‘ਸਾਹਿਤਕ ਚਰਚਾ ਦੇ ਪੰਨੇ’ ਦੀ ਚਰਚਾ

ਡਾ. ਹਰਪਾਲ ਸਿੰਘ ਪੰਨੂ
ਕਿਤਾਬ: ਸਾਹਿਤਕ ਚਰਚਾ ਦੇ ਪੰਨੇ
ਲੇਖਕ: ਪ੍ਰੋ. ਮੇਵਾ ਸਿੰਘ ਤੁੰਗ
ਪੰਨੇ: 288, ਕੀਮਤ: 350 ਰੁਪਏ
ਪ੍ਰਕਾਸ਼ਕ: ਸੰਗਮ, ਸਮਾਣਾ।
ਇਸ ਕਿਤਾਬ ਸਣੇ ਪ੍ਰੋ. ਤੁੰਗ ਦੀਆਂ ਹੁਣ ਤੱਕ ਪੰਦਰਾਂ ਕਿਤਾਬਾਂ ਛਪ ਚੁਕੀਆਂ ਹਨ, ਪਰ ਪੰਜਾਬੀ ਸਾਹਿਤ ਦੇ ਪਾਠਕਾਂ ਦਾ ਵੱਡਾ ਵਰਗ ਉਨ੍ਹਾਂ ਦੀ ਰਚਨਾ ਤੋਂ ਵਾਕਫ ਨਹੀਂ, ਕਿਉਂਕਿ ਨਾ ਉਨ੍ਹਾਂ ਨੇ ਕਦੀ ਸਾਹਿਤਕ ਮਜਲਿਸ ਭਖਾਈ, ਨਾ ਘੁੰਡ ਚੁਕਾਈ ਕੀਤੀ ਅਤੇ ਨਾ ਅਖਬਾਰਾਂ-ਰਸਾਲਿਆਂ ਦੇ ਕਾਲਮਾਂ ਵਿਚ ਦਸਤਕ ਦਿੱਤੀ,

ਹਮ ਤੋ ਪੁਰਾਨੀ ਕਿਤਾਬੇਂ ਹੈਂ ਯਾਰੋ,
ਹਮ ਕਹਾਂ ਬਿਕਤੇ ਹੈਂ ਰਿਸਾਲੋਂ ਕੀ ਤਰਹ।
ਉਕਤ ਕਥਨ ਹੋਰ ਕਿਸੇ ‘ਤੇ ਢੁਕੇ ਨਾ ਢੁਕੇ, ਪ੍ਰੋ. ਤੁੰਗ ਦੇ ਸੁਭਾਅ ‘ਤੇ ਪੂਰਾ ਉਤਰਦਾ ਹੈ। ਉਸ ਦੀਆਂ ਰਚਨਾਵਾਂ ਵਿਚ ਕਵਿਤਾ, ਕਹਾਣੀ, ਵਾਰਤਕ ਅਤੇ ਆਲੋਚਨਾ ਆਦਿਕ ਵਿਧਾਵਾਂ ਦੀਆਂ ਵੰਨਗੀਆਂ ਹਨ।
ਅੱਸੀਵਿਆਂ ਵਿਚ ਵਿਚਰਦਾ ਪ੍ਰੋ. ਤੁੰਗ, ਖਾਲਸਾ ਕਾਲਜ ਪਟਿਆਲਾ ਵਿਚੋਂ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਵਜੋਂ ਰਿਟਾਇਰ ਹੋ ਕੇ ਹੁਣ ਗੁਮਨਾਮ ਜ਼ਿੰਦਗੀ ਬਤੀਤ ਕਰ ਰਿਹਾ ਹੈ। ਜਿਹੜੇ ਸ਼ਖਸ ਉਸ ਨੂੰ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਉਹ ਸੂਚਨਾਵਾਂ ਦਾ ਅਥਾਹ ਗਹਿਰਾ ਸਾਗਰ ਹੈ। ਦੇਸ-ਵੰਡ ਤੋਂ ਸ਼ੁਰੂ ਕਰ ਲਵੋ, ਹੁਣ ਤੱਕ ਅਣਵੰਡਿਆ ਪੰਜਾਬ, ਇਸ ਦੇ ਬਹੁਰੰਗੀ ਨੇਤਾ, ਸਿਆਸੀ ਪਾਰਟੀਆਂ ਦੇ ਆਚਾਰ, ਵਿਹਾਰ, ਕਿਰਦਾਰ ਉਸ ਦੇ ਪੋਟਿਆਂ ਉਪਰ ਹਨ। ਪਿਛਲੇ ਦੋ ਦਹਾਕਿਆਂ ਤੋਂ ਸਰੀਰ ਉਸ ਦੇ ਕਾਬੂ ਵਿਚ ਨਾ ਹੋਣ ਕਾਰਨ ਲਿਖਣ ਵਿਚ ਦਿੱਕਤ ਆਉਂਦੀ ਹੈ, ਟਾਈਪਿਸਟ ਤੋਂ ਲਿਖਤ ਪੜ੍ਹੀ ਨਹੀਂ ਜਾਂਦੀ। ਕੋਈ ਅਦਾਰਾ ਲਿਖਾਰੀ ਦੇ ਦਏ ਤਾਂ ਉਹ ‘ਤਾਰੇ ਜ਼ਮੀਂ ਪੇ’ ਉਤਾਰਨ ਦੇ ਸਮਰੱਥ ਹੈ।
ਉਮਰ ਅਤੇ ਲਿਖਤ ਵਜੋਂ ਵਰਗੀਕਰਣ ਕਰੀਏ ਤਾਂ ਉਹ ਮੈਥੋਂ ਪਹਿਲੀ ਪੀੜ੍ਹੀ ਦਾ ਦਾਨਿਸ਼ਵਰ ਹੈ। ਇਸ ਕਿਤਾਬ ਵਿਚ ਉਸ ਨੇ ਆਪਣੇ ਤੋਂ ਪਹਿਲੀ ਪੀੜ੍ਹੀ ਦੇ ਸਾਹਿਤਕਾਰਾਂ ਨਾਲ ਜਾਣ-ਪਛਾਣ ਕਰਵਾਈ ਹੈ। ਗੁਰਬਾਣੀ, ਸੂਫੀ ਪਰੰਪਰਾ, ਕਿੱਸਾ ਕਾਵਿ ਤੋਂ ਲੈ ਕੇ ਵਰਤਮਾਨ ਲੇਖਕਾਂ ਦਾ ਸਾਹਿਤਕ ਪਰਿਚੈ ਕਰਵਾਇਆ ਹੈ। ਪੂਰਨ ਸਿੰਘ, ਮੋਹਨ ਸਿੰਘ, ਪ੍ਰੀਤਮ ਸਿੰਘ ਸਫੀਰ, ਪ੍ਰਭਜੋਤ ਕੌਰ, ਮਹਿੰਦਰ ਸਿੰਘ ਸਰਨਾ, ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਨਾਨਕ ਸਿੰਘ, ਰਾਜਿੰਦਰ ਸਿੰਘ ਬੇਦੀ ਵਰਗੇ ਨਾਮਵਰ ਲੇਖਕਾਂ ਨਾਲ ਜਾਣ-ਪਛਾਣ ਤਾਂ ਕਰਵਾਈ ਹੀ, ਕੁਝ ਕੁ ਅਜਿਹੇ ਕਲਮਕਾਰ ਵੀ ਪਾਠਕਾਂ ਦੇ ਸਨਮੁਖ ਕੀਤੇ ਹਨ, ਜਿਨ੍ਹਾਂ ਨੂੰ ਪੰਜਾਬੀ ਜਾਣਦੇ ਨਹੀਂ-ਜਿਵੇਂ ਸੁਰਜੀਤ ਸਰਨਾ, ਮਾਨ ਸਿੰਘ ਹਕੀਰ, ਗੁਰਦੀਪ ਅਤੇ ਸੁਲਤਾਨਾ ਬੇਗਮ।
ਪੰਜਾਬੀ ਸਾਹਿਤ ਉਪਰ ਕਲਮ ਚਲਾਉਂਦਾ ਪ੍ਰੋ. ਤੁੰਗ ਵਿਸ਼ਵ-ਸਾਹਿਤ ਨੂੰ ਆਪਣੀਆਂ ਨਜ਼ਰਾਂ ਤੋਂ ਉਹਲੇ ਨਹੀਂ ਕਰਦਾ। ਜ਼ਿਕਰ ਬਾਬਾ ਫਰੀਦ ਦਾ ਹੋ ਰਿਹਾ ਹੈ, ਲਿਖਦਾ ਹੈ, ਫਰੀਦ ਦੀ ਨਿਰਾਸ਼ਾ ਦਾ ਰੰਗ ਬੜਾ ਗੂੜ੍ਹਾ ਹੈ। ਇਸ ਵਿਚੋਂ ਹੀ ਬਲਵਾਨ ਆਸ਼ਾ ਅਖੀਰ ਨੂੰ ਜਨਮ ਧਾਰਦੀ ਹੈ। ਉਨ੍ਹਾਂ ਦੁਆਰਾ ਪ੍ਰਸਤੁਤ ਕੀਤਾ ਗਿਆ ਮੌਤ ਦਾ ਸੰਕਲਪ ਬੜਾ ਬਲੀ ਅਤੇ ਆਪਣੇ ਵਿਚਲੇ ਅਧਿਆਤਮਕ ਅਤੇ ਸਮਾਜਕ ਅਰਥਾਂ ਕਾਰਨ ਢੇਰ ਸ਼ਕਤੀਵਰ ਹੈ। ਫਰੀਦ ਨੇ ਮੌਤ ਦਾ ਭੈਅ ਅਤੇ ਆਪਣੇ ਕੁਕਰਮਾਂ ਕਾਰਨ ਦੰਡ ਸਹਿ ਰਹੇ ਜੀਵਾਂ ਦੇ ਭਿਆਨਕ ਚਿੱਤਰ ਉਸੇ ਮਨੋਰਥ ਹਿਤ ਖਿੱਚੇ ਹਨ, ਜਿਸ ਅਧੀਨ ਜਗਤ-ਪ੍ਰਸਿੱਧ ਕਵੀ ਦਾਂਤੇ ਅਤੇ ਮਿਲਟਨ ਨੇ ਨਰਕ ਦੀ ਅੱਗ ਵਿਚ ਸੜ ਰਹੇ ਦੋਸ਼ੀ ਦਿਖਾਏ ਹਨ।
ਦਮੋਦਰ ਅਤੇ ਵਾਰਿਸ ਬਾਬਤ ਟਿੱਪਣੀ ਦੇਖੋ, ਹੀਰ ਕਾਵਿ ਦੇ ਦੋ ਸ਼ਾਇਰ ਸਭ ਤੋਂ ਵੱਧ ਮੌਲਿਕ ਹਨ। ਪਹਿਲਾ ਦਮੋਦਰ ਹੈ ਅਤੇ ਦੂਜਾ ਸੱਯਦ ਮੀਆਂ ਵਾਰਿਸ ਸ਼ਾਹ। ਦੋਹਾਂ ਨੇ ਹੀਰ-ਕਥਾ ਵਿਚ ਮਰਜ਼ੀ ਅਨੁਸਾਰ ਵਾਧੇ-ਘਾਟੇ ਕੀਤੇ ਹਨ। ਦਮੋਦਰ ਨੇ ਸੰਖੇਪ, ਸੰਜਮੀ ਅਤੇ ਸੁਝਾਊ ਤਰੀਕੇ ਨਾਲ ਗੱਲ ਕਰਨੀ ਸੀ, ਇਸ ਲਈ ਉਸ ਦਵੱਈਆ ਛੰਦ ਚੁਣਿਆ ਹੈ। ਵਾਰਿਸ ਨੇ ਲੰਮੀਆਂ ਲੋੜਾਂ ਵਿਚ ਪੈਣਾ ਸੀ ਅਤੇ ਲੋੜ ਤੋਂ ਵੀ ਵਧੀਕ ਵਿਸਤਾਰ ਦੇਣਾ ਸੀ, ਇਸ ਲਈ ਉਸ ਬੈਂਤ ਚੁਣਿਆ ਹੈ। ਦੋਵੇਂ ਕਾਵਿ-ਨਾਇਕ ਹਨ ਅਤੇ ਐਮਰਸਨ ਦੇ ਕਵੀ-ਨਾਇਕ ਦੇ ਤੌਰ ‘ਤੇ ਵਿਚਰਦੇ ਵਿਚਰਦੇ ਬਾਦਸ਼ਾਹ ਬਣ ਕੇ ਸਾਹਮਣੇ ਆਉਂਦੇ ਹਨ। ਬਾਦਸ਼ਾਹ ਹਮੇਸ਼ਾ ਆਪਣੇ ਹੁਕਮ ਸਾਦਰ ਕਰਦੇ ਹਨ। ਇਹੋ ਕੁਝ ਇਨ੍ਹਾਂ ਸ਼ਾਇਰੀ ਦੇ ਸ਼ਾਹ ਨਾਇਕਾਂ ਨੇ ਕੀਤਾ ਹੈ।
ਸ਼ਾਹ ਹੁਸੈਨ ਉਪਰ ਟਿੱਪਣੀ ਦੇਖੋ, ਸ਼ਿਵ ਕੁਮਾਰ ਤੋਂ ਲੈ ਕੇ ਕੀਟਸ ਤਕ ਛੋਟੇ-ਵੱਡੇ ਸੋਗੀ ਤੇ ਕਲੇਸ਼-ਮੂਲਕ ਕਵੀਆਂ ਦੀ ਇਕ ਲੰਮੀ ਲਾਈਨ ਹੈ, ਪਰ ਇਸ ਵਿਚ ਇਕ ਵੀ ਕਵੀ ਅਜਿਹਾ ਨਹੀਂ, ਜਿਸ ਵਿਚ ਸ਼ਾਹ ਹੁਸੈਨੀ ਹੂਕ ਅਤੇ ਵੈਰਾਗ ਦੀ ਛੁਹ ਜਾਂ ਮੱਸ ਹੋਵੇ। ਇਹ ਸੂਫੀ ਦੇ ਵੈਰਾਗ ਤੋਂ ਸੱਖਣੇ ਹੋਣ ਕਾਰਨ ਊਣੇ ਅਤੇ ਨੀਵੇਂ ਹਨ। ਉਹ ਸਿਰਫ ਫਨਾਹ ਹੁੰਦੇ ਹਨ, ਜਦੋਂ ਕਿ ਸੂਫੀ ਫਨਾਹ-ਫੀ-ਅਲ੍ਹਾ ਹੁੰਦਾ ਹੈ।
ਸੱਠਵਿਆਂ ਵਿਚ ਖੱਬੇ-ਪੱਖੀ ਪ੍ਰਗਤੀਧਾਰਾ ਸਾਹਿਤ ਵਿਚ ਖੂਬ ਪ੍ਰਚਲਿਤ ਹੋਈ। ਇਸ ਲਹਿਰ ਦੇ ਲੇਖਕਾਂ ਬਾਰੇ ਪ੍ਰੋ. ਤੁੰਗ ਦਾ ਕਥਨ ਹੈ, ਘਾਟੇਵੰਦੀ ਗੱਲ ਇਹ ਹੋਈ ਕਿ ਲੇਖਕਾਂ ਨੇ ਪ੍ਰਗਤੀਵਾਦੀ ਸਿਧਾਂਤ ਅਤੇ ਪ੍ਰਗਤੀਵਾਦੀ ਸਾਹਿਤ ਤੋਂ ਅਗਵਾਈ ਲੈਣ ਦੀ ਥਾਂ ਰਾਜਨੀਤਕ ਦਲਾਂ ਦੀ ਅਗਵਾਈ ਲਈ, ਰਾਜਨੀਤਕਾਂ ਵਾਲੇ ਨਾਹਰੇ ਅਪਨਾ ਲਏ। ਸੰਤ ਸਿੰਘ ਸੇਖੋਂ ਤੇ ਮੋਹਨ ਸਿੰਘ ਤੋਂ ਲੈ ਕੇ ਜਸਵੰਤ ਸਿੰਘ ਕੰਵਲ ਅਤੇ ਸੰਤੋਖ ਸਿੰਘ ਧੀਰ ਤੱਕ ਇਸ ਧਾਰਾ ਦੇ ਜਿੰਨੇ ਵੀ ਸਾਹਿਤਕਾਰ ਹਨ, ਸਭ ਦੀ ਪ੍ਰਾਪਤੀ ਉਪਰ ਕਥਿਤ ਅਨੁਸਾਰ ਹੀ ਹੈ।
ਕੱਦਾਵਰ ਲੇਖਕਾਂ ਦੀ ਈਰਖਾ, ਹੰਕਾਰ ਅਤੇ ਮੂਰਖਤਾਈਆਂ ਸਭ ਰੰਗ ਇਸ ਕਿਤਾਬ ਵਿਚੋਂ ਮਿਲ ਜਾਣਗੇ। ਪਰੂਫ ਰੀਡਿੰਗ ਧਿਆਨ ਨਾਲ ਹੋ ਜਾਂਦੀ ਤਾਂ ਕਿਤਾਬ ਬੇਮਿਸਾਲ ਹੋ ਜਾਣੀ ਸੀ।