ਖਾਲਿਸਤਾਨ ਬਨਾਮ ਖਾਲਿਸਤਾਨੀ: ਅਜਮੇਰ ਸਿੰਘ ਬਨਾਮ ਪ੍ਰਭਸ਼ਰਨ ਭਰਾ ਅਤੇ ਹਰਿੰਦਰ ਸਿੰਘ ਮਹਿਬੂਬ

‘ਪੰਜਾਬ ਟਾਈਮਜ਼’ ਵਿਚ ਖਾਲਿਸਤਾਨ ਬਾਰੇ ਚੱਲ ਰਹੀ ਬਹਿਸ ਬਾਰੇ ਡਾ. ਹਰਪਾਲ ਸਿੰਘ ਪੰਨੂ ਨੇ ਆਪਣੀ ਇਸ ਸੰਖੇਪ ਜਿਹੀ ਲਿਖਤ ਵਿਚ ਕਰਾਰੀਆਂ ਚੋਟਾਂ ਮਾਰੀਆਂ ਹਨ। ਇਸ ਲਿਖਤ ਦਾ ਲਹਿਜਾ ਸਾਖੀ ਵਾਲਾ ਹੈ, ਪਰ ਉਨ੍ਹਾਂ ਦੇ ਸਰਲ ਜਿਹੇ ਜਾਪਦੇ ਸਵਾਲਾਂ ਦੀ ਧਾਰ ਬੜੀ ਤਿੱਖੀ ਹੈ। ਅਸਲ ਵਿਚ ਉਨ੍ਹਾਂ ਇਸ ਬਹਿਸ ਵਿਚੋਂ ਬਾਹਰ ਖਲੋ ਕੇ ਇਹ ਟਿੱਪਣੀ ਕੀਤੀ ਹੈ।

-ਸੰਪਾਦਕ
ਡਾ. ਹਰਪਾਲ ਸਿੰਘ ਪੰਨੂ
ਫੋਨ: 91-94642-51454
ਪੰਜਾਬ ਟਾਈਮਜ਼ ਨੇ ‘ਸਿੱਖਾਂ ਦੀ ਹੋਣੀ ਤੇ ਹਸਤੀ’ ਜਾਂ ਕਹੋ ਕਿ ਗਰਮ ਸਿਆਸਤ ਦੇ ਨਫੇ-ਨੁਕਸਾਨ ਬਾਰੇ ਪਹਿਲੀ ਵਾਰ ਛੇ ਮਹੀਨੇ ਲੰਮੀ ਬਹਿਸ ਅਜ ਤੋਂ ਦਸ ਸਾਲ ਪਹਿਲਾਂ ਅਕਤੂਬਰ 2010 ਵਿਚ ਡਾ. ਪ੍ਰੇਮ ਸਿੰਘ ਦੇ ਅਜਮੇਰ ਸਿੰਘ ਦੀਆਂ ਲਿਖਤਾਂ ਦੇ ਰਿਵਿਊ ਨਾਲ ਸ਼ੁਰੂ ਕੀਤੀ ਸੀ। ਇਸ ਵਾਰ ਉਨ੍ਹਾਂ ਹੀ ਮਸਲਿਆਂ ‘ਤੇ ਇਹ ਬਹਿਸ ਸੀਨੀਅਰ ਪੱਤਰਕਾਰ ਸ਼ ਕਰਮਜੀਤ ਸਿੰਘ ਦੇ ਖਾਲਿਸਤਾਨ ਦੇ ਐਲਾਨਨਾਮੇ ਦੀ ਵਡਿਆਈ ਨਾਲ ਸ਼ੁਰੂ ਹੋਈ, ਜੋ ਅਜੇ ਚਲ ਚਲ ਸੋ ਜਾਰੀ ਹੈ। ਖਾਲਿਸਤਾਨ ਦੀ ਕੀ ਰੂਪ-ਰੇਖਾ ਹੋਵੇ, ਕਿਸ ਬਿਧ ਪ੍ਰਾਪਤੀ ਹੋਵੇ, ਸਿਆਸੀ ਵਿਧਾਨ ਦੇ ਕੀ ਨੈਣ-ਨਕਸ਼ ਹੋਣ, ਆਦਿ ਮਸਲੇ ਨਜਿੱਠਣ ਦੀ ਥਾਂ ਵਿਚਾਰ-ਵਟਾਂਦਰੇ ਦਾ ਰੁਖ ਵਿਅਕਤੀਗਤ ਉਪਮਾ ਅਤੇ ਨਿੰਦਿਆ ਦੀ ਭੇਟ ਚੜ੍ਹ ਗਿਆ, ਜਿਵੇਂ ਕਿ ਅਕਸਰ ਸਿੱਖ ਚਿੰਤਕਾਂ ਵਿਚ ਹੋਇਆ ਕਰਦਾ ਹੈ। ਪ੍ਰਭਸ਼ਰਨਦੀਪ ਦਾ ਐਲਾਨਨਾਮਾ ਦੇਖੋ, “ਅਜਮੇਰ ਸਿੰਘ ਜੇ ਐਲਾਨ ਕਰਦਾ ਹੈ ਕਿ ਉਹ ਖਾਲਿਸਤਾਨੀ ਹੈ, ਫਿਰ ਉਸ ਦਾ ਸਾਰਾ ਕੁਝ ਸਹੀ, ਨਹੀਂ ਫਿਰ ਸਭ ਕੁਝ ਗਲਤ।”
ਪਾਠਕੋ, ਮੇਰੇ ਵਾਂਗ ਸ਼ਾਇਦ ਤੁਸੀਂ ਵੀ ਨੋਟ ਕੀਤਾ ਹੋਣਾ, ਇਸ ਸੰਵਾਦ ਵਿਚਲੇ ਕੁਝ ਵਿਚਾਰਕਾਂ ਨੇ ਵਿਅੰਗਮਈ ਲਹਿਜੇ ਵਿਚ ਇਹ ਰਾਇ ਦਿੱਤੀ ਕਿ ਸੰਤ ਜਰਨੈਲ ਸਿੰਘ ਦਾ ਅਸਲੀ ਤੇ ਵਡਾ ਵਿਆਖਿਆਕਾਰ ਅਜਮੇਰ ਸਿੰਘ ਹੈ, ਪਰ ਪ੍ਰਭਸ਼ਰਨਦੀਪ ਅਨੁਸਾਰ ਉਨ੍ਹਾਂ ਦਾ ਅਸਲੀ ਵਿਆਖਿਆਕਾਰ ਹਰਿੰਦਰ ਸਿੰਘ ਮਹਿਬੂਬ ਹੈ। ਸਾਲ 1972 ਵਿਚ ਜਦ ਮੈਂ ਐਮ. ਏ. ਦਾ ਵਿਦਿਆਰਥੀ ਸਾਂ, ਜਲਾਵਤਨ ਨੋਬਲ ਇਨਾਮਯਾਫਤਾ ਰੂਸੀ ਗਲਪਕਾਰ ਸਿਕੰਦਰ ਸੋਲਜ਼ੇਨਿਤਸਿਨ ਨੇ ਰੂਸ ਦੀ ਸਰਕਾਰ ਦੇ ਨਾਮ ਖੁੱਲ੍ਹਾ ਖਤ ਲਿਖਿਆ ਸੀ। ਉਸ ਵਿਚਲੇ ਕੁਝ ਵਾਕ ਮੈਨੂੰ ਭੁੱਲੇ ਨਹੀਂ, “ਕਮਿਊਨਿਸਟ ਮੈਨੀਫੈਸਟੋ ਦਾ ਮੂਲਮੰਤਰ ਹੈ-ਦੁਨੀਆਂ ਭਰ ਦੇ ਮਿਹਨਤਕਸ਼ੋ ਇਕ ਹੋ ਜਾਓ। ਦੁਨੀਆਂ ਭਰ ਦੇ ਮਿਹਨਤਕਸ਼ ਜਦੋਂ ਇਕੱਠੇ ਹੋਣਗੇ ਦੇਖੀ ਜਾਇਗੀ, ਰੂਸ ਅਤੇ ਚੀਨ ਜਿਹੜੇ ਦੋਵੇਂ ਕਮਿਊਨਿਸਟ ਦੇਸ਼ ਹਨ, ਇਨ੍ਹਾਂ ਦੀਆਂ ਤੋਪਾਂ ਇਕ ਦੂਜੇ ਦੀ ਸਰਹੱਦ ਉਤੇ ਕੜਕਣੋਂ ਕਿਉਂ ਨਹੀਂ ਰੁਕਦੀਆਂ? ਕਈ ਸਾਲ ਮੈਂ ਇਹ ਭੇਦ ਜਾਣਨਾ ਚਾਹਿਆ, ਜੋ ਹੁਣ ਪਤਾ ਲੱਗਾ ਹੈ। ਚੀਨ ਆਖਦਾ ਹੈ ਕਿ ਮਾਰਕਸ ਦੀ ਪਵਿੱਤਰ ਸੱਚਾਈ ਉਸ ਦੇ ਗ੍ਰੰਥ ਵਿਚ ਪੰਨਾ 322 ਉਤੇ ਦਰਜ ਹੈ, ਜਦੋਂ ਕਿ ਰੂਸ ਅਨੁਸਾਰ ਇਹ ਪੰਨਾ 233 ਉਪਰ ਲਿਖੀ ਹੈ। ਕੁਝ ਬੰਦੇ ਅਕਸਰ ਇਸੇ ਕਾਰਨ ਗੋਲੀਆਂ ਨਾਲ ਮੌਤ ਦੇ ਮੂੰਹ ਜਾ ਪੈਂਦੇ ਹਨ। ਆਪਣੇ ਦੇਸ਼ ਦੁਆਲੇ ਤੁਸੀਂ ਖੁਦ ਲੋਹੇ ਦੀਆਂ ਉਚੀਆਂ ਕੰਧਾਂ ਉਸਾਰ ਲਈਆਂ ਹਨ, ਇਨ੍ਹਾਂ ਨੂੰ ਗਿਰਾ ਦਿਉਗੇ ਤਾਂ ਦੇਖੋਗੇ ਦੁਨੀਆਂ ਵਿਚ ਤਾਂ ਕਦੋਂ ਦਾ ਸੂਰਜ ਚੜ੍ਹ ਚੁਕਿਆ ਹੈ।”
ਪ੍ਰਭਸ਼ਰਨਦੀਪ ਅਨੁਸਾਰ ਹਰਿੰਦਰ ਸਿੰਘ ਮਹਿਬੂਬ ਨੇ ਅਜਮੇਰ ਸਿੰਘ ਤੋਂ ਕਿਤੇ ਪਹਿਲਾਂ ‘ਝਨਾਂ ਦੀ ਰਾਤ’ ਵਿਚ ਅਪਣੀ ਸ਼ਾਹਕਾਰ ਕਵਿਤਾ ਸੰਤ ਜਰਨੈਲ ਸਿੰਘ ਉਪਰ ਉਦੋਂ ਲਿਖ ਦਿੱਤੀ ਸੀ, ਜਦੋਂ ਅਜਮੇਰ ਸਿੰਘ ਅਜੇ ਸਿੱਖ ਸਰੂਪ ਵਿਚ ਵੀ ਨਹੀਂ ਸੀ ਆਇਆ। ਸਤਿਬਚਨ ਜੀ। ਜਦੋਂ ਇਹੀ ਕਿਤਾਬ ਭਾਰਤੀ ਸਾਹਿਤ ਅਕਾਦਮੀ ਪਾਸ ਮਹਿਬੂਬ ਸਾਹਿਬ ਨੇ ਭੇਜੀ, ਇਸ ਵਿਚੋਂ ਸੰਤ ਜਰਨੈਲ ਸਿੰਘ ਵਾਲੀ ਕਵਿਤਾ ਕੱਟ ਲਈ। ਇਨਾਮ ਮਿਲ ਗਿਆ, ਬੱਲੇ ਬੱਲੇ ਹੋ ਗਈ। ਜਦੋਂ ਭੇਦ ਖੁੱਲ੍ਹਿਆ, ਕਾਂਗਰਸੀ ਵਰਕਰਾਂ ਨੇ ਅਕਾਦਮੀ ਮਾਹਿਰਾਂ ਦੀਆਂ ਕਾਰਾਂ ਇੱਟਾਂ ਨਾਲ ਭੰਨੀਆਂ। ਡਾ. ਸਤਿੰਦਰ ਸਿੰਘ ਨੂਰ ਅਤੇ ਡਾ. ਜਸਬੀਰ ਸਿੰਘ ਆਹਲੂਵਾਲੀਆ ਦੀਆਂ ਕਾਰਾਂ ਫੱਟੜ ਹੋ ਗਈਆਂ। ਸ਼ ਮਹਿਬੂਬ ਨੇ ਕਹਿ ਦਿੱਤਾ, “ਮੈਂ ਤਾਂ ਸਾਬਤ ਕਿਤਾਬਾਂ ਨੂਰ ਨੂੰ ਫੜਾਈਆਂ ਸਨ, ਉਸ ਨੇ ਸੰਤ ਜੀ ਨਾਲ ਸਬੰਧਿਤ ਵਰਕੇ ਪਾੜ ਦਿੱਤੇ ਹੋਣੇ। ਮੈਂ ਕੀ ਕਰਾਂ?”
ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਮਨਾ ਲਿਆ ਕਿ ਇੱਕ ਲੱਖ ਰੁਪਏ ਦੀ ਗੱਲ ਹੈ, ਮਹਿਬੂਬ ਸਾਹਿਬ ਰਕਮ ਸਮੇਤ ਸਨਮਾਨ ਚਿੰਨ੍ਹ ਅਕਾਦਮੀ ਦੇ ਮੱਥੇ ਵਿਚ ਮਾਰਨ; ਇਕ ਲੱਖ ਰੁਪਏ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਹਿਬੂਬ ਸਾਹਿਬ ਨੂੰ ਸਨਮਾਨ ਦਿਵਾ ਦਿੰਦੇ ਹਾਂ। ਦਿੱਲੀ ਦਾ ਇਨਾਮ ਵੱਡਾ ਕਿ ਤਖਤ ਸਾਹਿਬ ਦਾ? ਮਹਿਬੂਬ ਸਾਹਿਬ ਮੰਨੇ ਨਹੀਂ।
ਵਾਰਿਸ ਸ਼ਾਹ ਹੀਰ ਦੇ ਵਿਆਹ ਦਾ ਪ੍ਰਸੰਗ ਛੇੜਦਿਆਂ ਉਨ੍ਹਾਂ ਗਹਿਣਿਆਂ ਦੀ ਤਫਸੀਲ ਵਿਸਥਾਰ ਨਾਲ ਦਿੰਦਿਆਂ ਲਿਖਦਾ ਹੈ ਕਿ ਕੋਈ ਗਹਿਣਾ ਅਜਿਹਾ ਨਹੀਂ, ਜੋ ਪ੍ਰਚੱਲਤ ਹੋਵੇ ਤੇ ਪਿਤਾ ਚੂਚਕ ਨੇ ਨਾ ਘੜਾਇਆ ਹੋਵੇ; ਤਾਂ ਵੀ,
ਵਾਰੇਸ਼ਾਹ ਮੀਆਂ ਗਹਿਣਾ ਚਾਕ ਆਹਾ,
ਇਕ ਸੋਈ ਬਦਰੰਗ ਕਰਾਇਓ ਨੇ।
ਬਾਕੀ ਗਹਿਣੇ ਤਾਂ ਹੀਰ ਨੂੰ ਚਾਹੀਦੇ ਹੀ ਨਹੀਂ ਸਨ, ਉਸ ਨੂੰ ਸਿਰਫ ਰਾਂਝਾ ਚਾਹੀਦਾ ਸੀ, ਇਹੋ ਗਹਿਣਾ ਪਹਿਨਾਇਆ ਨਹੀਂ ਗਿਆ ਤਾਂ ਬਾਕੀ ਕੀ ਕਰਨੇ ਸਨ? ਵਾਰਿਸ ਦਾ ਬੈਂਤ ਇਸ ਲਈ ਯਾਦ ਆਇਆ ਕਿ ਮਹਿਬੂਬ ਸਾਹਿਬ ਦੀ ਉਚਤਮ ਪ੍ਰਾਪਤੀ ਪ੍ਰਭਸ਼ਰਨਦੀਪ ਅਨੁਸਾਰ ਸੰਤ ਜਰਨੈਲ ਸਿੰਘ ਉਪਰ ਲਿਖਿਤ ਕਵਿਤਾ ਸੀ, ਕੇਂਦਰ ਸਰਕਾਰ ਤੋਂ ਇਨਾਮ ਲੈਣ ਵਾਸਤੇ ਉਸੇ ਕਵਿਤਾ ਦੇ ਵਰਕੇ ਪਾੜ ਕੇ ਮੁਲੰਕਣ ਲਈ ਭੇਜੀ ਤੇ ਇਨਾਮ ਪਾਇਆ, ਬਦਨਾਮੀ ਪਾਈ।
ਤੁਹਾਡੇ ਬੋਲ ਜੇ ਤੁਹਾਡੇ ਕਿਰਦਾਰ ਨਾਲ ਮੇਲ ਨਹੀਂ ਖਾਂਦੇ ਤਾਂ ਜਦੋਂ ਤੁਸੀਂ ਕੁਝ ਬੋਲਣ ਲਗਦੇ ਹੋ, ਕਿਰਦਾਰ ਉਸ ਵਿਰੁੱਧ ਇੰਨਾ ਸ਼ੋਰ ਕਰਨ ਲਗਦਾ ਹੈ ਕਿ ਤੁਹਾਡੇ ਬੋਲ ਸੁਣਨੋਂ ਹਟ ਜਾਂਦੇ ਹਨ। ਮਹਿਬੂਬ ਸਾਹਿਬ ਉਸ ਡਾ. ਗੰਡਾ ਸਿੰਘ ਵਿਚ ਨੁਕਸ ਛਾਂਟਦੇ ਹਨ, ਜਿਸ ਨੇ ਦਰਬਾਰ ਸਾਹਿਬ ਉਪਰ ਹੋਏ 1984 ਹਮਲੇ ਦੇ ਰੋਸ ਵਜੋਂ ਸਨਮਾਨ ਸਰਕਾਰ ਦੇ ਮੂੰਹ ‘ਤੇ ਵਗਾਹ ਮਾਰਿਆ ਸੀ।
ਸਾਲ 2000 ਵਿਚ ਸ਼ ਗੁਰਤੇਜ ਸਿੰਘ ਨੇ ਸ੍ਰੀ ਦਸਮ ਗ੍ਰੰਥ ਵਿਰੁੱਧ ‘ਪੰਜਾਬੀ ਟ੍ਰਿਬਿਊਨ’ ਵਿਚ ਲੇਖ ਛਪਵਾਇਆ, ਜਿਸ ਦਾ ਮੈਂ ਯਥਾਯੁਕਤ ਜਵਾਬ ਲਿਖਿਆ। ਮਹਿਬੂਬ ਸਾਹਿਬ ਨੇ ਮੇਰੇ ਖਿਲਾਫ, ਗੁਰਤੇਜ ਸਿੰਘ ਦੇ ਹੱਕ ਵਿਚ ਲਿਖਣਾ ਹੀ ਸੀ; ਲਿਖਿਆ, ਛਪਿਆ ਪਰ ਨਾਲ ਮੇਰੇ ਕੋਲ ਫੋਨ ਆ ਗਿਆ, “ਤੂੰ ਹੁਣ ਮੇਰੀਆਂ ਦਲੀਲਾਂ ਦੇ ਖਿਲਾਫ ਵੀ ਲਿਖੇਂਗਾ, ਲਿਖ ਦਈਂ, ਪਰ ਉਸ ਵਿਚ ਇਹ ਗੱਲ ਨਾ ਪਾਈਂ ਕਿ ਸੰਤ ਜਰਨੈਲ ਸਿੰਘ ਦਸਮ ਗ੍ਰੰਥ ਦਾ ਸਤਿਕਾਰ ਕਰਦੇ ਸਨ।”
ਮੈਂ ਕਿਹਾ, “ਸਿਰਫ ਸਤਿਕਾਰ ਨਹੀਂ, ਕਥਾ ਕਰਿਆ ਕਰਦੇ ਸਨ। ਦਮਦਮੀ ਟਕਸਾਲ ਦਸਮ ਗ੍ਰੰਥ ਦੀ ਸਾਰੀ ਬਾਣੀ ਗੁਰੂਕ੍ਰਿਤ ਮੰਨਦੀ ਤੇ ਪ੍ਰਚਾਰਦੀ ਹੈ।”
ਮਹਿਬੂਬ ਸਾਹਿਬ, ਸ਼ਹੀਦ ਸੰਤ ਨੂੰ ਵੀ ਟੁਕੜਿਆਂ ਵਿਚ ਵੰਡ ਕੇ ਸਿਰਫ ਉਨ੍ਹਾਂ ਹਿੱਸਿਆਂ ਦਾ ਸਤਿਕਾਰ ਕਰਦੇ ਹਨ, ਜੋ ਸਹੀ ਲਗਦੇ ਹਨ। ਮੇਰੇ ਵਿਸ਼ਵਾਸ ਅਤੇ ਮੇਰੀ ਵਿੱਦਿਆ ਅਨੁਸਾਰ ਅਕਾਲਪੁਰਖ, ਗੁਰੂ, ਸ਼ਬਦ ਅਤੇ ਸ਼ਹੀਦ ਟੁਕੜਿਆਂ ਵਿਚ ਨਹੀਂ ਵੰਡੇ ਜਾ ਸਕਦੇ। ਇਨ੍ਹਾਂ ਨੂੰ ਪੂਰਨ ਰੂਪ ਵਿਚ ਮੰਨੋ ਜਾਂ ਪੂਰਨ ਰੱਦ ਕਰੋ।
ਤਰਸ਼ਿਅਮ ਓਰਗਾਨਮ ਦਾ ਕਰਤਾ ਉਸਪੈਂਸਕੀ, ਰੂਸੀ ਸੰਤ ਗੁਰਜਿਫ ਦਾ ਮੁਰੀਦ ਸੀ। ਉਹ ਆਪਣੇ ਮੁਰਸ਼ਦ ਸੰਤ ਬਾਰੇ ਲਿਖਦਾ ਹੈ, “ਨਿੰਦਕ-ਪ੍ਰਸ਼ੰਸਕ, ਹਮਾਇਤੀ-ਵਿਰੋਧੀ, ਪੱਤਰਕਾਰ ਅਕਸਰ ਮਿਲਣ ਆਉਂਦੇ, ਸਵਾਲ ਪੁੱਛਦੇ, ਅਗਲੇ ਦਿਨ ਅਖਬਾਰਾਂ, ਰਸਾਲਿਆਂ ਵਿਚ ਉਨ੍ਹਾਂ ਦੀਆਂ ਰਿਪੋਰਟਾਂ ਛਪਦੀਆਂ, ਲੰਮੇ ਲੇਖ ਛਪਦੇ। ਪੜ੍ਹ ਕੇ ਗੁਰਜਿਫ ਕਿਹਾ ਕਰਦਾ, ‘ਇਹ ਕੁਝ ਤਾਂ ਮੈਂ ਕਿਹਾ ਨਹੀਂ ਸੀ!’ ਅਸੀਂ ਪੁਛਦੇ, ‘ਹੋਰ ਕੀ ਕਿਹਾ ਸੀ?’ ਆਖਦਾ, ਮੈਂ ਕੱਚੀਆਂ ਖੱਲਾਂ ਵੇਚਦਾ ਹਾਂ। ਇਥੋਂ ਖਰੀਦ ਕੇ ਲੋਕ ਆਪੋ ਆਪਣੇ ਟਿਕਾਣਿਆਂ ਉਤੇ ਜਾ ਕੇ ਆਪੋ-ਆਪਣੇ ਰੰਗ ਦੇ, ਆਪੋ-ਆਪਣੇ ਮੇਚ ਦੇ ਜੁੱਤੇ ਬਣਾ ਕੇ ਪਹਿਨ ਲੈਂਦੇ ਹਨ, ਵੇਚਦੇ ਰਹਿੰਦੇ ਹਨ।”
ਸ਼ ਮਹਿਬੂਬ ਦੇ ‘ਸਹਿਜੇ ਰਚਿਓ ਖਾਲਸਾ’ ਪਿਛੋਂ ਜਿਨ੍ਹਾਂ ਨੇ ਵੱਡ-ਆਕਾਰੀ, ਸਿੱਖ ਸਿਧਾਂਤ-ਮੂਲਕ ਗ੍ਰੰਥ ਰਚੇ, ਉਨ੍ਹਾਂ ਵਿਚ ਹਰਸਿਮਰਨ ਸਿੰਘ ਅਤੇ ਅਤਿੰਦਰਪਾਲ ਸਿੰਘ ਹਨ। ਇਹ ਤਿੰਨੇ ਜਣੇ ਪੰਥ ਨੂੰ ਕੀ ਕਹਿਣਾ ਚਾਹੁੰਦੇ ਹਨ, ਇਸ ਦੀ ਵਿਆਖਿਆ ਪ੍ਰਭਸ਼ਰਨਦੀਪ ਕਰ ਦੇਣ ਤਾਂ ਪਾਠਕਾਂ ਨੂੰ ਵੀ ਕੁਝ ਪਤਾ ਲੱਗ ਜਾਵੇ। ਅਜਮੇਰ ਸਿੰਘ ਨਾਲ ਕੋਈ ਸਹਿਮਤ ਹੋਵੇ ਜਾਂ ਨਹੀਂ, ਪਤਾ ਤਾਂ ਲਗਦਾ ਹੈ ਕਿ ਅਗਲਾ ਗੱਲ ਕੀ ਕਰ ਰਿਹਾ ਹੈ।
ਜਿਹੜੇ ਸਿੱਖ ਚਿੰਤਕ ਤੁਰਤ ਖਾਲਿਸਤਾਨ ਚਾਹੁੰਦੇ ਹਨ, ਉਹ ਵਿਦੇਸ਼ੀ ਅਟਾਰੀਆਂ ਤੋਂ ਖਾਲਿਸਤਾਨ ਦੇ ਐਲਾਨ ਕਰਨ ਦੀ ਥਾਂ ਗਦਰੀ ਬਾਬਿਆਂ ਵਾਂਗ ਭਾਰਤ ਵਿਚ ਆ ਕੇ ਆਪਣੇ ਜਲਵੇ ਦਿਖਾਉਣ ਤਾਂ ਸ਼ਾਇਦ ਹਮਾਤੜ ਵੀ ਜੈਕਾਰਾ ਛੱਡਣ ਦੀ ਹਿੰਮਤ ਜੁਟਾ ਪਾਉਣ।