ਗੁਰੂਦੇਵ ਡਾ. ਹਰਿਭਜਨ ਸਿੰਘ ਦਾ ਸੰਗ-ਸਾਥ

ਪੰਜਾਬੀ ਕਾਵਿ-ਜਗਤ, ਆਲੋਚਨਾ, ਅਨੁਵਾਦ ਅਤੇ ਅਧਿਆਪਨ ਦੇ ਖੇਤਰਾਂ ਵਿਚ ਡਾ. ਹਰਿਭਜਨ ਸਿੰਘ (18 ਅਗਸਤ 1920-21 ਅਕਤੂਬਰ 2002) ਦਾ ਮੁਕਾਮ ਬਹੁਤ ਉਚਾ ਹੈ। ਇਨ੍ਹਾਂ ਚਾਰੇ ਖੇਤਰਾਂ ਵਿਚ ਨਵੀਂ ਪੈੜਾਂ ਪਾਈਆਂ। ਉਨ੍ਹਾਂ ਦੀ ਬੌਧਿਕ ਸਮਰੱਥਾ ਅਤੇ ਸ਼ਖਸੀਅਤ ਸਭ ਨੂੰ ਕਾਇਲ ਕਰ ਜਾਂਦੀ। ਸਾਲ 2020 ਉਨ੍ਹਾਂ ਦਾ ਜਨਮ ਸ਼ਤਾਬਦੀ ਵਰ੍ਹਾ ਹੈ। ਅਸੀਂ ਆਪਣੇ ਪਾਠਕਾਂ ਨੂੰ ਉਨ੍ਹਾਂ ਦੀਆਂ ਕੁਝ ਖਾਸ ਲਿਖਤਾਂ ਦੇ ਰੂਬਰੂ ਕਰਦੇ ਰਹਾਂਗੇ। ਇਸ ਵਾਰ ਅਸੀਂ ਪ੍ਰੋ. ਸੁਹਿੰਦਰ ਬੀਰ ਦੇ ਲੰਮੇ ਲੇਖ ਦੀ ਪਹਿਲੀ ਕਿਸ਼ਤ ਛਾਪ ਰਹੇ ਹਾਂ।

ਇਸ ਵਿਚੋਂ ਡਾ. ਹਰਿਭਜਨ ਸਿੰਘ ਦੀ ਸ਼ਖਸੀਅਤ ਅਤੇ ਰਚਨਾਵਾਂ ਖੂਬ ਝਾਤੀ ਮਾਰਦੀਆਂ ਹਨ। -ਸੰਪਾਦਕ

ਪ੍ਰੋ. ਸੁਹਿੰਦਰ ਬੀਰ

ਡਾ. ਹਰਿਭਜਨ ਸਿੰਘ ਨਾਲ ਮੇਰੀ ਪਹਿਲੀ ਮਿਲਣੀ ਦਾ ਵਾਕਿਆ ਇਸ ਤਰ੍ਹਾਂ ਹੈ ਕਿ 1974 ਵਿਚ ਮੈਂ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਬੀ. ਏ. ਭਾਗ ਪਹਿਲਾ ਦਾ ਵਿਦਿਆਰਥੀ ਸਾਂ ਅਤੇ ਕਾਲਜ ਦੇ ਹੋਸਟਲ ਵਿਚ ਹੀ ਰਹਿੰਦਾ ਸਾਂ। ਕਵਿਤਾ ਲਿਖਣ ਦਾ ਸ਼ੌਕ ਸੀ। ਦੋ-ਤਿੰਨ ਸਾਲ ਹੋ ਗਏ ਸਨ ਕਲਮ ਘਸਾਈ ਕਰਦਿਆਂ। ਇਕ ਸ਼ਾਮ ਮੈਂ ਟੈਲੀਵਿਜ਼ਨ ‘ਤੇ ‘ਜਵਾਂ ਤਰੰਗ’ ਪ੍ਰੋਗਰਾਮ ਦੇਖ ਰਿਹਾ ਸਾਂ ਕਿ ਇਕ ਸੂਚਨਾ ਦਾ ਪ੍ਰਸਾਰਨ ਹੋਇਆ। ਸੂਚਨਾ ਸੀ ਕਿ ‘ਜਵਾਂ ਤਰੰਗ’ ਪ੍ਰੋਗਰਾਮ ਵੱਲੋਂ ਕਵੀ ਦਰਬਾਰ ਕੀਤਾ ਜਾ ਰਿਹਾ ਹੈ, ਜਿਸ ਵਿਚ ਨੌਜਵਾਨ ਕਵੀਆਂ ਪਾਸੋਂ ਉਨ੍ਹਾਂ ਦੀਆਂ ਪੰਜ ਪੰਜ ਕਵਿਤਾਵਾਂ ਭੇਜਣ ਦੀ ਮੰਗ ਕੀਤੀ ਗਈ। ਅਭਿਆਸੀ ਕਵਿਤਾਵਾਂ ਲਿਖ ਲਿਖ ਕੇ ਮੈਂ ਆਪਣੀ ਕਾਪੀ ਭਰੀ ਹੋਈ ਸੀ, ਇਸ ਕਰ ਕੇ ਉਨ੍ਹਾਂ ਵਿਚੋਂ ਹੀ ਮੈਂ ਪੰਜ ਕਵਿਤਾਵਾਂ ਚੁਣ ਕੇ ‘ਜਵਾਂ ਤਰੰਗ’ ਪ੍ਰੋਗਰਾਮ ਨੂੰ ਡਾਕ ਰਾਹੀਂ ਭੇਜ ਦਿੱਤੀਆਂ।
ਪੰਦਰਾਂ ਕੁ ਦਿਨ ਬੀਤੇ ਹੋਣੇ ਹਨ ਕਿ ਦੂਰਦਰਸ਼ਨ ਕੇਂਦਰ ਦਿੱਲੀ ਵੱਲੋਂ ਉਥੇ ਆ ਕੇ ਆਪਣੀਆਂ ਕਵਿਤਾਵਾਂ ਪੇਸ਼ ਕਰਨ ਲਈ ਮੈਨੂੰ ਸੱਦਾ-ਪੱਤਰ ਆ ਗਿਆ। ਚਿੱਠੀ ਵਿਚ ਟੀ. ਏ./ਡੀ. ਏ. ਦਾ ਵੀ ਹਵਾਲਾ ਸੀ, ਜੋ ਸੇਵਾ-ਫਲ ਵਜੋਂ ਦਿੱਤਾ ਜਾਣਾ ਸੀ। ਇਹ ਚਿਠੀ ਕਾਹਦੀ ਸੀ, ਮੇਰੇ ਕਵੀ ਹੋਣ ਦਾ ਪ੍ਰਥਮ ਪ੍ਰਮਾਣ-ਪੱਤਰ ਸੀ। ਅਗਲੇ ਦਿਨ ਮੈਂ ਇਹ ਚਿੱਠੀ ਕਾਲਜ ਦੇ ਪ੍ਰਿੰਸੀਪਲ ਸ਼ ਕਰਤਾਰ ਸਿੰਘ ਨੂੰ ਦਿਖਾਈ, ਉਨ੍ਹਾਂ ਨੇ ਉਹ ਚਿੱਠੀ ਕਾਲਜ ਦੀ ਸ਼ਾਨ ਸਮਝ ਕੇ ਨੋਟਿਸ ਬੋਰਡ ‘ਤੇ ਲਵਾ ਦਿੱਤੀ। ਸਾਰੇ ਕਾਲਜ ਵਿਚ ਮੇਰੇ ਨਾਮ ਦਾ ਡੰਕਾ ਵੱਜ ਗਿਆ।
ਹੋਸਟਲ ਵਿਚ ਰਹਿਣ ਕਰ ਕੇ ਆਪਣੀ ਮਿੱਤਰ-ਮੰਡਲੀ ਨਾਲ ਦਿੱਲੀ ਜਾਣ ਬਾਰੇ ਸਲਾਹ-ਮਸ਼ਵਰਾ ਕਰ ਰਿਹਾ ਸਾਂ। ਡਾ. ਗੁਰਮੀਤ ਮੇਰਾ ਜਮਾਤੀ ਸੀ ਤੇ ਅਸੀਂ ਅਕਸਰ ਇਕੱਠੇ ਰਹਿੰਦੇ ਸਾਂ। ਆਪਸ ਵਿਚ ਸਲਾਹ ਕਰ ਰਹੇ ਸਾਂ ਕਿ ਦਿੱਲੀ ਕਿਥੇ ਰਿਹਾ ਜਾਵੇ? ਕਿਵੇਂ ਜਾਇਆ ਜਾਵੇ? ਮਿੱਤਰ-ਮੰਡਲੀ ਵਿਚ ਹੀ ਸਾਡਾ ਸਾਂਝਾ ਦੋਸਤ ਸੀ, ਕੁਲਵਿੰਦਰ। ਉਹ ਕਦੇ ਕਦੇ ਹੋਸਟਲ ਆਉਂਦਾ ਸੀ, ਉਂਜ ਉਹ ਸ਼ਹਿਰ ਆਪਣੇ ਘਰ ਵਿਚ ਹੀ ਰਹਿੰਦਾ ਸੀ। ਸਾਡੀ ਗੱਲ ਸੁਣ ਕੇ ਕਹਿਣ ਲੱਗਾ, ਤੂੰ ਦਿੱਲੀ ਮੇਰੇ ਮਾਸੜ ਜੀ ਪਾਸ ਰਹਿ ਪਵੀਂ। ਮੈਂ ਉਸ ਨੂੰ ਪੁਛਿਆ ਕਿ ਤੇਰੇ ਮਾਸੜ ਜੀ ਕੀ ਕਰਦੇ ਹਨ? ਕਹਿਣ ਲੱਗਾ, “ਡਾ. ਹਰਿਭਜਨ ਸਿੰਘ ਮੇਰੇ ਮਾਸੜ ਜੀ ਹਨ।” ਇਹ ਸੁਣਦਿਆਂ ਹੀ ਮੇਰੇ ਅੰਦਰ ਖੁਸ਼ੀ ਦੀ ਲਹਿਰ ਦੌੜ ਪਈ। ਪਾਠ-ਕ੍ਰਮ ਵਿਚ ਲੱਗੀ ਹੋਈ ਉਨ੍ਹਾਂ ਦੀ ਸੰਪਾਦਿਤ ਪੁਸਤਕ ‘ਕਾਵਿ-ਕੀਰਤੀ’ ਅਸੀਂ ਰੋਜ਼ ਪੜ੍ਹਦੇ ਸਾਂ। ਕਿਰਪਾਲ ਸਿੰਘ ਯੋਗੀ ਮੇਰੇ ਅਧਿਆਪਕ ਸਨ ਜੋ ਬਹੁਤ ਹੀ ਨਿਮਰ, ਸੁਹਿਰਦ ਅਤੇ ਜ਼ਮੀਨੀ ਪੱਧਰ ‘ਤੇ ਵਿਚਰਨ ਵਾਲੇ ਇਨਸਾਨ ਸਨ। ਉਹ ਅਕਸਰ ਦਿੱਲੀ ਦੇ ਲੇਖਕਾਂ ਦੀਆਂ ਕਹਾਣੀਆਂ ‘ਆਰਸੀ’ ਦੇ ਹਵਾਲੇ ਨਾਲ ਸਾਨੂੰ ਸੁਣਾਉਂਦੇ ਰਹਿੰਦੇ। ਬਾਵਾ ਬਲਵੰਤ ਦੀ ਸ਼ਾਇਰੀ ਦਾ ਜ਼ਿਕਰ ਕਰਦਿਆਂ ਤਾਂ ਉਹ ਅਸ਼ ਅਸ਼ ਕਰ ਉਠਦੇ। ਇਸ ਦੇ ਬਾਵਜੂਦ ਪੰਜਾਬੀ ਦੇ ਲੇਖਕਾਂ ਬਾਰੇ ਮੈਨੂੰ ਉਸ ਸਮੇਂ ਤਕ ਕੋਈ ਬਹੁਤੀ ਜਾਣਕਾਰੀ ਨਹੀਂ ਸੀ।
ਅਗਲੇ ਦਿਨ ਕੁਲਵਿੰਦਰ ਨੇ ਆਪਣੇ ਬੀਜੀ ਪਾਸੋਂ ਭੈਣ ਦੇ ਨਾਮ ਪੱਤਰ ਲਿਖਵਾ ਕੇ ਮੈਨੂੰ ਦੇ ਦਿੱਤਾ ਤਾਂ ਮੇਰੀ ਦਿੱਲੀ ਰਹਿਣ ਦੀ ਚਿੰਤਾ ਦੂਰ ਹੋ ਗਈ। ਹੁਣ ਮੈਂ ਦਿੱਲੀ ਜਾਣ ਲਈ ਤਿਆਰੀ ਅਰੰਭ ਦਿੱਤੀ। ਨਿੱਕਾ ਜਿਹਾ ਬੈਗ, ਕਵਿਤਾਵਾਂ ਵਾਲੀ ਕਾਪੀ ਤੇ ਚੰਦ ਛਿੱਲੜ ਜੇਬ ਵਿਚ ਪਾ ਲਏ। ਇਸ ਤੋਂ ਪਹਿਲਾਂ ਤਾਂ ਮੈਂ ਲੁਧਿਆਣਾ, ਚੰਡੀਗੜ੍ਹ ਵੀ ਨਹੀਂ ਸੀ ਦੇਖਿਆ, ਦਿੱਲੀ ਤਾਂ ਕੀ ਦੇਖਣੀ ਸੀ! ਜਿਸ ਦਿਨ ਕਵੀ ਦਰਬਾਰ ਸੀ, ਉਸ ਤੋਂ ਇਕ ਦਿਨ ਪਹਿਲਾਂ ਮੈਂ ਦਿੱਲੀ ਜਾਣ ਦਾ ਪ੍ਰੋਗਰਾਮ ਉਲੀਕ ਲਿਆ। ਗੁਰਦਾਸਪੁਰ ਤੋਂ ਸਵੇਰੇ ਸਵਖਤੇ ਬੱਸ ਲਈ ਤੇ ਉਸ ਨੇ ਸ਼ਾਮ ਨੂੰ ਮੈਨੂੰ ਦਿੱਲੀ ਪੁਚਾ ਦਿੱਤਾ। ਪੁੱਛਦਾ-ਪੁਛਾਉਂਦਾ ਕਰੋਲ ਬਾਗ ਦੀ ਉਸ ਗਲੀ ਵਿਚ ਪਹੁੰਚ ਗਿਆ, ਜਿਥੇ ਡਾ. ਸਾਹਿਬ ਰਹਿੰਦੇ ਸਨ। ਗਲੀ ਵਿਚ ਇਕ ਆਦਮੀ ਤੋਂ ਡਾ. ਸਾਹਿਬ ਬਾਬਤ ਪੁੱਛਿਆ ਤਾਂ ਉਹ ਮੈਨੂੰ ਉਨ੍ਹਾਂ ਪਾਸ ਛੱਡ ਆਇਆ।
ਗਲੀ ਵਿਚ ਬੱਚੇ ਖੇਡ ਰਹੇ ਹਨ, ਸਬਜ਼ੀ ਵਾਲਾ ਸਬਜ਼ੀ ਵੇਚ ਰਿਹਾ ਹੈ, ਨਿੱਕੀ ਮੋਟੀ ਆਵਾਜਾਈ ਵੀ ਚਲ ਰਹੀ ਹੈ, ਪਰ ਡਾ. ਸਾਹਿਬ ਆਲੇ-ਦੁਆਲੇ ਤੋਂ ਬੇਖੌਫ, ਆਪਣੇ ਧਿਆਨ ਕਿਸੇ ਕਿਤਾਬ ਵਿਚ ਡੂੰਘੇ ਖੁਭੇ ਹੋਏ ਸਨ। ਮੇਜ਼ ‘ਤੇ ਕਿਤਾਬਾਂ ਤੇ ਕਾਗਜ਼ ਪਏ ਹੋਏ ਸਨ। ਮੈਨੂੰ ਉਸ ਵੇਲੇ ਉਨ੍ਹਾਂ ਦੀ ਦਿੱਖ ਮਹਾਂਕਵੀ ਰਬਿੰਦਰ ਨਾਥ ਟੈਗੋਰ ਜਿਹੀ ਲੱਗੀ। ਮੈਂ ਝੁਕ ਕੇ ਉਨ੍ਹਾਂ ਦੇ ਗੋਡੇ ਹੱਥ ਲਾਇਆ, ਚਿੱਠੀ ਫੜਾਈ ਅਤੇ ਆਪਣੇ ਆਉਣ ਦਾ ਮਕਸਦ ਦੱਸਿਆ। ਉਨ੍ਹਾਂ ਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ ਤੇ ਮੇਰੇ ਬਾਰੇ ਦੱਸਿਆ। ਬੀਜੀ ਨੇ ਕੁਲਵਿੰਦਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁੱਖ-ਸਾਂਦ ਪੁੱਛੀ ਤੇ ਖਿੜੇ ਮੱਥੇ ਮੈਨੂੰ ਘਰ ਦੇ ਅੰਦਰ ਲੈ ਗਏ। ਉਨ੍ਹਾਂ ਦੀ ਨਿੱਘੀ ਮਿਲਣੀ ਨਾਲ ਮੇਰੀ ਸਾਰੀ ਥਕਾਵਟ ਦੂਰ ਹੋ ਗਈ। ਸ਼ਾਮ ਤਾਂ ਪਹਿਲਾਂ ਹੀ ਹੋ ਚੁਕੀ ਸੀ, ਹੁਣ ਸੁਰਮਈ ਅਤੇ ਘਸਮੈਲੇ ਰੰਗ ਦੀ ਹੋ ਰਹੀ ਸੀ।
ਡਾ. ਸਾਹਿਬ ਨੇ ਹੱਥਲਾ ਕੰਮ ਨਬੇੜ ਲਿਆ ਅਤੇ ਘਰ ਦੇ ਲਾਗੇ ਪਾਰਕ ਵਿਚ ਘੁੰਮਣ ਲਈ ਮੈਨੂੰ ਤਿਆਰ ਕਰ ਲਿਆ। ਰਸਤੇ ਵਿਚ ਮੈਂ ਡਾ. ਸਾਹਿਬ ਨੂੰ ਦੱਸਿਆ ਕਿ ਤੁਹਾਡੀ ਸੰਪਾਦਿਤ ਪੁਸਤਕ ‘ਕਾਵਿ ਕੀਰਤੀ’ ਮੈਂ ਕਾਲਜ ਵਿਚ ਪੜ੍ਹਦਾ ਹਾਂ। ਪਾਰਕ ਵਿਚ ਪਹੁੰਚ ਕੇ ਮੈਂ ਉਨ੍ਹਾਂ ਨੂੰ ਆਪਣੀਆਂ ਕਵਿਤਾਵਾਂ ਸੁਣਾਉਣ ਲਈ ਕਿਹਾ ਤਾਂ ਉਨ੍ਹਾਂ ਇਕ ਇਕ ਕਰਕੇ ਸੁਣਾਉਣੀਆਂ ਸ਼ੁਰੂ ਕੀਤੀਆਂ:
ਮੇਰਾ ਬਚਪਨ ਅਜੇ ਨਾ ਆਇਆ!
ਮੇਰਾ ਬਚਪਨ ਕਦ ਆਵੇਗਾ?
ਜਦ ਉਮਰਾਂ ਦੀ ਝੋਲੀ ਦੇ ਵਿਚ
ਦੋ ਤਿੰਨ ਚਾਰ ਜਾਂ ਪੰਜ ਵਰ੍ਹੇ ਸਨ
ਕਦੇ ਨਾ ਉਗੀ ਮੇਰੀ ਮਾਂ ਦੇ
ਬੁੱਲਾਂ ਉਤੇ ਹਰੀ ਕਰੂੰਬਲ।

ਕਿਹੜੇ ਬਿਰਛ ਨੂੰ ਆਪਣਾ ਆਖ ਬੁਲਾਵਾਂ
ਕਿਹੜੀ ਕਿਹੜੀ ਛਾਂ ਮੇਰੀ ਮਾਂ ਵਰਗੀ
ਕਿਹੜਾ ਕਿਹੜਾ ਡਾਹਣਾਂ ਵਾਂਗ ਭਰਾਵਾਂ…?

ਜੰਗਲ ਵਿਚ ਪਰਛਾਵੇਂ ਹੀ ਪਰਛਾਵੇਂ ਨੇ
ਉਮਰਾਂ ਤੁਰੀਆਂ ਜਾਣ ਕੀੜੀਆਂ ਦੀਆਂ ਕਤਾਰਾਂ
ਏਸ ਰਾਹ ਦੇ ਲੀਕ ਜਾਲ ‘ਤੇ
ਪੈਰ ਅਨੈਣ ਸਹਿਜ ਤੁਰਦਾ ਹੈ
ਪੈਰ ਸੁਨੈਣ ਉਲਝਦਾ ਜਾਵੇ…।
ਸਾਰੀਆਂ ਕਵਿਤਾਵਾਂ ਉਨ੍ਹਾਂ ਨੂੰ ਜ਼ੁਬਾਨੀ ਯਾਦ ਸਨ। ਮੈਂ ਉਨ੍ਹਾਂ ਦੀਆਂ ਕਵਿਤਾਵਾਂ ਸੁਣ ਕੇ ਅਚੰਭਿਤ ਹੋ ਰਿਹਾ ਸਾਂ। ਮੈਨੂੰ ਉਸ ਵੇਲੇ ਉਹ ਕਿਸੇ ਰਿਸ਼ੀ ਦੇ ਨਿਆਈਂ ਲੱਗ ਰਹੇ ਸਨ। ਮੈਂ ਆਪਣੀ ਕੋਈ ਕਵਿਤਾ ਨਹੀਂ ਸੁਣਾਈ। ਏਨੇ ਵੱਡੇ ਕਵੀ ਨੂੰ ਭਲਾ ਮੈਂ ਕੀ ਸੁਣਾਉਣਾ ਸੀ! ਮੈਂ ਕਵਿਤਾ ਦੇ ਖੇਤਰ ਵਿਚ ਪਹਿਲੀ ਪਲਾਂਘ ਪੁੱਟ ਰਿਹਾ ਸਾਂ, ਪਰ ਉਹ ਇਸ ਖੇਤਰ ਵਿਚ ਵੱਡੀਆਂ ਮੱਲਾਂ ਮਾਰੀ ਬੈਠੇ ਸਨ। ਮੈਨੂੰ ਉਨ੍ਹਾਂ ਇਕ ਗੱਲ ਦੀ ਤਾਕੀਦ ਕੀਤੀ, ਜੋ ਅੱਜ ਵੀ ਯਾਦ ਹੈ, “ਕਾਕਾ! ਪੂਰੀ ਲਗਨ ਨਾਲ ਮਾਤ-ਭਾਸ਼ਾ ਵਿਚ ਦਿਲ ਲਗਾਵੀਂ, ਇਹ ਤੇਰੀ ਮਿਹਨਤ ਨਾਲੋਂ ਕਈ ਗੁਣਾਂ ਵੱਧ ਫਲ ਦੇਵੇਗੀ।”
ਅਗਲੇ ਦਿਨ ਸਵੇਰੇ ਮੈਂ ਕਵੀ ਦਰਬਾਰ ਵਿਚ ਸ਼ਾਮਿਲ ਹੋਣ ਲਈ ਦੂਰਦਰਸ਼ਨ ਕੇਂਦਰ ਚਲਾ ਗਿਆ। ਉਦੋਂ ਪੰਜਾਬ ਤੋਂ ਸਵਿਤੋਜ ਨੇ ਵੀ ਕਵਿਤਾ ਪੜ੍ਹੀ ਸੀ ਤੇ ਪ੍ਰੋਗਰਾਮ ਦਾ ਸੰਚਾਲਨ ਪ੍ਰੋ. ਹਰਚਰਨ ਸਿੰਘ ਸੋਬਤੀ ਨੇ ਕੀਤਾ ਸੀ। ਮੈਂ ਜਿਹੜੀ ਕਵਿਤਾ ਪੜ੍ਹੀ ਸੀ, ਉਸ ਬਾਬਤ ਪ੍ਰੋ. ਸੋਬਤੀ ਨੇ ਮੈਥੋਂ ਕੁਝ ਪ੍ਰੋਫੈਸਰਾਂ ਵਾਲੇ ਗਹਿਰ-ਗੰਭੀਰ ਸੁਆਲ ਵੀ ਪੁੱਛੇ ਸਨ ਪਰ ਮੈਨੂੰ ਉਦੋਂ ਕਵਿਤਾ ਦੇ ਕਾਵਿ ਸ਼ਾਸਤਰੀ ਪੱਖਾਂ ਬਾਰੇ ਕੋਈ ਭਰੋਸੇਯੋਗ ਗਿਆਨ ਨਹੀਂ ਸੀ। ਇਸ ਦੇ ਬਾਵਜੂਦ ਪ੍ਰੋਡਿਊਸਰ ਚਾਵਲਾ ਨੇ ਮੇਰੀ ਕਵਿਤਾ ਦੀ ਤਾਰੀਫ ਕੀਤੀ। ਉਸ ਦੀ ਲਿਖਤ ਮੈਂ ਅੱਜ ਤੱਕ ਸੰਭਾਲ ਕੇ ਰੱਖੀ ਹੋਈ ਹੈ।
ਦੋ ਦਿਨ ਦਿੱਲੀ ਰਹਿਣ ਪਿਛੋਂ ਮੈਂ ਵਾਪਿਸ ਗੁਰਦਾਸਪੁਰ ਲਈ ਚਾਲੇ ਪਾ ਦਿੱਤੇ ਪਰ ਇਕ ਗੱਲ ਨੇ ਮੈਨੂੰ ਬੜਾ ਹੈਰਾਨ-ਪ੍ਰੇਸ਼ਾਨ ਕੀਤਾ ਕਿ ਦਿੱਲੀ ਯੂਨੀਵਰਸਿਟੀ ਦਾ ਪ੍ਰੋਫੈਸਰ ਅਤੇ ਪੰਜਾਬੀ ਦਾ ਸਰਵਉਚ ਲੇਖਕ ਕਰੋਲ ਬਾਗ ਦੀ ਇਕ ਗਲੀ ਵਿਚ ਛੋਟੇ ਜਿਹੇ ਮਕਾਨ ਵਿਚ ਰਹਿ ਰਿਹਾ ਹੈ। ਅੱਜ ਜਦੋਂ ਮੈਂ ਗੁਰੂਦੇਵ ਦੀਆਂ ਸਾਰੀਆਂ ਲਿਖਤਾਂ ਪੜ੍ਹ ਚੁਕਾ ਹਾਂ ਤਾਂ ਉਸ ਸਥਿਤੀ ਬਾਰੇ ਦੇਖਦਾ ਹਾਂ, ਮੈਨੂੰ ਪਤਾ ਲਗਦਾ ਹੈ ਕਿ ਗੁਰੂਦੇਵ ਨੇ ਆਪਣੇ ਜੀਵਨ ਵਿਚ ਬਹੁਤ ਲੰਮਾ ਸਮਾਂ ਸੰਘਰਸ਼ ਕੀਤਾ। ਉਹ ਆਪਣੀ ਮਿਹਨਤ-ਮੁਸ਼ੱਕਤ ਨਾਲ ਹੀ ਅੱਗੇ ਵਧਣਾ ਚਾਹੁੰਦੇ ਸਨ। ਇਹੀ ਸੰਘਰਸ਼ ਦਾ ਸਮਾਂ ਸੀ, ਜਿਸ ਨੇ ਗੁਰੂਦੇਵ ਨੂੰ ਸਾਹਿਤਕਾਰੀ ਦੇ ਖੇਤਰ ਵਿਚ ਉਚਾ ਰੁਤਬਾ ਦਿਵਾਇਆ। ‘ਚੋਲਾ ਟਾਕੀਆਂ ਵਾਲਾ’ ਅਤੇ ‘ਮੱਥਾ ਦੀਵੇ ਵਾਲਾ’ ਵਿਚ ਉਨ੍ਹਾਂ ਨੇ ਇਸ ਧਾਰਨਾ ਦਾ ਜ਼ਿਕਰ ਵੀ ਕੀਤਾ ਹੈ ਕਿ ਚੰਗਾ ਕਵੀ/ਲੇਖਕ ਬਣਨ ਲਈ ਉਸ ਪਾਸ ਇਸਤਰੀ, ਦੁੱਖ ਅਤੇ ਮਾਸੂਮੀਅਤ ਦੇ ਅਹਿਸਾਸ ਦਾ ਹੋਣਾ ਜ਼ਰੂਰੀ ਹੁੰਦਾ ਹੈ।
ਹੁਣ ਜਦੋਂ ਮੈਂ ‘ਰੁੱਖ ਤੇ ਰਿਸ਼ੀ’ ਦਾ ਪਾਠ ਕੀਤਾ ਹੈ ਤਾਂ ਉਸ ਵਿਚ ਇਕ ਤੋਂ ਵੱਧ ਵਾਰ ਇਹ ਜ਼ਿਕਰ ਆਇਆ ਹੈ ਕਿ ਅਜੋਕੇ ਯੁੱਗ ਵਿਚ ਰਿਸ਼ੀ ਦੀ ਭਾਲ ਕਿਵੇਂ ਕਰੋਗੇ? ਰਿਸ਼ੀ ਤਾਂ ਏਨਾ ਆਮ ਹੈ ਕਿ ਉਹ ਦੁਨੀਆਂ ਦੀ ਭੀੜ ਵਿਚ ਗੁਆਚਾ ਹੋਇਆ ਹੈ। ਦੂਜੇ ਪਾਸੇ ਇਸ ਦਾ ਗਹਿਨ ਅਰਥ ਇਹ ਵੀ ਬਣਦਾ ਹੈ ਕਿ ਆਮ ਬੰਦਾ ਵੀ ਗਿਆਨ ਦੀਆਂ ਗਹਿਰਾਈਆਂ ਤੱਕ ਪੁੱਜ ਸਕਦਾ ਹੈ।
ਗਿਆਨ ਅਮੀਰਾਂ ਦਾ ਕੋਈ ਰਾਖਵਾਂ ਸਰਮਾਇਆ ਨਹੀਂ ਹੈ। ਇਹ ਸਾਧਨਾ ਨਾਲ ਕਮਾਇਆ ਜਾ ਸਕਦਾ ਹੈ। ਸਾਰਤਰ ਨੇ ਮਨੁੱਖੀ ਹੋਂਦ ਨੂੰ ਨਿਹੋਂਦ ਦੇ ਰੂਪ ਵਿਚ ਦੇਖਿਆ ਸੀ, ਪਰ ਡਾ. ਹਰਿਭਜਨ ਸਿੰਘ ਨੇ ਸਾਰਤਰ ਦੇ ਫਲਸਫੇ ਨੂੰ ਉਲਟਾ ਕੇ ਲਘੂ-ਮਾਨਵ ਦੀ ਨਿਗੁਣੀ ਹੋਂਦ ਵਿਚੋਂ ਵੀ ਉਚੇਰੀ ਪ੍ਰਤਿਭਾ ਦੀ ਪਛਾਣ ਕੀਤੀ ਹੈ। ਦੁਖੀ ਬੰਦਾ ਹੀ ਅੰਤਰਮੁਖੀ ਹੁੰਦਾ ਹੈ। ਗਿਆਨ ਅੰਤਰਮੁਖਤਾ ਵਿਚੋਂ ਹੀ ਪੈਦਾ ਹੁੰਦਾ ਹੈ।
ਡਾ. ਸਾਹਿਬ ਪਾਸ ਦੋ ਦਿਨ ਰਹਿਣ ਦਾ ਸਮਾਂ ਮੇਰੇ ਲਈ ਯਾਦਗਾਰੀ ਸੀ। ਮੇਰੇ ਜੀਵਨ ਦਾ ਅਨਮੋਲ ਸਰਮਾਇਆ। ਮੈਂ ਪੜ੍ਹਾਈ ਵਿਚ ਤਾਂ ਪਹਿਲਾਂ ਹੀ ਗੰਭੀਰ ਸਾਂ ਪਰ ਦਿੱਲੀ ਫੇਰੀ ਨੇ ਮੈਨੂੰ ਪੜ੍ਹਨ ਵੱਲ ਹੋਰ ਸੁਚੇਤ ਕੀਤਾ। ਮਾਨੋ ਮੇਰਾ ਕਾਇਆ ਕਲਪ ਹੋ ਗਿਆ। ਵਾਪਿਸ ਆ ਕੇ ਮੈਂ ਕਾਲਜ ਮੈਗਜ਼ੀਨ ‘ਗੁਰਦਾਸ’ ਦਾ ਸੰਪਾਦਕ ਬਣ ਗਿਆ। ਕੁਝ ਲਿਖਣ, ਪੜ੍ਹਨ ਅਤੇ ਬਣਨ ਦੀ ਮੇਰੇ ਵਿਚ ਰੁਚੀ ਉਜਾਗਰ ਹੋ ਗਈ। ਕਾਲਜ ਦੀ ਲਾਇਬਰੇਰੀ ਵਿਚ ਬਹਿਣਾ ਮੇਰਾ ਨਿੱਤਨੇਮ ਹੋ ਗਿਆ। ਮੈਂ ਸੋਚਿਆ ਕਿ ਮੇਰੇ ਭਵਿੱਖ ਦੀ ਘਾੜਤ ਵਿਚ ਲਾਇਬਰੇਰੀ ਦੀ ਭੂਮਿਕਾ ਅਹਿਮ ਹੋ ਸਕਦੀ ਹੈ। ਡਾ. ਸਾਹਿਬ ਦਾ ਕਰੋਲ ਬਾਗ ਦੀ ਭੀੜ-ਭੜੱਕੇ ਵਾਲੀ ਗਲੀ ਵਿਚ ਪੜ੍ਹਨ ਦਾ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ। ਨਤੀਜਾ ਇਹ ਹੋਇਆ ਕਿ ਮੈਂ 1976 ਵਿਚ ਬੀ. ਏ. ਆਨਰਜ਼ (ਪੰਜਾਬੀ) ਵਿਚੋਂ ਗੋਲਡ ਮੈਡਲ ਲੈ ਕੇ ਪਾਸ ਹੋਇਆ।

ਗੋਲਡ ਮੈਡਲ ਨੇ ਮੇਰਾ ਉਤਸ਼ਾਹ ਹੋਰ ਵਧਾ ਦਿੱਤਾ ਤੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਐਮ. ਏ. ਕਰਨ ਲਈ ਦਾਖਲ ਹੋ ਗਿਆ। ਉਸ ਸਮੇਂ ਵਿਭਾਗ ਦੀ ਵਾਗਡੋਰ ਡਾ. ਦੀਵਾਨ ਸਿੰਘ ਦੇ ਹੱਥ ਵਿਚ ਸੀ। ਦੂਸਰੇ ਸਾਲ ਵਿਚ ਮੈਂ ਉਨ੍ਹਾਂ ਦੀ ਦੇਖ-ਰੇਖ ਅਧੀਨ ਬੁਲ੍ਹੇ ਸ਼ਾਹ ਦੀਆਂ ਕਾਫੀਆਂ ਤੇ ਖੋਜ-ਨਿਬੰਧ ਲਿਖਿਆ। ਇਤਫਾਕ ਵੱਸ ਡਾ. ਹਰਿਭਜਨ ਸਿੰਘ ਮੇਰੀ ਮੌਖਿਕ ਪ੍ਰੀਖਿਆ ਲੈਣ ਆਏ ਅਤੇ ਮੈਨੂੰ ਗੰਭੀਰਤਾ ਨਾਲ ਪੜ੍ਹਦੇ ਨੂੰ ਵੇਖ ਕੇ ਸ਼ਾਬਾਸ ਦੇ ਕੇ ਗਏ, ਤੇ ਅੱਗੋਂ ਐਮ.ਫਿਲ਼ ਕਰਨ ਦੀ ਤਾਕੀਦ ਕਰ ਗਏ। 1978 ਵਿਚ ਮੈਂ ਯੂਨੀਵਰਸਿਟੀ ਵਿਚੋਂ ਦੂਸਰੀ ਪੁਜੀਸ਼ਨ ਲੈ ਕੇ ਫਸਟ ਕਲਾਸ ਵਿਚ ਪਾਸ ਹੋ ਗਿਆ। ਨਾਲ ਹੀ ਐਮ.ਫਿਲ਼ ਵਿਚ ਮੈਂ ਦਾਖਲਾ ਲੈ ਲਿਆ। ਯੂਨੀਵਰਸਿਟੀ ਵਿਚੋਂ ਮੈਂ ਫਿਰ ਫਸਟ ਰਹਿ ਕੇ ‘ਓ'(ਆਊਟਸਟੈਂਡਿੰਗ) ਗਰੇਡ ਵਿਚ ਇਹ ਜਮਾਤ ਵੀ ਪਾਸ ਕਰ ਲਈ। 1980 ਵਿਚ ਡਾ. ਦੀਵਾਨ ਸਿੰਘ ਨੇ ਪੀਐਚ.ਡੀ. ਕਰਨ ਲਈ ਮੈਨੂੰ ਫੈਲੋਸ਼ਿਪ ਦੇ ਦਿੱਤੀ। ਮੈਨੂੰ 250 ਰੁਪਏ ਫੈਲੋਸ਼ਿਪ ਮਿਲਣ ਲੱਗ ਪਈ ਤੇ ਮੈਂ ਆਪਣੇ ਪੈਰਾਂ ‘ਤੇ ਤੁਰਨ ਲਗ ਪਿਆ। ‘ਸ਼ਿਵ ਕੁਮਾਰ-ਕਾਵਿ: ਥੀਮ ਅਤੇ ਰੂਪਾਕਾਰ’ ਦੇ ਵਿਸ਼ੇ ਤੇ ਪੀਐਚ.ਡੀ. ਦਾ ਖੋਜ-ਕਾਰਜ ਅਰੰਭ ਕਰ ਦਿੱਤਾ। ਥੀਮ ਦੇ ਨਵੇਂ ਸੰਕਲਪ ਦੇ ਸੰਚਾਲਕ ਡਾ. ਹਰਿਭਜਨ ਸਿੰਘ ਹੀ ਸਨ, ਜਿਨ੍ਹਾਂ ਨੇ ਰੂਸੀ ਰੂਪਵਾਦ ਦੇ ਪ੍ਰਭਾਵ ਅਧੀਨ ਪੰਜਾਬੀ ਸਮੀਖਿਆ ਵਿਚ ਰੂਪਵਾਦ ਦਾ ਤਹਿਲਕਾ ਮਚਾਇਆ ਹੋਇਆ ਸੀ। ਮੈਂ ਵਿਸ਼ਾ ਤਾਂ ਨਵਾਂ ਲੈ ਲਿਆ ਪਰ ਇਸ ਨੇ ਮੈਨੂੰ ਬੜਾ ਭੰਬਲਭੂਸੇ ਵਿਚ ਪਾਇਆ ਹੋਇਆ ਸੀ। ਮਨ ਕਰਦਾ ਕਿ ਡਾ. ਹਰਿਭਜਨ ਸਿੰਘ ਨੂੰ ਮਿਲਾਂ ਅਤੇ ਆਪਣਾ ਸੰਕਟ ਦੂਰ ਕਰਾਂ, ਪਰ ਉਹ ਉਸ ਸਮੇਂ ਪੰਜਾਬੀ ਚਿੰਤਨ ਦੀ ਰੂਹ-ਏ-ਰਵਾਂ ਸਨ। ਜਦੋਂ ਉਹ ਅੰਮ੍ਰਿਤਸਰ ਆਉਂਦੇ ਤਾਂ ਵੱਡੇ ਵੱਡੇ ਬੰਦੇ ਘੇਰਾ ਪਾ ਕੇ ਬਹਿ ਜਾਂਦੇ। ਮੇਰੀ ਉਨ੍ਹਾਂ ਨਾਲ ਦੂਰੋਂ ਦੂਰੋਂ ਹੀ ਦੁਆ-ਸਲਾਮ ਹੁੰਦੀ।
1980 ਦੇ ਅੰਤਲੇ ਮਹੀਨਿਆਂ ਵਿਚ ਉਹ ਅੰਮ੍ਰਿਤਸਰ ਵਿਖੇ, ਪਰਿਵਾਰ ਸਮੇਤ ਕਿਸੇ ਨਿਜੀ ਕੰਮ ਲਈ ਆਪਣੇ ਰਿਸ਼ਤੇਦਾਰ ਪਾਸ ਆਏ। ਮੈਨੂੰ ਪਤਾ ਲੱਗਾ ਤਾਂ ਮੈਂ ਉਨ੍ਹਾਂ ਨੂੰ ਸਤਨਾਮ ਸਿੰਘ ਦੇ ਘਰ ਜਾ ਮਿਲਿਆ ਤੇ ਆਪਣੇ ਸ਼ੰਕੇ ਨਵਿਰਤ ਕਰਨ ਦੀ ਬੇਨਤੀ ਕੀਤੀ। ਉਹ ਕਹਿਣ ਲੱਗੇ, ‘ਕੱਲ੍ਹ ਨੂੰ ਮੈਂ ਸਵੇਰੇ ਜਲੰਧਰ ਜਾਣਾ ਏ ਤੇ ਤੂੰ ਮੇਰੇ ਨਾਲ ਹੀ ਚੱਲੀਂ। ਅਗਲੇ ਦਿਨ ਸਵੇਰੇ ਹੀ ਮੈਂ ਸਤਨਾਮ ਸਿੰਘ ਦੇ ਘਰ ਪਹੁੰਚ ਗਿਆ ਤੇ ਉਥੋਂ ਅਸੀਂ ਬੱਸ ਰਾਹੀਂ ਜਲੰਧਰ ਲਈ ਰਵਾਨਾ ਹੋ ਗਏ। ਉਨ੍ਹਾਂ ਨੂੰ ਸਾਥ ਮਿਲ ਗਿਆ ਅਤੇ ਮੈਨੂੰ ਗੁਰੂ। ਜਦੋਂ ਕਿਤਾਬਾਂ, ਕੋਸ਼, ਮਹਾਂਕੋਸ਼ ਜੁਆਬ ਦੇ ਜਾਂਦੇ ਹਨ ਤਾਂ ਦੇਹਧਾਰੀ ਗੁਰੂ ਹੀ ਤੁਹਾਡੀ ਬੇੜੀ ਪਾਰ ਲਾ ਸਕਦਾ ਹੈ। ਡਾ. ਹਰਿਭਜਨ ਸਿੰਘ ਹੋਰਾਂ ਦਾ ਕਥਨ ਹੈ, “ਆਪਣੇ ਧਰਮ ਵਾਲਿਆਂ ਨਾਲ ਕਦਮ ਮਿਲਾ ਕੇ ਤੁਰਦਾ ਮੈਂ ਵੀ ਕਈ ਵਾਰ ਕਹਿ ਦਿੰਦਾ ਰਿਹਾ ਤੇ ਹੁਣ ਵੀ ਕਹਿ ਦਿੰਦਾ ਹਾਂ ਕਿ ਮੇਰਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ, ਮੈਨੂੰ ਦੇਹਧਾਰੀ ਗੁਰੂ ਨਹੀਂ ਚਾਹੀਦਾ। ਪਰ ਕੀ ਕਰਾਂ, ਮੈਨੂੰ ਹਮੇਸ਼ਾ ਹੀ ਕਿਸੇ ਦੇਹਧਾਰੀ ਉਸਤਾਦ ਦੀ ਲੋੜ ਰਹੀ ਹੈ। ਕੋਈ ਦੇਹਧਾਰੀ ਹੀ ਮੇਰੀਆਂ ਗੁੰਝਲਾਂ ਖੋਲ੍ਹਣ ਵਿਚ ਸਹਾਈ ਬਣਦਾ ਹੈ। ਕੋਈ ਵੀ ਪੁਸਤਕ ਕਿਸੇ ਅਨੁਭਵੀ ਵਿੱਦਿਆ ਗੁਰੂ ਦੀ ਥਾਂ ਪੂਰ ਨਹੀਂ ਸਕਦੀ।”
ਉਨ੍ਹਾਂ ਦਾ ਵਿਚਾਰ ਬਿਲਕੁੱਲ ਦਰੁਸਤ ਹੈ। ਜੋ ਗੁਰੂ ਦੇ ਸਾਹਮਣੇ ਬੈਠ ਕੇ ਕੋਈ ਆਪਣੇ ਸ਼ੰਕੇ ਨਵਿਰਤ ਕਰ ਸਕਦਾ ਹੈ, ਪੁਸਤਕਾਂ ਵਿਚੋਂ ਉਹ ਨਹੀਂ ਹੋ ਸਕਦੇ।
ਬਸ ਕੰਡਕਟਰ ਆਇਆ ਤੇ ਮੈਂ ਟਿਕਟ ਲੈਣ ਲੱਗਾ ਤਾਂ ਉਨ੍ਹਾਂ ਨੇ ਮੈਨੂੰ ਰੋਕ ਦਿੱਤਾ। ਉਹ ਕਹਿਣ ਲੱਗੇ ਕਿ ਜਦ ਤੂੰ ਪ੍ਰੋਫੈਸਰ ਲੱਗੇਂਗਾ, ਟਿਕਟ ਲੈ ਲਿਆ ਕਰੀਂ। ਮੈਨੂੰ ਕੋਈ ਜੁਆਬ ਨਾ ਅਹੁੜਿਆ। ਬਸ ਵਿਚ ਕੋਈ ਖਾਸ ਗਲਬਾਤ ਨਾ ਹੋ ਸਕੀ। ਬਸ ਦਾ ਸਿਰਫ ਹਾਰਨ ਹੀ ਨਹੀਂ ਸੀ ਵਜਦਾ, ਬਾਕੀ ਸਾਰੀ ਬਸ ਖੜਕੀ ਪਈ ਸੀ। ਜਲੰਧਰ ਪੁੱਜ ਕੇ ਜਦੋਂ ਅਸੀਂ ਪੈਦਲ ਤੁਰਦੇ ਜਾਂ ਰਿਕਸ਼ੇ ਵਿਚ ਬੈਠਦੇ, ਮੇਰੀਆਂ ਪੁੱਛਾਂ ਸ਼ੁਰੂ ਹੋ ਜਾਂਦੀਆਂ। ਜਿਵੇਂ: ਥੀਮ ਕੀ ਹੈ? ਸਾਹਿਤ ਕਿਰਤ ਨਾਲ ਇਸ ਦਾ ਕੀ ਨਾਤਾ ਹੈ? ਰੂਸੀ ਰੂਪਵਾਦੀਆਂ ਨੇ ਥੀਮ ਨੂੰ ਨਵੇਂ ਰੂਪ ਵਿਚ ਕਿਵੇਂ ਪਰਿਭਾਸ਼ਿਤ ਕੀਤਾ ਹੈ? ਮੋਟਿਫ, ਗਤੀਸ਼ੀਲ ਮੋਟਿਫ, ਗਤੀਹੀਣ ਮੋਟਿਫ, ਅਜਨਬੀਕਰਨ, ਵਿਸਾਹ ਸਿਰਜਣਾ, ਰੂਪਕ, ਮਿਟਾਨਿਮੀ ਆਦਿ ਅਨੇਕਾਂ ਪ੍ਰਸ਼ਨ ਮੇਰੇ ਮਨ ਵਿਚ ਉਸਲਵੱਟੇ ਲੈ ਰਹੇ ਸਨ। ਉਨ੍ਹਾਂ ਨੇ ‘ਰੂਸੀ ਰੂਪਵਾਦ’ ਬਾਰੇ ਨਵਾਂ ਨਵਾਂ ਖੋਜ-ਪੱਤਰ ਲਿਖਿਆ ਸੀ, ਮੈਨੂੰ ਮਿਸਾਲਾਂ ਦੇ ਦੇ ਕੇ ਸਮਝਾਉਂਦੇ। ਡਾ. ਸਾਹਿਬ ਪੱਛਮੀ ਲਿਖਤਾਂ ਪੜ੍ਹ ਕੇ ਪੰਜਾਬੀ ਵਿਚ ਲਿਆਉਂਦੇ ਸਨ। ਉਨ੍ਹਾਂ ਦੀ ਸਮਝ ਏਨੀ ਡੂੰਘੀ ਸੀ ਕਿ ਉਹ ਅਨੁਵਾਦ ਨਹੀਂ ਸੀ ਕਰਦੇ, ਸਗੋਂ ਉਸ ਦਾ ਪੰਜਾਬੀਕਰਨ ਹੀ ਕਰ ਦਿੰਦੇ ਸਨ। ਉਸ ਵੇਲੇ ਮੇਰੇ ਪ੍ਰਸ਼ਨਾਂ ਦੇ ਸਿਰਫ ਉਹੀ ਜੁਆਬ ਦੇ ਸਕਦੇ ਸਨ ਤੇ ਉਨ੍ਹਾਂ ਨੇ ਮੈਨੂੰ ਇਕ ਸਿਖਾਂਦਰੂ ਵਾਂਗੂੰ ਸਹੀ ਰਸਤਾ ਦਰਸਾਇਆ ਅਤੇ ਮੈਂ ਆਪਣੀ ਮੰਜ਼ਿਲ ਵੱਲ ਸਿੱਧਾ ਤੁਰਨ ਲਗ ਪਿਆ।
1980-81 ਵਿਚ ਮੈਂ ਉਨ੍ਹਾਂ ਨੂੰ ਕਦੇ ਕਾਰਾਂ ‘ਤੇ ਉਡਾਰੀਆਂ ਮਾਰਦਿਆਂ ਨਹੀਂ ਸੀ ਵੇਖਿਆ। ਬਸ, ਰਿਕਸ਼ਾ, ਸਕੂਟਰ ‘ਤੇ ਬੈਠ ਕੇ ਵੀ ਉਹ ਕਦੇ ਝਿਜਕ ਮਹਿਸੂਸ ਨਹੀਂ ਸੀ ਕਰਦੇ। ਗਿਆਨ ਨੂੰ ਉਹ ਆਪਣੇ ਤਕ ਸੀਮਿਤ ਨਹੀਂ ਸੀ ਰੱਖਦੇ, ਅਕਸਰ ਨਵੇਂ ਪ੍ਰੋਫੈਸਰਾਂ ਨੂੰ ਕਿਹਾ ਕਰਦੇ ਸਨ, “ਮੈਨੂੰ ਮਿੱਧ ਕੇ ਅੱਗੇ ਚਲੇ ਜਾਓ, ਮੈਨੂੰ ਖੁਸ਼ੀ ਹੋਵੇਗੀ।”

ਮਈ 1982 ਵਿਚ ਮੈਂ ਪੀਐਚ.ਡੀ. ਦਾ ਸ਼ੋਧ-ਪ੍ਰਬੰਧ ਜਮਾਂ ਕਰਵਾ ਦਿੱਤਾ ਤੇ ਡਾ. ਜੇ. ਐਸ਼ ਗਰੇਵਾਲ ਵੱਲੋਂ ਲਿਖਵਾਏ ਜਾ ਰਹੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਬਤੌਰ ‘ਖੋਜ ਸਹਾਇਕ’ ਨਿਯੁਕਤ ਹੋ ਗਿਆ। ਇਤਿਹਾਸ ਤਾਂ ਉਹ ਕਦੇ ਵੀ ਨਾ ਲਿਖਿਆ ਗਿਆ, ਕਿਉਂਕਿ ਡਾ. ਗਰੇਵਾਲ ਦੀ ਮਿਆਦ ਤਾਂ ਤਿੰਨ ਸਾਲ ਸੀ, ਪਰ ਇਹ ਪ੍ਰੋਜੈਕਟ ਨੌਂ ਸਾਲ ਦਾ ਸੀ। ਵਿਭਾਗੀ ਅਧਿਆਪਕਾਂ ਦੀ ਖੁੰਦਕ ਕਰ ਕੇ ਮੈਨੂੰ 31 ਮਾਰਚ 1983 ਨੂੰ ਸੇਵਾ-ਮੁਕਤ ਕਰ ਦਿੱਤਾ ਗਿਆ। ਮੈਂ ਯੂਨੀਵਰਸਿਟੀ ਦੀ ਰਾਜਨੀਤੀ ਤੋਂ ਨਿਰਾਸ਼ ਹੋ ਕੇ ਆਪਣਾ ਸਾਜ਼ੋ-ਸਮਾਨ ਲੈ ਕੇ ਪਿੰਡ ਪਲਾਸੌਰ (ਤਰਨ ਤਾਰਨ) ਵਿਖੇ ਚਲਾ ਗਿਆ। ਮੇਰੀ ਗੈਰ ਹਾਜ਼ਰੀ ਵਿਚ ਇਕ ਦਿਨ ਡਾ. ਸਾਹਿਬ ਯੂਨੀਵਰਸਿਟੀ ਵਿਖੇ ਆਏ ਤੇ ਮੇਰੇ ਬਾਰੇ ਡਾ. ਸਤਿੰਦਰ ਸਿੰਘ ਪਾਸੋਂ ਪੁੱਛ-ਪੜਤਾਲ ਕੀਤੀ। ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਰੁਜ਼ਗਾਰਹੀਣ ਹੋ ਕੇ ਘਰ ਬੈਠਾ ਹਾਂ। ਕੁਝ ਦਿਨ ਬਾਅਦ ਮੈਨੂੰ ਵੀ ਇਸ ਦੀ ਖਬਰ ਮਿਲ ਗਈ। ਮੇਰੇ ਬਾਰੇ, ਉਨ੍ਹਾਂ ਦਾ ਚਿੰਤਤ ਹੋਣਾ ਮੈਨੂੰ ਚੰਗਾ ਲੱਗਾ। ਉਨ੍ਹੀਂ ਦਿਨੀਂ ਵਿਚ ਨੌਕਰੀ ਮਿਲਣੀ ਬਹੁਤ ਹੀ ਕਠਿਨ ਕਾਰਜ ਸੀ।
ਕੁਝ ਦਿਨ ਪਿਛੋਂ ਡੀ. ਏ. ਵੀ. ਚੰਡੀਗੜ੍ਹ ਵਿਖੇ ਲੈਕਚਰਾਰ ਦੀ ਆਸਾਮੀ ਨਿਕਲੀ ਤਾਂ ਮੈਂ ਬਿਨਾ ਕਿਸੇ ਨੂੰ ਦੱਸੇ ਅਪਲਾਈ ਕਰ ਦਿੱਤਾ। ਅੰਮ੍ਰਿਤਸਰ ਤੋਂ ਮੇਰਾ ਮਨ ਉਪਰਾਮ ਹੋ ਚੁਕਾ ਸੀ। ਜੂਨ 1983 ਦੇ ਪਹਿਲੇ ਹਫਤੇ ਡੀ. ਏ. ਵੀ. ਕਾਲਜ, ਚੰਡੀਗੜ੍ਹ ਲਈ ਦਿੱਲੀ ਵਿਖੇ ਇੰਟਰਵਿਊ ਆ ਗਈ। ਮੈਂ ਆਪਣਾ ਗੋਲਡ ਮੈਡਲ, ਸਰਟੀਫਿਕੇਟ ਤੇ ਖੋਜ-ਪੱਤਰ ਲੈ ਕੇ ਡੀ. ਏ. ਵੀ. ਮੈਨੇਜਮੈਂਟ ਦਿੱਲੀ ਦੇ ਦਫਤਰ ਵਿਚ ਮਿਥੇ ਸਮੇਂ ‘ਤੇ ਪੁੱਜ ਗਿਆ। ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਜਦੋਂ ਮੈਂ ਦੇਖਿਆ ਕਿ ਡਾ. ਹਰਿਭਜਨ ਸਿੰਘ ਪ੍ਰਧਾਨ ਦੇ ਕਮਰੇ ਵਿਚ ਦਾਖਲ ਹੋ ਰਹੇ ਹਨ। ਉਨ੍ਹਾਂ ਨਾਲ ਪ੍ਰੋ. ਵਿਸ਼ਵਾ ਨਾਥ ਤਿਵਾੜੀ ਅਤੇ ਪ੍ਰੋ. ਗੋਸਲ ਵੀ ਹਾਜ਼ਰ ਸਨ। ਦੋਵੇਂ ਪੰਜਾਬ ਯੂਨੀਵਰਸਿਟੀ ਦੀਆਂ ਨਾਮਵਰ ਹਸਤੀਆਂ ਸਨ। ਇਨ੍ਹਾਂ ਬਾਬਤ ਮੈਨੂੰ ਦੇਵਿੰਦਰ ਜੌਹਲ ਨੇ ਦੱਸਿਆ, ਜੋ ਮੇਰੇ ਨਾਲ ਹੀ ਇੰਟਰਵਿਊ ਦੇ ਰਿਹਾ ਸੀ। ਮੈਂ ਇਨ੍ਹਾਂ ਦੋਵਾਂ ਸੱਜਣਾਂ ਨੂੰ ਕਦੇ ਨਹੀਂ ਸਾਂ ਮਿਲਿਆ। ਮੈਂ ਇਕੱਲਾ ਹੀ ਪੀਐਚ.ਡੀ. ਸਾਂ, ਬਾਕੀ ਦੇ ਸਾਰੇ ਉਮੀਦਵਾਰ ਐਮ.ਫਿਲ਼ ਹੀ ਸਨ। ਜੌਹਲ ਨੇ ਸਾਰਾ ਮਾਹੌਲ ਦੇਖ ਕੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਅੱਜ ਤੈਨੂੰ ਨੌਕਰੀ ਮਿਲ ਜਾਣੀ ਹੈ। ਮੈਂ ਵੀ ਵਿਚੇ ਵਿਚ ਆਸਵੰਦ ਸਾਂ, ਪਰ ਜਿੰਨਾ ਚਿਰ ਨੌਕਰੀ ਮਿਲ ਨਾ ਜਾਏ, ਤਦ ਤਕ ਭਰੋਸਾ ਨਹੀਂ ਹੁੰਦਾ। ਪ੍ਰੋ. ਤਿਵਾੜੀ ਦਾ ਇਕ ਚਹੇਤਾ ਵੀ ਸੀ, ਜਿਸ ਨੂੰ ਉਹ ਨੌਕਰੀ ਦਿਵਾਉਣਾ ਚਾਹੁੰਦੇ ਸਨ, ਉਹ ਐਮ. ਏ. ਪਾਸ ਹੀ ਸੀ। ਮੈਨੂੰ ਇਸ ਗੱਲ ਦਾ ਵੀ ਵਿਸ਼ਵਾਸ ਸੀ ਕਿ ਜਿਸ ਸਭਾ-ਸੁਸਾਇਟੀ ਵਿਚ ਡਾ. ਹਰਿਭਜਨ ਸਿੰਘ ਸ਼ੁਮਾਰ ਹੋਣ, ਉਸ ਸਭਾ ਵਿਚ ਫੈਸਲਾ ਉਹੀ ਹੁੰਦਾ ਹੈ, ਜੋ ਡਾ. ਸਾਹਿਬ ਚਾਹੁਣ ਪਰ ਅੱਜ ਵਿਸ਼ਵਾ ਨਾਥ ਤਿਵਾੜੀ ਨਾਲ ਪੇਚਾ ਸੀ, ਜਿਸ ਬਾਰੇ ਭੂਸ਼ਨ ਨੇ ਕਦੇ ਕਿਹਾ ਸੀ, ‘ਵਿਸ਼ਵਾ ਨਾਥ ਤਿਵਾੜੀ, ਖੇਲ ਤੇ ਖਿਲਾੜੀ।’ ਇਸ ਲਈ ਮੈਂ ਡਰਿਆ ਹੋਇਆ ਵੀ ਸਾਂ ਕਿ ਕਿਤੇ ਪ੍ਰੋ. ਤਿਵਾੜੀ ਅੱਜ ਮੇਰੇ ਰੁਜ਼ਗਾਰ ‘ਤੇ ਲੱਤ ਨਾ ਮਾਰ ਜਾਣ।
ਖੈਰ! ਸਵੇਰੇ ਦਸ ਵਜੇ ਇੰਟਰਵਿਊ ਸ਼ੁਰੂ ਹੋਈ ਤੇ ਮੇਰੀ ਵਾਰੀ ਆਉਣ ‘ਤੇ ਮੈਨੂੰ ਅੰਦਰ ਬੁਲਾਇਆ ਗਿਆ। ਡਾ. ਹਰਿਭਜਨ ਸਿੰਘ ਨੇ ਮੋਹਰੀ ਵਾਂਗ ਕਮੇਟੀ ਦੀ ਵਾਗਡੋਰ ਸੰਭਾਲੀ ਹੋਈ ਸੀ। ਉਨ੍ਹਾਂ ਮੇਰਾ ਗੋਲਡ ਮੈਡਲ ਅਤੇ ਬਾਕੀ ਦੀਆਂ ਸਾਰੀਆਂ ਡਿਗਰੀਆਂ ਇਕ ਇਕ ਕਰ ਕੇ ਗਿਣਵਾ ਦਿੱਤੀਆਂ। ਫਿਰ ਰੂਪਵਾਦ, ਸ਼ਿਵ ਕੁਮਾਰ ਤੇ ਡਾ. ਨੇਕੀ ਦੀ ਕਵਿਤਾ ਬਾਰੇ ਸੰਖੇਪ ਗੱਲਬਾਤ ਕੀਤੀ। ਮੈਂ ਆਪਣੀ ਸਮਰੱਥਾ ਮੁਤਾਬਿਕ ਪ੍ਰਸ਼ਨਾਂ ਦੇ ਜੁਆਬ ਦਿੱਤੇ। ਸਾਰਾ ਕੁਝ ਸਹੀ ਚਲਦਾ ਦੇਖ ਕੇ ਪ੍ਰੋ. ਤਿਵਾੜੀ ਨੂੰ ਲੱਗਾ ਕਿ ਇਹ ਮੁੰਡਾ ਤਾਂ ਸਿਲੈਕਟ ਹੋ ਚੱਲਿਆ। ਉਸ ਨੇ ਬੜੀ ਹੀ ਫੁਰਤੀ ਨਾਲ ਮੈਨੂੰ ਸੁਆਲ ਪੁੱਛਿਆ, “ਕਾਕਾ! ਤੂੰ ਤਾਂ ਬਹੁਤ ਪੜ੍ਹਿਆ ਲਿਖਿਆ ਏਂ। ਏਨੀਆਂ ਵੱਡੀਆਂ ਵੱਡੀਆਂ ਡਿਗਰੀਆਂ ਲਈ ਫਿਰਦਾ ਏਂ, ਤੂੰ ਤਾਂ ਜਲਦੀ ਹੀ ਕਿਸੇ ਯੂਨੀਵਰਸਿਟੀ ਵਿਚ ਚਲੇ ਜਾਵੇਂਗਾ, ਕਾਲਜ ਵਿਚ ਸਾਡੀਆਂ ਕਲਾਸਾਂ ਤਾਂ ਰੁਲਦੀਆਂ ਹੀ ਰਹਿਣਗੀਆਂ।”
ਇਹ ਸ਼ਬਦ ਪ੍ਰੋ. ਤਿਵਾੜੀ ਨੇ ਪ੍ਰਿੰਸੀਪਲ ਆਰੀਆ ਦੀ ਹਾਜ਼ਰੀ ਵਿਚ ਕਹੇ, ਜਿਵੇਂ ਉਹ ਖੁਦ ਹੀ ਕਾਲਜ ਦੇ ਪ੍ਰਿੰਸੀਪਲ ਹੋਣ। ਇਹ ਸੁਆਲ ਨਹੀਂ ਸੀ, ਭੱਥੇ ਵਿਚੋਂ ਕੱਢਿਆ ਹੋਇਆ ਕੋਈ ਬਾਣ ਸੀ ਜੋ ਇਕ ਦਮ ਮੇਰੇ ਕਲੇਜੇ ਵਿਚ ਲੱਗਾ। ਮੈਂ ਬੇਰੁਜ਼ਗਾਰ ਸੀ ਤੇ ਏਨਾ ਵੱਡਾ ਬਾਇਓ-ਡਾਟਾ ਲੈ ਕੇ ਵਿਹਲਾ ਫਿਰ ਰਿਹਾ ਸਾਂ। ਅੱਜ ਮੇਰੀ ਕਿਸਮਤ ਦਾ ਫੈਸਲਾ ਹੋ ਰਿਹਾ ਸੀ। ਅੰਦਰ ਹੋ ਰਹੇ ਨਾਟਕ ਦੇ ਡਾਇਰੈਕਟਰ ਤਾਂ ਡਾ. ਹਰਿਭਜਨ ਸਿੰਘ ਸਨ ਪਰ ਪ੍ਰੋ. ਤਿਵਾੜੀ ਆਪਣਾ ਰੋਲ ਬਾਖੂਬੀ ਨਿਭਾ ਰਿਹਾ ਸੀ। ਬਾਕੀ ਹਾਜ਼ਰੀਨ ਤਾਂ ਸਾਰੇ ਦਰਸ਼ਕ ਹੀ ਸਨ। ਪ੍ਰੋ. ਹਰਿਭਜਨ ਸਿੰਘ ਦੀ ਹਾਜ਼ਰੀ ਕਰ ਕੇ ਮੇਰੇ ਅੰਦਰ ਵੀ ਜੋਸ਼ ਆ ਗਿਆ। ਮੈਂ ਕਿਹਾ, ‘ਤੁਸੀਂ ਮੈਨੂੰ ਨੌਕਰੀ ਦਿਓ, ਮੈਂ ਕਾਲਜ ਵਿਚ ਸ਼ਹੀਦ ਹੋਵਾਂਗਾ।’
ਮੇਰੀ ਇਹ ਗੱਲ ਸੁਣਦਿਆਂ ਹੀ ਸਾਰਿਆਂ ਨੇ ਇਕ ਆਵਾਜ਼ ਵਿਚ ਕਿਹਾ ਕਿ ਇਸ ਬੱਚੇ ਨੂੰ ਨੌਕਰੀ ਦਿਓ। ਹੁਣ ਪ੍ਰੋ. ਤਿਵਾੜੀ ਪਾਸ ਮੇਰੇ ਲਈ ਕੋਈ ਕਿੰਤੂ-ਪ੍ਰੰਤੂ ਨਹੀਂ ਸੀ ਬਚਿਆ। ਮੇਰੀ ਚੋਣ ਹੋ ਗਈ। ਮੈਂ ਜੇਤੂ ਹੋ ਕੇ ਨਿਕਲਿਆ। ਇਹ ਜਿੱਤ ਮੇਰੀ ਨਹੀਂ ਸੀ, ਡਾ. ਹਰਿਭਜਨ ਸਿੰਘ ਦੀ ਸੀ, ਜਿਨ੍ਹਾਂ ਮੇਰੀ ਅਕਾਦਮਿਕਤਾ ਨੂੰ ਮਾਨਤਾ ਦਿਵਾਈ। ਦੂਜੇ-ਚੌਥੇ ਦਿਨ ਪ੍ਰੋ. ਨਾਹਰ ਸਿੰਘ (ਜੋ ਕਾਲਜ ਵਿਚ ਵਿਭਾਗ ਦਾ ਮੁਖੀ ਸੀ) ਦਾ ਫੋਨ ਆ ਗਿਆ, “ਪਿੰਡ ਕੀ ਕਰਦਾ, ਆ ਕੇ ਜੁਆਇਨ ਕਰ।” ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਚੰਡੀਗੜ੍ਹ ਦਾ ਹੋ ਗਿਆ।
ਜੁਆਇਨਿੰਗ ਪਿਛੋਂ ਮੈਂ ਪਹਿਲੀ ਵਾਰ ਪ੍ਰਿੰਸੀਪਲ ਕੇ. ਐਸ਼ ਆਰੀਆ ਦੇ ਦਫਤਰ ਵਿਚ ਉਨ੍ਹਾਂ ਨੂੰ ਮਿਲਣ ਗਿਆ। ਮੈਨੂੰ ਚਾਹ ਦਾ ਕੱਪ ਪਿਲਾਉਂਦਿਆਂ ਕਹਿਣ ਲੱਗੇ, “ਵੋਹ ਜਿਸ ਸ਼ਖਸ ਨੇ ਆਪ ਕੀ ਸਿਲੇਕਸ਼ਨ ਕੀ ਹੈ, ਵੋਹ ਦਰਵੇਸ਼ ਆਦਮੀ ਹੈ। ਉਨਕੋ ਕਾਲਜ ਮੇਂ ਬੁਲਾਓ। ਨਯੇ ਬੱਚੋਂ ਕੋ ਆਸ਼ੀਰਵਾਦ ਦਿਲਾਨਾ ਹੈ।” ਮੈਂ ਹੈਰਾਨ ਸੀ, ਪ੍ਰਿੰਸੀਪਲ ਆਰੀਆ ਨੂੰ ਉਨ੍ਹਾਂ ਬਾਰੇ ਕਿਵੇਂ ਪਤਾ ਹੈ? ਮੈਨੂੰ ਲੱਗਾ, ਸਿਆਣੇ ਬੰਦੇ ਝੱਟ ਪੱਟ ਵਿਚ ਹੀ ਜ਼ਿੰਦਗੀ ਦੀਆਂ ਰਮਜ਼ਾਂ ਸਮਝ ਜਾਂਦੇ ਹਨ। ਉਹ ਰਮਜ਼ ਇੰਟਰਵਿਊ ਦੀ ਸੀ।
ਕੁਝ ਦਿਨ ਬਾਅਦ ਕਾਲਜ ਵਿਚ ਮੈਂ ਸਾਹਿਤਕ ਪ੍ਰੋਗਰਾਮ ਉਲੀਕਿਆ। ਡਾ. ਸਾਹਿਬ ਨੇ ਆਪਣੇ ਗਿਆਨ ਨਾਲ ਸਭ ਨੂੰ ਸਰਸ਼ਾਰ ਕੀਤਾ। ਪ੍ਰੋਗਰਾਮ ਨੇ ਕਾਲਜ ਵਿਚ ਆਪਣੀ ਅਮਿੱਟ ਯਾਦ ਛੱਡੀ। ਡਾ. ਕੇਸਰ ਸਿੰਘ ਕੇਸਰ ਵੀ ਉਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ। ਵਿਦਿਆਰਥੀਆਂ ਨੂੰ ਬੇਮਿਸਾਲ ਉਤਸ਼ਾਹ ਮਿਲਿਆ। ਮੇਰੇ ਵਿਦਿਆਰਥੀ ਗੁਰਭੇਜ ਸਿੰਘ ਗੁਰਾਇਆ, ਡਾ. ਭੀਮਇੰਦਰ ਸਿੰਘ, ਕਪਿਲ ਦੇਵ, ਬਲਦੇਵ ਨਾਰੰਗ ਆਦਿ ਡਾ. ਸਾਹਿਬ ਦੀ ਸਾਦ-ਮੁਰਾਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸਾਧਨਾ ਵਿਚ ਜੁਟੇ ਰਹੇ। ਉਚੇ ਅਹੁਦਿਆਂ ‘ਤੇ ਪਹੁੰਚੇ ਅਤੇ ਹੁਣ ਮਾਣ-ਮੱਤੀਆਂ ਪ੍ਰਾਪਤੀਆਂ ਕਰ ਰਹੇ ਹਨ।
(ਬਾਕੀ ਅਗਲੇ ਅੰਕ ਵਿਚ)