ਬੰਦਾ ਸਿੰਘ ਬਹਾਦਰ ਬਾਰੇ ਦੁਰ-ਪ੍ਰਚਾਰ

ਸਿੱਖੀ, ਬੰਦਾ ਸਿੰਘ ਬਹਾਦਰ ਅਤੇ ਇਤਿਹਾਸ-3
ਹਰਪਾਲ ਸਿੰਘ
ਕੌਣ ਸੀ ਉਹ ਬੈਰਾਗੀ ਸਾਧੂ? ਬ੍ਰਾਹਮਣ, ਰਾਜਪੂਤ, ਸੋਢੀ-ਖੱਤਰੀ? ਮਾਤਾ ਸੁੰਦਰੀ ਦਾ ਦੁਰਕਾਰਿਆ ਹੋਇਆ ਜਾਂ ਗੁਰੂ ਦਾ ਆਪਣਾ ਬੰਦਾ? ਉਸ ਦਾ ਪਿਛੋਕੜ, ਉਸ ਦੇ ਪੁਰਖੇ ਕੌਣ ਸਨ? ਜੀਵਨ ਦੇ ਮੁੱਢਲੇ ਸਾਲ ਕਿੱਥੇ ਤੇ ਕਿਵੇਂ ਗੁਜ਼ਾਰੇ? ਗੁਰੂ ਗੋਬਿੰਦ ਸਿੰਘ ਨਾਲ ਉਸ ਦਾ ਮੇਲ ਕਦੋਂ ਤੇ ਕਿੱਥੇ ਹੋਇਆ? ਇਹ ਸਿੱਖ ਇਤਿਹਾਸ ਦੇ ਅਣਸੁਲਝੇ ਪ੍ਰਸ਼ਨ ਹਨæææਇਕ ਪਹੇਲੀ!
ਉਹ ਸਮੁੱਚੇ ਬ੍ਰਹਿਮੰਡ ਦਾ ਮਹਾਨਾਇਕ, ਸਿੱਖ ਰਾਜ ਦਾ ਬਾਨੀ, ਗੀਤਾ ਦਾ ਕ੍ਰਿਸ਼ਨ, ਮਹਾਂਭਾਰਤ ਦਾ ਅਰਜੁਨ ਅਤੇ ਸਦੀਆਂ ਤੋਂ ਲਤਾੜੇ ਜਾਂਦੇ ਲੋਕਾਂ ਜਿਨ੍ਹਾਂ ਨੂੰ ਸਮਾਜ ਦੀ ਮੈਲ ਕਿਹਾ ਜਾਂਦਾ ਸੀ, ਉਨ੍ਹਾਂ ਦਾ ਮਸੀਹਾ ਸੀ। ਸ਼ਹੀਦੀ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦਾ ਸਬਰ, ਸਿਦਕ ਤੇ ਦਲੇਰੀ ਉਸ ਦੇ ਸਮੁੱਚੇ ਜੀਵਨ ਦੀ ਤਰਜਮਾਨੀ ਕਰਦੇ ਹਨ। ਬਹੁਤ ਸਾਰੇ ਇਤਿਹਾਸਕਾਰਾਂ ਨੇ ਬਿਨਾਂ ਜਾਣੇ-ਪਛਾਣੇ, ਹਵਾ ਵਿਚ ਤੀਰ ਮਾਰ ਕੇ ਸੱਚ ਨੂੰ ਫਾਹੇ ਲਾਉਣ ਦਾ ਯਤਨ ਕੀਤਾ ਹੈ। ਇਕ ਪਾਸੜ ਸੋਚ ਦੀਆਂ ਕੁਝ ਵੰਨਗੀਆਂ ਇਸ ਤਰ੍ਹਾਂ ਹਨ:
ਕੇਸਰ ਸਿੰਘ ਛਿੱਬੜ ‘ਬੰਸਾਵਲੀ ਦਸਾਂ ਪਾਤਿਸ਼ਾਹੀਆਂ’ (1769) ਦਾ ਲਿਖਾਰੀ ਬ੍ਰਾਹਮਣੀ ਪਿਛੋਕੜ ਵਾਲਾ ਸੀ। ਉਹ ਆਪਣੇ ਨਾਂ ਨਾਲ ‘ਦਿਜ’ ਸ਼ਬਦ ਦੀ ਵਰਤੋਂ ਕਰਦਾ ਸੀ ਜਿਸ ਦਾ ਭਾਵ ਬ੍ਰਾਹਮਣ ਹੈ। ਉਹ ਲਿਖਦਾ ਹੈ, ਬੰਦੇ ਨੇ ਕਿਉਂਕਿ ਵਿਆਹ ਕਰਵਾ ਲਿਆ ਸੀ, ਇਸ ਲਈ ਉਸ ਨੇ ਰਹਿਤ ਭੰਗ ਕੀਤੀ ਸੀ, ਜਦੋਂ ਕਿ ਗੁਰੂ ਗੋਬਿੰਦ ਸਿੰਘ ਨੇ ਉਸ ਨੂੰ ਲੰਗੋਟ ਦਾ ਪੱਕਾ ਰਹਿਣ ਲਈ ਕਿਹਾ ਸੀ।
ਕੇਸਰ ਸਿੰਘ ਛਿੱਬੜ ਦਾ ਇਹ ਦੋਸ਼ ਨਿਰਮੂਲ ਹੈ। ਸਿੱਖ ਗੁਰੂਆਂ ਨੇ ਗ੍ਰਹਿਸਥ ਮਾਰਗ ਨੂੰ ਸਭ ਤੋਂ ਉੱਚਾ ਮਾਰਗ ਮੰਨਿਆ ਹੈ। ਮਰਦ ਤੇ ਇਸਤਰੀ ਨੂੰ ਬਰਾਬਰ ਦੇ ਹਕੂਕ ਦਿੱਤੇ ਗਏ ਹਨ। ਗੁਰੂ ਨਾਨਕ ਦੇਵ ਜੀ ‘ਆਸਾ ਦੀ ਵਾਰ’ ਵਿਚ ਫਰਮਾਉਂਦੇ ਹਨ,
ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡ ਉਪਜੈ
ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ
ਏਕੋ ਸਚਾ ਸੋਇ॥
ਗੁਰੂ ਅਰਜਨ ਦੇਵ ਜੀ ਦੀਆਂ ਦੋ ਸ਼ਾਦੀਆਂ ਸਨ। ਪਹਿਲੀ ਪਤਨੀ ਰਾਮ ਦੇਵੀ ਸੀ ਜੋ ਲੰਬੀ ਬਿਮਾਰੀ ਦਾ ਸ਼ਿਕਾਰ ਸੀ। ਉਨ੍ਹਾਂ ਦੀ ਦੂਜੀ ਪਤਨੀ ਦਾ ਨਾਂ ਮਾਤਾ ਗੰਗਾ ਸੀ ਜੋ ਪਿੰਡ ਮੇਓ ਜ਼ਿਲ੍ਹਾ ਜਲੰਧਰ ਦੇ ਕਿਸ਼ਨ ਚੰਦ ਦੀ ਬੇਟੀ ਸੀ। ਗੁਰੂ ਹਰਗੋਬਿੰਦ ਜੀ ਦੀਆਂ ਤਿੰਨ ਸ਼ਾਦੀਆਂ ਸਨ-ਮਾਤਾ ਦਮੋਦਰੀ, ਮਾਤਾ ਮਹਾਂ ਦੇਵੀ ਅਤੇ ਮਾਤਾ ਨਾਨਕੀ। ਗੁਰੂ ਗੋਬਿੰਦ ਸਿੰਘ ਦੀਆਂ ਤਿੰਨ ਸ਼ਾਦੀਆਂ ਸਨ-ਮਾਤਾ ਸੁੰਦਰੀ, ਮਾਤਾ ਜੀਤੋ ਤੇ ਮਾਤਾ ਸਾਹਿਬ ਦੇਵਾਂ। ਉਹ ਬੰਦੇ ਨੂੰ ਵਿਆਹ ਨਾ ਕਰਵਾਉਣ ਲਈ ਕਿਵੇਂ ਕਹਿ ਸਕਦੇ ਸਨ? ਬੰਦੇ ਬਹਾਦਰ ਨੇ ਚੰਬੇ ਦੇ ਰਾਜਾ ਉਦੈ ਸਿੰਘ ਦੀ ਧੀ ਸੁਸ਼ੀਲ ਕੁੰਵਰ (ਮਗਰੋਂ ਸੁਸ਼ੀਲ ਕੌਰ) ਨਾਲ ਬਾਕਾਇਦਾ ਸ਼ਾਦੀ ਕੀਤੀ ਸੀ।
ਬੰਦੇ ਅਤੇ ਬਾਵਾ ਬਿਨੋਦ ਸਿੰਘ ਦਾ ਗੁਰਦਾਸ ਨੰਗਲ ਵਿਚ ਘਿਰੇ ਹੋਣ ਕਰ ਕੇ ਝਗੜਾ ਹੋ ਗਿਆ। ਪਹਿਲਾ ਕਾਰਨ ਇਹ ਸੀ ਕਿ ਬਾਵਾ ਬਿਨੋਦ ਸਿੰਘ ਬਾਕੀ ਸਿੰਘਾਂ ਨਾਲ ਵੰਡ ਕੇ ਨਹੀਂ ਖਾਂਦਾ ਸੀ ਅਤੇ ਦੂਜਾ ਇਹ ਕਿ ਬੰਦਾ ਸਿੰਘ ਘੇਰੇ ਵਿਚ ਘਿਰਿਆ ਹੋਇਆ ਇਕ ਹੋਰ ਵਿਆਹ ਕਰਾਉਣ ਦੀ ਇੱਛਾ ਪ੍ਰਗਟ ਕਰ ਰਿਹਾ ਸੀ। (ਕੇਸਰ ਸਿੰਘ ਛਿੱਬੜ ‘ਤੇ ਕੇਵਲ ਤਰਸ ਹੀ ਕੀਤਾ ਜਾ ਸਕਦਾ ਹੈ, ਪਾਠਕ ਫੈਸਲਾ ਆਪ ਕਰਨ)
ਜਦੋਂ ਦਿੱਲੀ ਵਿਚ ਹਰ ਰੋਜ਼ ਸਿੰਘਾਂ ਦਾ ਕਤਲ ਹੋ ਰਿਹਾ ਸੀ ਤਾਂ ਜਿਸ ਦਿਨ ਬਾਬਾ ਕਾਹਨ ਸਿੰਘ ਦੀ ਵਾਰੀ ਆਈ ਤਾਂ ਬਾਵਾ ਬਿਨੋਦ ਸਿੰਘ ਨੇ ਦਰੋਗੇ ਨਾਲ ਮਿਲ ਕੇ ਕਾਹਨ ਸਿੰਘ ਦੀ ਥਾਂ ਕਿਸੇ ਗਰੀਬ ਨੂੰ ਬਿਠਾ ਕੇ ਕਤਲ ਕਰਵਾ ਦਿੱਤਾ ਸੀ। ਇਸ ਦਾ ਅਰਥ ਇਹ ਹੀ ਹੋ ਸਕਦਾ ਹੈ ਕਿ ਬਾਵਾ ਬਿਨੋਦ ਸਿੰਘ ਪਹਿਲਾਂ ਤੋਂ ਹੀ ਮੁਗਲਾਂ ਨਾਲ ਰਲਿਆ ਹੋਇਆ ਸੀ ਅਤੇ ਆਪਣੇ ਪੁੱਤਰ ਨੂੰ ਛੁਡਾਉਣ ਲਈ ਉਸ ਨੇ ਮੁਗਲਾਂ ਨਾਲ ਸਮਝੌਤਾ ਕਰ ਰੱਖਿਆ ਸੀ।
ਸਰੂਪ ਦਾਸ ਭੱਲਾ ‘ਮਹਿਮਾ ਪ੍ਰਕਾਸ਼’ (1776) ਦੇ ਗ੍ਰੰਥ ਦਾ ਰਚਨਹਾਰਾ ਹੈ। ਸਿੱਖ ਧਰਮ ਦਾ ਅਨੁਯਾਈ ਹੋਣ ਦੇ ਬਾਵਜੂਦ ਉਸ ਉਪਰ ਸਨਾਤਨੀ ਹਿੰਦੂ ਰਹਿਤ ਮਰਿਆਦਾ ਪੂਰੀ ਤਰ੍ਹਾਂ ਹਾਵੀ ਸੀ। ਆਪਣੇ ਗ੍ਰੰਥ ਵਿਚ ਬੰਦੇ ਬਾਰੇ ਉਹ ਲਿਖਦਾ ਹੈ, ਕੋਈ ਅਕਲ ਗੁਆ ਚੁੱਕਿਆ ਹਾਕਮ ਹੀ ਰਾਜ ਭਾਗ ਪ੍ਰਾਪਤ ਕਰ ਕੇ ਬੁਰੇ ਕੰਮ ਕਰਦਾ ਹੈ, ਬੰਦਾ ਸਿੰਘ ਨੇ ਕਿਉਂਕਿ ਰਾਜ ਧਨ ਖਾਧਾ ਸੀ, ਇਸ ਕਰ ਕੇ ਬੰਦੇ ਨੂੰ ਗੁਰਦਾਸ ਨੰਗਲ ਵਿਚ ਤਸੀਹੇ ਝੱਲਣੇ ਪਏ। ਮੁਸਲਮਾਨਾਂ ਦੇ ਕਤਲ ਦਾ ਦੋਸ਼ ਉਹ ਬੰਦੇ ਉਪਰ ਲਾਉਂਦਾ ਹੈ।
ਆਪਣੇ ਰਾਜ ਸਮੇਂ ਬੰਦੇ ਨੇ ਹਲਵਾਹਕਾਂ ਨੂੰ ਜ਼ਮੀਨ ਦਾ ਮਾਲਕ ਬਣਾਇਆ। ਕਿਸਾਨਾਂ ਦੀ ਤਕਦੀਰ ਬਦਲ ਦਿੱਤੀ। ਨੀਵੇਂ ਤੋਂ ਨੀਵੇਂ ਲੋਕਾਂ ਨੂੰ ਆਪਣੇ ਰਾਜ ਪ੍ਰਬੰਧ ਵਿਚ ਉੱਚੀਆਂ ਪਦਵੀਆਂ ‘ਤੇ ਪਹੁੰਚਾਇਆ। ਵਿਲੀਅਮ ਇਰਵਨ ਲਿਖਦਾ ਹੈ ਕਿ ਬੰਦਾ ਸਿੰਘ ਬਹਾਦਰ ਦੀ ਸੈਨਾ ਵਿਚ ਜਿਹੜੇ ਚੂਹੜੇ ਚਮਿਆਰ ਤੇ ਨੀਚਾਂ ਤੋਂ ਨੀਚ ਜਾਤੀ ਦੇ ਲੋਕ ਵੀ ਭਰਤੀ ਹੋਏ ਸਨ, ਉਹ ਵੀ ਆਪਣੇ ਘਰਾਂ ਨੂੰ ਹਾਕਮ ਬਣ ਕੇ ਮੁੜੇ ਸਨ।
ਬੰਦਾ ਨਾ ਤਾਂ ਹਤਿਆਰਾ ਸੀ, ਨਾ ਜ਼ਾਲਮ ਅਤੇ ਨਾ ਹੀ ਮੁਸਲਮਾਨਾਂ ਦੇ ਖੂਨ ਦਾ ਪਿਆਸਾ। ਉਸ ਨੇ ਕਦੀ ਵੀ ਮੁਸਲਮਾਨਾਂ ਦੇ ਸਿਰਾਂ ਦੇ ਮਿਨਾਰ ਨਹੀਂ ਚਿਣਵਾਏ ਅਤੇ ਨਾ ਹੀ ਕਿਸੇ ਬੱਚੇ ਨੂੰ ਜਾਣ-ਬੁੱਝ ਕੇ ਜ਼ਿਬ੍ਹਾ ਕਰਵਾਇਆ। ਲੜਾਈ ਵਿਚ ਲੋਕਾਂ ਦਾ ਮਰਨਾ ਅਤੇ ਲੁੱਟਮਾਰ ਤੇ ਅੱਗਜ਼ਨੀ ਦਾ ਵਰਤਾਰਾ ਹੋਣਾ ਆਮ ਗੱਲ ਹੈ। ਭਗਵਾਨ ਦਾਸ ਹਰਕਾਰੇ ਦੀ 28 ਅਪਰੈਲ 1711 ਦੀ ਰਿਪੋਰਟ ਵਿਚ ਦਰਜ ਹੈ ਕਿ ਉਸ (ਬੰਦਾ) ਨੇ ਵਚਨ ਦਿੱਤਾ ਹੈ ਅਤੇ ਸੱਚੇ ਦਿਲੋਂ ਇਕਰਾਰ ਕੀਤਾ ਹੈ ਕਿ ਉਹ ਮੁਸਲਮਾਨਾਂ ਨੂੰ ਨਾ ਤਾਂ ਕੋਈ ਦੁੱਖ ਦੇਵੇਗਾ ਅਤੇ ਨਾ ਹੀ ਕੋਈ ਨੁਕਸਾਨ ਪਹੁੰਚਾਵੇਗਾ। ਉਸ ਨੇ ਉਨ੍ਹਾਂ ਨੂੰ ਬਿਨਾਂ ਕਿਸੇ ਡਰ ਭੈਅ ਅਤੇ ਜਿਵੇਂ ਵੀ ਉਹ ਚਾਹੁਣ, ਨਮਾਜ਼ ਜਾਂ ਖੁਤਬਾ ਪੜ੍ਹਨ ਦੀ ਆਗਿਆ ਦੇ ਰੱਖੀ ਹੈ।
ਰਤਨ ਸਿੰਘ ਭੰਗੂ ਦੀ ਪੁਸਤਕ ‘ਪ੍ਰਾਚੀਨ ਪੰਥ ਪ੍ਰਕਾਸ਼’ 1841 ਦੀ ਲਿਖਤ ਹੈ। ਉਹ ਬੰਦੇ ਬਹਾਦਰ ਦਾ ਸਮਕਾਲੀ ਨਹੀਂ ਹੈ। ਬੰਦੇ ਬਹਾਦਰ ਦੀ ਸ਼ਹਾਦਤ ਦੇ 125 ਸਾਲਾਂ ਬਾਅਦ ਇਹ ਪੁਸਤਕ ਲਿਖੀ ਗਈ ਹੈ। ਪੰਥ ਪ੍ਰਕਾਸ਼ ਦਾ ਗੁਰੂ ਨਾਨਕ ਤੋਂ ਬੰਦਾ ਸਿੰਘ ਬਹਾਦਰ ਤੱਕ ਦੇ ਸਮੇਂ ਦਾ ਭੰਗੂ ਦਾ ਵਰਣਨ ਪ੍ਰਮਾਣਿਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਨਾ ਤਾਂ ਇਸ ਸਮੇਂ ਵਿਚ ਸੀ ਤੇ ਨਾ ਹੀ ਉਸ ਪਾਸ ਕੋਈ ਪ੍ਰਮਾਣਿਕ ਸਰੋਤ ਸਨ। ਭੰਗੂ ਬੰਦਾ ਬਹਾਦਰ ਨੂੰ ਸਿੱਖਾਂ ਦਾ ਨੇਤਾ ਮੰਨ ਕੇ ਨਹੀਂ ਚਲਦਾ, ਕਿਉਂਕਿ ਉਸ ਦੇ ਵੱਡੇ ਵਡੇਰੇ ਜਿਨ੍ਹਾਂ ਦਾ ਸਬੰਧ ਤੱਤ-ਖਾਲਸਾ ਨਾਲ ਸੀ, ਬੰਦਾ ਬਹਾਦਰ ਦੇ ਖਿਲਾਫ਼ ਸਨ। ਆਪਣੀ ਲਿਖਤ ਵਿਚ ਉਸ ਨੇ ਕਿਤੇ ਵੀ ਬੰਦੇ ਦੇ ਨਾਂ ਨਾਲ ਸਿੰਘ ਸ਼ਬਦ ਨਹੀਂ ਵਰਤਿਆ, ਕਿਉਂਕਿ ਉਹ ਬੰਦਾ ਬਹਾਦਰ ਨੂੰ ਅੰਮ੍ਰਿਤਧਾਰੀ ਨਹੀਂ ਸੀ ਮੰਨਦਾ। ਉਹ ਬੰਦਾ ਸ਼ਬਦ ਨੂੰ ਵਿਗਾੜ ਕੇ ਬੰਦੋ ਅਤੇ ਬੰਦੇ ਦੇ ਰੂਪ ਵਿਚ ਵਰਤਦਾ ਹੈ। ਬੰਦੇ ਪ੍ਰਤੀ ਆਪਣੇ ਮਨ ਵਿਚ ਛੁਪੀ ਤ੍ਰਿਸਕਾਰ ਦੀ ਭਾਵਨਾ ਦਾ ਪ੍ਰਗਟਾ ਕਰਦਾ ਹੋਇਆ ਉਹ ਲਿਖਦਾ ਹੈ,
1æ ਬੰਦਾ ਅੰਮ੍ਰਿਤਧਾਰੀ ਨਹੀਂ ਸੀ।
2æ ਬੰਦਾ ਸਿੱਖਾਂ ਦਾ ਨੇਤਾ ਨਹੀਂ ਸੀ। ਸਿੱਖ ਬੰਦੇ ਦੀ ਅਗਵਾਈ ਵਿਚ ਨਹੀਂ ਲੜਦੇ ਸਨ ਸਗੋਂ ਉਹ (ਬੰਦਾ) ਗੁਰੂ ਜੀ ਦੇ ਪੁੱਤਰਾਂ ਦਾ ਬਦਲਾ ਲੈਣ ਲਈ ਆਪਣੇ ਤੌਰ ‘ਤੇ ਲੜ ਰਿਹਾ ਸੀ।
3æ ਗੁਰੂ ਗੋਬਿੰਦ ਸਿੰਘ ਨੇ ਬੰਦੇ ਨੂੰ ਨੇਤਾ ਥਾਪਣ ਸਮੇਂ ਆਪਣਾ ਖੰਡਾ ਬੰਦੇ ਦੇ ਗਲ ਵਿਚ ਪਾ ਦਿੱਤਾ ਸੀ। ਭੰਗੂ ਅਨੁਸਾਰ ਖਾਲਸਾ ਪੰਥ ਨੇ ਇਸ ਖੰਡੇ ਨੂੰ ਬੰਦੇ ਕੋਲੋਂ ਖੋਹ ਲਿਆ ਸੀ। ਭੰਗੂ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਗੁਰੂ ਜੀ ਦੀ ਚੋਣ ਗਲਤ ਸੀ।
4æ ਭੰਗੂ ਦੇ ਇਤਿਹਾਸ ਦਾ ਸੰਕਲਪ ਸਿਰਫ਼ ਜਾਦੂ ਟੂਣਿਆਂ ਉਪਰ ਹੀ ਆਧਾਰਤ ਹੈ। ਉਹ ਕਹਿੰਦਾ ਹੈ, ਸਰਹਿੰਦ ਦੀ ਲੜਾਈ ਸਿਰਫ਼ ਗੁਰੂ ਦਾ ਇਕ ਕਰਾਮਾਤੀ ਤੀਰ ਚਲਾਉਣ ਨਾਲ ਹੀ ਜਿੱਤੀ ਗਈ ਸੀ।
5æ ਬੰਦੇ ਦੇ ਸੰਘਰਸ਼ ਨੂੰ ਮੁਸਲਮਾਨਾਂ ਦੇ ਖਿਲਾਫ਼ ਅਤੇ ਹਿੰਦੂਆਂ ਦੀ ਰੱਖਿਆ ਲਈ ਸਮਝਦਾ ਹੈ, ਉਹ ਹਰ ਥਾਂ ਮੁਸਲਮਾਨਾਂ ਦਾ ਕਤਲ ਹੁੰਦਾ ਦਿਖਾਉਂਦਾ ਹੈ ਅਤੇ ਮੁਸਲਮਾਨਾਂ ਦੀਆਂ ਕਬਰਾਂ ਪੁੱਟ ਕੇ ਮੁਰਦੇ ਸਾੜਦੇ ਹੋਏ ਦੱਸਦਾ ਹੈ।
6æ ਬੰਦੇ ਪਾਸ ਜਾਦੂ ਟੂਣਿਆਂ ਦੀ ਪੋਥੀ ਸੀ। ਜਦੋਂ ਤੱਕ ਇਹ ਪੋਥੀ ਉਸ ਪਾਸ ਰਹੀ, ਬੰਦਾ ਹਰ ਪਾਸੇ ਫਤਿਹ ਪ੍ਰਾਪਤ ਕਰਦਾ ਰਿਹਾ। ਜਦੋਂ ਇਹ ਪੋਥੀ ਮੰਡੀ ਦੇ ਰਾਜੇ ਨੇ ਚੋਰੀ ਕਰ ਲਈ ਤਾਂ ਬੰਦਾ ਸਿੰਘ ਦੀ ਤਾਕਤ ਵੀ ਘੱਟ ਗਈ ਸੀ।
7æ ਬੰਦੇ ਨੂੰ ਉਹ ਮਾਤਾ ਸੁੰਦਰੀ ਜੀ ਤੋਂ ਵੀ ਸਰਾਪ ਦਿਵਾ ਦਿੰਦਾ ਹੈ ਤੇ ਪੰਥ ਖਾਲਸਾ ਤੋਂ ਅਖਵਾ ਦਿੰਦਾ ਹੈ ਕਿ ਉਸ ਨੂੰ ਗੁਰੂ ਦੇ ਪੁੱਤਰਾਂ ਦਾ ਬਦਲਾ ਲੈਣ ਲਈ ਭੇਜਿਆ ਗਿਆ ਸੀ ਅਤੇ ਇਹ ਬਦਲਾ ਕਿਉਂਕਿ ਹੁਣ ਲਿਆ ਜਾ ਚੁੱਕਾ ਹੈ, ਇਸ ਲਈ ਉਸ ਨੂੰ ਪੰਥ ਖਾਲਸੇ ਦਾ ਖਹਿੜਾ ਛੱਡ ਕੇ ਫਿਰ ਤੋਂ ਬੈਰਾਗੀ ਸਾਧਾਂ ਵਿਚ ਚਲੇ ਜਾਣਾ ਚਾਹੀਦਾ ਹੈ।
8æ ਉਹ ਕਹਿੰਦਾ ਹੈ, ਜਦੋਂ ਬੰਦਾ ਗੁਰੂ ਤੋਂ ਬੇਮੁੱਖ ਹੋ ਗਿਆ ਅਤੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗਾ ਤਾਂ ਉਸ ਦੀ ਸਾਰੀ ਕਰਾਮਾਤੀ ਸ਼ਕਤੀ ਜਾਂਦੀ ਰਹੀ। ਉਸ ਅਨੁਸਾਰ ਜਦੋਂ ਤੱਕ ਬੰਦਾ ਗੁਰੂ ਦਾ ਸੱਚਾ ਸਿੱਖ ਰਿਹਾ, ਉਦੋਂ ਤੱਕ ਉਹ ਹਰ ਮਾਈ ਭਾਈ ਨੂੰ ਦੁੱਧ ਪੁੱਤ ਵੀ ਬਖ਼ਸ਼ਦਾ ਰਿਹਾ, ਹਰ ਗਰੀਬ ਨੂੰ ਮੁੱਠੀਆਂ ਭਰ ਭਰ ਮੋਹਰਾਂ ਵੰਡਦਾ ਰਿਹਾ। ਦੀਪ ਸਿੰਘ ਭਾਈ ਨੂੰ ਦਾਣੇ ਖਾਣ ਲਈ ਦੰਦ ਤੇ ਜਾੜ੍ਹਾਂ ਵੀ ਬਖ਼ਸ਼ਦਾ ਰਿਹਾ। ਭੰਗੂ ਉਸ ਨੂੰ ਕਰਾਮਾਤੀ ਸਾਧੂ ਮੰਨਦਾ ਹੈ।
9æ ਗੁਰਦਾਸ-ਨੰਗਲ ਦੇ ਘੇਰੇ ਸਮੇਂ ਵੀ ਭੰਗੂ ਬੰਦਾ ਸਿੰਘ ਕੋਲੋਂ ਦੇਵੀ ਦੀ ਪੂਜਾ ਕਰਵਾ ਰਿਹਾ ਹੈ ਅਤੇ ਦੇਵੀ ਨੂੰ ਸਵਾ ਲੱਖ ਸਿਰਾਂ ਦੀ ਭੇਟ ਚੜ੍ਹਾਉਣ ਵਜੋਂ ਮੱਖੀਆਂ ਮਰਵਾ ਕੇ ਸਿਰਾਂ ਦੀ ਗਿਣਤੀ ਪੂਰੀ ਕਰਵਾ ਰਿਹਾ ਹੈ।
10æ ਬੰਦੇ ਦੀ ਇਕ ਨੌਕਰਾਣੀ ਵੀ ਸੀ। ਭੰਗੂ ਕਹਿੰਦਾ ਹੈ ਕਿ ਬੰਦੇ ਨੇ ਆਪਣੀ ਨੌਕਰਾਣੀ ਨੂੰ ਗਰਭਵਤੀ ਕਰ ਦਿੱਤਾ ਸੀ। ਨੌਕਰਾਣੀ ਦੇ ਵੀ ਮੁੰਡਾ ਹੋ ਗਿਆ। ਉਹ ਵੀ ਪਹਿਲੇ ਮੁੰਡੇ ਦੇ ਬਰਾਬਰ ਦਾ ਮਾਲਕ ਬਣ ਗਿਆ ਸੀ। ਭੰਗੂ ਦੀ ਅਸਲ ਲਿਖਤ ਵਿਚ ਇਸ ਦਾ ਵਰਣਨ ਕੀਤਾ ਗਿਆ ਹੈ,
ਤੋ ਬੰਦੇ ਜੀ ਘਰ ਬੇਟਾ ਭਯੋ।
ਔਰ ਦਾਸੀ ਕੋ ਬੀ ਇਕ ਠਯੋ।
ਭੌ ਦਾਸੀ ਸੁਤ ਖੇਡਤ ਆਯੋ।
ਬੰਦੈ ਜੀ ਉਸ ਯੋ ਫਰਮਾਯੋ।
ਤੂੰ ਭੀ ਖੇਡ ਜਾ ਭਾਈਆਨ ਸਾਥ।
ਯੌ ਸੁਨ ਦਾਸੀ ਬੋਲੀ ਬਾਤ।
ਸੁਨੌ ਬਚਨ ਸੰਗਤ ਤੁਮ ਸਾਰੀ।
ਭਾਈ ਸੋ ਖੇਲੇ ਯੋ ਮਾਲਕ ਉਚਾਰੀ॥
ਗਿਆਨੀ ਗਯਾਨ ਸਿੰਘ ਦਾ ਸਮਾਂ 1822 ਤੋਂ ਲੈ ਕੇ 1921 ਦਾ ਹੈ। ਚੜ੍ਹਦੀ ਜਵਾਨੀ ਵਿਚ ਉਹ ਨਿਰਮਲਾ ਸੰਤ ਬਣ ਗਿਆ ਸੀ। ਬੰਦਾ ਸਿੰਘ ਬਹਾਦਰ ਬਾਰੇ ਜਾਣਕਾਰੀ ਉਸ ਦੇ ਦੂਜੇ ਭਾਗ (ਸਮਸੇਰ ਖਾਲਸਾ) ਵਿਚੋਂ ਮਿਲਦੀ ਹੈ ਜੋ 1892 ਵਿਚ ਸਿਆਲਕੋਟ ਤੋਂ ਛਪਵਾਈ ਗਈ ਸੀ।
ਬੰਦਾ ਸਿੰਘ ਬਹਾਦਰ ਦੇ ਅਕਸ ਨੂੰ ਮਲੀਤ ਕਰਨ ਲਈ ਉਹ ਲਿਖਦਾ ਹੈ,
1æ ਉਸ ਨੇ ਵਿਆਹ ਕਰਵਾ ਕੇ ਗੁਰੂ ਗੋਬਿੰਦ ਸਿੰਘ ਦੀ ਅਵੱਗਿਆ ਕੀਤੀ ਸੀ।
2æ ਉਸ ਨੇ ਤੱਤ ਖਾਲਸਾ ਨਾਂ ਦਾ ਆਪਣਾ ਵੱਖਰਾ ਪੰਥ ਚਲਾ ਲਿਆ ਸੀ।
3æ ਖੰਡੇ ਦੀ ਪਾਹੁਲ ਦੀ ਥਾਂ ਚਰਨ ਪਾਹੁਲ ਦੀ ਰੀਤ ਅਰੰਭ ਕੀਤੀ।
4æ ਉਸ ਨੇ ਵਾਹਿਗੁਰੂ ਜੀ ਕੀ ਫਤਿਹ ਦੀ ਥਾਂ ਫਤਿਹ ਦਰਸ਼ਨ ਪ੍ਰਚਲਤ ਕੀਤਾ।
5æ ਉਸ ਪਾਸ ਜਾਦੂ ਮੰਤਰਾਂ ਦੀ ਪੋਥੀ ਸੀ ਜਿਸ ਨਾਲ ਉਹ ਕੰਮ ਸਾਰਦਾ ਸੀ। ਲੜਾਈ ਵਿਚ ਉਸ ਦੇ ਬੀਰ ਉਸ ਦੀ ਮਦਦ ਕਰਦੇ ਰਹਿੰਦੇ ਸਨ (ਭਾਵ ਬੰਦਾ ਕਰਾਮਾਤੀ ਜਾਦੂਗਰ ਸੀ)।
6æ ਬੰਦਾ ਸਿੰਘ ਅਤੇ ਉਸ ਦੇ ਪੁੱਤਰ ਨੂੰ ਸ਼ਹੀਦ ਕਰਨ ਤੋਂ ਬਾਅਦ ਜਦ ਉਸ ਦੀ ਪਤਨੀ ਨੂੰ ਮੁਸਲਮਾਨ ਬਣ ਜਾਣ ਲਈ ਕਿਹਾ ਗਿਆ ਤਾਂ ਉਸ ਨੇ ਮੁਸਲਮਾਨ ਬਣਨਾ ਸਵੀਕਾਰ ਕਰ ਲਿਆ ਅਤੇ ਉਸ ਨੂੰ ਦੱਖਣੀ ਬੇਗ਼ਮ ਦੇ ਹਵਾਲੇ ਕਰ ਕੇ ਮੱਕੇ ਹੱਜ ਕਰਨ ਲਈ ਭੇਜ ਦਿੱਤਾ।
ਕੁਝ ਲੋਕਾਂ ਦਾ ਮਤ ਹੈ ਕਿ ਉਸ ਨੂੰ ਬਾਦਸ਼ਾਹ ਦੀ ਮਾਂ ਦੇ ਮਹਿਲਾਂ ਵਿਚ ਭੇਜ ਦਿੱਤਾ ਗਿਆ ਸੀ, ਪਰ ਜ਼ਿੰਦਗੀ ਤੋਂ ਨਿਰਾਸ਼ ਹੋਈ ਰਾਜਕੁਮਾਰੀ ਨੇ ਚੋਰੀ ਛਿਪੇ ਮਹਿਲ ਦੇ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ।
ਕਰਮ ਸਿੰਘ ਹਿਸਟੋਰੀਅਨ
‘ਬੰਦਾ ਕੌਣ ਸੀ’ 1907 ਕਰਮ ਸਿੰਘ ਹਿਸਟੋਰੀਅਨ ਦੀ ਲਿਖਤ ਹੈ। ਆਪਣੀਆਂ ਲਿਖਤਾਂ ਵਿਚ ਉਸ ਨੇ ਪਹਿਲੀ ਵਾਰ ਫਾਰਸੀ ਸਰੋਤ ਦੀ ਸਹਾਇਤਾ ਲਈ। ਉਸ ਨੇ ਸਿੱਖ ਇਤਿਹਾਸ ਦੀ ਸਹੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਪਣੀਆਂ ਲਿਖਤਾਂ ਵਿਚ ਉਹ ਵੀ ਬੰਦੇ ਬਹਾਦਰ ਨਾਲ ਇਨਸਾਫ ਨਹੀਂ ਕਰ ਸਕਿਆ।
1æ ਉਹ ਵੀ ਬੰਦੇ ਨੂੰ ਗ਼ੈਰ-ਅੰਮ੍ਰਿਤਧਾਰੀ ਮੰਨਦਾ ਹੈ (ਬਾਅਦ ਦੀ ਲਿਖਤ ਵਿਚ ਉਸ ਨੇ ਇਸ ਨੂੰ ਮੰਨ ਲਿਆ)।
2æ ਬੰਦਾ ਦਿੱਲੀ ਵਿਚੋਂ ਬਚ ਕੇ ਨਿਕਲ ਗਿਆ ਸੀ। ਬਾਅਦ ਵਿਚ ਉਸ ਨੇ ਵਿਆਹ ਕਰਵਾ ਕੇ ਐਸ਼ੋ-ਅਰਾਮ ਦੀ ਜ਼ਿੰਦਗੀ ਬਤੀਤ ਕੀਤੀ।
ਡਾæ ਸੁਖਦਿਆਲ ਸਿੰਘ ਅਨੁਸਾਰ “ਬਾਦਸ਼ਾਹ ਨੇ ਖਫ਼ਾ ਹੋ ਕੇ ਬੰਦੇ ਨੂੰ ਹਾਥੀ ਦੇ ਪੈਰ ਨਾਲ ਬੰਨ੍ਹਵਾ ਦਿੱਤਾ ਤੇ ਘੜੀਸ ਕੇ ਮਾਰਨ ਦਾ ਹੁਕਮ ਦੇ ਦਿੱਤਾ। ਉਸੇ ਘੜੀਸ ਵਿਚ ਬੰਦੇ ਨੇ ਆਪਣੇ ਪ੍ਰਾਣ ਦਸਵੇਂ ਦੁਆਰ ਚਾੜ੍ਹ ਲਏ। ਮੁਸਲਮਾਨਾਂ ਨੇ ਮੁਰਦਾ ਸਮਝ ਕੇ ਜਮਨਾ ਕਿਨਾਰੇ ਸੁਟਵਾ ਦਿੱਤਾ। ਬੰਦੇ ਦੇ ਚੇਲੇ ਜੋ ਮਾਈ ਰਾਮ ਦੇਈ ਬੰਦੇ ਦੀ ਔਰਤ ਦੇ ਭੇਜੇ ਹੋਏ ਮੁਸਲਮਾਨੀ ਲਿਬਾਸ ਧਾਰ ਕੇ ਉਥੇ ਫਿਰ ਰਹੇ ਸਨ, ਰਾਤ ਪਈ ਬੰਦੇ ਨੂੰ ਚੁੱਕ ਕੇ ਪੰਜਾਬ ਵਿਚ ਠੱਕਰ ਭੁੱਚੋ ਪਿੰਡ, ਪਰਗਨੇ ਸ਼ਰਕਪੁਰ, ਬੰਦੇ ਦੀ ਇਸਤਰੀ ਪਾਸ ਲੈ ਆਏ। ‘ਉਸ ਨੂੰ ਪ੍ਰਾਣ ਉਤਾਰ ਲੈਣੇ ਆਂਵਦੇ ਸੇ, ਮਾਕਸ਼ ਕਰਨੇ ਪਰ ਪ੍ਰਾਣ ਉਤਰ ਆਏæææ’ ਬੰਦਾ ਆਪਣੀਆਂ ਦੋਹਾਂ ਇਸਤਰੀਆਂ ਸਮੇਤ ਜੰਮੂ ਇਲਾਕੇ ਦੇ ਪਹਾੜਾਂ ਵਿਚ ਚਲਾ ਗਿਆ ਤੇ ਪਰਗਨੇ ਰਯਾਸੀ ਭੱਬਰ ਪਾਸ ਚੰਦਰ-ਭਾਗਾ ਦਰਿਆ ਕਿਨਾਰੇ ਪਹਾੜ ਦੀ ਗੁਫਾ ਵਿਚ ਸਾਰੀ ਉਮਰ ਗੁਜ਼ਾਰੀ।”
ਇਸ ਤੋਂ ਵੱਧ ਸਿੱਖ ਇਤਿਹਾਸ ਦੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਭਾਈ ਕਰਮ ਸਿੰਘ ਵਰਗੇ ਇਤਿਹਾਸਕਾਰ ਨੇ ਬੰਦੇ ਦੀ ਸ਼ਹੀਦੀ ਨੂੰ ਇੰਨੀ ਬੁਰੀ ਤਰ੍ਹਾਂ ਭੰਡਿਆ, ਜਿੰਨਾ ਸਿੱਖ ਇਤਿਹਾਸ ਵਿਚ ਕਿਸੇ ਹੋਰ ਯੋਧੇ ਨੂੰ ਨਹੀਂ ਭੰਡਿਆ ਗਿਆ। (ਸੀæਆਰæ ਵਿਲਸਨ, ਅਰਲੀ ਐਨਲਜ਼ ਆਫ ਇੰਗਲਿਸ਼ ਇਨ ਬੰਗਾਲ, ਸਫੇ 96-98)
ਇਸ ਸਬੰਧੀ ਦਿੱਲੀ ਵਿਚ ਰਹਿ ਰਹੇ ਫੋਰਟ ਵਿਲੀਅਮ, ਕਲੱਕਤਾ ਦੇ ਗਵਰਨਰ ਦੇ ਨੁਮਾਇੰਦੇ ਜੌਹਨ ਸੂਰਮਨ ਅਤੇ ਐਡਵਰਡ ਸਟੀਵਨਸਨ ਨੇ 16 ਮਾਰਚ 1716 ਨੂੰ ਆਪਣੇ ਗਵਰਨਰ ਨੂੰ ਲਿਖੀ ਚਿੱਠੀ ਵਿਚ ਇਨ੍ਹਾਂ ਸ਼ਹੀਦੀਆਂ ਦਾ ਅੱਖੀਂ ਡਿੱਠਾ ਹਾਲ ਇਨ੍ਹਾਂ ਲਫ਼ਜ਼ਾਂ ਵਿਚ ਬਿਆਨ ਕੀਤਾ ਹੈ, “ਜਿਸ ਧੀਰਜ ਨਾਲ ਉਹ ਆਪਣੀ ਤਕਦੀਰ ਦਾ ਸਾਹਮਣਾ ਕਰਦੇ ਰਹੇ, ਉਹ ਕੋਈ ਘੱਟ ਵਿਚਿੱਤਰ ਨਹੀਂ। ਕਿਸੇ ਇਕ ਨੇ ਵੀ ਆਪਣੇ ਇਸ ਨਵੇਂ ਸਥਾਪਤ ਧਰਮ ਤੋਂ ਮੁੱਖ ਮੋੜਿਆ ਹੋਵੇ, ਅਜਿਹੀ ਖ਼ਬਰ ਆਖਿਰ ਤੱਕ ਨਹੀਂ ਮਿਲੀ।”
(ਚੱਲਦਾ)

Be the first to comment

Leave a Reply

Your email address will not be published.