ਗੁਰੂਦੇਵ ਡਾ. ਹਰਿਭਜਨ ਸਿੰਘ ਦਾ ਸੰਗ-ਸਾਥ-2

ਪੰਜਾਬੀ ਕਾਵਿ-ਜਗਤ, ਆਲੋਚਨਾ, ਅਨੁਵਾਦ ਅਤੇ ਅਧਿਆਪਨ ਦੇ ਖੇਤਰਾਂ ਵਿਚ ਡਾ. ਹਰਿਭਜਨ ਸਿੰਘ (18 ਅਗਸਤ 1920-21 ਅਕਤੂਬਰ 2002) ਦਾ ਮੁਕਾਮ ਬਹੁਤ ਉਚਾ ਹੈ। ਇਨ੍ਹਾਂ ਚਾਰੇ ਖੇਤਰਾਂ ਵਿਚ ਨਵੀਂ ਪੈੜਾਂ ਪਾਈਆਂ। ਉਨ੍ਹਾਂ ਦੀ ਬੌਧਿਕ ਸਮਰੱਥਾ ਅਤੇ ਸ਼ਖਸੀਅਤ ਸਭ ਨੂੰ ਕਾਇਲ ਕਰ ਜਾਂਦੀ। ਸਾਲ 2020 ਉਨ੍ਹਾਂ ਦਾ ਜਨਮ ਸ਼ਤਾਬਦੀ ਵਰ੍ਹਾ ਹੈ। ਅਸੀਂ ਆਪਣੇ ਪਾਠਕਾਂ ਨੂੰ ਉਨ੍ਹਾਂ ਦੀਆਂ ਕੁਝ ਖਾਸ ਲਿਖਤਾਂ ਦੇ ਰੂਬਰੂ ਕਰਦੇ ਰਹਾਂਗੇ। ਇਸ ਵਾਰ ਅਸੀਂ ਪ੍ਰੋ. ਸੁਹਿੰਦਰ ਬੀਰ ਦੇ ਲੰਮੇ ਲੇਖ ਦੀ ਦੂਜੀ ਤੇ ਆਖਰੀ ਕਿਸ਼ਤ ਛਾਪ ਰਹੇ ਹਾਂ।

ਇਸ ਵਿਚੋਂ ਡਾ. ਹਰਿਭਜਨ ਸਿੰਘ ਦੀ ਸ਼ਖਸੀਅਤ ਅਤੇ ਰਚਨਾਵਾਂ ਖੂਬ ਝਾਤੀ ਮਾਰਦੀਆਂ ਹਨ। -ਸੰਪਾਦਕ

ਪ੍ਰੋ. ਸੁਹਿੰਦਰ ਬੀਰ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
1983 ਤੋਂ 1990 ਤੱਕ ਮੈਂ ਚੰਡੀਗੜ੍ਹ ਰਿਹਾ। 1990 ਵਿਚ ਡਾ. ਜਗਜੀਤ ਸਿੰਘ ਰਿਜ਼ਨਲ ਸੈਂਟਰ ਜਲੰਧਰ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਗਏ ਤੇ ਮੇਰਾ ਜਲੰਧਰ ਜਾਣ ਦਾ ਸਬੱਬ ਬਣ ਗਿਆ। ਇਸ ਵਾਰ ਮੈਨੂੰ ਜਲੰਧਰ ਭੇਜਣ ਵਿਚ ਡਾ. ਜਸਵੰਤ ਸਿੰਘ ਨੇਕੀ ਦੀ ਵਿਸ਼ੇਸ਼ ਭੂਮਿਕਾ ਰਹੀ। ਜਲੰਧਰ ਮੀਡੀਏ ਦਾ ਘਰ ਹੈ। ਇਥੇ ਪੁੱਜ ਕੇ ਡਾ. ਬਲਜੀਤ ਕੌਰ, ਡਾ. ਲਖਵਿੰਦਰ ਜੌਹਲ, ਪ੍ਰੋ. ਕੁਲਬੀਰ ਸਿੰਘ, ਡਾ. ਉਮਿੰਦਰ ਜੌਹਲ, ਸੁਰਿੰਦਰ ਸੋਹਲ, ਦਵਿੰਦਰ ਮੰਡ, ਤੇਜਿੰਦਰ ਵਿਰਲੀ ਆਦਿ ਸਾਹਿਤਕਾਰਾਂ ਦੇ ਸਹਿਯੋਗ ਨਾਲ ਅਸੀਂ ਸਭ ਨੇ ਰਲ ਮਿਲ ਕੇ ‘ਸੁਖਨਵਰ ਮੰਚ, ਪੰਜਾਬ’ ਦੀ ਸਥਾਪਨਾ ਕੀਤੀ। ਮੰਚ ਵੱਲੋਂ ਡਾ. ਸਾਹਿਬ ਨੂੰ ਵੀ ਸੱਦਾ ਦਿੱਤਾ ਗਿਆ। ਸ਼ਹਿਰ ਵਿਚ ਜਦੋਂ ਉਨ੍ਹਾਂ ਦੇ ਆਉਣ ਦੀ ਖਬਰ ਨਸ਼ਰ ਹੁੰਦੀ; ਕਾਲਜ, ਰੇਡੀਓ, ਟੈਲੀਵਿਜ਼ਨ ਵਾਲੇ ਉਨ੍ਹਾਂ ਦੇ ਪ੍ਰੋਗਰਾਮਾਂ ਲਈ ਉਨ੍ਹਾਂ ਦੇ ਰਾਹਾਂ ਵਿਚ ਅੱਖਾਂ ਵਿਛਾ ਬਹਿੰਦੇ। ਉਨ੍ਹਾਂ ਦਾ ਨਾਸ਼ਤਾ ਤੇ ਰਾਤਰੀ ਭੋਜਨ ਮੁਹੱਬਤੀ ਲੋਕਾਂ ਦੇ ਘਰ ਹੁੰਦਾ, ਪਰ ਰਹਿਣ ਦਾ ਟਿਕਾਣਾ ਸਦਾ ਮੇਰਾ ਆਲ੍ਹਣਾ ਹੀ ਬਣਦਾ। ਮੈਂ ਜੇ. ਪੀ. ਨਗਰ ਵਿਚ ਦੋ ਕਮਰਿਆਂ ਦੇ ਘਰ ਵਿਚ ਰਹਿੰਦਾ ਸਾਂ ਪਰ ਉਨ੍ਹਾਂ ਨੇ ਕਦੇ ਮੇਰੇ ਆਲ੍ਹਣੇ ਨੂੰ ਝਿੱਕਾ ਨਾ ਕਿਹਾ। ਮੇਰੇ ਪਾਸ ਗਿਰਨਾਰ ਸਕੂਟਰ ਹੁੰਦਾ ਸੀ ਜੋ ਮੈਂ ਪ੍ਰੋ. ਗੋਸਲ ਦੇ ਲੜਕੇ ਰਵੀ ਪਾਸੋਂ 1984 ਦੇ ਸ਼ੁਰੂ ਵਿਚ ਕਿਸ਼ਤਾਂ ਵਿਚ ਖਰੀਦਿਆ ਸੀ। ਡਾ. ਸਾਹਿਬ ਨੂੰ ਮਿਲਣ ਵਾਲੇ ਤਾਂ ਆਪਣੀਆਂ ਕਾਰਾਂ ਲੈ ਕੇ ਬੇਤਾਬ ਰਹਿੰਦੇ ਸਨ ਪਰ ਉਹ ਮੇਰੇ ਸਕੂਟਰ ‘ਤੇ ਬੈਠ ਕੇ ਹੀ ਸੰਤੁਸ਼ਟ ਹੁੰਦੇ। ਡੀ. ਏ. ਵੀ. ਕਾਲਜ, ਜਲੰਧਰ ਵਾਲੇ ਪ੍ਰੋ. ਟੀ. ਡੀ. ਜੋਸ਼ੀ ਸਦਾ ਡਾ. ਹਰਿਭਜਨ ਸਿੰਘ ਨੂੰ ਉਚੇਚ ਨਾਲ ਮਿਲਦੇ ਅਤੇ ਕਾਲਜ ਵਿਚ ਭਾਸ਼ਣ ਕਰਾਉਣ ਲਈ ਉਤਾਵਲੇ ਰਹਿੰਦੇ।
ਇਕ ਦਿਨ ਉਥੋਂ ਭਾਸ਼ਣ ਦੇ ਕੇ ਅਸੀਂ ਆ ਰਹੇ ਸਾਂ ਤੇ ਆਦਰਸ਼ ਨਗਰ ਵਾਲਾ ਮੋੜ ਮੁੜਨ ਹੀ ਲੱਗੇ ਕਿ ਮੇਰੇ ਮਨ ਵਿਚ ਆਇਆ, ਕਿਉਂ ਨਾ ਅੱਜ ਚਿੱਕ ਚਿੱਕ ਤੋਂ ਦੁਪਹਿਰ ਦਾ ਖਾਣਾ ਖਾਧਾ ਜਾਵੇ। ਮੈਂ ਸਕੂਟਰ ਰੋਕ ਕੇ ਡਾ. ਸਾਹਿਬ ਦੀ ਸਹਿਮਤੀ ਲਈ, ਤੇ ਅਸੀਂ ਪੌੜੀਆਂ ਚੜ੍ਹ ਕੇ ਉਪਰ ਚਿੱਕ ਚਿੱਕ ਵਿਚ ਪਹੁੰਚ ਗਏ। ਮੈਂ ਡਾ. ਸਾਹਿਬ ਦੇ ਅੱਗੇ ਮੈਨਯੂ ਕੀਤਾ ਤਾਂ ਕਹਿਣ ਲੱਗੇ ਕਿ ਅੱਜ ਮੇਰਾ ਮਨ ਕਰਦਾ ਬਰਿਆਨੀ ਖਾਧੀ ਜਾਵੇ। ਆਮ ਤੌਰ ‘ਤੇ ਉਹ ਵਧੇਰੇ ਘਰ ਦਾ ਖਾਣਾ ਹੀ ਪਸੰਦ ਕਰਦੇ। ਮੈਨੂੰ ਹਮੇਸ਼ਾ ਉਨ੍ਹਾਂ ਦੀ ਸਿਹਤ ਦਾ ਖਿਆਲ ਰਹਿੰਦਾ, ਇਸ ਕਰ ਕੇ ਅਸੀਂ ਬਾਹਰ ਤੋਂ ਖਾਣਾ ਘੱਟ ਹੀ ਖਾਂਦੇ।
ਉਨ੍ਹਾਂ ਦੇ ਕਰੋਲ ਬਾਗ ਵਾਲੇ ਘਰ ਵਾਂਗ ਮੇਰਾ ਘਰ ਤਾਂ ਛੋਟਾ ਜਿਹਾ ਹੀ ਸੀ। ਮੈਂ ਡਰਾਇੰਗ ਰੂਮ ਵਿਚ ਹੀ ਦੀਵਾਨ ਲਾਇਆ ਹੋਇਆ ਸੀ, ਜਿਥੇ ਉਹ ਆਰਾਮ ਕਰਦੇ। ਉਸੇ ਹੀ ਕਮਰੇ ਵਿਚ ਉਹ ਤਿਆਰ ਹੁੰਦੇ। ਉਸ ਕਮਰੇ ਵਿਚ ਕੋਈ ਸ਼ੀਸ਼ਾ ਨਹੀਂ ਸੀ, ਜਿਸ ਨੂੰ ਦੇਖ ਕੇ ਕੋਈ ਪਗੜੀ ਬੰਨ੍ਹ ਲੈਂਦਾ। ਜਦੋਂ ਕੋਈ ਗੈਸਟ ਆਉਂਦਾ ਤਾਂ ਅਸੀਂ ਦੂਜੇ ਕਮਰੇ ਵਿਚੋਂ ਸ਼ੀਸ਼ਾ ਲਿਆ ਕੇ ਦੇ ਦਿੰਦੇ। ਐਵੇਂ ਸ਼ੀਸ਼ਾ ਲਿਆਉਣ ਅਤੇ ਬੇਗਾਨੇ ਘਰ ਵਿਚ ਕਿੱਲ ਠੋਕਣ ਦੀ ਘੌਲ ਹੀ ਸੀ। ਡਾ. ਸਾਹਿਬ ਤਿਆਰ ਹੋ ਗਏ ਤੇ ਅਸੀਂ ਨਾਸ਼ਤਾ ਕਰਨ ਲੱਗੇ ਹੀ ਸਾਂ ਕਿ ਮੈਨੂੰ ਕਹਿਣ ਲੱਗੇ, “ਯਾਰ! ਇਸ ਕਮਰੇ ਵਿਚ ਸ਼ੀਸ਼ਾ ਹੀ ਰੱਖ ਛੱਡ।”
ਮੈਂ ਕਿਹਾ, “ਤੁਸੀਂ ਤਾਂ ਸ਼ੀਸ਼ੇ ਤੋਂ ਬਗੈਰ ਹੀ ਏਨੀ ਵਧੀਆ ਪਗੜੀ ਬੰਨ੍ਹ ਲੈਂਦੇ ਹੋ, ਕਮਾਲ ਹੈ।”
ਉਨ੍ਹਾਂ ਦੀਆਂ ਸਭ ਤੋਂ ਵੱਧ ਜਿਹੜੀਆਂ ਫੋਟੋਆਂ ਲੋਕ-ਪ੍ਰਿਅ ਹੋਈਆਂ, ਉਹ ਇਸੇ ਘਰ ਦੇ ਬਾਹਰ ਖਿੱਚੀਆਂ ਗਈਆਂ ਤੇ ਪਗੜੀਆਂ ਵੀ ਉਨ੍ਹਾਂ ਸ਼ੀਸ਼ਾ ਵੇਖਣ ਤੋਂ ਬਿਨਾ ਹੀ ਬੰਨ੍ਹੀਆਂ। ਪੁਰਾਣੇ ਲੋਕ ਸ਼ੀਸ਼ਿਆਂ ਤੋਂ ਬਿਨਾ ਹੀ ਤਿਆਰ ਹੁੰਦੇ ਸਨ।
ਉਹ ਜਦੋਂ ਵੀ ਇਕੱਲੇ ਹੁੰਦੇ, ਆਪਣੇ ਆਪ ਨਾਲ ਗੱਲਾਂ ਕਰਦੇ। ਅੰਤਰ ਸੰਵਾਦ ਰਚਾਉਂਦੇ ਰਹਿੰਦੇ। ਮੈਂ ਉਨ੍ਹਾਂ ਨੂੰ ਅੰਤਰ ਸੰਵਾਦ ਬਾਰੇ ਕਦੇ ਪੁੱਛਣਾ ਤਾਂ ਉਨ੍ਹਾਂ ਕਹਿਣਾ ਕਿ ਮੈਂ ਬਚਪਨ ਵਿਚ ਬਹੁਤ ਇਕੱਲਾ ਰਿਹਾਂ। ਮੇਰੀ ਖੁਸ਼ੀ-ਗਮੀ ਸੁਣਨ ਵਾਲਾ ਕੋਈ ਨਹੀਂ ਸੀ ਹੁੰਦਾ। ਉਹੀ ਇਕੱਲ ਵਾਲੀ ਮੇਰੀ ਆਦਤ ਪੱਕ ਗਈ ਹੈ ਤੇ ਹੁਣ ਮੈਂ ਆਪਣੇ ਅੰਤਰ ਸੰਵਾਦਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਂਦਾ ਰਹਿੰਦਾ ਹਾਂ। ਮੈਂ ਸੋਚਦਾਂ, ਇਕੱਲ ਵੀ ਕਮਾਲ ਦੀ ਸ਼ੈਅ ਹੈ, ਕਿਸੇ ਲਈ ਵਰ ਤੇ ਕਿਸੇ ਲਈ ਸਰਾਪ।
ਡਾ. ਸਾਹਿਬ ਧੁਰ ਮਨ ਵਿਚ ਕਵੀ ਹਿਰਦਾ ਰੱਖਦੇ ਸਨ। ਮੈਂ ਇਕ ਦਿਨ ਉਨ੍ਹਾਂ ਨੂੰ ਪੁੱਛਿਆ- ਡਾ. ਸਾਹਿਬ ਸਮੀਖਿਆ ਨੇ ਤੁਹਾਡੀ ਕਵਿਤਾ ਨੂੰ ਠੇਸ ਨਹੀਂ ਪਹੁੰਚਾਈ। ਕਹਿਣ ਲੱਗੇ, “ਸਮੀਖਿਆ ਨੇ ਮੇਰੀਆਂ ਬਹੁਤ ਸਾਰੀਆਂ ਕਵਿਤਾਵਾਂ ਖਾ ਲਈਆਂ ਹਨ। ਸਮੀਖਿਆ ਦਾ ਕਵਿਤਾ ਉਪਰ ਅਸਰ ਪੈਂਦਾ ਹੈ।” ਇਸ ਤਰ੍ਹਾਂ ਤੁਰਦਿਆਂ ਤੁਰਦਿਆਂ, ਸਾਡਾ ਨਿੱਕਾ ਨਿੱਕਾ ਸੰਵਾਦ ਚਲਦਾ ਰਹਿੰਦਾ।
ਜਲੰਧਰ ਦੂਰਦਰਸ਼ਨ ਵਿਚ ਪਰਮਜੀਤ ਕੁਮਾਰ ਮੇਰਾ ਸੁਹਿਰਦ ਮਿੱਤਰ ਸੀ, ਉਸ ਨਾਲ ਰਲ ਕੇ ਮੈਂ ‘ਦਰਵੇਸ਼ ਸਾਹਿਤਕਾਰ: ਡਾ. ਹਰਿਭਜਨ ਸਿੰਘ’ ਦੇ ਨਾਮ ਹੇਠ ਫੀਚਰ ਫਿਲਮ ਵੀ ਦਿੱਲੀ ਜਾ ਕੇ ਤਿਆਰ ਕੀਤੀ। ਇਸ ਦੀ ਸਕਰਿਪਟ ਮੈਂ ਲਿਖੀ ਅਤੇ ਨੀਨਾ ਸਹਿਗਲ ਨੇ ਗੀਤਾਂ ਦਾ ਗਾਇਨ ਕੀਤਾ। ਉਸ ਦੀ ਆਵਾਜ਼ ਏਨੀ ਸੋਜ਼ਮਈ ਹੈ ਕਿ ਅੱਜ ਵੀ ਕੋਈ ਉਨ੍ਹਾਂ ਗੀਤਾਂ ਨੂੰ ਸੁਣੇ ਤਾਂ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ। ਜਦੋਂ ਇਸ ਫਿਲਮ ਦੇ ਗੀਤਾਂ ਦੀ ਰਿਕਾਰਡਿੰਗ ਹੋ ਰਹੀ ਸੀ ਤਾਂ ਮੈਂ ਏਨਾ ਭਾਵੁਕ ਹੋ ਗਿਆ ਸਾਂ ਕਿ ਮੈਨੂੰ ਸਟੂਡੀਓ ਵਿਚੋਂ ਬਾਹਰ ਜਾਣਾ ਪਿਆ। ਚੰਗੀ ਸ਼ਾਇਰੀ ਦਾ ਇਹੀ ਗੁਣ ਹੁੰਦਾ ਹੈ ਕਿ ਉਹ ਧੁਰ ਮਨ ਵਿਚ ਲਹਿ ਜਾਂਦੀ ਹੈ। ਉਹ ਹਿਰਦੇ ਵੇਦਕ ਗੀਤ ਹੇਠ ਲਿਖੇ ਸਨ,
1. ਮਾਏ ਨੀ ਕਿ ਅੰਬਰਾਂ ‘ਚ ਰਹਿਣ ਵਾਲੀਏ
ਸਾਨੂੰ ਚੰਨ ਦੀ ਗਰਾਹੀ ਦੇ ਦੇਹ,
ਸੂਈ ‘ਚ ਪਰੋ ਕੇ ਚਾਨਣੀ
ਸਾਡੇ ਗੰਢ ਦੇ ਨਸੀਬ ਲੰਗਾਰੇ।

2. ਬੋਲ ਸੱਜਣ ਤੇਰੇ ਮਿੱਠੜੇ ਮਿੱਠੜੇ

3. ਵੇ ਮੈਂ ਭਰੀ ਸੁਗੰਧੀਆਂ ਪੌਣ, ਸੱਜਣ ਤੇਰੇ ਬੂਹੇ
ਵੇ ਤੂੰ ਇਕ ਵਾਰੀ ਤੱਕ ਲੈ ਕੌਣ, ਸੱਜਣ ਤੇਰੇ ਬੂਹੇ।
ਇਹ ਫੀਚਰ ਫਿਲਮ ਅੱਜ ਵੀ ਜਲੰਧਰ ਦੂਰਦਰਸ਼ਨ ਵਿਚ ਮੌਜੂਦ ਹੈ। ਕਦੇ ਕਦੇ ਉਹ ਇਸ ਦਾ ਪ੍ਰਸਾਰਨ ਕਰਦੇ ਹਨ ਤਾਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।

ਸਾਲ 1994 ਦਾ ਮੱਧ ਸੀ। ਮੈਂ ਜਲੰਧਰ ਵਿਚ ਵਾਰਿਸ ਸ਼ਾਹ ਨਗਰ ਦੀ ਕਾਲੋਨੀ ਵਸਾ ਕੇ ਆਪਣਾ ਨਵਾਂ ਘਰ ਬਣਾ ਲਿਆ ਸੀ। ਇਹ ਘਰ ਡਾ. ਜਗਤਾਰ ਦੇ ਘਰ (ਮਿੱਠਾਪੁਰ) ਤੋਂ ਅੱਧੀ ਕੁ ਫਰਲਾਂਗ ਦੀ ਵਿੱਥ ‘ਤੇ ਸੀ। ਆਪਸੀ ਮੇਲ-ਮਿਲਾਪ ਨਾਲ ਸਾਡੀ ਵਾਹਵਾ ਪਰਿਵਾਰਕ ਸਾਂਝ ਬਣ ਗਈ। ਜਦੋਂ ਵੀ ਕਿਸੇ ਕਵੀ ਦਰਬਾਰ ‘ਤੇ ਸਾਨੂੰ ਦੋਹਾਂ ਨੂੰ ਬੁਲਾਇਆ ਹੁੰਦਾ ਤਾਂ ਅਸੀਂ ਇਕੱਠੇ ਜਾਂਦੇ। ਡਾ. ਜਗਤਾਰ ਹੋਰਾਂ ਨੂੰ ਸਵਾਰੀ ਦੀ ਇੱਛਾ ਵੀ ਹੁੰਦੀ ਸੀ। ਉਹ ਸਕੂਟਰ ਨਹੀਂ ਸੀ ਚਲਾਉਂਦੇ। ਕਹਿੰਦੇ ਹੁੰਦੇ ਸੀ, “ਇਕ ਵਾਰ ਸਕੂਟਰ ਦੇ ਐਕਸੀਡੈਂਟ ਵਿਚ ਮੇਰੀ ਬਾਂਹ ਟੁੱਟ ਗਈ ਸੀ। ਮੈਂ ਛੇ ਮਹੀਨੇ ਮੰਜੇ ‘ਤੇ ਬੈਠਾ ਰਿਹਾ ਸਾਂ, ਕਸਮ ਖਾ ਲਈ ਕਿ ਮੈਂ ਹੁਣ ਸਕੂਟਰ ਨਹੀਂ ਚਲਾਉਣਾ। ਫਿਰ ਮੈਂ ਸਾਰੀ ਉਮਰ ਸਕੂਟਰ ਨਹੀਂ ਚਲਾਇਆ।”
ਪੁਰਾਣੇ ਬੰਦਿਆਂ ਦੇ ਪ੍ਰਣ ਵੀ ਪ੍ਰਾਣਾਂ ਦੇ ਨਾਲ ਹੀ ਨਿਭਦੇ ਸਨ। ਉਹ ਬੰਦੇ ਵੱਡੇ ਦਾਈਏ ਵਾਲੇ ਸਨ। ਮੈਨੂੰ ਯਾਦ ਹੈ ਕਿ ਮੇਰੇ ਦਾਦੀ ਜੀ ਨੇ ਸਾਰੀ ਉਮਰ ਸੇਬ ਨਹੀਂ ਸੀ ਖਾਧਾ। ਜਦੋਂ ਮੈਂ ਇਕ ਵਾਰ ਉਨ੍ਹਾਂ ਨੂੰ ਸੇਬ ਨਾ ਖਾਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦੱਸਿਆ, “ਮੈਂ ਇਕ ਵਾਰ ਬਿਮਾਰ ਹੋ ਗਈ ਸਾਂ ਤੇ ਡਾਕਟਰ ਨੇ ਕਿਹਾ ਸੀ ਕਿ ਕੋਈ ਇਕ ਫਲ ਛੱਡ ਦਿਓ, ਮੈਂ ਸੇਬ ਛੱਡ ਦਿੱਤਾ।”
ਇਸੇ ਸਾਲ ਅਗਸਤ ਵਿਚ ਲਾਲ ਕਿਲ੍ਹੇ ‘ਤੇ ਹੋਣ ਵਾਲੇ ਕਵੀ ਦਰਬਾਰ ਤੋਂ ਸਾਨੂੰ ਦੋਹਾਂ ਨੂੰ ਸੱਦਾ-ਪੱਤਰ ਆਇਆ। ਅਸਾਂ ਇਕੱਠਿਆਂ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕ ਲਿਆ। ਮੈਂ ਜਦੋਂ ਵੀ ਦਿੱਲੀ ਜਾਂਦਾ ਤਾਂ ਡਾ. ਸਾਹਿਬ ਨੂੰ ਜ਼ਰੂਰ ਮਿਲਣ ਪਹੁੰਚਦਾ। ਜਗਤਾਰ ਦੀ ਸੁਰ ਡਾ. ਸਾਹਿਬ ਨਾਲ ਬਹੁਤੀ ਨਹੀਂ ਸੀ ਮਿਲਦੀ। ਕਿਸੇ ਗੱਲੋਂ ਉਹ ਉਨ੍ਹਾਂ ਨਾਲ ਵਿਟਰਿਆ ਹੋਇਆ ਸੀ। ਡਾ. ਸਾਹਿਬ ਦੀ ਤਬੀਅਤ ਖਰਾਬ ਸੀ, ਇਸ ਲਈ ਮੇਰੇ ਕਹਿਣ ‘ਤੇ ਮੇਰੇ ਨਾਲ ਜਾਣ ਲਈ ਤਿਆਰ ਹੋ ਗਿਆ। ਘਰ ਪੁੱਜੇ ਤਾਂ ਦੇਖਿਆ ਕਿ ਡਾ. ਸਾਹਿਬ ਅਜੇ ਵੀ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਸਨ ਹੋਏ। ਸਾਨੂੰ ਦੇਖ ਕੇ ਉਹ ਸਹਿਜੇ ਸਹਿਜੇ ਉਠ ਕੇ ਬੈਠ ਗਏ ਪਰ ਉਨ੍ਹਾਂ ਨੂੰ ਸਰਦੀ ਮਹਿਸੂਸ ਹੋ ਰਹੀ ਸੀ। ਮੈਂ ਕੰਬਲ ਉਨ੍ਹਾਂ ਦੇ ਆਲੇ ਦੁਆਲੇ ਵਲ੍ਹੇਟ ਦਿੱਤਾ। ਬੀਜੀ ਹੋਰਾਂ ਚਾਹ ਦਾ ਕੱਪ ਬਣਾਇਆ। ਗੱਲਾਂ ਕਰਦਿਆਂ ਕਹਿਣ ਲੱਗੇ, “ਯਾਰ ਜਗਤਾਰ! ਤੇਰਾ ਇਕ ਇਕ ਸ਼ਿਅਰ ਬਹੁਤ ਕੀਮਤੀ ਹੁੰਦਾ ਹੈ।”
ਜਗਤਾਰ ਨੇ ਆਪਣਾ ਨਵਾਂ ਗਜ਼ਲ-ਸੰਗ੍ਰਿਹ ‘ਜੁਗਨੂੰ, ਦੀਵਾ ਤੇ ਦਰਿਆ’ ਡਾ. ਸਾਹਿਬ ਨੂੰ ਭੇਟ ਕੀਤਾ। ਕੁਝ ਚਿਰ ਬੈਠ ਕੇ ਅਸੀਂ ਕਵੀ ਦਰਬਾਰ ‘ਤੇ ਜਾਣ ਲਈ ਆਗਿਆ ਲਈ। ਡਾ. ਸਾਹਿਬ ਨੂੰ ਵੀ ਕਵੀ ਦਰਬਾਰ ਵਿਚ ਬੁਲਾਇਆ ਹੋਇਆ ਸੀ ਪਰ ਸਿਹਤ ਠੀਕ ਨਾ ਹੋਣ ਕਾਰਨ ਉਹ ਨਹੀਂ ਸਨ ਜਾ ਸਕਦੇ। ਉਨ੍ਹਾਂ ਮੈਨੂੰ ਇਕ ਕਵਿਤਾ ਦਿੱਤੀ ਕਿ ਅੱਜ ਮੈਂ ਤਾਂ ਨਹੀਂ ਜਾ ਸਕਦਾ ਪਰ ਕਵੀ ਦਰਬਾਰ ਵਿਚ ਤੂੰ ਮੇਰੀ ਕਵਿਤਾ ਪੜ੍ਹ ਦੇਵੀਂ।
ਡਾ. ਸਾਹਿਬ ਦੀ ਉਮਰ ਉਸ ਵੇਲੇ 74 ਸਾਲ ਦੀ ਸੀ ਪਰ ਸਿਹਤ ਦੇ ਰੋਗਾਂ ਨੇ ਉਨ੍ਹਾਂ ਨੂੰ ਬਿਰਧ ਕਰ ਦਿੱਤਾ ਸੀ। ਇਹ ਸਾਰਾ ਬੁਢਾਪੇ ਦਾ ਦ੍ਰਿਸ਼ ਦੇਖ ਕੇ ਸਾਡੇ ਦੋਹਾਂ ਦੇ ਮਨਾਂ ‘ਤੇ ਗਹਿਰਾ ਅਸਰ ਹੋਇਆ। ਮੇਰਾ ਗਲਾ ਭਰ ਆਇਆ। ਡਾ. ਜਗਤਾਰ, ਜਿਸ ਨੂੰ ਲੋਕ ਬਹੁਤ ਸਖਤ ਸੁਭਾਅ ਦਾ ਸਮਝਦੇ ਸਨ, ਉਹ ਵੀ ਉਦਾਸ ਸੀ। ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ‘ਤੇ ਚੰਗਾ ਕਰਮ ਕੀਤਾ ਹੈ, ਜੋ ਮੈਨੂੰ ਡਾ. ਸਾਹਿਬ ਨਾਲ ਮਿਲਾ ਦਿੱਤਾ ਏ। ਮੈਂ ਦੇਖਿਆ ਕਿ ਡਾ. ਜਗਤਾਰ ਬਾਹਰੋਂ ਭਾਵੇਂ ਬਦਾਮ ਵਾਂਗ ਸਖਤ ਸੀ, ਪਰ ਅੰਦਰੋਂ ਗਿਰੀ ਜਿਹਾ ਨਰਮ ਤੇ ਕੂਲਾ ਸੀ। ਡਾ. ਜਗਤਾਰ ਨੇ ਕੁਝ ਪਲਾਂ ਪਿਛੋਂ ਇਕ ਸ਼ਿਅਰ ਗੁਣਗੁਣਾਇਆ,
ਦੋਸਤੀ ਤੇ ਦੁਸ਼ਮਨੀ ਦੇ ਸਿਲਸਿਲੇ ਸਭ ਤੋੜ ਕੇ।
ਇਕ ਨਾ ਇਕ ਦਿਨ ਘੂਕ ਸੌਂ ਜਾਵਾਂਗਾ ਮਿੱਟੀ ਓੜ ਕੇ।
ਰਸਤੇ ਵਿਚ ਅਸੀਂ ਬੰਦੇ ਦੇ ਜੀਵਨ-ਸਫਰ ਦੀਆਂ ਉਚਾਈਆਂ ਤੇ ਨਿਵਾਣਾਂ ਬਾਰੇ ਗੱਲਾਂ ਕਰਦੇ ਰਹੇ। ਬੰਦੇ ਦੀ ਜ਼ਿੰਦਗੀ ਦੇ ਕਿੰਨੇ ਰੰਗ ਨੇ! ਕਈ ਦਿਨਾਂ ਤੱਕ ਮੇਰਾ ਧਿਆਨ ਡਾ. ਸਾਹਿਬ ਵੱਲ ਲੱਗਾ ਰਿਹਾ।
1994 ਵਿਚ ਹੀ ਡਾ. ਸਾਹਿਬ ਨੂੰ ਭਾਰਤ ਦੇ ਵੱਕਾਰੀ ਇਨਾਮ ‘ਸਰਸਵਤੀ ਪੁਰਸਕਾਰ’ ਨਾਲ ਨਿਵਾਜਿਆ ਗਿਆ। ਭਾਰਤ ਦੇ ਪ੍ਰਧਾਨ ਮੰਤਰੀ ਪੀ. ਵੀ. ਨਰਸਿਮਾ ਰਾਓ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਮੈਂ ਜਲੰਧਰ ਤੋਂ ਉਚੇਚਾ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਗਿਆ। 1995 ਦੇ ਆਸ ਪਾਸ ਸਾਹਿਤ ਅਕਾਦਮੀ ਦਿੱਲੀ ਨੇ ਉਨ੍ਹਾਂ ਨੂੰ ਫੈਲੋਸ਼ਿਪ ਦਿੱਤੀ। ਉਨ੍ਹਾਂ ਦੀ ਸਿਹਤ ਨਾਸਾਜ਼ ਹੋਣ ਕਰ ਕੇ ਮਾਣ-ਸਨਮਾਨ ਵਿਚ ਉਨ੍ਹਾਂ ਦੇ ਘਰ ਵਿਚ ਹੀ ਇਹ ਸਮਾਗਮ ਰਚਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਜਸਵੰਤ ਸਿੰਘ ਨੇਕੀ ਨੇ ਕੀਤੀ। ਮੈਂ ਉਨ੍ਹਾਂ ਦੇ ਮਾਣ ਵਿਚ ਕੁਝ ਕਾਵਿ ਸਤਰਾਂ ਪੇਸ਼ ਕੀਤੀਆਂ:
ਰੱਖਦਾ ਰਿਹਾ ਜੋ ਉਮਰ ਭਰ ਹਰ ਬਾਤ ਦੀ ਖਬਰ।
ਓਹ ਆਦਮੀ ਮੈਂ ਵੇਖਿਆ ਆਪਣੇ ਤੋਂ ਬੇ-ਖਬਰ।
ਦੁਨੀਆਂ ਦੇ ਸਾਰੇ ਦਰਦ ਨੂੰ ਸੀਨੇ ‘ਚ ਪਾ ਲਿਆ
ਆਪਣੇ ਜਿਗਰ ਦੀ ਪੀੜ ਨੂੰ ਰੱਖਿਆ ਲੁਕਾ ਕੇ ਪਰ
ਸਾਰੇ ਜਗਤ ਦੇ ਬੋਧ ਨੂੰ ਮੱਥੇ ‘ਚ ਸਾਂਭਿਆ।
ਕੀਤਾ ਮਨੁੱਖ ਦੇ ਰੂਪ ਵਿਚ ਦਰਵੇਸ਼ ਨੇ ਸਫਰ
ਮੱਥਿਆਂ ‘ਚ ਬਾਲੇ ਓਸ ਨੇ ਦੀਵੇ ਗਿਆਨ ਦੇ
ਬਣ ਕੇ ਰਿਹਾ ਉਹ ਰਾਹਨੁਮਾ ਚਾਨਣ ਦਾ ਹਮ-ਸਫਰ।
ਜਿਸ ਥਾਂ ਕਦਮ ਉਸ ਨੇ ਧਰੇ ਛਾਪ ਆਪਣੀ ਲਾ ਗਿਆ
ਰਾਹਾਂ ‘ਤੇ ਉਸ ਨੂੰ ਦੂਰ ਤੱਕ ਵੇਖੇ ਨਜ਼ਰ ਨਜ਼ਰ
ਕਵਿਤਾ ਦੇ ਉਚੇ ਅੰਬਰੀਂ ਪਰਵਾਜ਼ ਭਰ ਗਿਆ
ਧਰਤੀ ਦੇ ਬਿਖੜੇ ਪੰਧ ਤੇ ਕਰਦਾ ਰਿਹਾ ਸਫਰ
ਸ਼ਬਦਾਂ ‘ਚ ਬੰਨ੍ਹਾਂ ਕਿਸ ਤਰ੍ਹਾਂ ਪ੍ਰਕਾਸ਼ ਦੋਸਤੋ?
ਅੰਬਰ ਦੇ ਤੀਕਰ ਫੈਲਿਆ ਧਰਤੀ ਦੇ ਹਰ ਨਗਰ।
‘ਸੁਖਨਵਰ ਮੰਚ, ਪੰਜਾਬ’ ਨੇ ਵੀ ਇਸ ਮੌਕੇ ਉਨ੍ਹਾਂ ਦਾ ਸਨਮਾਨ ਕੀਤਾ। ਡਾ. ਜਸਵੰਤ ਸਿੰਘ ਨੇਕੀ ਅਤੇ ਅਮਰਜੀਤ ਸਿੰਘ ਅਕਸ ਇਸ ਮੌਕੇ ਉਚੇਚਾ ਹਾਜ਼ਰ ਹੋਏ। ਮੈਂ ਦੋ ਦਿਨ ਉਨ੍ਹਾਂ ਦੇ ਪਾਸ ਹੀ ਰਿਹਾ। ਉਨ੍ਹਾਂ ਦਾ ਸਰੀਰ ਭਾਵੇਂ ਨਿਢਾਲ ਹੋ ਚੁਕਾ ਸੀ ਪਰ ਦਿਮਾਗ ਪੂਰੀ ਫੁਰਤੀ ਵਿਚ ਸੀ। ਉਨ੍ਹਾਂ ਦਾ ਸਿਰਫ ਸੱਜਾ ਹੱਥ ਚਲਦਾ ਸੀ। ਉਹ ਆਪਣੇ ਸੱਜੇ ਹੱਥ ਨਾਲ ਭਾਵਪੂਰਤ ਅੱਖਰ ਲਿਖ ਸਕਦੇ ਸਨ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਸਾਹਿਤ ਨਾਲ ਤੁਹਾਡਾ ਰਿਸ਼ਤਾ ਕਿਹੋ ਜਿਹਾ ਰਿਹਾ ਹੈ? ਕਹਿਣ ਲੱਗੇ, “ਸਾਹਿਤ ਮੇਰੇ ਸਵਾਸ ਸਵਾਸ ਵਿਚ ਸਮਾਇਆ ਹੋਇਆ ਹੈ। ਜਦ ਤੱਕ ਮੈਂ ਸਾਹ ਲੈਂਦਾ ਰਹਾਂਗਾ, ਸਾਹਿਤ ਮੇਰੇ ਅੰਗ ਸੰਗ ਰਹੇਗਾ।” ਮੈਂ ਫਿਰ ਕਿਹਾ ਕਿ ਫਲਾਣਾ ਬੰਦਾ ਤੁਹਾਡੇ ਨਾਲ ਵਿਟਰ ਗਿਆ ਹੈ, ਫਲਾਣਾ ਬੰਦਾ ਦੂਰ ਹੋ ਗਿਆ ਹੈ। ਕਹਿਣ ਲੱਗੇ ਕਿ ਮੈਨੂੰ ਕਿਸੇ ‘ਤੇ ਕੋਈ ਗਿਲਾ ਨਹੀਂ। ਸਾਰੀ ਦੁਨੀਆਂ ਮੇਰੇ ਲਈ ਇਕੋ ਜਿਹੀ ਹੈ। ਮੈਨੂੰ ਕਿਸੇ ਨਾਲ ਕੋਈ ਰੰਜ ਨਹੀਂ। ਮੈਂ ਰੁੱਖ ਵਾਂਗ ਹਾਂ, ਜਿਸ ਦਾ ਕਰਮ ਆਏ ਮੁਸਾਫਿਰਾਂ ਨੂੰ ਛਾਂ ਦੇਣਾ ਹੈ। ਰੁੱਖ ਇਹ ਨਹੀਂ ਦੇਖਦਾ ਕਿ ਮੇਰੀ ਛਾਂ ਮਾਣਨ ਵਾਲਾ ਕਿਹੜਾ ਵਿਅਕਤੀ ਹੈ? ਮੈਂ ਕਿਹਾ ਕਿ ਗੁਰੂ ਜੀ! ਤੁਸੀਂ ਸਹੀ ਸ਼ਬਦਾਂ ਵਿਚ ਧਰਤੀ ਤੇ ਵਿਚਰਨ ਵਾਲੇ ਰਿਸ਼ੀ ਹੋ। ਉਨ੍ਹਾਂ ਦੇ ਸੁਨੇਹੇ ਦੀ ਉਮਰ ਅਨੰਤਤਾ ਵਾਲੀ ਹੈ। ਜਦ ਤਕ ਮਨੁੱਖ ਧਰਤੀ ‘ਤੇ ਰਹੇਗਾ, ਤਦ ਤੱਕ ਉਸ ਦੀ ਮਾਨਵਤਾ ਕਾਇਮ ਰਹੇਗੀ।

ਇਹ ਵੇਲਾ ਯਾਦਾਂ ਦੀ ਆਖਰੀ ਲੜੀ ਦਾ ਹੈ, 2001 ਸਾਲ ਚੱਲ ਰਿਹਾ ਸੀ। ਉਹ ਪਰਿਵਾਰ ਸਮੇਤ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ। ਇਕ ਦਿਨ ਆਰਾਮ ਕਰਨ ਪਿਛੋਂ ਮੈਂ ਉਨ੍ਹਾਂ ਨੂੰ ਸਵੇਰੇ ਸਵੇਰੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲੈ ਕੇ ਗਿਆ। ਮੇਰੇ ਘਰ ਵਿਚ ਦੋ-ਤਿੰਨ ਦਿਨ ਰਹਿਣ ਦਾ ਪ੍ਰੋਗਰਾਮ ਸੀ। ਮੈਂ ਅੰਦਰੋਂ ਅੰਦਰ ਬਹੁਤ ਖੁਸ਼ ਸਾਂ ਕਿ ਡਾ. ਸਾਹਿਬ ਨੇ ਮੇਰੇ ਘਰ ਵਿਚ ਚਰਨ ਪਾਏ ਹਨ। ਡਾ. ਜੋਗਿੰਦਰ ਸਿੰਘ ਰਾਹੀ ਜੋ ਮੇਰੇ ਗਵਾਂਢੀ ਸਨ, ਉਨ੍ਹਾਂ ਨੂੰ ਬੜੇ ਸਤਿਕਾਰ ਨਾਲ ਮਿਲਣ ਆਏ। ਜਿਸ ਕਮੇਟੀ ਨੇ ਬਿਰਲਾ ਫਾਊਂਡੇਸ਼ਨ ਵੱਲੋਂ ਸਰਸਵਤੀ ਪੁਰਸਕਾਰ ਲਈ ਡਾ. ਸਾਹਿਬ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀ, ਡਾ. ਰਾਹੀ ਉਸ ਕਮੇਟੀ ਦੇ ਚੇਅਰਮੈਨ ਸਨ।
ਉਨ੍ਹੀਂ ਦਿਨੀਂ ਡਾ. ਸਾਹਿਬ ਕਮਜ਼ੋਰ ਹੋ ਚੁਕੇ ਸਨ ਅਤੇ ਬਹੁਤ ਹੀ ਸਾਦਾ ਭੋਜਨ ਖਾਂਦੇ ਸਨ। ਬਹੁਤੀਆਂ ਗੱਲਾਂ ਵੀ ਨਹੀਂ ਸਨ ਕਰਦੇ।
ਬੀਜੀ ਮੈਨੂੰ ਕਹਿਣ ਲੱਗੇ ਕਿ ਅਸੀਂ ਕੁਝ ਕੱਪੜੇ ਲੈ ਕੇ ਆਏ ਹਾਂ, ਉਹ ਪਿੰਗਲਵਾੜੇ ਵਿਖੇ ਲੋੜਵੰਦਾਂ ਨੂੰ ਭੇਟ ਕਰਨੇ ਹਨ। ਡਾ. ਸਾਹਿਬ ਨੂੰ ਘਰ ਛੱਡ ਕੇ ਅਸੀਂ ਉਹ ਵਸਤਰ ਅਤੇ ਦਸ ਹਜ਼ਾਰ ਰੁਪਏ ਪਿੰਗਲਵਾੜੇ ਭੇਟ ਕੀਤੇ। ਡਾ. ਸਾਹਿਬ ਦੇ ਮਾਮਾ ਜੀ ਦੀ ਲੜਕੀ ਪਿੰਡ ਫਤਾਹਪੁਰ ਰਹਿੰਦੀ ਸੀ, ਉਸ ਨੂੰ ਵੀ ਮਿਲਣ ਗਏ। ਉਸ ਨੂੰ ਵੀ ਬੀਜੀ ਨੇ ਕੱਪੜੇ ਤੇ ਮਾਇਆ ਭੇਟ ਕੀਤੀ।
2001 ਵਿਚ ਡਾ. ਐਸ਼ ਪੀ. ਸਿੰਘ ਯੂਨੀਵਰਸਿਟੀ ਦੇ ਕੁਲਪਤੀ ਸਨ। ਮੈਂ ਉਨ੍ਹਾਂ ਨੂੰ ਡਾ. ਹਰਿਭਜਨ ਸਿੰਘ ਦੇ ਆਉਣ ਬਾਰੇ ਸੂਚਨਾ ਦਿੱਤੀ ਤਾਂ ਕਹਿਣ ਲੱਗੇ, “ਡਾ. ਸਾਹਿਬ ਨੂੰ ਵਿਭਾਗ ਵਿਚ ਲੈ ਆਓ। ਵਿਦਿਆਰਥੀ ਉਨ੍ਹਾਂ ਦੇ ਦਰਸ਼ਨ ਕਰ ਲੈਣਗੇ।” ਮੈਂ ਡਾ. ਐਸ਼ ਪੀ. ਸਿੰਘ ਨੂੰ ਕਿਹਾ ਕਿ ਮੈਂ ਡਾ. ਸਾਹਿਬ ਨਾਲ ਸਲਾਹ ਕਰ ਕੇ ਦੱਸਦਾ ਹਾਂ। ਬੀਜੀ ਤਾਂ ਬਿਲਕੁਲ ਯੂਨੀਵਰਸਿਟੀ ਜਾਣ ਦੇ ਹੱਕ ਵਿਚ ਨਹੀਂ ਸਨ। ਮੈਂ ਬੀਜੀ ਨੂੰ ਵੀ ਮਨਾਇਆ ਅਤੇ ਕੁਝ ਪਲਾਂ ਲਈ ਯੂਨੀਵਰਸਿਟੀ ਜਾਣ ਲਈ ਡਾ. ਸਾਹਿਬ ਨੂੰ ਤਿਆਰ ਕੀਤਾ। ਮਿਥੇ ਸਮੇਂ ਅਨੁਸਾਰ ਅਸੀਂ ਕਾਨਫਰੰਸ ਹਾਲ ਵਿਚ ਦਾਖਲ ਹੋਏ ਤਾਂ ਹਾਲ ਖਚਾਖਚ ਭਰਿਆ ਹੋਇਆ ਸੀ।
ਡਾ. ਰਣਜੀਤ ਸਿੰਘ ਬਾਜਵਾ ਜੋ ਪ੍ਰੋਫੈਸਰ ਤੇ ਮੁਖੀ ਸਨ, ਨੇ ਡਾ. ਸਾਹਿਬ ਦਾ ਬੜੇ ਤਪਾਕ ਨਾਲ ਸਵਾਗਤ ਕੀਤਾ। ਡਾ. ਸਾਹਿਬ ਤਾਂ ਕੁਝ ਬੋਲਣ ਲਈ ਦੀ ਸਥਿਤੀ ਵਿਚ ਨਹੀਂ ਸਨ, ਮੈਂ ਹੀ ਉਨ੍ਹਾਂ ਦੀਆਂ ਇਕ-ਦੋ ਕਵਿਤਾਵਾਂ ਪੜ੍ਹੀਆਂ। ਡਾ. ਐਸ਼ ਪੀ. ਸਿੰਘ ਨੇ ਪ੍ਰੋ. ਹਰਿਭਜਨ ਸਿੰਘ ਦੀ ਸਾਹਿਤਕ ਘਾਲਣਾ ਦੀ ਪੁਰਜ਼ੋਰ ਸ਼ਬਦਾਂ ਵਿਚ ਤਾਰੀਫ ਕੀਤੀ। ਉਥੇ ਹੀ ਐਲਾਨ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਨ੍ਹਾਂ ਦੀਆਂ ਸਾਰੀਆਂ ਸਮੀਖਿਆ ਪੁਸਤਕਾਂ ਦਾ ਸੈੱਟ ਪ੍ਰਕਾਸ਼ਿਤ ਕਰੇਗੀ। ਮੌਕੇ ‘ਤੇ ਹੀ ਡਾ. ਸਾਹਿਬ ਨੂੰ ਪੰਜਾਹ ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ। ਇਹ ਇਕ ਤਰ੍ਹਾਂ ਨਾਲ ਪੰਜਾਬੀ ਸਾਹਿਤ ਦੇ ਢਲਦੇ ਸੂਰਜ ਨੂੰ ਪ੍ਰਣਾਮ ਅਤੇ ਉਨ੍ਹਾਂ ਦਾ ਮਾਣ-ਸਨਮਾਨ ਸੀ। ਮੇਰੇ ਘਰ ਵਿਚ ਉਹ ਇਕ ਦਿਨ ਹੋਰ ਰਹੇ, ਮਿਲਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਅਗਲੀ ਸਵੇਰ ਮੈਂ ਉਨ੍ਹਾਂ ਨੂੰ ਸ਼ਤਾਬਦੀ ਵਿਚ ਬਿਠਾ ਆਇਆ। ਖਾਲੀ ਖਾਲੀ ਵਾਪਿਸ ਆ ਰਿਹਾ ਸਾਂ। ਰਸਤੇ ਵਿਚ ਮੈਂ ਡਾ. ਸਾਹਿਬ ਦਾ ਅਤੀਤ ਫੋਲ ਰਿਹਾ ਸਾਂ। ਡਾ. ਸਾਹਿਬ ਦੀਆਂ ਲਿਖਤਾਂ ਨੇ ਸਂੈਕੜੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਮਾਰਗ ਰੌਸ਼ਨ ਕੀਤਾ। ਉਨ੍ਹਾਂ ਦੀਆਂ ਲਿਖਤਾਂ ਬਿਨਾ ਪੰਜਾਬੀ ਸਾਹਿਤ ਦੀ ਸਪੇਸ ਬੜੀ ਅਧੂਰੀ ਹੈ।
21 ਅਕਤੂਬਰ 2002 ਦੇ ਦਿਨ ਮੈਨੂੰ ਬੀਜੀ ਦਾ ਫੋਨ ਆਇਆ, ਜਿਸ ਵਿਚ ਪੰਜਾਬੀ ਸਾਹਿਤ ਦੇ ਸੂਰਜ ਦੇ ਅਸਤ ਹੋ ਜਾਣ ਦੀ ਮਨਹੂਸ ਖਬਰ ਸੀ। ਮੈਂ ਸੋਚਦਾਂ ਕਿ ਕੀ ਉਹ ਸਚੁਮੱਚ ਅਸਤ ਹੋ ਗਏ ਹਨ? ਆਦਮੀ ਦਾ ਸਰੀਰ ਮਾਂ ਧਰਤੀ ਵਿਚ ਸਮਾ ਜਾਂਦਾ ਹੈ ਪਰ ਉਹ ਆਪਣੇ ਵਿਚਾਰਾਂ ਕਰਕੇ ਹਮੇਸ਼ਾ ਸਾਡੇ ਅੰਗ-ਸੰਗ ਰਹਿੰਦਾ ਹੈ। ਫਿਲਾਸਫਰ ਕਦੇ ਨਹੀਂ ਮਰਦੇ, ਸਦਾ ਜੀਵਿਤ ਰਹਿੰਦੇ ਹਨ। ਪੰਜਾਬੀ ਪਾਠਕ ਸਦਾ ਉਨ੍ਹਾਂ ਦੇ ਦਰਸਾਏ ਮਾਰਗ ਦਾ ਅਨੁਸਰਨ ਕਰਦੇ ਰਹਿਣਗੇ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਨੂੰ ਉਨ੍ਹਾਂ ਦੇ ਸੰਗ-ਸਾਥ ਵਿਚ ਵਿਚਰਨ ਦਾ ਮੌਕਾ ਮਿਲਦਾ ਰਿਹਾ। ਮੈਂ ਸੋਚ ਰਿਹਾ ਸਾਂ, ਇਸ ਦਾ ਸਿਹਰਾ ਕੁਲਵਿੰਦਰ ਨੂੰ ਜਾਂਦਾ ਹੈ, ਜਿਸ ਨੇ ਮੇਰੀ ਉਨ੍ਹਾਂ ਨਾਲ ਪਹਿਲੀ ਮਿਲਣੀ ਕਰਵਾਈ ਸੀ।
(ਸਮਾਪਤ)