ਪਾਕਿਸਤਾਨ ਵਿਚ ਸਿੱਖ-ਹਿੰਦੂ ਅਸਥਾਨ ਅਤੇ ਕੱਟੜਪੰਥੀ

ਹਾਰੂਨ ਖਾਲਿਦ
ਪਿਛਲੇ ਮਹੀਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਇਕ ਮੁੰਡਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਉਸਾਰੇ ਜਾ ਰਹੇ ਹਿੰਦੂ ਮੰਦਰ ਦੀਆਂ ਭਰੀਆਂ ਨੀਹਾਂ ਨੂੰ ਉਖਾੜ ਰਿਹਾ ਸੀ। ਇਸ ਤੋਂ ਕੁਝ ਦਿਨ ਬਾਅਦ ਇਕ ਹੋਰ ਵੀਡੀਓ ਆਈ ਜਿਸ ਵਿਚ ਇਕ ਬੱਚਾ, ਜਿਹੜਾ ਪੰਜ ਸਾਲਾਂ ਤੋਂ ਵੱਧ ਦਾ ਨਹੀਂ ਸੀ ਜਾਪਦਾ, ਮੁਲਕ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੂੰ ਧਮਕੀ ਦੇ ਰਿਹਾ ਸੀ। ਇਸੇ ਸਮੇਂ ਦੌਰਾਨ ਅਜਿਹੀਆਂ ਹੋਰ ਵੀ ਅਨੇਕਾਂ ਪੋਸਟਾਂ ਪਾਕਿਸਤਾਨੀ ਮੀਡੀਆ ਉਤੇ ਘੁੰਮਣ ਲੱਗੀਆਂ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਨੂੰ ਹਿੰਦੂ ਵਜੋਂ ਦਿਖਾਇਆ ਗਿਆ। ਅਜਿਹਾ ਪਾਕਿਸਤਾਨ ਸਰਕਾਰ ਵਲੋਂ ਇਸ ਮੰਦਰ ਦੀ ਉਸਾਰੀ ਲਈ ਫੰਡ ਦਿੱਤੇ ਜਾਣ ਦੇ ਫੈਸਲੇ ਖਿਲਾਫ ਕੀਤਾ ਜਾ ਰਿਹਾ ਸੀ।

ਇਸਲਾਮਾਬਾਦ ਦੇ ਹਿੰਦੂ ਭਾਈਚਾਰੇ ਲਈ ਮੰਦਰ ਦੀ ਉਸਾਰੀ ਦਾ ਮਨਸੂਬਾ 2017 ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਰਕਾਰ ਨੇ ਬਣਾਇਆ ਸੀ ਪਰ ਪ੍ਰਸ਼ਾਸਕੀ ਰੁਕਾਵਟਾਂ ਕਾਰਨ ਇਹ ਉਸਾਰੀ ਹੁਣ ਸ਼ੁਰੂ ਹੋਈ ਹੈ। ਇਮਰਾਨ ਖਾਨ ਦੀ ਹਕੂਮਤ ਨੇ ਬੀਤੀ 27 ਜੂਨ ਨੂੰ ਮੰਦਰ ਲਈ ਦਸ ਕਰੋੜ ਪਾਕਿਸਤਾਨੀ ਰੁਪਏ (6 ਲੱਖ ਡਾਲਰ) ਜਾਰੀ ਕੀਤੇ ਤੇ ਉਸਾਰੀ ਦਾ ਮੁੱਢ ਬੱਝਿਆ। ਇਹ ਕਾਰਵਾਈ ਪਾਕਿਸਤਾਨੀ ਹਕੂਮਤ ਦੀ ਮੁਲਕ ਭਰ ਵਿਚ ਗੈਰ-ਮੁਸਲਿਮ ਧਾਰਮਿਕ ਸਥਾਨਾਂ ਦੀ ਹਾਲਤ ਸੁਧਾਰਨ ਅਤੇ ਨਵੇਂ ਸਥਾਨ ਉਸਾਰਨ ਦੀ ਵਿਆਪਕ ਨੀਤੀ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਹਕੂਮਤ ਨੇ 2005 ਵਿਚ ਪ੍ਰਸਿੱਧ ਕਟਾਸ ਰਾਜ ਮੰਦਰ ਦਾ ਨਵੀਨੀਕਰਨ ਕੀਤਾ ਸੀ। ਇਸਲਾਮਾਬਾਦ ਤੋਂ ਤਕਰੀਬਨ 150 ਕਿਲੋਮੀਟਰ ਦੂਰ ਸਥਿਤ ਇਹ ਪ੍ਰਾਚੀਨ ਹਿੰਦੂ-ਬੋਧੀ ਸਥਾਨ ਹੈ ਜਿਹੜਾ ਹਿੰਦੂ ਤੀਰਥ ਯਾਤਰੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਜਨਵਰੀ 2017 ਵਿਚ ਮੰਦਰ ਦੇ ਦੌਰੇ ਦੌਰਾਨ ਇਸ ਦੇ ਹੋਰ ਸੁਧਾਰ ਦੇ ਹੁਕਮ ਦਿੱਤੇ ਸਨ। ਸਿਆਲਕੋਟ ਸਥਿਤ ਇਤਿਹਾਸਕ ਮੰਦਰ ਦਾ ਵੀ ਨਵੀਨੀਕਰਨ ਕਰ ਕੇ ਇਹ ਹਿੰਦੂ ਭਾਈਚਾਰੇ ਨੂੰ ਸੌਂਪਿਆ ਗਿਆ।
ਇਸੇ ਤਰ੍ਹਾਂ ਹਾਲੀਆ ਸਾਲਾਂ ਦੌਰਾਨ ਪਾਕਿਸਤਾਨੀ ਹਕੂਮਤ ਨੇ ਅਨੇਕਾਂ ਗੁਰਦੁਆਰੇ ਵੀ ਨਵੀਨੀਕਰਨ ਪਿੱਛੋਂ ਸਿੱਖ ਭਾਈਚਾਰੇ ਨੂੰ ਸੌਂਪੇ ਹਨ। ਮਾਰਚ 2016 ਵਿਚ ਪਿਸ਼ਾਵਰ ਦੇ ਇਕ ਇਤਿਹਾਸਕ ਗੁਰਦੁਆਰੇ ਦਾ ਨਵੀਨੀਕਰਨ ਕੀਤਾ ਗਿਆ। ਨਨਕਾਣਾ ਸਾਹਿਬ, ਸਿਆਲਕੋਟ ਤੇ ਐਮਨਾਬਾਦ ਦੇ ਕੁਝ ਗੁਰਦੁਆਰੇ ਵੀ ਨਵੀਨੀਕਰਨ ਪਿੱਛੋਂ ਸੇਵਾ-ਸੰਭਾਲ ਲਈ ਸਿੱਖਾਂ ਨੂੰ ਸੌਂਪੇ ਗਏ। ਮਾਰਚ 2016 ਵਿਚ ਹੀ ਪਾਕਿਸਤਾਨ ਸਰਕਾਰ ਨੇ ਘੱਟਗਿਣਤੀਆਂ ਨਾਲ ਸਬੰਧਿਤ ਕੁਝ ਦਿਹਾੜਿਆਂ ‘ਤੇ ਜਨਤਕ ਛੁੱਟੀਆਂ ਕਰਨ ਦਾ ਫੈਸਲਾ ਵੀ ਕੀਤਾ। ਨਵੰਬਰ 2019 ਵਿਚ ਕਰਤਾਰਪੁਰ ਲਾਂਘੇ ਰਾਹੀਂ ਭਾਰਤੀ ਸਿੱਖਾਂ ਲਈ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵੀਜ਼ਾ ਰਹਿਤ ਦਰਸ਼ਨਾਂ ਦੀ ਸਹੂਲਤ ਦਿੱਤੀ ਗਈ। ਇਸੇ ਸਾਲ ਜਨਵਰੀ ਵਿਚ ਲਾਹੌਰ ਕਿਲ੍ਹੇ ‘ਚ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਨਦਾਰ ਬੁੱਤ ਲਾਇਆ ਗਿਆ।
ਇਸ ਦੌਰਾਨ ਬਹੁਤੇ ਪ੍ਰੋਜੈਕਟ ਤਾਂ ਨਿਰਵਿਘਨ ਸਿਰੇ ਚੜ੍ਹ ਗਏ ਪਰ ਕੁਝ ਵਿਰੋਧ ਦਾ ਸਬੱਬ ਬਣੇ; ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਉਣ ਦੇ ਫੈਸਲੇ ‘ਤੇ ਸੋਸ਼ਲ ਮੀਡੀਆ ਉਤੇ ਭਾਰੀ ਵਿਵਾਦ ਪੈਦਾ ਹੋਇਆ। ਬੁੱਤ ਤੋਂ ਪਰਦਾ ਹਟਾਏ ਜਾਣ ਦੇ ਦੋ ਮਹੀਨਿਆਂ ਦੌਰਾਨ ਹੀ ਦੋ ਬੰਦਿਆਂ ਨੇ ‘ਧਾਰਮਿਕ ਨਫਰਤ’ ਕਾਰਨ ਇਸ ਦੀ ਭੰਨ-ਤੋੜ ਕੀਤੀ। ਇੰਜ ਪਾਕਿਸਤਾਨ ਨੂੰ ‘ਅਗਾਂਹਵਧੂ’ ਮੁਲਕ ਵਜੋਂ ਪੇਸ਼ ਕਰਨ ਦੀਆਂ ਇਸਲਾਮਾਬਾਦ ਦੀਆਂ ਕੋਸ਼ਿਸ਼ਾਂ ਨੂੰ ‘ਇੰਤਹਾਪਸੰਦਾਂ’ ਵਲੋਂ ਚੁਣੌਤੀ ਦਿੱਤੀ ਜਾ ਰਹੀ ਹੈ।
ਉਂਜ ਪਾਕਿਸਤਾਨ ਵਲੋਂ ਧਾਰਮਿਕ ਘੱਟਗਿਣਤੀਆਂ ਅਤੇ ਉਨ੍ਹਾਂ ਦੇ ਸਥਾਨਾਂ ਵਿਚ ਲਈ ਜਾ ਰਹੀ ਦਿਲਚਸਪੀ ਨੂੰ 9/11, ਦਹਿਸ਼ਤਗਰਦੀ ਖਿਲਾਫ ਅਖੌਤੀ ਜੰਗ ਤੇ ਇਸ ਦੇ ਸਿੱਟੇ ਵਜੋਂ ਪਾਕਿਸਤਾਨ ਦੀ ਮਜ਼ਹਬੀ ਇੰਤਹਾਪਸੰਦੀ ਨਾਲ ਸਾਂਝ ਦੇ ਹਵਾਲੇ ਨਾਲ ਦੇਖਿਆ ਜਾਣਾ ਚਾਹੀਦਾ ਹੈ। ਇੰਜ ਇਲਾਮਾਬਾਦ ਵਲੋਂ ਧਾਰਮਿਕ ਘੱਟਗਿਣਤੀਆਂ ਦੀ ‘ਹਿਫਾਜ਼ਤ’ ਲਈ ਦਿਖਾਈ ਜਾ ਰਹੀ ਬੇਤਾਬੀ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਇਹ ਇਸ ਵੱੋਂ ਖੁਦ ਨੂੰ ‘ਇੰਤਹਾਪਸੰਦੀ’ ਦੀ ਧਾਰਨਾ ਤੋਂ ਦੂਰ ਲਿਜਾਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਜੋ ਵੀ ਹੋਵੇ, ਪਾਕਿਸਤਾਨੀ ਹਕੂਮਤ ਦੀ ਹਿੰਦੂ ਅਤੇ ਸਿੱਖ ਸਥਾਨਾਂ ਵਿਚ ਪੈਦਾ ਹੋਈ ਦਿਲਚਸਪੀ ਇਸ ਦੇ ਮੁਲਕ ਦੀਆਂ ਧਾਰਮਿਕ ਘੱਟਗਿਣਤੀਆਂ ਨਾਲ ਰਿਸ਼ਤਿਆਂ ਪੱਖੋਂ ਅਜਿਹੀ ਮਿਸਾਲੀ ਤਬਦੀਲੀ ਹੈ ਜਿਸ ਦੀ ਬਹੁਤ ਲੋੜ ਸੀ। ਗੌਰਤਲਬ ਹੈ ਕਿ ਨਵੀਨੀਕਰਨ ਤੋਂ ਪਹਿਲਾਂ ਇਹ ਗੁਰਦੁਆਰੇ ਤੇ ਮੰਦਰ ਬਿਲਕੁਲ ਖੰਡਰਾਂ ਵਰਗੇ ਸਨ। ਇਸ ਦੇ ਬਾਵਜੂਦ ਇਸ ਤਬਦੀਲੀ ਦੇ ਨਾਲ ਢਾਂਚਾਗਤ ਤਬਦੀਲੀਆਂ ਨਹੀਂ ਹੋ ਰਹੀਆਂ ਜਿਨ੍ਹਾਂ ਨਾਲ ਪਾਕਿਸਤਾਨੀ ਘੱਟਗਿਣਤੀਆਂ ਦੀ ਆਜ਼ਾਦੀ ਤੇ ਹੱਕਾਂ ਦੀ ਰਾਖੀ ਹੋ ਸਕੇ। ਸ਼ਾਇਦ ਇਸ ਤੋਂ ਵੀ ਅਹਿਮ ਇਹ ਹੈ ਕਿ ਪਾਕਿਸਤਾਨੀ ਰਿਆਸਤ ਨੇ ਮੁਲਕ ਵਿਚ ਹਿੰਦੂਆਂ ਤੇ ਸਿੱਖਾਂ ਨੂੰ ਖਲਨਾਇਕਾਂ ਤੇ ਮੁਸਲਮਾਨਾਂ ਨੂੰ ਨਾਇਕਾਂ ਵਜੋਂ ਦਿਖਾਉਣ ਦੇ ਰੁਝਾਨ ਖਿਲਾਫ ਜ਼ਰੂਰੀ ਕਦਮ ਨਹੀਂ ਚੁੱਕੇ। ਪਿਛਲੇ ਸਮੇਂ ਦੌਰਾਨ ਇਸ ਰੁਝਾਨ ਨੂੰ ਪਾਕਿਸਤਾਨੀ ਸਮਾਜ ਵਿਚ ਡੂੰਘੀਆਂ ਜੜ੍ਹਾਂ ਜਮਾਉਣ ਦਾ ਮੌਕਾ ਦਿੱਤਾ ਗਿਆ। ਇਸ ਰੁਝਾਨ ਨੂੰ ਸਭ ਤੋਂ ਵੱਧ ਮਜ਼ਬੂਤੀ ਮੁਲਕ ਦਾ ਵਿੱਦਿਅਕ ਢਾਂਚਾ ਦਿੰਦਾ ਹੈ। ਹੋਰਾਂ ਵਾਂਗ ਪਾਕਿਸਤਾਨੀ ਰਿਆਸਤ ਵੀ ਆਪਣੇ ਵਿੱਦਿਅਕ ਢਾਂਚੇ ਨੂੰ ਆਪਣੀ ਹੋਂਦ ਨੂੰ ਵਾਜਬ ਠਹਿਰਾਉਣ ਅਤੇ ਆਪਣੀ ਕਾਇਮੀ ਦੀਆਂ ਮਿੱਥਾਂ ਨੂੰ ਮਜ਼ਬੂਤ ਕਰਨ ਲਈ ਵਰਤਦੀ ਹੈ।
ਪਾਕਿਸਤਾਨੀ ਵਿੱਦਿਅਕ ਢਾਂਚੇ ਵਿਚ ਸਾਰਾ ਵਰਨਣ ਸਦੀਆਂ ਪੁਰਾਣੇ ਹਿੰਦੂ-ਮੁਸਲਿਮ ਟਕਰਾਅ ਉਤੇ ਕੇਂਦਰਿਤ ਹੈ ਜਿਹੜਾ ਆਖਰ 1947 ਵਿਚ ਮੁਲਕ ਦੀ ਅੰਗਰੇਜ਼ਾਂ ਤੋਂ ਆਜ਼ਾਦੀ ਵੇਲੇ ਦੋ ਹਿੱਸਿਆਂ ਵਿਚ ਹੋਈ ਵੰਡ ਨਾਲ ਸਿਖਰ ‘ਤੇ ਪੁੱਜਦਾ ਹੈ। ਪਾਕਿਸਤਾਨ ਵੱਲੋਂ ਇਸ ‘ਇਤਿਹਾਸਕ ਟਕਰਾਅ’ ਦੀ ਕਹਾਣੀ ਮੁੜ-ਮੁੜ ਸੁਣਾਏ ਜਾਣ ਦੇ ਅਮਲ ਵਿਚ ਕੁਝ ਮੁਸਲਿਮ ਹਾਕਮਾਂ ਨੂੰ ਖਾਸ ਅਹਿਮੀਅਤ ਦਿੱਤੀ ਗਈ ਹੈ, ਜਿਵੇਂ 11ਵੀਂ ਸਦੀ ਦੇ ਅਫਗਾਨ ਹਾਕਮ ਤੇ ਭਾਰਤ ਉਤੇ ਹਮਲੇ ਕਰਨ ਵਾਲੇ ਮਹਿਮੂਦ ਗ਼ਜ਼ਨਵੀ ਦੇ ਪਾਕਿਸਤਾਨ ਦੀ ਇਸ ‘ਕੌਮੀ ਕਹਾਣੀ’ ਵਿਚ ਖਾਸ ਸੋਹਲੇ ਗਾਏ ਗਏ ਹਨ। ਗਜ਼ਨਵੀ ਵਲੋਂ ਭਾਰਤ ਵਿਚ ਗੁਜਰਾਤ ਸਥਿਤ ਸੋਮਨਾਥ ਮੰਦਰ ਉਤੇ ਵਾਰ-ਵਾਰ ਹਮਲੇ ਕਰ ਕੇ ਇਸ ਨੂੰ ਲੁੱਟੇ ਜਾਣ ਦੀ ਕਾਰਵਾਈ ਨੂੰ ਧਾਰਮਿਕ ਤੇ ਕੌਮੀ ਫਰਜ਼ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਕਹਾਣੀਆਂ ਤੇ ਸਬਕਾਂ ਰਾਹੀਂ ਹਿੰਦੂਆਂ ਨੂੰ ਅਜਿਹੀ ਦੂਜੀ ਧਿਰ ਵਜੋਂ ਦਿਖਾਇਆ ਜਾਂਦਾ ਹੈ ਜਿਸ ਖਿਲਾਫ ਪਾਕਿਸਤਾਨੀ ਕੌਮੀ ਪਛਾਣ ਸਿਰਜੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਭਾਰਤ ਵਿਚ ਗਜ਼ਨਵੀ ਖਲਨਾਇਕ ਦੀ ਭੂਮਿਕਾ ਵਿਚ ਹੈ ਜਿਸ ਖਿਲਾਫ ਭਾਰਤੀ ਕੌਮੀ ਆਪਾ ਪ੍ਰੀਭਾਸ਼ਿਤ ਹੁੰਦਾ ਹੈ।
ਉਂਜ ਗਜ਼ਨਵੀ ਇਕੱਲਾ ਅਜਿਹਾ ਇਤਿਹਾਸਕ ਮੁਸਲਿਮ ਆਗੂ ਨਹੀਂ ਜਿਸ ਦੀ ਪਾਕਿਸਤਾਨ ਵਿਚ ਹਾਲੇ ਵੀ ਬੱਲੇ-ਬੱਲੇ ਹੈ ਸਗੋਂ ਭਾਰਤ ਉਤੇ ਹਮਲੇ ਕਰਨ ਵਾਲੇ ਹੋਰ ਮੁਸਲਿਮ ਹਾਕਮਾਂ ਜਿਵੇਂ ਮੁਹੰਮਦ ਬਿਨ ਕਾਸਿਮ, ਮੁਹੰਮਦ ਗੌਰੀ, ਬਾਬਰ ਆਦਿ ਨੂੰ ਵੀ ਕੌਮੀ ਨਾਇਕਾਂ ਵਜੋਂ ਦਿਖਾਇਆ ਜਾਂਦਾ ਹੈ। ਫੌਜੀ ਅੱਡਿਆਂ ਅਤੇ ਮਿਜ਼ਾਈਲਾਂ ਦੇ ਨਾਂ ਇਨ੍ਹਾਂ ਦੇ ਨਾਵਾਂ ਉਤੇ ਰੱਖੇ ਗਏ ਹਨ। ਕਸਬਿਆਂ, ਸੜਕਾਂ, ਚੌਕਾਂ ਆਦਿ ਦੇ ਹਿੰਦੂ-ਸਿੱਖ ਨਾਵਾਂ ਨੂੰ ਭੁੱਲ-ਭੁਲਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਮੁੜ ਚੇਤੇ ਕਰਾਉਣ ਦੀ ਕੋਈ ਕੋਸ਼ਿਸ਼ ਨਹੀਂ ਹੋਈ ਜਦੋਂਕਿ ਜੇ ਅਜਿਹਾ ਕੀਤਾ ਜਾਂਦਾ ਤਾਂ ਇਸ ਸਰਜ਼ਮੀਨ ਨਾਲ ਧਾਰਮਿਕ ਘੱਟਗਿਣਤੀਆਂ ਦੇ ਇਤਿਹਾਸਕ ਰਿਸ਼ਤਿਆਂ ਨੂੰ ਜ਼ਾਹਰ ਕੀਤਾ ਜਾ ਸਕਦਾ ਸੀ।
ਇਸ ਦੇ ਸਿੱਟੇ ਵਜੋਂ ਪਾਕਿਸਤਾਨੀ ਸਮਾਜ ਆਪਣੇ ਮੁਲਕ ਦੇ ਭਾਰਤ ਨਾਲ ਸਮਕਾਲੀ ਰਿਸ਼ਤਿਆਂ ਨੂੰ ਹਿੰਦੂਆਂ ਤੇ ਮੁਸਲਮਾਨਾਂ ਦੇ ਇਸ ਖਿਆਲੀ ਬੇਮਿਆਦੀ ਟਕਰਾਅ ਦੀਆਂ ਐਨਕਾਂ ਥਾਣੀ ਦੇਖਦਾ ਹੈ। ਇਸ ਤਰ੍ਹਾਂ ਜਦੋਂ ਵੀ ਦੋਵਾਂ ਮੁਲਕਾਂ ਦੇ ਰਿਸ਼ਤੇ ਵਿਗੜਦੇ ਹਨ ਤਾਂ ਇਸ ਨੂੰ ਇਸ ਕਥਿਤ ਇਤਿਹਾਸਕ ਟਕਰਾਅ ਦੇ ਇਕ ਹੋਰ ਅਧਿਆਏ ਵਜੋਂ ਹੀ ਦੇਖਿਆ ਜਾਂਦਾ ਹੈ। ਮਾਰਚ 2019 ਵਿਚ ਜਦੋਂ ਦੋਵਾਂ ਮੁਲਕਾਂ ਦਰਮਿਆਨ ਤਣਾਅ ਚੋਟੀ ‘ਤੇ ਸੀ ਤਾਂ ਲਹਿੰਦੇ ਪੰਜਾਬ ਦੇ ਸੂਚਨਾ ਤੇ ਸਭਿਆਚਾਰ ਮੰਤਰੀ ਫੈਜ਼ੁਲ ਹਸਨ ਚੌਹਾਨ ਨੇ ਹਿੰਦੂ ਭਾਈਚਾਰੇ ਖਿਲਾਫ ਅਪਮਾਨਜਨਕ ਟਿੱਪਣੀਆਂ ਕੀਤੀਆਂ। ਇਨ੍ਹਾਂ ਨਸਲੀ ਟਿੱਪਣੀਆਂ ਦਾ ਭਾਰੀ ਵਿਰੋਧ ਹੋਇਆ ਤੇ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ, ਪਰ ਉਸ ਵਲੋਂ ਭਾਰਤੀ ਰਿਆਸਤ ਨੂੰ ਹਿੰਦੂ ਮੱਤ ਦੇ ਤੁੱਲ ਦਿਖਾਉਣ ਦੀ ਇਹ ਕੋਸ਼ਿਸ਼ ਇਕ ਵੱਡੀ ਸਮੱਸਿਆ ਵੱਲ ਇਸ਼ਾਰਾ ਕਰਦੀ ਸੀ। ਪਾਕਿਸਤਾਨ ਵਿਚ ਹਿੰਦੂ ਭਾਵੇਂ ਸਭ ਤੋਂ ਵੱਡੀ ਧਾਰਮਿਕ ਘੱਟਗਿਣਤੀ ਹਨ ਪਰ ਬਹੁਤੇ ਪਾਕਿਸਤਾਨੀ ਹਾਲੇ ਵੀ ਹਿੰਦੂਆਂ ਤੇ ਹਿੰਦੂ ਮੱਤ ਨੂੰ ਭਾਰਤ ਨਾਲ ਮੇਲ ਕੇ ਹੀ ਦੇਖਦੇ ਹਨ। ਹਾਲੀਆ ਸਾਲਾਂ ਦੌਰਾਨ ਭਾਰਤ ਵਿਚ ਸੱਜੇ ਪੱਖੀ ਹਿੰਦੂਤਵ ਦੇ ਉਭਾਰ ਅਤੇ ਪਾਕਿਸਤਾਨ ਵਿਚ ਲਗਾਤਾਰ ਵਧ ਰਹੇ ਇਸਲਾਮੀਕਰਨ ਕਾਰਨ ਇਹ ਧਾਰਨਾ ਹੋਰ ਮਜ਼ਬੂਤ ਹੋਈ ਹੈ।
ਇਸ ਤਰ੍ਹਾਂ ਮੁਲਕ ਦੇ ਖਾਸ ਵਿਚਾਰਧਾਰਾ ਆਧਾਰਿਤ ਵਿੱਦਿਅਕ ਢਾਂਚੇ ਅਤੇ ਮੀਡੀਆ ਕਾਰਨ ਬਹੁਤੇ ਪਾਕਿਸਤਾਨੀ ਸਾਰੇ ਹਿੰਦੂਆਂ, ਜਿਹੜੇ ਪਾਕਿਸਤਾਨ ਦੇ ਨਾਗਰਿਕ ਵੀ ਹਨ, ਨੂੰ ‘ਦੁਸ਼ਮਣਾਂ’ ਵਜੋਂ ਦੇਖਦੇ ਹਨ। ਇਸ ਲਈ ਇਸਲਾਮਾਬਾਦ ਦੇ ਤਜਵੀਜ਼ਸ਼ੁਦਾ ਹਿੰਦੂ ਮੰਦਰ ਉਤੇ ਹੋ ਰਹੇ ਹਮਲਿਆਂ ਨੂੰ ਵੀ ਇਸੇ ਰਾਸ਼ਟਰਵਾਦੀ ਚਸ਼ਮੇ ਵਿਚੋਂ ਸਮਝਿਆ ਜਾਣਾ ਚਾਹੀਦਾ ਹੈ। ਇਸ ਕਾਰਨ ਬਹੁਤੇ ਲੋਕਾਂ ਦਾ ਖਿਆਲ ਹੈ ਕਿ ਮੰਦਰਾਂ ਨੂੰ ਤੋੜਨਾ ਉਨ੍ਹਾਂ ਦਾ ਧਾਰਮਿਕ ਤੇ ਕੌਮੀ ਫਰਜ਼ ਹੈ।
ਇਸ ਦੌਰਾਨ ਪਾਕਿਸਤਾਨੀ ਰਿਆਸਤ ਦੀ ਹਿੰਦੂ ਤੇ ਸਿੱਖ ਧਾਰਮਿਕ ਥਾਵਾਂ ਵਿਚ ਪੈਦਾ ਹੋਈ ਤਾਜ਼ਾ ਦਿਲਚਸਪੀ ਦੀ ਯਕੀਨਨ ਸ਼ਲਾਘਾ ਹੋਣੀ ਚਾਹੀਦੀ ਹੈ। ਪਰ ਮੁਲਕ ਦੇ ਵਿੱਦਿਅਕ ਢਾਂਚੇ ਵਿਚ ਬੁਨਿਆਦੀ ਤਬਦੀਲੀਆਂ ਤੇ ਥਾਵਾਂ ਦੇ ਇਤਿਹਾਸਕ ਹਿੰਦੂ ਤੇ ਸਿੱਖ ਨਾਵਾਂ ਨੂੰ ਮੁੜ ਪੇਸ਼ ਕੀਤੇ ਬਿਨਾਂ ਅਤੇ ਹਿੰਦੂਆਂ ਤੇ ਮੁਸਲਮਾਨਾਂ ਦੇ ਖਿਆਲੀ ਟਕਰਾਅ ਦੀ ਧਾਰਨਾ ਖਿਲਾਫ ਸਰਗਰਮ ਮੁਹਿੰਮ ਚਲਾਏ ਬਿਨਾਂ ਸਰਕਾਰ ਵਲੋਂ ਘੱਟਗਿਣਤੀ ਅਕੀਦਿਆਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਦੀਆਂ ਕੋਸ਼ਿਸ਼ਾਂ ਦਾ ਜਨਤਕ ਵਿਰੋਧ ਹੁੰਦਾ ਰਹੇਗਾ।
ਪਾਕਿਸਤਾਨ ਦੀ ਕੌਮੀ ਕਹਾਣੀ ਹਿੰਦੂਆਂ ਦੀ ਹਾਰ ਅਤੇ ਮੁਸਲਮਾਨਾਂ ਦੀ ਜਿੱਤ ਉਤੇ ਆਧਾਰਿਤ ਹੈ ਜਿਹੜੀ ਇਤਿਹਾਸਕ ਮੁਸਲਿਮ ਹਾਕਮਾਂ ਦੇ ਹਮਲਿਆਂ ਅਤੇ ਜੰਗਾਂ-ਯੁੱਧਾਂ ਰਾਹੀਂ ਸੁਣਾਈ ਜਾਂਦੀ ਹੈ। ਇਉਂ ਪਾਕਿਸਤਾਨੀ ਕੌਮੀ ਰਾਸ਼ਟਰਵਾਦ ਨੂੰ ਇਸਲਾਮੀ ਪਛਾਣ ਦੇ ਚਸ਼ਮੇ ਵਿਚੋਂ ਹੀ ਦੇਖਿਆ ਜਾਂਦਾ ਹੈ। ਇਹ ਨਿਖੇੜਕਾਰੀ ਪਛਾਣ ਹਿੰਦੂਆਂ ਤੇ ਹੋਰ ਗੈਰ-ਮੁਸਲਮਾਨਾਂ ਦਾ ਸਹੀ ਢੰਗ ਨਾਲ ਪਾਕਿਸਤਾਨ ਦਾ ਹਿੱਸਾ ਬਣਨ ਅਤੇ ਕੌਮੀ ਬਹਿਸ ਤੇ ਫੈਸਲਿਆਂ ਵਿਚ ਸ਼ਾਮਲ ਹੋਣਾ ਨਾਮੁਮਕਿਨ ਬਣਾ ਦਿੰਦੀ ਹੈ। ਕਿਹਾ ਜਾ ਸਕਦਾ ਹੈ ਕਿ ਇਸ ਕੌਮੀ ਕਹਾਣੀ ਵਿਚ ਬੁਨਿਆਦੀ ਤਬਦੀਲੀ ਤੋਂ ਬਿਨਾਂ ਮੰਦਰਾਂ ਦੀ ਉਸਾਰੀ ਤੇ ਨਵੀਨੀਕਰਨ ਦੀ ਇਹ ਕਾਰਵਾਈ ਘੱਟਗਿਣਤੀਆਂ ਲਈ ਲਾਰਿਆਂ ਤੋਂ ਸਿਵਾਏ ਹੋਰ ਕੁਝ ਨਹੀਂ ਹੋਵੇਗੀ। ਇਸ ਲਈ ਮੰਦਰ ਉਤੇ ਹੋਏ ਇਸ ਹਮਲੇ ਨੂੰ ਮਹਿਜ਼ ‘ਇੰਤਹਾਪਸੰਦੀ ਵਿਰੋਧ’ ਕਰਾਰ ਦੇਣਾ ਪਾਕਿਸਤਾਨੀ ਕੌਮੀ ਉਸਾਰੀ ਦੇ ਅਮਲ ਦੇ ਇਸ ਨਿਖੇੜਕਾਰੀ ਤੇ ਫੁੱਟ-ਪਾਊ ਸੁਭਾਅ ਤੋਂ ਅੱਖਾਂ ਮੀਟਣਾ ਹੋਵੇਗਾ। ਜਿਨ੍ਹਾਂ ਲੋਕਾਂ ਨੇ ਮੰਦਰ ਅਤੇ ਪਾਕਿਸਤਾਨ ਵਿਚਲੇ ਹਿੰਦੂਆਂ ਨੂੰ ਧਮਕੀਆਂ ਦਿੱਤੀਆਂ, ਉਹ ਕੋਈ ‘ਇੰਤਹਾਪਸੰਦ’ ਨਹੀਂ ਸਗੋਂ ਅਜਿਹੇ ਨਮੂਨੇ ਦੇ ਕੌਮੀ ਵਫਾਦਾਰ ਹਨ ਜਿਨ੍ਹਾਂ ਨੂੰ ਮੁਲਕ ਵਿਚ ਬੀਤੇ 70 ਸਾਲਾਂ ਦੌਰਾਨ ਬੜੀ ਮਿਹਨਤ ਨਾਲ ਘੜਿਆ ਗਿਆ ਹੈ।