ਰੁੱਸਣ-ਮਨਾਉਣ ਦੀ ਰੰਗਤਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸਬੰਧਾਂ ਦੀ ਸੁਗੰਧੀ ਬਿਖੇਰਦਿਆਂ ਵੱਖ ਵੱਖ ਤਰ੍ਹਾਂ ਦੇ ਸਬੰਧਾਂ ਦੀ ਪਰਿਭਾਸ਼ਾ ਪੇਸ਼ ਕੀਤੀ ਸੀ, “ਸਬੰਧ ਹਾਲਾਤ, ਔਕੜਾਂ, ਮੁਸ਼ਕਿਲਾਂ ਅਤੇ ਆਫਤ ਮੌਕੇ ਹੀ ਪਰਖੇ ਜਾਂਦੇ।…

ਸਬੰਧ ਜਦ ਕਿਸੇ ਕੈੜ, ਨਿੱਜੀ ਲਾਭ, ਮੁਫਾਦ, ਫਾਇਦੇ ਜਾਂ ਲਾਲਚ ਵਿਚ ਗ੍ਰਸੇ ਹੋਣ ਤਾਂ ਇਨ੍ਹਾਂ ਨੂੰ ਤਿੜਕਦਿਆਂ ਦੇਰ ਨਹੀਂ ਲੱਗਦੀ; ਪਰ ਜਦੋਂ ਸਬੰਧ ਉਮਰ, ਰੰਗ, ਨਸਲ, ਜਾਤ, ਉਚ-ਨੀਚ, ਧਨ-ਦੌਲਤ ਜਾਂ ਰੁਤਬਿਆਂ ਤੋਂ ਉਪਰ ਹੋਣ ਤਾਂ ਇਹ ਸਦੀਵ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਰੁੱਸਣ ਅਤੇ ਮਨਾਉਣ ਦੀ ਬਾਤ ਛੇੜੀ ਹੈ। ਉਹ ਕਹਿੰਦੇ ਹਨ, “ਰੁੱਸਣਾ ਤੇ ਮੰਨਣਾ, ਦੋ ਵਿਰੋਧੀ ਪ੍ਰਕ੍ਰਿਆਵਾਂ, ਜਿਨ੍ਹਾਂ ਦਾ ਮਾਨਸਿਕਤਾ ਨਾਲ ਸਬੰਧ। ਦੋਹਾਂ ਦਾ ਜੀਵਨ ਵਿਚ ਹੋਣਾ ਅਤੇ ਇਨ੍ਹਾਂ ਸੰਗ ਜਿਉਣਾ ਬਹੁਤ ਹੀ ਅਹਿਮ, ਪਰ ਇਨ੍ਹਾਂ ਵਿਚਲਾ ਸੰਤੁਲਨ ਹੀ ਜੀਵਨ ਨੂੰ ਨਰੋਈ ਸੇਧ, ਸੰਦੇਸ਼ ਅਤੇ ਦ੍ਰਿਸ਼ਟੀ ਦੇ ਸਕਦਾ, ਜਿਸ ਨਾਲ ਜੀਵਨ ਨੂੰ ਨਵੀਆਂ ਬੁਲੰਦੀਆਂ ਨਸੀਬ ਹੁੰਦੀਆਂ।” ਇਹ ਕਹਿੰਦਿਆਂ ਕਿ ਰੁੱਸਣਾ ਜੇ ਜੀਵਨ-ਸ਼ੈਲੀ ਦਾ ਅਨਿਖੜਵਾਂ ਅੰਗ ਹੈ ਤਾਂ ਮਨਾਉਣਾ ਵੀ ਜੀਵਨ-ਜਾਚ ਲਈ ਅਕੀਦਤ ਤੇ ਇਬਾਦਤ ਹੈ, ਡਾ. ਭੰਡਾਲ ਨੇ ਨਸੀਹਤ ਕੀਤੀ ਹੈ, “ਰੁੱਸਿਆਂ ਨੂੰ ਜੇ ਨਾ ਮਨਾਇਆ ਜਾਵੇ ਤਾਂ ਦਰਾੜ ਵਧਦੀ ਜਾਂਦੀ ਅਤੇ ਫਿਰ ਇਸ ਨੂੰ ਮਿਟਾਉਣਾ ਅਸੰਭਵ ਹੁੰਦਾ, ਪਰ ਰਤਾ ਕੁ ਕੋਸ਼ਿਸ਼ ਕੀਤਿਆਂ ਮਨਾ ਲਿਆ ਜਾਵੇ ਤਾਂ ਰੋਸਿਆਂ ਦੀ ਉਮਰ ਬਹੁਤ ਛੋਟੀ ਹੋ ਜਾਂਦੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਰੁੱਸਣਾ, ਨਾਬਰੀ ਦੀ ਨਿਸ਼ਾਨੀ, ਅਣਗੌਲੇ ਜਾਣ ਦਾ ਸ਼ਿਕਵਾ, ਨਿਰਮੋਹੇਪਣ ਦਾ ਸ਼ਿਕਾਰ ਹੋਣ ਜਾਂ ਆਪਣਿਆਂ ਦੀ ਅਵੱਗਿਆ ਦਾ ਦਸਤੂਰ।
ਰੁੱਸਣਾ, ਤਨਜ਼ ਕੱਸਣਾ, ਤ੍ਰਿਸਕਾਰਨਾ, ਤਾਅਨਾ ਮਾਰਨਾ, ਨਿਹੋਰਾ ਮਾਰਨਾ, ਬੇਲੋੜੀ ਦਖਲਅੰਦਾਜ਼ੀ, ਪ੍ਰੇਸ਼ਾਨ ਦਾ ਬਹਾਨਾ, ਖੁਦਮੁਖਤਿਆਰੀ ਦੀ ਉਲੰਘਣਾ ਜਾਂ ਕਿਸੇ ਦੀ ਨਿੱਜਤਾ ਤੋਂ ਓਪਰਾ ਸਮਝਣਾ।
ਰੁੱਸਣਾ, ਰੰਜਿਸ਼ ਕਾਰਨ, ਰੇੜਕਾ ਪਾਉਣਾ, ਝਗੜਾ ਕਰਨ ਜਾਂ ਕਿਸੇ ਨੂੰ ਨੀਵਾਂ, ਨੀਚ, ਹੀਣਾ ਸਮਝਣ ਜਾਂ ਮਾਤਹਿਤਤਾ ਵਿਚੋਂ ਵੀ ਪੈਦਾ ਹੁੰਦਾ।
ਰੁੱਸਣ ਦੇ ਬਹੁਤ ਸਾਰੇ ਕਾਰਨ, ਬਹਾਨੇ ਜਾਂ ਸ਼ਰਾਰਤਾਂ। ਤੁਸੀਂ ਕਿਸ ਗੱਲ ਤੋਂ ਰੁੱਸਦੇ ਹੋ, ਹਰੇਕ ਲਈ ਵੱਖੋ-ਵੱਖਰੇ ਪੈਮਾਨੇ। ਰੁੱਸਣਾ, ਕਿਸੇ ਚੀਜ਼ ਦੀ ਅਪ੍ਰਾਪਤੀ, ਜਿੱਦ ਪੁਗਾਉਣਾ, ਕੁਝ ਹਾਸਲ ਨਾ ਹੋਣਾ ਜਾਂ ਹੈਂਕੜ ਪੁਗਾਉਣ ਲਈ ਵੀ ਹੁੰਦਾ।
ਰੁੱਸਣਾ, ਜੀਵਨ ਦਾ ਬਹੁਤ ਅਹਿਮ ਵਰਤਾਰਾ। ਬਹੁਤ ਸਾਰੀਆਂ ਫੋਕੀਆਂ/ਅਸਲੀ-ਫਹਿਮੀਆਂ, ਗਲਤ/ਸਹੀ ਧਾਰਨਾਵਾਂ ਜਾਂ ਵਿਰੋਧੀ ਵਿਚਾਰਾਂ ਦਾ ਪ੍ਰਗਟਾਵਾ। ਇਸ ਤੋਂ ਬਿਨਾ ਜੀਵਨ ਵਿਚ ਨੀਰਸਤਾ ਤੇ ਬੇ-ਰੰਗਤਾ।
ਬੱਚਾ ਰੁੱਸਦਾ ਹੈ, ਮਨਪਸੰਦ ਖਿਡੌਣਾ ਲੈਣ, ਮਨ-ਭਾਉਂਦੀ ਚੀਜ ਖਾਣ ਲਈ। ਮਾਪਿਆਂ ਜਾਂ ਭੈਣ-ਭਰਾ ਨਾਲ ਕਿਸੇ ਖਾਸ ਮੌਕੇ ਜਾਂ ਥਾਂ ‘ਤੇ ਜਾਣ ਦੀ ਜਿੱਦ ਕਰਨਾ ਜਾਂ ਮਾਪਿਆਂ ਦਾ ਚਹੇਤਾ ਬਣਨਾ।
ਰੁੱਸਦੇ ਹਾਂ ਅਸੀਂ ਕਈ ਵਾਰ ਖੁਦ ਨਾਲ, ਪਰਿਵਾਰਕ ਮੈਂਬਰਾਂ ਨਾਲ, ਸਮਾਜ ਨਾਲ, ਸਿਸਟਮ ਨਾਲ ਜਾਂ ਦੁਨਿਆਵੀ ਵਰਤਾਰਿਆਂ ਨਾਲ।
ਰੁੱਸਣ ਦਾ ਮਜ਼ਾ ਹੀ ਤਾਂ ਆਉਂਦਾ ਜੇ ਕੋਈ ਮਨਾਉਣ ਵਾਲਾ ਹੋਵੇ, ਗਲ ਨਾਲ ਲਾਉਣ ਵਾਲਾ ਹੋਵੇ, ਭਾਵਨਾਵਾਂ ਨੂੰ ਸਮਝਣ ਤੇ ਸਮਝਾਉਣ ਵਾਲਾ ਹੋਵੇ। ਰੋਸੇ ‘ਚੋਂ ਹਾਸਿਆਂ ਦੀ ਜਰਖੇਜ਼ਤਾ ਨੂੰ ਮਾਣਨ ਦਾ ਚਾਹਵਾਨ ਹੋਵੇ।
ਰੁੱਸਦੇ ਹਾਂ ਜੀਵਨ ਸਾਥੀ ਨਾਲ, ਮਾਪਿਆਂ ਨਾਲ, ਭੈਣ-ਭਰਾਵਾਂ ਨਾਲ ਜਾਂ ਸੰਗੀ-ਸਾਥੀਆਂ ਨਾਲ ਹੀ, ਕਿਉਂਕਿ ਰੁੱਸਿਆ ਤਾਂ ਆਪਣਿਆਂ ਨਾਲ ਹੀ ਜਾਂਦਾ ਜਾਂ ਜਿਨ੍ਹਾਂ ‘ਤੇ ਮਾਣ ਹੋਵੇ। ਬਿਗਾਨਿਆਂ ‘ਤੇ ਕਿਸੇ ਦੇ ਰੋਸੇ ਦਾ ਕੀ ਅਸਰ?
ਰੁੱਸਣ ਲਈ ਬਹੁਤ ਸਾਰੇ ਕਾਰਨ ਹੋ ਸਕਦੇ ਜਾਂ ਕਾਰਨ ਬਣਾਏ ਵੀ ਜਾ ਸਕਦੇ, ਪਰ ਮਨਾਉਣ ਲਈ ਸਿਰਫ ਨਿੱਕੇ ਜਿਹੇ ਬਹਾਨੇ ਦੀ ਲੋੜ। ਆਪਣੇ ਤਾਂ ਮਨ-ਮਨਾਈ ਲਈ ਦੇਰ ਨਹੀਂ ਲਾਉਂਦੇ। ਜਿਹੜੇ ਇਕ ਵਾਰ ਰੁੱਸ ਕੇ ਮੰਨਦੇ ਹੀ ਨਹੀਂ, ਉਹ ਆਪਣੇ ਹੀ ਨਹੀਂ ਹੁੰਦੇ।
ਰੁੱਸਣਾ ਜੇ ਜੀਵਨ-ਸ਼ੈਲੀ ਦਾ ਅਨਿਖੜਵਾਂ ਅੰਗ ਹੈ ਤਾਂ ਮਨਾਉਣਾ ਵੀ ਜੀਵਨ-ਜਾਚ ਲਈ ਅਕੀਦਤ ਤੇ ਇਬਾਦਤ। ਰੁੱਸਿਆਂ ਨੂੰ ਜੇ ਨਾ ਮਨਾਇਆ ਜਾਵੇ ਤਾਂ ਦਰਾੜ ਵਧਦੀ ਜਾਂਦੀ ਅਤੇ ਫਿਰ ਇਸ ਨੂੰ ਮਿਟਾਉਣਾ ਅਸੰਭਵ ਹੁੰਦਾ, ਪਰ ਰਤਾ ਕੁ ਕੋਸ਼ਿਸ਼ ਕੀਤਿਆਂ ਮਨਾ ਲਿਆ ਜਾਵੇ ਤਾਂ ਰੋਸਿਆਂ ਦੀ ਉਮਰ ਬਹੁਤ ਛੋਟੀ ਹੋ ਜਾਂਦੀ।
ਰੁੱਸਣਾ ਇਕ ਕਲਾ, ਕਿਉਂਕਿ ਰੁੱਸਣਾ ਜੇ ਬਹੁਤ ਢੁਕਵੇਂ ਸਮੇਂ, ਠੋਸ ਕਾਰਨ ਜਾਂ ਚੰਗੇ ਮੌਕੇ ‘ਤੇ ਹੋਵੇ ਤਾਂ ਇਸ ਦਾ ਅਸਰ ਬਹੁਤ ਗਹਿਰਾ ਅਤੇ ਰੋਸਿਆਂ ਵਿਚੋਂ ਵੀ ਪ੍ਰਾਪਤੀ ਦਾ ਮਾਣ ਕਰ ਸਕਦੇ ਹੋ; ਪਰ ਇਸ ਤੋਂ ਵੀ ਜਰੂਰੀ ਹੁੰਦਾ ਹੈ ਕਿ ਆਪਣੀ ਹੈਂਕੜ, ਫੌਕੀ ਆਕੜ ਤੇ ਹੰਕਾਰ ਨੂੰ ਪਾਸੇ ਰੱਖ, ਨਿਮਰ ਹੋ ਕੇ ਆਪਣਿਆਂ ਨੂੰ ਮਨਾਉਣ ਲਈ ਹਰ ਹੀਲਾ ਵਰਤੀਏ। ਰੋਸਿਆਂ ਤੇ ਮਨ-ਮਨਾਈ ਵਿਚ ਹੀ ਰਿਸ਼ਤਈ ਸਥਿਰਤਾ ਤੇ ਸਦੀਵਤਾ ਦਾ ਪੈਗਾਮ ਹੁੰਦਾ।
ਰੁੱਸਣਾ ਰੋਸਿਆਂ, ਗਿਲੇ-ਸ਼ਿਕਵਿਆਂ, ਬੇਰੁਖੀ, ਬੇਲਿਹਾਜ਼ੀ, ਬੇਰੁਹਮਤੀ ਅਤੇ ਬੇਗਾਨਗੀ ਵਿਚੋਂ ਹੀ ਪੈਦਾ ਹੁੰਦਾ। ਇਨ੍ਹਾਂ ਨੂੰ ਬਹੁਤ ਹੀ ਘੱਟ ਸਮੇਂ ਅਤੇ ਨਿੱਕੇ ਜਹੇ ਹੰਭਲੇ ਨਾਲ ਹੀ ਦੂਰ ਕਰ ਲਿਆ ਜਾਂਦਾ।
ਕਈ ਵਾਰ ਰੁੱਸਣਾ ਪਲ ਭਰ ਦਾ, ਪਰ ਕਈ ਵਾਰ ਰੁੱਸਣਾ ਉਮਰਾਂ ਦਾ। ਪਹਿਲ ਕਰਨ ਅਤੇ ਦੋਸਤੀ ਦਾ ਹੱਥ ਵਧਾਉਣ ਤੋਂ ਨਾਬਰੀ ਕਾਰਨ, ਅਸੀਂ ਨਰੋਏ ਰਿਸ਼ਤਿਆਂ ਤੇ ਸਬੰਧਾਂ ਨੂੰ ਸਾਰੀ ਉਮਰ ਲਈ ਗਵਾ ਬਹਿੰਦੇ।
ਬੱਚਿਆਂ ਦਾ ਰੁੱਸਣਾ ਸਭ ਤੋਂ ਵਧੀਆ, ਉਹ ਝੱਟ ‘ਚ ਰੁੱਸਦੇ ਅਤੇ ਅਗਲੇ ਪਲ ਮੰਨ ਵੀ ਜਾਂਦੇ। ਉਨ੍ਹਾਂ ਦਾ ਪਾਕ ਮਨ ਰੁੱਸਣ ਤੇ ਮਨਾਉਣ ਵਿਚਲੇ ਦੁਫੇੜ ਤੋਂ ਬੇਲਾਗ। ਉਹ ਨਿਰਛੱਲ ਅਤੇ ਸਾਰਿਆਂ ਦੇ ਆਪਣੇ। ਇਸੇ ਕਰਕੇ ਬੱਚੇ ਦੇ ਰੋਸੇ ਵਿਚਲਾ ਭੋਲਾਪਣ, ਉਨ੍ਹਾਂ ਨੂੰ ਰੁੱਸਣ ਵੀ ਨਹੀਂ ਦਿੰਦਾ। ਉਹ ਸਿਰਫ ਰੁੱਸਣ ਦਾ ਸਵਾਂਗ ਹੀ ਰਚਾਉਂਦੇ।
ਰੁੱਸਣਾ, ਸਮਾਜਕ ਵਰਤਾਰੇ ਦਾ ਕੇਹਾ ਰੰਗ-ਢੰਗ ਕਿ ਪਰਿਵਾਰਕ ਸਮਾਗਮਾਂ ਵਿਚ ਨੇੜਲੇ ਅਕਸਰ ਹੀ ਗਿਲੇ-ਸ਼ਿਕਵੇ ਜਾਹਰ ਕਰਦੇ। ਭਾਈਚਾਰਾ ਜਾਂ ਹੋਰ ਰਿਸ਼ਤੇਦਾਰ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰ, ਭਾਈਚਾਰਕ ਸਾਂਝ ਦਾ ਸਬੂਤ ਬਣਦੇ। ਪੰਜਾਬੀ ਭਾਈਚਾਰੇ ਵਿਚ ਫੁੱਫੜ, ਚਾਚਾ-ਤਾਇਆ ਜਾਂ ਜਵਾਈ ਦਾ ਵਿਆਹ ਆਦਿ ਮੌਕਿਆਂ ‘ਤੇ ਬਿਨਾ ਕਿਸੇ ਕਾਰਨ ਤੋਂ ਰੁੱਸਣਾ ਵੀ ਜਰੂਰੀ ਤੇ ਮਿੰਨਤਾਂ ਕਰਵਾ ਕੇ ਮੰਨ ਵੀ ਜਾਣਾ ਹੁੰਦਾ।
ਕੁਝ ਲੋਕ ਰੁੱਸਦੇ, ਪਰ ਕੁਝ ਲੋਕ ਰੁਸਾਉਂਦੇ ਵੀ। ਉਨ੍ਹਾਂ ਦੀ ਕੋਸ਼ਿਸ਼ ਰੁੱਸਣ ਨਾਲੋਂ ਰੁਸਾਉਣ ਵੱਲ ਜ਼ਿਆਦਾ ਪ੍ਰੇਰਿਤ, ਕਿਉਂਕਿ ਨਿੱਕੀ ਜਿਹੀ ਹੁੱਜਤ ਜਾਂ ਸ਼ਰਾਰਤ ਨਾਲ ਉਹ ਕਿਸੇ ਨੂੰ ਰੁਸਾ ਕੇ ਨਿੱਜੀ ਮੁਫਾਦ ਦੀ ਪੂਰਤੀ ਕਰਦੇ। ਰੁਸਾਉਣ ਲਈ ਕਈ ਕੋਝੀਆਂ ਚਾਲਾਂ ਚੱਲਦੇ, ਕਪਟ ਤੋਲਦੇ, ਕਰਤੂਤਾਂ ਕਰਦੇ ਅਤੇ ਕੁਤਾਹੀਆਂ ਰਾਹੀਂ ਆਪਣੀ ਕਮੀਨਗੀ ਨੂੰ ਲੁਕਾਉਣ ਲਈ ਰਸਾਉਣ ਜਿਹੀ ਹਰਕਤ ਕਰਦੇ।
ਰੁੱਸੋ ਜਰੂਰ, ਪਰ ਮੰਨ ਜਾਣ ਲਈ ਤਿਆਰ ਰਹੋ। ਸਦੀਵੀ ਰੁੱਸਣਾ ਬਹੁਤ ਘਾਤਕ ਹੁੰਦਾ ਏ ਖੁਦ, ਸਮਾਜ ਅਤੇ ਪਰਿਵਾਰ ਲਈ। ਟੁੱਟ ਕੇ ਜੀਵਿਆ ਨਹੀਂ ਜਾ ਸਕਦਾ। ਸਿਰਫ ਜੁੜ ਕੇ ਜਿਉਣ ਦਾ ਲੁਤਫ ਹੁੰਦਾ। ਆਪਣੇ ਹੀ ਆਪਣਿਆਂ ਦੀਆਂ ਬਾਹਾਂ ਹੁੰਦੇ। ਆਪਣਿਆਂ ਤੋਂ ਬਿਨਾ ਤਾਂ ਸਾਰੇ ਬੇਗਾਨੇ। ਆਪਣੇ ਹੀ ਆਪਣਿਆਂ ਲਈ ਸਲਾਹਾਂ ਹੁੰਦੇ, ਰਾਹਾਂ ਹੁੰਦੇ, ਬਲਾਵਾਂ ਉਤਾਰਦੇ ਅਤੇ ਸਿਰ ਤੋਂ ਸ਼ਗਨਾਂ ਦਾ ਪਾਣੀ ਵਾਰਦੇ। ਆਪਣਿਆਂ ਤੋਂ ਬਿਨਾ ਕੌਣ ਮਨਾਉਂਦਾ ਏ ਸ਼ਗਨ? ਕਿਸ ਦੇ ਮੋਢੇ ‘ਤੇ ਸਿਰ ਰੱਖ ਕੇ ਰੋ ਸਕਦੇ ਹੋ? ਕਿਸ ਨੂੰ ਦਰਦ ਸੁਣਾ ਸਕਦੇ ਹੋ? ਕੌਣ ਤੁਹਾਡੇ ਦੁੱਖਾਂ ਦੀ ਦਵਾ ਬਣੇਗਾ? ਕੌਣ ਤੁਹਾਡੇ ਲਈ ਦੁਆ ਕਰੇਗਾ? ਕਿਹੜੀਆਂ ਅਸੀਸਾਂ ਤੁਹਾਡੀ ਝੋਲੀ ਵਿਚ ਨਿਆਮਤਾਂ ਪਾਉਣਗੀਆਂ?
ਜੇ ਬਚਪਨੇ ਤੋਂ ਮਾਸੂਮੀਅਤ ਰੁੱਸ ਜਾਵੇ ਤਾਂ ਖਰਵੇਪਣ ਵਿਚ ਰੁੱਲ ਜਾਂਦਾ ਬਚਪਨਾ। ਮਾਂ ਰੁੱਸ ਜਾਵੇ ਤਾਂ ਰੋਂਦੀ ਏ ਮਮਤਾ, ਕੁੱਛੜ ਰੁੱਸ ਜਾਵੇ ਰੋਂਦੂ ਹੋ ਜਾਂਦਾ ਬੱਚਾ ਅਤੇ ਗਿੱਲੇ ਪੋਤੜਿਆਂ ਵਿਚ ਗਲ ਜਾਂਦੇ ਬੱਚੇ ਦੇ ਸੋਹਲ ਅੰਗ। ਸੁੱਕੀ ਜਗਾ ‘ਤੇ ਪਾਉਣ ਵਾਲੀ ਮਾਂ ਦੀ ਅਣਹੋਂਦ, ਸਾਰੀ ਉਮਰ ਚਸਕਦੀ ਰਹਿੰਦੀ। ਮਾਂ ਦੀਆਂ ਲੋਰੀਆਂ ਤੇ ਬਾਤਾਂ ਰੁੱਸ ਜਾਣ ਤਾਂ ਝਿੱੜਕਾਂ ਵਿਚ ਰੁੱਸ ਜਾਂਦੇ ਤੋਤਲੇ ਬੋਲ।
ਬੱਚੇ ਦੇ ਮੋਢੇ ਤੋਂ ਬਸਤਾ ਰੁੱਸ ਜਾਵੇ ਤਾਂ ਮਾਯੂਸ ਹੋ ਜਾਂਦੀ ਕਲਮ, ਕਾਇਦਾ, ਕਿਤਾਬ ਅਤੇ ਕਾਪੀਆਂ। ਫੱਟੀ ਤੋਂ ਪੂਰਨੇ ਰੁੱਸ ਜਾਣ ਤਾਂ ਅਲੋਪ ਹੋ ਜਾਂਦੇ ਹਰਫ। ਹਰਫ ਗੁੰਮਿਆਂ ਤੋਂ ਇਬਾਰਤ ਦੇ ਕੀ ਅਰਥ ਰਹਿ ਜਾਂਦੇ? ਜੇ ਹਰਫਾਂ ਵਿਚੋਂ ਅਰਥ ਰੁੱਸ ਜਾਣ ਤਾਂ ਹਰਫਾਂ ਵਿਚ ਨਹੀਂ ਜਗਦੇ ਚਿਰਾਗ, ਆਲੇ-ਦੁਆਲੇ ਪਸਰਿਆ ਰਹਿੰਦਾ ਹਨੇਰ ਅਤੇ ਮਨ-ਮਸਤਕ ਧੁੰਦਲਾਏ ਵਿਚਾਰਾਂ ਵਿਚ ਜਿਉਣ ਲਈ ਮਜ਼ਬੂਰ। ਕਦੇ ਅੱਖਰਾਂ ਦੀ ਰੁਸਵਾਈ ਨੂੰ ਹੰਢਾਉਣ ਵਾਲਿਆਂ ਦੀ ਚੀਸ ਨੂੰ ਫਰੋਲਣਾ, ਤੁਹਾਨੂੰ ਦਰਦ-ਦਰਦ ਹੋ ਕੇ ਜਿਉਣ ਦੀ ਮੁਥਾਜੀ ਸਮਝ ਆ ਜਾਵੇਗੀ।
ਪੇਟ ਕੋਲੋਂ ਰੋਟੀ ਰੁੱਸ ਜਾਵੇ ਤਾਂ ਮਰ ਜਾਂਦੀ ਹੈ ਭੁੱਖ। ਪਿਆਸੇ ਕੋਲੋਂ ਪਾਣੀ ਰੁੱਸ ਜਾਵੇ ਤਾਂ ਉਸ ਦੇ ਅੰਦਰਲੇ ਮਾਰੂਥਲ ਵਿਚ ਕਿਵੇਂ ਮੌਲ ਸਕਦੀ ਏ ਜ਼ਿੰਦਗੀ? ਤਨ ਤੋਂ ਲਿਬਾਸ ਰੁੱਸ ਜਾਵੇ ਤਾਂ ਤਿੱਖੜ ਦੁਪਹਿਰਾਂ ਤੇ ਜੇਠ ਦੀਆਂ ਲੂਆਂ ਵਿਚ ਤਪਦਾ ਏ ਪਿੰਡਾ ਅਤੇ ਪੋਹ-ਮਾਘ ਦੀ ਠੰਢ ਚੀਰਦੀ ਏ ਹੱਡ। ਤੇਜ ਤੁਫਾਨਾਂ, ਕਹਿਰਵਾਨ ਝੱਖੜਾਂ ਅਤੇ ਕਾਲੀਆਂ ਬੋਲੀਆਂ ਹਨੇਰੀਆਂ ਵਿਚ ਰੁਲ ਜਾਂਦੀ ਏ ਕਾਇਨਾਤੀ ਦਿੱਖ। ਰੱਖੜੀ ਤੋਂ ਵੀਰ ਦਾ ਗੁੱਟ ਰੁੱਸ ਜਾਵੇ ਤਾਂ ਭੈਣਾਂ ਨੂੰ ਮਾਪਿਆਂ ਦਾ ਘਰ ਨਹੀਂ ਪੋਂਹਦਾ। ਵੀਰਨੇ ਨੂੰ ਮਾਰਨ ਵਾਲੀ ਹਾਕ ਵੀ ਗੁੰਮਸ਼ੁਦੀ ਹੰਢਾਉਂਦੀ, ਹਵਾ ਵਿਚ ਭਟਕ ਜਾਂਦੀ।
ਜਦ ਬੁੱਢੇ ਮਾਪਿਆਂ ਕੋਲੋਂ ਡੰਗੋਰੀ ਰੁੱਸ ਕੇ ਦੂਰ ਚਲੀ ਜਾਵੇ ਅਤੇ ਵਾਪਸ ਪਰਤਣਾ ਵੀ ਯਾਦ ਹੀ ਨਾ ਰਹੇ ਤਾਂ ਘਰ ਦੀਆਂ ਸਰਦਲਾਂ ਵਿਚ ਸੁੰਨ ਵਰਤਦੀ। ਘਰ ਦੀਆਂ ਸਲਾਬੀਆਂ ਕੰਧਾਂ ‘ਤੇ ਟੰਗੇ ਕੈਲੰਡਰ ਵਿਚੋਂ ਮਿੱਟ ਜਾਂਦੀਆਂ ਨੇ ਤਾਰੀਖਾਂ। ਮਾਪਿਆਂ ਦੇ ਦੀਦਿਆਂ ਵਿਚੋਂ ਰੁੱਸ ਕੇ ਦੂਰ ਚਲੇ ਜਾਂਦੀ ਏ ਉਡੀਕ। ਉਹ ਜਿਉਂਦੇ ਜੀਅ ਸਿਵਾ ਸੇਕਦਿਆਂ, ਆਹਾਂ ਵਿਚ ਦੁਆਵਾਂ ਨੂੰ ਪੌਣਾਂ ਹੱਥ ਭੇਜ, ਸ਼ੁਕਰ ਤੇ ਸਕੂਨ ਨੂੰ ਹਾਣ ਬਣਾਉਂਦੇ।
ਜਦ ਕੰਧਾਂ ਕੋਲੋਂ ਛੱਤ ਰੁੱਸ ਜਾਂਦੀ ਤਾਂ ਕੁਝ ਵੀ ਓਹਲਾ ਨਾ ਰਹਿੰਦਾ। ਦਿਨੇ ਸੂਰਜ ਦੀ ਅੱਖ ਦੇਖਦੀ। ਰਾਤ ਨੂੰ ਚੰਦਰਮਾ ਅਤੇ ਤਾਰੇ ਝਾਤੀਆਂ ਮਾਰਦੇ, ਛੱਤਹੀਣ ਘਰ ਦੇ ਨੰਗੇਜ਼ ਨੂੰ ਦੇਖ ਕੇ ਸ਼ਰਮਸਾਰ ਹੁੰਦੇ। ਘਰ ਵਿਚੋਂ ਕਮਰੇ ਰੁੱਸਦੇ ਤਾਂ ਘਰ, ਘਰ ਹੀ ਨਹੀਂ ਰਹਿੰਦਾ। ਕਮਰੇ ਵਿਚਲਾ ਰੌਸ਼ਨਦਾਨ ਰੁੱਸ ਜਾਵੇ ਤਾਂ ਬਾਹਰਲੀ ਤਾਜ਼ੀ ਹਵਾ ਦਾ ਬੁੱਲਾ ਅਤੇ ਰੋਸ਼ਨੀ ਵਰਜਿੱਤ ਹੋ ਜਾਂਦੀ। ਜੇ ਕਮਰੇ ਵਿਚ ਹੋਣ ਵਾਲਾ ਚੋਹਲ-ਮੋਹਲ, ਪਿਆਰ ਭਿੱਜੀਆਂ ਬਾਤਾਂ, ਨਿੱਕੀਆਂ ਅਛੋਹ ਸ਼ਰਾਰਤਾਂ, ਸਪਰਸ਼ ਤੇ ਸਹਿਹੋਂਦ ਨਾਲ ਸੰਦਲੀ ਪਲਾਂ ਨੂੰ ਮਾਣਨ ਦੀ ਰੁੱਤ ਹੀ ਰੁੱਸ ਜਾਵੇ ਤਾਂ ਕਮਰੇ ਦੀ ਕਰਮ-ਯੋਗਤਾ ‘ਤੇ ਹੀ ਪ੍ਰਸ਼ਨ ਪੈਦਾ ਹੁੰਦਾ। ਜੇ ਵਿਹੜੇ ਨਾਲੋਂ ਚੌਂਕਾ-ਚੁੱਲ੍ਹਾ ਰੁੱਸ ਜਾਵੇ ਤਾਂ ਬੁਝ ਜਾਂਦੀ ਹੈ ਚੁਗਲੀਆਂ ਕਰਦੀ ਚੁੱਲ੍ਹੇ ਦੀ ਅੱਗ, ਪਰਾਤ ਵਿਚ ਨਹੀ ਭੁੜਕਦਾ ਆਟਾ, ਤਵੇ ‘ਤੇ ਫੁੱਲਦੀ ਨਹੀਂ ਰੋਟੀ, ਉਦਾਸ ਹੋ ਜਾਂਦੀਆਂ ਨੇ ਓਟੇ ਦੀਆਂ ਚਿੜੀਆਂ। ਨਿਆਣਿਆਂ ਦੇ ਹੱਥੋਂ ਖੁੱਸ ਜਾਂਦੀ ਹੈ ਆਟੇ ਦੀ ਚਿੜੀ। ਸਵਾਣੀ ਨੂੰ ਆਉਣ ਵਾਲਾ ਰੱਜ, ਜਦ ਉਸ ਦੇ ਨਾਲ ਹੀ ਰੁੱਸ ਜਾਵੇ ਤਾਂ ਘਰ ਦੀ ਧੰਨਭਾਗਤਾ ਨੂੰ ਲੱਗ ਜਾਂਦੀ ਏ ਨਜ਼ਰ। ਇਸ ਨੂੰ ਉਤਾਰਨ ਲਈ ਕੋਈ ਆਪਣਾ ਹੀ ਬਹੁੜੇ ਤਾਂ ਨਜ਼ਰ ਉਤਰਦੀ। ਦਰ ਜਦ ਘਰ ਨਾਲੋਂ ਰੁੱਸਦੇ ਤਾਂ ਦਸਤਕ ਬੇਵਾ ਹੋ ਜਾਂਦੀ। ਅਛੋਪਲੇ ਜਿਹੇ ਬੂਹਾ ਖੋਲ੍ਹ ਕੇ ਅੰਦਰ ਵਾਲਾ ਜਾਂ ਝਾਤ ਮਾਰਨ ਵਾਲਾ ਕੋਈ ਨਹੀਂ ਹੁੰਦਾ। ਚੁਗਾਠਾਂ ਨੂੰ ਥਿੰਧਿਆਈ ਤੋਂ ਬਿਨਾ ਜਿਉਣਾ ਬਹੁਤ ਔਖਾ ਹੁੰਦਾ। ਆਖਰ ਉਹ ਜ਼ਰਜਰੀ ਹੋ, ਕਿਸੇ ਸਿਵੇ ਦਾ ਬਾਲਣ ਬਣ, ਆਖਰੀ ਸਫਰ ਵੀ ਤੈਅ ਕਰ ਜਾਂਦੀਆਂ।
ਜਦ ਤਾਸੀਰ, ਧਰਤ ਨਾਲ ਰੁੱਸਦੀ ਤਾਂ ਖੇਤ ਫ਼ਸਲ ਵਿਹੂਣੇ ਹੋ ਜਾਂਦੇ। ਆੜ ਦੇ ਪਾਣੀਆਂ ਨੂੰ ਮਿਲਦਾ ਸਰਾਪ, ਭੜੋਲਿਆਂ ਨੂੰ ਸੱਖਣੇਪਣ ਦਾ ਸੰਤਾਪ। ਖੇਤ ਵਿਚ ਉਗਦੀਆਂ ਖੁਦਕੁਸ਼ੀਆਂ। ਟਾਹਲੀ ‘ਤੇ ਲਟਕਦੀ ਖੇਤ-ਕਰਮੀ ਦੀ ਲਾਸ਼। ਮਾਲਕ ਵਿਹੂਣੀ ਬਲਦਾਂ ਦੀ ਜੋਗ ਉਸ ਦੀਆਂ ਤਲੀਆਂ ਨੂੰ ਚੱਟਦਿਆਂ, ਤਰਲੇ ਕਰਦੀ ਕਿ ਉਨ੍ਹਾਂ ਦਾ ਮਾਲਕ ਬਚ ਜਾਵੇ। ਇਹ ਰੋਸਾ ਕੀ ਦਾ ਕੀ ਕਰ ਜਾਂਦਾ, ਜਦ ਕਿਸੇ ਨੂੰ ਸਮਝ ਆਉਂਦੀ ਤਾਂ ਉਸ ਸਮੇਂ ਤੀਕ ਬਹੁਤ ਦੇਰ ਹੋ ਚੁਕੀ ਹੁੰਦੀ।
ਜਦ ਪਾਣੀ, ਦਰਿਆ ਕੋਲੋਂ ਰੁੱਸਦਾ ਤਾਂ ਇਸ ‘ਚ ਉਗਦੇ ਬਰੇਤੇ, ਗਵਾਚ ਜਾਂਦੇ ਕੰਢੇ, ਕਿਧਰੇ ਨਹੀਂ ਥਿਆਉਂਦੇ ਲੁੱਢਣ ਮਲਾਹ, ਸੱਸੀ ਦਾ ਘੜਾ, ਅਟਕ ਦਰਿਆ ਦਾ ਅਟਕਣਾ, ਸਰਸੇ ਦੇ ਪਾਣੀਆਂ ‘ਚੋਂ ਲੰਘ ਰਹੀ ਖਾਲਸਈ ਫੌਜ। ਦਰਿਆਵਾਂ ਵਿਚ ਵਗ ਰਹੀ ਅੰਮ੍ਰਿਤਧਾਰਾ, ਜ਼ਹਿਰ ਬਣ ਕੇ ਮੌਤ ਦਾ ਵਣਜ ਕਰਨ ਜੋਗੀ ਰਹਿ ਜਾਂਦੀ। ਇਸ ਰੋਸੇ ਕਾਰਨ ਹੀ ਲੁਪਤ ਹੋ ਜਾਣੇ ਨੇ ਦਰਿਆਵਾਂ ਦੇ ਕੰਢਿਆਂ ‘ਤੇ ਮੌਲੀਆਂ ਸਭਿਆਤਾਵਾਂ ਦੇ ਨਕਸ਼, ਅਧਿਆਤਮਕ ਕੇਂਦਰਾਂ ਦੀ ਆਸਥਾ, ਜੀਵਨ-ਲੋਰ ਬਖਸ਼ਣ ਵਾਲੀ ਬੰਦਗੀ ਅਤੇ ਬਹਾਰ-ਬਰਕਤਾਂ ਨਾਲ ਰੰਗੀਆਂ ਵਾਦੀਆਂ ਦੀ ਹਰਿਆਵਲ।
ਜਦ ਪਹਾੜਾਂ ਨਾਲੋਂ ਬਿਰਖ ਤੇ ਜੰਗਲੀ ਜੀਵ ਰੁੱਸਦੇ ਤਾਂ ਮੌਤ ਦਾ ਖੌਫ ਚੌਗਿਰਦੇ ਵਿਚ ਪਸਰਦਾ। ਪਰਬਤਾਂ ਦੀ ਟੀਸੀਆਂ ‘ਤੇ ਚੜ੍ਹ ਕੇ ਕੂਕਦੀ ਏ ਮਾਨਵਤਾ, ਜੋ ਮਨੁੱਖ ਨੂੰ ਮਨੁੱਖ ਬਣਨ ਦੀ ਤਾਕੀਦ ਕਰਦੀ।
ਰੁੱਸਵਾਈ ਵਿਚ ਸੁੱਕ ਜਾਂਦਾ ਹੈ ਨੈਣਾਂ ਦਾ ਨੀਰ, ਜਾਗਦੀਆਂ ਰਹਿੰਦੀਆਂ ਅੱਖਾਂ, ਭੁੱਲ ਜਾਂਦਾ ਖਾਣ-ਪੀਣ। ਕਾਂਗੜ ਤੇ ਕੁਰੰਗ ਹੋਏ ਸਰੀਰ ਨੂੰ ਸਿਵੇ ਵਾਂਗ ਮੱਚਣਾ ਅਸਾਨ ਹੋ ਜਾਂਦਾ।
ਰੁੱਸੇ ਨੂੰ ਮਨਾਉਣਾ ਤਾਂ ਰੱਬ ਨੂੰ ਮਨਾਉਣਾ ਆ। ਉਸ ਦੀਆਂ ਰਹਿਮਤਾਂ ਨੂੰ ਸਦਾ ਲਈ ਕਮਾਉਣਾ ਆ। ਜਿੰ.ਦ ਦੇ ਬਗੀਚੇ ਸੂਹੇ ਪਲ ਉਪਜਾਉਣਾ ਆ। ਜੀਵਨੀ ਪਲਿੱਤਣ ਨੂੰ ਸੁਰਖ ਬਣਾਉਣਾ ਆ। ਜੀਵਨ-ਹਨੇਰਿਆਂ ‘ਚ ਸੂਰਜ ਉਗਾਉਣਾ ਆ। ਰੁੱਸਿਆਂ ਖੇੜਿਆਂ ਨੂੰ ਮੋੜ ਕੇ ਲਿਆਣਾ ਆ। ਗਵਾਚ ਚੁਕੇ ਆਪੇ ਦਾ ਮੁੜ ਤੋਂ ਥਿਆਉਣਾ ਆ ਅਤੇ ਖੁਦ ਵਿਚੋਂ ਖੁਦ ਦਾ ਦੀਦਾਰ ‘ਕੇਰਾਂ ਪਾਉਣਾ ਆ। ਆਪਣੇ ਅੰਤਰੀਵ ਨੂੰ ਰਾਜ਼ਦਾਰ ਬਣਾਉਣਾ ਆ।
ਰੁੱਸਣ-ਮਨਾਉਣ ਦੀ ਨਿਰੰਤਰਤਾ ਵਿਚ ਨਿੱਭਣ ਵਾਲੇ ਰਿਸ਼ਤੇ ਦੁਨੀਆਂ ਦੇ ਸਭ ਤੋਂ ਹੁਸੀਨ, ਸੁੰਦਰ ਤੇ ਸਥਿਰ ਰਿਸ਼ਤੇ। ਭਾਵੇਂ ਇਹ ਪਤੀ-ਪਤਨੀ, ਮਿੱਤਰ-ਮੰਡਲੀ, ਵਾਗੀਆਂ ਦੀ ਢਾਣੀ ਜਾਂ ਭਾਈਚਾਰਕ ਸਬੰਧ ਹੋਣ।
ਰੁੱਸਣ-ਮਨਾਉਣ ਦਾ ਵਰਤਾਰਾ, ਵਿਚਾਰਾਂ ਦੀ ਵਿਭਿੰਨਤਾ, ਦ੍ਰਿਸ਼ਟੀਕੋਣ ਵਿਚਲਾ ਅੰਤਰ, ਕਰਮ-ਧਾਰਨਾ ਦਾ ਫਰਕ, ਸਮਾਜਕ ਜਾਂ ਪਰਿਵਾਰਕ ਸੋਝੀ ਦਾ ਵਖਰੇਵਾਂ ਜਾਂ ਵੱਖੋ-ਵੱਖਰੇ ਧਰਾਤਲੀ ਵੱਖਰਤਾ, ਆਦਿ ਕਰਕੇ ਹੁੰਦਾ।
ਰੁੱਸਣਾ/ਮੰਨਣਾ, ਦੋ ਜੀਆਂ ਦਰਮਿਆਨ ਮਿੱਠਾ-ਮਿੱਠਾ ਤਕਰਾਰ; ਪਰਿਵਾਰਕ ਖੜਕਾਰ, ਜਿਸ ਵਿਚੋਂ ਪੈਦਾ ਹੋਈ ਸੁਰ ਨੂੰ ਸੰਗੀਤਕਤਾ ਦਾ ਰੁਤਬਾ ਦੇ ਦਿੱਤਾ ਜਾਵੇ ਤਾਂ ਜੀਵਨ ਵਿਚੋਂ ਜ਼ਿੰਦਾਦਿਲੀ ਅਤੇ ਜਜ਼ਬਿਆਂ ਨੂੰ ਰਾਹਤ ਮਿਲਦੀ।
ਨੈਣਾਂ ਨਾਲ ਸੁਪਨੇ ਰੁੱਸ ਜਾਂਦੇ ਤਾਂ ਤਿੜਕ ਜਾਂਦਾ ਮਨੁੱਖ। ਬਹੁਤ ਕੁਝ ਅੰਦਰੋਂ ਅਤੇ ਬਾਹਰੋਂ ਟੁੱਟਦਾ। ਇਸ ਟੁੱਟ-ਭੱਜ ਵਿਚ ਸ਼ਰੀਕ ਹੁੰਦਾ-ਪਰਿਵਾਰ, ਭਾਈਚਾਰਾ ਅਤੇ ਸਮਾਜ। ਟੁੱਟੇ ਸੁਪਨਿਆਂ ਦਾ ਦਰਦ ਸਿਰਫ ਉਹੀ ਜਾਣ ਸਕਦੇ, ਜਿਨ੍ਹਾਂ ਦੇ ਰੁੱਸੇ ਹੋਏ ਸੁਪਨਿਆਂ ਨੂੰ ਮਨਾਉਣ ਲਈ ਕਿਸੇ ਨੇ ਪਹਿਲ ਨਹੀਂ ਕੀਤੀ। ਸੁਪਨਿਆਂ ਦੀ ਬਰਬਾਦੀ, ਬੇ-ਗਰਜ਼ਤਾ ਅਤੇ ਬੇ-ਲਿਹਾਜ਼ੀ ਵਿਚੋਂ ਬੰਦਿਆਈ ਦਾ ਪਤਨ ਅਰੰਭ ਹੋਇਆ।
ਨੈਣਾਂ ਨਾਲ ਨੀਰ ਰੁੱਸ ਜਾਵੇ ਤਾਂ ਬੇਨੀਰ ਹੋ ਜਾਂਦੀਆਂ ਨੇ ਅੱਖਾਂ, ਖਾਰਾ ਪਾਣੀ ਨਹੀਂ ਧੋਂਦਾ ਮੁਖੜਾ। ਨਾ ਹੀ ਅੰਦਰਲੇ ਦਰਦਾਂ ਨੂੰ ਨੈਣਾਂ ਥੀਂ ਵਹਿ ਕੇ ਮਿਲਦੀ ਏ ਰਾਹਤ। ਫਿਰ ਉਹ ਹਿੱਕ ਵਿਚ ਜੰਮ, ਧੁਖਦੇ-ਧੁਖਦੇ, ਮਨੁੱਖ ਨੂੰ ਅੰਦਰੋਂ ਰਾਖ ਕਰ, ਹੋਂਦ ‘ਤੇ ਹੀ ਪ੍ਰਸ਼ਨ ਚਿੰਨ੍ਹ ਬਣਦੇ।
ਜਦ ਪੈਰਾਂ ਕੋਲੋਂ ਪੈੜ ਰੁੱਸ ਜਾਂਦੀ ਤਾਂ ਉਦਾਸ ਹੋ ਜਾਂਦਾ ਸਫਰ। ਅਲੋਪ ਹੋ ਜਾਂਦੀਆਂ ਉਗਣ ਵਾਲੀਆਂ ਮੰਜਿਲਾਂ ਅਤੇ ਸੁੰਨ ਹੋ ਜਾਂਦੀ ਦਿਸਹੱਦਿਆਂ ‘ਤੇ ਸਿਲਾਲੇਖ ਉਕਰਨ ਦੀ ਤਮੰਨਾ। ਇਹ ਰੁੱਸਣਾ, ਬਹੁਤ ਕੁਝ ਦੇ ਗਵਾਚਣ ਦਾ ਸਬੱਬ ਬਣਦਾ।
ਜਦ ਸੱਜਣ ਕੋਲੋਂ ਸੱਜਣ ਰੁੱਸਦਾ ਤਾਂ ਤਨਹਾਈ ਦਾ ਆਲਮ ਆਲੇ-ਦੁਆਲੇ ਵਿਚ ਤੈਰਦਾ। ਆਪਣਿਆਂ ਤੋਂ ਦੂਰੀ ਦੀ ਬੇਬੱਸੀ ਕਾਰਨ ਖੁਦ ਨੂੰ ਕੋਂਹਦਾ। ਅੰਦਰੋਂ ਅੰਦਰੀਂ ਰੋਂਦਾ। ਕਦੇ ਗਮ ਵਿਚ ਖੁਦ ਨੂੰ ਡਬੋਂਦਾ ਅਤੇ ਕਦੇ ਆਪਣੀ ਅਸਲੀਅਤ ਨੂੰ ਖੁਦ ਤੋਂ ਹੀ ਲਕੋਂਦਾ।
ਜਦ ਜ਼ਿੰਦ-ਸਾਜ਼ ਨਾਲ ਸਾਹ-ਸੁਰ ਹੀ ਰੁੱਸ ਜਾਵੇ ਤਾਂ ਜੀਵਨ, ਜੀਵਨ ਹੀ ਨਹੀਂ ਰਹਿੰਦਾ। ਮਨੁੱਖ ਨਾਲ ਉਸ ਦੀਆਂ ਭਾਵਨਾਵਾਂ ਹੀ ਰੁੱਸ ਜਾਣ ਤਾਂ ਮਨੁੱਖ ਰੋਬੋਟ ਹੁੰਦਾ ਅਤੇ ਰੋਬੋਟ ਬਣ ਕੇ ਜੀਵਿਆ ਨਹੀਂ ਜਾ ਸਕਦਾ।
ਜਦ ਕਰਮ ਵਿਚੋਂ ਧਰਮ ਰੁੱਸ ਜਾਵੇ ਤਾਂ ਅਧਾਰਮਿਕਤਾ ਹਾਵੀ ਹੁੰਦੀ। ਇਹ ਅਧਾਰਮਿਕਤਾ ਹੀ ਸਭ ਤੋਂ ਵੱਡੀ ਦੁਸ਼ਮਣ ਅਤੇ ਹੈਵਾਨੀਅਤ ਦੀ ਅਲੰਬਰਦਾਰ।
ਜੇ ਮਨੁੱਖ ਨਾਲ ਸਾਂਝੀਵਾਲਤਾ, ਸਦਭਾਵਨਾ, ਸਮੁੱਚਤਾ ਅਤੇ ਸਦ-ਅਚਾਰ ਰੁੱਸ ਜਾਣ ਤਾਂ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਸਮਝ ਆ ਜਾਂਦੀਆਂ। ਜੋ ਕੁਝ ਵੀ ਅਜੋਕੇ ਸਮਾਜ ਵਿਚ ਹੋ ਰਿਹਾ ਹੈ, ਇਸ ਲਈ ਮਨੁੱਖ ਹੀ ਜਿੰ.ਮੇਵਾਰ।
ਜੇ ਨੈਣਾਂ ਨਾਲ ਨਜ਼ਰ ਰੁੱਸ ਜਾਵੇ ਤਾਂ ਦੁਨੀਆਂ ਵਿਚ ਅੰਧੇਰ ਛਾ ਜਾਂਦਾ। ਜੇ ਕੰਨਾਂ ਨਾਲ ਅਵਾਜ਼ ਰੁੱਸ ਜਾਵੇ ਤਾਂ ਆਲੇ-ਦੁਆਲੇ ਵਿਚ ਚੁੱਪ ਦਾ ਵਾਸਾ। ਜੇ ਜੀਭ ਕੋਲੋਂ ਬੋਲ ਰੁੱਸ ਜਾਣ ਤਾਂ ਬੰਦਾ ਅਵਾਕ ਹੋ ਜਾਂਦਾ। ਸਾਹ ਹੀ ਰੁੱਸ ਜਾਣ ਤਾਂ ਮਨੁੱਖ ਲਾਸ਼ ਬਣ ਜਾਂਦਾ, ਪਰ ਲਾਸ਼ ਬਣਨ ਤੋਂ ਪਹਿਲਾਂ ਜਰੂਰੀ ਹੈ ਕਿ ਕੁਝ ਅਜਿਹਾ ਕਰ ਜਾਈਏ ਕਿ ਸਾਡੇ ਮਰਨ ‘ਤੇ, ਨੜੋਏ ਵਿਚ ਸ਼ਾਮਲ ਲੋਕਾਂ ਨੂੰ ਮਰਸੀਏ ‘ਤੇ ਮਾਣ ਤਾਂ ਹੋਵੇ।
ਪੌਣ ਨਾਲ ਸੁਗੰਧੀ ਰੁੱਸ ਜਾਵੇ ਤਾਂ ਬਹਾਰਾਂ ਵੀ ਪਤਝੱੜ ਲੱਗਦੀਆਂ। ਸਰਘੀ ਵੀ ਸ਼ਾਮ ਦਾ ਰੂਪ ਧਾਰਦੀ। ਪੁੰਨਿਆ ਵੀ ਮੱਸਿਆ ਜਾਪਦੀ। ਤਾਰਿਆਂ ਦੀਆਂ ਖਿੱਤੀਆਂ ਵਿਚ ਸੱਜਣ ਨਹੀਂ ਨਜ਼ਰ ਆਉਂਦਾ। ਕੋਈ ਨਹੀਂ ਭੇਜਦਾ ਪੌਣਾਂ ਹੱਥ ਸੁਨੇਹੇ। ਨਾ ਹੀ ਦੂਰ ਤੋਂ ਆਉਂਦੀ ਪੈੜਚਾਲ ਵਿਚੋਂ ਆਪਣਿਆਂ ਦੇ ਨਕਸ਼ ਦਿੱਸਦੇ।
ਸੋਚ ਵਿਚੋਂ ਸੁਪਨੇ, ਸਿਆਣਪ, ਸੰਵੇਦਨਾ, ਸਰੋਕਾਰ, ਸਲੀਕਾ, ਸੂਖਮਤਾ, ਸਪੱਸ਼ਟਤਾ, ਸੁਹਜ, ਸਹਿਜ ਅਤੇ ਸੰਜਮ ਰੁੱਸ ਜਾਵੇ ਤਾਂ ਬਚਦਾ ਹੀ ਕੀ ਆ? ਮਨੁੱਖ ਦੇ ਮਨੁੱਖ ਹੋਣ ਲਈ ਕੁਝ ਤਾਂ ਚਾਹੀਦਾ ਹੈ ਤਾਂ ਕਿ ਉਹ ਇਨਸਾਨ ਬਣਨ ਲਈ ਕਦਮ ਉਠਾਵੇ।
ਜੇ ਕਰਮ ਨਾਲ ਸਿਰੜ, ਸਾਧਨਾ, ਸਮਰਪਣ, ਸਿਦਕ ਹੀ ਰੁੱਸ ਜਾਵੇ ਤਾਂ ਉਪਲਬੱਧੀਆਂ ਬਖਸ਼ਿਸ਼ ਨਹੀਂ ਬਣਦੀਆਂ। ਪ੍ਰਾਪਤੀਆਂ ਲਈ ਇਨ੍ਹਾਂ ਗੁਣਾਂ ਦੀ ਨਾਰਾਜ਼ਗੀ ਬਹੁਤ ਮਹਿੰਗੀ ਪੈਂਦੀ।
ਮਨ ਨਾਲ ਜੇ ਕੋਮਲਤਾ, ਸੱਚਾਈ, ਸਾਦਗੀ, ਸੁਹੱਪਣ, ਸੁੰਦਰ ਵਿਚਾਰ ਜਾਂ ਸਮ-ਦ੍ਰਿਸ਼ਟੀ ਹੀ ਰੁੱਸ ਜਾਵੇ ਤਾਂ ਮਨੁੱਖ ਵਿਚੋਂ ਇਨਸਾਨੀਅਤ ਦੇ ਅੰਸ਼ ਨਹੀਂ ਦਿਸਦੇ। ਉਹ ਅਮਾਨਵੀ ਵਰਤਾਰੇ ਦਾ ਵਿਕਰਾਲ ਰੂਪ ਹੁੰਦਾ।
ਮੈਂ ਵੀ ਰੁੱਸਿਆ ਤੇ ਸੱਜਣ ਵੀ ਰੁੱਸੇ, ਆਈ ਰੁੱਤ-ਰੁੱਸਵਾਈ। ਤੇ ਪੋਟਾ ਪੋਟਾ ਕਰਕੇ ਕੱਟ ਰਹੇ ਹਾਂ ਮਰਨਹਾਰੀ ਤਨਹਾਈ। ਮੇਰੀ ‘ਮੈਂ’ ਨੇ ਮੇਰੇ ਤੋਂ ਖੋਹ ਲਈ ਰਹਿਮਤ-ਖੁਦਾਈ, ਤੇ ਪੱਲੇ ਦੇ ਵਿਚ ਰਹਿ’ਗੀ ਹੁਣ ਤਾਂ ਹੌਕਿਆਂ ਦੀ ਪੁਰਵਾਈ। ਰੁੱਸ ਕੇ ਭਵਾਏ ਮੁਖੜਿਆਂ ਨੇ ਤਾਂ ਪੀੜਾਂ ਪੱਲੇ ਪਾਈਆਂ। ਅੱਧ ਵਿਚਕਾਰੇ ਰਹਿ ਗਈਆਂ, ਜੋ ਸੱਧਰਾਂ ਮਨ ਉਗਾਈਆਂ। ਰੁੱਸਣ ਦੇ ਨਾਲ ਹਾਸੇ ਰੁੱਸੇ ਤੇ ਹੌਕੇ ਹਾਣ ਹੰਢਾਉਂਦੇ। ਨਾ ਕੋਈ ਹਾਕ-ਹੁੰਗਾਰਾ ਬਣ ਕੇ, ਉਮੀਦ-ਆਸ ਪੁਗਾਉਂਦੇ। ਰੁੱਸ ਗਈ ਜ਼ਿੰਦਗੀ ਪੱਲੇ ਰਹਿੰਦਾ ਦੱਸੋ ਕੀ? ਜਦ ਖੁਦ ਦਾ ਖੁਦ ਤੋਂ ਹੀ ਉਕਤਾਅ ਜਾਂਦਾ ਏ ਜੀਅ। ਕਦੇ ਰੁੱਸੇ ਨਾ ਮਹਿਕ ਸਾਹਾਂ ਤੋਂ, ਨਾ ਪੈਰਾਂ ਤੋਂ ਪੈੜਾਂ। ਨਾ ਕੋਈ ਦੁਆ-ਅਸੀਸ ਹੀ ਰੁੱਸੇ ਅਤੇ ਨਾ ਮਿਹਰਾਂ ਤੇ ਖੈਰਾਂ। ਨਾ ਕੰਧਾਂ ਤੋਂ ਛੱਤਾਂ ਰੁੱਸਣ ਅਤੇ ਨਾ ਕਮਰੇ ਤੋਂ ਖਿੜਕੀ। ਨਾ ਵਿਹੜੇ ਤੋਂ ਚੌਂਕਾ ਰੁੱਸੇ ਅਤੇ ਨਾ ਹੀ ਦਰ ਤੋਂ ਬਿੜਕੀ।
ਬਹੁਤ ਦਰਦੀਲਾ ਹੁੰਦਾ ਏ ਕੁਦਰਤ ਦਾ ਬੰਦੇ ਕੋਲੋਂ ਰੁੱਸ ਜਾਣਾ। ਇਸ ਰੁਸਵਾਈ ਕਾਰਨ ਮਨੁੱਖ ਨੂੰ ਆਪਣੀਆਂ ਕਮੀਨਗੀਆਂ, ਕਰਤੂਤਾਂ ਜਾਂ ਕਮਜ਼ੋਰੀਆਂ ਦਾ ਭਾਰ ਢੋਣ ਲਈ ਮਜਬੂਰ ਹੋਣਾ ਪੈਂਦਾ।
ਰੁੱਸਣਾ ਤੇ ਮੰਨਣਾ, ਦੋ ਵਿਰੋਧੀ ਪ੍ਰਕ੍ਰਿਆਵਾਂ, ਜਿਨ੍ਹਾਂ ਦਾ ਮਾਨਸਿਕਤਾ ਨਾਲ ਸਬੰਧ। ਦੋਹਾਂ ਦਾ ਜੀਵਨ ਵਿਚ ਹੋਣਾ ਅਤੇ ਇਨ੍ਹਾਂ ਸੰਗ ਜਿਉਣਾ ਬਹੁਤ ਹੀ ਅਹਿਮ, ਪਰ ਇਨ੍ਹਾਂ ਵਿਚਲਾ ਸੰਤੁਲਨ ਹੀ ਜੀਵਨ ਨੂੰ ਨਰੋਈ ਸੇਧ, ਸੰਦੇਸ਼ ਅਤੇ ਦ੍ਰਿਸ਼ਟੀ ਦੇ ਸਕਦਾ, ਜਿਸ ਨਾਲ ਜੀਵਨ ਨੂੰ ਨਵੀਆਂ ਬੁਲੰਦੀਆਂ ਨਸੀਬ ਹੁੰਦੀਆਂ।
ਰੁੱਸਣ-ਮਨਾਉਣ ਤੋਂ ਬੇਲਾਗ ਜਦ ਕੋਈ ਹੁੰਦਾ ਤਾਂ ਫਿਰ ਰੁਸਵਾਈ ਵੀ ਖਾਮੋਸ਼ੀ ਤੋੜਨ ਲਈ ਮਜਬੂਰ ਹੋ ਜਾਂਦੀ ਅਤੇ ਜ਼ਿੰਦਗੀ ਦੀ ਖੜੋਤ ਨੂੰ ਮੁਖਾਤਬ ਹੋਣ ਲੱਗਦੀ। ਇਸ ਵਿਚੋਂ ਹੀ ਜੀਵਨ-ਤੋਰ ਨੂੰ ਨਵੀਂ ਨੁਹਾਰ ਮਿਲੀ।
ਰੁੱਸਣਾ/ਮੰਨਣਾ ਜੀਵਨ ਦੇ ਬਦਲਦੇ ਰੰਗਾਂ ਦੀ ਨਿਸ਼ਾਨੀ ਅਤੇ ਇਸ ਤੋਂ ਬਿਨਾ ਬੇਰੰਗ ਹੋ ਜਾਂਦਾ ਏ ਜੀਵਨੀ ਤੋਰ ਦਾ ਮੁਹਾਂਦਰਾ ਅਤੇ ਮੁਖੜਾ।
ਰੁਸਵਾਈ ਨੂੰ ਸਮਝਣ ਤੋਂ ਅਸਮਰਥ ਮਨੁੱਖ ਦਰਅਸਲ ਖੁਦ ਤੋਂ ਬੇਖਬਰ ਹੁੰਦਾ। ਇਸ ਬੇਖਬਰੀ ਕਾਰਨ ਹੀ ਆਖਰ ਨੂੰ ਮਨੁੱਖ ਵਿਚੋਂ ਮਨੁੱਖ ਹੀ ਮਨਫੀ ਹੋ ਜਾਂਦਾ।
ਅਜਿਹੇ ਰੁੱਸਣ ਨਾਲ ਪੈਦਾ ਹੋਈ ਦਰਾੜ ਦੀ ਕਦੇ ਭਰਪਾਈ ਨਹੀਂ ਹੁੰਦੀ, ਜਦ ਕੋਈ ਰੋਸਿਆਂ ਨੂੰ ਆਪਣਾ ਜੀਵਨ-ਕਰਮ ਬਣਾ, ਇਸ ਨੂੰ ਹੋਰ ਡੂੰਘਾ ਕਰਨ ਪ੍ਰਤੀ ਹਰ ਦਮ ਕੋਸ਼ਿਸ਼ ਵਿਚ ਰਹੇ।
ਪਰ ਸਭ ਤੋਂ ਖਤਰਨਾਕ ਹੁੰਦਾ ਹੈ ਬੰਦੇ ਦਾ ਆਪਣੇ ਆਪ ਤੋਂ ਹੀ ਰੁੱਸ ਜਾਣਾ। ਬੇਜ਼ਾਰ ਹੋ ਜਾਣਾ। ਜੀਵਨ ਤੋਂ ਰੁੱਸ ਕੇ ਮੌਤ ਦੀਆਂ ਦੁਆਵਾਂ ਮੰਗਣੀਆਂ ਅਤੇ ਆਪਣੀ ਕਬਰ ਦੀ ਖੁਦ ਹੀ ਖੁਦਾਈ ਕਰਨਾ। ਇਸ ਦੀ ਮੰਨ-ਮਨਾਈ ਬਹੁਤ ਜਰੂਰੀ, ਕਿਉਂਕਿ ਇਸ ਨਾਲ ਹੀ ਮਨੁੱਖ ਖੁਦ ਦੇ ਸਭ ਤੋਂ ਕਰੀਬ ਹੁੰਦਾ। ਅੰਤਰੀਵ ‘ਚੋਂ ਖੁਦ ਦੀ ਪਛਾਣ ਕਰਦਾ। ਆਤਮਾ ਦੀ ਮੰਨ ਕੇ, ਆਪਣੀ ਸਾਰਥਕਤਾ ਨੂੰ ਸਦੀਵਤਾ ਬਣਨ ਵੱਲ ਉਤਸ਼ਾਹਿਤ ਕਰਦਾ। ਕਦੇ ਵੀ ਆਪਣੇ ਆਪ ਨਾਲ ਨਾ ਰੁੱਸੋ। ਭਾਵੇਂ ਇਹ ਜਹਾਨ ਰੁੱਸ ਜਾਵੇ।