ਨਸ਼ਿਆਂ ਦਾ ਕਹਿਰ: ਕੈਪਟਨ ਦੇ ਚਾਰ ਹਫਤੇ ਬਨਾਮ ਚਾਲੀ ਹਫਤੇ

ਜ਼ਹਿਰੀਲੀ ਸ਼ਰਾਬ ਨਾਲ ਸੌ ਤੋਂ ਉਪਰ ਮੌਤਾਂ ਨੇ ਸਾਰੇ ਦਾਅਵਿਆਂ ਦੀ ਫੂਕ ਕੱਢੀ
ਚੰਡੀਗੜ੍ਹ: ਪੰਜਾਬ ਦੇ ਬਟਾਲਾ, ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਤੋਂ ਵੱਧ ਮੌਤਾਂ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਦੁਖਾਂਤ ਨੇ ਜਿਥੇ ਸੂਬੇ ਵਿਚ ਸਿਆਸਤਦਾਨਾਂ, ਪੁਲਿਸ ਤੇ ਡਰੱਗ ਮਾਫੀਆ ਦੇ ਗੱਠਜੋੜ ਦੀ ਪੋਲ ਖੋਲ੍ਹ ਦਿੱਤੀ ਹੈ, ਉਥੇ ਕੈਪਟਨ ਸਰਕਾਰ ਵਲੋਂ ਸੂਬੇ ਵਿਚ ਨਸ਼ਿਆਂ ਦਾ ਲੱਕ ਤੋੜਨ ਦੇ ਦਾਅਵਿਆਂ ਦੀ ਵੀ ਫੂਕ ਕੱਢ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ 2017 ਵਿਚ ਵਿਧਾਨ ਸਭਾ ਚੋਣਾਂ ਵੇਲੇ ਗੁਟਕੇ ਉਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆ ਗਈ ਤਾਂ ਚਾਰ ਹਫਤਿਆਂ ਵਿਚ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜ ਦਿੱਤਾ ਜਾਵੇਗਾ ਪਰ ਹੁਣ ਜਦੋਂ ਉਨ੍ਹਾਂ ਦੀ ਸਰਕਾਰ ਬਣੀ ਨੂੰ ਪੂਰੇ ਚਾਲੀ ਹਫਤੇ ਹੋ ਹਏ ਹਨ ਤਾਂ ਇੰਨਾ ਵੱਡਾ ਦੁਖਾਂਤ ਵਾਪਰ ਗਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਇਨ੍ਹਾਂ ਮੌਤਾਂ ਨੂੰ ਕਤਲ ਕਰਾਰ ਦਿੰਦੇ ਹੋਏ ਦਾਅਵਾ ਕਰ ਰਹੇ ਹਨ ਕਿ ਇਸ ਲਈ ਜ਼ਿੰਮੇਵਾਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਕੈਪਟਨ ਸਰਕਾਰ ਦਾ ਪਿਛਲੇ ਸਾਢੇ ਤਿੰਨ ਸਾਲ ਦਾ ਇਤਿਹਾਸ ਕੁਝ ਹੋ ਹੀ ਇਸ਼ਾਰਾ ਕਰਦਾ ਹੈ। ਹੁਣ ਜਦੋਂ ਸ਼ਰਾਬ ਮਾਫੀਆ ਨਾਲ ਵੱਡੇ ਸਿਆਸੀ ਆਗੂਆਂ ਦੀ ਫੋਟੋਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਪਰ ਸਰਕਾਰ ਇਸ ਵਾਰ ਵੀ ਕੁਝ ਅਫਸਰਾਂ ਨੂੰ ਇਧਰੋਂ ਉਧਰ ਕਰ ਕੇ ਮਾਮਲਾ ਠੰਢਾ ਕਰਨ ਵਾਲੀ ਨੀਤੀ ਉਤੇ ਚੱਲ ਰਹੀ ਹੈ। ਪੁਲਿਸ ਅਤੇ ਡਰੱਗ ਮਾਫੀਆ ਦੇ ਗੱਠਜੋੜ ਦਾ ਪਤਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਪਿਛਲੇ ਇਕ ਹਫਤੇ ਵਿਚ ਸਿਰਫ ਤਿੰਨ ਜ਼ਿਲ੍ਹਿਆਂ ਵਿਚੋਂ ਹਜ਼ਾਰਾਂ ਲਿਟਰ ਨਕਲੀ ਸ਼ਰਾਬ ਬਰਾਮਦ ਹੋ ਗਈ, ਕਈ ਨਾਜਾਇਜ਼ ਫੈਕਟਰੀਆਂ ਸੀਲ ਕਰ ਦਿੱਤੀਆਂ ਅਤੇ ਸੈਂਕੜੇ ਤਸਕਰ ਵੀ ਗ੍ਰਿਫਤਾਰ ਹੋ ਗਏ ਜਿਨ੍ਹਾਂ ਨੂੰ ਹੁਣ ਤੱਕ ਪੁਲਿਸ ਨੇ ਵੇਖ ਕੇ ਵੀ ਅੱਖਾਂ ਮੀਟੀਆਂ ਹੋਈਆਂ ਸਨ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਵਿਚ ਇਹ ਧੰਦਾ ਪਿਛਲੇ ਕਾਫੀ ਸਾਲਾਂ ਤੋਂ ਸ਼ਰੇਆਮ ਚੱਲ ਰਿਹਾ ਸੀ।
ਪਿੰਡ ਮੁੱਛਲ ਵਿਚ ਨਾਜਾਇਜ਼ ਸ਼ਰਾਬ ਵੇਚਣ ਦੇ ਮਾਮਲੇ ਵਿਚ ਗ੍ਰਿਫਤਾਰ ਔਰਤ ਬਲਵਿੰਦਰ ਕੌਰ ਵਲੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਚਲਾਇਆ ਜਾ ਰਿਹਾ ਸੀ ਅਤੇ ਇਸ ਬਾਰੇ ਪੁਲਿਸ ਵੀ ਭਲੀਭਾਂਤ ਜਾਣੂ ਸੀ। ਇਹ ਔਰਤ ਸ਼ਰੇਆਮ ਦਾਅਵਾ ਕਰ ਰਹੀ ਹੈ ਕਿ ਇਹ ਇਸ ਬਦਲੇ ਪੁਲਿਸ ਨੂੰ ਮੋਟੀ ਰਕਮ ਦਿੰਦੀ ਸੀ। ਪਿੰਡ ਵਾਸੀਆਂ ਨੇ ਕਈ ਵਾਰ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਹਰ ਵਾਰ ਹੀ ਪੁਲਿਸ ਨੇ ਅੱਖਾਂ ਬੰਦ ਕਰਕੇ ਸਮਾਂ ਲੰਘਾ ਦਿੱਤਾ।
ਪਤਾ ਲੱਗਾ ਹੈ ਕਿ ਮ੍ਰਿਤਕਾਂ ਵਿਚ ਜ਼ਿਆਦਾਤਰ ਮਿਹਨਤ ਮਜ਼ਦੂਰੀ ਕਰਨ ਵਾਲੇ ਦਿਹਾੜੀਦਾਰ ਜਾਂ ਆਰਥਕ ਚੱਕੀ ਵਿਚ ਪਿਸ ਰਹੇ ਲੋਕ ਹਨ, ਜਿਹੜੇ ਪਿੰਡਾਂ ਵਿਚ ਸ਼ਰੇਆਮ ਵਿਕਦੀ ਨਕਲੀ ਸ਼ਰਾਬ ਦਾ ਸੇਵਨ ਕਰਦੇ ਹਨ। ਨਕਲੀ ਸ਼ਰਾਬ ਤਿਆਰ ਕਰਨ ਲਈ 20 ਲੀਟਰ ਪਾਣੀ ਵਿਚ ਸਿਰਫ ਇਕ ਲੀਟਰ ‘ਮਿਥਾਈਲ ਅਲਕੋਹਲ’ ਮਿਲਾ ਕੇ ਸ਼ਰਾਬ ਤਿਆਰ ਕਰ ਕੇ ਉਸ ਨੂੰ ਪਲਾਸਟਿਕ ਦੀਆਂ ਛੋਟੀਆਂ ਥੈਲੀਆਂ ਵਿਚ ਭਰ ਕੇ 20 ਰੁਪਏ ਤੋਂ ਲੈ ਕੇ 30 ਰੁਪਏ ਵਿਚ ਵੇਚਿਆ ਜਾਂਦਾ ਹੈ। ਇਸ ਤੋਂ ਇਲਾਵਾ ਮੱਝਾਂ ਨੂੰ ਲਗਾਉਣ ਵਾਲੇ ਟੀਕੇ ‘ਆਕਸੀਟੌਕਸਿਨ’ ਵੀ ਇਸ ਸ਼ਰਾਬ ਵਿਚ ਮਿਲਾ ਕੇ ਦਿੱਤੇ ਜਾਂਦੇ ਹਨ।
ਇਹ ਦੁਖਾਂਤ ਅਚਾਨਕ ਨਹੀਂ ਵਾਪਰਿਆ। ਪਿਛਲੇ ਕੁਝ ਮਹੀਨਿਆਂ ਤੋਂ ਸ਼ਰਾਬ ਮਾਫੀਆ ਦੀਆਂ ਸਰਗਰਮੀਆਂ ਇਸ ਦੇ ਸੰਕੇਤ ਦੇ ਰਹੀਆਂ ਸਨ। ਇਥੋਂ ਤੱਕ ਕਿ ਖੁਫੀਆ ਵਿੰਗ ਨੇ ਅਜਿਹੇ 500 ਤਸਕਰਾਂ ਦੀ ਸੂਹ ਦਿੱਤੀ ਸੀ ਪਰ ਇਸ ਪਾਸੇ ਕੋਈ ਕਾਰਵਾਈ ਨਹੀਂ ਕੀਤੀ ਗਈ। ਅਸਲ ਵਿਚ, ਕਰੋਨਾ ਮਹਾਮਾਰੀ ਕਾਰਨ ਪਿਛਲੇ ਚਾਰ ਮਹੀਨੇ ਰਾਜ ਵਿਚ ਲੋਕਾਂ ਦੀ ਆਵਾਜਾਈ ਸਬੰਧੀ ਅਨੇਕਾਂ ਤਰ੍ਹਾਂ ਦੀਆਂ ਸਖਤ ਪਾਬੰਦੀਆਂ ਲੱਗੀਆਂ ਹੋਈਆਂ ਸਨ। ਇਸ ਦੇ ਬਾਵਜੂਦ ਰਾਜ ਦੇ ਸ਼ਹਿਰੀ ਅਤੇ ਦਿਹਾਤੀ ਸਭ ਖੇਤਰਾਂ ਵਿਚ ਵੱਡੇ ਪੱਧਰ ਉਤੇ ਸ਼ਰਾਬ ਤੇ ਹੋਰ ਪ੍ਰਕਾਰ ਦੇ ਨਸ਼ਿਆਂ ਦੀ ਨਾਜਾਇਜ਼ ਵਿਕਰੀ ਹੁੰਦੀ ਰਹੀ।
ਇਹ ਪੋਲ ਉਸ ਸਮੇਂ ਖੁੱਲ੍ਹੀ ਜਦੋਂ ਨਾਜਾਇਜ਼ ਵਿਕਰੀ ਤੋਂ ਤੰਗ ਆਏ ਸ਼ਰਾਬ ਦੇ ਠੇਕੇਦਾਰਾਂ ਨੇ ਅੱਗੇ ਤੋਂ ਠੇਕੇ ਲੈਣ ਤੋਂ ਕੋਰੀ ਨਾਂਹ ਕਰ ਦਿੱਤੀ। ਸਰਕਾਰ ਨੇ ਠੇਕੇਦਾਰਾਂ ਨੂੰ ਭਰੋਸਾ ਦਿੱਤਾ ਤੇ ਅਗਲੇ ਹੀ ਦਿਨ ਘਨੌਰ (ਪਟਿਆਲਾ) ਦੇ ਪਿੰਡ ਗੰਡੋਆ ਵਿਚ ਨਾਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਗਈ। ਸ਼ਰਾਬ ਦੀ ਇਹ ਫੈਕਟਰੀ ਚਲਾਉਣ ਵਾਲੇ ਲੋਕਾਂ ਵਿਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਸਥਾਨਕ ਕਿਸਮ ਦੇ ਆਗੂ ਸ਼ਾਮਲ ਸਨ ਅਤੇ ਇਨ੍ਹਾਂ ਆਗੂਆਂ ਦੀਆਂ ਤਸਵੀਰਾਂ ਕਾਂਗਰਸ ਅਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਵੀ ਸਾਹਮਣੇ ਆਈਆਂ। ਇਸੇ ਤਰ੍ਹਾਂ ਦੀ ਇਕ ਫੈਕਟਰੀ ਖੰਨਾ ਦੇ ਨੇੜੇ ਤੋਂ ਫੜੀ ਗਈ ਸੀ, ਜਿਸ ਨੂੰ ਇਕ ਕਾਂਗਰਸੀ ਨੇਤਾ ਚਲਾ ਰਿਹਾ ਸੀ। ਇਸ ਆਗੂ ਦੀਆਂ ਤਸਵੀਰਾਂ ਵੀ ਕਾਂਗਰਸ ਦੇ ਕਈ ਸੀਨੀਅਰ ਲੀਡਰਾਂ ਨਾਲ ਸਾਹਮਣੇ ਆਈਆਂ ਹਨ।
ਪਿਛਲੇ ਦਿਨੀਂ ਦੋਸ਼ ਇਹ ਲੱਗੇ ਸਨ ਕਿ ਜਿਥੇ ਰਾਜ ਵਿਚ ਧੜੱਲੇ ਨਾਲ ਨਾਜਾਇਜ਼ ਚਲਦੀਆਂ ਸ਼ਰਾਬ ਫੈਕਟਰੀਆਂ ਵਿਚੋਂ ਤਾਲਾਬੰਦੀ ਦੌਰਾਨ ਵੱਡੀ ਪੱਧਰ ‘ਤੇ ਸ਼ਰਾਬ ਸਪਲਾਈ ਕੀਤੀ ਜਾਂਦੀ ਰਹੀ ਹੈ, ਉਥੇ ਮਾਨਤਾ ਪ੍ਰਾਪਤ ਸ਼ਰਾਬ ਫੈਕਟਰੀਆਂ ਵਿਚੋਂ ਵੀ ਰਿਕਾਰਡ ਵਿਚ ਦਰਜ ਕਰਨ ਤੋਂ ਬਿਨਾਂ ਨਾਜਾਇਜ਼ ਢੰਗ ਨਾਲ ਸ਼ਰਾਬ ਦੀ ਵਿਕਰੀ ਰਾਜ ਭਰ ਵਿਚ ਹੁੰਦੀ ਰਹੀ ਹੈ। ਉਸ ਸਮੇਂ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਤਤਕਾਲੀ ਚੀਫ ਸਕੱਤਰ ਖਿਲਾਫ ਸ਼ਰਾਬ ਤਸਕਰੀ ਸਬੰਧੀ ਮੋਰਚਾ ਖੋਲ੍ਹਿਆ ਸੀ ਤੇ ਮੁੱਖ ਮੰਤਰੀ ਨੇ 1800 ਕਰੋੜ ਰੁਪਏ ਦੀ ਸ਼ਰਾਬ ਤਸਕਰੀ ਦੇ ਮਾਮਲੇ ‘ਚ ਵੀ ਕੋਈ ਕਾਰਵਾਈ ਨਹੀਂ ਕੀਤੀ।
ਸ਼ਰਾਬ ਤੋਂ ਇਲਾਵਾ ਸਿੰਥੈਟਿਕ ਅਤੇ ਹੋਰ ਪ੍ਰਕਾਰ ਦੇ ਖਤਰਨਾਕ ਨਸ਼ਿਆਂ ਦੀ ਵਿਕਰੀ ਦੀਆਂ ਵੀ ਤਾਲਾਬੰਦੀ ਦੌਰਾਨ ਰਿਪੋਰਟਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਇਹ ਸਾਰਾ ਵਰਤਾਰਾ ਦੱਸਦਾ ਹੈ ਕਿ ਰਾਜ ਵਿਚ ਜਾਇਜ਼-ਨਾਜਾਇਜ਼ ਢੰਗ ਨਾਲ ਸ਼ਰਾਬ ਵੇਚਣ ਵਾਲੇ ਲੋਕਾਂ ਅਤੇ ਸ਼ਰਾਬ ਦੀਆਂ ਨਾਜਾਇਜ਼ ਫੈਕਟਰੀਆਂ ਚਲਾਉਣ ਵਾਲੇ ਪ੍ਰਭਾਵਸ਼ਾਲੀ ਲੋਕਾਂ ਨੂੰ ਸਿਆਸਤਦਾਨਾਂ, ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਕਾਫੀ ਹੱਦ ਤੱਕ ਸਰਪ੍ਰਸਤੀ ਹਾਸਲ ਹੈ।
2017 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਵਿਚ ਸਰਗਰਮ ਵੱਖ-ਵੱਖ ਤਰ੍ਹਾਂ ਦੇ ਮਾਫੀਆ ਗਰੋਹਾਂ ਦੀਆਂ ਕਾਰਵਾਈਆਂ ‘ਤੇ ਸਖਤੀ ਨਾਲ ਰੋਕ ਲਾਉਣਗੇ। ਉਨ੍ਹਾਂ ਨੇ ਹੱਥ ਵਿਚ ਗੁਟਕਾ ਫੜ ਕੇ ਇਹ ਵੀ ਸਹੁੰ ਖਾਧੀ ਸੀ ਕਿ ਇਕ ਮਹੀਨੇ ਵਿਚ ਵਿਸ਼ੇਸ਼ ਤੌਰ ‘ਤੇ ਨਸ਼ਿਆਂ ਦੀ ਤਸਕਰੀ ਬੰਦ ਕਰਵਾ ਦੇਣਗੇ ਪਰ ਸੱਤਾ ਦੇ ਸਾਢੇ 3 ਸਾਲ ਬੀਤ ਗਏ ਹਨ ਤੇ ਹਾਲਾਤ ਸਾਰਿਆਂ ਦੇ ਸਾਹਮਣੇ ਹਨ।
__________________________
ਅਕਾਲ ਦਲ ਦੀ ‘ਸ਼ਰਾਫਤ’ ਉਤੇ ਵੀ ਸਵਾਲ
ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦੇ ਮਾਮਲੇ ਵਿਚ ਅਕਾਲੀ ਦਲ ਬਾਦਲ ਉਤੇ ਵੀ ਸਵਾਲ ਉਠ ਰਹੇ ਹਨ। ਇਸ ਦੁਖਾਂਤ ਪਿੱਛੋਂ ਹੋਈਆਂ ਗ੍ਰਿਫਤਾਰੀਆਂ ਵਿਚ ਅਕਾਲੀ ਆਗੂਆਂ ਦੀ ਸਰਪ੍ਰਸਤੀ ਵਾਲੇ ਕੁਝ ਤਸਕਰਾਂ ਦੇ ਸਾਹਮਣੇ ਆਉਣ ਪਿੱਛੋਂ ਇਹ ਪੰਥਕ ਪਾਰਟੀ ਵੀ ਘਿਰੀ ਹੋਈ ਹੈ। ਬਟਾਲਾ ਵਿਚ ਇਸ ਮਾਮਲੇ ਵਿਚ ਗ੍ਰਿਫਤਾਰ ਮਹਿਲਾ ਤ੍ਰਿਵੈਣੀ ਚੌਹਾਨ ਦੇ ਅਕਾਲੀ ਦਲ ਸਬੰਧਾਂ ਦੀ ਚਰਚਾ ਜ਼ੋਰਾਂ ਉਤੇ ਹੈ। ਇਸ ਤੋਂ ਇਲਾਵਾ ਪਿੰਡ ਮੁੱਛਲ ਗ੍ਰਿਫਤਾਰ ਬਲਵਿੰਦਰ ਕੌਰ ਵੱਲੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਚਲਾਇਆ ਜਾ ਰਿਹਾ ਸੀ ਤੇ ਉਹ ਅਕਾਲੀ ਦਲ ਦੇ ਰਾਜ ਸਮੇਂ ਵੀ ਸਰਗਰਮ ਸੀ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਵਾਰਸਾਂ ਲਈ 25-25 ਲੱਖ ਰੁਪਏ ਮੁਆਵਜ਼ਾ ਮੰਗ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਉਸ ਸਮੇਂ ਭੱਜਣਾ ਪੈ ਗਿਆ ਜਦੋਂ ਪੱਤਰਕਾਰਾਂ ਨੇ ਪੁੱਛ ਲਿਆ ਕਿ ਅਪਰੈਲ 2014 ਵਿਚ ਬਟਾਲਾ ਜ਼ਹਿਰੀਲੀ ਸ਼ਰਾਬ ਪੀਣ ਕਾਰਨ 18 ਲੋਕਾਂ ਦੇ ਮਰਨ ‘ਤੇ ਪ੍ਰਤੀ ਪਰਿਵਾਰ 5-5 ਲੱਖ ਰੁਪਏ ਦੇਣ ਦੇ ਵਾਅਦੇ ਨੂੰ ਪੂਰਾ ਕਿਉਂ ਨਹੀਂ ਕੀਤਾ ਗਿਆ।