ਔਖੇ ਹਾਲਾਤ ਭਾਰਤ ਦੇ, ਪਰ ਸੰਭਾਲਣ ਵਾਲੀ ਨੀਤੀ ਕੋਈ ਨਹੀਂ

-ਜਤਿੰਦਰ ਪਨੂੰ
ਇਸ ਸਾਲ ਦੇ ਮਾਰਚ ਦੇ ਤੀਜੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਹਫਤਿਆਂ ਦੇ ਲੌਕਡਾਊਨ ਦਾ ਐਲਾਨ ਕਰਨ ਵੇਲੇ ਕਿਹਾ ਸੀ ਕਿ ਮਹਾਂਭਾਰਤ ਦੀ ਜੰਗ ਅਠਾਰਾਂ ਦਿਨਾਂ ਵਿਚ ਜਿੱਤੀ ਗਈ ਸੀ, ਮੈਂ ਤੁਹਾਡੇ ਤਿੰਨ ਹਫਤੇ ਮੰਗ ਰਿਹਾ ਹਾਂ, ਇਨ੍ਹਾਂ ਤਿੰਨ ਹਫਤਿਆਂ ਵਿਚ ਅਸੀਂ ਇਹ ਜੰਗ ਜਿੱਤਣੀ ਹੈ। ਲੋਕਾਂ ਨੇ ਹੁੰਗਾਰਾ ਭਰਿਆ ਸੀ। ਫਿਰ ਉਨ੍ਹਾਂ ਇੱਕ ਦਿਨ ਤਾੜੀਆਂ ਵਜਾਉਣ ਤੇ ਥਾਲੀਆਂ ਖੜਕਾਉਣ ਨੂੰ ਕਿਹਾ ਤਾਂ ਲੋਕਾਂ ਨੇ ਖੜਕਾ ਦਿੱਤੀਆਂ ਅਤੇ ਭਾਜਪਾ ਦੇ ਹੱਦੋਂ ਬਾਹਰੇ ਉਤਸ਼ਾਹੀ ਲੋਕ, ਕੁਝ ਅਫਸਰ ਲੋਕ ਵੀ, ਸੜਕਾਂ ਉਤੇ ਬਿਗਲ ਤੇ ਵਾਜੇ ਵਜਾਉਂਦੇ ਨਿਕਲ ਪਏ ਸਨ।

ਪ੍ਰਧਾਨ ਮੰਤਰੀ ਨੇ ਜਦੋਂ ਕਿਹਾ ਕਿ ਮੋਮਬੱਤੀਆਂ ਜਗਾਇਓ ਤਾਂ ਸਾਡੇ ਵਰਗੇ ਲੋਕਾਂ ਨੇ ਵੀ ਇਹ ਸੋਚ ਕੇ ਜਗਾ ਦਿੱਤੀਆਂ ਸਨ ਕਿ ਸਾਨੂੰ ਕੋਈ ਇਹ ਨਾ ਕਹੇ ਕਿ ਇਹ ਦੇਸ਼ ਦੀ ਸੁੱਖ ਨਹੀਂ ਮੰਗਦੇ। ਫਿਰ ਵੀ ਜੰਗ ਜਿੱਤੀ ਨਹੀਂ ਗਈ। ਤਿੰਨ ਤਾਂ ਕਿਧਰੇ ਗਏ, ਮਹਾਂਭਾਰਤ ਦੇ ਅਠਾਰਾਂ ਦਿਨਾਂ ਦੇ ਮੁਕਾਬਲੇ ਅਠਾਰਾਂ ਹਫਤੇ ਲੰਘਣ ਪਿਛੋਂ ਵੀ ਜੰਗ ਜਿੱਤ ਸਕਣ ਦੀ ਥਾਂ ਔਕੜ ਵਧ ਗਈ ਹੈ। ਉਦੋਂ ਕਿਸੇ ਰਾਜ ਵਿਚ ਇੱਕ-ਦੋ ਕੇਸ ਵਧਦੇ ਸਨ ਤਾਂ ਰੌਲਾ ਪੈਂਦਾ ਸੀ। ਜੁਲਾਈ ਖਤਮ ਹੋਈ ਤਾਂ ਰੋਜ਼ ਦੇ ਪੰਜਾਹ-ਪਚਵੰਜਾ ਹਜ਼ਾਰ ਕੇਸ ਮਿਲਣ ਲੱਗ ਪਏ ਅਤੇ ਰੋਜ਼ ਦੀਆਂ ਸਾਢੇ ਸੱਤ ਸੌ ਤੋਂ ਵੱਧ ਮੌਤਾਂ ਦੀਆਂ ਖਬਰਾਂ ਸੁਣਨ ਲੱਗ ਪਈਆਂ ਹਨ। ਭਾਰਤ ਕੇਸਾਂ ਦੇ ਪੱਖੋਂ ਤਾਂ ਦੋ ਹਫਤੇ ਪਹਿਲਾਂ ਹੀ ਦੁਨੀਆਂ ਭਰ ਵਿਚ ਤੀਜੇ ਨੰਬਰ ਉਤੇ ਆ ਗਿਆ ਸੀ, ਫਿਰ ਮੌਤਾਂ ਦੇ ਪੱਖੋਂ ਵੀ ਪੰਜਵੇਂ ਥਾਂ ਲਿਖਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਅਜੇ ਵੀ ਕੋਰੋਨਾ ਵਾਇਰਸ ਖਿਲਾਫ ਲੜਾਈ ਵਿਚ ਕਿਸੇ ਕਿਸਮ ਦੀ ਕੋਈ ਕਮਜ਼ੋਰੀ ਮਹਿਸੂਸ ਨਹੀਂ ਕਰਦੇ, ਸਗੋਂ ਪਹਿਲੇ ਕੀਤੇ ਦਾਅਵਿਆਂ ਨੂੰ ਚੇਤੇ ਕਰਨ ਦੀ ਥਾਂ ਨਵੇਂ ਭਾਸ਼ਣਾਂ ਲਈ ਸ਼ਬਦਾਵਲੀ ਦੀ ਚੋਣ ਕਰਨ ਲੱਗੇ ਰਹਿੰਦੇ ਹਨ।
ਜਦੋਂ ਸਥਿਤੀ ਏਨੀ ਗੰਭੀਰ ਹੋਈ ਪਈ ਹੈ, ਦੇਸ਼ ਦੇ ਹਰ ਰਾਜ ਵਿਚ ਇਸ ਨਾਲ ਲੜਨ ਲਈ ਪੈਸੇ ਦੀ ਕਮੀ ਦਾ ਰੌਲਾ ਪੈ ਰਿਹਾ ਹੈ। ਸਰਕਾਰ ਭਾਜਪਾ ਦੀ ਜਾਂ ਉਸ ਦੇ ਕਿਸੇ ਸਹਿਯੋਗੀ ਦੀ ਹੋਵੇ ਤਾਂ ਕਾਂਗਰਸੀ ਉਸ ਨੂੰ ਠਿੱਠ ਕਰਨ ਦੇ ਲਈ ਬਾਜ਼ਾਰਾਂ ਵਿਚ ਨਿਕਲਦੇ ਤੇ ਬਿਆਨਬਾਜ਼ੀ ਕਰਦੇ ਹਨ ਅਤੇ ਜਿੱਥੇ ਕਾਂਗਰਸ ਦੀ ਹੋਵੇ, ਉਥੇ ਭਾਜਪਾ ਤੇ ਇਸ ਦੇ ਸਹਿਯੋਗੀ ਦਲਾਂ ਵਾਲੇ ਇਹੋ ਕੁਝ ਕਰਦੇ ਹਨ। ਰਾਜਾਂ ਕੋਲ ਇਸ ਵੇਲੇ ਕਿਸੇ ਵੀ ਥਾਂ ਲੋੜ ਜੋਗੇ ਪੈਸੇ ਨਹੀਂ। ਅਸੀਂ ਜਿਸ ਯੁੱਗ ਵਿਚ ਪਲੇ ਸਾਂ, ਉਦੋਂ ਬਜੁਰਗ ਕਿਹਾ ਕਰਦੇ ਸਨ ਕਿ ਇਹ ਨਹੀਂ ਵੇਖੀਦਾ ਕਿ ਵਕਤ ਕਿੰਨਾ ਔਖਾ ਆ ਗਿਆ ਹੈ, ਸਗੋਂ ਇਹ ਸੋਚੀਦਾ ਹੈ ਕਿ ਇਸ ਤੋਂ ਵੀ ਬੁਰਾ ਆ ਸਕਦਾ ਹੈ। ਇਸ ਲਈ ਔਖੇ ਸਮੇਂ ਵੀ ਕੁਝ ਨਾ ਕੁਝ ਬਚਾ ਕੇ ਰੱਖਣਾ ਚਾਹੀਦਾ ਹੈ, ਪਤਾ ਨਹੀਂ ਕਦੋਂ ਲੋੜ ਪੈ ਜਾਵੇ! ਇਹ ਗੱਲ ਅੱਜ ਸੱਚੀ ਸਾਬਤ ਹੋ ਰਹੀ ਹੈ। ਭਾਰਤ ਦੇ ਲਗਭਗ ਹਰ ਰਾਜ ਦੀ ਸਰਕਾਰ ਦਾ ਬਜਟ ਹਰ ਸਾਲ ਘਾਟੇ ਵਾਲਾ ਪੇਸ਼ ਹੁੰਦਾ ਹੈ। ਲੋਕ ਟੈਕਸ ਦਿੰਦੇ ਹਨ, ਪਰ ਉਸ ਵਿਚੋਂ ਕਦੇ ਕੁਝ ਵੀ ਬਚਦਾ ਨਹੀਂ, ਉਲਟਾ ਅਗਲੇ ਸਾਲ ਬਜਟ ਘਾਟਾ ਹੋਰ ਵਧ ਜਾਂਦਾ ਹੈ। ਰਾਜ ਕਰਨ ਵਾਲਿਆਂ ਨੂੰ ਸਥਿਤੀ ਦੇ ਮੁਕਾਬਲੇ ਲਈ ਕੋਈ ਰਾਹ ਲੱਭੇ ਜਾਂ ਨਾ, ਆਪੋ-ਆਪਣੀ ਲੋੜ ਪੂਰੀ ਕਰੀ ਜਾਂਦੇ ਹਨ। ਹਰ ਰਾਜ ਵਿਚ ਇਹੋ ਹੁੰਦਾ ਹੈ।
ਆਮ ਕਹਾਵਤ ਹੈ ਕਿ ‘ਜਿਹੋ ਜਿਹੀ ਕੋਕੋ, ਉਹੋ ਜਿਹੇ ਬੱਚੇ।’ ਆਮਦਨ ਤੇ ਖਰਚ ਦੇ ਮਾਮਲੇ ਵਿਚ ਭਾਰਤ ਦੇ ਕੇਂਦਰੀ ਹਾਕਮ ਅਤੇ ਰਾਜਾਂ ਵਾਲੇ ਇਸ ਕਹਾਵਤ ਦਾ ਨਮੂਨਾ ਬਣੇ ਜਾਪਦੇ ਹਨ। ਰਾਜਾਂ ਕੋਲ ਇਸ ਵੇਲੇ ਖਰਚਣ ਵਾਸਤੇ ਪੈਸੇ ਨਹੀਂ ਤੇ ਉਹ ਠੀਕ ਕਹਿੰਦੇ ਹਨ ਕਿ ਕਾਰੋਬਾਰ ਬੰਦ ਹੋਣ ਕਾਰਨ ਟੈਕਸਾਂ ਦੀ ਉਗਰਾਹੀ ਡੁੱਬ ਗਈ ਹੈ ਤੇ ਕੇਂਦਰ ਸਰਕਾਰ ਵੀ ਉਨ੍ਹਾਂ ਦੇ ਹਿੱਸੇ ਦੇ ਕੇਂਦਰ ਵੱਲੋਂ ਉਗਰਾਹੇ ਜਾਂਦੇ ਜੀ. ਐਸ਼ ਟੀ. ਵਿਚ ਬਣਦਾ ਹਿੱਸਾ ਦੇਣ ਤੋਂ ਪਾਸਾ ਵੱਟੀ ਜਾ ਰਹੀ ਹੈ। ਕੇਂਦਰ ਸਰਕਾਰ ਕੋਲ ਰਿਜ਼ਰਵ ਬੈਂਕ ਹੈ, ਫਿਰ ਵੀ ਉਸ ਦਾ ਹੱਥ ਤੰਗ ਹੈ। ਕਾਰਨ ਸਿਰਫ ਇਹ ਹੈ ਕਿ ਜਦੋਂ ਰਿਜ਼ਰਵ ਬੈਂਕ ਦਾ ਖਜਾਨਾ ਭਰਨ ਦੀ ਲੋੜ ਸੀ, ਉਂਜ ਮੋਦੀ ਸਰਕਾਰ ਨੂੰ ਮਿਲਿਆ ਵੀ ਭਰਿਆ ਸੀ, ਇਸ ਪਾਸੇ ਧਿਆਨ ਦੇਣ ਦੀ ਥਾਂ ਉਦੋਂ ਸਰਕਾਰ ਵੋਟਾਂ ਲਈ ਅੱਖ ਰੱਖ ਕੇ ਨੋਟਾਂ ਦੀ ਸੋਟ ਕਰਨ ਰੁੱਝੀ ਰਹੀ ਸੀ। ਪਿਛਲੇ ਸਾਲ ਲੋਕ ਸਭਾ ਚੋਣਾਂ ਹੋਣ ਤੋਂ ਪਹਿਲਾਂ ਰਿਜ਼ਰਵ ਬੈਂਕ ਤੋਂ ਇਸੇ ਲਈ ਪੰਜਾਹ ਹਜ਼ਾਰ ਕਰੋੜ ਰੁਪਏ ਮੰਗੇ ਗਏ ਸਨ ਅਤੇ ਰੌਲਾ ਪੈ ਜਾਣ ਕਾਰਨ ਭਾਵੇਂ ਰਿਜ਼ਰਵ ਬੈਂਕ ਤੋਂ ਇਹ ਲੈਣੇ ਰੋਕ ਦਿੱਤੇ ਸਨ, ਚੋਣਾਂ ਜਿੱਤਦੇ ਸਾਰ ਸਰਕਾਰ ਨੇ ਫਿਰ ਮੰਗ ਕੇ ਮਰਜ਼ੀ ਦੇ ਕੰਮਾਂ ਵਿਚ ਖਰਚ ਦਿੱਤੇ ਸਨ। ਉਦੋਂ ਕਿਸੇ ਨੂੰ ਇਹ ਖਿਆਲ ਤੱਕ ਨਹੀਂ ਸੀ ਕਿ ਕੋਈ ਕਰੋਨਾ ਵਾਇਰਸ ਅਗਲੇ ਦਿਨੀਂ ਹਮਲਾ ਕਰਨ ਲਈ ਘਾਤ ਲਾਈ ਬੈਠਾ ਹੈ। ਜਦੋਂ ਉਸ ਨੇ ਝਪੱਟਾ ਮਾਰਿਆ ਤਾਂ ਵੱਡੇ-ਵੱਡੇ ਅਮੀਰ ਸਮਝੇ ਜਾਂਦੇ ਦੇਸ਼ ਵੀ ਉਸ ਦੀ ਮਾਰ ਨਾਲ ਹਿੱਲ ਗਏ ਸਨ। ਭਾਰਤ ਤਾਂ ਪਹਿਲਾਂ ਹੀ ਆਰਥਕ ਗੜਬੜ ਦਾ ਸ਼ਿਕਾਰ ਸੀ। ਇਸ ਕਰ ਕੇ ਇਸ ਦੀ ਆਰਥਕਤਾ ਇਸ ਅਣਕਿਆਸੀ ਕੁਦਰਤੀ ਹਨੇਰੀ ਅੱਗੇ ਝੂਲਣ ਲੱਗ ਪਈ ਅਤੇ ਘਰਾਂ ਵਿਚ ਲੌਕਡਾਊਨ ਦੇ ਕਾਰਨ ਖਾਲੀ ਬੈਠੇ ਲੋਕਾਂ ਲਈ ਦਿੱਤੇ ਗਏ ਪੈਕੇਜ ਇਸ ਨੂੰ ਹੋਰ ਖੋਖਲਾ ਕਰੀ ਜਾ ਰਹੇ ਹਨ।
ਪਿਛਲੇ ਸਾਲ ਦੇ ਅਖੀਰ ਵਿਚ ਭਾਰਤ ਸਰਕਾਰ ਨੇ ਮਨ ਬਣਾਇਆ ਸੀ ਕਿ ਏਅਰ ਇੰਡੀਆ ਅਤੇ ਕੁਝ ਹੋਰ ਵੱਡੇ ਕੇਂਦਰ ਸਰਕਾਰ ਦੇ ਅਦਾਰੇ ਵੇਚ ਕੇ ਇਨ੍ਹਾਂ ਵਿਚੋਂ ਇੱਕ ਲੱਖ ਕਰੋੜ ਰੁਪਏ ਦੀ ਕਮਾਈ ਕਰਨੀ ਹੈ। ਕਰੋਨਾ ਦੇ ਆਉਣ ਨਾਲ ਉਨ੍ਹਾਂ ਦੀ ਸੇਲ ਰੋਕਣੀ ਪੈ ਗਈ। ਇਸ ਮਗਰੋਂ ਕੁਝ ਰਾਹ ਸੋਚਣ ਦੀ ਲੋੜ ਸੀ। ਇਸ ਦੀ ਥਾਂ ਕੇਂਦਰ ਸਰਕਾਰ ਨੇ ਫਿਰ ਇਹ ਕਹਿ ਦਿੱਤਾ ਕਿ ਤੇਈ ਹੋਰ ਸਰਕਾਰੀ ਅਦਾਰਿਆਂ ਤੋਂ ਆਪਣੇ ਹਿੱਸੇ ਕੱਢ ਕੇ ਉਹ ਵੀ ਵੱਡੇ ਪੂੰਜੀਪਤੀਆਂ ਦੀ ਝੋਲੀ ਪਾ ਦੇਣੇ ਹਨ। ਇਨ੍ਹਾਂ ਵਿਚ ਪੰਜ ਬੈਂਕ ਵੀ ਹਨ। ਜਿਹੜੇ ਬੈਂਕ ਸਰਕਾਰੀ ਹੱਥਾਂ ਵਿਚ ਅਜੇ ਤੱਕ ਚੰਗੇ ਚੱਲੀ ਜਾ ਰਹੇ ਹਨ ਅਤੇ ਇਨ੍ਹਾਂ ਵਿਚ ਜਮ੍ਹਾ ਹੋਇਆ ਲੋਕਾਂ ਦਾ ਪੈਸਾ ਸਰਕਾਰ ਦੀ ਯੋਜਨਾਬੰਦੀ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ, ਇਨ੍ਹਾਂ ਦੇ ਪ੍ਰਾਈਵੇਟ ਹੱਥਾਂ ਵਿਚ ਜਾਣ ਨਾਲ ਉਹ ਯੋਜਨਾਬੰਦੀ ਦੀ ਥਾਂ ਅਮੀਰਾਂ ਦੇ ਕਾਰੋਬਾਰ ਅਤੇ ਕਮਾਈ ਵਿਚ ਵਾਧਾ ਕਰਨ ਲਈ ਵਰਤਿਆ ਜਾਵੇਗਾ। ਅਜੇ ਤੱਕ ਇਸ ਗੱਲ ਦੀ ਚਰਚਾ ਸੁਣੀ ਜਾ ਰਹੀ ਸੀ ਕਿ ਵੱਡੇ ਘਰਾਣੇ ਸਰਕਾਰਾਂ ਨੂੰ ਮਰਜ਼ੀ ਨਾਲ ਚਲਾ ਰਹੇ ਹਨ, ਇਸ ਤਾਜ਼ਾ ਕਦਮ ਨਾਲ ਲੋਕਾਂ ਨੂੰ ਇਹ ਕੁਝ ਹੋ ਰਿਹਾ ਸਾਫ ਦਿਖਾਈ ਦੇ ਜਾਵੇਗਾ ਕਿ ਉਨ੍ਹਾਂ ਦਾ ਪੈਸਾ ਸਰਕਾਰ ਵੱਡੇ ਘਰਾਣਿਆਂ ਦੀਆਂ ਤਿਜੌਰੀਆਂ ਵਿਚ ਪਾਈ ਜਾ ਰਹੀ ਹੈ।
ਜਦੋਂ ਭਾਰਤ ਕਰੋਨਾ ਵਾਇਰਸ ਨਾਲ ਮੱਥਾ ਲਾਈ ਬੈਠਾ ਹੈ, ਭਾਵੇਂ ਸਾਰੀ ਦੁਨੀਆਂ ਇਸ ਰੋਗ ਦੇ ਨਾਲ ਜੂਝਦੀ ਪਈ ਹੈ, ਭਾਰਤ ਉਨ੍ਹਾਂ ਚਾਰ ਦੇਸ਼ਾਂ ਵਿਚੋਂ ਇੱਕ ਹੈ, ਜੋ ਇਸ ਵਕਤ ਸਭ ਤੋਂ ਵੱਡੀ ਮੁਸ਼ਕਿਲ ਵਿਚ ਹਨ ਤਾਂ ਦੂਜੇ ਪਾਸੇ ਇਸ ਦੀ ਸਥਿਤੀ ਸਰਹੱਦਾਂ ਉਤੇ ਵੀ ਸੁਖਾਵੀਂ ਨਹੀਂ। ਪਾਕਿਸਤਾਨ ਆਪਣੇ ਜਨਮ ਵੇਲੇ ਤੋਂ ਭਾਰਤ ਵਿਰੁੱਧ ਆਢਾ ਲਾਈ ਤੁਰਿਆ ਆ ਰਿਹਾ ਹੈ, ਪਰ ਇਸ ਵੇਲੇ ਚੀਨ ਨਾਲ ਵੀ ਸਬੰਧਾਂ ਵਿਚ ਕੌੜ ਸਿਖਰ ਉਤੇ ਹੈ। ਕੋਈ ਨਹੀਂ ਜਾਣਦਾ ਕਿ ਕਦੋਂ ਕਿਸ ਪਾਸੇ ਕਿਸ ਦੇਸ਼ ਨਾਲ ਸਿੱਧੇ ਟਕਰਾਅ ਦੀ ਨੌਬਤ ਆ ਜਾਵੇ, ਸਿਰਫ ਇਹ ਪਤਾ ਹੈ ਕਿ ਬਹੁਤ ਮਹਿੰਗੇ ਭਾਅ ਉਤੇ ਭਾਰਤ ਨੇ ਦੁਨੀਆਂ ਦੇ ਸਿਖਰਲੀ ਸਮਰੱਥਾ ਵਾਲੇ ਰਾਫੇਲ ਜਹਾਜਾਂ ਦਾ ਬੇੜਾ ਤਿਆਰ ਕਰ ਲਿਆ ਹੈ ਅਤੇ ਨਵੀਂਆਂ ਮਿਜ਼ਾਈਲਾਂ ਵੀ ਛੇਤੀ ਆਉਣ ਵਾਲੀਆਂ ਹਨ। ਇਹ ਸਾਰਾ ਕੁਝ ਹੱਥਾਂ ਵਿਚ ਹੋਣ ਦੇ ਬਾਵਜੂਦ ਜੰਗ ਦੇ ਹਾਲਾਤ ਵਿਚ ਜਿਹੜੇ ਵੱਡੇ ਖਰਚੇ ਦੀ ਲੋੜ ਪੈਣੀ ਹੈ, ਜਦੋਂ ਸਾਰਾ ਪੈਲੀ-ਬੰਨਾ ਵੇਚ ਛੱਡਿਆ ਹੈ ਤੇ ਕੁਝ ਹੋਰ ਵੇਚਣ ਲਈ ਤਿਆਰੀਆਂ ਹੁੰਦੀਆਂ ਹਨ, ਰਿਜ਼ਰਵ ਬੈਂਕ ਵੀ ਨੰਗਾਂ ਦੇ ਭੜੋਲੇ ਵਾਂਗ ਖਾਲੀ ਗਾਗਰ ਖੜਕ ਰਹੀ ਹੈ, ਤਾਂ ਇਹ ਜਹਾਜ ਉਡਾਉਣ ਜੋਗੇ ਪ੍ਰਬੰਧ ਕਰਨੇ ਵੀ ਸੌਖੇ ਨਹੀਂ ਰਹਿ ਜਾਣੇ।
ਕੋਈ ਵਕਤ ਹੁੰਦਾ ਸੀ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਤੇਲ ਕੰਪਨੀਆਂ-ਇੰਡੀਅਨ ਆਇਲ ਤੇ ਹਿੰਦੁਸਤਾਨ ਪੈਟਰੋਲੀਅਮ ਵਿਚੋਂ ਸਰਕਾਰੀ ਹਿੱਸੇ ਕੱਢ ਕੇ ਪ੍ਰਾਈਵੇਟ ਪੂੰਜੀਪਤੀਆਂ ਨੂੰ ਸੌਂਪਣ ਦਾ ਇਰਾਦਾ ਬਣਾ ਲਿਆ ਸੀ। ਉਦੋਂ ਭਾਜਪਾ ਦੀ ਮਾਂ ਮੰਨੇ ਜਾਂਦੇ ਆਰ. ਐਸ਼ ਐਸ਼ ਦੀ ਲੀਡਰਸ਼ਿਪ ਨੇ ਇਹ ਕਹਿ ਕੇ ਇਸ ਦਾ ਵਿਰੋਧ ਕੀਤਾ ਸੀ ਕਿ ਕੱਲ੍ਹ ਨੂੰ ਜੰਗ ਲੱਗਣ ਦੀ ਸਥਿਤੀ ਵਿਚ ਬਾਹਰੋਂ ਮਿਲੇ ਇਸ਼ਾਰੇ ਉਤੇ ਪੂੰਜੀਪਤੀਆਂ ਨੇ ਤੇਲ ਦੀ ਸਪਲਾਈ ਵਿਚ ਵਿਘਨ ਪਾਇਆ ਤਾਂ ਉਸ ਵਕਤ ਦੇਸ਼ ਅੱਧ-ਵਿਚਾਲੇ ਫਸ ਕੇ ਰਹਿ ਜਾਵੇਗਾ। ਉਦੋਂ ਉਨ੍ਹਾਂ ਦਾ ਵਿਰੋਧ ਕੰਮ ਆਇਆ ਅਤੇ ਵਾਜਪਾਈ ਸਰਕਾਰ ਨੂੰ ਰੁਕਣਾ ਪਿਆ ਸੀ। ਅੱਜ ਆਰ. ਐਸ਼ ਐਸ਼ ਲੀਡਰਸ਼ਿਪ ਖੁਦ ਇਨ੍ਹਾਂ ਕਦਮਾਂ ਦਾ ਚੁੱਪ ਰਹਿ ਕੇ ਸਾਥ ਦੇ ਰਹੀ ਹੈ ਤਾਂ ਬਚਾਉਣ ਵਾਲਾ ਕੌਣ ਹੈ?
ਭਾਰਤ ਇਸ ਵਕਤ ਇੱਕੋ ਸਮੇਂ ਕਈ ਤਰ੍ਹਾਂ ਦੀਆਂ ਉਲਝਣਾਂ ਵਿਚ ਫਸਿਆ ਪਿਆ ਹੈ ਅਤੇ ਹੋਰ ਤੋਂ ਹੋਰ ਫਸਣ ਦੇ ਰਾਹ ਪਿਆ ਜਾਪਦਾ ਹੈ। ਅਸੀਂ ਅੱਜ ਦੀਆਂ ਗੱਲਾਂ ਕਰਦੇ ਹਾਂ, ਜਿਵੇਂ ਬਾਬੇ ਕਹਿੰਦੇ ਹੁੰਦੇ ਸੀ, ਪਤਾ ਨਹੀਂ ਭਲਕ ਨੂੰ ਕਿਹੜੇ ਦਿਨ ਵੇਖਣੇ ਪੈਣ, ਜੇ ਬਦਕਿਸਮਤੀ ਨਾਲ ਹਾਲਾਤ ਹੋਰ ਖਰਾਬ ਹੋ ਗਏ, ਫਿਰ ਭਾਰਤ ਦਾ ਬਣੇਗਾ ਕੀ? ਦੇਸ਼ ਭਗਤੀ ਦੀਆਂ ਗੱਲਾਂ ਸਾਨੂੰ ਉਹ ਲੋਕ ਦੱਸ ਰਹੇ ਹਨ, ਜਿਨ੍ਹਾਂ ਦਾ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਬਹੁਤਾ ਯੋਗਦਾਨ ਹੀ ਨਹੀਂ ਸੀ। ਜਿਨ੍ਹਾਂ ਯੋਗਦਾਨ ਪਾਇਆ ਸੀ, ਉਹ ਅੱਜ ਕੱਲ੍ਹ ਰੜਕਦੇ ਨਹੀਂ ਜਾਪਦੇ। ਹਾਲਾਤ ਕੂਕ-ਕੂਕ ਕੇ ਪੁੱਛਦੇ ਹਨ ਕਿ ‘ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈਂ, ਕਹਾਂ ਹੈਂ,’ ਪਰ ਜਵਾਬ ਦੇਣ ਵਾਲਾ ਕੋਈ ਨਹੀਂ ਲੱਭ ਰਿਹਾ।