ਦੋ ਟਕਿਆਂ ਦੀ ਨੌਕਰੀ

ਸੰਤੋਖ ਮਿਨਹਾਸ
ਫੋਨ: 559-283-6376
ਮੈਂ ਜਦੋਂ ਵੀ ਸੈਨਿਕਾਂ ਦੀਆਂ ਲਾਸ਼ਾਂ ਦੇ ਤਾਬੂਤ ਘਰੀਂ ਪਰਤਦੇ ਦੇਖਦਾ ਹਾਂ, ਇਹ ਦ੍ਰਿਸ਼ ਵੇਖ ਕੇ ਬੜਾ ਦੁੱਖ ਹੁੰਦਾ ਹੈ। ਇਹ ਆਮ ਕਰਕੇ ਸਿਪਾਹੀ ਰੈਂਕ ਦੇ ਜਾਂ ਛੋਟੇ ਰੈਂਕ ਦੇ ਜਵਾਨ ਹੁੰਦੇ ਹਨ, ਗਰੀਬ ਘਰਾਂ ਦੇ ਬੱਚੇ। ਉਨ੍ਹਾਂ ਦੇ ਘਰ ਪਰਿਵਾਰ ਦਾ ਗੁਜਾਰਾ ਇਨ੍ਹਾਂ ਬੱਚਿਆਂ ਦੀ ਨੌਕਰੀ ‘ਤੇ ਨਿਰਭਰ ਹੁੰਦਾ ਹੈ। ਜਦੋਂ ਕਿਸੇ ਟੀ. ਵੀ. ਚੈਨਲ ਜਾਂ ਕਿਸੇ ਵੀਡੀਉ ‘ਤੇ ਉਨ੍ਹਾਂ ਦੇ ਘਰਾਂ ਦੀ ਹਾਲਤ ਵੇਖਦਾ ਹਾਂ ਤਾਂ ਬਹੁਤ ਤਰਸਯੋਗ ਹੁੰਦੀ ਹੈ। ਉਨ੍ਹਾਂ ਦੀ ਸ਼ਹਾਦਤ ਪਿਛੋਂ ਜੋ ਉਨ੍ਹਾਂ ਪਰਿਵਾਰਾਂ ਨਾਲ ਬੀਤਦੀ ਹੈ, ਉਹ ਸੋਚਣ ਲਈ ਮਜ਼ਬੂਰ ਕਰਦੀ ਹੈ। ਕਿਵੇਂ ਬੁੱਢੇ ਮਾਂ ਬਾਪ ਦੋ ਡੰਗ ਦੀ ਰੋਟੀ ਨੂੰ ਵੀ ਆਤੁਰ ਹੋ ਜਾਂਦੇ ਹਨ।

ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੁੰਦਾ। ਇੰਨੀ ਦਿਨੀਂ ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿਚ ਇੱਕ ਖਬਰ ਚਰਚਾ ਵਿਚ ਆਈ ਹੈ ਕਿ ਕਿਵੇਂ ਇੱਕ ਸ਼ਹੀਦ ਸੈਨਿਕ ਦੀ ਮਾਂ ਅੱਸੀ ਸਾਲ ਦੀ ਉਮਰ ਵਿਚ ਵੀ ਆਪਣੀ ਦਵਾਈ ਤੇ ਦੋ ਡੰਗ ਦੀ ਰੋਟੀ ਲਈ ਨਗਰੇਗਾ ਸਕੀਮ ਅਧੀਨ ਦਿਹਾੜੀ ਕਰਨ ਲਈ ਮਜਬੂਰ ਹੈ। ਇਹ ਤਾਂ ਇੱਕ ਖਬਰ ਹੈ, ਪਤਾ ਨਹੀਂ ਇਸ ਤਰਾਂ ਦੇ ਕਿੰਨੇ ਹਾਜ਼ਾਰਾਂ ਮਾਪੇ ਆਪਣੀ ਜੂਨ ਕੱਟ ਰਹੇ ਹੋਣਗੇ। ਮਨ ਵਿਚ ਬੜੇ ਸੁਆਲ ਪੈਦਾ ਹੁੰਦੇ ਹਨ।
ਇੱਕ ਵਾਰ ਦੇਸ਼ ਭਗਤੀ ਦੇ ਨਾਂ ਉਤੇ ਸਰਹੱਦ ‘ਤੇ ਬਾਲਣ ਬਣਨ ਵਾਲੇ ਇੱਕ ਸੈਨਿਕ ਨੇ ਸਰਹੱਦ ‘ਤੇ ਤਾਇਨਾਤ ਆਪਣੀ ਡਿਊਟੀ ਦੌਰਾਨ ਇੱਕ ਸੈਨਿਕ ਦੀ ਦੁਰਦਸ਼ਾ ਨੂੰ ਇੱਕ ਵੀਡੀਉ ਰਾਹੀਂ ਸ਼ੋਸ਼ਲ ਮੀਡੀਆ ‘ਤੇ ਨਸ਼ਰ ਕੀਤਾ ਸੀ ਕਿ ਕਿਵੇਂ ਇੱਕ ਸੈਨਿਕ ਨੂੰ ਖਾਣੇ ਦੇ ਨਾਂ ‘ਤੇ ਕੀ ਦਿੱਤਾ ਜਾਂਦਾ ਹੈ। ਇੱਕ ਹੋਰ ਸੈਨਿਕ ਨੇ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਆਮ ਸੈਨਿਕਾਂ ਨੂੰ ਵੱਡੇ ਅਫਸਰਾਂ ਦੇ ਘਰੀਂ ਕੰਮ ਕਰਨਾ ਪੈਂਦਾ ਹੈ। ਆਮ ਸੈਨਿਕ ਨੂੰ ਨੌਕਰੀ ਬਹੁਤ ਔਖੇ ਹਾਲਾਤ ਵਿਚ ਕਰਨੀ ਪੈਂਦੀ ਹੈ। ਸਰਹੱਦਾਂ ‘ਤੇ ਡਿਊਟੀ ਕਰਦਿਆਂ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋਣਾ ਹੁਣ ਆਮ ਵਰਤਾਰਾ ਬਣ ਗਿਆ ਹੈ। ਕਈ ਸਾਲਾਂ ਤੋਂ ਗਵਾਂਢੀ ਮੁਲਖਾ ਨਾਲ ਸਬੰਧ ਚੰਗੇ ਨਾ ਹੋਣ ਕਾਰਨ ਬਿਨਾ ਜੰਗ ਲੱਗਿਆਂ ਸੈਨਿਕਾਂ ਦੇ ਤਾਬੂਤ ਘਰੀਂ ਆ ਰਹੇ ਹਨ। ਸਰਕਾਰਾਂ ਵੱਡੇ ਵੱਡੇ ਬਿਆਨ ਦਾਗ ਛੱਡਦੀਆਂ ਹਨ। ਸ਼ਹੀਦ ਦੇ ਰੁਤਬੇ ਦਾ ਖਿਤਾਬ ਦੇ ਕੇ ਸੈਨਿਕਾਂ ਦੇ ਪਰਿਵਾਰਾਂ ਨੂੰ ਵਰਚਾਇਆ ਜਾ ਰਿਹਾ ਹੈ। ਦੇਸ਼ ਦੀ ਖਾਤਰ ਮਰਨ ਵਾਲੇ ਸ਼ਹੀਦਾਂ ਦੀ ਬਹਾਦਰੀ ਦੇ ਗੁਣ ਗਾਏ ਜਾਂਦੇ ਹਨ, ਦੇਸ਼ ਪ੍ਰੇਮ ਦੀ ਛਵੀ ਨੂੰ ਜੋਰ ਸ਼ੋਰ ਨਾਲ ਪ੍ਰਚਾਰਿਆ ਜਾਂਦਾ ਹੈ। ਸੈਨਿਕ ਦੇ ਪਰਿਵਾਰ ਦੀ ਭਲਾਈ ਲਈ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਹਨ, ਪਰ ਸੈਨਿਕ ਦੇ ਕ੍ਰਿਆਕਰਮ ਪਿਛੋਂ ਪਰਿਵਾਰ ਨੂੰ ਕੋਈ ਨਹੀਂ ਪੁੱਛਦਾ।
ਅਸੀਂ ਆਮ ਹੀ ਛੋਟੇ ਹੁੰਦੇ ਇੱਕ ਕਹਾਵਤ ਸੁਣਦੇ ਹੁੰਦੇ ਸਾਂ, ‘ਉਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ।’ ਭਾਵੇਂ ਅੱਜ ਦੇ ਸਮੇਂ ਇਹ ਅਖਾਣ ਆਪਣੇ ਅਰਥ ਗਵਾ ਚੁਕਾ ਹੈ, ਪਰ ਫਿਰ ਮਨੁੱਖੀ ਜੀਵਨ ਦੇ ਜਿਉਣ ਤੇ ਵਿਕਾਸ ਦਾ ਆਧਾਰ ਇਹ ਤਿੰਨੇ ਸਰੋਤ-ਖੇਤੀ, ਵਪਾਰ ਤੇ ਚਾਕਰੀ ਹਨ। ਖੇਤੀ ਦਾ ਉਹ ਉੱਤਮ ਦਰਜੇ ਵਾਲਾ ਰੁਤਬਾ ਹੁਣ ਗਵਾਚ ਗਿਆ ਹੈ। ਖੇਤੀ ਦਾ ਧੰਦਾ ਹੁਣ ਲਾਹੇਵੰਦਾਂ ਨਹੀਂ ਰਿਹਾ। ਹਰ ਸਾਲ ਹਜ਼ਾਰਾਂ ਕਿਸਾਨ ਖੇਤੀ ਤੋਂ ਢਿੱਡ ਨਾ ਭਰਦਾ ਵੇਖ ਕਿਸਾਨੀ ਛੱਡ ਰਹੇ ਹਨ। ਜ਼ਮੀਨ ਦੀ ਮਾਲਕੀ ਵੀ ਹਰ ਸਾਲ ਕਿਸਾਨਾਂ ਕੋਲ ਘਟਦੀ ਜਾ ਰਹੀ ਹੈ। ਇਸ ਲਈ ਹਜ਼ਾਰਾਂ ਕਿਸਾਨ ਮਜ਼ਦੂਰ ਹਰ ਸਾਲ ਖੇਤੀ ਤੋਂ ਵਿਹਲੇ ਹੋ ਰਹੇ ਹਨ। ਬੇਰੁਜਗਾਰਾਂ ਦੀ ਭੀੜ ਵਧਦੀ ਜਾ ਰਹੀ ਹੈ। ਰੋਟੀ ਰੋਜ਼ੀ ਦੀ ਭਾਲ ਵਿਚ ਲੋਕ ਪਲਾਇਨ ਕਰ ਰਹੇ ਹਨ।
ਵਪਾਰ ਆਮ ਮਨੁੱਖ ਦੇ ਵਸ ਦਾ ਰੋਗ ਨਹੀਂ ਹੈ। ਵਪਾਰ ਇੱਕ ਖਾਸ ਵਰਗ ਦੀ ਖੇਡ ਹੈ। ਵਪਾਰੀ ਸੋਚ ਦੇ ਲੋਕ ਇਕੱਲੇ ਵਸਤੂਆਂ ਦੇ ਪ੍ਰਸੰਗ ਵਿਚ ਹੀ ਪਾਸਕੂ ਨਹੀਂ ਰੱਖਦੇ, ਸਗੋਂ ਦੁਨੀਆਂ ਵਿਚ ਵਿਚਰਨ ਵੇਲੇ ਹਰ ਰਿਸ਼ਤੇ ਨੂੰ ਆਪਣੀ ਤਕੜੀ ਦੇ ਪੱਲੜੇ ਵਿਚ ਪਰਖਦੇ ਹਨ। ਮਨੁੱਖੀ ਰਿਸ਼ਤਿਆਂ ਨਾਲੋਂ ਬਾਜ਼ਾਰ ਨੂੰ ਤਰਜੀਹ ਦਿੰਦੇ ਹਨ। ਹੁਣ ਬਾਜ਼ਾਰ ਦਾ ਸਾਰੇ ਵਿਸ਼ਵ ‘ਤੇ ਕਬਜ਼ਾ ਹੈ ਅਤੇ ਬਾਜ਼ਾਰ ਹੀ ਤੈਅ ਕਰਦਾ ਹੈ ਕਿ ਤੁਸੀਂ ਕੀ ਖਾਣਾ ਹੈ, ਕੀ ਪਹਿਨਣਾ ਹੈ। ਸਾਡੇ ਜਿਉਣ ਢੰਗ ਨੂੰ ਬਾਜ਼ਾਰ ਇੰਨਾ ਪ੍ਰਭਾਵਿਤ ਕਰਦਾ ਹੈ ਕਿ ਮਨੁੱਖ ਨਿਮਾਣਾ ਤੇ ਨਿਤਾਣਾ ਬਣ ਕੇ ਰਹਿ ਗਿਆ ਹੈ। ਆਮ ਮਨੁੱਖ, ਜਿਸ ਕੋਲ ਕੋਈ ਕੰਮ ਚਲਾਉਣ ਲਈ ਨਾ ਕੋਈ ਤਜਰਬਾ ਹੈ ਅਤੇ ਨਾ ਹੀ ਕੋਲ ਕੋਈ ਪੈਸਾ ਹੈ, ਉਸ ਲਈ ਛੋਟਾ-ਮੋਟਾ ਕੰਮ ਕਰਨਾ ਔਖਾ ਹੈ।
ਇਸ ਲਈ ਆਮ ਮਨੁੱਖ ਦੇ ਨਿਰਬਾਹ ਲਈ ਧਨ ਪ੍ਰਾਪਤੀ ਦਾ ਸੋਮਾ ਚਾਕਰੀ ਹੀ ਬਚਦਾ ਹੈ। ਸੰਸਾਰ ਦੀ ਬਹੁਤੀ ਵਸੋਂ ਚਾਕਰੀ ‘ਤੇ ਹੀ ਗੁਜ਼ਾਰਾ ਕਰਦੀ ਹੈ। ਚਾਕਰੀ ਭਾਵ ਨੌਕਰੀ ਵਿਚ ਭਾਵੇਂ ਅਧੀਨਗੀ ਦੀ ਪ੍ਰਵਿਰਤੀ ਹਮੇਸ਼ਾ ਹਾਜ਼ਰ ਰਹਿੰਦੀ ਹੈ, ਪਰ ਮਨੁੱਖ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ। ਸੰਸਾਰ ਦੀ ਬਹੁਤੀ ਵਸੋਂ ਚਾਕਰੀ ਦੇ ਹੱਥੋਂ ਹੀ ਰੋਟੀ ਖਾਂਦੀ ਹੈ। ਮੈਂ ਕਾਰਪੋਰੇਟ ਜਗਤ ਦੀ ਗੱਲ ਨਹੀਂ ਕਰਦਾ, ਕਿਉਂਕਿ ਚਾਕਰੀ ਵਿਚ ਵੀ ਇੱਕ ਉੱਤਮ ਕਲਾਸ ਪੈਦਾ ਹੋ ਗਈ ਹੈ। ਇਸ ਉੱਤਮ ਕਲਾਸ ਦਾ ਆਮ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਇਹ ਉੱਤਮ ਕਲਾਸ ਰਾਜ-ਭਾਗ ਦੀ ਸਲਾਮਤੀ ਲਈ ਚਾਕਰੀ ਦੀਆਂ ਹੇਠੀਆਂ ਕਲਾਸਾਂ ਨੂੰ ਕੰਟਰੋਲ ਕਰਦੀ ਹੈ। ਹੇਠਲੀਆਂ ਚਾਕਰੀਆਂ ਕਰਦੀਆਂ ਸ਼੍ਰੇਣੀਆਂ ਨਾਲ ਉਨ੍ਹਾਂ ਦੀ ਦੁੱਖ-ਸੁੱਖ ਦੀ ਕੋਈ ਸਾਂਝ ਨਹੀਂ ਹੁੰਦੀ। ਉਨ੍ਹਾਂ ਦਾ ਕੰਮ ਇੰਨਾ ਹੁੰਦਾ ਹੈ ਕਿ ਹੇਠਲੀਆਂ ਕਲਾਸਾਂ ਨੂੰ ਕਿਵੇਂ ਨਪੀੜ ਕੇ ਰੱਖਿਆ ਜਾ ਸਕਦਾ ਹੈ ਤਾਂ ਕਿ ਇਹ ਲੋਕ ਸਟੇਟ ਦੀ ਸੇਵਾ ਵਿਚ ਰਹਿਣ, ਖਾਸ ਕਰਕੇ ਭਾਰਤ ਜਿਹੇ ਦੇਸ਼ਾਂ ਵਿਚ।
ਭਾਰਤ, ਜਿੱਥੇ ਆਬਾਦੀ ਬਹੁਤ ਹੈ ਅਤੇ ਗਰੀਬੀ ਦਾ ਕੋਈ ਅੰਤ ਨਹੀਂ। ਲੱਖਾਂ ਲੋਕ ਬੇਰੁਜ਼ਗਾਰ ਫਿਰ ਰਹੇ ਹਨ। ਭਾਵੇਂ ਬਹੁਤੀ ਵਸੋਂ ਕਾਰਖਾਨੇ, ਫੈਕਟਰੀਆਂ ਵਿਚ ਵੀ ਕੰਮ ਕਰਦੀ ਹੈ, ਫਿਰ ਵੀ ਜਦੋਂ ਨੌਜਵਾਨਾਂ ਦਾ ਆਮ ਜੀਵਨ ਵਿਚ ਰੋਟੀ ਦਾ ਕੋਈ ਸਾਧਨ ਨਹੀਂ ਬਣਦਾ ਤਾਂ ਇੱਕ ਫੌਜ ਹੀ ਉਨ੍ਹਾਂ ਨੂੰ ਆਸ ਦੀ ਕਿਰਨ ਦਿਸਦੀ ਹੈ, ਜਿਸ ਵਿਚ ਭਰਤੀ ਹੋ ਕੇ ਆਪਣੇ ਪਰਿਵਾਰ ਲਈ ਸਹਾਰਾ ਬਣ ਸਕਦਾ ਹੈ। ਇਸ ਲਈ ਗਰੀਬ ਪਰਿਵਾਰਾਂ ਦੇ ਹੁੰਦਲਹੇੜ ਬੱਚੇ ਫੌਜ ਵਿਚ ਭਰਤੀ ਹੋਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਭਾਰਤ ਜਿਹੇ ਦੇਸ਼ ਨੂੰ ਹਮੇਸ਼ਾ ਨਵੀਂ ਭਰਤੀ ਦੀ ਲੋੜ ਰਹਿੰਦੀ ਹੈ। ਜਿਸ ਦੀਆਂ ਸਰਹੱਦਾਂ ਬਹੁਤ ਲੰਮੀਆਂ ਹਨ ਅਤੇ ਗਵਾਂਢੀ ਮੁਲਖਾਂ ਨਾਲ ਸਬੰਧ ਵੀ ਬਹੁਤੇ ਸੁਖਾਵੇਂ ਨਹੀ ਹਨ। ਗਵਾਂਢੀ ਦੇਸ਼ ਪਾਕਿਸਤਾਨ ਹੋਵੇ ਜਾਂ ਚੀਨ, ਸਰਹੱਦ ‘ਤੇ ਹਮੇਸ਼ਾ ਜੰਗ ਵਾਲਾ ਮਾਹੌਲ ਬਣਿਆ ਰਹਿੰਦਾ ਹੈ। ਬਿਨਾ ਜੰਗ ਦੁਵੱਲੀ ਗੋਲੀਬਾਰੀ ਕਾਰਨ ਹਰ ਸਾਲ ਸੈਂਕੜੇ ਸੈਨਿਕ ਸ਼ਹੀਦ ਹੋ ਜਾਂਦੇ ਹਨ।
ਇਸ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਕਿ ਸਰਕਾਰ ਦੀ ਰਾਜਨੀਤੀ ਇਨ੍ਹਾਂ ਸ਼ਹੀਦੀਆਂ ਦੇ ਨਾਲ ਹੀ ਚਲਦੀ ਰਹਿੰਦੀ ਹੈ। ਫੌਜ ਲਈ ਦੇਸ਼ ਪ੍ਰੇਮ ਦਾ ਪਾਠ ਇਨ੍ਹਾਂ ਦਾ ਮੂਲ ਮੰਤਰ ਹੈ। ਠੱਗ, ਚੋਰ, ਵਿਭਚਾਰੀ ਲੋਕਾਂ ਦੇ ਰਾਜਨੀਤੀ ਵਿਚ ਸ਼ਾਮਲ ਹੋਣ ਨਾਲ ਇੱਕ ਲੁਟੇਰਾ ਜਮਾਤ ਪੈਦਾ ਹੋ ਗਈ ਹੈ। ਇਹ ਜਮਾਤ ਸੱਤਾ ‘ਤੇ ਕਾਬਜ ਰਹਿਣ ਲਈ ਕੋਈ ਵੀ ਢੰਗ-ਤਰੀਕਾ ਅਪਨਾ ਸਕਦੀ ਹੈ। ਇਹ ਆਪਣਾ ਹਿੱਤ ਵੇਖਦੀ ਹੈ, ਭਾਵੇਂ ਲੱਖਾਂ ਲੋਕ ਮਰ ਜਾਣ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਦਾ। ਸਰਹੱਦਾਂ ਦੇ ਮਸਲਿਆਂ ਨੂੰ ਜਾਣ-ਬੁੱਝ ਕੇ ਲਮਕਾਇਆ ਜਾਂਦਾ ਹੈ। ਰਾਸ਼ਟਰਵਾਦ ਦੇ ਨਾਂ ‘ਤੇ ਜਨਤਾ ਦਾ ਧਿਆਨ ਅੰਦਰੂਨੀ ਮਸਲਿਆਂ ਤੋਂ ਹਟਾਉਣ ਲਈ ਅਤੇ ਸੱਤਾ ‘ਤੇ ਕਾਬਜ਼ ਹੋਣ ਲਈ ਹਮੇਸ਼ਾ ਜੰਗ ਦਾ ਮਾਹੌਲ ਬਣਾ ਕੇ ਰੱਖਿਆ ਜਾਂਦਾ ਹੈ।
ਇਸ ਸਭ ਰਾਜਨੀਤੀ ਦੇ ਵਰਤਾਰੇ ਲਈ ਸਰਹੱਦ ‘ਤੇ ਖੜਾ ਸੈਨਿਕ ਬਲੀ ਦਾ ਬਕਰਾ ਬਣਦਾ ਹੈ। ਇੱਕ ਕੇਂਦਰੀ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਸੈਨਿਕ ਤਾਂ ਫੌਜ ਵਿਚ ਭਰਤੀ ਹੀ ਮਰਨ ਲਈ ਹੁੰਦਾ ਹੈ। ਸੁਆਲ ਹੈ ਕਿ ਇੱਕ ਸੈਨਿਕ ਨੂੰ ਜਿਉਣ ਦਾ ਹੱਕ ਨਹੀਂ ਹੈ? ਸ਼ਇਦ ਸੱਤਾ ਵਾਸਤੇ ਸੈਨਿਕ ਮਨੁੱਖ ਨਹੀਂ ਹੈ, ਬਲੀ ਦਾ ਇੱਕ ਬੱਕਰਾ ਹੈ। ਬੱਕਰੇ ਦੇ ਪਰਿਵਾਰ ਨੂੰ ਉਸ ਦੀ ਲੰਮੀ ਉਮਰ ਦੀ ਖੈਰ ਨਹੀਂ ਮੰਗਣੀ ਚਾਹੀਦੀ। ਲਾਸ਼ਾ ਦੇ ਤਾਬੂਤ ਇਸ ਤਰ੍ਹਾਂ ਹੀ ਘਰੀਂ ਆਉਂਦੇ ਰਹਿਣਗੇ ਅਤੇ ਪਿੱਛੋਂ ਪਰਿਵਾਰ ਆਪਣੀ ਹੋਣੀ ਸੰਗ ਇਸ ਤਰ੍ਹਾਂ ਹੀ ਮਰਦੇ-ਖਪਦੇ ਰਹਿਣਗੇ। ਦੋ ਟਕਿਆਂ ਦੀ ਨੌਕਰੀ ਤਾਬੂਤਾਂ ਵਿਚ ਇਸ ਤਰ੍ਹਾਂ ਹੀ ਬੰਦ ਹੁੰਦੀ ਰਹੇਗੀ!