ਕੈਪਟਨ ਸਰਕਾਰ ਨੂੰ ‘ਆਪਣਿਆਂ’ ਨੇ ਹੀ ਘੇਰਿਆ

ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਦੇ ਮਾਮਲੇ ਉਤੇ ਕੈਪਟਨ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਕੈਪਟਨ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਹਾਲਤ ਇਹ ਹੈ ਕਿ ਕੋਈ ਵੀ ਪੀੜਤ ਪਰਿਵਾਰਾਂ ਕੋਲ ਪਹੁੰਚ ਕਰ ਕੇ ਦੁੱਖ ਵੰਡਾਉਣ ਦੀ ਥਾਂ ਦੂਰੋਂ ਹਮਦਰਦੀ ਵਿਖਾ ਰਿਹਾ ਹੈ। ਇਥੋਂ ਤੱਕ ਕਿ ਇੰਨਾ ਐਡੇ ਵੱਡਾ ਦੁਖਾਂਤ ਹੋਣ ਦੇ ਬਾਵਜੂਦ ਕੈਪਟਨ ਅਜੇ ਕਿਸੇ ਪੀੜਤ ਪਰਿਵਾਰ ਦੇ ਮੱਥੇ ਨਹੀਂ ਲੱਗਿਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਲੋਂ ਸਰਕਾਰ ਨੂੰ ਘੇਰਿਆ ਹੋਇਆ ਹੈ।

ਕੈਪਟਨ ਸਰਕਾਰ ਲਈ ਵੱਡੀ ਨਮੋਸ਼ੀ ਇਹ ਹੈ ਕਿ ਵਿਰੋਧੀਆਂ ਤੋਂ ਇਲਾਵਾ ਆਪਣਿਆਂ ਨੇ ਵੀ ਸਰਕਾਰ ਦੀ ਨਾਲਾਇਕੀ ਉਤੇ ਸਵਾਲ ਚੁੱਕ ਦਿੱਤੇ ਹਨ। ਪੰਜਾਬ ਪ੍ਰਦੇਸ਼ ਕਮੇਟੀ ਦੇ ਸਾਬਕਾ ਉਪ ਪ੍ਰਧਾਨ ਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਚੌਧਰੀ ਤਰਲੋਚਨ ਸਿੰਘ ਸੂੰਢ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹਦਿਆਂ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਦੇ ਸ਼ਰਾਬ ਮਾਫੀਏ ਦੇ ਮਾਮਲੇ ‘ਤੇ ਆਪਣੀ ਹੀ ਪਾਰਟੀ ਦੀ ਸਰਕਾਰ ਖਿਲਾਫ ਬਿਗਲ ਵਜਾ ਦਿੱਤਾ ਹੈ।
ਦੋਵੇਂ ਸੰਸਦ ਮੈਂਬਰਾਂ ਨੇ ਸ਼ਰਾਬ ਮਾਫੀਏ ਦੇ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਨਿਸ਼ਾਨੇ ‘ਤੇ ਲਿਆ ਹੈ। ਦੋਵਾਂ ਨੇ ਪੰਜਾਬ ਦੇ ਰਾਜਪਾਲ ਵੀæਪੀæ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਅਤੇ ਜ਼ਹਿਰੀਲੀ ਸ਼ਰਾਬ ਕਾਰਨ ਮਾਝੇ ਵਿਚ ਵਾਪਰੀ ਤਰਾਸਦੀ ਅਤੇ ਪੰਜਾਬ ਦੇ ਸ਼ਰਾਬ ਮਾਫੀਏ ਦੀ ਸੀæਬੀæਆਈæ ਅਤੇ ਈਡੀ ਤੋਂ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਦੋਵਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਜਾਂਚ ‘ਤੇ ਭਰੋਸਾ ਨਹੀਂ ਹੈ।