ਪਾਸ਼ ਦੀ ਵਾਰਤਕ ਵਿਚ ਮਿਲਖਾ ਸਿੰਘ ਦੀ ਆਤਮ ਕਥਾ

ਪ੍ਰਿੰ. ਸਰਵਣ ਸਿੰਘ
ਫੋਨ: 91-94651-01651
ਅਵਤਾਰ ਸਿੰਘ ਸੰਧੂ ਉਰਫ ਪਾਸ਼ ਨੂੰ ਕੌਣ ਨਹੀਂ ਜਾਣਦਾ? ਉਹ ਪੰਜਾਬੀ ਦਾ ਨਾਮਵਰ ਨਕਸਲੀ ਕਵੀ ਸੀ। ਉਡਦੇ ਬਾਜਾਂ ਮਗਰ ਉਡਣ ਵਾਲਾ ਬਾਜ, ਸਿਰੇ ਦਾ ਇਨਕਲਾਬੀ; ਪਰ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਹਦੀ ਕਵਿਤਾ ਵਾਂਗ ਉਹਦੀ ਵਾਰਤਕ ਵੀ ਕਮਾਲ ਦੀ ਸੀ। ਉਸ ਨੇ ਵਾਰਤਕ ਦੀ ਇਕੋ ਕਿਤਾਬ ਲਿਖੀ ਤੇ ਉਹ ਵੀ ਮਿਲਖਾ ਸਿੰਘ ਦੇ ਨਾਂ। ਕਾਸ਼! ਉਹ ਖੁੱਲ੍ਹ ਕੇ ਵਾਰਤਕ ਲਿਖਦਾ। ਫਿਰ ਉਸ ਦੀ ਵਾਰਤਕ ਦੀ ਵੀ ਉਹਦੀ ਕਵਿਤਾ ਵਾਂਗ ਮਹਿਮਾ ਹੁੰਦੀ। ਸ਼ਮਸ਼ੇਰ ਸਿੰਘ ਸੰਧੂ ਕੋਲ ਲੇਖਕਾਂ, ਗਾਇਕਾਂ ਤੇ ਖਿਡਾਰੀਆਂ ਦੇ ਬਹੁਤ ਸਾਰੇ ਭੇਤ ਹਨ, ਜੋ ਉਹ ਮੂਡ ਵਿਚ ਆਇਆ ਆਪਣੇ ਮਿੱਤਰਾਂ ਨਾਲ ਸਾਂਝੇ ਕਰਦਾ ਰਹਿੰਦੈ। ‘ਫਲਾਈਂਗ ਸਿੱਖ ਮਿਲਖਾ ਸਿੰਘ’ ਦੀ ਆਤਮ ਕਥਾ ਲਿਖਣ ਦਾ ਵੇਰਵਾ ਵੀ ਸ਼ਮਸ਼ੇਰ ਸੰਧੂ ਨੇ ਹੀ ਮੈਨੂੰ ਦਿੱਤਾ ਸੀ। ਬੜਾ ਰੌਚਕ ਵੇਰਵਾ ਹੈ ਕਿ ਇਸ ਪੁਸਤਕ ਦਾ ਆਖਰੀ ਕਾਂਡ ਸੁਖਨਾ ਲੇਕ ਦੇ ਕੰਢੇ ਕਿਵੇਂ ਲਿਖਿਆ ਗਿਆ? ਅੰਗਰੇਜ਼ੀ ਦੇ ਇਕ ਵੱਡੇ ਅਖਬਾਰ ਵਿਚ ਲੇਖ ਛਪਿਆ, ‘ਪਾਸ਼ ਦੀ ਪ੍ਰੋਜ਼ ਦੇ ਪਰਾਂ ਉਤੇ ਉਡਦਾ ਮਿਲਖਾ ਸਿੰਘ!’

ਪਾਸ਼ ਸ਼ਮਸ਼ੇਰ ਦਾ ਪੱਗ-ਵੱਟ ਨਹੀਂ, ਲੰਗੋਟੀ-ਵੱਟ ਯਾਰ ਸੀ, ਪਰ ਸੀ ਰੁਸੇਵਿਆਂ ਮਨੇਵਿਆਂ ਵਾਲਾ। ਉਨ੍ਹਾਂ ਦੀ ਆਪਸ ਵਿਚ ਤਿੱਖੀ ਤਕਰਾਰ ਵੀ ਹੁੰਦੀ ਰਹਿੰਦੀ ਸੀ। ਉਹ ਬਹਿਸਦੇ ਸਨ, ਰੁੱਸਦੇ ਸਨ ਤੇ ਛੇਤੀ ਮੰਨ ਵੀ ਜਾਂਦੇ ਸਨ। ਸ਼ਮਸ਼ੇਰ ਲਿਖਦੈ, “ਅਸੀਂ ਆਪਸ ਵਿਚ ਲੜ ਵੀ ਪੈਂਦੇ ਸੀ। ਬੜੀ ਵਾਰ ਲੜੇ। ਕਈ ਵਾਰ ਲੜੇ। ਵਾਰ ਵਾਰ ਲੜੇ। ਕਿਸੇ ਕਿਸੇ ਵਾਰੀ ਤਾਂ ਇੰਜ ਹੁੰਦਾ ਸੀ ਕਿ ਬੱਸ ਇਹ ਆਖਰੀ ਲੜਾਈ ਹੈ ਤੇ ਮੁੜ ਇਕ-ਦੂਜੇ ਦੇ ਮੱਥੇ ਨਹੀਂ ਲੱਗਾਂਗੇ, ਪਰ ਕਦੇ ਚਿੱਠੀਆਂ ਰਾਹੀਂ ਸੁਲ੍ਹਾ-ਸਫਾਈ ਹੋ ਜਾਂਦੀ ਸੀ, ਕਦੇ ਆਹਮੋ-ਸਾਹਮਣੇ ਹੁੰਦਿਆਂ ਅੱਖਾਂ ਮਿਲਣ ‘ਤੇ। ਅਸੀਂ ਕਿਉਂ ਲੜਦੇ ਸੀ, ਇਹ ਵੀ ਨਹੀਂ ਸੀ ਪਤਾ ਲੱਗਦਾ ਅਤੇ ਏਨਾ ਅਰਸਾ ਬੀਤਣ ‘ਤੇ ਵੀ ਕੁਝ ਨਹੀਂ ਸੁੱਝ ਰਿਹਾ ਕਿ ਕਿਉਂ ਲੜਦੇ ਸੀ? ਊਂ ਪਛਤਾਵਾ ਜਿਹਾ ਜ਼ਰੂਰ ਹੈ। ਜੇ ਪਤਾ ਹੁੰਦਾ ਪਾਸ਼ ਨੇ ਸਦਾ ਲਈ ਵਿਛੜ ਜਾਣਾ ਤਾਂ ਸ਼ਾਇਦ ਇਕ ਵਾਰ ਵੀ ਨਾ ਲੜਦੇ!”
ਪਾਸ਼ ਦਾ ਜਨਮ 9 ਸਤੰਬਰ 1950 ਨੂੰ ਨਕੋਦਰ ਨੇੜੇ ਪਿੰਡ ਤਲਵੰਡੀ ਸਲੇਮ ਵਿਚ ਹੋਇਆ ਸੀ ਤੇ ਉਹਦਾ ਕਤਲ ਵੀ ਤਲਵੰਡੀ ਸਲੇਮ ਵਿਚ ਹੀ 23 ਮਾਰਚ 1988 ਨੂੰ ਹੋਇਆ। ਬਾਅਦ ਵਿਚ ਉਹਦੇ ਜੀਵਨ ਤੇ ਰਚਨਾ ਬਾਰੇ ਪੁਸਤਕ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਲਿਖੀ ਗਈ।
ਪਾਸ਼ ਦੀ ਰਚਨਾ ਪੰਜਾਬੀ ਖੇਡ ਸਾਹਿਤ ਦਾ ਵਧੀਆ ਨਮੂਨਾ ਹੈ। ਮੈਂ ਅੱਜ ਕੱਲ੍ਹ ‘ਚੋਣਵਾਂ ਪੰਜਾਬੀ ਖੇਡ ਸਾਹਿਤ’ ਪੁਸਤਕ ਤਿਆਰ ਕਰ ਰਿਹਾਂ। ‘ਫਲਾਈਂਗ ਸਿੱਖ ਮਿਲਖਾ ਸਿੰਘ’ ਪੁਸਤਕ ਵਿਚੋਂ ਪਾਸ਼ ਦੀ ਵਾਰਤਕ ਦੇ ਕੁਝ ਅੰਸ਼ ਹਾਜ਼ਰ ਹਨ। ਮਿਲਖਾ ਸਿੰਘ ਨੇ ਪੁਸਤਕ ਦੇ ‘ਧੰਨਵਾਦੀ ਸ਼ਬਦ’ ਸਿਰਲੇਖ ਹੇਠਾਂ ਲਿਖਿਆ ਹੈ, “ਪਾਸ਼ ਅਤੇ ਤਰਸੇਮ ਪੁਰੇਵਾਲ ਦਾ ਧੰਨਵਾਦੀ ਹਾਂ, ਜਿਨ੍ਹਾਂ ਇਸ ਪੁਸਤਕ ਨੂੰ ਸਿਰੇ ਚੜ੍ਹਾਉਣ ਵਿਚ ਮੇਰਾ ਹੱਥ ਵਟਾਇਆ।” ਅੱਗੇ ਲਿਖਿਆ ਹੈ, “ਮੈਂ ਇਹ ਪੁਸਤਕ, ਦੇਸ਼ ਦੇ ਉਨ੍ਹਾਂ ਖਿਡਾਰੀਆਂ ਦੇ ਨਾਂ ਸੌਂਪਦਾ ਹਾਂ, ਜਿਹੜੇ ਖੇਡ-ਮੈਦਾਨ ਵਿਚ ਜੌਹਰ ਦਿਖਾਉਂਦੇ-ਦਿਖਾਉਂਦੇ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਕੇ ਰੋਜ਼ੀ ਤੋਂ ਆਹਰੀ ਹੋ ਜਾਂਦੇ ਹਨ ਜਾਂ ਆਪਣੇ ਪਿੱਛੇ ਆਪਣੇ ਗਰੀਬ ਪਰਿਵਾਰ ਛੱਡ ਜਾਂਦੇ ਹਨ। ਮੇਰੇ ਮਰਨ ਬਾਅਦ ਇਸ ਪੁਸਤਕ ਦੀ ਸਾਰੀ ਵੱਟਤ ਮੈਂ ‘ਆਲ ਇੰਡੀਆ ਐਥਲੀਟਸ ਵੈਲਫੇਅਰ ਐਸੋਸੀਏਸ਼ਨ’ ਦੇ ਨਾਂ ਸਮਰਪਿਤ ਕਰਦਾ ਹਾਂ-ਮਿਲਖਾ ਸਿੰਘ।”
ਹੱਥ ਵਟਾਉਣ ਬਾਰੇ ਦੱਸਣਾ ਉਚਿਤ ਹੋਵੇਗਾ ਕਿ ਮਿਲਖਾ ਸਿੰਘ ਦੇ ਦੋਸਤ ਤਰਸੇਮ ਪੁਰੇਵਾਲ, ਸੰਪਾਦਕ ‘ਦੇਸ ਪ੍ਰਦੇਸ’ ਨੇ, ਆਪਣੇ ਮੈਗਜ਼ੀਨ ਲਈ ਪੰਜਾਬ ਤੋਂ ਲਿਖਣ ਸਮੱਗਰੀ ਮੁਹੱਈਆ ਕਰਨ ਵਾਲੇ ਪਾਸ਼ ਤੋਂ ਮਾਣਭੱਤੇ ਸਹਿਤ ਮਿਲਖਾ ਸਿੰਘ ਦੀ ਆਤਮ ਕਥਾ ਲਿਖਵਾਈ ਸੀ। ਕਿੰਨੇ ਮਾਣਭੱਤੇ ‘ਚ ਲਿਖਵਾਈ, ਇਹ ਮੇਰੇ ਨਾਲੋਂ ਸੰਧੂ ਨੂੰ ਵੱਧ ਪਤੈ। ਲਓ ਪਾਸ਼ ਦੀ ਖੇਡ ਸ਼ੈਲੀ ‘ਚ ਮਿਲਖਾ ਸਿੰਘ ਦੀ ਆਤਮ ਕਥਾ ਦੇ ਰੰਗ ਮਾਣੋ:
ਜ਼ਿੰਦਗੀ ਸ਼ਾਇਦ ਧਰਤੀ ਉਪਰ ਵਾਪਰਨ ਵਾਲੀ ਸਭ ਤੋਂ ਵੱਡੀ ਕਰਾਮਾਤ ਹੈ। ਅਸੰਖਾਂ ਤਾਰਿਆਂ, ਧਰਤੀਆਂ ਤੇ ਸੂਰਜਾਂ ਦੀ ਅਨੰਤ ਕਾਲ ਤੋਂ ਖੇਡੀ ਜਾ ਰਹੀ ਇਸ ਖੇਡ ਵਿਚ ਮਨੁੱਖ ਬੱਸ ਇਕ ਛੋਟਾ ਜਿਹਾ ਖਿਡਾਰੀ ਹੈ। ਮਨੁੱਖੀ ਦਿਲ ਦੀ ਇਕ ਇਕ ਧੜਕਣ ਵਿਚ ਓੜਕਾਂ ਦੀ ਤਾਕਤ, ਫੁਰਤੀ ਅਤੇ ਸੰਭਾਵਨਾਵਾਂ ਹਨ। ਕੁਦਰਤ ਦੇ ਇਸ ਭੇਦ ਨੂੰ ਸਮਝ ਕੇ ਮਨ ਵਿਚ ਵਸਾਉਣ ਵਾਲਾ ਵਿਅਕਤੀ ਜ਼ਰੂਰੀ ਨਹੀਂ ਕਿ ਮਿਲਖਾ ਸਿੰਘ ਹੀ ਹੋਵੇ, ਕੋਈ ਵੀ ਹੋਰ ਹੋ ਸਕਦਾ ਹੈ।
ਜ਼ਿੰਦਗੀ ਦੀ ਇਹ ਖੇਡ ਨਾ ਹੀ ਮੈਂ ਸ਼ੁਰੂ ਕੀਤੀ ਹੈ ਤੇ ਨਾ ਹੀ ਇਹ ਮੇਰੇ ਨਾਲ ਖਤਮ ਹੋਣੀ ਹੈ। ਮੈਂ ਤਾਂ ਸਿਰਫ ਇਕ ਸਦੀ ਦਾ ਕੁਝ ਹਿੱਸਾ ਇਸ ਦੇ ਵਿਸ਼ਾਲ ਸਟੇਡੀਅਮ ਵਿਚ ਆਪਣੇ ਜਿਸਮ ਨੂੰ ਲੈ ਕੇ ਧੜਕਿਆ ਹਾਂ ਤੇ ਕਿਸੇ ਦਿਨ ਹੋਰਨਾਂ ਖਿਡਾਰੀਆਂ ਨੂੰ ਕੰਮਾਂ ਕਾਰਾਂ ਵਿਚ ਰੁੱਝੇ ਹੋਏ ਛੱਡ ਕੇ ਮਲਕੜੇ ਜਿਹੇ ਇਸ ਸਟੇਡੀਅਮ ਵਿਚੋਂ ਬਾਹਰ ਨਿਕਲ ਜਾਵਾਂਗਾ।
ਮੈਨੂੰ ਹਾਲੇ ਤਕ ਨਹੀਂ ਪਤਾ ਕਿ ਮੇਰਾ ਜਨਮ ਕਿਹੜੀ ਘੜੀ, ਕਿਹੜੇ ਦਿਨ ਤੇ ਕਿਹੜੇ ਸਾਲ ਵਿਚ ਹੋਇਆ। ਮੈਂ ਤੇਜ਼ੀ ਨਾਲ ਦੌੜ ਰਹੇ ਸਮੇਂ ਵਿਚ ਬਹੁਤ ਹੌਲੀ ਤੁਰ ਰਹੇ ਪਿੰਡ ਵਿਚ ਪੈਦਾ ਹੋਇਆ ਸਾਂ। ਇਕ ਅਜਿਹੇ ਪਿੰਡ ਵਿਚ, ਜਿਥੋਂ ਦੇ ਲੋਕਾਂ ਲਈ ਉਨ੍ਹਾਂ ਦੀਆਂ ਜਨਮ ਤਰੀਕਾਂ ਦਾ ਕੋਈ ਮਹੱਤਵ ਨਹੀਂ ਸੀ। ਉਨ੍ਹਾਂ ਲੋਕਾਂ ਨੂੰ ਸਿਰਫ ਵਾਪਰ ਰਹੇ ‘ਹੁਣ’ ਨਾਲ ਹੀ ਵਾਸਤਾ ਸੀ। ਬੀਤ ਗਏ ਜਾਂ ਆਉਣ ਵਾਲੇ ਸਮੇਂ ਉਨ੍ਹਾਂ ਲਈ ਧੁੰਦਲੇ ਜਿਹੇ ਸੁਫਨਿਆਂ ਜਿਹੀ ਵਿਸ਼ੇਸ਼ਤਾ ਰੱਖਦੇ ਸਨ। ਸਾਡਾ ਪਿੰਡ ਸ਼ਹਿਰ ਤੋਂ ਕੋਈ ਛੇ ਕੋਹਾਂ ਦੀ ਵਿੱਥ ‘ਤੇ ਸੀ। ਮੇਰੇ ਪਿਤਾ ਸ਼ ਸੰਪੂਰਨ ਸਿੰਘ ਜੀ, ਬੜੇ ਸਿੱਧੇ ਸਾਦੇ ਅਨਪੜ੍ਹ ਵਿਅਕਤੀ ਸਨ…।
ਖੇਤੀਬਾੜੀ ਸਾਡਾ ਖਾਨਦਾਨੀ ਕਿੱਤਾ ਸੀ। ਦੋ ਕੱਚੇ ਕੋਠਿਆਂ ਦਾ ਘਰ ਸੀ ਸਾਡਾ। ਇਕ ਵਿਚ ਡੰਗਰ ਬੱਝਦੇ ਅਤੇ ਉਹਦੇ ਵਿਚ ਹੀ ਚਾਰਾ ਪਿਆ ਰਹਿੰਦਾ, ਦੂਜੇ ਵਿਚ ਅਸੀਂ ਆਪ ਤੇ ਸਾਡਾ ਨਿੱਕਾ ਮੋਟਾ ਸਾਮਾਨ। ਬੱਸ ਏਹੋ ਸਾਡੀ ਦੁਨੀਆਂ ਸੀ। ਅਸੀਂ ਪੰਜ ਭਰਾ ਤੇ ਤਿੰਨ ਭੈਣਾਂ ਸਨ…।
ਤੜਕੇ ਚਾਰ ਕੁ ਵਜੇ ਉਠ ਕੇ ਅਸੀਂ ਸਕੂਲ ਲਈ ਤੁਰ ਪੈਂਦੇ ਸਾਂ ਤੇ ਛੇ ਕੋਹ ਦੀ ਵਾਟ ਕਰਕੇ ਮਸਾਂ ਪ੍ਰਾਰਥਨਾ ਦੇ ਸਮੇਂ ਸਕੂਲ ਪਹੁੰਚਦੇ ਸਾਂ। ਉਸ ਸਮੇਂ ਲੋਕਾਂ ਕੋਲ ਘੜੀਆਂ ਨਹੀਂ ਸਨ ਹੁੰਦੀਆਂ। ਸ਼ਹਿਰ ਨੂੰ ਆਉਂਦੀ ਗੱਡੀ ਤੋਂ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਸਕੂਲ ਦਾ ਸਮਾਂ ਹੋ ਗਿਆ ਹੈ। ਸਿਆਲਾਂ ਵਿਚ ਸਕੂਲ ਨੂੰ ਜਾਂਦੇ ਹੋਏ ਸਾਡੇ ਹੱਥ ਪੈਰ ਸੁੰਨ ਹੋ ਜਾਂਦੇ ਸਨ। ਕੋਹਰਾ ਅੱਖਾਂ ਦਿਆਂ ਭਰਵੱਟਿਆਂ ‘ਤੇ ਜੰਮ ਜਾਂਦਾ। ਅਸੀਂ ਸੰਘਣੀਆਂ ਧੁੰਦਾਂ ਵਿਚ ਦੀ ਆਪਣੀ ਪਗਡੰਡੀ ਨੂੰ ਲੱਭ ਲੱਭ ਕੇ ਤੁਰੇ ਜਾਂਦੇ। ਗਰਮੀਆਂ ਵਿਚ ਰੇਤ ਦਿਆਂ ਟਿੱਬਿਆਂ ‘ਤੇ ਸਾਡੇ ਪੈਰ ਭੁੱਜ ਕੇ ਖਿੱਲਾਂ ਬਣ ਜਾਂਦੇ। ਇਨ੍ਹਾਂ ਤਪਦਿਆਂ ਟਿੱਬਿਆਂ ਉਤੇ ਮੇਰਾ ਬਚਪਨ ਨਿੱਕੀ ਨਿੱਕੀ ਛਾਂ ਦੇ ਟੁਕੜਿਆਂ ਖਾਤਰ ਦੌੜਦਾ ਰਿਹਾ। ਗਰਮ-ਗਰਮ ਰੇਤੇ ਉਤੇ ਚੱਕਵੇਂ ਪੈਰੀਂ ਦੌੜਨਾ ਅਤੇ ਜਿਥੇ ਕਿਤੇ ਥੋੜ੍ਹੀ ਜਿਹੀ ਛਾਂ ਲੱਭਣੀ, ਉਥੇ ਚੌਫਾਲ ਡਿੱਗ ਕੇ ਆਪਣੇ ਪੈਰਾਂ ਨੂੰ ਠੰਢੇ ਕਰਨ ਦੀ ਕੋਸ਼ਿਸ਼ ਕਰਨੀ। ਸ਼ਾਇਦ ਇਹ ਮੇਰੇ ਜੀਵਨ ਦੀਆਂ ਪਹਿਲੀਆਂ ਦੌੜਾਂ ਸਨ, ਜਿਨ੍ਹਾਂ ਨੇ ਅੱਗੇ ਜਾ ਕੇ ਮੇਰੇ ਦੌੜਾਕ ਬਣਨ ਵਜੋਂ ਜ਼ਿੰਦਗੀ ਦਾ ਆਧਾਰ ਬਣਨਾ ਸੀ…।
ਫਿਰ 1947 ਦਾ ਕਹਿਰ ਸਾਡੀ ਧਰਤੀ ਉਪਰ ਵਾਪਰਿਆ। ਸਾਮਰਾਜ ਦੀ ਚਾਲ ਨੇ ਸਾਡੇ ਦੇਸ਼ ਵਾਸੀਆਂ ਦੇ ਲਹੂਆਂ ਵਿਚ ਜ਼ਹਿਰ ਘੋਲ ਦਿੱਤਾ। ਲੋਕ ਇਨਸਾਨ ਨਾ ਰਹੇ, ਹਿੰਦੂ ਜਾਂ ਮੁਸਲਮਾਨ ਬਣ ਗਏ। ਫਸਾਦਾਂ ਦਿਆਂ ਪੁੜਾਂ ਵਿਚ ਮਨੁੱਖਤਾ ਦੇ ਸੋਹਲ ਰਿਸ਼ਤੇ ਕੁਚਲੇ ਗਏ। ਧਰਤੀ ਬੇਵਸੀ ਜਿਹੀ ਨਾਲ ਅਸਮਾਨ ਵੱਲ ਤੱਕਦੀ ਰਹੀ ਤੇ ਅਸਮਾਨ ਇਨਸਾਨਾਂ ਦੀ ਮੂਰਖਤਾ ਉਤੇ ਹੱਸਦਾ ਰਿਹਾ। ਮੇਰੇ ਮਾਤਾ-ਪਿਤਾ ਤੇ ਭੈਣ-ਭਰਾ ਮਾਰੇ ਗਏ। ਇਨ੍ਹਾਂ ਘਟਨਾਵਾਂ ਨੇ ਮੈਥੋਂ ਮੇਰਾ ਬਚਪਨ ਖੋਹ ਲਿਆ। ਇਕ ਉਦਾਸੀ ਉਮਰ ਭਰ ਮੇਰੇ ਨਾਲ ਤੁਰੀ। ਅੱਜ ਵੀ ਕਦੇ ਕਦੇ ਮੇਰਾ ਗਵਾਚੀ ਚੰਚਲਤਾ ਲਈ ਰੋਣ ਨੂੰ ਦਿਲ ਕਰਦਾ ਹੈ…।
ਇਹ ਮੇਰਾ ਪਰਿਵਾਰਕ ਪਿਛੋਕੜ ਹੈ। ਮੇਰਾ ਬਚਪਨ, ਮੇਰੀ ਜਨਮ ਭੂਮੀ ਤੇ ਮੇਰੇ ਪਰਿਵਾਰ ਦੇ ਮੋਹ ਭਿੱਜੇ ਚਿਹਰੇ ਅੱਜ ਵੀ ਮੇਰੇ ਦਿਲ ਅੰਦਰ ਟੁਕੜੇ-ਟੁਕੜੇ ਹੋਏ ਪਏ ਹਨ। ਮੈਂ ਇਨ੍ਹਾਂ ਟੁਕੜਿਆਂ ਨੂੰ ਵਾਰ-ਵਾਰ ਜੋੜਨ ਦੇ ਯਤਨ ਕਰਦਾ ਹਾਂ। ਮੇਰੀਆਂ ਸੱਖਣੀਆਂ ਹਥੇਲੀਆਂ ਖੁੱਲ੍ਹਦੀਆਂ ਤੇ ਬੰਦ ਹੁੰਦੀਆਂ ਹਨ। ਕੁਝ ਵੀ ਪਕੜ ਵਿਚ ਨਹੀਂ ਆਉਂਦਾ…।
ਮੈਂ ਪਿੰਡੋਂ ਨਿਕਲ ਕੇ ਰਾਤੋ ਰਾਤ ਕੋਟ ਅੱਦੂ ਸ਼ਹਿਰ ਤੋਂ ਗੱਡੀ ਜਾ ਫੜੀ। ਇਹ ਗੱਡੀ ਪਿਛਿਉਂ ਖੂਨ ਨਾਲ ਲਿਬੜੀ ਹੋਈ ਆਈ ਸੀ। ਮੈਂ ਇਕ ਜ਼ਨਾਨੇ ਡੱਬੇ ਵਿਚ ਚੋਰੀ ਵੜ ਕੇ, ਬਹਿਣ ਵਾਲੇ ਫੱਟੇ ਥੱਲੇ ਪੈ ਗਿਆ। ਕੁਝ ਬੁਰਕੇ ਵਾਲੀਆਂ ਔਰਤਾਂ ਨੇ ਮੈਨੂੰ ਫੱਟੇ ਥੱਲੇ ਪਏ ਨੂੰ ਵੇਖ ਲਿਆ। ਉਨ੍ਹਾਂ ਮੈਨੂੰ ਕੋਈ ਚੋਰ ਸਮਝਿਆ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਉਨ੍ਹਾਂ ਔਰਤਾਂ ਅੱਗੇ ਹੱਥ ਜੋੜੇ ਤੇ ਉਨ੍ਹਾਂ ਦੇ ਪੈਰ ਫੜ ਕੇ ਆਪਣੀ ਜ਼ਿੰਦਗੀ ਦੀ ਭੀਖ ਮੰਗੀ। ਮੈਂ ਰੋਂਦਿਆਂ ਕੁਰਲਾਉਂਦਿਆਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਮੁਲਤਾਨ ਜਾਣਾ ਹੈ। ਜੇ ਤੁਸੀਂ ਕਿਸੇ ਮੁਸਲਮਾਨ ਨੂੰ ਦੱਸ ਦਿੱਤਾ ਤਾਂ ਉਨ੍ਹਾਂ ਮੈਨੂੰ ਇਥੇ ਹੀ ਵੱਢ ਛੱਡਣਾ ਹੈ। ਔਰਤ ਦਾ ਦਿਲ ਸ਼ੁਰੂ ਤੋਂ ਹੀ ਤਰਸ ਤੇ ਪਿਆਰ ਦਾ ਖਜਾਨਾ ਮੰਨਿਆ ਜਾਂਦਾ ਹੈ। ਮੇਰੇ ਇੰਜ ਡਡਿਆਉਣ ‘ਤੇ ਉਨ੍ਹਾਂ ਨੂੰ ਦਇਆ ਆ ਗਈ ਤੇ ਉਨ੍ਹਾਂ ਨੇ ਮੇਰੇ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ। ਮੈਂ ਬਚ ਕੇ ਮੁਲਤਾਨ ਪਹੁੰਚ ਗਿਆ। ਉਨ੍ਹਾਂ ਮੁਸਲਮਾਨ ਔਰਤਾਂ ਵਿਚ ਵੀ ਮਮਤਾ ਸੀ, ਜਿਨ੍ਹਾਂ ਮੇਰੀ ਹਿਫਾਜ਼ਤ ਕੀਤੀ।
ਉਸ ਵੇਲੇ ਮੇਰੀ ਉਮਰ 14-15 ਸਾਲ ਦੀ ਸੀ। ਮੇਰੇ ਭਰਾ ਨੇ ਮੈਨੂੰ ਆਪਣੀ ਵਹੁਟੀ ਜੀਤੋ ਨਾਲ ਫੌਜੀ ਟਰੱਕ ਵਿਚ ਬਿਠਾ ਦਿੱਤਾ ਤੇ ਅਸੀਂ ਫਿਰੋਜ਼ਪੁਰ ਪਹੁੰਚ ਗਏ। ਮੈਂ ਨਿਆਸਰਿਆਂ ਵਾਂਗ ਫੌਜੀ ਕੈਂਪਾਂ ਵਿਚ ਘੁੰਮਦਾ ਰਿਹਾ। ਕੁਝ ਸਿਪਾਹੀ ਮੈਨੂੰ ਬੂਟ ਪਾਲਿਸ਼ ਕਰਨ ਦਾ ਕੰਮ ਦੇ ਦਿੰਦੇ ਤੇ ਉਸ ਬਦਲੇ ਵਿਚ ਮੈਨੂੰ ਦੋ ਚਾਰ ਰੋਟੀਆਂ ਤੇ ਲੰਗਰ ਵਿਚੋਂ ਥੋੜ੍ਹੀ ਜਿਹੀ ਦਾਲ ਲਿਆ ਦਿੰਦੇ। ਉਸ ਵਿਚੋਂ ਕੁਝ ਮੈਂ ਆਪ ਖਾ ਲੈਂਦਾ ਤੇ ਕੁਝ ਆਪਣੀ ਭਾਬੀ ਲਈ ਲੈ ਜਾਂਦਾ। ਕਿਸੇ ਕਿਸੇ ਦਿਨ ਭੁੱਖੇ ਭਾਣੇ ਵੀ ਸੌਣਾ ਪੈਂਦਾ। ਫਿਰ ਅਸੀਂ ਦਿੱਲੀ ਪਹੁੰਚ ਗਏ…।
ਜਦ ਕੰਮ ਨਾ ਮਿਲਦਾ, ਕੋਲ ਪੈਸਾ ਨਾ ਹੁੰਦਾ, ਤਾਂ ਚੋਰੀ ਵੀ ਕਰਨੀ ਪਈ। ਸ਼ਾਹਦਰੇ ਰੇਲਵੇ ਸਟੇਸ਼ਨ ‘ਤੇ ਮਾਲ ਗੱਡੀਆਂ ਆ ਕੇ ਠਹਿਰਦੀਆਂ ਸਨ। ਅਸੀਂ ਕੁਝ ਮੁੰਡਿਆਂ ਨੇ ਰਲ ਕੇ ਉਥੋਂ ਖੰਡ ਦੀ ਬੋਰੀ, ਚਾਵਲ ਜਾਂ ਪੱਥਰ ਦੇ ਕੋਇਲੇ ਚੋਰੀ ਕਰ ਲਿਆਉਣੇ ਤੇ ਬਜ਼ਾਰ ਵਿਚ ਸਸਤੇ ਭਾਅ ਵੇਚ ਦੇਣੇ। ਮੇਰੀ ਡਿਊਟੀ ਆਮ ਤੌਰ ‘ਤੇ ਪਹਿਰੇ ਉਤੇ ਲਾਈ ਜਾਂਦੀ। ਮੇਰੇ ਨਾਲ ਦੇ ਮੁੰਡੇ ਮਾਲ ਗੱਡੀ ਦੇ ਡੱਬਿਆਂ ਵਿਚ ਵੜ ਕੇ ਆਪਣਾ ਹੱਥ ਸਾਫ ਕਰਦੇ ਤੇ ਅਸੀਂ ਰਾਤ ਦੇ ਹਨੇਰੇ ਵਿਚ ਅਲੋਪ ਹੋ ਜਾਂਦੇ। ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਨ੍ਹਾਂ ਸਟੇਸ਼ਨ ਦੀ ਨਿਗਰਾਨੀ ਸਖਤ ਕਰ ਦਿੱਤੀ। ਸਾਡਾ ਪਿੱਛਾ ਕੀਤਾ ਗਿਆ ਤੇ ਮੇਰੇ ਕੁਝ ਸਾਥੀ ਫੜੇ ਗਏ। ਮੈਂ ਕੁਝ ਹੋਰ ਮੁੰਡਿਆਂ ਨਾਲ ਭੱਜਣ ਤੇ ਲੁਕਣ ਵਿਚ ਕਾਮਯਾਬ ਹੋ ਗਿਆ…।
ਸੰਨ 1948 ਵਿਚ ਮੈਂ ਸ਼ਾਹਦਰੇ ਤੋਂ ਦਿੱਲੀ ਬਿਨਾ ਟਿਕਟ ਸਫਰ ਕਰ ਰਿਹਾ ਸਾਂ ਕਿ ਰਸਤੇ ਵਿਚ ਪੁਲਿਸ ਦੇ ਸਪੈਸ਼ਲ ਸਟਾਫ ਨੇ ਚੈਕਿੰਗ ਕੀਤੀ ਤੇ ਮੈਂ ਫੜਿਆ ਗਿਆ। ਮੈਜਿਸਟ੍ਰੇਟ ਨੇ ਮੈਨੂੰ ਸੌ ਰੁਪਏ ਜੁਰਮਾਨਾ ਕਰ ਦਿੱਤਾ। ਜੇ ਮੇਰੇ ਕੋਲ ਸੌ ਰੁਪਿਆ ਹੁੰਦਾ ਤਾਂ ਮੈਂ ਬਿਨਾ ਟਿਕਟ ਸਫਰ ਕਾਹਨੂੰ ਕਰਦਾ? ਮੈਨੂੰ ਤਿੰਨ ਮਹੀਨਿਆਂ ਦੀ ਕੈਦ ਸਖਤ ਸੁਣਾਈ ਗਈ। ਦੋ ਸਿਪਾਹੀ ਮੈਨੂੰ ਹੱਥਕੜੀਆਂ ਮਾਰ ਕੇ ਜੇਲ੍ਹ ਲੈ ਗਏ…। ਆਖਰ ਮੇਰੀ ਭੈਣ ਨੂੰ ਪਤਾ ਲੱਗਾ ਤਾਂ ਵਿਚਾਰੀ ਨੇ ਆਪਣੇ ਕੰਨਾਂ ਦੀਆਂ ਵਾਲੀਆਂ ਗਹਿਣੇ ਰੱਖ ਕੇ 100 ਰੁਪਿਆ ਲਿਆ ਤੇ ਉਹ ਸੌ ਰੁਪਿਆ ਜੁਰਮਾਨੇ ਦੇ ਰੂਪ ਵਿਚ ਅਦਾ ਕਰ ਕੇ 20 ਦਿਨਾਂ ਬਾਅਦ ਮੈਨੂੰ ਜੇਲ੍ਹ ਤੋਂ ਬਾਹਰ ਲਿਆਂਦਾ…।
ਨਵੰਬਰ 1952 ਵਿਚ ਸ੍ਰੀਨਗਰ ਵਿਖੇ ਮੇਰੇ ਫੌਜੀ ਭਰਾ ਨੇ ਸਿਫਾਰਸ਼ ਕਰ ਕੇ ਮੈਨੂੰ ਫੌਜ ਵਿਚ ਭਰਤੀ ਕਰਾ ਦਿੱਤਾ। ਪਹਿਲਾਂ ਤਿੰਨ ਵਾਰ ਮੈਂ ਭਰਤੀ ਹੋਣ ਵਿਚ ਅਸਫਲ ਰਿਹਾ ਸਾਂ। ਸ੍ਰੀਨਗਰ ਤੋਂ ਸਾਨੂੰ ਮਿਲਟਰੀ ਦੀ ਗੱਡੀ ਵਿਚ ਬਿਠਾ ਦਿੱਤਾ ਗਿਆ, ਫਿਰ ਪਠਾਨਕੋਟ ਤੋਂ ਸਿਕੰਦਰਾਬਾਦ ਈ. ਐਮ. ਈ. ਸੈਂਟਰ ਪਹੁੰਚ ਗਿਆ। ਜਦੋਂ ਸਾਡੀ ਟ੍ਰੇਨਿੰਗ ਸ਼ੁਰੂ ਹੋਈ ਤਾਂ ਬੜੇ ਸਖਤ ਕੰਮ ਕਰਨੇ ਪਏ। ਏਨੀ ਸਖਤੀ ਹੋਣ ਲੱਗੀ ਕਿ ਦਿਲ ਕੀਤਾ, ਇਥੋਂ ਭੱਜ ਜਾਵਾਂ। ਸਾਡੇ ਗਰੁੱਪ ਵਿਚੋਂ ਦੋ ਮੁੰਡੇ ਪਹਿਲਾਂ ਹੀ ਦੌੜ ਗਏ ਸਨ। ਸ਼ਾਇਦ ਮੈਂ ਵੀ ਭੱਜ ਜਾਂਦਾ, ਪਰ ਅਚਾਨਕ ਇਕ ਦਿਨ ਅਜਿਹੀ ਘਟਨਾ ਵਾਪਰੀ, ਜਿਸ ਨੇ ਮੇਰੀ ਜ਼ਿੰਦਗੀ ਦਾ ਰੁਖ ਹੀ ਪਲਟ ਦਿੱਤਾ।
ਜਨਵਰੀ 1953, ਸਨਿਚਰਵਾਰ ਦੀ ਇਕ ਰਾਤ ਨੂੰ ਗਿਣਤੀ ਸਮੇਂ ਦੱਸਿਆ ਗਿਆ ਕਿ ਕੱਲ੍ਹ ਛੇ ਮੀਲ ਦੀ ਦੌੜ ਹੋਵੇਗੀ। ਇਸ ਦੌੜ ਵਿਚ ਪਿੱਠੂ ਲੱਗਾ ਹੋਇਆ ਅਤੇ ਮਿਲਟਰੀ ਵਾਲੇ ਵੱਡੇ ਬੂਟ ਪਾਏ ਹੋਣਗੇ, ਪੰਜ ਸੌ ਜੁਆਨਾਂ ਵਿਚੋਂ ਜਿਹੜੇ ਦਸ ਪਹਿਲਾਂ ਆ ਜਾਣਗੇ, ਉਨ੍ਹਾਂ ਦਸਾਂ ਜਵਾਨਾਂ ਦੀ ਡਿਊਟੀ ਮਾਫ ਕਰ ਦਿੱਤੀ ਜਾਵੇਗੀ। ਉਨ੍ਹਾਂ ਨੂੰ ਠੀਕ ਢੰਗ ਨਾਲ ਦੌੜਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਦੁੱਧ ਦਾ ਗਲਾਸ ਵੀ ਮਿਲਿਆ ਕਰੇਗਾ। ਮੈਂ ਪਹਿਲੇ ਦਸਾਂ ਵਿਚੋਂ ਛੇਵੇਂ ਨੰਬਰ ‘ਤੇ ਆਇਆ। ਇਥੋਂ ਖਿਡਾਰੀ ਦੇ ਤੌਰ ‘ਤੇ ਮੇਰੀ ਜ਼ਿੰਦਗੀ ਦਾ ਸਫਰ ਅਰੰਭ ਹੁੰਦਾ ਹੈ। ਉਸ ਰਾਤ ਨੂੰ ਹਾਜ਼ਰੀ ਸਮੇਂ ਸਾਡੇ ਨਾਂ ਬੋਲੇ ਗਏ। ਏਡੀ ਵੱਡੀ ਗਿਣਤੀ ਦੇ ਸਾਹਮਣੇ ਇਕ ਸਿਪਾਹੀ ਦਾ ਨਾਂ ਬੋਲਣਾ ਉਸ ਸਮੇਂ ਬੜੀ ਫਖਰ ਦੀ ਗੱਲ ਸੀ। ਉਸ ਸਮੇਂ ਮੈਨੂੰ ਅਥਾਹ ਖੁਸ਼ੀ ਦਾ ਅਹਿਸਾਸ ਹੋਇਆ।
ਖੇਡਾਂ ਵਿਚ ਖਿਡਾਰੀ ਦੇ ਮਨੋਬਲ ਦੀ ਬਹੁਤ ਅਹਿਮ ਥਾਂ ਹੈ। ਚੈਂਪੀਅਨ ਹੋਣਾ ਜਿੰਨਾ ਸਰੀਰਕ ਮਸਲਾ ਹੈ, ਉਨਾ ਹੀ ਮਨੋਵਿਗਿਆਨਕ ਵੀ ਹੈ। ਮੇਰੇ ਉਸਤਾਦਾਂ ਨੇ ਮੇਰੇ ਮਨ ਵਿਚ ਇਹ ਗੱਲ ਪੂਰੀ ਤਰ੍ਹਾਂ ਭਰ ਦਿੱਤੀ ਕਿ ਮੈਂ 400 ਮੀਟਰ ਬਹੁਤ ਹੀ ਚੰਗਾ ਦੌੜ ਸਕਦਾ ਹਾਂ। ਮੈਂ ਕੋਚ ਸਾਹਿਬਾਨ ਦਾ ਲਿਖ ਕੇ ਦਿੱਤਾ ਹੋਇਆ ਕੰਮ ਬੇਹੱਦ ਜੋਸ਼ ਤੇ ਮਿਹਨਤ ਨਾਲ ਕਰਦਾ ਸਾਂ।
ਮੇਰੀ ਦ੍ਰਿੜਤਾ ਦਾ ਕਾਰਨ ਮੇਰੀ ਜ਼ਿੰਦਗੀ ਦਾ ਪਿਛੋਕੜ ਸੀ। ਜਿਸ ਵੇਲੇ ਮੈਂ ਗਰਾਊਂਡ ਵਿਚ ਦੌੜਦਾ, ਮੇਰਾ ਭੂਤਕਾਲ ਤੇ ਭਵਿੱਖ ਮੇਰੇ ਨਾਲ ਦੌੜ ਰਹੇ ਹੁੰਦੇ।
ਇਸ ਤਰ੍ਹਾਂ ਮੈਂ ਉਲੰਪਿਕ ਵਾਸਤੇ ਇੰਡੀਆ ਦੀ ਟੀਮ ਵਿਚ ਚੁਣਿਆ ਗਿਆ।
ਅਸੀਂ ਮੈਲਬੌਰਨ ਪਹੁੰਚ ਗਏ, ਜਿਥੇ ਉਲੰਪਿਕ ਖੇਡਾਂ ਹੋਣ ਵਾਲੀਆਂ ਸਨ। ਇਨ੍ਹਾਂ ਖੇਡਾਂ ਵਿਚ ਜਾ ਕੇ ਮੈਨੂੰ ਏਨਾ ਲਾਭ ਜ਼ਰੂਰ ਹੋਇਆ ਕਿ ਮੈਂ ਦੁਨੀਆਂ ਦੇ ਬਹੁਤ ਸਾਰੇ ਖਿਡਾਰੀਆਂ ਨੂੰ ਤੱਕਿਆ। ਉਨ੍ਹਾਂ ਤੋਂ ਪ੍ਰੇਰਨਾ ਲਈ ਅਤੇ ਸਿੱਖਣ ਦਾ ਯਤਨ ਕੀਤਾ।
ਸੰਨ 1956 ਤੇ 57 ਦਾ ਵਰ੍ਹਾ ਮੇਰੀ ਕਠਿਨ ਤਪੱਸਿਆ ਦਾ ਸਮਾਂ ਸੀ। ਇਸ ਸਮੇਂ ਵਿਚ ਮੈਂ ਇੰਨੀ ਕਰੜੀ ਮਿਹਨਤ ਕੀਤੀ ਕਿ ਆਪਣੇ ਆਪ ਨੂੰ ਮਿੱਟੀ ਵਿਚ ਮਿਲਾ ਦਿੱਤਾ। ਮੇਰੇ ਉਤੇ ਇਸ ਸ਼ੇਅਰ ਦਾ ਡੂੰਘਾ ਪ੍ਰਭਾਵ ਸੀ,
ਮਿਟਾ ਦੇ ਆਪਣੀ ਹਸਤੀ ਅਗਰ ਕੋਈ ਮਰਤਬਾ ਚਾਹੇ,
ਕਿ ਦਾਣਾ ਖਾਕ ਮੇਂ ਮਿਲ ਕਰ ਗੁਲੋ ਗੁਲਜ਼ਾਰ ਹੋਤਾ ਹੈ।
ਗਰਾਊਂਡ ਮੇਰੇ ਲਈ ਪੂਜਾ ਦਾ ਸਥਾਨ ਬਣ ਗਿਆ। ਉਹਦੇ ਨਿੱਕੇ-ਨਿੱਕੇ ਘਾਹ ਵਿਚ ਜ਼ਿੰਦਗੀ ਦਾ ਫਲਸਫਾ ਦਿਸਣ ਲੱਗ ਪਿਆ। ਮਿਹਨਤ ਅਤੇ ਜੀਅ ਤੋੜਵੀਂ ਮਿਹਨਤ, ਮੇਰਾ ਧਰਮ ਬਣ ਗਈ। ਜ਼ਿੰਦਗੀ ਦੇ ਦੂਜੇ ਸਵਾਦ ਮੇਰੀ ਨਿੱਤ-ਕ੍ਰਿਆ ਵਿਚੋਂ ਇਸ ਤਰ੍ਹਾਂ ਅਲੋਪ ਹੋ ਗਏ, ਜਿਵੇਂ ਕੋਈ ਦਿਨ ਚੜ੍ਹੇ ਰਾਤ ਦੇ ਸੁਫਨਿਆਂ ਨੂੰ ਭੁੱਲ ਜਾਵੇ। ਮੇਰਾ ਚਾਅ, ਮੇਰੀ ਹਸਰਤ, ਮੇਰਾ ਈਮਾਨ, ਸਭ ਕੁਝ ਦੌੜ ਦੇ ਮੈਦਾਨ ਨੂੰ ਸਮਰਪਿਤ ਹੋ ਚੁਕਾ ਸੀ। ਦੌੜਨਾ ਤੇ ਨਵੇਂ ਢੰਗਾਂ ਨਾਲ ਦੌੜਨਾ ਮੇਰਾ ਇਸ਼ਕ ਬਣ ਗਿਆ।
ਟੋਕੀਓ ਅਬਦੁੱਲ ਖਾਲਿਕ ਕੋਲ ਥੱਲਵੀਂ ਲੇਨ ਸੀ ਤੇ ਮੇਰੇ ਕੋਲ ਉਤਲੀ। 100 ਮੀਟਰ ਦੋਹਾਂ ਨੇ ਬੜੀ ਤੇਜ਼ੀ ਨਾਲ ਖਤਮ ਕੀਤੇ। ਅਖੀਰਲੇ ਸੌ ਮੀਟਰ ਸਾਡੇ ਦੋਹਾਂ ਦੇ ਕਦਮ ਮਿਲ ਗਏ ਤੇ ਦੋਹਾਂ ਨੇ ਬਰਾਬਰ ਇਕ ਦੂਜੇ ‘ਤੇ ਚੜ੍ਹ ਕੇ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ। ਫਿਨਿਸ਼ ਲਾਈਨ ਤੋਂ ਤਿੰਨ ਚਾਰ ਗਜ ਪਹਿਲਾਂ ਮੇਰੀ ਸੱਜੀ ਲੱਤ ਦਾ ਮਸਲ ਖਿੱਚਿਆ ਗਿਆ। ਮੇਰੀ ਸੱਜੀ ਲੱਤ ਖੱਬੀ ਵਿਚ ਫਸ ਗਈ ਤੇ ਮੈਂ ਭੁੜਕ ਕੇ ਫਿਨਿਸ਼ ਲਾਈਨ ਉਤੇ ਜਾ ਡਿੱਗਿਆ। ਅਬਦੁੱਲ ਖਾਲਿਕ ਵੀ ਉਸੇ ਵਕਤ ਟੇਪ ਨੂੰ ਛੋਹਿਆ। ਕੈਮਰੇ ਦੇ ਫੋਟੋ ਆਉਣ ਤੋਂ ਅੱਧਾ ਘੰਟਾ ਪਿਛੋਂ ਐਲਾਨ ਹੋਇਆ ਕਿ ਮਿਲਖਾ ਸਿੰਘ ਅੱਵਲ ਆਇਆ ਹੈ ਤੇ ਅਬਦੁੱਲ ਖਾਲਿਕ ਦੂਜੇ ਨੰਬਰ ‘ਤੇ। ਅਬਦੁੱਲ ਖਾਲਿਕ ਦੀਆਂ ਅੱਖਾਂ ਵਿਚ ਹੰਝੂ ਭਰ ਆਏ। ਮੈਂ ਸੋਨੇ ਦਾ ਦੂਜਾ ਤਗਮਾ ਜਿੱਤ ਕੇ ਏਸ਼ੀਆ ਦਾ ਬੈੱਸਟ ਐਥਲੀਟ ਬਣ ਗਿਆ।
ਮੈਂ ਕਮਰੇ ਵਿਚ ਪਹੁੰਚ ਕੇ ਬੀਤੇ ਦੀਆਂ ਸੋਚਾਂ ‘ਚ ਖੋ ਗਿਆ: ਪਿੰਡੋਂ ਇਕ ਗੰਵਾਰ ਜਿਹਾ ਮੁੰਡਾ ਲੁਕ-ਲੁਕਾ ਕੇ ਗੱਡੀ ਚੜ੍ਹਦਾ ਹੈ। ਫੱਟਿਆਂ ਥੱਲੇ ਸਾਹ ਘੜੀਸ ਕੇ ਪਏ ਨੂੰ ਔਰਤਾਂ ਦੇਖ ਲੈਂਦੀਆਂ ਹਨ, ਮੁੰਡਾ ਗਿੜ-ਗੜਾ ਰਿਹਾ ਹੈ…ਮੁੰਡਾ ਆਪਣੇ ਗੋਡੇ ‘ਤੇ ਬੂਟ ਰੱਖ ਕੇ ਪਾਲਸ਼ ਨਾਲ ਲਿਸ਼ਕਾ ਰਿਹਾ ਹੈ…ਮੁੰਡਾ ਕਾਰਖਾਨੇ ਵਿਚ ਆਪਣੀ ਚਰਬੀ ਢਾਲ ਰਿਹਾ… ਮੁੰਡੇ ਵਿਚ ਜਿਉਣ ਦੀ ਭਾਵਨਾ ਖੌਰੂ ਪਾ ਰਹੀ ਹੈ…ਹੁਣ ਉਹ ਉੱਚਾ ਉਠਣਾ ਸ਼ੁਰੂ ਕਰਦਾ ਹੈ, ਉਚਾ ਹੀ ਉੱਚਾ…ਦੁਨੀਆਂ ਦੀ ਸ਼ਾਨੋ-ਸ਼ੌਕਤ ਦੇ ਮੀਨਾਰਾਂ ਦੇ ਹਾਣ ਦਾ ਉਹਦਾ ਕੱਦ ਹੋ ਰਿਹਾ ਹੈ…।
1958 ਦੀਆਂ ਕਾਮਨਵੈੱਲਥ ਖੇਡਾਂ ਕਾਰਡਿਫ ਵਿਚ ਹੋਈਆਂ ਸਨ। 400 ਮੀਟਰ ਦੀ ਫਾਈਨਲ ਦੌੜ ਦਾ ਜੋ ਨਜ਼ਾਰਾ ਪਾਸ਼ ਦੀ ਕਲਮ ਨੇ ਪੇਸ਼ ਕੀਤਾ, ਉਹ ਪੰਜਾਬੀ ਖੇਡ ਸਾਹਿਤ ਦਾ ਉੱਤਮ ਨਮੂਨਾ ਹੈ: ਪਹਿਲੀ ਤਿੰਨ ਸੌ ਮੀਟਰ ਦੌੜ ਮੈਂ ਬੜੇ ਜ਼ੋਰ ਨਾਲ ਖਿੱਚੀ। ਜਦ ਮੈਲਸਪੈਂਸ ਨੇ ਮੈਨੂੰ ਵੇਖਿਆ ਕਿ ਮਿਲਖਾ ਸਿੰਘ ਬੜੀ ਤੇਜ਼ੀ ਨਾਲ ਜਾ ਰਿਹੈ ਤਾਂ ਉਸ ਨੇ ਮੈਨੂੰ ਫੜਨ ਦੀ ਕੋਸ਼ਿਸ਼ ਕੀਤੀ। ਜਿਸ ਵੇਲੇ ਤਿੰਨ ਸੌ ਗਜ ਦੌੜ ਚੁੱਕਿਆ ਤਾਂ ਮੈਂ ਸਭ ਤੋਂ ਅੱਗੇ ਸੀ ਤੇ ਜਦ ਮੈਂ ਚੋਰ ਅੱਖ ਨਾਲ ਥੋੜ੍ਹਾ ਪਿਛਾਂਹ ਨੂੰ ਵੇਖਿਆ ਤਾਂ ਮੈਲਸਪੈਂਸ ਦੇ ਪੈਰਾਂ ਦੀ ਆਵਾਜ਼ ਮੇਰੇ ਕੰਨੀਂ ਪਈ। ਉਹ ਮੇਰੇ ਮੌਰਾਂ ‘ਤੇ ਚੜ੍ਹ ਆਇਆ ਸੀ। ਮੈਂ ਪਿੱਛੇ ਨੂੰ ਵੇਖਣਾ ਛੱਡ ਦਿੱਤਾ। ਮੈਂ ਉਤਨੇ ਹੀ ਜ਼ੋਰ ਨਾਲ ਅੱਗੇ ਵਧਦਾ ਰਿਹਾ। ਜਦ ਪੰਜਾਹ ਗਜ ਰਹਿ ਗਏ ਤਾਂ ਮੈਨੂੰ ਸਫੈਦ ਧਾਗਾ ਦਿਸਣਾ ਸ਼ੁਰੂ ਹੋ ਗਿਆ। ਮੈਂ ਇਕੱਲਾ ਅਗਾਂਹ ਨੂੰ ਵਧ ਰਿਹਾ ਸੀ, ਪਰ ਮੈਨੂੰ ਮੈਲਸਪੈਂਸ ਦਾ ਡਰ ਸੀ ਕਿ ਹੁਣ ਵੀ ਅੱਗੇ ਨਿਕਲਿਆ, ਹੁਣ ਵੀ ਨਿਕਲਿਆ। ਪਰ ਉਹ ਅੱਗੇ ਨਾ ਨਿਕਲ ਸਕਿਆ ਤੇ ਇਕ ਗਜ ਦੀ ਵਿੱਥ ਅਖੀਰ ਤਕ ਬਣੀ ਰਹੀ। ‘ਕਮ ਆਨ ਸਿੰਘ’ ‘ਕਮ ਆਨ ਸਿੰਘ’ ਦਾ ਸ਼ੋਰ ਮੇਰੇ ਕੰਨਾਂ ਵਿਚ ਗੂੰਜ ਰਿਹਾ ਸੀ, ਜਦ ਮੈਂ ਧਾਗਾ ਜਾ ਤੋੜਿਆ। ਫਿਰ ਮੈਨੂੰ ਦੁਨੀਆਂ ਦੀ ਕੋਈ ਹੋਸ਼ ਨਾ ਰਹੀ। ਮੈਂ ਬੇਹੋਸ਼ ਹੋ ਕੇ ਡਿੱਗ ਪਿਆ। ਕੁਝ ਆਵਾਜ਼ਾਂ ਮੇਰੇ ਕੰਨਾਂ ਵਿਚ ਪੈ ਰਹੀਆਂ ਸਨ, ਪਰ ਕੋਈ ਸ਼ਬਦ ਨਹੀਂ ਸੀ ਬਣ ਰਿਹਾ। ਨਾ ਕੁਝ ਅੱਖਾਂ ਤੋਂ ਨਜ਼ਰ ਆ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਜਦ ਮੈਂ ਗਰਾਊਂਡ ਵਿਚ ਲੰਮਾ ਪਿਆ ਸੀ ਤਾਂ ਦੋ ਨਰਸਾਂ ਤੇ ਦੋ ਡਾਕਟਰ ਦੌੜ ਕੇ ਗਰਾਊਂਡ ਵਿਚ ਆ ਵੜੇ ਤੇ ਮੈਨੂੰ ਸਟਰੈਚਰ ਵਿਚ ਪਾ ਕੇ ਡਾਕਟਰ ਵਾਲੇ ਕਮਰੇ ਵਿਚ ਲੈ ਗਏ। ਜਾਂਦਿਆਂ ਹੀ ਉਨ੍ਹਾਂ ਮੈਨੂੰ ਆਕਸੀਜਨ ਚੜ੍ਹਾ ਦਿੱਤੀ ਅਤੇ ਠੰਢੇ ਤੌਲੀਏ ਨੂੰ ਮੇਰੇ ਮੂੰਹ, ਲੱਤਾਂ ਅਤੇ ਬਾਹਾਂ ਉਤੇ ਫੇਰਨ ਲੱਗ ਪਏ। ਗੁਲੂਕੋਜ਼ ਦਾ ਪਾਣੀ ਵੀ ਮੇਰੇ ਮੂੰਹ ਵਿਚ ਪਾਇਆ ਗਿਆ। ਪੰਦਰਾਂ ਮਿੰਟਾਂ ਬਾਅਦ ਮੈਨੂੰ ਹੋਸ਼ ਆਈ। ਮੈਨੂੰ ਕਿਹਾ ਗਿਆ ਕਿ ਤੁਸੀਂ ਰੇਸ ਜਿੱਤ ਗਏ ਹੋ ਤੇ ਤੁਹਾਨੂੰ ਟੈਲੀਵਿਜ਼ਨ ਸੈਂਟਰ ਬੁਲਾਇਆ ਜਾ ਰਿਹਾ ਹੈ। ਜਦ ਮੈਂ ਸਟੇਡੀਅਮ ਵਿਚ ਕੱਪੜੇ ਵਾਪਸ ਲੈਣ ਗਿਆ ਤਾਂ ਤਾੜੀਆਂ ਦੀ ਗੂੰਜ ਨੇ ਮੈਨੂੰ ਕੰਬਾਅ ਦਿੱਤਾ। ਖੁਸ਼ੀ ਨਾਲ ਮੁਸਕਰਾਉਂਦੇ ਨੇ ਮੈਂ ਸਟੇਡੀਅਮ ਦਾ ਚੱਕਰ ਲਾਇਆ। ਟੈਲੀਵਿਜ਼ਨ ਵਾਲੇ ਮੈਨੂੰ ਕਮਰੇ ਵਿਚ ਲੈ ਗਏ। ਉਨ੍ਹਾਂ ਪੁੱਛਿਆ, “ਮਿਸਟਰ ਸਿੰਘ, ਇਹ ਦੌੜ ਜਿੱਤਣ ਮਗਰੋਂ ਤੈਨੂੰ ਕੀ ਮਹਿਸੂਸ ਹੁੰਦਾ ਹੈ?”
ਮੈਂ ਉੱਤਰ ਦਿੱਤਾ, “ਮੈਂ ਉਹੀ ਕੁਝ ਮਹਿਸੂਸ ਕਰਦਾ ਹਾਂ ਜੋ ਕੋਈ ਜੇਤੂ ਦੌੜ ਜਿੱਤਣ ਮਗਰੋਂ ਕਰ ਸਕਦਾ ਹੈ।” ਅਗਲਾ ਸਵਾਲ ਸੀ, “ਇਸ ਜਿੱਤ ਦੇ ਵੇਲੇ ਤੂੰ ਆਪਣੇ ਮੁਲਕ ਲਈ ਕੋਈ ਸੰਦੇਸ਼ ਭੇਜਣਾ ਚਾਹੇਂਗਾ?” ਮੈਂ ਜਵਾਬ ਦਿੱਤਾ, “ਐ ਮੇਰੇ ਦੇਸ਼, ਤੇਰੇ ਪੁੱਤਰ ਨੇ ਆਪਣਾ ਫਰਜ਼ ਅਦਾ ਕਰ ਦਿੱਤਾ ਹੈ ਤੇ ਏਹੋ ਮੰਗ ਮੈਂ ਆਪਣੇ ਦੇਸ਼ ਦੇ ਹੋਰ ਨੌਜਵਾਨਾਂ ਤੋਂ ਕਰਾਂਗਾ।”
ਖਾਸ ਗੱਲ ਇਹ ਸੀ ਕਿ ਮਿਲਖਾ ਸਿੰਘ ਤੋਂ ਪਹਿਲਾਂ ਕੋਈ ਹੋਰ ਹਿੰਦੁਸਤਾਨੀ ਖਿਡਾਰੀ ਬ੍ਰਿਟਿਸ਼ ਅੰਪਾਇਰ ਐਂਡ ਕਾਮਨਵੈਲਥ ਗੇਮਜ਼ ਖੇਡਾਂ ਵਿਚ ਅੱਵਲ ਨਹੀਂ ਸੀ ਆਇਆ…।
ਤੇ 1960 ਵਿਚ ਲੱਗੀ ਲਾਹੌਰ ਦੀ ਦੌੜ ਦਾ ਨਜ਼ਾਰਾ ਪਾਸ਼ ਨੇ ਇੰਜ ਬਿਆਨ ਕੀਤਾ: ਸਟਾਰਟਰ ਸਾਡੇ ਪਿੱਛੇ ਇਕ ਟੇਬਲ ‘ਤੇ ਖੜ੍ਹਾ ਹੋ ਗਿਆ। ਉਸ ‘ਆਨ ਯੂਅਰ ਮਾਰਕ’ ਕਿਹਾ ਤੇ ਫਾਇਰ ਕਰ ਦਿੱਤਾ। ਦੌੜ ਸ਼ੁਰੂ ਹੋ ਗਈ। ਚੁੱਪ ਬੈਠੇ ਦਰਸ਼ਕਾਂ ਦੇ ਮੂੰਹ ਖੁੱਲ੍ਹ ਗਏ। ‘ਪਾਕਿਸਤਾਨ ਜ਼ਿੰਦਾਬਾਦ’ ਤੇ ‘ਅਬਦੁੱਲ ਖਾਲਿਕ ਅੱਗੇ ਵਧੇ’ ਦੇ ਨਾਅਰੇ ਗੂੰਜਣ ਲੱਗੇ। ਜਿਸ ਵੇਲੇ ਮੇਰਾ ਮੋਢਾ ਉਸ ਦੇ ਮੋਢੇ ਨਾਲ ਮਿਲਿਆ ਤਾਂ ਉਹ ਦੌੜਦੇ-ਦੌੜਦੇ ਸਖਤ ਹੋਣਾ ਸ਼ੁਰੂ ਹੋ ਗਿਆ ਤੇ ਉਸ ਦੀ ਸਪੀਡ ਘਟਣੀ ਸ਼ੁਰੂ ਹੋ ਗਈ। ਮੇਰੇ ਕਦਮ ਜੋਸ਼ ਨਾਲ ਇਉਂ ਉਠ ਰਹੇ ਸਨ, ਜਿਵੇਂ ਮੇਰਾ ਸਾਰਾ ਸਰੀਰ ਹਵਾ ਵਿਚ ਉਡਿਆ ਜਾ ਰਿਹਾ ਹੋਵੇ। 200 ਮੀਟਰ ਦੀ ਦੌੜ ਮੈਂ ਅਬਦੁੱਲ ਖਾਲਿਕ ਤੋਂ 10 ਗਜ ਅੱਗੇ ਖਤਮ ਕੀਤੀ ਤੇ ਵਰਲਡ ਰਿਕਾਰਡ ਮੁਕਾਬਲੇ ਦਾ ਟਾਈਮ 20.7 ਸਕਿੰਟ ਕੱਢਿਆ।
ਦੌੜ ਮਗਰੋ ਮੈਨੂੰ ਸਟੇਡੀਅਮ ਦਾ ਇਕ ਚੱਕਰ ਲਾਉਣ ਲਈ ਕਿਹਾ ਗਿਆ। ਮੈਂ ਜਦ ਦੌੜ ਕੇ ਚੱਕਰ ਲਾ ਰਿਹਾ ਸਾਂ ਤਾਂ ਮਾਈਕ ਤੋਂ ਅਨਾਊਂਸ ਕੀਤਾ ਗਿਆ, “ਮਿਲਖਾ ਸਿੰਘ, ਜਿਹੜਾ ਤੁਹਾਡੇ ਅੱਗਿਓਂ ਦੀ ਲੰਘ ਰਿਹਾ ਹੈ, ਇਹ ਦੌੜਿਆ ਨਹੀਂ ਸਗੋਂ ਉਡਿਆ ਹੈ। ਇਸ ਦੀ ਇਹ ਜਿੱਤ ਪਾਕਿਸਤਾਨ ਦੇ ਇਤਿਹਾਸ ਵਿਚ ਲਿਖੀ ਜਾਵੇਗੀ ਤੇ ਅਸੀਂ ਇਸ ਨੂੰ ‘ਫਲਾਈਂਗ ਸਿੱਖ’ ਦਾ ਖਿਤਾਬ ਦਿੰਦੇ ਹਾਂ।”
ਮੈਂ ਚੱਕਰ ਕੱਟਦਾ ਹੋਇਆ ਔਰਤਾਂ ਦੇ ਪਾਸੇ ਗਿਆ ਤਾਂ ਉਨ੍ਹਾਂ ਮੂੰਹਾਂ ਤੋਂ ਬੁਰਕੇ ਚੁੱਕ ਦਿੱਤੇ ਤਾਂ ਜੋ ਮੈਨੂੰ ਚੰਗੀ ਤਰ੍ਹਾਂ ਵੇਖ ਸਕਣ। ਮਗਰੋਂ ਬੁਰਕੇ ਚੁੱਕਣ ਵਾਲੀ ਘਟਨਾ ਦਾ ਜ਼ਿਕਰ ਬਹੁਤ ਸਾਰੀਆਂ ਅਖਬਾਰਾਂ ਵਿਚ ਹੋਇਆ। ਲਾਹੌਰ ਤੋਂ ਹੀ ਮੈਨੂੰ ‘ਫਲਾਈਂਗ ਸਿੱਖ’ ਕਿਹਾ ਜਾਣਾ ਸ਼ੁਰੂ ਹੋ ਗਿਆ। ਤੇ ਹੌਲੀ-ਹੌਲੀ ਪੂਰੀ ਦੁਨੀਆਂ ਵਿਚ ਮੇਰਾ ਨਾਂ ‘ਫਲਾਈਂਗ ਸਿੱਖ’ ਹੀ ਮਸ਼ਹੂਰ ਹੋ ਗਿਆ।
ਅਖੀਰ ਵਿਚ ਪੁਸਤਕ ‘ਫਲਾਈਂਗ ਸਿੱਖ ਮਿਲਖਾ ਸਿੰਘ’ ਦੇ ਮੁੱਖ ਬੰਦ ਦਾ ਮੁਢਲਾ ਪੈਰਾ ਦੇਣਾ ਵੀ ਵਾਜਬ ਹੋਵੇਗਾ: ਖਿਡਾਰੀ ਹੋਣ ਦਾ ਅਰਥ ਤਪੱਸਵੀ ਹੋਣਾ ਹੈ। ‘ਸਪੋਰਟਸਮੈਨਸ਼ਿਪ’ ਦੇ ਸਹਿਜ ਅਰਥਾਂ ਨੂੰ ਵਾਚੀਏ ਤਾਂ ਇਹ ਗੁਰੂਆਂ, ਪੀਰਾਂ ਦੇ ਦੱਸੇ ਪੰਜ ਤੱਤਾਂ-ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਨਾਸ਼ ਕਰਨਾ ਹੀ ਹੈ। ਵਾਟਰਲੂ ਦੀ ਲੜਾਈ ਕਿਵੇਂ ਵੀ ਜਿੱਤੀ ਗਈ ਹੋਵੇ, ਬੰਦਾ ਬਹਾਦਰ ਦੀਆਂ ਵਿਸ਼ਾਲ ਜਿੱਤਾਂ ਦਾ ਗੁਰੂ ਸਾਹਿਬ ਵੱਲੋਂ ਹੋਲਾ-ਮਹੱਲਾ ਵਿਚ ਪ੍ਰਚਲਿਤ ਕੀਤੀਆਂ ਖੇਡ ਪਰੰਪਰਾਵਾਂ ਨਾਲ ਡੂੰਘਾ ਸਬੰਧ ਹੈ। ਇਸੇ ਤਰ੍ਹਾਂ ਯੂਨਾਨ ਦੀ ਪੂਰਵ-ਵਿਕਸਿਤ ਸਭਿਅਤਾ ਦੇ ਆਧਾਰਾਂ ਨੂੰ ਸਮਝਣ ਲਈ, ਉਥੋਂ ਦੀ ਖੇਡ-ਪਰੰਪਰਾ ਦੇ ਯੋਗਦਾਨ ਤੇ ਮਹੱਤਵ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜੇ ਅੱਜ ਸਾਰੀ ਦੁਨੀਆਂ, ਦਰਸ਼ਨ, ਵਿਗਿਆਨ ਅਤੇ ਕਲਾ-ਖੇਤਰਾਂ ਵਿਚ ਯੂਨਾਨ ਦੀ ਦੇਣਦਾਰ ਹੈ ਤਾਂ ਇਸ ਦਾ ਸਬੱਬ, ਪ੍ਰਾਚੀਨ ਯੂਨਾਨੀਆਂ ਦਾ ਖੇਡਾਂ ਪ੍ਰਤੀ ਅਦਭੁੱਤ ਨਜ਼ਰੀਆ ਹੀ ਹੈ। ਯੂਨਾਨ ਦੀ ਫਿਲਾਸਫੀ ਦਾ ਮੱਤ ਹੈ, ਸਿਰਫ ਸਿਹਤਮੰਦ ਸਰੀਰ ਵਿਚ ਹੀ ਪਵਿੱਤਰ ਆਤਮਾ ਨਿਵਾਸ ਕਰ ਸਕਦੀ ਹੈ।
ਤੋੜਾ: ਮਿਲਖਾ ਸਿੰਘ ਦਾ ਕਹਿਣਾ ਹੈ ਕਿ ਮੇਰੇ ਘਰ ਕਦੇ ਚੋਰ ਨਹੀਂ ਵੜੇ। ਚੋਰਾਂ ਨੂੰ ਪਤਾ ਹੈ, ਭੱਜਣ ਨਹੀਂ ਦੇਵਾਂਗਾ; ਪਰ ਇਕ ਲਤੀਫਾ ਉਹਦੇ ਬਾਰੇ ਫਿਰ ਵੀ ਜੁੜ ਗਿਆ-ਮਿਲਖਾ ਸਿੰਘ ਦੇ ਘਰ ਇਕ ਵਾਰ ਚੋਰ ਆ ਵੜੇ। ਪਤਨੀ ਨੇ ਜਾਗ ਆ ਜਾਣ ‘ਤੇ ਮਿਲਖਾ ਸਿੰਘ ਨੂੰ ਜਗਾਉਣਾ ਚਾਹਿਆ, ਪਰ ਉਹ ਬੇਫਿਕਰੀ ਨਾਲ ਸੁੱਤਾ ਰਿਹਾ ਕਿ ਚੋਰ ਕਿਤੇ ਨਹੀਂ ਦੌੜ ਚੱਲੇ। ਚੋਰ ਦੌੜੇ ਤਾਂ ਉਹ ਸਹਿਜ ਨਾਲ ਉਠਿਆ, ਦੌੜਨ ਵਾਲੇ ਬੂਟ ਕੱਸੇ ਤੇ ਚੋਰਾਂ ਮਗਰ ਦੌੜ ਪਿਆ। ਇਕ ਬੰਦੇ ਨੇ ਰੋਕਦਿਆਂ ਪੁੱਛਿਆ, “ਮਿਲਖਾ ਸਿੰਘ, ਅੱਧੀ ਰਾਤ ਕਿਧਰ ਦੌੜ ਰਹੇ ਓ!”
ਉਹਦਾ ਉੱਤਰ ਸੀ, “ਚੋਰਾਂ ਮਗਰ ਦੌੜਿਆ ਸਾਂ। ਉਨ੍ਹਾਂ ਨੂੰ 400 ਮੀਟਰ ਪਿੱਛੇ ਛੱਡ ਆਇਆਂ!”