ਤਰਲੋਚਨ ਸਿੰਘ ਦੁਪਾਲਪੁਰ
ਫੋਨ: 1-408-915-1268
ਜਿਸ ਵੇਲੇ ਸ੍ਰੀ ਦਰਬਾਰ ਸਾਹਿਬ ਤੋਂ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਹੁੰਦਾ ਹੈ, ਉਸ ਵੇਲੇ ਅਸੀਂ ਕੈਲੀਫੋਰਨੀਆ ਵਿਚ ਬੈਠੇ ਸ਼ਾਮ ਦੀ ਚਾਹ ਪੀ ਰਹੇ ਹੁੰਦੇ ਹਾਂ। ਕਰੋਨਾ ਵਾਇਰਸ ਕਾਰਨ ਅਸੀਂ ਸਾਰਾ ਪਰਿਵਾਰ ਘਰੇ ਬੈਠੇ ਕੀਰਤਨ ਸਰਵਣ ਕਰਦੇ ਹਾਂ। ਇਸ ਕਰਕੇ ਟੀ. ਵੀ. ਰਾਹੀਂ ਪ੍ਰਸਾਰਿਤ ਹੋ ਰਿਹਾ ਅੰਮ੍ਰਿਤ ਵੇਲੇ ਦਾ ਕੀਰਤਨ ਵਧੇਰੇ ਇਕਾਗਰਤਾ ਨਾਲ ਸੁਣਦੇ ਹਾਂ। ਕਈ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਰੋਜ ਹੀ ਰਾਗੀ ਸਿੰਘਾਂ ਦੇ ਬਿਲਕੁਲ ਪਿੱਛੇ ਆਣ ਵਿਰਾਜਦੇ ਹਨ।
ਉਨ੍ਹਾਂ ਦੇ ਆਸੇ-ਪਾਸੇ ਸ਼ਰਧਾਲੂ ਤਾਂ ਹੋਰ ਵੀ ਬੈਠੇ ਹੁੰਦੇ ਹਨ, ਪਰ ਗਿਆਨੀ ਗੁਰਬਚਨ ਸਿੰਘ ਕੀਰਤਨ ਸੁਣਦੇ ਹੋਏ ਏਨੀ ਵਿਸਮਾਦਤ ਮੁਦਰਾ ਵਿਚ ਆਲੇ-ਦੁਆਲੇ ਅਤੇ ਉਪਰ ਹੇਠ ਨੂੰ ਇੰਜ ਸਿਰ ਹਿਲਾਉਂਦੇ ਹਨ, ਜਿਵੇਂ ਉਹ ਉਚਾਰੇ ਜਾ ਰਹੇ ਸ਼ਬਦਾਂ ਦੇ ਅਰਥਾਂ ਵਿਚ ਪੂਰੇ ਗੜੂੰਦ ਹੋ ਰਹੇ ਹੋਣ! ਅਜਿਹਾ ਕਰਦਿਆਂ ਕਦੇ ਉਹ ਆਪਣੇ ਨੇਤਰ ਮੁੰਦ ਲੈਂਦੇ ਨੇ, ਕਦੇ ਉਘਾੜ ਲੈਂਦੇ ਹਨ। ਭਾਵ ਉਹ ‘ਵਿਦਵਾਨ ਤੇ ਵਿਲੱਖਣ ਸਰੋਤਾ’ ਹੋਣ ਦਾ ਪ੍ਰਭਾਵ ਦੇ ਰਹੇ ਹੁੰਦੇ ਨੇ।
ਇਕ ਸ਼ਰਧਾਲੂ ਸਿੱਖ ਵਜੋਂ ਉਨ੍ਹਾਂ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਇੰਜ ਕੀਰਤਨ ਸਰਵਣ ਕਰਨ ਨੂੰ ਸੁਭਾਗਾ ਤੇ ਵਡਭਾਗਾ ਕਿਹਾ ਜਾਣਾ ਚਾਹੀਦਾ ਹੈ, ਕਿਉਂਕਿ ਹਰੇਕ ਗੁਰੂ ਨਾਨਕ ਨਾਮੁ ਲੇਵਾ ਅਰਦਾਸ ਵਿਚ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੀ ਜਾਚਨਾ ਕਰਦਾ ਹੈ।
ਇੰਜ ਬੀਤੀ ਛੱਬੀ ਜੁਲਾਈ ਦੇ ਸਵੇਰੇ ਅੰਮ੍ਰਿਤ ਵੇਲੇ ਕੀਰਤਨੀ ਜਥੇ ਦੇ ਪਿੱਛੇ ਸਿਰ ਹਿਲਾਉਂਦੇ ਗਿਆਨੀ ਗੁਰਬਚਨ ਸਿੰਘ ਵੱਲ ਦੇਖ ਕੇ ਮੇਰੇ ਜਿਹਨ ਵਿਚ ਦੋ ਗੱਲਾਂ ਆ ਗਈਆਂ-ਪਹਿਲੀ, ਗਿਆਨੀ ਜੀ ਦੇ ਜਥੇਦਾਰੀ-ਕਾਲ ਵੇਲੇ ਵਾਪਰੇ ਬੇਅਦਬੀ ਕਾਂਡ ਉਪਰੰਤ ਸਿਰਸੇ ਵਾਲੇ ਰਾਮ ਰਹੀਮ ਨੂੰ ਦਿੱਤੀ ਮੁਆਫੀ ਅਤੇ ਉਸ ਮੁਆਫੀ ਨੂੰ ਮੰਨ ਲੈਣ ਲਈ ਜਾਰੀ ਕੀਤੇ ਹੁਕਮਨਾਮੇ ਵਾਲਾ ਸਾਰਾ ਕਾਂਡ; ਦੂਜੀ, ਇੱਕ ਪਟਵਾਰੀ ਨੂੰ ਮੰਦਿਰ ਦੇ ਪੁਜਾਰੀ ਵਲੋਂ ਦਿੱਤੀ ਨਸੀਹਤ।
ਪਹਿਲਾਂ ਪੁਜਾਰੀ ਦੀ ਨਸੀਹਤ ਦਾ ਇਕ ਕਿੱਸਾ ਸੁਣ ਲਉ: ਟਾਂਡੇ ਲਾਗਲੇ ਪਿੰਡ ਜਾਜੇ ਦੇ ਮੇਰੇ ਦੋਸਤ ਨੇ ਸ਼ ਰਜਿੰਦਰ ਸਿੰਘ ਰਾਣਾ, ਜੋ ਅਜ ਕੱਲ ਅਮਰੀਕਾ ਵਸਦੇ ਹਨ, ਮੈਨੂੰ ਅਕਸਰ ਆਪਣੇ ਸੇਵਾ ਮੁਕਤ ਹੋ ਚੁਕੇ ਪਟਵਾਰੀ ਬਾਪ ਦੀ ਧਾਰਮਿਕ ਬਿਰਤੀ ਅਤੇ ਅਸੂਲਪ੍ਰਸਤੀ ਦੀਆਂ ਕਈ ਦਿਲਚਸਪ ਗੱਲਾਂ ਸੁਣਾਉਂਦੇ ਹੁੰਦੇ ਨੇ। ਕਹਿੰਦੇ, ਇਕ ਵਾਰ ਉਨ੍ਹਾਂ ਦੇ ਬਾਪ ਦੀ ਬਦਲੀ ਇਕ ਐਸੇ ਪਿੰਡ ਵਿਚ ਹੋ ਗਈ, ਜਿੱਥੇ ਦਾ ਪਟਵਾਰਖਾਨਾ ਪਿੰਡ ਦੇ ਬਾਹਰਵਾਰ ਸਥਿਤ ਇਕ ਮੰਦਿਰ ਦੇ ਕੰਪਲੈਕਸ ਵਿਚ ਬਣਿਆ ਹੋਇਆ ਸੀ।
ਸ਼ੁੱਧ ਸ਼ਾਕਾਹਾਰੀ ਅਤੇ ਸਨਾਤਨੀ ਵਿਚਾਰਧਾਰਾ ਨੂੰ ਪ੍ਰਨਾਏ ਪਟਵਾਰੀ ਜੀ ਅਜਿਹੀ ਧਾਰਮਿਕ ਥਾਂ ਆਪਣਾ ਦਫਤਰ ਦੇਖ ਕੇ ਗਦ ਗਦ ਹੋ ਗਏ! ਆਮ ਪਟਵਾਰੀਆਂ ਦੀਆਂ ਰਿਸ਼ਵਤਖੋਰੀ ਜਿਹੀਆਂ ਅਲਾਮਤਾਂ ਤੋਂ ਕੋਹਾਂ ਦੂਰ ਰਹਿਣ ਵਾਲੇ ਇਸ ਪਟਵਾਰੀ ਨੂੰ ਮੌਜ ਲੱਗ ਗਈ। ਸਵੇਰੇ ਸ਼ਾਮ ਉਹ ਮੰਦਿਰ ਵਿਚ ਜਾ ਕੇ ਬੜੀ ਸ਼ਰਧਾ ਨਾਲ ਮੰਤਰਾਂ ਦਾ ਜਾਪ ਅਤੇ ਹੋਰ ਪੂਜਾ ਅਰਚਨਾ ਕਰਕੇ ਖੁਸ਼ੀ ਖੁਸ਼ੀ ਦਫਤਰ ਵਿਚ ਕੰਮ ਕਾਜ ਕਰਦੇ।
ਉਨ੍ਹਾਂ ਦੇ ਪਟਵਾਰ ਹਲਕੇ ਵਿਚਲੇ ਤਿੰਨ-ਚਾਰ ਪਿੰਡਾਂ ਦੇ ਕਿਸਾਨ ਭਰਾ ਅਤੇ ਹੋਰ ਲੋੜਵੰਦ ਲੋਕ ਸਾਰਾ ਦਿਨ ਦੇ ਕੰਮ-ਧੰਦੇ ਨਿਪਟਾ ਕੇ ਆਪੋ ਆਪਣੇ ਕੰਮਾਂ ਲਈ ਪਟਵਾਰੀ ਕੋਲ ਆ ਜਾਂਦੇ। ਇਸ ਸਿਲਸਿਲੇ ਦੇ ਚਲਦਿਆਂ ਇਕ ਸ਼ਾਮ ਪਟਵਾਰੀ ਮੰਦਿਰ ਦੇ ਪੁਜਾਰੀਆਂ ਨਾਲ ਮਿਲ ਕੇ ਭਗਵਾਨ ਦੀ ਸੰਧਿਆ ਆਰਤੀ ਵਿਚ ਮਸ਼ਰੂਫ ਸੀ। ਸੰਖ ਪੂਰੇ ਜਾ ਰਹੇ ਸਨ, ਟੱਲੀਆਂ ਵੱਜ ਰਹੀਆਂ ਸਨ, ਫੁੱਲ-ਪੱਤੀਆਂ ਦੀ ਵਰਖਾ ਹੋ ਰਹੀ ਸੀ ਅਤੇ ਪਟਵਾਰੀ ਜੀ ਆਸਾ ਦੀ ਵਾਰ ਸੁਣ ਰਹੇ ਸਾਡੇ ਗਿਆਨੀ ਗੁਰਬਚਨ ਸਿੰਘ ਵਾਂਗ ਮੰਤਰ ਮੁਗਧ ਹੋਏ ਆਰਤੀ ਦੀ ਧੁਨ ਦੇ ਨਾਲ ਨਾਲ ਸਿਰ ਹਿਲਾ ਰਹੇ ਸਨ।
ਇੰਨੇ ਨੂੰ ਅਚਾਨਕ ਕੀ ਹੋਇਆ, ਕਿਸੇ ਨੇ ਪਿੱਛਿਓਂ ਆ ਕੇ ਪਟਵਾਰੀ ਦੇ ਮੋਢੇ ‘ਤੇ ਹੱਥ ਰੱਖਿਆ।
ਇਕ ਦਮ ਪਿੱਛੇ ਨੂੰ ਭਉਂ ਕੇ ਪਟਵਾਰੀ ਨੇ ਅੱਖਾਂ ਖੋਲ੍ਹੀਆਂ! ਇਸ ਅਸਥਾਨ ਦਾ ਵੱਡਾ ਮੁਖੀਆ ਪੁਜਾਰੀ ਸ਼੍ਰੀ ਮਹੰਤ ਮਹਾਰਾਜ ਇਨ੍ਹਾਂ ਨੂੰ ਉਠਣ ਦਾ ਇਸ਼ਾਰਾ ਕਰ ਰਿਹਾ ਸੀ। ਹੈਰਾਨ ਹੋਇਆ ਪਟਵਾਰੀ ਸੰਗਤ ਵਿਚੋਂ ਉਠਿਆ ਅਤੇ ਮਹੰਤ ਦੇ ਮਗਰ ਮਗਰ ਬਾਹਰ ਆ ਗਿਆ। ਪਟਵਾਰਖਾਨੇ ਦੇ ਮੂਹਰੇ ਡੱਠੇ ਬੈਂਚਾਂ ਉਪਰ ਬੈਠੇ ਵਿਅਕਤੀਆਂ ਵੱਲ ਹੱਥ ਕਰਕੇ ਮਹੰਤ ਨੇ ਪਟਵਾਰੀ ਨੂੰ ਕਿਹਾ, “ਆਹ ਵਿਚਾਰੇ ਅੰਨਦਾਤੇ ਸਾਰਾ ਦਿਨ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਮਿਹਨਤ ਕਰਨ ਵਾਲੇ ਥੱਕੇ ਹਾਰੇ ਤੇਰੇ ਕੋਲ ਆਪਣੇ ਕੰਮਾਂ ਲਈ ਆਏ ਬੈਠੇ ਹਨ, ਪਰ ਤੂੰ ਅੰਦਰ ਆਰਤੀ ਵਿਚ ਮਘਨ ਹੋਇਆ ਬੈਠਾ ਐਂ? ਤੈਨੂੰ ਤਨਖਾਹ ਆਰਤੀ ਸੁਣਨ ਦੀ ਮਿਲਦੀ ਹੈ ਕਿ ਇਨ੍ਹਾਂ ਵਿਚਾਰਿਆਂ ਦੇ ਕੰਮ ਕਰਨ ਦੀ?”
ਤਲਖ ਕਲਾਮੀ ਛੱਡ ਕੇ ਫਿਰ ਮਹੰਤ ਜੀ ਨਿਮਰਤਾ ਵਿਚ ਆ ਗਏ, “ਸ੍ਰੀਮਾਨ ਜੀ, ਜਿਨ੍ਹਾਂ ਦੀ ਸੇਵਾ ਲਈ ਤੈਨੂੰ ਇਹ ਨੌਕਰੀ ਮਿਲੀ ਹੋਈ ਹੈ, ਉਨ੍ਹਾਂ ਦੇ ਕੰਮ ਕਰਨਾ ਹੀ ਤੇਰੀ ‘ਸੱਚੀ ਆਰਤੀ’ ਹੈ। ਭਗਵਾਨ ਜੀ ਤੇਰੀ ਇਸੇ ਆਰਤੀ ‘ਤੇ ਪ੍ਰਸੰਨ ਹੋਣਗੇ!”
ਹਾਰਮੋਨੀਅਮ ਦੀਆਂ ਧੁਨਾਂ ‘ਤੇ ਝੂਮਦੇ ਦਿਸਦੇ ਗਿਆਨੀ ਗੁਰਬਚਨ ਸਿੰਘ ਵੱਲ ਦੇਖ ਕੇ ਮੈਨੂੰ ਰਹਿ ਰਹਿ ਕੇ ਇਹ ਖਿਆਲ ਆ ਰਿਹਾ ਸੀ ਕਿ ਅਜੋਕੇ ਸਿੱਖ ਸਮਾਜ ਵਿਚ ਉਕਤ ਮਹੰਤ ਜਿਹਾ ਸੂਝਵਾਨ ਤੇ ਜੁਰਅਤ ਵਾਲਾ ਕੋਈ ਸੰਤ, ਬਾਬਾ, ਬ੍ਰਹਮਗਿਆਨੀ, ਆਗੂ, ਰਾਗੀ ਢਾਡੀ ਜਾਂ ਜਥੇਦਾਰ ਹੈ ਈ ਨਹੀਂ, ਜੋ ਤਿੰਨ ਫੁੱਟੀ ਕਿਰਪਾਨ ਲਈ ਫਿਰਦੇ ਇਸ ਜਥੇਦਾਰ ਦੇ ਮੋਢੇ ‘ਤੇ ਹੱਥ ਰੱਖ ਸਕੇ?…ਤੇ ਹਲੂਣਾ ਦੇ ਕੇ ਪੁੱਛੇ ਕਿ ਭਾਈ ਜਥੇਦਾਰਾ! ਜਦ ਤੂੰ ਅਕਾਲ ਤਖਤ ਸਾਹਿਬ ਵਿਖੇ ‘ਸਿੰਘ ਸਾਹਿਬ’ ਵਜੋਂ ਸਜਿਆ ਹੋਇਆ ਸੈਂ, ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਰੋਸ ਪ੍ਰਗਟਾਉਂਦੀ ਸੰਗਤ ਉਤੇ ਬਾਦਲ ਸਰਕਾਰ ਦੇ ਹੁਕਮਾਂ ‘ਤੇ ਚਲਾਈ ਗੋਲੀ ਨਾਲ ਸਿੱਖ ਗੱਭਰੂ ਮਾਰੇ ਗਏ, ਬੇਅਦਬੀ ਦੀਆਂ ਤਾਰਾਂ ਜਿਸ ਰਾਮ ਰਹੀਮ ਦੇ ਡੇਰੇ ਨਾਲ ਜੁੜੀਆਂ, ਪਹਿਲਾਂ ਤੂੰ ਦਿੱਤੀ ਉਸ ਰਾਮ ਰਹੀਮ ਨੂੰ ਮੁਆਫੀ ਤੇ ਫਿਰ ਮੁਆਫੀ ਨੂੰ ਸਿੱਖਾਂ ਵਲੋਂ ਮੰਨ ਲੈਣ ਲਈ ਜਾਰੀ ਕੀਤਾ ਹੁਕਮਨਾਮਾ ਅਤੇ ਹੁਕਮਨਾਮਾ ਪ੍ਰਚਾਰਨ ਲਈ ਨੱਬੇ ਲੱਖ ਰੁਪਏ ਵਿਚ ਗੋਲਕ ਲੁਟਾਈ, ਫਿਰ ਹੁਕਮਨਾਮਾ ਵਾਪਸ ਲੈਣ ਦੀ ਹਾਸੋ ਹੀਣੀ ਕਰਵਾਈ।
ਇਹ ਸਾਰਾ ਘੋਰ ਅਨਰਥ ਤੇਰੇ ਹੱਥੀਂ ਅਤੇ ਤੇਰੀ ਦੇਖ-ਰੇਖ ਹੇਠ ਹੋਇਆ, ਉਸ ਵੇਲੇ ਦੇ ਤੇਰੇ ਭਾਈਵਾਲ ਗਿਆਨੀ ਗੁਰਮੁਖ ਸਿੰਘ ਅਤੇ ਭਾਈ ਇਕਬਾਲ ਸਿੰਘ ਪਟਨਾ ਸਾਹਿਬ ਕਈ ਵਾਰ ਅੰਦਰਲੇ ਸੱਚੇ ਤੱਥ ਸ਼ੱਰੇਆਮ ਦੱਸ ਚੁਕੇ ਹਨ, ਪਰ ਤੂੰ ਹਾਲੇ ਤੱਕ ਇਹ ਪਾਪਾਂ ਦਾ ਟੋਕਰਾ ਸਿਰ ਉਤੇ ਚੁੱਕੀ ਫਿਰਦਾ ਐਂ!
ਭਾਈ ਸਿੰਘਾ! ਜੇ ਤੂੰ ਅਕਾਲ ਪੁਰਖ ਦੀ ਦਰਗਾਹ ਵਿਚ ਸੁਰਖਰੂ ਹੋ ਕੇ ਜਾਣਾ ਚਾਹੁੰਦਾ ਹੈਂ ਤਾਂ ਕਿਸੇ ਦਿਨ ਬੜੇ ਸਤਿਕਾਰ ਨਾਲ ਪ੍ਰੈਸ ਕਾਨਫਰੰਸ ਸੱਦ ਕੇ ਆਪਣੇ ਨਾਲ ਹੋਈ ਖੱਜਲ ਖੁਆਰੀ ਦਾ ਸਾਰਾ ਚਿੱਠਾ ਖੋਲ੍ਹ ਕੇ ਸੁਣਾ ਦੇਹ। ਗੁਰੂ ਪੰਥ ਬਖਸ਼ਿੰਦ ਹੈ, ਭੁੱਲਾਂ ਗੁਸਤਾਖੀਆਂ ਬਖਸ਼ ਦੇਵੇਗਾ!
ਸਵਾਲ ਮੁੜ ਦੁਹਰਾਉਣ ਲੱਗਾਂ, “ਰੱਖੇਗਾ ਕੋਈ ਗਿਆਨੀ ਗੁਰਬਚਨ ਸਿੰਘ ਦੇ ਮੋਢੇ ਉਤੇ ਹੱਥ?”