ਨਿਰਪੱਖ ਸੰਜੀਦਗੀ ਸਵਾਲਾਂ ਦੇ ਘੇਰੇ ਵਿਚ

‘ਪੰਜਾਬ ਟਾਈਮਜ਼’ ਵਿਚ ਖਾਲਿਸਤਾਨ ਅਤੇ ਸਿੱਖ ਸਿਆਸਤ ਬਾਰੇ ਸ਼ੁਰੂ ਹੋਈ ਬਹਿਸ ਦੌਰਾਨ ਹਰ ਅੰਕ ਵਿਚ ਨਵੇਂ ਨੁਕਤੇ ਜੁੜ ਰਹੇ ਹਨ। ਇਸ ਬਹਿਸ ਦੀ ਸ਼ੁਰੂਆਤ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਦੇ ਲੇਖ ਤੋਂ ਹੋਈ ਸੀ ਅਤੇ ਇਸ ਵਿਚ ਵੱਖ-ਵੱਖ ਵਿਚਾਰਾਂ ਵਾਲੇ ਵਿਦਵਾਨ ਸੱਜਣਾਂ ਨੇ ਆਪੋ-ਆਪਣਾ ਯੋਗਦਾਨ ਪਾਇਆ ਹੈ। ਇਸ ਵਾਰ ਕਰਮਜੀਤ ਸਿੰਘ ਨੇ ਅਵਤਾਰ ਸਿੰਘ ਯੂ. ਕੇ. ਦੇ ਲੇਖ ਨੂੰ ਆਧਾਰ ਬਣਾ ਕੇ ਸਿੱਖ ਸਿਆਸਤ ਨਾਲ ਜੁੜੇ ਵਿਦਵਾਨਾਂ ਬਾਰੇ ਕੁਝ ਖਾਸ ਟਿੱਪਣੀਆਂ ਆਪਣੇ ਇਸ ਲੇਖ ਵਿਚ ਕੀਤੀਆਂ ਹਨ, ਜੋ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

-ਸੰਪਾਦਕ

ਕਰਮਜੀਤ ਸਿੰਘ ਚੰਡੀਗੜ੍ਹ
ਫੋਨ: +91-99150-91063

ਮੈਂ ਸ਼ ਅਵਤਾਰ ਸਿੰਘ ਇੰਗਲੈਂਡ ਦਾ ਲੇਖ ‘ਸਿੱਖ ਬੌਧਿਕਤਾ ਦਾ ਮਿਆਰ ਨਿਘਾਰ ਵਲ ਕਿਉਂ?’ ਸਿਰਲੇਖ ਹੇਠ ਪੜ੍ਹਿਆ। ਉਨ੍ਹਾਂ ਨਿਰਪੱਖਤਾ ਦਾ ਪੱਲਾ ਫੜਦਿਆਂ ਅਪੀਲ ਭਾਵੇਂ ਦੋਵਾਂ ਧਿਰਾਂ ਨੂੰ ਕੀਤੀ ਕਿ ਉਹ ਆਪਣੀਆਂ ਲਿਖਤਾਂ ਨੂੰ ਖਾਲਸਈ ਮਿਆਰਾਂ ਮੁਤਾਬਿਕ ਰੱਖਣ, ਪਰ ਸਾਰੀ ਰਚਨਾ ਨੂੰ ਹੀ ਇੱਕ ਧਿਰ ਦੇ ਹੱਕ ਵਿਚ ਇੰਜ ਭੁਗਤਾ ਦਿੱਤਾ ਗਿਆ, ਜਿਸ ਨਾਲ ਦੂਜੀ ਧਿਰ ਆਪਣੇ ਆਪ ਹੀ ਬਿਪਰਨ ਕੀ ਰੀਤ ਦੀ ਪੈਰੋਕਾਰ ਬਣਾ ਦਿੱਤੀ ਗਈ। ਇਸ ਨਾਲ ਸ਼ ਅਵਤਾਰ ਸਿੰਘ ਦੀ ਨਿਰਪੱਖ ਸੰਜੀਦਗੀ ਵੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਇੱਕ ਪਲ ਲਈ ਇਉਂ ਵੀ ਮਹਿਸੂਸ ਹੋਇਆ, ਜਿਵੇਂ ਬੇੜੀ ਤਾਂ ਸ਼ ਅਵਤਾਰ ਸਿੰਘ ਦੀ ਆਪਣੀ ਹੈ, ਪਰ ਚੱਪੂ ਕੋਈ ਹੋਰ ਧਿਰ ਚਲਾ ਰਹੀ ਹੈ।
ਪ੍ਰਭਸ਼ਰਨਦੀਪ ਸਿੰਘ ਨੇ ਸ਼ ਅਵਤਾਰ ਸਿੰਘ ਦੀਆਂ ਦਲੀਲਾਂ ਦੇ ਇੱਕ-ਇੱਕ ਕਰ ਕੇ ਢੁੱਕਵੇਂ, ਪ੍ਰਭਾਵਸ਼ਾਲੀ, ਸਿਕੇਬੰਦ ਅਤੇ ਜਾਨਦਾਰ ਜਵਾਬ ਦਿੱਤੇ ਹਨ, ਪਰ ਸੰਤ ਜਰਨੈਲ ਸਿੰਘ ਬਾਰੇ ਸ਼ ਅਵਤਾਰ ਸਿੰਘ ਦੀ ਇਹ ਟਿੱਪਣੀ ਠੀਕ ਨਹੀਂ ਕਿ ‘ਸਿੱਖ ਇਤਿਹਾਸ ਵਿਚ ਸੰਤ ਜਰਨੈਲ ਸਿੰਘ ਦੀ ਸਤਿਕਾਰਤ ਥਾਂ ਨੂੰ ਅਜਮੇਰ ਸਿੰਘ ਦੇ ਹੀ ਕਾਰਜ ਨੇ ਨਿਸ਼ਚਿਤ ਕੀਤਾ।’ ਅਵਤਾਰ ਸਿੰਘ ਇਥੇ ਬੜੀ ਵੱਡੀ ਭੁੱਲ ਕਰ ਕਰ ਰਹੇ ਹਨ, ਜਦੋਂ ਕਿ ਸਿੰਗਾਪੁਰ ਸੁਪਰੀਮ ਕੋਰਟ ਦੇ ਜੱਜ ਡਾ. ਚੂਹੜ ਸਿੰਘ ਸਿੱਧੂ ਨੇ 1997 ਵਿਚ ਹੀ ਸੰਤ ਜੀ ਉਤੇ ਪੁਸਤਕ ਲਿਖ ਦਿੱਤੀ ਸੀ। ਸੰਤ ਜਰਨੈਲ ਸਿੰਘ ਨੂੰ ‘ਸ਼ਹੀਦ ਤੇ ਸੰਤ’ ਦੇ ਰੁਤਬੇ ਨਾਲ ਨਿਵਾਜਦਿਆਂ ਉਨ੍ਹਾਂ ਨੇ ਲਾਰਡ ਮੈਕਾਲੇ ਦੀਆਂ ਯਾਦਗਾਰੀ ਸਤਰਾਂ ਦਾ ਹਵਾਲਾ ਦਿੱਤਾ, ਜੋ ਰੋਮ ਦੇ ਮਹਾਨ ਨਾਇਕ ਹੋਰੇਸ਼ੀਅਸ ਦੀ ਯਾਦ ਵਿਚ ਲਿਖੀਆਂ ਗਈਆਂ ਸਨ। ਹੋਰੇਸ਼ੀਅਸ ਨੇ ਰੋਮ ਸ਼ਹਿਰ ਦੀ ਰਾਖੀ ਲਈ ਆਪਣੇ ਕੁਝ ਹੀ ਸਾਥੀ ਯੋਧਿਆਂ ਦੀ ਮਦਦ ਨਾਲ ਅਟਰੂਸਨ (ਓਟਰੁਸਚਅਨ) ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਰੋਮ ਸ਼ਹਿਰ ਨੂੰ ਦੁਸ਼ਮਣਾਂ ਤੋਂ ਬਚਾਇਆ।
ਕਮਾਲ ਦੀਆਂ ਇਹ ਸਤਰਾਂ ਕੁਝ ਇਸ ਤਰ੍ਹਾਂ ਹਨ, ਜੋ ਸੰਤ ਜਰਨੈਲ ਸਿੰਘ ਦੀ ਅਗਵਾਈ ਵਿਚ ਲੜਨ ਵਾਲੇ ਸਿੰਘਾਂ ਦੀ ਯਾਦ ਨੂੰ ਵੀ ਸਾਡੇ ਦਿਲਾਂ ਵਿਚ ਰੌਸ਼ਨ ਕਰ ਦਿੰਦੀਆਂ ਹਨ,
To every man upon this earth
Death cometh soon or late
And how can a man die better
Than facing fearful odds
For the ashes of his fathers and the temples of his gods
Lord Macaulay (1800-1859)
ਖੁੱਲੇ ਅਰਥ:
ਮੌਤ ਤਾਂ ਇੱਕ ਦਿਨ ਹਰ ਕਿਸੇ ਨੂੰ ਆਉਣੀ ਹੈ
ਪਰ ਉਹ ਬੰਦਾ ਕਦੇ ਨਹੀਂ ਮਰਦਾ
ਜੋ ਭਿਆਨਕ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਸ਼ਹੀਦ ਹੁੰਦਾ ਹੈ।
ਤੇ ਜੋ ਆਪਣੇ ਪੁਰਖਿਆਂ ਦੀਆਂ ਯਾਦਾਂ ਨੂੰ
ਸੱਜਰੀ ਸਵੇਰ ਵਾਂਗ ਤਾਜ਼ਾ ਰੱਖਦਾ ਹੈ।
ਤੇ ਜਿਸ ਨੂੰ ਰੱਬ ਦੀ ਦਰਗਾਹ ਵਿਚ
ਸ਼ਰਮਸਾਰ ਨਹੀਂ ਹੋਣਾ ਪੈਂਦਾ।
ਮੈਂ ਆਪਣੀ ਸਿਫਤ ਆਪ ਕਰਨ ਦੇ ਹੱਕ ਵਿਚ ਨਹੀਂ ਹਾਂ, ਪਰ ਮੈਂ ਜੁਝਾਰੂ ਲਹਿਰ ਦੇ ਪਤਨ ਦੇ ਤੁਰੰਤ ਪਿੱਛੋਂ ਸੰਤ ਜਰਨੈਲ ਸਿੰਘ, ਅਕਾਲੀ ਦਲ, ਅਕਾਲੀ ਕਲਚਰ ਅਤੇ ਜੁਝਾਰੂ ਲਹਿਰ ਦੇ ਆਪਸੀ ਰਿਸ਼ਤਿਆਂ ਨੂੰ ਲੈ ਕੇ 40 ਸਫਿਆਂ ਦਾ ਲੰਮਾ ਲੇਖ 1995 ਵਿਚ ਲਿਖਿਆ ਸੀ, ਜੋ ਭਾਈ ਹਰਸਿਮਰਨ ਸਿੰਘ ਦੀ ਤਿੰਨ ਜਿਲਦਾਂ ਵਿਚ ਲਿਖੀ ਪੁਸਤਕ ‘ਮਹਾਂਪੁਰਸ਼’ ਦੀ ਭੂਮਿਕਾ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਭੂਮਿਕਾ ਵਿਚ ਸੰਤ ਜਰਨੈਲ ਸਿੰਘ ਦੀ ਸਿੱਖੀ ਦਰਦ ਵਿਚ ਰਤੜੀ ਸ਼ਖਸੀਅਤ ਅਤੇ ਕੁਝ ਰੂਹਾਨੀ ਤੇ ਇਤਿਹਾਸਕ ਰਾਜ਼ ਪੜ੍ਹਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਉਹ ਸਮਾਂ ਸੀ, ਜਦੋਂ ਇਸ ਮਹਾਨ ਸ਼ਖਸੀਅਤ ਨੂੰ ਸਿੱਖ ਇਤਿਹਾਸ ਦੇ ਦਾਇਰੇ ਵਿਚੋਂ ਬਾਹਰ ਕੱਢ ਕੇ ਹਰ ਦਾਨਿਸ਼ਵਰ ਆਪਣੇ ਆਪਣੇ ਢੰਗ ਨਾਲ ਖਲਨਾਇਕ ਸਿੱਧ ਕਰਨ ਦੇ ਯਤਨ ਕਰ ਰਿਹਾ ਸੀ। ਮਗਰੋਂ ਜੁਝਾਰੂ ਲਹਿਰ ਦੇ ਦਾਨਿਸ਼ਵਰ ਸ਼ ਨਰੈਣ ਸਿੰਘ ਚੌੜਾ ਨੇ ਸੰਤ ਜੀ ਦੇ ਲੈਕਚਰਾਂ ਨੂੰ ਇੱਕ ਥਾਂ ਇਕੱਠਾ ਕਰ ਕੇ ਵੱਡ-ਅਕਾਰੀ ਪੁਸਤਕ ਪੇਸ਼ ਕੀਤੀ, ਜਦੋਂ ਕਿ ਬਾਹਰ ਦੇ ਦੇਸ਼ ਵਿਚ ਵੀ ਇੱਕ ਸਿੰਘ ਨੇ ਸੰਤ ਜੀ ਦੇ ਲੈਕਚਰਾਂ ਦਾ ਅੰਗਰੇਜ਼ੀ ਅਨੁਵਾਦ ਕਰ ਕੇ ਪੁਸਤਕ ਭੇਟ ਕੀਤੀ। ਬਾਕੀ ਹੋਰ ਕਈ ਦਾਨਿਸ਼ਵਰ ਲੇਖਕਾਂ ਬਾਰੇ ਪ੍ਰਭਸ਼ਰਨਦੀਪ ਸਿੰਘ ਆਪਣੇ ਜਵਾਬ ਵਿਚ ਜ਼ਿਕਰ ਕਰ ਹੀ ਚੁਕੇ ਹਨ।
ਜੱਗ ਜਾਣਦਾ ਹੈ ਕਿ ਸ਼ ਅਜਮੇਰ ਸਿੰਘ ਨੇ ਇੱਕ ਚੈਨਲ ਨਾਲ ਇੰਟਰਵਿਊ ਵਿਚ ਖਾਲਿਸਤਾਨ ਅਤੇ ਖਾਲਿਸਤਾਨੀਆਂ ਬਾਰੇ ਜੋ ਟਿੱਪਣੀਆਂ ਕੀਤੀਆਂ, ਜੋ ਖਾਲਿਸਤਾਨੀਆਂ ਉਤੇ ਫੁੱਲਾਂ ਦੀ ਬਾਰਿਸ਼ ਕੀਤੀ, ਜੁਝਾਰੂ ਲਹਿਰ ਵਿਚ ਕੁਰਬਾਨੀਆਂ ਕਰਨ ਵਾਲੇ ਅਤੇ ਫਾਂਸੀ ‘ਤੇ ਚੜ੍ਹਨ ਵਾਲਿਆਂ ਨੂੰ ‘ਬੇਸਮਝੀ’ ਦਾ ਖਿਤਾਬ ਦਿੱਤਾ ਤੇ ਉਨ੍ਹਾਂ ਦੀ ਸੁਚੱਜੀ ਰਣਨੀਤੀ ਨੂੰ ‘ਐਵੇਂ ਜਥੇਬੰਦੀਆਂ ਬਣਾਈ ਜਾਂਦੇ ਸਨ’ ਵਰਗੀ ਟਿੱਪਣੀ ਕਰ ਕੇ ਲਹਿਰ ਨੂੰ ਰੱਦ ਕੀਤਾ, ਤਾਂ ਕੀ ਇਹੋ ਜਿਹੀ ਵਿਦਵਤਾ ਸੈਂਕੜੇ ਕਿਰਦਾਰਕੁਸ਼ੀਆਂ ਦੇ ਬਰਾਬਰ ਨਹੀਂ ਰੱਖੀ ਜਾਣੀ ਚਾਹੀਦੀ?
ਇੱਕ ਹੋਰ ਜਾਣਕਾਰੀ।
ਸਵਾਲ ਹੈ ਕਿ ਸ਼ ਅਜਮੇਰ ਸਿੰਘ ਨੂੰ ਇੱਥੇ ਅਤੇ ਵਿਦੇਸ਼ਾਂ ਵਿਚ ਕੌਣ ਸਨਮਾਨਿਤ ਕਰਦੇ ਹਨ?
ਇਸ ਦਾ ਇਕੋ-ਇਕ ਜਵਾਬ ਹੈ: ਖਾਲਿਸਤਾਨੀ ਅਤੇ ਉਨ੍ਹਾਂ ਦੇ ਹਮਦਰਦ।
ਸ਼ ਅਜਮੇਰ ਸਿੰਘ ਦੀਆਂ ਕਿਤਾਬਾਂ ਕਿਨ੍ਹਾਂ ਦੇ ਘਰਾਂ ਦਾ ਸ਼ਿੰਗਾਰ ਹਨ? ਕੌਣ ਇਹ ਕਿਤਾਬਾਂ ਪੜ੍ਹਦੇ ਹਨ?
ਇੱਕੋ ਜਵਾਬ ਹੈ: ਖਾਲਿਸਤਾਨੀ ਅਤੇ ਉਨ੍ਹਾਂ ਦੇ ਹਮਦਰਦ।
ਸ਼ ਅਜਮੇਰ ਸਿੰਘ ਵਿਦੇਸ਼ਾਂ ਵਿਚ ਬਹੁਤਾ ਕਰ ਕੇ ਕਿਨ੍ਹਾਂ ਦੇ ਘਰਾਂ ਵਿਚ ਠਹਿਰਦੇ ਹਨ? ਕੌਣ ਉਨ੍ਹਾਂ ਦਾ ਮਾਣ ਸਤਿਕਾਰ ਕਰਦੇ ਹਨ? ਕਿਨ੍ਹਾਂ ਨੇ ਉਨ੍ਹਾਂ ਨੂੰ ਡਾਲਰਾਂ ਨਾਲ ਨਿਵਾਜਿਆ ਅਤੇ ਕੌਣ ਹਨ, ਜੋ ਉਨ੍ਹਾਂ ਦੇ ਹੱਕ ਵਿਚ ਥਾਂ-ਥਾਂ ਸੈਮੀਨਾਰ ਕਰਵਾਉਂਦੇ ਹਨ?
ਜਵਾਬ ਹੈ: ਖਾਲਿਸਤਾਨ ਦੇ ਸਮਰਥਕ।
ਕੌਣ ਉਨ੍ਹਾਂ ਦੀਆਂ ਕਿਤਾਬਾਂ ਨੂੰ ਘਰ-ਘਰ ਪਹੁੰਚਾਉਂਦੇ ਹਨ? ਕੌਣ ਉਨ੍ਹਾਂ ਦੀਆਂ ਕਿਤਾਬਾਂ ਨੂੰ ਪ੍ਰੋਮੋਟ ਕਰਦੇ ਹਨ?
ਜਵਾਬ ਇਹੋ ਹੈ ਕਿ ਖਾਲਿਸਤਾਨੀ ਅਤੇ ਉਨ੍ਹਾਂ ਦੇ ਹਮਦਰਦ।
ਤਾਂ ਫਿਰ ਉਸ ਵਿਦਵਤਾ ਨੂੰ, ਉਸ ਕਥਿਤ ਮਿਹਨਤ ਨੂੰ ਕੀ ਨਾਂ ਦਿੱਤਾ ਜਾਵੇ, ਜਿਸ ਵਿਦਵਤਾ ਨਾਲ ਜੁੜਿਆ ਵਿਦਵਾਨ ਅੱਜ ਆਪਣੇ ਹੀ ਭਰਾਵਾਂ ਨਾਲ ਦੋ ਮਿੰਟ ਵੀ ਨਹੀਂ ਬਹਿ ਸਕਦਾ, ਜਿਸ ਨੂੰ ‘ਖਾਲਿਸਤਾਨੀ ਤਾਂ ਡਿਸਗਸਟਿੰਗ ਦੀ ਹੱਦ ਤੱਕ’ ਲੱਗਦੇ ਹਨ? ਇਸ ਦਾ ਜਵਾਬ ਅਸੀਂ ਉਨ੍ਹਾਂ ਪਾਠਕਾਂ ਉਤੇ ਹੀ ਛੱਡਦੇ ਹਾਂ, ਜੋ ਬੰਦਿਆਂ ਨੂੰ ਦਿਬ ਦ੍ਰਿਸ਼ਟੀ ਨਾਲ ਦੇਖਣ ਦੀ ਕਾਬਲੀਅਤ ਰੱਖਦੇ ਹਨ ਅਤੇ ਜਿਨ੍ਹਾਂ ਕੋਲ ਅਦਿਸ ਤੇ ਮਹੀਨ ਵਰਤਾਰਿਆਂ ਨੂੰ ਬਹੁਤ ਚਿਰ ਪਹਿਲਾਂ ਹੀ ਮਹਿਸੂਸ ਕਰਨ ਦੀ ਵਿਵੇਕ ਸੋਝੀ ਹੁੰਦੀ ਹੈ, ਨਾ ਕਿ ਸ਼ ਅਜਮੇਰ ਸਿੰਘ ਦੀ ਅੰਨ੍ਹੀ ਸ਼ਰਧਾ ਵਿਚ ਡੁੱਬੇ ਉਨ੍ਹਾਂ ਭਰਾਵਾਂ ਨੂੰ, ਜਿਨ੍ਹਾਂ ਨੇ ਅੱਜ ਕੱਲ੍ਹ ਆਪਣੇ ਆਪ ਨੂੰ ਖੁਦ ਹੀ ਡਿਸਗਸਟਿੰਗ ਕਹਿਣਾ ਸ਼ੁਰੂ ਕਰ ਦਿੱਤਾ ਹੈ ਅਤੇ ਜੋ ਘਟਨਾਵਾਂ ਤੇ ਵਰਤਾਰਿਆਂ ਨੂੰ ਬੁੱਤ ਬਣਾ ਕੇ ਆਪਣੀ ਵਿਦਵਤਾ ਦਾ ਪ੍ਰਕਾਸ਼ ਕਰ ਰਹੇ ਹਨ। ਚਾਹੀਦਾ ਤਾਂ ਇਹ ਹੈ ਕਿ ਸ਼ਰਧਾ ਨੂੰ ਗੁਰ-ਗਿਆਨ ਦੇ ਅਧੀਨ ਰੱਖ ਕੇ ਹੀ ਕਿਤਾਬਾਂ ਅਤੇ ਬੰਦਿਆਂ ਦੇ ਵਿਸ਼ਲੇਸ਼ਣ ਕੀਤੇ ਜਾਣ, ਪਰ ਇਹ ਰੁਝਾਨ ਪੈਦਾ ਕਰਨ ਵਿਚ ਅਜੇ ਕੁਝ ਦੇਰ ਲੱਗੇਗੀ।
ਸ਼ ਅਵਤਾਰ ਸਿੰਘ ਉਤੇ ਇਹ ਗਿਲਾ ਹੈ ਕਿ ਉਨ੍ਹਾਂ ਨੇ ਪ੍ਰਭਸ਼ਰਨਦੀਪ ਸਿੰਘ ਦੀ ਭਾਸ਼ਾ ਉਤੇ ਤਾਂ ਆਪਣੀ ਸਾਰੀ ਊਰਜਾ ਖਰਚ ਕਰ ਦਿੱਤੀ, ਪਰ ਤਿੰਨ ਸਾਲ ਤੋਂ ਵੀ ਪਹਿਲਾਂ ਸ਼ ਅਜਮੇਰ ਸਿੰਘ ਵਲੋਂ ਖਾਲਿਸਤਾਨ ਅਤੇ ਖਾਲਿਸਤਾਨੀਆਂ ਬਾਰੇ ਵਰਤੀ ਭਾਸ਼ਾ ਉਤੇ ਟਿੱਪਣੀ ਕਰਨ ਲਈ ਏਨੀ ਲੰਮੀ ਚੁੱਪ ਧਾਰੀ ਰੱਖੀ; ਤੇ ਚੁੱਪ ਦਾ ਇਹ ਆਲਮ ਅਜੇ ਵੀ ਜਾਰੀ ਹੈ, ਹਾਲਾਂਕਿ ਬਹਿਸ ਦੀ ਕਹਾਣੀ ਦਾ ਅਰੰਭ ਸਮਾਂ ਤਾਂ ਉਥੋਂ ਹੀ ਸ਼ੁਰੂ ਹੋਇਆ ਸੀ।
ਕੀ ਕਾਰਨ ਹੈ ਕਿ ਪ੍ਰਭਸ਼ਰਨਦੀਪ ਸਿੰਘ ਬਾਰੇ ਟਿੱਪਣੀ ਕਰਨ ਲਈ ਏਨੀ ਕਾਹਲ ਤੇ ਫੁਰਤੀ (?) ਅਤੇ ਸ਼ ਅਜਮੇਰ ਸਿੰਘ ਵਲੋਂ ਕੀਤੀ ਕਿਰਦਾਰਕੁਸ਼ੀ ਬਾਰੇ ਟਿੱਪਣੀ ਲਈ ਤਿੰਨ ਸਾਲ ਤੋਂ ਵੀ ਉਪਰ ਦੀ ਦੇਰੀ (?); ਨਿਰਪੱਖਤਾ ਦਾ ਕਿਤੇ ਨਾ ਕਿਤੇ ਘਾਣ ਤਾਂ ਹੋਇਆ ਹੀ ਹੈ!
ਸ਼ ਅਵਤਾਰ ਸਿੰਘ ਨੇ ਨੇਸ਼ਨ-ਸਟੇਟ ਬਾਰੇ ਸ਼ ਅਜਮੇਰ ਸਿੰਘ ਦੀ ਸਮਝ ਨਾਲ ਸਿਰਫ ਦੋ ਸਤਰਾਂ ਲਿਖ ਕੇ ਹੀ ਅਸਹਿਮਤੀ ਤਾਂ ਪ੍ਰਗਟ ਕਰ ਦਿੱਤੀ, ਪਰ ਨਾਲ ਹੀ ਇਸ ਦਿਲਚਸਪ ਪਰ ਅਫਸੋਸਨਾਕ ਗੁੰਜਾਇਸ਼ ਨੂੰ ਵੀ ਬਣਾਈ ਰੱਖਿਆ ਕਿ ਖੌਰੇ ਆਉਣ ਵਾਲੇ ਕੱਲ੍ਹ ਨੂੰ ਸਾਨੂੰ (ਸ਼ ਅਵਤਾਰ ਸਿੰਘ ਨੂੰ) ਇਹ ਪਤਾ ਲੱਗੇ ਕਿ ਸ਼ ਅਜਮੇਰ ਸਿੰਘ ਤਾਂ ‘ਬਹੁਤ ਅਗਾਂਹ’ ਦੀਆਂ ਗੱਲਾਂ ਕਰ ਰਹੇ ਸਨ ਅਤੇ ਉਹ ਗੱਲਾਂ ਉਦੋਂ ਸਾਡੀ ਪਕੜ ਵਿਚ ਹੀ ਨਹੀਂ ਆਈਆਂ।
ਕੇਂਦਰੀ ਨੁਕਤਾ ਤਾਂ ਨੇਸ਼ਨ-ਸਟੇਟ ਦਾ ਹੀ ਹੈ, ਜਿਸ ਲਈ ਏਨੀਆਂ ਵੱਡੀਆਂ ਅਤੇ ਹੈਰਾਨਕੁਨ ਕੁਰਬਾਨੀਆਂ ਹੋਈਆਂ। ਪਿਛਲੇ ਦੋ ਸੌ ਸਾਲਾਂ ਵਿਚ ਇੱਕੋ ਨਿਸ਼ਾਨੇ ਨੂੰ ਲੈ ਕੇ ਏਨੀਆਂ ਸ਼ਹਾਦਤਾਂ ਦੀ ਮਿਸਾਲ ਹੀ ਕਿਤੇ ਨਹੀਂ ਮਿਲਦੀ। ਸਰਦਾਰ ਅਵਤਾਰ ਸਿੰਘ ਜਿਨ੍ਹਾਂ ਨੇ ਨੇਸ਼ਨ-ਸਟੇਟ ਬਾਰੇ ਸਾਡੀ ਸਮਝ ਅਨੁਸਾਰ ਕਾਫੀ ਕੁਝ ਪੜ੍ਹਿਆ ਹੈ, ਉਨ੍ਹਾਂ ਨੂੰ ਖੁੱਲ੍ਹ ਕੇ ਸਾਡੀ ਧਿਰ ਦੇ ਹੱਕ ਵਿਚ ਨੇਸ਼ਨ-ਸਟੇਟ ਬਾਰੇ ਆਪਣੇ ਗਿਆਨ ਦਾ ਇਸਤੇਮਾਲ ਕਰਨਾ ਚਾਹੀਦਾ ਸੀ, ਪਰ ਉਹ ਤਾਂ ਬਹਿਸ ਨੂੰ ਹੋਰ ਪਾਸੇ ਹੀ ਲੈ ਗਏ। ਆਪਣੀ ਰਚਨਾ ਵਿਚ ਉਨ੍ਹਾਂ ਨੇ ਨੇਸ਼ਨ-ਸਟੇਟ ਦੇ ਕਿੰਨੇ ਸਾਰੇ ਵਿਦਵਾਨਾਂ ਦਾ ਜ਼ਿਕਰ ਵੀ ਕੀਤਾ ਹੈ, ਪਰ ਆਖਰ ਵਿਚ ਉਨ੍ਹਾਂ ਨੂੰ ਭੁਗਤਾ ਦਿੱਤਾ ਸ਼ ਅਜਮੇਰ ਸਿੰਘ ਦੇ ਹੱਕ ਵਿਚ, ਜਦੋਂ ਕਿ ਇਨ੍ਹਾਂ ਵਿਦਵਾਨਾਂ ਦੇ ਗਿਆਨ ਨੂੰ ਖਾਲਿਸਤਾਨ ਦੇ ਹੱਕ ਵਿਚ ਸਿੱਧ ਕਰਨਾ ਬਣਦਾ ਸੀ, ਕਿਉਂਕਿ ਉਹ ਖੁਦ ਵੀ ਇਸ ਨਿਸ਼ਾਨੇ ਉਤੇ ਖੜ੍ਹੇ ਹਨ। ਸ਼ ਅਜਮੇਰ ਸਿੰਘ ਦੀ ਸਿਫਤ ਸਲਾਹ ਤਾਂ ਉਨ੍ਹਾਂ ਨੇ ਕਰ ਦਿੱਤੀ ਹੈ, ਪਰ ਸਾਡੀ ਧਿਰ ਲਈ ਵੀ ਦੋ ਸ਼ਬਦ ਲਿਖਣੇ ਚਾਹੀਦੇ ਸਨ ਕਿ ਨਹੀਂ?
ਹੁਣ ‘ਬਹੁਤ ਅਗਾਂਹ’ ਦੀ ਥਿਊਰੀ ਬਾਰੇ ਕੁਝ ਸ਼ਬਦ।
ਜਦੋਂ ਸ਼ ਅਜਮੇਰ ਸਿੰਘ ਨੇ ਆਪਣੀ ਪਹਿਲੀ ਕਿਤਾਬ ਲਿਖੀ ਤਾਂ ਉਨ੍ਹਾਂ ਨੇ ਕਿਤਾਬ ਦੇ ਟਾਈਟਲ ਉਤੇ ਸੰਨ 1947 ਨੂੰ ਮਿਲੀ ਆਜ਼ਾਦੀ ਉਤੇ ਛੋਟਾ ਸਿਰਲੇਖ ਦਿੰਦਿਆਂ ਇਹ ਟਿੱਪਣੀ ਕੀਤੀ ਕਿ ਇਸ ਆਜ਼ਾਦੀ ਨੇ ਸਿੱਖਾਂ ਨੂੰ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਵੱਲ ਧੱਕ ਦਿੱਤਾ। ਦੂਜੇ ਸ਼ਬਦਾਂ ਵਿਚ, ਸਿੱਖ ਅੰਗਰੇਜ਼ਾਂ ਤੋਂ ਤਾਂ ਭਾਵੇਂ ਆਜ਼ਾਦ ਹੋ ਗਏ, ਪਰ ਬਿਪਰਨ ਕੀ ਰੀਤ ਦੇ ਹਾਕਮਾਂ ਦੇ ਗੁਲਾਮ ਬਣ ਗਏ। ਇਸ ਟਿੱਪਣੀ ਨੇ ਖਾਲਿਸਤਾਨੀ ਮਨਾਂ ਵਿਚ ਉਮੀਦ ਦੀ ਕਿਰਨ ਜਗਾਈ, ਨਵਾਂ ਹੁਲਾਰਾ ਦਿੱਤਾ ਕਿ ਇਹ ਨਵਾਂ ਉਠਿਆ ਵਿਦਵਾਨ ਇੱਕ ਦਿਨ ਸਿੱਖਾਂ ਦੀ ਆਜ਼ਾਦੀ ਦੀ ਗੱਲ ਵੀ ਕਰੇਗਾ।
ਪਰ ਅੱਜ ਅਸੀਂ ਕੀ ਵੇਖ ਰਹੇ ਹਾਂ? ਜਦੋਂ ਉਹ ਇਹ ਕਹਿੰਦੇ ਹਨ ਕਿ ਅਸੀਂ ਭਾਰਤ ਵਿਚ ਚੇਤੰਨ ਨਾਗਰਿਕ ਵਜੋਂ ਰਹਿਣਾ ਚਾਹੁੰਦੇ ਹਾਂ ਤਾਂ ਇਹ ‘ਨਵਾਂ ਪ੍ਰਾਜੈਕਟ’ ‘ਬਹੁਤ ਅਗਾਂਹ’ ਵੱਲ ਜਾਣ ਦੀ ਸੋਝੀ ਦੇ ਰਿਹਾ ਹੈ ਜਾਂ ‘ਬਹੁਤ ਹੀ ਪਿਛਾਂਹ ਵੱਲ’ ਪੰਥ ਨੂੰ ਧੱਕ ਰਿਹਾ ਹੈ? ਇਹ ਗੱਲਾਂ ਹਨ, ਜਿਨ੍ਹਾਂ ਨੇ ਪ੍ਰਭਸ਼ਰਨਦੀਪ ਸਿੰਘ ਅਤੇ ਸਾਥੀਆਂ ਨੂੰ ਅਗਾਊਂ ਚਿਤਾਵਨੀ ਦੇਣ ਲਈ ਮੈਦਾਨ ਵਿਚ ਉਤਰਨਾ ਪਿਆ। ਇਸ ਲਈ ਪ੍ਰਭਸ਼ਰਨਦੀਪ ਸਿੰਘ ਤੇ ਸਾਥੀਆਂ ਨੂੰ ਵਧਾਈ ਦਿੱਤੀ ਜਾਣੀ ਚਾਹੀਦੀ ਸੀ ਕਿ ਉਨ੍ਹਾਂ ਨੇ ਸ਼ ਅਜਮੇਰ ਸਿੰਘ ਦੀਆਂ ਕਿਤਾਬਾਂ ਵਿਚ ‘between the lines’ ਨੂੰ ਸਭ ਤੋਂ ਪਹਿਲਾਂ ਪੜ੍ਹਿਆ, ਪਛਾਣਿਆ ਅਤੇ ਪੇਸ਼ ਕੀਤਾ, ਪਰ ਜੇ ਅਜੇ ਵੀ ਕੁਝ ਵੀਰ ਭਰਮਜਾਲ ਦੀ ਉਮਰ ਵਿਚ ਵਾਧਾ ਕਰਨਾ ਚਾਹੁੰਦੇ ਹਨ ਤਾਂ ਅਸੀਂ ਇਹੋ ਕਹਾਂਗੇ ਕਿ ਭਲਾ ਅੱਕਾਂ ਦੇ ਫਲ ਵਿਚ ਵੀ ਰਸ ਕਿਸੇ ਨੇ ਚਖਿਆ ਹੈ!
ਸ਼ ਅਜਮੇਰ ਸਿੰਘ ਦੀਆਂ ਕਿਤਾਬਾਂ ਵਿਚ ਦਿੱਤੇ ਗਿਆਨ ਨੂੰ ਇੱਕ ਪਲ ਲਈ ਭੁੱਲ ਜਾਓ, ਪਰ ਸਿਰਫ ਤੇ ਸਿਰਫ ਇਹ ਦੇਖੋ ਕਿ ਇਹ ਗਿਆਨ ਕਿਹੜੀ ਦਿਸ਼ਾ ਵਿਚ ਆਖਿਰਕਾਰ ਜਾ ਰਿਹਾ ਹੈ? ਸਾਨੂੰ ਕਿਸ ਮੰਜ਼ਿਲ ਵੱਲ ਜਾਣ ਲਈ ਪ੍ਰੇਰਨਾ ਦਿੱਤੀ ਜਾ ਰਹੀ ਹੈ? ਇਸੇ ਨੁਕਤੇ ਤੋਂ ਤਾਂ ਸਾਰੀ ਬਹਿਸ ਸ਼ੁਰੂ ਹੋਣੀ ਚਾਹੀਦੀ ਹੈ, ਪਰ ਇਸੇ ਨੁਕਤੇ ਨੂੰ ਵੀ ਘੱਟੇ ਕੌਡੀਆਂ ਰੋਲਿਆ ਜਾ ਰਿਹਾ ਹੈ। ਪ੍ਰਭਸ਼ਰਨਦੀਪ ਸਿੰਘ ਦਾ ਕਸੂਰ ਇਹ ਹੈ ਕਿ ਉਹ ਇਸੇ ਨੁਕਤੇ ਉਤੇ ਵਾਰ-ਵਾਰ ਘੜੀ-ਮੁੜੀ ਜ਼ੋਰ ਦੇ ਰਹੇ ਹਨ ਅਤੇ ਸੁਭਾਵਿਕ ਹੈ ਕਿ ਕਈ ਵਾਰ ਭਾਸ਼ਾ ਦੀ ਸੁਰ ਉਚੀ ਹੋ ਜਾਂਦੀ ਹੈ; ਹਾਲਾਂਕਿ ਸਾਨੂੰ ਬਹਿਸ ਦੌਰਾਨ ਸੰਜਮ ਤੇ ਧੀਰਜ ਹਰ ਹਾਲਤ ਵਿਚ ਬਣਾਈ ਰੱਖਣਾ ਚਾਹੀਦਾ ਹੈ।
ਸ਼ ਅਜਮੇਰ ਸਿੰਘ ਕਰ ਕੀ ਰਹੇ ਹਨ? ਉਨ੍ਹਾਂ ਨੇ ਨੇਸ਼ਨ-ਸਟੇਟ ਦੇ ਨਾਇਕਾਂ (ਖਾਲਿਸਤਾਨ) ਦਾ ਵਿਰੋਧ ਕੀਤਾ, ਵਿਰੋਧ ਹੀ ਨਹੀਂ ਕੀਤਾ, ਸਗੋਂ ਇਸ ਨਿਸ਼ਾਨੇ ਬਾਰੇ ਨਵੇਂ ਉਭਰ ਰਹੇ ਨੌਜਵਾਨਾਂ ਵਿਚ ਦੁਬਿਧਾ ਪੈਦਾ ਕਰ ਦਿੱਤੀ। ਸ਼ ਅਜਮੇਰ ਸਿੰਘ ਨੇ ਜਦੋਂ ਮਹਿਸੂਸ ਕਰ ਲਿਆ ਕਿ ਕਿਤਾਬਾਂ ਲਿਖ ਕੇ ਉਨ੍ਹਾਂ ਨੇ ਸਿੱਖ ਮਨਾਂ ਵਿਚ ਆਪਣੀ ਇਤਿਹਾਸਕ ਥਾਂ ਬਣਾ ਲਈ ਹੈ ਅਤੇ ਉਹ ਹੁਣ ਖਾਲਿਸਤਾਨੀਆਂ ਵਿਚ ਅਥਾਰਟੀ ਬਣ ਗਏ ਹਨ ਤੇ ਨੇਸ਼ਨ-ਸਟੇਟ ਖਿਲਾਫ ਆਪਣੀ ਵਿਦਵਤਾ ਦਾ ਲੋਹਾ ਵੀ ਖਾਲਿਸਤਾਨੀ ਮਨਾਂ ਵਿਚ ਮੰਨਵਾ ਸਕਦੇ ਹਨ ਤਾਂ ਉਨ੍ਹਾਂ ਨੇ ਆਪਣੇ ਇਸ ਪ੍ਰਾਜੈਕਟ ਦਾ ਢੰਗ ਨਾਲ ਪ੍ਰਚਾਰ ਸ਼ੁਰੂ ਕਰ ਦਿੱਤਾ-ਕਦੇ ਸੰਭਲ ਕੇ, ਕਦੇ ਸਪਸ਼ਟ, ਕਦੇ ਧੁੰਦਲਾ ਰੱਖ ਕੇ ਅਤੇ ਕਦੇ ਗੋਲ-ਮੋਲ ਸ਼ਬਦਾਂ ਵਿਚ, ਪਰ ਪ੍ਰਭਸ਼ਰਨਦੀਪ ਸਿੰਘ ਅਤੇ ਸਾਥੀਆਂ ਨੂੰ ਪਤਾ ਲੱਗ ਗਿਆ ਕਿ ਸ਼ ਅਜਮੇਰ ਸਿੰਘ ਗੱਲ ਨੂੰ ਕਿਹੜੇ ਪਾਸੇ ਵੱਲ ਲਿਜਾ ਰਹੇ ਹਨ। ਇਥੋਂ ਹੀ ਤਾਂ ਸਾਡੀ ਧਿਰ ਵਜੂਦ ਵਿਚ ਆਈ ਅਤੇ ਸ਼ ਅਜਮੇਰ ਸਿੰਘ ਦੀਆਂ ਪੁਜ਼ੀਸ਼ਨਾਂ ਦਾ ਸਿਧਾਂਤਕ ਵਿਰੋਧ ਅਰੰਭ ਕਰ ਦਿੱਤਾ, ਜੋ ਜਾਰੀ ਰਹੇਗਾ। ਅਸਾਂ ਖੜੋਤ ਨੂੰ ਤੋੜਿਆ ਹੈ ਅਤੇ ਖਾਲਿਸਤਾਨ ਬਾਰੇ ਅਕਾਦਮਿਕ ਦੁਨੀਆਂ ਵਿਚ ਆਪਣੇ ਕਦਮ ਰੱਖੇ ਹਨ। ਤਿੰਨ ਸਾਲ ਪਹਿਲਾਂ ਬਹੁਤ ਲੋਕਾਂ ਨੂੰ ਸਾਡੀ ਗੱਲ ਦੀ ਸਮਝ ਹੀ ਨਹੀਂ ਸੀ ਆ ਰਹੀ ਅਤੇ ਲੁਕਵਾਂ ਪ੍ਰਚਾਰ ਇਹ ਹੋ ਰਿਹਾ ਸੀ ਕਿ ਅਸੀਂ ਏਕਤਾ ਨੂੰ ਨੁਕਸਾਨ ਪਹੁੰਚਾ ਰਹੇ ਹਾਂ, ਪਰ ਹੁਣ ਕਾਫਲਾ ਵੱਡਾ ਹੋ ਗਿਆ ਹੈ ਅਤੇ ਬਹਿਸ ਦਾ ਪੱਧਰ ਵੀ ਉਚਾ ਹੋ ਰਿਹਾ ਹੈ। ਦੁਬਿਧਾ ਅਤੇ ਭਰਮ ਜਾਲ ਟੁੱਟ ਰਿਹਾ ਹੈ। ਲੋਕ ਕਿਤਾਬਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ ਅਤੇ ਹੋਰ ਕਿਤਾਬਾਂ ਵੀ ਪੜ੍ਹ ਰਹੇ ਹਨ। ਸਿਰਫ ਇੱਕ ਪਾਸੜ ਗਿਆਨ ਨਾਲ ਹੀ ਜੁੜਨ ਅਤੇ ਗੁਮਰਾਹ ਹੋ ਰਹੇ ਦੋਸਤਾਂ ਨੂੰ ਬਣਦੀ ਚੁਣੌਤੀ ਦਿੱਤੀ ਜਾ ਰਹੀ ਹੈ। ਮੰਜ਼ਿਲ ਦੂਰ ਹੈ, ਪਰ ਏਨੀ ਵੀ ਦੂਰ ਨਹੀਂ ਕਿ ਹਰ ਗੱਲ ਅਸੰਭਵ ਹੋਵੇ।