ਮਾਇਆ ਦਾ ਸੰਕਲਪ

ਹਰਦੇਵ ਸਿੰਘ ਵਿਰਕ
ਫੋਨ: 91-94175-53347
ਗੁਰੂ ਗ੍ਰੰਥ ਸਾਹਿਬ ਵਿਚ ਮਾਇਆ ਪਦ 827 ਵਾਰ ਆਇਆ ਹੈ। ਨਾਮੁ ਤੋਂ ਬਾਅਦ ਇਸ ਪਦ ਦੀ ਵਰਤੋਂ ਬਾਣੀ ਵਿਚ ਸਭ ਤੋਂ ਵਧੀਕ ਹੋਈ ਹੈ। ਗੁਰਬਾਣੀ ਵਿਚ ਮਾਇਆ ਲਈ ਕਈ ਪਦ ਵਰਤੇ ਗਏ ਹਨ, ਜਿਵੇਂ ਕਿ ਛਲ, ਨਕਟੀ, ਮਾਖੀ, ਅਵਿਦਿਆ, ਚੰਚਲਾ, ਮੋਹਨੀ, ਨਾਗਿਨੀ ਅਤੇ ਬਿਖਿਆ ਆਦਿ।

ਮਾਈ ਮਾਇਆ ਛਲੁ॥
ਤ੍ਰਿਣ ਕੀ ਅਗਨਿ ਮੇਘ ਕੀ ਛਾਇਆ
ਗੋਬਿਦ ਭਜਨ ਬਿਨੁ ਹੜ ਕਾ ਜਲੁ॥
(ਟੋਡੀ ਮ: 5, ਪੰਨਾ 717)

ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥
(ਵਾਰ ਗੂਜਰੀ ਮ: 3, ਪੰਨਾ 510)

ਮਾਇਆ ਮੋਹੁ ਅਗਿਆਨ ਹੈ ਬਿਖਮੁ ਅਤਿ ਭਾਰੀ॥
(ਵਾਰ ਗੂਜਰੀ ਮ: 3, ਪੰਨਾ 509)
ਗੁਰਬਾਣੀ ਇਕ ਅਥਾਹ ਸਮੁੰਦਰ ਹੈ ਅਤੇ ਇਸ ਦੀ ਵਿਚਾਰ ਕੋਈ ਵਿਰਲਾ ਟਾਂਵਾਂ ਹੀ ਕਰ ਸਕਦਾ ਹੈ, ਜਿਵੇਂ ਕਿ ਫੁਰਮਾਨ ਹੈ,
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥
(ਰਾਮਕਲੀ ਮ: 1, ਪੰਨਾ 935)
ਆਪਣੀ ਤੁੱਛ ਬੁੱਧੀ ਅਨੁਸਾਰ ਵਿਚਾਰਣ ਤੋਂ ਜਾਪਦਾ ਹੈ ਕਿ ਮਾਇਆ ਸ਼ਬਦ ਦੋ ਭਾਵ-ਅਰਥਾਂ ਵਿਚ ਵਧੇਰੇ ਵਰਤਿਆ ਗਿਆ ਹੈ। ਪਹਿਲੀ ਵਰਤੋਂ ਦੁਨਿਆਵੀ ਹੈ, ਜਿਸ ਵਿਚ ਮਾਇਆ, ਧਨ ਦੌਲਤ ਲਈ ਵਰਤਿਆ ਗਿਆ ਹੈ। ਦੁਨੀਆਂਦਾਰੀ ਅਤੇ ਜੀਵਨ ਦੇ ਨਿਰਬਾਹ ਲਈ ਮਾਇਆ ਅਤੀ ਜਰੂਰੀ ਹੈ। ਦੁਨੀਆਂ ਦਾ ਸਾਰਾ ਅਰਥਚਾਰਾ ਮਾਇਆ ‘ਤੇ ਆਧਾਰਿਤ ਹੈ। ਮਾਇਆ ਦੀ ਪ੍ਰਾਪਤੀ ਲਈ ਲੁੱਟ-ਖਸੁੱਟ ਚੱਲ ਰਹੀ ਹੈ। ਸਮਾਜਕ ਪੱਧਰ ਤੋਂ ਲੈ ਕੇ ਰਾਜਸੀ ਪੱਧਰ ਤੱਕ ਮਾਇਆ ਦਾ ਬੋਲਬਾਲਾ ਹੋ ਗਿਆ ਹੈ। ਗੁਰਬਾਣੀ ਵਿਚੋਂ ਜੋ ਸੇਧ ਮਿਲਦੀ ਹੈ, ਉਸ ਅਨੁਸਾਰ ਮਾਇਆ ਦੁਨਿਆਵੀ ਲੋੜਾਂ ਲਈ ਜਰੂਰੀ ਹੈ। ਗੁਰੂ ਅਰਜਨ ਦੇਵ ਜੀ ਤਾਂ ਕਹਿੰਦੇ ਹਨ ਕਿ ਮਾਇਆ ਦੀ ਬਹੁਤਾਤ ਵੀ ਮਾੜੀ ਹੈ ਅਤੇ ਘਾਟ ਵੀ, ਕਿਉਂਕਿ ਦੋਵੇਂ ਹਾਲਤਾਂ ਵਿਚ ਮਨੁੱਖ ਭਟਕਦਾ ਫਿਰਦਾ ਹੈ,
ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ॥
ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ॥
ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ॥
(ਮਾਰੂ ਮ: 5, ਪੰਨਾ 1019)
ਬਾਬਾ ਨਾਨਕ ਤਾਂ ਫੁਰਮਾਨ ਕਰਦੇ ਹਨ ਕਿ ਮਾਇਆ ਇਕੱਤਰ ਕਰਨ ਲਈ ਬੰਦਾ ਕਈ ਕਿਸਮ ਦੀਆਂ ਹੇਰਾ-ਫੇਰੀਆਂ ਅਤੇ ਪਾਪ ਵੀ ਕਰਦਾ ਹੈ, ਪਰ ਮਾਇਆ ਮਰਨ ਉਪਰੰਤ ਉਸ ਦੇ ਸਾਥ ਨਹੀਂ ਜਾਂਦੀ,
ਇਸੁ ਜਰ ਕਾਰਣਿ ਘਣੀ ਵਿਗੁਤੀ
ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ
ਮੁਇਆ ਸਾਥਿ ਨ ਜਾਈ॥
(ਰਾਗ ਆਸਾ, ਮ: 1, ਪੰਨਾ 417)
ਇਸ ਸ਼ਬਦ ਵਿਚ ‘ਜਰ’ ਮਾਇਆ ਲਈ ਵਰਤਿਆ ਗਿਆ ਹੈ। ਬਾਬਾ ਨਾਨਕ ਬਾਬਰ ਦੇ ਹੱਲੇ ਦਾ ਸੰਕੇਤ ਵੀ ਅੱਗੇ ਜਾ ਕੇ ਕਰਦੇ ਹਨ। ਸੋ ਮਾਇਆ (ਧਨ ਅਤੇ ਦੌਲਤ) ਲੁੱਟਣ ਲਈ ਰਾਜੇ ਮਹਾਰਾਜੇ ਪਾਪ ਕਰਦੇ ਹਨ, ਪਰ ਮਾਇਆ ਸਾਥ ਨਹੀਂ ਜਾਂਦੀ। ਗੁਰਮਤਿ ਵਿਚ ਮਾਇਆ ਦੀ ਸਹੀ ਵਰਤੋਂ ਦੀ ਖੁੱਲ੍ਹ ਹੈ, ਕਿਉਂਕਿ ਗ੍ਰਹਿਸਥੀ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਾਇਆ ਜਰੂਰੀ ਹੈ। ਸਿੱਖੀ ਪਰੰਪਰਾ ਕਿਰਤੀ ਮਨੁੱਖ ਦੀ ਵਡਿਆਈ ਕਰਦੀ ਹੈ। ਬਾਬੇ ਨਾਨਕ ਨੇ ਜੀਵਨ ਦੇ ਆਖਰੀ ਸਾਲਾਂ ਵਿਚ ਕਿਰਤ ਕੀਤੀ ਅਤੇ ਪਰਿਵਾਰ ਦੀ ਪਰਵਰਿਸ਼ ਅਤੇ ਲੰਗਰ ਲਈ ਖੇਤੀ ਕਿੱਤਾ ਅਪਨਾਇਆ ਸੀ।
‘ਮਾਇਆ’ ਪਦ ਦੀ ਦੂਜੀ ਵਰਤੋਂ ਬਹੁ-ਪੱਖੀ ਹੈ। ਗੁਰਬਾਣੀ ਵਿਚ ਮਾਇਆ ਦੇ ਵਿਕਰਾਲ ਰੂਪ ਦਾ ਜ਼ਿਕਰ ਵੀ ਮਿਲਦਾ ਹੈ। ਬ੍ਰਹਿਮੰਡ ਦੀ ਉਤਪਤੀ ਅਤੇ ਵਿਕਾਸ ਵਿਚ ਮਾਇਆ ਦਾ ਨਿੱਗਰ ਰੋਲ ਹੈ। ਇਸ ਨੂੰ ਮਾਇਆ ਜਾਲ ਵੀ ਕਿਹਾ ਗਿਆ ਹੈ ਅਤੇ ਇਹ ਪਰਮਾਤਮਾ ਨੇ ਖੁਦ ਆਪ ਪੈਦਾ ਕੀਤੀ ਹੈ,
ਰੰਗੀ ਰੰਗੀ ਭਾਤੀ ਕਰਿ ਕਰਿ
ਜਿਨਸੀ ਮਾਇਆ ਜਿਨਿ ਉਪਾਈ॥
(ਜਪੁਜੀ ਸਾਹਿਬ, ਪੰਨਾ 6)

ਨਿਰੰਕਾਰਿ ਅਕਾਰੁ ਉਪਾਇਆ॥
ਮਾਇਆ ਮੋਹੁ ਹੁਕਮਿ ਬਣਾਇਆ॥
(ਮਾਰੂ ਸੋਲਹੇ ਮ: 4, ਪੰਨਾ 1065)
ਸੋ, ਇਹ ਇਕ ਵਿਡੰਬਨਾ ਹੈ ਕਿ ਮਾਇਆ, ਜੋ ਜੀਵ ਨੂੰ ਪਰਮਾਤਮਾ ਤੋਂ ਨਿਖੇੜਦੀ ਹੈ ਅਤੇ ਭੰਬਲਭੂਸੇ ਵਿਚ ਪਾਈ ਰੱਖਦੀ ਹੈ, ਉਹ ਰੱਬ ਨੇ ਆਪ ਹੀ ਪੈਦਾ ਕੀਤੀ ਹੈ। ਮਾਇਆ ਅਤੇ ਹਉਮੈ ਦੋ ਸਕੀਆਂ ਭੈਣਾਂ ਹਨ। ਗੁਰਬਾਣੀ ਦੇ ਗਿਆਨ ਤੋਂ ਮਾਇਆ ਅਤੇ ਹਉਮੈ ਤੋਂ ਛੁਟਕਾਰਾ ਮਿਲ ਜਾਂਦਾ ਹੈ। ਜੋ ਵਿਡੰਬਨਾ ਪਰਮਾਤਮਾ ਪੈਦਾ ਕਰਦਾ ਹੈ, ਉਸ ਤੋਂ ਖਹਿੜਾ ਛੁਡਾਣ ਦਾ ਰਾਹ ਵੀ ਗੁਰਬਾਣੀ ਦੱਸਦੀ ਹੈ।
ਮਾਇਆ ਕਿਸ ਨੋ ਆਖੀਐ
ਕਿਆ ਮਾਇਆ ਕਰਮ ਕਮਾਇ॥
ਦੁਖਿ ਸੁਖਿ ਏਹੁ ਜੀਉ ਬਧੁ ਹੈ
ਹਉਮੈ ਕਰਮ ਕਮਾਇ॥
(ਸਿਰੀ ਰਾਗ ਮ: 3, ਪੰਨਾ 673)
ਮਾਇਆ ਦੇ ਲੱਛਣ ਵੀ ਅਜੀਬ ਤਰ੍ਹਾਂ ਦੇ ਹਨ। ਜੋ ਮਨੁੱਖ ਇਸ ਨੂੰ ਪ੍ਰੀਤ ਕਰਦੇ ਹਨ, ਇਹ ਉਨ੍ਹਾਂ ਨੂੰ ਛਲਾਵਾ ਦਿੰਦੀ ਹੈ। ਗੁਰਮੁਖਿ ਜਨ ਮਾਇਆ ਨੂੰ ਤਿਆਗ ਦਿੰਦੇ ਹਨ, ਪਰ ਇਹ ਉਨ੍ਹਾਂ ਦੀ ਦਾਸੀ ਬਣਨਾ ਲੋਚਦੀ ਹੈ, ਇਹ ਵੀ ਇਕ ਵਿਡੰਬਨਾ ਹੈ,
ਗਹੁ ਕਰ ਪਕਰੀ ਨ ਆਈ ਹਾਥਿ॥
ਪ੍ਰੀਤਿ ਕਰੀ ਚਾਲੀ ਨਹੀ ਸਾਥਿ॥
ਕਹੁ ਨਾਨਕ ਜਉ ਤਿਆਗਿ ਦਈ॥
ਤਬ ਓਹ ਚਰਣੀ ਆਇ ਪਈ॥
(ਰਾਮਕਲੀ ਮ: 5, ਪੰਨਾ 891)
ਮਾਇਆ ਦਾ ਭਾਰਤੀ ਸੰਕਲਪ ਪੱਛਮੀ ਧਰਮਾਂ ਵਿਚ ਉਪਲੱਬਧ ਨਹੀਂ, ਜਿਸ ਕਰਕੇ ਪਦਾਰਥਵਾਦੀ ਯੁੱਗ ਦੀ ਆਮਦ ਯੂਰਪ ਵਿਚ ਹੋਈ। ਯੂਰਪੀਨ ਦੇਸ਼ਾਂ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਬਲਬੂਤੇ ਸਾਰੇ ਵਿਸ਼ਵ ਭਰ ਵਿਚ ਆਪਣੀ ਧਾਂਕ ਜਮਾਈ। ਹੁਣ ਅਮਰੀਕਾ ਵੀ ਇਹੋ ਕੁਝ ਕਰ ਰਿਹਾ ਹੈ। ਪੂਰਬੀ ਧਰਮਾਂ, ਹਿੰਦੂ, ਬੁਧ ਅਤੇ ਸਿੱਖ-ਸਭ ਵਿਚ ਮਾਇਆ ਦਾ ਸੰਕਲਪ ਮਿਲਦਾ ਹੈ। ਸਿਧਾਂਤਕ ਪੱਖੋਂ ਵਿਚਾਰਿਆਂ ਮਾਇਆ ਦਾ ਸੰਕਲਪ ਗੁਰੂ ਗ੍ਰੰਥ ਸਾਹਿਬ ਅਤੇ ਹਿੰਦੂ ਗ੍ਰੰਥਾਂ ਵਿਚ ਸਮਾਨ-ਅਰਥੀ ਭਾਸਦਾ ਹੈ, ਪਰ ਗੁਰਬਾਣੀ ਵਿਚ ਇਸ ਦਾ ਸਪਸ਼ਟ ਨਿਖੇੜਾ ਵੀ ਮਿਲਦਾ ਹੈ। ਗੁਰੂ ਅਮਰਦਾਸ ਅਨੰਦ ਸਾਹਿਬ ਵਿਚ ਇਸ ਦਾ ਜ਼ਿਕਰ ਕਰਦੇ ਹਨ,
ਏਹੁ ਮਾਇਆ ਜਿਤੁ ਹਰਿ ਵਿਸਰੈ
ਮੋਹੁ ਉਪਜੈ ਭਾਉ ਦੂਜਾ ਲਾਇਆ॥
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ
ਤਿਨੀ ਵਿਚੇ ਮਾਇਆ ਪਾਇਆ॥
(ਰਾਮਕਲੀ ਮ: 3, ਪੰਨਾ 921)
ਸੋ, ਗੁਰੂ ਗ੍ਰੰਥ ਸਾਹਿਬ ਵਿਚ ਮਾਇਆ ਦਾ ਸੰਕਲਪ ਹਿੰਦੂ ਗ੍ਰੰਥਾਂ ਤੋਂ ਭਿੰਨ ਹੈ, ਕਿਉਂਕਿ ਸਿੱਖੀ ਵਿਚ ਮਾਇਆ ਅੰਦਰ ਰਹਿ ਕੇ ਵੀ ਪ੍ਰਭੂ ਪ੍ਰਾਪਤੀ ਸੰਭਵ ਹੈ।
ਮਾਇਆ ਅਤੇ ਮਨ ਦੀ ਪ੍ਰਤਿਕ੍ਰਿਆ ਬਾਰੇ ਵੀ ਗੁਰਬਾਣੀ ਵਿਚ ਸੰਕੇਤ ਮਿਲਦੇ ਹਨ। ਮਾਇਆ ਅਤੇ ਹਉਮੈ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦੀਆਂ ਹਨ। ਮਨ ਦੇ ਵਿਕਾਰ ਇਨ੍ਹਾਂ ਦੀ ਪ੍ਰਤਿਕ੍ਰਿਆ ਰਾਹੀਂ ਪ੍ਰਗਟ ਹੁੰਦੇ ਹਨ,
ਤਨੁ ਜਲਿ ਬਲਿ ਮਾਟੀ ਭਇਆ
ਮਨ ਮਾਇਆ ਮੋਹਿ ਮਨੂਰੁ॥
(ਸਿਰੀ ਰਾਗ ਮ: 1, ਪੰਨਾ 19)
ਆਖਣੁ ਸੁਨਣਾ ਪਉਣ ਕੀ ਬਾਣੀ
ਇਹੁ ਮਨੁ ਰਤਾ ਮਾਇਆ॥
(ਸਿਰੀ ਰਾਗ ਮ: 1, ਪੰਨਾ 24)
ਮਾਇਆ ਵਿਚ ਗ੍ਰਸਿਆ ਮਨੁੱਖ ‘ਮਾਇਆਧਾਰੀ’ ਕਹਿਲਾਉਂਦਾ ਹੈ। ਉਸ ਦੇ ਕਾਰ-ਵਿਹਾਰ ਵਿਚ ਮਾਇਆ ਹਾਵੀ ਹੋ ਜਾਂਦੀ ਹੈ। ਮਾਇਆਧਾਰੀ ਸਮਾਜ ਵਿਚ ਲੁੱਟ-ਖਸੁੱਟ ਕਰਦੇ ਹਨ ਅਤੇ ਬਖੇੜੇ ਪੈਦਾ ਹੋ ਜਾਂਦੇ ਹਨ। ਗੁਰਬਾਣੀ ਵਿਚ ਮਾਇਆਧਾਰੀ ਨੂੰ ਅੰਨਾ-ਬੋਲਾ ਅਤੇ ਮੂਰਖ ਕਿਹਾ ਗਿਆ ਹੈ,
ਮਾਇਆਧਾਰੀ ਅਤਿ ਅੰਨਾ ਬੋਲਾ॥
ਸਬਦੁ ਨ ਸੁਣਈ ਬਹੁ ਰੋਲ ਘਚੋਲਾ॥
(ਗਉੜੀ ਮ: 3, ਪੰਨਾ 313)

ਮਾਇਆ ਕਾਰਨਿ ਪਾਵਈ ਮੂਰਖ ਲੋਗ ਅਜਾਨ॥
(ਸਲੋਕ ਮ: 9, ਪੰਨਾ 1427)
ਇਸ ਮਾਇਆ ਜਾਲ ਤੋਂ ਬਚਣ ਦੇ ਸਾਧਨ ਵੀ ਗੁਰਬਾਣੀ ਵਿਚ ਦਰਸਾਏ ਗਏ ਹਨ। ਗੁਰੂ ਅਮਰਦਾਸ ਜੀ ਬਿਆਨ ਕਰਦੇ ਹਨ ਕਿ ਮਾਇਆ ਬੰਦੇ ਦੀ ਸੁੱਧ-ਬੁੱਧ ਗਵਾ ਦਿੰਦੀ ਹੈ, ਪਰ ਸ਼ਬਦ ਦੀ ਕਮਾਈ ਨਾਲ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲ ਜਾਂਦਾ ਹੈ, ਜਿਸ ਉਪਰੰਤ ਮਨ ਅਤੇ ਤਨ-ਦੋਵੇਂ ਹੀ ਨਿਰਮਲ ਅਥਵਾ ਪਵਿੱਤਰ ਹੋ ਜਾਂਦੇ ਹਨ। ਐਸੇ ਜਨ ਸਮਾਜ ਲਈ ਪਰਉਪਕਾਰੀ ਸਿੱਧ ਹੁੰਦੇ ਹਨ, ਕਿਉਂਕਿ ਉਹ ਖੁਦਗਰਜੀ ਤੋਂ ਮੁਕਤ ਹੋ ਚੁਕੇ ਹੁੰਦੇ ਹਨ।
ਮਾਇਆ ਮੋਹਿ ਸਭ ਸੁਧਿ ਗਵਾਈ
ਕਰਿ ਅਵਗਣ ਪਛੋਤਾਵਣਿਆ॥
(ਮਾਝ ਮ: 3, ਪੰਨਾ 116)

ਗੁਰ ਕੈ ਸਬਦਿ ਰਿਦੈ ਦਿਖਾਇਆ॥
ਮਾਇਆ ਮੋਹੁ ਸਬਦਿ ਜਲਾਇਆ॥
(ਮਾਝ ਮ: 3, ਪੰਨਾ 120)

ਨਿਰਮਲ ਨਾਮੁ ਵਸਿਆ ਮਨਿ ਆਏ॥
ਮਨੁ ਤਨੁ ਨਿਰਮਲੁ ਮਾਇਆ ਮੋਹੁ ਗਵਾਏ॥
(ਮਾਝ ਮ: 3, ਪੰਨਾ 121)
ਉਪਰਲੀਆਂ ਦੋਹਾਂ ਤੁਕਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸ਼ਬਦ ਰਾਹੀਂ ਹਿਰਦੇ ਵਿਚ ਪ੍ਰਭੂ ਦਾ ਵਾਸਾ ਹੋ ਜਾਵੇ ਤਾਂ ਮਾਇਆ ਮੋਹ ਤੋਂ ਬੰਦ-ਖਲਾਸੀ ਹੋ ਜਾਂਦੀ ਹੈ। ਇਸੇ ਤਰ੍ਹਾਂ ਨਾਮ ਦੀ ਪ੍ਰਾਪਤੀ, ਜੋ ਪ੍ਰਭੂ ਪ੍ਰਾਪਤੀ ਦੇ ਤੁੱਲ ਹੈ, ਵੀ ਸਹਾਈ ਹੁੰਦੀ ਹੈ।