ਚਾਨਣ ਦਾ ਵਣਜਾਰਾ: ਡਾ. ਜਸਵੰਤ ਸਿੰਘ

ਡਾ. ਐੱਮ. ਪੀ. ਸਤੀਜਾ
ਫੋਨ: +91-98774-86160
ਡਾ. ਸੁਖਦੇਵ ਸਿੰਘ
ਫੋਨ: +91-78887-05824
ਪਰਲੋਕ ਵਿਚ ਸਵਰਗ ਦੀ ਪ੍ਰਾਪਤੀ ਲਈ ਭਾਰਤ ਦੇ ਅਨੇਕਾਂ ਲੋਕ ਜਿਉਂਦੇ-ਜੀਅ ਧਾਰਮਿਕ ਅਸਥਾਨਾਂ ਉਤੇ ਕਈ ਕਿਸਮਾਂ ਦਾ ਦਾਨ-ਪੁੰਨ ਕਰਦੇ ਹਨ, ਪਰ ਇਸ ਦੇ ਉਲਟ ਕੁਝ ਅਜਿਹੇ ਰੌਸ਼ਨ-ਦਿਮਾਗ ਚਿਹਰੇ ਵੀ ਹਨ, ਜੋ ਲਿਤਾੜੇ ਜਾ ਰਹੇ ਨੀਵੇਂ ਤੇ ਨਿਤਾਣੇ ਲੋਕਾਂ ਦਾ ਸਹਾਰਾ ਬਣ ਕੇ ਇਸ ਧਰਤੀ ‘ਤੇ ਹੀ ਸਵਰਗ ਦੀ ਸਿਰਜਣਾ ਕਰ ਦਿੰਦੇ ਹਨ। ਅਜਿਹੇ ਹੀ ਲੋਕਾਂ ਵਿਚੋਂ ਇਕ ਸਨ-ਡਾ. ਜਸਵੰਤ ਸਿੰਘ, ਜਿਨ੍ਹਾਂ ਨੇ ਭਾਰਤ ਤੋਂ ਕੈਨੇਡਾ ਅਤੇ ਅਮਰੀਕਾ ਜਾ ਕੇ ਸਿੱਖਿਆ ਅਤੇ ਲਾਇਬਰੇਰੀ ਵਿਗਿਆਨ ਵਿਚ ਪੀਐੱਚ.ਡੀ. ਪੱਧਰ ਦੀਆਂ ਉਚੇਰੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਜਿੱਥੇ ਵੱਖ-ਵੱਖ ਪੱਧਰ ‘ਤੇ ਲਾਇਬਰੇਰੀ-ਸੇਵਾਵਾਂ ਨਿਭਾਈਆਂ ਅਤੇ ਸੇਵਾ-ਮੁਕਤੀ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿਚ ਮੋਬਾਇਲ ਲਾਇਬਰੇਰੀ-ਸੇਵਾ ਸ਼ੁਰੂ ਕੀਤੀ, ਉਥੇ ਪਬਲਿਕ ਲਾਇਬਰੇਰੀਆਂ ਦਾ ਨਿਰਮਾਣ ਵੀ ਕੀਤਾ।

ਭਾਰਤੀ ਸਮਾਜ ਵਿਚ ਹਜ਼ਾਰਾਂ ਸਾਲਾਂ ਤੋਂ ਹੀ ਦੋ ਪ੍ਰਮੁੱਖ ਵਿਰੋਧੀ ਤਾਕਤਾਂ ਰਹੀਆਂ ਹਨ: ਇਕ ਅਗਿਆਨ ਤੇ ਅਨਪੜ੍ਹ ਲੋਕਾਂ ਤੋਂ ਸਦਾ ਆਪਣਾ ਨਿੱਜੀ ਲਾਭ ਲੈਣ ਦੀ ਤਾਕ ਵਿਚ ਹੈ ਅਤੇ ਦੂਜੀ ਉਨ੍ਹਾਂ ਹੀ ਲੋਕਾਂ ਨੂੰ ਸਿਖਿਅਤ ਤੇ ਜਾਗਰੂਕ ਬਣਾਉਣ ਵਿਚ ਦਿਨ-ਰਾਤ ਜੁਟੀ ਹੋਈ ਹੈ। ਡਾ. ਜਸਵੰਤ ਸਿੰਘ ਦਾ ਸਬੰਧ ਦੂਜੀ ਧਿਰ ਨਾਲ ਸੀ। ਪਰਵਾਸੀ ਲਾਇਬਰੇਰੀਅਨ ਤੇ ਪੰਜਾਬ ਵਿਚ ਮੋਬਾਇਲ (ਚਲਦੀ-ਫਿਰਦੀ) ਲਾਇਬਰੇਰੀ ਦੇ ਮੋਢੀ ਨਿਰਮਾਤਾ ਡਾ. ਜਸਵੰਤ ਸਿੰਘ ਦਾ ਦਿਹਾਂਤ 16 ਮਈ 2020 ਨੂੰ ਰੌਕਵੇ (ਯੂ. ਐੱਸ਼ ਏ.) ਵਿਚਲੇ ਘਰ ਵਿਖੇ ਹੋਇਆ। ਬਜੁਰਗ ਅਵਸਥਾ ਕਾਰਨ ਕੁਝ ਚਿਰ ਪਹਿਲਾਂ ਹੀ ਉਨ੍ਹਾਂ ਆਪਣੀ ਧੀ ਅਮਰਦੀਪ ਕੋਲ ਰਹਿਣਾ ਸ਼ੁਰੂ ਕੀਤਾ ਸੀ। ਉਹ ਆਪਣੀ ਲਾਇਬਰੇਰੀਅਨ ਪਤਨੀ ਜਸਜੀਤ ਕੌਰ, ਬੇਟੀ ਅਮਰਦੀਪ ਕੌਰ ਗਿੱਲ ਤੇ ਉਸ ਦੇ ਪਰਿਵਾਰ ਅਤੇ ਕੀਤੇ ਗਏ ਅਨੇਕਾਂ ਨੇਕ ਕਾਰਜਾਂ ਰਾਹੀਂ ਹਮੇਸ਼ਾ ਜੀਵਤ ਰਹਿਣਗੇ। ਉਨ੍ਹਾਂ ਜਿਉਂਦੇ-ਜੀਅ ਹੀ ਆਪਣੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜ ਵਾਸਤੇ ਦਾਨ ਦੇਣ ਦਾ ਫੈਸਲਾ ਕਰ ਲਿਆ ਸੀ।
ਦਸ ਭੈਣ-ਭਾਈਆਂ ਵਿਚੋਂ ਸਭ ਤੋਂ ਵੱਡੇ ਜਸਵੰਤ ਸਿੰਘ ਦਾ ਜਨਮ ਚੜ੍ਹਦੇ ਪੰਜਾਬ ਦੇ ਮਾਲਵੇ ਖੇਤਰ ਵਿਚਲੇ ਸ਼ਹਿਰ ਜਗਰਾਓਂ ਵਿਖੇ 20 ਮਈ 1932 ਨੂੰ ਮਾਤਾ ਭਾਗਵੰਤੀ ਅਤੇ ਪਿਤਾ ਅਨੰਤ ਰਾਮ ਦੇ ਘਰ ਹੋਇਆ। ਉਨ੍ਹਾਂ ਮੁਢਲੀ ਸਿੱਖਿਆ ਜਿਲਾ ਸੰਗਰੂਰ ਦੇ ਕਸਬਾ ਅਹਿਮਦਗੜ੍ਹ ਤੋਂ ਪ੍ਰਾਪਤ ਕੀਤੀ। 1953 ਵਿਚ ਲੁਧਿਆਣਾ ਦੇ ਸਰਕਾਰੀ ਕਾਲਜ ਤੋਂ ਗ੍ਰੈਜੁਏਸ਼ਨ ਦੀ ਪੜ੍ਹਾਈ ਮੁਕੰਮਲ ਹੋਣ ਉਪਰੰਤ, ਉਨ੍ਹਾਂ ਕਲਕੱਤਾ ਦੇ ਭਵਾਨੀਪੁਰ ਵਿਖੇ ਸਥਿਤ ਖਾਲਸਾ ਹਾਈ ਸਕੂਲ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਅਧਿਆਪਨ ਦੌਰਾਨ ਹੀ ਉਨ੍ਹਾਂ ਕਲਕੱਤਾ ਯੂਨੀਵਰਸਿਟੀ ਤੋਂ ਐੱਮ. ਐੱਸਸੀ. (ਭੂਗੋਲ) ਅਤੇ ਬੀ. ਟੀ. (ਜਿਸ ਨੂੰ ਹੁਣ ਬੀ. ਐੱਡ. ਕਿਹਾ ਜਾਂਦਾ ਹੈ) ਦੀ ਪੜ੍ਹਾਈ ਪੂਰੀ ਕੀਤੀ। ਇਸ ਪਿਛੋਂ ਉਹ ਮੁੜ ਪੰਜਾਬ ਵੱਲ ਪਰਤੇ ਅਤੇ ਮਾਲਵਾ ਟਰੇਨਿੰਗ ਕਾਲਜ, ਲੁਧਿਆਣਾ ਵਿਚ ਬਤੌਰ ਅਧਿਆਪਕ ਨਿਯੁਕਤ ਹੋ ਗਏ।
ਇਟਲੀ ਅਤੇ ਫਰਾਂਸ ਦੇ ਰਸਤੇ ਰਾਹੀਂ ਜਸਵੰਤ ਸਿੰਘ 1960 ਵਿਚ ਇੰਗਲੈਂਡ ਪਹੁੰਚੇ, ਜਿੱਥੇ ਉਨ੍ਹਾਂ 1964 ਵਿਚ ਕੈਨੇਡਾ ਜਾਣ ਤੋਂ ਪਹਿਲਾਂ ਪੂਰਬੀ ਲੰਡਨ ਵਿਚ ਤਿੰਨ ਸਾਲ ਲਈ ਪੜ੍ਹਾਇਆ। ਕੈਨੇਡਾ ਦੀ ਐਲਬਰਟਾ ਯੂਨੀਵਰਸਿਟੀ ਤੋਂ ਭੂਗੋਲ ਦੀ ਗ੍ਰੈਜੁਏਸ਼ਨ ਡਿਗਰੀ ਦੌਰਾਨ ਉਨ੍ਹਾਂ ਕੈਨੇਡਾ ਦੇ ਪੱਛਮੀ ਪ੍ਰਾਂਤ ਐਲਬਰਟਾ ਦੇ ਸਿਲਵਰ ਲੇਕ ਅਤੇ ਐਡਮਿੰਟਨ ਵਿਚਲੇ ਵਿਦਿਅਕ ਅਦਾਰਿਆਂ ਵਿਚ ਸਮਾਜਕ ਸਿੱਖਿਆ ਅਤੇ ਕੈਨੇਡੀਅਨ ਇਤਿਹਾਸ ਪੜ੍ਹਾਇਆ। ਸੰਨ 1970 ਵਿਚ ਵੈਸਟਰਨ ਮਿਸ਼ੀਗਨ ਯੂਨੀਵਰਸਿਟੀ, ਕੈਲਮਜ਼ੂ (ਮਿਸ਼ੀਗਨ) ਤੋਂ ਸਕਾਲਰਸ਼ਿਪ ਮਿਲਣ ਉਪਰੰਤ ਉਹ ਯੂ. ਐੱਸ਼ ਏ. ਪਹੁੰਚ ਗਏ। ਮਿਸ਼ੀਗਨ ਰਹਿੰਦਿਆਂ ਉਨ੍ਹਾਂ ਲਾਇਬਰੇਰੀ ਵਿਗਿਆਨ ਵਿਚ ਪੋਸਟ ਗ੍ਰੈਜੁਏਟ ਤੇ ਪੀਐੱਚ. ਡੀ. ਦੀਆਂ ਉਚ-ਅਕਾਦਮਿਕ ਡਿਗਰੀਆਂ ਹਾਸਲ ਕੀਤੀਆਂ। ਉਥੇ ਲਾਇਬਰੇਰੀ ਵਰਗੀਕਰਨ ਦੇ ਜਗਤ ਦੀ ਪ੍ਰਸਿੱਧ ਹਸਤੀ ਡਾ. ਜੌਹਨ ਪੀ. ਕੌਮਾਰੋਮੀ (1937-1991) ਉਨ੍ਹਾਂ ਦੇ ਅਧਿਆਪਕ ਸਨ।
ਸਾਲ 1971 ਵਿਚ ਲਾਇਬਰੇਰੀ ਵਿਗਿਆਨ ਦੀ ਮਾਸਟਰ ਡਿਗਰੀ ਪ੍ਰਾਪਤ ਕਰਨ ਉਪਰੰਤ ਜਸਵੰਤ ਸਿੰਘ ਨੇ ਮਿਸ਼ੀਗਨ ਦੇ ਆਨਟੌਨਆਗਨ ਪਬਲਿਕ ਸਕੂਲਾਂ ਵਿਚ ਬਤੌਰ ਲਾਇਬਰੇਰੀਅਨ ਸੇਵਾਵਾਂ ਨਿਭਾਈਆਂ। 1975 ਵਿਚ ਉਹ ਮਿਸ਼ੀਗਨ ਦੇ ਉਸ ਰਿਜ਼ੀਨਲ ਐਜੂਕੇਸ਼ਨਲ ਮੀਡੀਆ ਸੈਂਟਰ ਦੇ ਨਿਰਦੇਸ਼ਕ ਬਣੇ, ਜਿਸ ਦੇ ਖੇਤਰ ਅਧੀਨ 24 ਜਿਲਿਆਂ ਦੇ ਸਕੂਲ ਆਉਂਦੇ ਸਨ। ਇਸ ਆਦਰਯੋਗ ਅਹੁਦੇ ਦੌਰਾਨ ਹੀ ਉਨ੍ਹਾਂ ਵੈਸਟਰਨ ਮਿਸ਼ੀਗਨ ਯੂਨੀਵਰਸਿਟੀ ਤੋਂ 1982 ਵਿਚ ਪੀਐੱਚ. ਡੀ. (ਸਿੱਖਿਆ) ਦੀ ਡਿਗਰੀ ਪ੍ਰਾਪਤ ਕੀਤੀ। ਪੱਕੇ ਤੌਰ ‘ਤੇ ਵੱਸਣ ਦੇ ਇਰਾਦੇ ਨਾਲ ਉਹ ਪਰਿਵਾਰ ਸਮੇਤ 1983 ਵਿਚ ਪੰਜਾਬ ਨੂੰ ਪਰਤੇ। 1984 ਵਿਚ ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖਿਆ ਵਿਭਾਗ ਵਿਚ ਬਤੌਰ ਰੀਡਰ ਨਿਯੁਕਤ ਹੋਏ, ਜਿੱਥੇ ਉਨ੍ਹਾਂ ਅਗਸਤ 1986 ਤਕ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਪਿਛੋਂ (1986 ਵਿਚ) ਉਹ ਮਿਸ਼ੀਗਨ ਸੂਬੇ ਦੇ ਲੈਨਸਿੰਗ ਸ਼ਹਿਰ ਨੂੰ ਵਾਪਸ ਪਰਤ ਗਏ। ਸਤੰਬਰ 1986 ਤੋਂ ਫਰਵਰੀ 1999 ਤਕ ਉਨ੍ਹਾਂ ਨੇ ਮਿਸ਼ੀਗਨ ਦੇ ਗਰੈਂਡ ਲੈੱਜ ਵਿਚਲੇ ਲੈੱਜ ਪਬਲਿਕ ਸਕੂਲਾਂ ਵਿਚ ਲਾਇਬਰੇਰੀਅਨ ਦੇ ਤੌਰ ‘ਤੇ ਕੰਮ ਕੀਤਾ। ਉਹ ਦੋ ਸਾਲ ਸਟੇਟ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ। ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਵੱਲੋਂ ਪਾਏ ਅਹਿਮ ਯੋਗਦਾਨ ਨੂੰ ਪਛਾਣਦਿਆਂ ਮਿਸ਼ੀਗਨ ਐਜੂਕੇਸ਼ਨ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਏਲਜ਼ਾਬੈੱਥ ਸਿੱਡਲ ਖਿਤਾਬ ਨਾਲ ਨਿਵਾਜਿਆ। ਇਸ ਖਿਤਾਬ ਦੇ ਨਾਲ-ਨਾਲ ਉਹ ਸੰਯੁਕਤ ਰਾਸ਼ਟਰ ਸੰਘ ਦੇ ਲੋਏ ਲਾਸਾਲ ਅਵਾਰਡ ਦੇ ਵੀ ਧਾਰਨੀ ਬਣੇ ਸਨ।
ਪੰਜਾਬ ਦੇ ਪੇਂਡੂ ਖੇਤਰਾਂ ਵਿਚ ਲੋਕ ਲਾਇਬਰੇਰੀ ਸੇਵਾਵਾਂ ਨੂੰ ਸਥਾਪਿਤ ਕਰਨ ਦੇ ਮੱਦੇਨਜ਼ਰ ਡਾ. ਜਸਵੰਤ ਸਿੰਘ ਸੇਵਾ ਮੁਕਤ ਹੋ ਗਏ। ਦਿਹਾਤੀ ਖੇਤਰਾਂ ਵਿਚ ਲੋਕ ਲਾਇਬਰੇਰੀ ਸੇਵਾਵਾਂ ਦੀ ਜ਼ਮੀਨੀ ਹਕੀਕਤ ਨੂੰ ਜਾਣਨ ਪਿਛੋਂ ਉਨ੍ਹਾਂ ਲੁਧਿਆਣਾ ਜਿਲੇ ਦੇ ਜੁੜਾਹਾਂ, ਫੱਲੇਵਾਲ ਤੇ ਰੰਗੂਵਾਲ ਪਿੰਡਾਂ ਲਈ ਨਵੰਬਰ 2003 ਨੂੰ ਇਕ ਬੱਸ ਵਿਚ ਮੋਬਾਇਲ ਲਾਇਬਰੇਰੀ ਦੀ ਸ਼ੁਰੂਆਤ ਕੀਤੀ, ਜਿਸ ਨੂੰ ਪਹੀਆਂ ਵਾਲੀ ਲਾਇਬਰੇਰੀ ਵੀ ਕਿਹਾ ਜਾਂਦਾ ਸੀ। ਪੁਸਤਕਾਂ ਪ੍ਰਤੀ ਬੱਚਿਆਂ ਦੀ ਦਿਲਚਸਪੀ ਨੂੰ ਵੇਖਦਿਆਂ ਇਸ ਮੋਬਾਇਲ ਲਾਇਬਰੇਰੀ ਦੀ ਸੇਵਾ ਪੱਖੋਵਾਲ ਤਹਿਸੀਲ ਦੇ ਗੁੱਜਰਵਾਲ, ਕਾਲਖ ਤੇ ਧੂਲਕੋਟ ਪਿੰਡਾਂ ਤਕ ਵਧਾ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਉਕਤ ਲਾਇਬਰੇਰੀ ਦੇ ਕਰੀਬ 1500 ਸਰਗਰਮ ਮੈਂਬਰ ਸਨ। ਇਸ ਅਮਰੀਕਨ-ਮਾਡਲ ਲਾਇਬਰੇਰੀ ਦੀਆਂ ਸੇਵਾਵਾਂ ਉਪਰੋਕਤ ਪਿੰਡਾਂ ਦੇ ਵਸਨੀਕਾਂ ਲਈ ਬਿਲਕੁਲ ਮੁਫਤ ਸਨ ਅਤੇ ਇਹ ਬਿਨਾ ਕਿਸੇ ਭੇਦਭਾਵ ਦੇ ਨਿਰਪੱਖ ਤਰੀਕੇ ਪ੍ਰਦਾਨ ਕੀਤੀਆਂ ਜਾਂਦੀਆਂ ਸਨ। 26 ਫੁੱਟ ਲੰਮੀ ਇਸ ਏਅਰ-ਕੰਡੀਸ਼ਨਡ ਬੱਸ ਵਿਚ ਵੱਖ-ਵੱਖ ਵਿਸ਼ਿਆਂ ਉਤੇ ਰੰਗਦਾਰ ਤਸਵੀਰਾਂ ਸਮੇਤ ਕੋਈ 3,000 ਪੁਸਤਕਾਂ ਅਤੇ ਬਾਲ-ਰਸਾਲੇ ਮੌਜੂਦ ਸਨ। ਬੱਸ ਵਿਚ ਬੈਠਣ ਲਈ ਪਾਠਕਾਂ ਵਾਸਤੇ ਫੋਲਡਿੰਗ ਕੁਰਸੀਆਂ ਦਾ ਪ੍ਰਬੰਧ ਸੀ। ਹਰੇਕ ਉਕਤ ਪਿੰਡ ਵਿਚ ਇਹ ਬੱਸ ਕਰੀਬ ਇਕ ਘੰਟਾ ਰੁਕਦੀ ਸੀ ਤਾਂ ਜੋ ਪਾਠਕ ਅਸਾਨੀ ਨਾਲ ਕਿਤਾਬਾਂ ਨੂੰ ਫਰੋਲ/ਪੜ੍ਹ ਸਕਣ। ਇਸ ਲਾਇਬਰੇਰੀ ਸਦਕਾ ਹੀ ਡਾ. ਜਸਵੰਤ ਸਿੰਘ ਨੇ ਪੰਜਾਬ ਵਿਚ ਇਸ ਭਰਮ ਨੂੰ ਤੋੜਿਆ ਕਿ ਬੱਚੇ ਕਿਤਾਬਾਂ ਨਹੀਂ ਪੜ੍ਹਦੇ। ਇਕ ਵਾਰ ਕਿਸੇ ਪਿੰਡ ਦੇ ਇਕ ਬਜੁਰਗ ਨੇ ਆਖਿਆ ਸੀ ਕਿ ਪਹੀਆਂ ਵਾਲੀ ਲਾਇਬਰੇਰੀ ਨੇ ਨਵੇਂ ਪੋਚ ਅੰਦਰ ਚੰਗੇਰੀਆਂ ਪੁਸਤਕਾਂ ਪੜ੍ਹਨ ਦੀ ਇਕ ਨਵੀਂ ਰੂਹ ਫੂਕ ਦਿੱਤੀ ਹੈ। ਇਹ ਮੋਬਾਇਲ ਲਾਇਬਰੇਰੀ ਅਨੰਤ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜ਼ਿ), ਜੁੜਾਹਾਂ ਅਤੇ ਅਨੰਤ ਐਜੂਕੇਸ਼ਨ ਐਂਡ ਰੂਰਲ ਡਿਵਲਪਮੈਂਟ ਫਾਉਂਡੇਸ਼ਨ, ਯੂ. ਐੱਸ਼ ਏ. ਦੇ ਸਾਂਝੇ ਸਹਿਯੋਗ ਨਾਲ ਚਲਾਈ ਜਾਂਦੀ ਸੀ। 40 ਲੱਖ ਦੀ ਲਾਗਤ ਵਾਲੀ ਇਹ ਬੱਸ-ਲਾਇਬਰੇਰੀ ਮਾਰਚ 2009 ਤਕ ਲੁਧਿਆਣਾ ਜਿਲੇ ਦੇ ਪੇਂਡੂ ਖੇਤਰਾਂ ਵਿਚ ਪੁਸਤਕ ਸੱਭਿਆਚਾਰ ਨੂੰ ਉਨਤ ਕਰਦੀ ਰਹੀ।
ਅੰਤ, ਇਹ ਮਹਾਨ-ਕਾਰਜ ਕਰਨ ਵਾਲੀ ਵਾਹਨ (ਮੋਬਾਇਲ ਲਾਇਬਰੇਰੀ ਬੱਸ) ਅੰਨ੍ਹੀ-ਬੋਲੀ ਨੌਕਰਸ਼ਾਹੀ ਵਲੋਂ ਦੂਜੇ ਵਪਾਰਕ ਵਾਹਨਾਂ ਵਾਂਗ ਲਾਏ ਭਾਰੀ ਵਾਹਨ-ਕਰ ਕਾਰਨ ਸਦਾ ਲਈ ਬੰਦ ਕਰ ਦਿੱਤੀ ਗਈ। ਇਸ ਘਟਨਾ ਤੋਂ ਨਿਰਾਸ਼ ਹੋ ਕੇ ਬਾਅਦ ‘ਚ ਡਾ. ਜਸਵੰਤ ਸਿੰਘ ਨੇ ਆਪਣੇ ਪਿੰਡ ਜੁੜਾਹਾਂ ਵਿਚ ਪੱਕੇ ਤੌਰ ‘ਤੇ ਲੋਕ ਲਾਇਬਰੇਰੀ ਬਣਾਉਣ ਦਾ ਫੈਸਲਾ ਕਰ ਲਿਆ ਸੀ। ਸਾਲ 2010 ਵਿਚ ਅਨੰਤ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਆਧੁਨਿਕ ਦਿੱਖ ਅਤੇ ਸਾਜੋ-ਸਮਾਨ ਨਾਲ ਲੈਸ ਇਕ ਨਵੀਂ ਲੋਕ ਲਾਇਬਰੇਰੀ ਇਮਾਰਤ ਦੀ ਉਸਾਰੀ ਕੀਤੀ ਗਈ, ਜਿਸ ਨੂੰ ਉਨ੍ਹਾਂ ਆਪਣੀ ਮਰਹੂਮ ਮਾਤਾ ਭਾਗਵੰਤੀ ਦਾ ਨਾਂ ਦਿੱਤਾ। ਚਾਰ ਹਜ਼ਾਰ ਦੇ ਕਰੀਬ ਪੁਸਤਕ ਸੰਗ੍ਰਿਹ ਵਾਲੀ ਇਹ ਭਾਗਵੰਤੀ ਯਾਦਗਾਰੀ ਪਬਲਿਕ ਲਾਇਬਰੇਰੀ ਅੱਜ ਵੀ ਜੁੜਾਹਾਂ ਸਮੇਤ ਨੇੜਲੇ ਪਿੰਡਾਂ ਦੇ ਲੋਕਾਂ ਦੀਆਂ ਸੂਚਨਾਤਮਕ ਲੋੜਾਂ ਦੀ ਪੂਰਤੀ ਕਰਦਿਆਂ ਸਾਖਰਤਾ ਸੁਧਾਰ ਦੇ ਨਾਲ-ਨਾਲ ਪੁਸਤਕਾਂ ਪੜ੍ਹਨ ਦੀ ਜਾਗ ਲਾ ਰਹੀ ਹੈ। ਇਸ ਤੋਂ ਇਲਾਵਾ ਇਸ ਲਾਇਬਰੇਰੀ ਵਿਚ ਆਧੁਨਿਕ ਕੁਸ਼ਲਤਾਵਾਂ ਨੂੰ ਬੜਾਵਾ ਦੇਣ ਲਈ ਇਕ ਛੋਟਾ ਹੁਨਰ ਵਿਕਾਸ ਕੇਂਦਰ (ਸਕਿਲ ਡਿਵੈਲਪਮੈਂਟ ਸੈਂਟਰ) ਵੀ ਹੈ। ਉਪਰੋਕਤ ਸਾਰੇ ਕੰਮਾਂ ਵਿਚ ਡਾ. ਜਸਵੰਤ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਜਸਜੀਤ ਕੌਰ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਕਰਦੇ ਸਨ।
ਪੰਜਾਬ ਵਿਚ ਸਾਖਰਤਾ ਅਤੇ ਪੁਸਤਕ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਡਾ. ਜਸਵੰਤ ਸਿੰਘ ਨੇ ਹਮ-ਖਿਆਲੀਏ ਪਰਵਾਸੀ ਪੰਜਾਬੀਆਂ ਨੂੰ ਆਪਣੇ-ਆਪਣੇ ਪਿੰਡਾਂ ਵਿਚ ‘ਭਾਗਵੰਤੀ ਯਾਦਗਾਰੀ ਪਬਲਿਕ ਲਾਇਬਰੇਰੀ’ ਦੀ ਤਰਜ ਉਤੇ ਪੇਂਡੂ ਲੋਕ ਲਾਇਬਰੇਰੀਆਂ ਸਥਾਪਿਤ ਕਰਨ ਲਈ ਪ੍ਰੇਰਿਆ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਇਨ੍ਹਾਂ ਭਵਿੱਖਤ ਲਾਇਬਰੇਰੀਆਂ ਦੀਆਂ ਨਵੀਆਂ ਇਮਾਰਤਾਂ ਬਣਾਉਣ ਵਿਚ ਮਾਰਗ-ਦਰਸ਼ਨ ਕਰਨ ਦੀ ਇੱਛਾ ਵੀ ਜਾਹਰ ਕੀਤੀ ਸੀ। ਇਸ ਦੇ ਨਤੀਜੇ ਵਜੋਂ ਨਵੰਬਰ 2011 ਵਿਚ ਜਿਲਾ ਮੋਗਾ ਦੇ ਪਿੰਡ ਲੋਪੋਂ ਵਿਚ ‘ਲੋਪੋਂ ਪਬਲਿਕ ਲਾਇਬਰੇਰੀ’ ਦੀ ਇਮਾਰਤ ਹੋਂਦ ਵਿਚ ਆਈ, ਜੋ ਡਾ. ਜਸਵੰਤ ਸਿੰਘ ਦੇ ਕਰੀਬੀ ਸੱਜਣ ਇੰਜੀਨੀਅਰ ਬਲਦੇਵ ਸਿੰਘ ਧਾਲੀਵਾਲ ਵਲੋਂ ਸਥਾਪਿਤ ਕੀਤੀ ਗਈ ਹੈ। ਇਹ ਲਾਇਬਰੇਰੀ ਬੂਟਾ ਸਿੰਘ ਠੇਕੇਦਾਰ ਚੈਰੀਟੇਬਲ ਟਰੱਸਟ (ਰਜ਼ਿ), ਲੋਪੋਂ ਦੇ ਸਹਿਯੋਗ ਨਾਲ ਲਹਿਰਾਉਂਦੇ ਖੇਤਾਂ ਤੇ ਵੇਲ-ਬੂਟਿਆਂ ਸੰਗ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਸ ਲਾਇਬਰੇਰੀ ਦੀ ਇਮਾਰਤ ਇਕ ਯੋਜਨਾਬੱਧ ਨਕਸ਼ੇ ‘ਤੇ ਆਧਾਰਤ ਹੈ, ਜਿਸ ਨੂੰ ਗਰੀਨ ਬਿਲਡਿੰਗ ਦਾ ਨਾਂ ਦਿੱਤਾ ਗਿਆ ਹੈ।
ਬੱਚਿਆਂ ਵਿਚ ਸਾਹਿਤ ਦੀ ਚੇਟਕ ਲਾਉਣ ਲਈ ਇਹ ਲਾਇਬਰੇਰੀ ਅਨੇਕਾਂ ਕਿਸਮਾਂ ਦੇ ਕਾਰਜਕ੍ਰਮ ਨਿਭਾਉਂਦੀ ਹੈ, ਜਿਵਂੇ ਕਿ ਬਾਲ ਮੇਲਾ, ਕਵੀ ਦਰਬਾਰ ਤੇ ਪੁਸਤਕ ਪ੍ਰਦਰਸ਼ਨੀਆਂ। ਅਜਿਹੀ ਇਕ ਵੱਡੀ ਲਾਇਬਰੇਰੀ ਪਿੰਡ ਸੰਗ ਢੇਸੀਆਂ (ਨਵਾਂ ਸ਼ਹਿਰ) ਵਿਖੇ ਪਰਵਾਸੀ ਪੰਜਾਬੀ ਜੋਗਿੰਦਰ ਕਲਸੀ ਵਲੋਂ ਸਾਲ 2009 ਵਿਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਨਾਂ ‘ਬਾਬਾ ਸੰਗ ਪਬਲਿਕ ਲਾਇਬਰੇਰੀ’ ਹੈ। ਇਸ ਲਾਇਬਰੇਰੀ ਦੀ ਇਕ ਖਾਸੀਅਤ ਇਹ ਹੈ ਕਿ ਇਸ ਵਿਚ ਅਹਿਮ ਪੁਸਤਕਾਂ ਤੇ ਬਾਲ ਰਸਾਲਿਆਂ ਤੋਂ ਇਲਾਵਾ ਪੰਜਾਬੀ ਵਿਰਸੇ ਨਾਲ ਸਬੰਧਿਤ ਪੁਰਾਤਨ ਵਸਤਾਂ ਸਾਂਭੀਆਂ ਪਈਆਂ ਹਨ। ਇਸ ਤੋਂ ਇਲਾਵਾ ਇਸੇ ਹੀ ਵਰ੍ਹੇ ਜਿਲਾ ਲੁਧਿਆਣਾ ਦੇ ਪਿੰਡ ਰੌਣੀ ਵਿਖੇ ਸੁਰਿੰਦਰ ਬਿਨੇਪਾਲ (ਟੋਰਾਂਟੋ) ਵੱਲੋਂ ‘ਬਾਬਾ ਸੱਜਣ ਸਿੱਧ ਪਬਲਿਕ ਲਾਇਬਰੇਰੀ ਤੇ ਕੰਪਿਊਟਰ ਸੈਂਟਰ’ ਸਥਾਪਿਤ ਕੀਤਾ ਗਿਆ, ਜਿਸ ਦੀ ਦੇਖ-ਰੇਖ ਸ਼ ਅਜੈਬ ਸਿੰਘ ਮੈਮੋਰੀਅਲ ਟਰੱਸਟ (ਰਜ਼ਿ), ਰੌਣੀ ਕਰ ਰਿਹਾ ਹੈ।
ਉਪਰੋਕਤ ਲਾਇਬਰੇਰੀਆਂ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਖਿੱਤਿਆਂ ਵਿਚ ਨਵੀਆਂ ਪੇਂਡੂ ਲੋਕ ਲਾਇਬਰੇਰੀਆਂ ਵੇਖ ਕੇ ਸੁਖਦ ਅਹਿਸਾਸ ਹੁੰਦਾ ਹੈ। ਇਨ੍ਹਾਂ ਵਿਚ ਸਭ ਤੋਂ ਪਹਿਲੀ ਲਾਇਬਰੇਰੀ ਜਿਲਾ ਲੁਧਿਆਣਾ ਦੇ ਪਿੰਡ ਲਤਾਲਾ ਵਿਚ ਕੁਝ ਨੌਜਵਾਨਾਂ ਨੇ ਪੰਚਾਇਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਬਿਲਕੁੱਲ ਨੇੜੇ ਦੇਸ਼-ਭਗਤਾਂ ਦੇ ਨਾਂ ‘ਤੇ 2011 ਵਿਚ ਸਥਾਪਿਤ ਕੀਤੀ, ਜਿਸ ਨੂੰ ‘ਅਮਰ ਸ਼ਹੀਦ ਪਬਲਿਕ ਲਾਇਬਰੇਰੀ’ ਕਿਹਾ ਜਾਂਦਾ ਹੈ। ਦੂਜੀ ਭਾਈ ਘਨੱਈਆ ਜੀ ਵੈਲਫੇਅਰ ਸੁਸਾਇਟੀ (ਰਜ਼ਿ), ਪੱਖੋਵਾਲ ਵੱਲੋਂ ਜਿਲਾ ਲੁਧਿਆਣਾ ਦੇ ਪਿੰਡ ਪੱਖੋਵਾਲ ਵਿਖੇ ‘ਮਾਸਟਰ ਕਰਨੈਲ ਸਿੰਘ ਗਰੇਵਾਲ ਯਾਦਗਾਰੀ ਪਬਲਿਕ ਲਾਇਬਰੇਰੀ’ ਨਾਂ ਹੇਠ 1997 ਵਿਚ ਸਥਾਪਿਤ ਕੀਤੀ ਗਈ ਅਤੇ ਤੀਜੀ ਚੱਕ ਭਾਈਕਾ (ਲੁਧਿਆਣਾ) ਵਿਖੇ ਸਥਿਤ ‘ਸੁੰਦਰ ਮੈਮੋਰੀਅਲ ਪਬਲਿਕ ਲਾਇਬਰੇਰੀ’ (2012) ਹੈ।
ਡਾ. ਜਸਵੰਤ ਸਿੰਘ ਵਲੋਂ ਪਿੰਡ-ਪਿੰਡ ਲੋਕ ਲਾਇਬਰੇਰੀਆਂ ਸਥਾਪਤ ਕਰਨ ਦੀ ਇਸ ਲਹਿਰ ਦੇ ਪ੍ਰਭਾਵ ਅਧੀਨ ਅੰਮ੍ਰਿਤਸਰ ਦੇ ਠੇਕੇਦਾਰ ਬਿਸ਼ਨ ਸਿੰਘ ਹੰਸਪਾਲ ਪਬਲਿਕ ਚੈਰੀਟੇਬਲ ਟਰੱਸਟ ਨੇ ਸਾਲ 2010 ਵਿਚ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਦੇ ਪੰਜ ਮੁਢਲੇ ਸਕੂਲਾਂ ਵਿਚ ਲਾਇਬਰੇਰੀਆਂ ਦੀ ਉਸਾਰੀ ਕਰਵਾਈ। ਇਹ ਲਾਇਬਰੇਰੀਆਂ ਸਕੂਲੀ ਬੱਚਿਆਂ ਦੇ ਨਾਲ-ਨਾਲ ਪਿੰਡਾਂ ਦੇ ਵਸਨੀਕਾਂ ਲਈ ਹਮੇਸ਼ਾ ਖੁੱਲ੍ਹੀਆਂ ਰਹਿੰਦੀਆਂ ਹਨ। ਇਹ ਪੇਂਡੂ ਲੋਕ ਲਾਇਬਰੇਰੀਆਂ ਇੰਟਰਨੈੱਟ ਸਹੂਲਤ ਸਮੇਤ ਆਧੁਨਿਕ ਸਾਜ਼ੋ-ਸਾਮਾਨ ਨਾਲ ਭਰਪੂਰ ਹਨ। ਹਰੇਕ ਲਾਇਬਰੇਰੀ ਵਿਚ ਹੁਨਰ ਵਿਕਾਸ ਕੇਂਦਰ ਵੀ ਮੌਜੂਦ ਹੈ, ਜੋ ਲਾਇਬਰੇਰੀ ਦੇ ਅਨਿਖੜਵੇਂ ਅੰਗ ਵਜੋਂ ਸਦਾ ਕਾਰਜਸ਼ੀਲ ਹੈ।
ਅਗਸਤ 2012 ਵਿਚ ਇਨ੍ਹਾਂ ਲਾਇਬਰੇਰੀਆਂ ਨੇ ਦੋ-ਭਾਸ਼ੀ (ਅੰਗਰੇਜ਼ੀ-ਪੰਜਾਬੀ) ਰਸਾਲਾ, ‘ਪੰਜਾਬ ਦਿਹਾਤੀ ਲਾਇਬਰੇਰੀ ਮੈਗਜ਼ੀਨ’ ਪ੍ਰਕਾਸ਼ਿਤ ਕਰਨ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਦਿਹਾਤੀ ਲੋਕ ਲਾਇਬਰੇਰੀਆਂ ਅਤੇ ਉਨ੍ਹਾਂ ਦੇ ਹੁਨਰ ਵਿਕਾਸ ਕੇਂਦਰਾਂ ਨੇ ਪਿੰਡਾਂ ਦੇ ਲੋਕਾਂ, ਖਾਸ ਕਰਕੇ ਜਵਾਨ ਲੜਕੀਆਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਰੋਜ਼ਗਾਰ ਦੇ ਅਨੇਕਾਂ ਨਵੇਂ ਢੰਗ ਵੀ ਸਿਖਾਏ ਹਨ, ਜਿਸ ਨਾਲ ਉਹ ਸਮਾਜ ਵਿਚ ਸਵੈਮਾਣ ਦੀ ਜ਼ਿੰਦਗੀ ਬਤੀਤ ਕਰ ਰਹੀਆਂ ਹਨ। ਜੇ ਅਜਿਹਾ ਨਾ ਹੁੰਦਾ ਤਾਂ ਉਹ ਅੱਜ ਵੀ ਜਿਮੀਂਦਾਰ ਘਰਾਂ ਵਿਚ ਘੱਟ ਰੇਟਾਂ ‘ਤੇ ਗੋਹਾ-ਕੂੜਾ ਕਰਦੀਆਂ ਸ਼ੋਸ਼ਿਤ ਹੋ ਰਹੀਆਂ ਹੁੰਦੀਆਂ।
ਡਾ. ਜਸਵੰਤ ਸਿੰਘ ਤੇ ਪਰਵਾਸੀ ਪੰਜਾਬੀਆਂ ਨੇ ਪੰਜਾਬ ਦੇ ਦਿਹਾਤੀ ਖੇਤਰਾਂ ਵਿਚ ਲਾਇਬਰੇਰੀਆਂ ਅਤੇ ਸਾਖਰਤਾ ਦੇ ਵਿਕਾਸ ਲਈ ਅਨੇਕਾਂ ਸਾਰਥਕ ਕਾਰਜ ਕੀਤੇ ਹਨ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਲੋਕ ਓਨਾ ਚਿਰ ਤਕ ਪੜ੍ਹਨ ਨੂੰ ਤਰਜ਼ੀਹ ਨਹੀਂ ਦੇਣਗੇ, ਜਿੰਨੀ ਦੇਰ ਤਕ ਉਨ੍ਹਾਂ ਨੂੰ ਲਾਇਬਰੇਰੀਆਂ ਅਤੇ ਕਿਤਾਬਾਂ ਨਾਲ ਜੋੜਿਆ ਨਹੀਂ ਜਾਂਦਾ। ਇਹ ਜੋੜ ਪੰਜਾਬ ਦੀ ਧਰਤੀ ‘ਤੇ ਅਲੋਪ ਹੈ ਅਤੇ ਇਸ ਵਿਚ ਸਮੇਂ ਦੀਆਂ ਸਰਕਾਰਾਂ ਦੀ ਵੀ ਕੋਈ ਦਿਲਚਸਪੀ ਨਹੀਂ ਹੈ। ਡਾ. ਜਸਵੰਤ ਸਿੰਘ ਨੇ ਯੂ. ਐੱਸ਼ ਏ. ਦੀਆਂ ਯੂਨੀਵਰਸਿਟੀਆਂ ਤੋਂ ਦੋ ਉਚ-ਅਕਾਦਮਿਕ ਡਿਗਰੀਆਂ (ਪੀਐੱਚ. ਡੀ.) ਹਾਸਲ ਕੀਤੀਆਂ ਸਨ: ਇਕ ਸਿੱਖਿਆ ਦੇ ਖੇਤਰ ਵਿਚ ਅਤੇ ਦੂਜੀ ਲਾਇਬਰੇਰੀ ਵਿਗਿਆਨ ਦੇ। ਇਸ ਤੋਂ ਇਲਾਵਾ ਉਨ੍ਹਾਂ ਕੋਲ ਪੜ੍ਹਾਉਣ ਅਤੇ ਲਾਇਬਰੇਰੀ ਸੇਵਾਵਾਂ ਪ੍ਰਦਾਨ ਕਰਨ ਦਾ ਸਾਲਾਂ-ਬੱਧੀ ਤਜਰਬਾ ਸੀ, ਜਿਸ ਕਾਰਨ ਉਨ੍ਹਾਂ ਨੂੰ ਪੰਜਾਬ ਵਿਚ ਨਿੱਘਰਦੀ ਜਾ ਰਹੀ ਸਿੱਖਿਆ, ਪੁਸਤਕਾਂ ਨਾ ਪੜ੍ਹਨ ਦੇ ਸੱਭਿਆਚਾਰ ਅਤੇ ਇਨ੍ਹਾਂ ਦੇ ਮਾਰੂ-ਪ੍ਰਭਾਵਾਂ ਨੂੰ ਸਮਝਣ ਵਿਚ ਦੇਰ ਨਾ ਲੱਗੀ। ਉਨ੍ਹਾਂ ਦੇ ਕਿਤਾਬਾਂ ਅਤੇ ਸਿੱਖਿਆ ਪ੍ਰਤੀ ਜਨੂਨ ਨੇ ਹਰ ਮਿਲਣ ਵਾਲੇ ਸ਼ਖਸ ਨੂੰ ਪ੍ਰਭਾਵਿਤ ਤੇ ਪ੍ਰੇਰਿਤ ਕੀਤਾ ਸੀ।
1999 ਤੋਂ ਉਹ ‘ਪੰਜਾਬ ਲਾਇਬਰੇਰੀ ਐਸੋਸੀਏਸ਼ਨ’ ਦੇ ਯਤਨਾਂ ਦੀ ਹਮਾਇਤ ਕਰਦੇ ਆ ਰਹੇ ਸਨ ਤਾਂ ਜੋ ਪੰਜਾਬ ਵਿਚ ਪੰਜਾਬ ਪਬਲਿਕ ਲਾਇਬਰੇਰੀ ਕਾਨੂੰਨ ਲਾਗੂ ਹੋ ਸਕੇ। ਇਸ ਕਾਨੂੰਨ ਵਾਸਤੇ ਉਨ੍ਹਾਂ ਸਮੇਂ ਦੀਆਂ ਸਰਕਾਰਾਂ ਦੇ ਅਨੇਕਾਂ ਮੰਤਰੀਆਂ ਅਤੇ ਉਚ-ਅਧਿਕਾਰੀਆਂ ਨਾਲ ਕਈ-ਕਈ ਮਿਲਣੀਆਂ ਕੀਤੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਕਾਨੂੰਨ ਦੀ ਅਣਹੋਂਦ ਵਿਚ ‘ਪੰਜਾਬ ਨੈਸ਼ਨਲ ਨੌਲਿਜ ਕਮਿਸ਼ਨ (2005-2008)’ ਦੀ ਉਸ ਰਿਪੋਰਟ ਤੋਂ ਕੋਈ ਵੀ ਫਾਇਦਾ ਨਹੀਂ ਲੈ ਸਕੇਗਾ, ਜਿਸ ਵਿਚ ਲੋਕ ਲਾਇਬਰੇਰੀਆਂ ਨੂੰ ਸਾਖਰਤਾ ਅਤੇ ਆਰਥਕ ਵਿਕਾਸ ਦੀ ਰੀੜ੍ਹ ਦੀ ਹੱਡੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ। ਪਬਲਿਕ ਲਾਇਬਰੇਰੀਆਂ ਦੇ ਮਹੱਤਵ ਤੋਂ ਅਨਜਾਣ ‘ਸਮਰੱਥ’ ਅਧਿਕਾਰੀਆਂ ਨੇ ਡਾ. ਜਸਵੰਤ ਸਿੰਘ ਦੇ ਪੰਜਾਬ ਪਬਲਿਕ ਲਾਇਬਰੇਰੀ ਕਾਨੂੰਨ ਪ੍ਰਤੀ ਕੀਤੇ ਸਿਰੜੀ ਅਤੇ ਅਹਿਮ ਯਤਨਾਂ ਨੂੰ ਬੂਰ ਨਾ ਪੈਣ ਦਿੱਤਾ। ਉਪਰੋਕਤ ਕਾਨੂੰਨ ਦੀ ਪ੍ਰਾਪਤੀ ਲਈ ਉਨ੍ਹਾਂ ਆਪਣੇ ਸਾਥੀਆਂ ਸਮੇਤ ਪੰਜਾਬ ਅਤੇ ਹਰਿਆਣਾ ਉਚ ਅਦਾਲਤ ਦਾ ਬੂਹਾ ਵੀ ਖੜਕਾਇਆ ਸੀ ਤਾਂ ਜੋ ਉਹ ਅਦਾਲਤ ਪੰਜਾਬ ਸਰਕਾਰ ਨੂੰ ਇਸ ਕਾਨੂੰਨ ਪ੍ਰਤੀ ਜ਼ਿੰਮੇਵਾਰ ਬਣਾ ਸਕੇ, ਪਰ ਅਫਸੋਸ ਅੱਜ ਤਕ ਇਸ ਪਟੀਸ਼ਨ ਦਾ ਕੋਈ ਨਤੀਜਾ ਨਾ ਨਿਕਲ ਸਕਿਆ। ਉਹ ਅਕਸਰ ਕਹਿੰਦੇ ਸਨ, “ਮੇਰੀ ਜ਼ਿੰਦਗੀ ਦਾ ਸੂਰਜ ਇਸ ਕਾਨੂੰਨ ਦੇ ਪਾਸ ਹੋਣ ਤੋਂ ਪਹਿਲਾਂ ਅਸਤ ਹੋਣ ਵਾਲਾ ਨਹੀਂ ਹੈ।”
ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਉਹ ਆਪਣੇ ਇਸ ਪੰਜਾਬ ਪਬਲਿਕ ਲਾਇਬਰੇਰੀ ਕਾਨੂੰਨ ਦੇ ਸੁਪਨੇ ਨੂੰ ਸਾਕਾਰ ਕਰਨ ਤੋਂ ਪਹਿਲਾਂ ਹੀ ਚੱਲ ਵੱਸੇ। ਜਗਤਾਰ ਰਾਹਾ ਅਨੁਸਾਰ, “ਡਾ. ਜਸਵੰਤ ਸਿੰਘ ਕੋਲ ਲੋਕਾਂ ਨਾਲ ਮਿਲ-ਬੈਠਣ ਦਾ ਪੈਦਾਇਸ਼ੀ ਗੁਣ ਸੀ। ਉਹ ਛੋਟੇ ਬੱਚਿਆਂ ਨੂੰ ਬੇਇੰਤਹਾ ਮੁਹੱਬਤ ਕਰਦੇ ਸਨ ਅਤੇ ਉਨ੍ਹਾਂ ਦੇ ਉਜਲ ਭਵਿੱਖ ਲਈ ਸਦਾ ਕਾਰਜਸ਼ੀਲ ਸਨ।” ਡਾ. ਜਸਵੰਤ ਸਿੰਘ ਇਕ ਉਘੇ ਸਮਾਜ-ਸੇਵਕ, ਪਿੰਡਾਂ ਵਿਚ ਪਬਲਿਕ ਲਾਇਬਰੇਰੀਆਂ ਦੇ ਨਿਰਮਾਤਾ, ਨਿੱਘੇ ਦੋਸਤ ਅਤੇ ਜ਼ਿੰਮੇਵਾਰ ਪਰਿਵਾਰਕ ਵਿਅਕਤੀ ਵਜੋਂ ਯਾਦ ਰੱਖੇ ਜਾਣਗੇ, ਜਿਨ੍ਹਾਂ ਵਿਚ ਜ਼ਿੰਦਗੀ ਜਿਉਣ ਦਾ ਭਰਪੂਰ ਉਤਸ਼ਾਹ ਸੀ। ਉਨ੍ਹਾਂ ਵਿਚ ਪੁਸਤਕਾਂ ਪ੍ਰਤੀ ਪਿਆਰ ਅਤੇ ਤਾ-ਉਮਰ ਸਿੱਖਣ-ਸਿਖਾਉਣ ਦੀ ਚਿਣਗ ਸਮੇਤ ਅਨੇਕਾਂ ਗੁਣ ਸਨ। ਉਨ੍ਹਾਂ ਸਦਾ ਉਸ ਚੜ੍ਹਦੀ ਕਲਾ ਦੇ ਸੰਕਲਪ ਨੂੰ ਰੂਪਮਾਨ ਕੀਤਾ ਹੈ, ਜੋ ਸਾਨੂੰ ਹਮੇਸ਼ਾ ਆਸਵੰਦ ਹੋਣ ਦਾ ਸਬਕ ਸਿਖਾਉਂਦਿਆਂ ਸਦੀਵੀ ਅਨੰਦਮਈ ਅਵਸਥਾ ਲਈ ਪ੍ਰੇਰਿਤ ਕਰਦਾ ਹੈ।