ਬੁਰਾ ਫਸਿਆ ਸੁਮੇਧ ਸੈਣੀ, ਤਿੰਨ ਸਾਬਕਾ ਇੰਸਪੈਕਟਰ ਦੇਣਗੇ ਗਵਾਹੀ

ਮੁਹਾਲੀ: ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿਚ ਲਾਪਤਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਪੀੜਤ ਪਰਿਵਾਰ ਦੀ ਅਪੀਲ ਉਤੇ ਸੈਣੀ ਖਿਲਾਫ ਕੇਸ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਨਵੀਂ ਅਦਾਲਤ ਵਿਚ ਤਬਦੀਲ ਕੀਤਾ ਗਿਆ ਹੈ। ਨਵੀਂ ਅਦਾਲਤ ਵਿਚ 7 ਅਗਸਤ ਨੂੰ ਸੁਣਵਾਈ ਹੋਣੀ ਹੈ ਜਿਥੇ ਸਰਕਾਰ ਸੈਣੀ ਦੇ ਪੈਰਾਂ ਵਿਚ ਕਾਨੂੰਨ ਦੀਆਂ ਬੇੜੀਆਂ ਪਾਉਣ ਲਈ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਹਰ ਹੀਲਾ ਵਰਤ ਰਹੀ ਹੈ।

ਉਧਰ ਪੁਰਾਣੇ ਸਾਥੀ ਵੀ ਹੁਣ ਸਾਬਕਾ ਡੀ.ਜੀ.ਪੀ. ਦੀ ਬੇੜੀ ਡੁੱਬਦੀ ਹੋਈ ਦੇਖ ਅਤੇ ਆਪਣੀ ਜਾਨ ਬਚਾਉਣ ਲਈ ਛਾਲਾਂ ਮਾਰ ਕੇ ਭੱਜ ਗਏ ਹਨ। ਚੰਡੀਗੜ੍ਹ ਵਿਚ ਐਸ਼ਐਸ਼ਪੀ. ਵਜੋਂ ਤਾਇਨਾਤੀ ਦੌਰਾਨ ਸੁਮੇਧ ਸੈਣੀ ਦੀ ਖਾਸ ਟੀਮ ‘ਚ ਸ਼ਾਮਲ ਯੂਟੀ ਪੁਲਿਸ ਦੇ ਤਿੰਨ ਸਾਬਕਾ ਇੰਸਪੈਕਟਰ ਸੈਣੀ ਖਿਲਾਫ ਵਾਅਦਾ ਮੁਆਫ ਗਵਾਹ ਬਣਨ ਲਈ ਤਿਆਰ ਹੋ ਗਏ ਹਨ। ਸੁਮੇਧ ਸਿੰਘ ਸੈਣੀ ਸਮੇਤ ਛੇ ਮੁਲਜ਼ਮ ਐਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ, ਹਰ ਸਹਾਏ ਸ਼ਰਮਾ, ਜਗੀਰ ਸਿੰਘ, ਅਨੋਖ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਖਿਲਾਫ ਮਟੌਰ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।
ਐਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਉਤੇ 11 ਦਸੰਬਰ 1991 ਨੂੰ ਤੜਕੇ 4 ਵਜੇ ਇਥੋਂ ਦੇ ਫੇਜ਼-7 ‘ਚੋਂ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਅਤੇ ਬਾਅਦ ਵਿਚ ਗਾਇਬ ਕਰਨ ਦਾ ਦੋਸ਼ ਹੈ।
ਹੁਣ ਸੈਣੀ ਦੇ ਤਿੰਨ ਚਹੇਤੇ ਸਾਬਕਾ ਪੁਲਿਸ ਅਧਿਕਾਰੀ ਹਰ ਸਹਾਏ ਸ਼ਰਮਾ, ਜਗੀਰ ਸਿੰਘ ਅਤੇ ਕੁਲਦੀਪ ਸਿੰਘ ਸੰਧੂ ਵਾਅਦਾ ਮੁਆਫ ਗਵਾਹ ਬਣਨ ਲਈ ਰਾਜ਼ੀ ਹੋ ਗਏ ਹਨ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਮੁਹਾਲੀ ਦੀ ਇਕ ਅਦਾਲਤ ਵਿਚ ਧਾਰਾ 164 ਤਹਿਤ ਆਪਣੇ ਬਿਆਨ ਵੀ ਦਰਜ ਕਰਵਾਉਣ ਬਾਰੇ ਪਤਾ ਲੱਗਾ ਹੈ। ਭਾਵੇਂ ਇਸ ਬਾਰੇ ਹਾਲੇ ਕਿਸੇ ਅਧਿਕਾਰੀ ਨੇ ਆਪਣੀ ਮੂੰਹ ਨਹੀਂ ਖੋਲ੍ਹਿਆ। ਬੀਤੀ 30 ਜੁਲਾਈ ਨੂੰ ਸੁਣਵਾਈ ਦੌਰਾਨ ਸਬੰਧਤ ਅਦਾਲਤ ਵਿਚ ਕਿਸੇ ਦੇ ਬਿਆਨ ਦਰਜ ਨਹੀਂ ਹੋਏ ਸਨ। ਮੁਹਾਲੀ ਅਦਾਲਤ ਵਿਚ ਕੇਸ ਦੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਮੁਲਤਾਨੀ ਨੂੰ ਘਰੋਂ ਚੁੱਕ ਕੇ ਲਿਜਾਉਣ ਲਈ ਵਾਲੀ ਯੂਟੀ ਪੁਲਿਸ ਦੀ ਟੀਮ ਨੇ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਸੀ। ਉਸ ਸਮੇਂ ਸੁਮੇਧ ਸੈਣੀ ਚੰਡੀਗੜ੍ਹ ਵਿਚ ਐਸ਼ਐਸ਼ਪੀ. ਦੇ ਅਹੁਦੇ ਉਤੇ ਤਾਇਨਾਤ ਸਨ।
______________________________________________
ਗੁਰਮੀਤ ਰਾਮ ਰਹੀਮ ਤਾਉਮਰ ਰਹੇਗਾ ਡੇਰਾ ਸਿਰਸਾ ਦਾ ਮੁਖੀ
ਸਿਰਸਾ: ਸਾਧਵੀ ਨਾਲ ਜਬਰ ਜਨਾਹ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਹੈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਚਿੱਠੀ ਵਿਚ ਜਿਥੇ ਡੇਰਾ ਮੁਖੀ ਨੇ ਆਪਣੀ ਮਾਂ ਨੂੰ ਸਿਹਤ ਦਾ ਧਿਆਨ ਰੱਖਣ ਦੀ ਹਦਾਇਤ ਕੀਤੀ ਹੈ, ਉਥੇ ਹੀ ਆਸ ਵੀ ਪ੍ਰਗਟਾਈ ਹੈ ਕਿ ਜੇ ਪਰਮਾਤਮਾ ਨੇ ਚਾਹਿਆ ਤਾਂ ਉਹ ਜਲਦੀ ਬਾਹਰ ਆ ਕੇ ਖੁਦ ਉਨ੍ਹਾਂ ਦਾ ਇਲਾਜ ਕਰਵਾਉਣਗੇ। ਚਿੱਠੀ ਵਿਚ ਗੁਰਮੀਤ ਰਾਮ ਰਹੀਮ ਸਿੰਘ ਨੇ ਲਿਖਿਆ ਹੈ ਕਿ ਉਹ ਤਾਉਮਰ ਡੇਰਾ ਮੁਖੀ ਬਣ ਕੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
ਡੇਰਾ ਮੁਖੀ ਵੱਲੋਂ ਚਿੱਠੀ ਵਿਚ ਪਰਿਵਾਰ ਦੇ ਜੀਆਂ ਦੇ ਨਾਲ-ਨਾਲ ਗੋਦ ਲਈ ਧੀ ਹਨੀਪ੍ਰੀਤ, ਡੇਰੇ ਦੇ ਸ਼ਰਧਾਲੂਆਂ ਅਤੇ ਪ੍ਰਬੰਧਕਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਚਿੱਠੀ ਵਿਚ ਜਿਥੇ ਸ਼ਰਧਾਲੂਆਂ ਨੂੰ ਸਰਕਾਰ ਵੱਲੋਂ ਕਰੋਨਾ ਨਾਲ ਨਜਿੱਠਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਕਹੀ ਗਈ ਹੈ, ਉਥੇ ਹੀ ਉਨ੍ਹਾਂ ਨੂੰ ਖੂਨਦਾਨ ਤੇ ਭਲਾਈ ਦੇ ਕੰਮ ਜਾਰੀ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ। ਡੇਰੇ ਵਿਚ ਗੁੱਟਬਾਜ਼ੀ ਦੇ ਸਵਾਲਾਂ ਦਾ ਵੀ ਜਵਾਬ ਦਿੱਤਾ ਗਿਆ ਹੈ।