ਅੱਖਰ ਦੇਣ ਅਵਾਜ਼ਾਂ

ਨਿੰਦਰ ਘੁਗਿਆਣਵੀ
ਜਦ ਤਾਇਆ ਖੇਤ ਨਾ ਜਾਂਦਾ ਤਾਂ ਤਾਏ ਦਾ ਰੇਡੀਓ ਗੂੰਜਦਾ ਹੀ ਰਹਿੰਦਾ। ਕਿਸਾਨਾਂ ਵਾਸਤੇ ‘ਦਿਹਾਤੀ ਪ੍ਰੋਗਰਾਮ’ ਉਹ ਆਥਣੇ ਬਿਲਾਨਾਗਾ ਸੁਣਦਾ ਸੀ। ਸਵੇਰੇ ਸਵੇਰੇ ਸ਼ਬਦ ਕੀਰਤਨ ਦਾ ਪ੍ਰਸਾਰਨ ਹੁੰਦਾ ਤਾਂ ਰੇਡੀਓ ਹੋਰ ਵੀ ਪਿਆਰਾ ਪਿਆਰਾ ਲੱਗਣ ਲੱਗ ਪੈਂਦਾ। ਜੇ ਦੁਪਹਿਰ ਵੇਲੇ ਤਾਇਆ ਖੇਤ ਨਾ ਹੁੰਦਾ ਤਾਂ ਢਾਈ ਵਾਲੇ ਲੋਕ ਗੀਤ ਸੁਣਨੇ ਕਦੇ ਨਾ ਭੁੱਲਦਾ। ਉਦੋਂ ਹੀ ਮੇਰੀ ਦਾਦੀ ਨੂੰ ਅਵਾਜ਼ ਦਿੰਦਾ, “ਚਾਹ ਧਰ ਲੈ ਮਾਂ, ਢਾਈ ਵੱਜ’ਗੇ ਐ।” ਕੱਚੀ ਕੰਧ ਦਾ ਪ੍ਰਛਾਵਾਂ ਵਿਹੜੇ ਵੱਲ ਵਧਿਆ ਦੇਖ ਦਾਦੀ ਢਾਈ ਵੱਜ ਜਾਣ ਦੀ ਪੁਸ਼ਟੀ ਕਰਦੀ।

ਇੱਕ ਦਿਨ ਮੈਂ ਤਾਏ ਨੂੰ ਪੁੱਛਿਆ ਕਿ ਇਹ ਰੇਡੀਓ ਕਿੱਥੋਂ ਲਿਆਂਦਾ ਐ। ਤਾਏ ਨੇ ਦੱਸਿਆ ਕਿ ਬਹੁਤ ਸਾਲ ਪਹਿਲਾਂ ਉਹ ਫਿਰੋਜ਼ਪੁਰ ਗਿਆ ਸੀ ਵਿਸਾਖੀ ਵੇਖਣ। ਉਦੋਂ ਵਾਪਸ ਆਉਂਦੇ ਨੇ ਫੌਜੀ ਛਾਉਣੀ ਨੇੜੇ ਇੱਕ ਦੁਕਾਨ ਤੋਂ ਸੱਠਾਂ ਰੁਪੱਈਆਂ ‘ਚ ਖਰੀਦਿਆ ਸੀ। ਤਾਏ ਦਾ ਰੇਡੀਓ ਕਦੇ ਖਰਾਬ ਨਾ ਹੁੰਦਾ। ਜਦ ਕਦੇ ਮੌਸਮ ਖਰਾਬ ਹੁੰਦਾ ਤਾਂ ਉਦੋਂ ਰੇਡੀਓ ‘ਚੋਂ ਕਰੜ-ਕਰੜ ਕਰਰ-ਕਰਰ…ਦੀ ਅਵਾਜ਼ ਆਉਂਦੀ। ਇਹ ਅਵਾਜ਼ ਸੁਣ ਕੇ ਮੈਨੂੰ ਲਗਦਾ ਕਿ ਜਿਵੇਂ ਜ਼ੋਰਦਾਰ ਹਨੇਰੀ ਝੁੱਲ ਰਹੀ ਹੋਵੇ, ਤੇ ਰੇਡੀਓ ਵਿਚ ਅਵਾਜ਼ ਪਹੁੰਚਾਉਣ ਵਾਲੀਆਂ ਤਾਰਾਂ ਆਪੋ ਵਿਚ ਜੁੜ ਰਹੀਆਂ ਹੋਣ! (ਇਹ ਤਾਂ ਬਹੁਤ ਬਾਅਦ, ਜਦੋਂ ਆਪ ਰੇਡੀਓ ਦਾ ਕਲਾਕਾਰ ਜਾਂ ਵਕਤਾ ਬਣਿਆ, ਤਾਂ ਪਤਾ ਚੱਲਿਆ ਕਿ ਇਹ ਅਕਾਸ਼ਵਾਣੀ ਹੈ ਤੇ ਅਕਾਸ਼ ਵਿਚੋਂ ਦੀ ਹੋ ਕੇ ਅਵਾਜ਼ ਆਉਂਦੀ ਹੈ, ਤਾਰਾਂ ਰਾਹੀਂ ਨਹੀਂ।)
ਲਾਹੌਰ ਰੇਡੀਓ ਉਤੋਂ ਲੋਕ ਗਾਇਕ ਆਸ਼ਕ ਜੱਟ ਦਾ ਗਾਇਆ ਗੀਤ ਦੂਜੇ-ਤੀਜੇ ਦਿਨ ਵੱਜਦਾ ਰਹਿੰਦਾ,
ਮੈਨੂੰ ਪਾਰ ਲੰਘਾਦੇ ਵੇ ਘੜਿਆ
ਮਿੰਨਤਾ ਤੇਰੀਆਂ ਕਰਦੀ,
ਪਿਛਾਂਹ ਮੁੜ’ਜਾ ਸੋਹਣੀਏਂ ਨੀ
ਇੱਥੇ ਕੋਈ ਨਾ ਤੇਰਾ ਦਰਦੀ।
ਪਤਾ ਨਹੀਂ ਤਾਏ ਨੂੰ ਆਸ਼ਕ ਜੱਟ ਦੇ ਇਸ ਗੀਤ ਨੇ ਕਦੋਂ ਦਾ ਪੱਟਿਆ ਹੋਇਆ ਸੀ। ਤਾਇਆ ਆਸ਼ਕ ਜੱਟ ਦੇ ਆਉਣ ਦੀ ਉਡੀਕ ਕਰਦਾ ਰਹਿੰਦਾ। ਜਿਸ ਦਿਨ ਉਸ ਦਾ ਗੀਤ ਨਾ ਆਉਂਦਾ ਤਾਂ ਉਹ ਬੁੜ-ਬੁੜਾਉਂਦਾ ਆਖਦਾ, “ਅੱਜ ਆਇਆ ਈ ਨੀ ਆਸ਼ਕ ਜੱਟ, ਲਗਦੈ ਲੇਟ-ਲੂਟ ਹੋ ਗਿਆ ਹੋਣੈ ਰੇਡੀਓ ਸਟੇਸ਼ਨ ਆਉਂਦਾ ਆਉਂਦਾ।” ਤਾਏ ਕੋਲ ਬੈਠਾ ਮੈਂ ਵੀ ਆਸ਼ਕ ਜੱਟ ਦੀ ਅਵਾਜ਼ ਦਾ ਅਨੰਦ ਲੈਂਦਾ। ਜਦ ਉਹ ਗੀਤ ਦਾ ਅਗਲਾ ਬੋਲ ਚੁੱਕਦਾ,
ਵੇ ਮੈਂ ਪਾਰ ਝਨਾਂ ਤੋਂ ਜਾਣਾ ਵੇ
ਮੈਨੂੰ ਮਿਲਣਾ ਮਾਹੀ ਨਿਮਾਣਾ ਵੇ।
ਤਾਇਆ ਸਿਰ ਮਾਰ-ਮਾਰ ਝੂਮ ਰਿਹਾ ਹੁੰਦਾ। ਜੇ ਮੈਂ ਕੁਝ ਬੋਲਣਾ ਵੀ ਚਾਹੁੰਦਾ ਤਾਂ ਉਹ ਮੁੱਕਾ ਵੱਟ ਕੇ ਇਸ਼ਾਰੇ ਨਾਲ ਹੀ ਚੁੱਪ ਕਰਵਾ ਦਿੰਦਾ ਸੀ।
ਤਾਏ ਦੇ ਰੇਡੀਓ ਦਾ ਮੇਰੇ ਉਤੇ ਹਾਲੇ ਵੀ ਡਾਹਢਾ ਅਸਰ ਹੈ। ਰੇਡੀਓ ਵਿਚੋਂ ਸੁਣੀਆਂ ਧੁਨੀਆਂ ਆਪਣੇ ਵੱਲ ਹਾਕਾਂ ਮਾਰ-ਮਾਰ ਬਚਪਨ ਤੋਂ ਹੀ ਮੈਨੂੰ ‘ਆਪਣਾ’ ਬਣਾ ਲਿਆ ਸੀ। ਸ਼ਾਮਾਂ ਨੂੰ ਖਬਰਾਂ ਪ੍ਰਸਾਰਿਤ ਹੋਣੀਆਂ, ਤਾਂ ਤਾਇਆ ਕਿਸੇ ਨੂੰ ਕੁਸਕਣ ਤੱਕ ਨਹੀਂ ਸੀ ਦਿੰਦਾ। ਦਾਦੀ ਲਾਗਿਓਂ ਆਖਦੀ, “ਵੇ ਰਾਮਿਆਂ, ਖੂਹੀ ‘ਚੋਂ ਪਾਣੀ ਦੀ ਬਾਲਟੀ ਖਿੱਚ ਦੇਹ, ਭਾਂਡੇ ਧੋ ਲਾਂ ਮੈਂ।” ਤਾਇਆ ਉਚੀ ਅਵਾਜ਼ ਵਿਚ ਬੋਲਦਾ, “ਦੋ ਮਿੰਟ ਚੁੱਪ ਕਰ’ਜਾ ਹੁਣ, ਖਬਰਾਂ ਸੁਣ ਲੈਣ ਦੇ, ਪਾਣੀ ਨੂੰ ਅੱਗ ਲੱਗ ਚੱਲੀ ਐ ਏਡੀ ਛੇਤੀ।”
‘ਪਾਣੀ ਨੂੰ ਅੱਗ’ ਇਹ ਬੋਲ ਮੇਰੇ ਮਨ ਦੇ ਕੋਨੇ ਵਿਚ ਅਚੇਤ ਹੀ ਪਥੱਲਾ ਮਾਰ ਕੇ ਬਹਿ ਗਏ ਸਨ ਤੇ ਹਾਲੇ ਵੀ ਬੈਠੇ ਹੋਏ ਨੇ। ਹੁਣ ਤਾਇਆ, ਦਾਦੀ, ਰੇਡੀਓ, ਖੂਹੀ, ਸਾਡਾ ਅੱਧ-ਪੱਕਾ ਘਰ, ਕਿਧਰੇ ਵੀ ਨਹੀਂ ਹੈ, ਪਰ ‘ਪਾਣੀ ਨੂੰ ਅੱਗ’ ਵਾਲੇ ਬੋਲ ਅੱਜ ਵੀ ਸੁਰੱਖਿਅਤ ਹਨ ਜਿਉਂ ਦੀ ਤਿਉਂ।

ਆਥਣ ਹੋ ਚੱਲੀ ਸੀ। ਪਰਛਾਂਵੇਂ ਢਲ ਗਏ ਸਨ। ਧੁੱਪ ਨੇ ਵਿਹੜੇ ਵਿਚੋਂ ਆਪਣਾ ਬੋਰੀ-ਬਿਸਤਰਾ ਸਮੇਟ ਲਿਆ ਸੀ। ਦਿਨ ਭਰ ਬੇਰੋਕ ਚਹਿਕਾਰਾ ਪਾਉਂਦੀਆਂ ਚਿੜੀਆਂ ਵੀ ਆਪੋ-ਆਪਣੇ ਟਿਕਾਣੇ ਜਾ ਟਿਕੀਆਂ ਸਨ। ਗੁਰਦੁਆਰਿਉਂ ਹਾਲੇ ਭਾਈ ਜੀ ਨੇ ਰਹਿਰਾਸ ਦਾ ਪਾਠ ਸ਼ੁਰੂ ਕਰਨਾ ਸੀ। ਬੀੜ ਵਾਲੇ ਕੱਚੇ ਪਹੇ ‘ਤੇ ਮੁੜੇ ਆਉਂਦੇ ਪਸੂਆਂ ਦੀ ਬਾਂ-ਬਾਂ ਰੋਜ਼ ਵਾਂਗ ਉਚੀ ਹੋ ਗਈ ਸੀ। ਦਾਦੀ ਚੁੱਲ੍ਹੇ-ਚੌਂਕੇ ਵਿਚ ਰੁੱਝੀ ਹੋਈ ਸੀ। ਤਾਇਆ ਮੰਜੇ ਉਤੇ ਚੌਂਕੜੀ ਮਾਰੀ ਬੈਠਾ ਦਾਲ ਦੇ ਤੁੜਕੇ ਲਈ ਨਿੱਕ-ਸੁੱਕ ਚੀਰ ਰਿਹਾ ਸੀ। ਲਾਗੇ ਪਏ ਰੇਡੀਓ ‘ਚੋਂ ਸੋਗਮਈ ਸੰਗੀਤ ਵਿਲਕ ਉਠਿਆ ਤਾਂ ਤਾਇਆ ਬੋਲਿਆ, “ਆਹ ਪਤਾ ਨੀ ਅੱਜ ਪੀਪਲੀਆਂ ਜਿਹੀਆਂ ਕਾਹਤੋਂ ਵਜਾਈ ਜਾਂਦੇ ਐ।”
ਮੈਨੂੰ ਚੇਤੇ ਹੈ ਕਿ ਉਨ੍ਹੀਂ ਦਿਨੀਂ ਤੀਰਥ ਸਿੰਘ ਢਿੱਲੋਂ ਦੀਆਂ ਖਬਰਾਂ ਮਸ਼ਹੂਰ ਸਨ, “ਹੁਣ ਤੁਸੀਂ ਤੀਰਥ ਸਿੰਘ ਢਿੱਲੋਂ ਪਾਸੋਂ ਖਬਰਾਂ ਸੁਣੋ।” ਉਸ ਦਾ ਪਹਿਲਾ ਵਾਕ ਇਹੋ ਹੁੰਦਾ ਸੀ। ਸੋ, ਖਬਰਾਂ ਸ਼ੁਰੂ ਹੋਈਆਂ। ਇੰਦਰਾ ਗਾਂਧੀ ਦੇ ਕਤਲ ਦੀ ਪਹਿਲੀ ਖਬਰ ਸੀ। ਖਬਰ ਕੰਨੀਂ ਪੈਂਦੇ ਸਾਰ ਤੁੜਕੇ ਚੀਰੇ ਵਾਲਾ ਭਾਂਡਾ ਪਰ੍ਹੇ ਕਰਦਿਆਂ ਤਾਇਆ ਬੋਲਿਆ, “ਭਾਬੀਏ, ਹੋ ਭਾਬੀਏ, ਇੰਦਰਾ ਗਾਂਧੀ ਮਾਰ’ਤੀ।” (ਉਦੋਂ ਮਾਂਵਾਂ ਨੂੰ ਸਾਡੇ ‘ਭਾਬੀ’ ਹੀ ਕਿਹਾ ਜਾਂਦਾ ਸੀ, ਜਿਮੀਂਦਾਰ ਬਹੁਤੇ ਪਿਓ ਨੂੰ ‘ਚਾਚਾ’ ਆਖਦੇ, ਮੇਰਾ ਪਿਓ ਮੇਰੇ ਦਾਦੇ ਨੂੰ ਬਾਅ ਆਖਦਾ ਸੀ)।
“ਹਾਏ ਹਾਏ ਵੇ, ਕੀਹਨੇ ਮਾਰ’ਤੀ? ਵੇ ਲੋਹੜਾ ਪੈ ਗਿਆ ਆਹ ਤਾਂ…।”
ਗੂੜ੍ਹੀ ਹੁੰਦੀ ਜਾ ਰਹੀ ਸ਼ਾਮ ਨੂੰ ਸਾਡੇ ਘਰੇ ਸੋਗ ਪੈ ਗਿਆ ਸੀ। ਮੈਂ ਸਭਨਾਂ ਦੇ ਨੇੜੇ-ਨੇੜੇ ਹੀ ਤੁਰਿਆ ਫਿਰਦਾ ਸਾਂ। ਮੈਨੂੰ ਲੱਗਣ ਲੱਗਿਆ ਕਿ ਜਿਵੇਂ ਇੰਦਰਾ ਗਾਂਧੀ ਹੀ ਨਹੀਂ ਸਗੋਂ ਮੇਰੇ ਤਾਏ ਦੀ ਦਿੱਲੀ ਰਹਿੰਦੀ ਸਕੀ ਮਾਸੀ ਮਾਰ ਦਿੱਤੀ ਹੋਵੇ! ਆਪਣੀ ਮੈਲੀ ਚੁੰਨੀ ਨਾਲ ਦਾਦੀ ਨੇ ਅੱਖਾਂ ਪੂੰਝੀਆਂ ਤੇ ਚੌਂਕੇ ਵਿਚੋਂ ਉਠ ਖਲੋਈ। ਤਾਏ ਤੇ ਦਾਦੀ ਨੂੰ ਪ੍ਰੇਸ਼ਾਨ ਹੋਏ ਦੇਖ ਮੈਂ ਸਾਡੀ ਹਵੇਲੀ ਵੱਲ ਨੂੰ ਭੱਜ ਆਇਆ। ਅੱਗੇ ਮੇਰੀ ਮਾਸੀ ਦਾ ਮੁੰਡਾ ਦੀਪਾ ਨਰਮੇ ਦੀਆਂ ਸੁੱਕੀਆਂ ਛਿਟੀਆਂ ਦਾ ਬਾਲਣ ਤੋੜ-ਤੋੜ ਕੇ ਇਕੱਠਾ ਕਰੀ ਜਾ ਰਿਹਾ ਸੀ, ਸ਼ਾਇਦ ਉਨ੍ਹਾਂ ਦੇ ਤੰਦੂਰ ਤਪਣਾ ਸੀ।
“ਦੀਪਿਆ ਉਏ, ਇੰਦਰਾ ਗਾਂਧੀ ਮਾਰ’ਤੀ।” ਮੇਰੇ ਤੋਂ ਆਪ-ਮੁਹਾਰੇ ਹੀ ਬੋਲ ਹੋ ਗਿਆ।
“ਓਹ ਜਾਂ ਪਰ੍ਹਾਂ, ਆ ਗਿਆ ਵੱਡਾ ਬੀ. ਬੀ. ਸੀ. ਦਾ ਪੱਤਰਕਾਰ, ਗੱਪਾਂ ਦਾ ਪਿਓ।” ਦੀਪਾ ਮੇਰੇ ਵੱਲ ਬਿਨਾ ਦੇਖੇ ਹੀ ਬੋਲਿਆ। ਸਾਡਾ ਇੱਕ ਗੁਆਂਢੀ ਕੋਠੇ ‘ਤੇ ਚੜ੍ਹਿਆ ਤੇ ਸਾਡੇ ਵੱਲ ਨੂੰ ਮੁਖਾਤਿਬ ਹੋਇਆ, “ਮਖਾਂ, ਮੁੰਡਿਓ ਇੰਦਰਾ ਮਾਰ’ਤੀ, ਖਬਰ ਆਈ ਐ।” ਦੀਪਾ ਸੁੱਕੀਆਂ ਛਟੀਆਂ ਤੋੜਨੋਂ ਹਟ ਗਿਆ, “ਚਾਚਾ, ਜਿੱਦਣ ਇੰਦਰਾ ਮਰੀ, ਓਦਣ ਤਾਰਾਂ ਖੜਕ ਜਾਣਗੀਆਂ, ਏਹ ਤਾਂ ਐਵੇਂ ‘ਫਵਾਹ ਈ ਲਗਦੀ ਐ, ਆਹ ਸਾਡੇ ਆਲਾ ਵੀ ਕਹੀ ਜਾਂਦੈ।”
‘ਤਾਰਾਂ ਖੜਕ ਜਾਣਗੀਆਂ’ ਇਹ ਸ਼ਬਦ ਓਦਣ ਮੈਂ ਆਪਣੇ ਮਸੇਰ ਦੀਪੇ ਮੂੰਹੋਂ ਪਹਿਲੀ ਵਾਰੀ ਸੁਣਿਆ ਸੀ। ਉਸ ਰਾਤ ਪਿੰਡ ਵਿਚ ਕੁਝ ਬੰਦਿਆਂ ਨੇ ਦਾਰੂ ਪੀ ਕੇ ਲਲਕਾਰੇ ਮਾਰੇ ਸਨ। ਸਾਡੇ ਹਿੰਦੂਆਂ ਦੇ ਘਰ ਬੂਹੇ ਭੇੜ ਤੇ ਸੋਗ ਦੀ ਚਾਦਰ ਲਪੇਟ ਕੇ ਸੌਂ ਗਏ ਸਨ।