ਪ੍ਰਭਸ਼ਰਨ ਭਰਾ ਇੱਕਤਰਫਾ ਦੌੜ ਦੇ ਦੋ ਨਵੇਂ ਚੈਂਪੀਅਨ ਦੌੜਾਕ

-ਹਰਜੀਤ ਦਿਓਲ, ਬਰੈਂਪਟਨ
ਫੋਨ: 905-676-9242
ਸੰਪਾਦਕ ਜੀ,
ਕੁਝ ਸਮਾਂ ਪਹਿਲਾਂ ਤਕ ਸਾਡੇ ਕਈ ਮਿੱਤਰ ਪੰਜਾਬ ਦੀ ਖਾੜਕੂ ਸਿੱਖ ਸਿਆਸਤ ਵਿਚ ਵਨ ਵੇਅ ਰੇਸ ਦੇ ਦੌੜਾਕ ਸ਼ ਅਜਮੇਰ ਸਿੰਘ ਅਤੇ ਸ਼ ਗੁਰਤੇਜ ਸਿੰਘ ਵਰਗੇ ਵਿਦਵਾਨਾਂ ਨੂੰ ਮੰਨਦੇ ਸਨ ਪਰ ਪਿਛਲੇ ਦੋ ਕੁ ਦਹਿਕਆਂ ਦੌਰਾਨ ਅੱਧੀ ਦਰਜਨ ਕਿਤਾਬਾਂ ਲਿਖ ਕੇ ਅਜਮੇਰ ਸਿੰਘ ਦੀ ਝੰਡੀ ਬਹੁਤ ਉਚੀ ਹੋ ਗਈ। ਸ਼ਾਇਦ ਉਸ ਦੀ ਇਸੇ ਝੰਡੀ ਨੂੰ ਸਾਰਾ ਜੋਰ ਲਾ ਕੇ ਪੁਟਣ ਲਈ ਹੁਣ ਪਿਛਲੇ ਕੁਝ ਸਮੇਂ ਤੋਂ ਪ੍ਰਭਸ਼ਰਨ ਭਰਾਵਾਂ ਦੇ ਰੂਪ ਵਿਚ ਦੋ ਨਵੇਂ ਪਰ ਅਜਮੇਰ ਤੋਂ ਵੀ ਜਹਿਰੀ ਤੇ ਫੁਰਤੀਲੇ ਵੰਨ ਵੇਅ ਦੌੜਾਕ ਅਚਾਨਕ ਹੀ ਫੇਸਬੁਕ ਅਤੇ ਅਖਬਾਰਾਂ ਅੰਦਰ ਉਜਾਗਰ ਹੋ ਗਏ ਹਨ।

ਇੱਕ ਵਾਰ ਫਿਰ ਸਾਨੂੰ ‘ਪੰਜਾਬ ਟਾਈਮਜ਼’ ਵਿਚ ਇਨ੍ਹਾਂ ਨਵੇਂ ‘ਇੱਕਤਰਫਾ’ ਵਨ ਵੇਅ ਦੌੜਾਕਾਂ ਦੇ ਕੁਝ ਹੋਰ ਲੇਖ ਪੜ੍ਹਨ ਨੂੰ ਮਿਲੇ ਹਨ। ਇਨ੍ਹਾਂ ਨੂੰ ਇੱਕਤਰਫਾ ਕਹਿਣ ਤੋਂ ਮੇਰਾ ਭਾਵ ਹੈ ਕਿ ਇਹ ਬੜੀ ਸ਼ਿੱਦਤ ਨਾਲ ਤਸਵੀਰ ਦਾ ਇੱਕੋ ਪਾਸਾ ਬਿਆਨਦੇ ਹਨ ਤੇ ਦੂਜਾ ਪਾਸਾ ਦੇਖਣ ਦੀ ਕਦੇ ਜ਼ਹਿਮਤ ਨਹੀਂ ਕਰਦੇ। ਬੇਹੱਦ ਉਲਝਿਆ ਸਿੱਖ ਸੰਘਰਸ਼ ਜਿਹਾ ਵਿਵਾਦਗ੍ਰਸਤ ਅਤੇ ਗੁੰਝਲਦਾਰ ਵਿਸ਼ਾ (ਜਿਸ ਉਪਰ ਬਹੁਤ ਹੀ ਨਿਰਪੱਖ ਤੇ ਵਿਵੇਕਸ਼ੀਲ ਚਿੰਤਨ ਦੀ ਲੋੜ ਹੈ) ਇਹ ਉੱਚ ਸਿਖਿਅਤ ਵਿਦਵਾਨ ਕਿਉਂ ਇੱਕੋ ਰੰਗ ਦੀ ਐਨਕ ਨਾਲ ਦੇਖ ਕੇ ਇੱਕਪਾਸੜ ਨਜ਼ਰੀਆ ਰੱਖਦੇ ਹਨ? ਸਮਝ ਤੋਂ ਬਾਹਰ ਹੈ!
ਮੁਮਕਿਨ ਹੈ, ਪ੍ਰਸਿੱਧ ਮਨੋਵਿਸ਼ਲੇਸ਼ਕ ਸਿਗਮੰਡ ਫਰਾਇਡ ਦੁਆਰਾ ਪੇਸ਼ ਕੀਤੇ ਗਰੁੱਪ ਸਾਇਕਾਲੋਜੀ ਅਤੇ ਈਗੋ ਦੇ ਵਿਸ਼ਲੇਸ਼ਣ ਦੁਆਰਾ ਇਸ ਪਹੇਲੀ ਦਾ ਉੱਤਰ ਮਿਲ ਸਕੇ। ਇਸ ਮਨੋਵਿਗਿਆਨੀ ਅਨੁਸਾਰ ਮਨੁੱਖ ਵਿਚ ਕਿਸੇ ਸੰਗਠਿਤ ਗਰੁੱਪ ਜਾਂ ਗਿਰੋਹ ਵਿਚ ਸ਼ਾਮਲ ਹੋਇਆਂ ਇੱਕ ਤਰ੍ਹਾਂ ਦੀ ਇੱਜੜ ਪ੍ਰਵਿਰਤੀ (ਦ ਹਰਡ ਇੰਸਟਿੰਕਟ) ਜਨਮ ਲੈਂਦੀ ਹੈ, ਜੋ ਬੌਧਿਕ ਸਰਗਰਮੀ ਨੂੰ ਖੋਰਾ ਲਾਉਂਦਿਆਂ ਜ਼ਜਬਾਤੀ ਵੇਗ ‘ਚ ਇਜ਼ਾਫਾ ਕਰਦੀ ਹੈ। ਸੱਚ ਭਾਵੇਂ ਕਿੰਨਾ ਵੀ ਕੌੜਾ ਹੋਵੇ, ਉਸ ਵੱਲ ਪਿੱਠ ਕਰਕੇ ਖੜੋਨ ਨਾਲ ਉਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਆਪਣੀਆਂ ਅੱਖਾਂ ਬੰਦ ਕਰਨ ਨਾਲ ਰਾਤ ਨਹੀਂ ਪੈ ਜਾਂਦੀ।
ਜਨਾਬ ਪ੍ਰਭਸ਼ਰਨਬੀਰ ਨੂੰ ਇੱਕ ਜਾਗਰੂਕ ਇਨਸਾਨ ਹੋਣ ਨਾਤੇ ਹਿੰਦੁਸਤਾਨ ਵਿਚ ਡਰ ਦੀ ਸਿਆਸਤ ਦਾ ਬੜਾ ਫਿਕਰ ਹੋਣਾ ਵੀ ਚਾਹੀਦਾ ਹੈ। ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਨੂੰ ਬਚਾਉਣ ਦੇ ਨਾਂ ‘ਤੇ ਧਾਰਮਕ ਨਫਰਤ ਤੇ ਸੌੜੀ ਸਿਆਸਤ ਦਾ ਸੀਮਿੰਟ ਲਾ ਕੇ ਇਸ ਦੀ ਰੁਹਾਨੀ ਵਿਰਾਸਤ ਨੂੰ ਪਿਛਲੇ ਪੰਜ-ਚਾਰ ਵਰ੍ਹਿਆਂ ਤੋਂ ਜਿਸ ਤਰ੍ਹਾਂ ਕੋਹਿਆ ਜਾ ਰਿਹਾ ਹੈ, ਉਸ ਨੂੰ ਵੇਖ ਕੇ ਰਾਮ-ਕ੍ਰਿਸ਼ਨ ਪਰਮ ਹੰਸ, ਸਵਾਮੀ ਵਿਵੇਕਾਨੰਦ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਪੰਡਿਤ ਨਹਿਰੂ, ਗਦਰੀ ਬਾਬਿਆਂ ਅਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਰੂਹਾਂ ਅਸਮਾਨ ਵਿਚ ਜੇ ਕਿਧਰੇ ਹੋਈਆਂ, ਤਾਂ ਜਰੂਰ ਹੀ ਜ਼ਾਰ-ਜ਼ਾਰ ਰੋ ਰਹੀਆਂ ਹੋਣਗੀਆਂ, ਪਰ ਡਰ ਦੀ ਸਿਆਸਤ ਦੀ ਚਿਤਾਵਨੀ ਦਿੰਦਿਆਂ ਇਹ ਦੋਵੇਂ ਨਿੱਕੇ ਵੀਰ ਪੰਜਾਬ ‘ਚ ਵਾਪਰੇ ਕਾਲੇ ਦੌਰ ਦੌਰਾਨ ਜਿਸ ਤਰ੍ਹਾਂ ਹਿੰਸਾ ਅਤੇ ਡਰਾਵੇ ਦੀ ਲਹਿਰ ਦਾ ਆਗਾਜ਼ ਹੋਇਆ, ਉਸ ਪਾਸੋਂ ਜਮਾਂ ਈ ਪੱਲਾ ਝਾੜ ਲੈਂਦੇ ਹਨ। ਉਹ ਆਪਣੇ ਲੇਖ ਵਿਚ ਲਿਖਦੇ ਹਨ, “1984 ਤੋਂ ਆਨੀ-ਬਹਾਨੀਂ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਨੂੰ ਜਲੀਲ ਕੀਤਾ ਗਿਆ।”
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਲਿਸ ਨੇ ਬੇਹਿਸਾਬ ਜ਼ਿਆਦਤੀਆਂ ਕੀਤੀਆਂ, ਪਰ ਜਿਨ੍ਹਾਂ ਕੁਕਰਮਾਂ ਨੂੰ ਇਨ੍ਹਾਂ ‘ਆਨੀ ਬਹਾਨੀਂ’ ਕਹਿ ਟਾਲਣ ਦੀ ਕੋਸ਼ਸ਼ ਕੀਤੀ ਹੈ, ਉਸ ਨਾਲ ਇਨ੍ਹਾਂ ਦੀ ਇਮਾਨਦਾਰ ਸੋਚ ਦਾ ਪਰਦਾਫਾਸ਼ ਹੁੰਦਾ ਹੈ। ਹੁਣ ਸੋਚਣਾ ਬਣਦਾ ਹੈ ਕਿ ਹਕੂਮਤ ਦੀ ਧੱਕੇਸ਼ਾਹੀ ਨਾਲ ਖਾੜਕੂ ਲਹਿਰ ਪੈਦਾ ਹੋਈ ਜਾਂ ਬੇਮੁਹਾਰ ਖਾੜਕੂ ਲਹਿਰ ਕਰਕੇ ਹਕੂਮਤ ਨੂੰ ਧੱਕੇਸ਼ਾਹੀ ਕਰਨ ਦਾ ਮੌਕਾ ਦਿੱਤਾ ਗਿਆ। ਪਹਿਲਾਂ ਮੁਰਗੀ ਪੈਦਾ ਹੋਈ ਕਿ ਅੰਡਾ?
ਅੱਗੇ ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੇ ਕਥਨ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਸਿੱਖ ਨਾ ਭੈਅ ਮੰਨਦਾ ਹੈ, ਨਾ ਭੈਅ ਦਿੰਦਾ ਹੈ, ਪਰ ਪੰਜਾਬ ‘ਚ ਉਸ ਦੌਰਾਨ ਹੱਦੋਂ ਵੱਧ ਭੈਅ ਦਿੱਤਾ ਵੀ ਗਿਆ ਅਤੇ ਮੰਨਿਆ ਵੀ ਗਿਆ। ਭੈਅ ਮੰਨਦੇ ਹੋਏ ਹੀ ਪਵਿੱਤਰ ਧਰਮ ਸਥਾਨ ਨੂੰ ਪਨਾਹਗਾਰ ਬਣਾ ਹਥਿਆਰਾਂ ਦੇ ਜਖੀਰੇ ਜਮਾਂ ਕੀਤੇ ਗਏ। ਇਨ੍ਹਾਂ ਵਿਦਵਾਨਾਂ ਵਿਚੋਂ ਸ਼ ਗੁਰਤੇਜ ਸਿੰਘ ਵਰਗੇ ਕਈ ਵਿਦਵਾਨ ਅਜ ਤਕ ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਨੂੰ ਆਈ ਬੀ ਦਾ ਕੈਟ ਦੱਸੀ ਜਾਂਦੇ ਹਨ ਅਤੇ ਦੋਸ਼ ਲਾਉਂਦੇ ਹਨ ਕਿ ਪਵਿੱਤਰ ਧਰਮ ਅਸਥਾਨ ਦੀ ਤਬਾਹੀ ਅਤੇ ਤੀਸਰੇ ਘੱਲੂਘਾਰੇ ਲਈ ਸਰਕਾਰ ਨੂੰ ਬਹਾਨਾ ਦੇਣ ਲਈ ਖਤਰਨਾਕ ਹਥਿਆਰ ਖੁਫੀਆ ਏਜੰਸੀਆਂ ਦੇ ਸਹਿਯੋਗ ਨਾਲ ਜਨਰਲ ਭੁੱਲਰ ਨੇ ਪਹੁੰਚਾਏ। ਪਿਛਲੇ ਮਹੀਨੇ ਹੀ ਕਿਸੇ ਚੈਨਲ ‘ਤੇ ਬਹਿਸ ਦੌਰਾਨ ਹਜਾਰਾ ਸਿੰਘ ਮਿਸੀਸਾਗਾ ਨੇ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਸਿੰਘਾਂ ਨੇ ਸਰਕਾਰੀ ਅਸਲਾ ਅੰਦਰ ਆਉਣ ਤੋਂ ਰੋਕਿਆ ਕਿਉਂ ਨਾ? ਤਾਂ ਉਹ ਬਹਿਸ ਵਿਚਾਲੇ ਛੱਡ ਕੇ ਚਲੇ ਗਏ।
‘ਪੰਜਾਬ ਟਾਈਮਜ਼’ ਦੇ ਇਸੇ ਅੰਕ ਵਿਚ ਪ੍ਰਭਸ਼ਰਨਦੀਪ ਸਿੰਘ ਹੁਰੀਂ ਆਪਣੇ ਆਦਰਸ਼ ਮਹਾਪੁਰਖਾਂ ਦੀ ਸਕੂਲੀ ਪੜ੍ਹਾਈ ਤੋਂ ਕੋਰੇ ਹੋਣ ਦੀ ਵਕਾਲਤ ਕਰਦਿਆਂ ਆਧੁਨਿਕ ਸਿੱਖਿਆ ਨੂੰ ਭਰਮਜਾਲ ਗਰਦਾਨ ਦਿੱਤਾ ਹੈ, ਹਾਲਾਂਕਿ ਦੋਵੇਂ ਭਰਾ ਆਪ ਇਸੇ ਸਿੱਖਿਆ ਦੇ ਚੈਂਪੀਅਨ ਬਣਨ ਲਈ ਆਪਣੇ ਪਿਆਰੇ ਪੰਜਾਬ ਨੂੰ ਸੁਖਬੀਰ ਅਤੇ ਅਮਨਿੰਦਰ ਸਿੰਘ ਵਰਗੇ ਠੱਗਾਂ ਦੇ ਹਵਾਲੇ ਕਰਕੇ ਇਥੇ ਪੱਛਮੀ ਦੇਸ਼ਾਂ ਵਿਚ ਆਏ ਬੈਠੇ ਹਨ ਅਤੇ ਆਪਣੀ ਵਿਦਵਤਾ ਦੀਆਂ ਤਲਵਾਰਾਂ ਘੁਮਾ ਰਹੇ ਹਨ। ਅਜਮੇਰ ਸਿੰਘ ਵੱਖਵਾਦੀ ਸਿਆਸਤ ਦਾ ਰੁਸਤਮ ਹੈ। ਅਜਿਹੀ ਹਾਲਤ ਵਿਚ ਇਨ੍ਹਾਂ ਦੇ ਇਥੇ ਬੈਠਿਆਂ, ਇਨ੍ਹਾਂ ਵਲੋਂ ਉਸ ਦੀ ਆਲੋਚਨਾ, ਦੱਸੋ! ਕਿਸ ਸੋਝੀਵਾਨ ਸੱਜਣ ਨੂੰ ਕਾਇਲ ਕਰੇਗੀ। ਅਜਮੇਰ ਸਿੰਘ ਪੱਛਮੀ ਦੇਸ਼ਾਂ ਵਿਚ ਬਾਰ ਬਾਰ ਆਉਂਦਾ ਹੈ ਅਤੇ ਵਖਵਾਦ ਤੇ ਹਿੰਦੂਆਂ ਨਾਲ ਨਫਰਤ ਦਾ ਛੱਟਾ ਦੇ ਕੇ ਵਾਪਸ ਪੰਜਾਬ ਪਰਤ ਤਾਂ ਜਾਂਦਾ ਹੈ। ਇਹ ਖੁਦ ਹੀ ਦੱਸਣ ਕਿ ਅਜੋਕੀ ਗੰਦੀ ਰਾਜਨੀਤੀ ਦੀ ਘੁੰਮਣਘੇਰੀ ‘ਚ ਫਸੇ ਪਿਛੇ ਬੈਠੇ ਸਿੱਖ ਭਰਾਵਾਂ ਦਾ ਫਿਕਰ ਉਸ ਨੂੰ ਜਿਆਦਾ ਹੈ ਕਿ ਇਨ੍ਹਾਂ ਨੂੰ? ਫਿਰ ਵੀ ਪੰਜਾਬ ਵਾਪਸ ਨਹੀਂ ਜਾਣਾ ਤਾਂ ਨਾ ਜਾਣ, ਪਰ ਸੰਤਾਂ ਦੇ ਆਧੁਨਿਕ ਵਿਦਿਆ ਤੋਂ ਕੋਰੇ ਹੋਣ ਨੂੰ ਵਡਿਆ ਕੇ ਸਿੱਖਾਂ ਦੀ ਨੌਜਵਾਨ ਪੀੜ੍ਹੀ ਨੂੰ ਗੁਮਰਾਹ ਤਾਂ ਨਾ ਕਰਨ। ਅਜਿਹਾ ਕਰਨਾ ਇਨ੍ਹਾਂ ਨੂੰ ਸ਼ੋਭਦਾ ਨਹੀਂ। ਸਾਨੂੰ ਡਾਰਵਿਨ ਦਾ ਇਹ ਸਿਧਾਂਤ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, “ਨਾ ਹੀ ਸਭ ਤੋਂ ਤਾਕਤਵਰ ਅਤੇ ਨਾ ਹੀ ਸਭ ਤੋਂ ਬੁੱਧੀਮਾਨ ਪ੍ਰਜਾਤੀਆਂ ਆਪਣੀ ਹੋਂਦ ਕਾਇਮ ਰੱਖਣ ‘ਚ ਕਾਮਯਾਬ ਹੁੰਦੀਆਂ ਹਨ, ਐਪਰ ਵਕਤ ਅਨੁਸਾਰ ਆਪਣੇ ਆਪ ਨੂੰ ਢਾਲ ਸਕਣ ਵਾਲੀਆਂ ਜੀਵ ਪ੍ਰਜਾਤੀਆਂ ਹੀ ਵਿਪਦਾਵਾਂ ਵਿਚੋਂ ਪਾਰ ਲੰਘਣ ਦੇ ਸਮਰੱਥ ਹੁੰਦੀਆਂ ਹਨ।” ਆਉਣ ਵਾਲੇ ਚੈਲੰਜ ਭਰੇ ਸਮਿਆਂ ਦੌਰਾਨ ਹਰ ਸੰਕਟ ਦਾ ਟਾਕਰਾ ਵਿਗਿਆਨਕ ਸਿੱਖਿਆ ਨਾਲ ਲੈਸ ਹੋ ਕੇ ਹੀ ਕੀਤਾ ਜਾ ਸਕਦਾ ਹੈ।
ਆਪਣੇ ਸਮੇਂ ਦੇ ਉੱਘੇ ਚਿੰਤਕ ਗੁਰਬਖ਼ਸ ਸਿੰਘ ਪ੍ਰੀਤ ਲੜੀ ਨੇ ਲਿਖਿਆ ਸੀ ਕਿ ਜਦ ਇਮਾਰਤ ਦੀਆਂ ਉਪਰਲੀਆਂ ਹਵਾਦਾਰ ਮੰਜ਼ਿਲਾਂ ਬਣ ਜਾਣ ਤਾਂ ਹੇਠਲੀ ਹਨੇਰੀ ਮੰਜ਼ਿਲ ਵਿਚ ਬੈਠੇ ਰਹਿਣਾ ਮੂਰਖਤਾ ਹੈ। ਆਓ, ਸਮੇਂ ਨਾਲ ਬਦਲਦਿਆਂ ਆਜ਼ਾਦ ਸੋਚ ਦੇ ਧਾਰਨੀ ਬਣੀਏ ਅਤੇ ਸਿੱਖੀ ਸਦਾਚਾਰ ਦੀਆਂ ਉੱਚ ਕਦਰਾਂ ਕੀਮਤਾਂ ਦਾ ਪ੍ਰਗਟਾਵਾ ਕਰਦਿਆਂ ਦੁਨੀਆਂ ਦੇ ਹਰ ਕੋਨੇ ਨੂੰ ਸਿੱਖ ਗੁਰੂ ਸਾਹਿਬਾਨ ਦੀ ਸਪਿਰਟ ਦੇ ਆਸ਼ੇ ਅਨੁਸਾਰ ‘ਸਭੇ ਸਾਂਝੀਵਾਲ ਸਦਾਇਨ’ ਖਾਲਿਸਤਾਨ ਵਿਚ ਤਬਦੀਲ ਕਰਨ ਦਾ ਉਪਰਾਲਾ ਕਰੀਏ।