ਮਾਜੀਦੀ ਰੰਗ: ਰੱਬ ਦੀ ਭਾਲ ਅਤੇ ਇਸ ਦਾ ਸੱਚ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ, ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਰਾਨ ਦੇ ਸਰਕਰਦਾ ਫਿਲਮਸਾਜ਼ ਮਾਜਿਦ ਮਾਜੀਦੀ ਦੀ ਫਿਲਮ ‘ਕਲਰਜ਼ ਆਫ ਪੈਰਡਾਈਜ਼’ ਬਾਰੇ ਚਰਚਾ ਕੀਤੀ ਗਈ ਹੈ। ਮਾਜਿਦ ਮਾਜੀਦੀ ਦੀ ਇਹ ਫਿਲਮ ਰੱਬ ਦੇ ਇਨ੍ਹਾਂ ਰੰਗਾਂ ਦੀ ਖੇਡ ਦੀ ਨਿਆਈਂ ਹੈ।

-ਸੰਪਾਦਕ
ਡਾ. ਕੁਲਦੀਪ ਕੌਰ
ਫੋਨ: +91-98554-04330

ਰੱਬ ਮਨੁੱਖੀ ਸਭਿਅਤਾ ਦਾ ਸਭ ਤੋ ਵੱਡਾ ਦਵੰਦ ਰਿਹਾ ਹੈ। ਆਖਿਰ ਕੀ ਹੈ ਰੱਬ? ਬੰਦਾ ਰੱਬ ਨੂੰ ਦਰ-ਦਰ ਕਿਉਂ ਭਾਲਦਾ ਫਿਰਦਾ ਹੈ? ਫਿਰ ਕਿਉਂ ਸਮਾਜ ਅਤੇ ਘਰ-ਪਰਿਵਾਰ ਉਨ੍ਹਾਂ ਬੰਦਿਆਂ ਤੋਂ ਤ੍ਰਹਿੰਦੇ ਹਨ ਜਿਨ੍ਹਾਂ ਵਿਚ ਦੀਨ-ਧਰਮ-ਈਮਾਨ ਤੇ ਰੱਬੀ ਗੁਣਾਂ ਦੀ ਜ਼ਰਾ ਵੀ ਭਿਣਕ ਪੈਂਦੀ ਹੋਵੇ? ਕਿਤੇ ਰੱਬ ਬੰਦੇ ਦੀ ਸਭ ਤੋਂ ਵੱਡੀ ਮਿੱਥ ਤਾਂ ਨਹੀਂ? ਕੀ ਰੱਬ ਨੂੰ ਬੰਦੇ ਦੀ ਕੋਈ ਜ਼ਰੂਰਤ ਹੈ? ਕਿਉਂ ਰੱਬ ਮਨੁੱਖ ਦੀ ਹਸਤੀ ਲਈ ਹੁਣ ਤੱਕ ਵੀ ਇੱਕ ਗੁੰਝਲਦਾਰ ਬੁਝਾਰਤ ਅਤੇ ਗੋਰਖ ਧੰਦਾ ਬਣਿਆ ਹੋਇਆ ਹੈ? ਜਿਵੇਂ ਬੰਦਾ ਰੱਬ ਤੋਂ ਡਰਦਾ ਹੈ, ਕੀ ਰੱਬ ਵੀ ਬੰਦੇ ਤੋਂ ਡਰਦਾ ਹੈ? ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਬੰਦੇ ਅਤੇ ਰੱਬ ਦੇ ਵਿਚਕਾਰ ਦੀਵਾਰ ਬਣ ਆ ਖੜ੍ਹਦੀਆਂ ਹਨ? ਕਿਤੇ ਰੱਬ ਕਿਸੇ ਬੰਦੇ ਦਾ ਮੌਤ ਦੇ ਡਰ ਤੋਂ ਨਿਜਾਤ ਪਾਉਣ ਦਾ ਸੰਦ ਤਾਂ ਨਹੀਂ? ਜੇਕਰ ਉਹ ਇੰਨੀ ਹੀ ਓਪਰੀ ਅਤੇ ਅਨੋਖੀ ਪਰ ਜ਼ਰੂਰੀ ਸ਼ੈਅ ਹੈ ਤਾਂ ਉਸ ਦੇ ਨੇੜੇ ਹੋਣ ਦਾ ਦਾਅਵਾ ਕਰਦੇ ਲੋਕ ਖੁਦ ਨੂੰ ਵੀ ਇੱਕ ਛੋਟਾ ਰੱਬ ਹੀ ਕਿਉਂ ਮੰਨ ਲੈਂਦੇ ਹਨ? ਕਿਉਂ ਰੱਬ ਨੂੰ ਪਾਉਣ ਦਾ ਅਸਲ ਰਾਹ ਬੰਦੇ ਦੇ ਦਿਲ ਵਿਚੋਂ ਲੰਘਦਾ ਹੈ? ਜੇਕਰ ਉਹ ਹੀ ਸਰਵ-ਸਮਰੱਥ ਹੈ ਤਾਂ ਉਹ ਬੰਦਿਆਂ ਦੇ ਦਿਲਾਂ ਅੰਦਰ ਨਫਰਤ, ਓਪਰਾਪਣ, ਬੁਰਾਈ, ਝੂਠ, ਮੱਕਾਰੀ ਆਦਿ ਭਰਦਾ ਹੀ ਕਿਉਂ ਹੈ, ਕਿਉੁਂਕ ਮਨੁੱਖ ਹੋਣ ਦੀ ਪੂਰੀ ਤਕਲੀਫ ਤਾਂ ਇਨ੍ਹਾਂ ਮਾੜੇ ਰੁਝਾਨਾਂ ਦੁਆਰਾ ਹੀ ਨਾਜ਼ਿਲ ਹੁੰਦੀ ਹੈ? ਕੀ ਰੱਬ ਬੰਦਿਆਂ ਨੂੰ ਇਨ੍ਹਾਂ ਦੇ ਚੁੰਗਲ ਵਿਚੋਂ ਆਜ਼ਾਦ ਨਹੀਂ ਕਰ ਸਕਦਾ? ਕਿਤੇ ਇਹ ਤਾਂ ਨਹੀਂ ਕਿ ਰੱਬ ਅਸਲ ਵਿਚ ਸਾਡੇ ਅੰਦਰਲੇ ਡਰਾਂ ਅਤੇ ਸੰਸਿਆਂ ਦੀ ਪਰਛਾਈਂ ਮਾਤਰ ਹੀ ਹੋਵੇ?
ਇਰਾਨੀ ਫਿਲਮਸਾਜ਼ ਮਾਜਿਦ ਮਾਜੀਦੀ ਦੀ ਫਿਲਮ ‘ਦਿ ਕਲਰ ਆਫ ਪੈਰਾਡਾਈਜ਼’ ਰੱਬ ਦੇ ਇਨ੍ਹਾਂ ਰੰਗਾਂ ਦੀ ਖੇਡ ਦੀ ਨਿਆਈਂ ਹੈ। ਫਿਲਮ ਬਹੁਤ ਹੀ ਸੂਖਮ ਅਤੇ ਸੰਵੇਦਨਸ਼ੀਲ ਤਰੀਕੇ ਨਾਲ ਬਣਾਈ ਗਈ ਹੈ ਜਿਸ ਨੂੰ ਕੁਝ ਹੱਦ ਤੱਕ ਕੈਮਰੇ ਨਾਲ ਸੁਣਾਈ ਕਵਿਤਾ ਦਾ ਲਕਬ ਦਿੱਤਾ ਜਾ ਸਕਦਾ ਹੈ। ਕਹਾਣੀ ਇਕ ਬੱਚੇ ਮੁਹੰਮਦ (ਮੋਹਿਸਨ ਰਮਜ਼ਾਨੀ) ਦੀ ਹੈ ਜਿਸ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਪਰ ਉਹ ਆਪਣੀਆਂ ਧੜਕਣਾਂ ਨਾਲ ਆਪਣੇ ਆਸ-ਪਾਸ ਦੇ ਜੀਅ-ਜੰਤੂਆਂ ਦੀ ਵੇਦਨਾ ਅਤੇ ਦਰਦ ਨਾ ਸਿਰਫ ਮਹਿਸੂਸ ਕਰ ਸਕਦਾ ਹੈ ਸਗੋਂ ਆਪਣੀ ਬਣਦੀ ਸਮਰੱਥਾ ਅਨੁਸਾਰ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। ਉਹ ਖਾਸ ਜ਼ਰੂਰਤਾਂ ਵਾਲੇ ਬੱਚਿਆਂ ਦੇ ਸਕੂਲ ਦੇ ਹੋਸਟਲ ਵਿਚ ਰਹਿੰਦਾ ਹੈ। ਇਸ ਸਕੂਲ ਦਾ ਡਾਇਰੈਕਟਰ ਮਾਜਿਦ ਮਾਜੀਦੀ ਹੀ ਹੈ ਜਿਹੜਾ ਇਨ੍ਹਾਂ ਬੱਚਿਆਂ ਨੂੰ ਬਰੇਲ (ਨੇਤਰਹੀਣਾਂ ਲਈ ਤਿਆਰ ਖਾਸ ਲਿਪੀ) ਰਾਹੀਂ ਪੜ੍ਹਾ ਕੇ ਉਨ੍ਹਾਂ ਦੀ ਜ਼ਿੰਦਗੀ ਵਿਚ ਨਵੇਂ ਰੰਗ ਭਰਨਾ ਚਾਹੁੰਦਾ ਹੈ। ਛੁੱਟੀਆਂ ਵਿਚ ਮੁਹੰਮਦ ਦਾ ਪਿਤਾ ਉਸ ਨੂੰ ਲੈਣ ਆਉਂਦਾ ਹੈ ਪਰ ਅਸਲ ਵਿਚ ਉਹ ਚਾਹੁੰਦਾ ਹੈ ਕਿ ਉਹ ਮੁਹੰਮਦ ਨੂੰ ਕਿਤੇ ਬਹੁਤ ਦੂਰ ਛੱਡ ਆਵੇ, ਕਿਉਂਕਿ ਦੇਖਣ ਦੀ ਸਮਰੱਥਾ ਨਾ ਹੋਣ ਕਾਰਨ ਉਹ ਆਪਣੇ ਮੁੰਡੇ ਨੂੰ ਆਪਣੇ ਉਤੇ ਬੋਝ ਸਮਝਦਾ ਹੈ। ਉਸ ਦੇ ਮਨ ਵਿਚ ਇਹ ਗੱਲ ਵੀ ਘਰ ਕਰ ਚੁੱਕੀ ਹੈ ਕਿ ਉਸ ਦੀ ਵਹੁਟੀ ਦੀ ਮੌਤ ਲਈ ਵੀ ਇਹੀ ਬੱਚਾ ਜ਼ਿੰਮੇਵਾਰ ਹੈ। ਦੂਜਾ ਸੱਚ ਇਹ ਕਿ ਦਰਅਸਲ ਉਹ ਹੁਣ ਇੱਕ ਅਮੀਰ ਔਰਤ ਨਾਲ ਵਿਆਹ ਕਰਵਾ ਕੇ ਖੁਸ਼ਹਾਲੀ ਦੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਇਸ ਲਈ ਮੁਹੰਮਦ ਦਾ ਉਸ ਦੀ ਜ਼ਿੰਦਗੀ ਵਿਚੋਂ ਰੁਖਸਤ ਹੋਣਾ ਜ਼ਰੂਰੀ ਹੈ, ਕਿਉਂਕਿ ਉਸ ਨੇ ਆਪਣੀ ਹੋਣ ਵਾਲੀ ਪਤਨੀ ਨੂੰ ਇਸ ਮੁੰਡੇ ਬਾਰੇ ਕੁਝ ਵੀ ਨਹੀਂ ਦੱਸਿਆ ਹੋਇਆ। ਉਹ ਮੁਹੰਮਦ ਨੂੰ ਲੈ ਕੇ ਸਮਾਜ ਵਿਚ ਸ਼ਰਮਿੰਦਗੀ ਮਹਿਸੂਸ ਕਰਦਾ ਹੈ। ਦੂਜੇ ਪਾਸੇ ਮੁਹੰਮਦ ਵਿਚ ‘ਕੁਦਰਤ’ ਦੇ ਸਾਰੇ ਰੰਗ ਹਨ। ਉਸ ਦਾ ਦਿਲ ਦਰਦਮੰਦੀ ਨਾਲ ਭਰਿਆ ਹੋਇਆ ਹੈ ਜਿਹੜਾ ਦੂਜਿਆਂ ਦਾ ਦੁੱਖ ਅਤੇ ਪੀੜ ਰਤਾ ਵੀ ਨਹੀਂ ਜਰ ਸਕਦਾ। ਉਸ ਨੂੰ ਚਿੜੀਆਂ, ਗੁਟਾਰਾਂ, ਕਬੂਤਰਾਂ, ਪੌਦਿਆਂ ਤੇ ਆਪਣੀ ਦਾਦੀ ਸਾਰਿਆਂ ਦੇ ਦਿਲਾਂ ਦਾ ਅਹਿਸਾਸ ਹੈ।
ਇਹ ਫਿਲਮ ਦੇਖਣ, ਸਮਝਣ, ਮਹਿਸੂਸ ਕਰਨ ਤੋਂ ਅੱਗੇ ਦੀ ਫਿਲਮ ਹੈ। ਮੁਹੰਮਦ ਦੇਖ ਨਹੀਂ ਸਕਦਾ। ਉਸ ਦੀ ਸਾਰੀ ਦੁਨੀਆ ਛੂਹ ਦੇ ਆਲੇ-ਦੁਆਲੇ ਘੁੰਮਦੀ ਹੈ। ਕੀ ਅਸੀਂ ਹੁਣ ਤੱਕ ਦੁਨੀਆ ਨੂੰ ਜਿੰਨਾ ਵੀ ਦੇਖ ਕੇ ਸਮਝਿਆ ਤੇ ਪਰਖਿਆ ਹੈ, ਉਹ ਸਾਰਾ ਝੂਠ ਹੀ ਤਾਂ ਨਹੀਂ? ਕੀ ਛੁਹ ਕੇ ਅਸੀਂ ਚੀਜ਼ਾਂ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਨਹੀਂ ਸਮਝ ਸਕਦੇ?
ਕੀ ਛੂਹ ਸਾਡੀਆਂ ਕਲਪਨਾਵਾਂ ਨੂੰ ਨਵਾਂ ਮੋੜ ਨਹੀਂ ਦੇ ਦਿੰਦੀ? ਇਸ ਫਿਲਮ ਵਿਚ ਮੁਹੰਮਦ ਆਪਣੇ ਅਧਿਆਪਕ ਤੋਂ ਪੁੱਛਦਾ ਹੈ ਕਿ ਜੇ ਰੱਬ ਹਰ ਜਗ੍ਹਾ ਹੈ ਤਾਂ ਉਸ ਨੇ ਮੈਨੂੰ ਉਸ ਨੂੰ ਦੇਖਣ ਤੋਂ ਵਾਂਝਿਆ ਕਿਉਂ ਰੱਖਿਆ ਹੈ? ਜਵਾਬ ਵਿਚ ਉਸ ਦਾ ਅਧਿਆਪਕ ਉਸ ਨੂੰ ਦੱਸਦਾ ਹੈ ਕਿ ਰੱਬ ਚਾਹੁੰਦਾ ਹੈ, ਤੂੰ ਉਸ ਨੂੰ ਛੂਹ ਕੇ ਅਤੇ ਸੁਣ ਕੇ ਦੇਖੇ। ਮੁਹੰਮਦ ਲਈ ਕੁਦਰਤ ਦੀ ਹਰ ਸ਼ੈਅ ‘ਰੱਬ’ ਬਣ ਜਾਂਦੀ ਹੈ।
ਮੁਹੰਮਦ ਦੀ ਦਾਦੀ ਅਤੇ ਦੋ ਭੈਣਾਂ ਲਈ ਉਹ ਰੱਬ ਦਾ ਬੰਦਾ ਹੈ। ਉਨ੍ਹਾਂ ਲਈ ਉਹ ਭਰਿਆ-ਭੁਕੰਨਾ ਇਨਸਾਨ ਹੈ ਅਤੇ ਉਹ ਉਸ ਨੂੰ ਪਿਤਾ ਦੀ ਬੇਰੁਖੀ ਤੇ ਕੁੜੱਤਣ ਤੋਂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀਆਂ ਹਨ ਪਰ ਪਿਤਾ ਦਾ ਰੱਬ ਕਿਤੇ ਖੋ ਗਿਆ ਹੈ। ਉਸ ਦਾ ਦਿਲ ਸਵਾਰਥ, ਪੈਸੇ ਦੀ ਹਵਸ ਅਤੇ ਦੁਨੀਆਦਾਰੀ ਨੇ ਅੰਨ੍ਹਾ ਕਰ ਦਿੱਤਾ ਹੈ। ਉਸ ਨੂੰ ਇਹ ਅੰਦਾਜ਼ਾ ਹੀ ਨਹੀਂ ਕਿ ਉਹ ਕਿਵੇਂ ਜਿਉਂ-ਜਿਉਂ ਮੁਹੰਮਦ ਨੂੰ ਖੁਦ ਤੋਂ ਦੂਰ ਕਰ ਰਿਹਾ ਹੈ, ਉਸ ਦੇ ਅੰਦਰਲਾ ਰੱਬ ਉਸ ਨਾਲ ਰੁੱਸ ਰਿਹਾ ਹੈ।
ਇਸ ਸਾਰੇ ਵਰਤਾਰੇ ਵਿਚ ਕੁਦਰਤ ਆਪਣੀ ਚਾਲ ਚੱਲ ਰਹੀ ਹੈ। ਉਨ੍ਹਾਂ ਦੇ ਪਿੰਡ ਅਤੇ ਖੇਤਾਂ ਵਿਚ ਕਣਕਾਂ ਪੱਕ ਰਹੀਆਂ ਹਨ, ਹਵਾ ਆਪਣੀ ਪੂਰੀ ਕੋਮਲਤਾ ਨਾਲ ਵਗ ਰਹੀ ਹੈ, ਧੁੱਪ ਆਪਣਾ ਨਿੱਘ ਸਾਰੇ ਚਿਹਰਿਆਂ ਉਤੇ ਬਿਨਾ ਕਿਸੇ ਭੇਦਭਾਵ ਖਿਲਾਰਦੀ ਜਾ ਰਹੀ ਹੈ। ਰਾਹਾਂ ਵਿਚ ਕੋਈ ਸੰਗੀਤ ਵੱਜਦਾ ਹੈ ਜਿਸ ਨਾਲ ਦਿਲਾਂ ਦੀਆਂ ਸਾਰੀਆਂ ਰਗਾਂ ਖਿੱਚੀਆਂ ਜਾਂ ਰਹੀਆਂ ਹਨ। ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਨੂੰ ਦੇਖਦਾ, ਸੁਣਦਾ, ਗਾਉਂਦਾ ਅਤੇ ਮਾਣਦਾ ਹੈ ਪਰ ਪਿਤਾ ਦਾ ਦਿਲ ਦਿਨੋ-ਦਿਨ ਸੁੰਗੜ ਰਿਹਾ। ਆਖਿਰ ਨੂੰ ਉਹ ਦਿਨ ਵੀ ਆਉਂਦਾ ਹੈ ਜਦੋਂ ਮੁਹੰਮਦ ਦੀ ਜਾਨ ਖਤਰੇ ਵਿਚ ਹੈ।
ਉਹ ਤੂਫਾਨ ਵਿਚ ਘਿਰਿਆ ਡੁੱਬ ਰਿਹਾ ਹੈ। ਪਿਤਾ ਸਾਹਮਣੇ ਉਸ ਨੂੰ ਮਰਦਾ ਛੱਡ ਦੇਣ ਦਾ ਮੌਕਾ ਹੈ। ਪਿਤਾ ਦਾ ਇੱਕ ਫੈਸਲਾ ਉਸ ਦੀ ਉਮਰਾਂ ਦੀ ਗਿਲਾਨੀ ਅਤੇ ‘ਅੰਨ੍ਹੇ ਪੁੱਤ’ ਦਾ ਪਿਉ ਹੋਣ ਦੀ ਸ਼ਰਮ ਨੂੰ ਧੋ ਸਕਦਾ ਹੈ ਪਰ ਕੁਦਰਤ ਉਸ ਨੂੰ ਇੱਕ ਹੋਰ ਮੌਕਾ ਦਿੰਦੀ ਹੈ। ਪਰਖ ਦੀ ਇਸ ਘੜੀ ਵਿਚ ਉਸ ਨੇ ਖੁਦ ਨੂੰ ਡੁੱਬਣ ਤੋਂ ਬਚਾਉਣਾ ਹੈ ਅਤੇ ਉਹ ਆਪਣੀ ਜਾਨ ਦਾਅ ਤੇ ਲਾ ਕੇ ਮੁਹੰਮਦ ਦੀ ਜਾਨ ਬਚਾ ਲੈਂਦਾ ਹੈ। ਉਸ ਨੂੰ ਭਾਸਦਾ ਹੈ ਕਿ ਉਸ ਨੇ ਆਪਣੇ ਅੰਦਰਲਾ ਰੱਬ ਅੱਜ ਬਚਾ ਲਿਆ।