। ਵੀਡਜ ਸ਼ਹਿਰ ਲੰਘਦੇ ਸਾਰ ਅਚਾਨਕ ਚਾਰ ਹਿਰਨ ਬਾਲ ਸੜਕ ਵੱਲ ਆਉਂਦੇ ਨਜ਼ਰੀਂ ਪਏ। ਅਸੀਂ ਕੰਬ ਗਏ, ਪਰ ਓਸੇ ਪਲ ਉਨ੍ਹਾਂ ਦੀ ਮਾਂ ਆ ਹਾਜ਼ਰ ਹੋਈ। ਉਹ ਮਾਂ ਦੇ ਨਾਲ ਜਾ ਲੱਗੇ, ਜਿਵੇਂ ਮਾਂ ਨੇ ਬੁੱਕਲ ‘ਚ ਲੈ ਲਏ ਹੋਣ। ਮਾਂ ਆਪਣੀ ਇਹ ਸਾਰੀ ਦੁਨੀਆਂ ਲੈ ਕੇ ਪਿੱਛੇ ਵੱਲ ਜੰਗਲ ‘ਚ ਚਲੇ ਗਈ। ਇਹ ਭਾਵ-ਪੂਰਤ ਦ੍ਰਿਸ਼ ਦੇਖ ਕੇ ਅੱਖਾਂ ਇੱਕ ਵਾਰ ਫਿਰ ਨਮ ਹੋ ਗਈਆਂ, ਪਰ ਹੁਣ ਇਹ ਹੰਝੂ ਖੁਸ਼ੀ ਦੇ ਸਨ। ਇਨ੍ਹਾਂ ਹੰਝੂਆਂ ਨੇ ਮੇਰੀ ਛਾਤੀ ਉਪਰਲਾ ਬੋਝ ਵੀ ਜਿਵੇਂ ਲਾਹ ਦਿੱਤਾ ਹੋਵੇ। ਮੈਂ ਕਾਫੀ ਰਾਹਤ ਮਹਿਸੂਸ ਕਰ ਰਿਹਾ ਹਾਂ।
ਇਸ ਸਮੁੱਚੇ ਘਟਨਾਕ੍ਰਮ ਨੂੰ ਲੈ ਕੇ ਵਾਰ ਵਾਰ ਮਾਂ ਦੇ ਰੋਲ ਬਾਰੇ ਸੋਚ ਰਿਹਾ ਹਾਂ! ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਇਹ ਵੀ ਸੋਚ ਰਿਹਾ ਹਾਂ ਕਿ ਇਸ ਤੇਜ਼ ਰਫਤਾਰ ਜ਼ਿੰਦਗੀ ‘ਚ ਮਾਂ ਦਾ ਪੜ੍ਹੇ-ਗੁੜ੍ਹੇ ਹੋਣਾ ਕਿੰਨਾ ਲਾਜ਼ਮੀ ਹੈ! ਪੜ੍ਹ-ਲਿਖ ਤਾਂ ਬਹੁਤ ਜਾਂਦੇ ਹਨ, ਪਰ ਪੜ੍ਹਾਈ ਨੂੰ ਹਾਲਾਤ ਮੁਤਾਬਕ ਜ਼ਮੀਨ ‘ਤੇ ਉਤਾਰਨ ਦੀ ਜੁਗਤ ਜਿਸ ਨੂੰ ਆ ਜਾਵੇ, ਉਹੀ ਪੜ੍ਹਿਆ-ਗੁੜ੍ਹਿਆ ਅਖਵਾ ਸਕਦਾ ਹੈ।
ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਸੁਰੱਖਿਅਤ ਰਹਿਣ ਤਾਂ ਧੀਆਂ ਨੂੰ ਪੜ੍ਹਾ ਕੇ ਜ਼ਮਾਨੇ ਨੂੰ ਪੜ੍ਹੀਆਂ-ਗੁੜ੍ਹੀਆਂ ਮਾਂਵਾਂ ਦੇਣ ਦਾ ਫਰਜ਼ ਵੀ ਨਿਭਾਓ! ਸਿਰਫ ਸੜਕਾਂ ਦਾ ਜਾਲ ਹੀ ਤਰੱਕੀ ਦਾ ਪੈਮਾਨਾ ਨਹੀਂ ਹੋ ਸਕਦਾ। ਕਿਸੇ ਵੀ ਸਮਾਜ ਦੀ ਤਰੱਕੀ ਦੀ ਕਲਪਨਾ ਪੜ੍ਹੀਆਂ-ਗੁੜ੍ਹੀਆਂ ਮਾਂਵਾਂ ਤੋਂ ਬਿਨਾ ਕੀਤੀ ਹੀ ਨਹੀਂ ਜਾ ਸਕਦੀ।
ਮੈਨੂੰ ਤੇ ਮੇਰੀ ਹਮਸਫਰ ਨੂੰ ਮਾਣ ਹੈ ਕਿ ਅਸੀਂ ਜ਼ਮਾਨੇ ਨੂੰ ਦੋ ਸਮਰੱਥ ਮਾਂਵਾਂ ਦਿੱਤੀਆਂ ਹਨ!