ਜੀਵਨ-ਮੁਕਤ

ਹਰਸ਼ਿੰਦਰ ਸਿੰਘ, ਆਬਰਨ
ਫੋਨ: 253-335-5666
ਸੰਸਾਰ ਵਿਚ ਵਿਚਰਦਿਆਂ ਸੰਸਾਰ ਦੇ ਪਦਾਰਥਾਂ ਤੋਂ ਨਿਰਲੇਪ ਰਹਿਣਾ, ਜੀਵਨ-ਮੁਕਤ ਕਹਿਲਾਉਂਦਾ ਹੈ। ਹਰ ਜਿਗਿਆਸੂ ਦੀ ਆਖਰੀ ਮੰਜ਼ਿਲ ਮੁਕਤੀ ਪਾਉਣਾ ਹੈ। ਇਹ ਧਰਮ, ਅਰਥ, ਕਾਮ, ਮੋਖ ਵਿਚ ਸਭ ਤੋਂ ਉਤਮ ਮੰਨੀ ਜਾਂਦੀ ਹੈ। ਰਾਮਾ ਅਵਤਾਰ ਮਾਨਸ ਅਨੁਸਾਰ ਮਨੁੱਖ ਨੂੰ ਤਿੰਨ ਦੁੱਖ ਜਾਂ ਪਾਪ ਚੰਬੜੇ ਹੋਏ ਹਨ। ਦੈਹਿਕ ਦੈਵਿਕ ਭੌਤਿਕ ਤਾਪਾ, ਭਾਵ ਅਧਿਆਤਮਕ, ਭੌਤਿਕ ਤੇ ਦੈਵਿਕ ਦੁੱਖ। ਇਨ੍ਹਾਂ ਦੁਖਾਂ ਤੋਂ ਨਿਰਅਸਰ ਹੋ ਜਾਣਾ ਹੀ ਮੁਕਤੀ ਹੈ।

ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਰ ਪਾਸੇ ਬ੍ਰਾਹਮਣਵਾਦ ਦਾ ਪਸਾਰਾ ਸੀ। ਮੁਕਤੀ ਦਿਵਾਉਣ ਦਾ ਵਾਅਦਾ ਬ੍ਰਾਹਮਣ ਵੀ ਕਰਦੇ ਸਨ, ਪਰ ਉਨ੍ਹਾਂ ਦਾ ਸੰਕਲਪ ਸੀ ਕਿ ਮੁਕਤੀ ਸਰੀਰ ਦੇ ਨਾਸ਼ ਹੋਣ ਤੋਂ ਬਾਅਦ ਮਿਲਦੀ ਹੈ ਤੇ ਇਸ ਦਾ ਉਪਾਅ ਅਨੇਕਾਂ ਕਿਸਮ ਦੇ ਕਰਮ ਕਾਂਡ ਹਨ। ਪੂਜਾ ਪਾਠ ਕਰਨੇ, ਜਗ ਹਵਨ ਕਰਨੇ, ਮੰਤਰ ਪੜ੍ਹਨੇ, ਬਲੀ ਦੇਣੀ, ਆਦਿ ਮੁਕਤੀ ਦੇ ਸਾਧਨ ਸਨ। ਆਮ ਮਨੁੱਖ ਨੂੰ ਇਹ ਕੰਮ ਕਰਾਉਣ ਲਈ ਬ੍ਰਾਹਮਣਾਂ-ਪੰਡਿਤਾਂ ਕੋਲ ਜਾਣਾ ਪੈਂਦਾ ਸੀ। ਮੁਕਤੀ ਦੇ ਨਾਮ ‘ਤੇ ਉਨ੍ਹਾਂ ਨੂੰ ਬਹੁਤ ਲੁਟਿਆ ਜਾਂਦਾ ਸੀ। ਮਰਨ ਪਿਛੋਂ ਕੌਣ ਆ ਕੇ ਦਸਦਾ ਕਿ ਬ੍ਰਾਹਮਣਾਂ ਦੇ ਕੀਤੇ ਉਪਾਵਾਂ ਕਾਰਨ ਮੁਕਤੀ ਮਿਲ ਗਈ? ਨਾਲੇ ਮਰਨ ਪਿਛੋਂ ਜੇ ਮੁਕਤੀ ਮਿਲ ਵੀ ਗਈ ਤਾਂ ਕੀ ਲਾਭ? ਜਿਉਂਦੇ-ਜੀ ਤਾਂ ਤਿੰਨ ਤਾਪ ਦੂਰ ਨਾ ਹੋ ਸਕੇ।
ਭਗਤ ਨਾਮਦੇਵ ਜੀ ਨੂੰ ਪਾਂਡਿਆਂ ਨੇ ਸ਼ੂਦਰ ਤੇ ਨੀਚ ਆਖ ਕੇ ਕੁੱਟਿਆ। ਉਹ ਲਿਖਦੇ ਹਨ, “ਹੇ ਪ੍ਰਭੂ, ਇਨ੍ਹਾਂ ਪਾਂਡਿਆ ਅੱਗੇ ਮੇਰੀ ਪੇਸ਼ ਨਹੀਂ ਜਾਂਦੀ। ਜੇ ਮੈਨੂੰ ਮੁਕਤੀ ਮਰਨ ਉਪਰੰਤ ਹੀ ਮਿਲਣੀ ਹੈ ਤਾਂ ਕਿਸੇ ਨੂੰ ਕੀ ਪਤਾ ਲੱਗੂ?
ਮੂਏ ਹੂਏ ਜਉ ਮੁਕਤਿ ਦੇਹੁਗੇ
ਮੁਕਤਿ ਨ ਜਾਨੈ ਕੋਇਲਾ॥ (ਭਗਤ ਨਾਮਦੇਵ)
ਆਮ ਲੋਕਾਂ ਨੇ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਘਰ-ਪਰਿਵਾਰ ਛੱਡ ਕੇ ਜੰਗਲਾਂ ਵੱਲ ਭੱਜ ਜਾਣਾ ਵੀ ਸੰਸਾਰ ਤੋਂ ਮੁਕਤ ਹੋਣਾ ਹੀ ਸਮਝਿਆ, ਪਰ ਗੁਰਬਾਣੀ ਨੇ ਇਸ ਤਰੀਕੇ ਦਾ ਵੀ ਖੰਡਨ ਕੀਤਾ। ਜੰਗਲਾਂ ਵਿਚ ਜਾ ਕੇ ਮਨ ਨਹੀਂ ਸਾਧਿਆ ਜਾ ਸਕਦਾ। ਦੁਖ, ਸੁਖ, ਤਾਪ ਦਾ ਮੂਲ ਸਬੰਧ ਮਨ ਨਾਲ ਹੈ। ਜਿਸ ਮਨੁੱਖ ਦਾ ਮਨ ਇਨ੍ਹਾਂ ਪਦਾਰਥਾਂ ਦੇ ਅਸਰ ਤੋਂ ਮੁਕਤ ਹੈ, ਉਹ ਅਸਲੀ ਮੁਕਤੀ ਪ੍ਰਾਪਤ ਕਰ ਲੈਂਦਾ ਹੈ।
ਗੁਰਸਿੱਖ ਮਰਨ ਉਪਰੰਤ ਮਿਲਣ ਵਾਲੀ ਕਿਸੇ ਮੁਕਤੀ ਦੀ ਆਸ਼ਾ ਨਹੀਂ ਕਰਦਾ। ਉਹਦਾ ਸਵਰਗ ਤਾਂ ਇਸੇ ਧਰਤੀ ‘ਤੇ ਹੈ, ਉਹ ਜਿਉਂਦੇ-ਜੀ ਮਾਣਦਾ ਹੈ, “ਤਹਾ ਬੈਕੁੰਠ ਜਹ ਕੀਰਤਨ ਤੇਰਾ।”
ਗੁਰਸਿਖ ਤਾਂ ਪ੍ਰਭੂ ਚਰਨਾਂ ਦੀ ਪ੍ਰੀਤ ਮੰਗਦਾ ਹੈ। ਬਾਕੀਆਂ ਵਾਂਗ ਸਵਰਗ ਜਾਂ ਮੁਕਤੀ ਨਹੀਂ ਮੰਗਦਾ।
ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ
ਨਿਤਿ ਆਸਾ ਆਸ ਕਰੀਜੈ॥
ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ
ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ॥
ਇਸ ਜੀਵਨ-ਮੁਕਤੀ ਨੂੰ ਪਾਉਣ ਦਾ ਕੀ ਢੰਗ ਹੈ? ਇਸ ਦੇ ਰਸਤੇ ਵਿਚ ਕੀ ਰੁਕਾਵਟ ਹੈ?
ਜੀਵਨ ਮੁਕਤ ਹੋਣ ਲਈ ਪ੍ਰਭੂ ਦੀ ਰਜ਼ਾ ਨੂੰ ‘ਸ਼ੁਕਰ ਹੈ’ ਆਖ ਕੇ ਮੰਨ ਲੈਣਾ, ਆਪਣਾ ਆਪ ਭਾਵ ਹਉਮੈ ਦਾ ਤਿਆਗ ਕਰ ਦੇਣਾ ਹੀ ਇਕੋ ਇਕ ਸਾਧਨ ਹੈ।
ਪ੍ਰਭ ਕੀ ਆਗਿਆ ਆਤਮ ਹਿਤਾਵੈ॥
ਜੀਵਨ ਮੁਕਤਿ ਸੋਊ ਕਹਾਵੈ॥
ਸਤਿਗੁਰ ਭਾਇ ਚਲਹੁ ਜੀਵਤਿਆ ਇਵ ਮਰੀਐ ਰਾਮ॥
ਆਪੁ ਤਿਆਗਿ ਹੋਈਐ ਸਭ ਰੇਣਾ
ਜੀਵਤਿਆ ਇਉ ਮਰੀਐ॥
ਦੁੱਖ-ਸੁੱਖ ਬਰਾਬਰ ਕਰ ਕੇ ਜਾਣਨਾ, ਹਰਖ ਸੋਗ ਵਿਚ ਮਨ ਸਥਿਰ ਰੱਖਣਾ, ਉਸਤਤਿ ਨਿੰਦਿਆ, ਮਾਨ ਅਭਿਮਾਨ ਦਾ ਅਸਰ ਨਾ ਕਬੂਲਣਾ, ਬਸ ਇਹ ਹੀ ਜੀਵਨ ਮੁਕਤ ਹੋਣਾ ਹੈ। ਗੁਰੂ ਤੇਗ ਬਹਾਦਰ ਅਨੁਸਾਰ “ਮੁਕਤਿ ਤਾਹਿ ਤੈ ਜਾਨਿ” ਉਹਨੂੰ ਹੀ ਕਿਹਾ ਜਾ ਸਕਦਾ ਹੈ।
ਸਾਡਾ ਸਿੱਖ ਇਤਿਹਾਸ ਜੀਵਨ ਮੁਕਤਿਆਂ ਨਾਲ ਭਰਿਆ ਪਿਆ ਹੈ। ਗੁਰੂ ਅਰਜਨ ਦੇਵ ਤੱਤੀ ਤਵੀ ‘ਤੇ ਬੈਠੇ, ਗੁਰ ਤੇਗ ਬਹਾਦਰ ਦਾ ਸੀਸ ਧੜ ਤੋਂ ਅਲੱਗ ਕਰ ਦਿਤਾ ਗਿਆ, ਭਈ ਮਨੀ ਸਿੰਘ ਦੇ ਬੰਦ ਬੰਦ ਕੱਟੇ ਗਏ, ਭਾਈ ਤਾਰੂ ਸਿੰਘ ਦੀ ਖੋਪਰੀ ਲਾਹ ਦਿੱਤੀ ਗਈ, ਭਾਈ ਮਤੀ ਦਾਸ ਦੇ ਸਰੀਰ ਨੂੰ ਆਰੇ ਨਾਲ ਦੌਫਾੜ ਕੀਤਾ ਗਿਆ, ਸਤੀ ਦਾਸ ਨੂੰ ਇਕ ਖੰਬੇ ਨਾਲ ਬੰਨ੍ਹ ਕੇ, ਰੂਈ ਵਿਚ ਲਪੇਟ ਕੇ ਸਾੜ ਦਿੱਤਾ ਗਿਆ, ਭਾਈ ਦਿਆਲਾ ਜੀ ਨੂੰ ਦੇਗ ਵਿਚ ਉਬਾਲਿਆ ਗਿਆ-ਕਿਸੇ ਇਕ ਨੇ ਵੀ ਸ਼ਿਕਾਇਤ ਨਹੀਂ ਕੀਤੀ। ਭਾਣਾ ਮਿੱਠਾ ਕਰ ਕੇ ਮੰਨਿਆ।
ਮਨ ਤੇ ਤਨ ਪ੍ਰਭੂ ਦੇ ਹਵਾਲੇ ਕੀਤੇ ਬਿਨਾ ਜੀਵਨ ਮੁਕਤ ਨਹੀਂ ਹੋਇਆ ਜਾ ਸਕਦਾ। ਮਨ ਤਾਂ ਮਸਤ ਹਾਥੀ ਦੇ ਵਾਂਗ ਹੈ, ਆਪਣੇ ਆਕਾਰ ਦੇ ਅਹੰਕਾਰ ਵਿਚ ਮਸਤ ਹੈ। ਮੁਕਤ-ਦੁਆਰ ਮੰਨ ਲਓ, ਇਕ ਰਾਈ ਦੇ ਦਾਣੇ ਦੇ ਦਸਵੇਂ ਹਿੱਸੇ ਦੇ ਬਰਾਬਰ ਹੀ ਹੈ। ਮਨ ਇਸ ਦੁਆਰ ਵਿਚੋਂ ਕਿਵੇਂ ਲੰਘ ਸਕਦਾ ਹੈ, ਜਦ ਤਕ ਆਪਣੇ ਹੰਕਾਰ ਦੇ ਅਕਾਰ ਨੂੰ ਨਹੀਂ ਸੁੰਗਾੜਦਾ। ਇਹ ਮਨ ਤਾਂ ਸਿਰਫ ਗੁਰੂ ਦੀ ਪਕੜ ਵਿਚ ਹੀ ਆ ਸਕਦਾ ਹੈ। ਗੁਰੂ ਦੀ ਸ਼ਰਨੀਂ ਪੈਣ ਨਾਲ, ਜੀਵਨ ਮੁਕਤ ਹੋਣ ਲਈ ਕੋਈ ਯਤਨ ਨਹੀਂ ਕਰਨਾ ਪੈਂਦਾ।
ਕਬੀਰ ਮੁਕਤਿ ਦੁਆਰਾ ਸੰਕੁਰਾ
ਰਾਈ ਦਸਏਂ ਭਾਇ॥
ਮਨੁ ਤਉ ਮੈਗਲੁ ਹੋਇ ਰਹਿਓ
ਨਿਕਸੋ ਕਿਉ ਕੈ ਜਾਇ॥
ਕਬੀਰ ਐਸਾ ਸਤਿਗੁਰੁ ਜੇ ਮਿਲੈ
ਤੁਠਾ ਕਰੇ ਪਸਾਉ॥
ਮੁਕਤਿ ਦੁਆਰਾ ਮੋਕਲਾ
ਸਹਜੇ ਆਵਉ ਜਾਉ॥
ਸੋ, ਸਿੱਟਾ ਇਹ ਨਿਕਲਦਾ ਹੈ ਕਿ ਸਤਿਗੁਰੂ ਦੀ ਕਿਰਪਾ ਤੇ ਉਸ ਦੇ ਹੁਕਮ ਰਜਾਈ ਵਿਚ ਚਲ ਕੇ ਹੀ ਜੀਵਣ-ਮੁਕਤ ਦੀ ਅਵਸਥਾ ਪ੍ਰਾਪਤ ਹੋ ਸਕਦੀ ਹੈ।
ਗੁਰ ਪਰਸਾਦੀ ਜੀਵਤੁ ਮਰੈ
ਹੁਕਮੈ ਬੂਝੈ ਸੋਇ॥
ਨਾਨਕ ਐਸੀ ਮਰਨੀ ਜੋ ਮਰੈ
ਤਾ ਸਦ ਜੀਵਣੁ ਹੋਇ॥