ਭਾਰਤ-ਚੀਨ-ਅਮਰੀਕਾ ਤ੍ਰੈਭੁਜ ਰਾਜਨੀਤੀ

ਗੁਲਜ਼ਾਰ ਸਿੰਘ ਸੰਧੂ
ਸਾਡੇ ਮਿੱਤਰ ਵਿੱਨੀ ਮਦਾਨ ਦੀ ਬੇਟੀ ਤਨਵੀ ਮਦਾਨ ਬਰੁਕਲਿੰਗ ਇੰਸਟੀਚਿਊਟ ਯੂ. ਐਸ਼ ਦੇ ਇੰਡੀਆ ਪ੍ਰਾਜੈਕਟ ਦੀ ਡਾਇਰੈਕਟਰ ਹੈ। ਉਸ ਦੀ ਸੱਜਰੀ ਪੁਸਤਕ ਨਿਰਣਾਇਕ ਤ੍ਰੈਭੁਜ (ਾਂਅਟeੁਲ ਠਰਅਿਨਗਲe) ਚੀਨ ਰਾਜਨੀਤੀ ਦੇ ਪ੍ਰਸੰਗ ਵਿਚ ਭਾਰਤ ਤੇ ਅਮਰੀਕਾ ਵਿਚਲੇ ਸਿਆਸੀ ਸਬੰਧਾਂ ਦਾ ਵਿਸ਼ਲੇਸ਼ਣ ਕਰਦੀ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਅਮਰੀਕਾ ਨੂੰ ਰਾਜਨੀਤਕ ਪੱਧਰ ਉਤੇ ਵਿਸ਼ਵੀ ਤਵਾਜ਼ਨ ਬਣਾਈ ਰੱਖਣ ਲਈ ਭਾਰਤ ਦੇ ਸਹਿਯੋਗ ਦੀ ਕਿੰਨੀ ਲੋੜ ਹੈ। ਇਹੀ ਵੀ ਕਿ ਇਸੇ ਟੀਚੇ ਨੂੰ ਪ੍ਰਾਪਤ ਕਰਨ ਲਈ ਅਮਰੀਕਾ ਕਿੱਥੋਂ ਤੱਕ ਜਾਣ ਲਈ ਤਿਆਰ ਹੈ।

ਤਨਵੀ ਆਪਣੀ ਧਾਰਨਾ ਚੀਨ ਦੀ ਧੱਕੜਸ਼ਾਹ ਵਿਸਤਾਰਵਾਦ ਦੀ ਨੀਤੀ ਨਾਲ ਸ਼ੁਰੂ ਕਰਦੀ ਹੈ। ਚੀਨ ਦੀ ਇਹ ਨੀਤੀ ਸਿਰਫ ਭਾਰਤ ਜਾਂ ਨੇਪਾਲ ਤੱਕ ਹੀ ਸੀਮਤ ਨਹੀਂ। ਜਪਾਨ, ਤਾਇਵਾਨ, ਆਸਟ੍ਰੇਲੀਆ ਤੇ ਕੈਨੇਡਾ ਦੇ ਪ੍ਰਸੰਗ ਵਿਚ ਚੀਨ ਦੀਆਂ ਹਾਂਗਕਾਂਗ ਵਿਚਲੀਆਂ ਗਤੀਵਿਧੀਆਂ ਅਤੇ ਦੱਖਣੀ ਚੀਨ ਸਾਗਰ ਵਿਚ ਚੀਨ ਦੇ ਤੋਰੇ-ਫੇਰੇ ਇਸ ਦੀ ਉਪਰੋਕਤ ਨੀਤੀ ਦਾ ਪ੍ਰਤੱਖ ਪ੍ਰਮਾਣ ਹਨ। ਤਨਵੀ ਦੀ ਰਚਨਾ ਭਾਰਤ ਨੂੰ ਇਸ ਸਭ ਕਾਸੇ ਤੋਂ ਚੇਤੰਨ ਰਹਿਣ ਦਾ ਸੱਦਾ ਦਿੰਦੀ ਹੈ। ਦਸਦੀ ਹੈ ਕਿ ਇਸ ਪ੍ਰਤੀ ਚੇਤੰਨ ਰਹਿਣਾ ਹੀ ਕਾਫੀ ਨਹੀਂ, ਭਾਰਤ ਨੂੰ ਆਪਣੇ ਦਾਅਵਿਆਂ ਉਤੇ ਦ੍ਰਿੜ੍ਹਤਾ ਨਾਲ ਡੱਟ ਕੇ ਪਹਿਰਾ ਦੇਣ ਦੀ ਲੋੜ ਹੈ।
ਤਨਵੀ ਵਲੋਂ ਆਪਣੀ ਪੁਸਤਕ ਵਿਚ ਪੇਸ਼ ਕੀਤੀ ਖੋਜ ਤੇ ਵਿਸ਼ਲੇਸ਼ਣ ਚੀਨ ਦੀ ਵਿਸਤਾਰਵਾਦੀ ਧਾਰਨਾ ਨੂੰ ਗਲੋਬਲ ਚਿੰਤਾ ਦੀ ਜੜ੍ਹ ਦਰਸਾਉਂਦੀ ਹੈ। ਅਮਰੀਕਾ ਦਾ ਭਾਰਤੀ ਰਾਜਨੀਤੀ ਪ੍ਰਤੀ ਸੱਜਰਾ ਵਰਤਾਰਾ ਇਸ ਦੀ ਪੁਸ਼ਟੀ ਕਰਦਾ ਹੈ। ਲੇਖਿਕਾ ਦਾ ਮੱਤ ਹੈ ਕਿ ਵਧੇਰੇ ਕਰਕੇ ਸਾਰੇ ਖੋਜੀ ਭਾਰਤ-ਅਮਰੀਕਾ ਸਬੰਧਾਂ ਨੂੰ ਪਾਕਿਸਤਾਨ ਤੇ ਸੋਵੀਅਤ ਦੇਸ਼ ਦੇ ਪ੍ਰਸੰਗ ਵਿਚ ਹੀ ਵੇਖਦੇ ਹਨ। ਜਦ ਕਿ ਇਨ੍ਹਾਂ ਸਬੰਧਾਂ ਦੀ ਥਾਹ ਪਾਉਣ ਲਈ ਚੀਨੀ ਪ੍ਰਸੰਗ ਸਭ ਤੋਂ ਵੱਧ ਮਹੱਤਤਾ ਰੱਖਦਾ ਹੈ। ਭਾਰਤ ਦੀ ਚੀਨ ਪ੍ਰਤੀ ਮਾਮੂਲੀ ਜਿਹੀ ਬੇਰੁਖੀ ਵੀ ਅਮਰੀਕਾ ਨੂੰ ਭਾਰਤ ਵਲ ਖਿਚਦੀ ਹੈ। ਇਸੇ ਤਰ੍ਹਾਂ ਜਦ ਕਦੀ ਵਾਸ਼ਿੰਗਟਨ ਨੂੰ ਬੀਜਿੰਗ ਪ੍ਰਤੀ ਭਾਰਤ ਦਾ ਝੁਕਾਅ ਮਾੜਾ ਮੋਟਾ ਵਧਦਾ ਨਜ਼ਰ ਆਉਂਦਾ ਹੈ ਤਾਂ ਅਮਰੀਕਾ-ਭਾਰਤ ਸਬੰਧਾਂ ਵਿਚ ਤ੍ਰੇੜ ਆ ਜਾਂਦੀ ਹੈ।
ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਚੀਨ ਦੀ ਵਿਸਤਾਰਵਾਦੀ ਨੀਤੀ ਨਾਲ ਨਿਪਟਣ ਲਈ ਭਾਰਤ 1962-63 ਤੋਂ ਅਮਰੀਕੀ ਸਹਿਯੋਗ ਲੋਚਦਾ ਰਿਹਾ ਹੈ। ਭਾਰਤ ਨੂੰ ਅਜਿਹਾ ਸਹਿਯੋਗ ਹੋਰਨਾਂ ਦੇਸ਼ਾਂ ਤੋਂ ਵੀ ਲੋੜੀਂਦਾ ਸੀ, ਜੋ ਸੋਵੀਅਤ ਰੂਸ ਵਲੋਂ 1971 ਤੋਂ ਪਿੱਛੋਂ ਪ੍ਰਾਪਤ ਹੋਣਾ ਅਰੰਭ ਹੋਇਆ।
ਜਿੱਥੋਂ ਤਕ ਬਰਤਾਨੀਆ ਦਾ ਸਬੰਧ ਹੈ, ਉਨ੍ਹਾਂ ਨੇ ਵੀ ਭਾਰਤ-ਚੀਨ ਸਬੰਧਾਂ ਦੀ ਵਧਦੀ-ਘਟਦੀ ਸਾਂਝ ਨੂੰ ਕਦੇ ਅੱਖੋਂ ਪਰੋਖੇ ਨਹੀਂ ਕੀਤਾ।
ਤਨਵੀ ਮਦਾਨ ਵਲੋਂ ਦਿੱਤੇ ਉਪਰੋਕਤ ਹਵਾਲਿਆਂ ਦੀ ਬਿਨਾ ਉੱਤੇ ਚੀਨ ਦੇ ਭਾਰਤ ਪ੍ਰਤੀ 15 ਜੂਨ 2020 ਵਾਲੇ ਵਤੀਰੇ ਨੂੰ ਇੱਕ ਚਿਤਾਵਨੀ ਵਜੋਂ ਲੈਣਾ ਲਾਜ਼ਮੀ ਹੈ ਤੇ ਭਾਰਤ ਨੂੰ ਕਿਸੇ ਵੀ ਸਾਂਝੀ ਸੋਚ ਵਾਲੇ ਦੇਸ਼ ਤੋਂ ਮਦਦ ਮੰਗਦਿਆਂ ਸੰਗਣ ਦੀ ਲੋੜ ਨਹੀਂ। ਸਾਂਝੀ ਸੋਚ ਅਪਨਾਏ ਬਿਨਾ ਵਿਸਤਾਰਵਾਦੀ ਧਾਰਨਾ ਵਾਲੇ ਚੀਨ ਨੂੰ ਠੀਕ ਮਾਰਗ ਉੱਤੇ ਲਿਆਉਣਾ ਉੱਕਾ ਹੀ ਸੰਭਵ ਨਹੀਂ। ਜਿੱਥੋਂ ਤੱਕ ਅਮਰੀਕਾ ਦਾ ਸਬੰਧ ਹੈ, ਲੇਖਿਕਾ ਅਨੁਸਾਰ ਅਮਰੀਕਾ ਅਜਿਹੀ ਮਦਦ ਦੇਣ ਤੋਂ ਪਿੱਛੇ ਨਹੀਂ ਹਟੇਗਾ। ਲੇਖਿਕਾ ਦੇ ਮੱਤ ਅਨੁਸਾਰ 15 ਜੂਨ ਵਾਲੇ ਭਾਰਤ-ਚੀਨ ਸਰਹੱਦ ਵਰਤਾਰੇ ਨੇ ਚੀਨ ਦੇ ਦਿਮਾਗ ਵਿਚ ਇੱਕ ਗੱਲ ਤਾਂ ਪਾ ਹੀ ਦਿੱਤੀ ਹੈ ਕਿ ਚੀਨ ਦਾ ਬਹੁਤ ਸਾਰੇ ਫਰੰਟ ਖੋਲ੍ਹ ਕੇ ਸਫਲ ਹੋਣਾ ਸੰਭਵ ਨਹੀਂ। ਚੀਨ ਕਿਹੜੇ ਫਰੰਟ ਤੋਂ ਪਿੱਛੇ ਹਟਦਾ ਹੈ, ਸਮੇਂ ਨੇ ਦੱਸਣਾ ਹੈ।
ਪੁਸਤਕ ਦਾ ਮੂਲ ਮੰਤਵ ਤਨਵੀ ਮਦਾਨ ਵਲੋਂ ਆਪਣੇ ਜੱਦੀ ਪੁਸ਼ਤੀ ਭਾਰਤ ਦੇਸ਼ ਨੂੰ ਚੀਨ ਦੀਆਂ ਚਾਲਾਂ ਤੋਂ ਸੁਚੇਤ ਕਰਨਾ ਵੀ ਹੈ ਤੇ ਅਮਰੀਕਾ ਵਲੋਂ ਮਿਲਣ ਵਾਲੇ ਸੰਭਾਵੀ ਸਹਿਯੋਗ ਤੋਂ ਜਾਣੂ ਕਰਵਾਉਣਾ ਵੀ। ਇਸ ਦਾ ਸਵਾਗਤ ਹੋਣਾ ਚਾਹੀਦਾ ਹੈ।
‘ਨਵਾਂ ਜ਼ਮਾਨਾ’ ਉਦੋਂ ਤੇ ਹੁਣ: ਮੈਂ ਖਾਲਸਾ ਕਾਲਜ ਮਾਹਿਲਪੁਰ (ਹੁਸ਼ਿਆਰਪੁਰ) ਵਿਚ ਪੜ੍ਹਦਾ ਸਾਂ, ਜਦ 1952 ਦੇ ਅੱਧ ਵਿਚਾਲੇ ਇਲਾਕੇ ਦੇ ਅਗਾਂਹਵਧੂ ਸਾਹਿਤ ਵਿਕਰੇਤਾ ਅਮਰ ਸਿੰਘ ਨਿਡਰ ਨੇ ਅਖਬਾਰ ‘ਨਵਾਂ ਜ਼ਮਾਨਾ’ ਦੇ ਹੋਂਦ ਵਿਚ ਆਉਣ ਦੀ ਖਬਰ ਦਿੱਤੀ। ਉਦੋਂ ਇਸ ਦੀ ਭਾਸ਼ਾ ਰਲੀ ਮਿਲੀ ਉਰਦੂ ਸੀ ਤੇ ਨਾਂ ‘ਨਯਾ ਜ਼ਮਾਨਾ।’ ਅਮਰ ਸਿੰਘ ਨੇ ਮੇਰੇ ਵਰਗੇ ਵਿਦਿਆਰਥੀਆਂ ਨੂੰ ਪ੍ਰੇਰਨ ਲਈ ਇਹ ਵੀ ਕਹਿਣਾ ਕਿ ਇਸ ਦਾ ਸੰਪਾਦਨ ਪ੍ਰੀਤ ਲੜੀ ਵਾਲਾ ਗੁਰਬਖਸ਼ ਸਿੰਘ ਕਰਦਾ ਹੈ। ਮੈਂ ਉਹਦੇ ਕੋਲੋਂ ਪ੍ਰੀਤ ਲੜੀ ਲੈਂਦਾ ਹੁੰਦਾ ਸਾਂ ਤੇ ਉਹ ਮੈਨੂੰ ਸੋਵੀਅਤ ਦੇਸ਼ ਆਦਿ ਪੜ੍ਹਨ ਲਈ ਦੇ ਛੱਡਦਾ ਸੀ, ਜੋ ਪੜ੍ਹ ਕੇ ਮੈਂ ਉਸ ਨੂੰ ਪਰਤਾ ਦਿੰਦਾ ਸਾਂ। ‘ਨਯਾ ਜ਼ਮਾਨਾ’ ਵੀ ਇਸੇ ਤਰ੍ਹਾਂ ਦੇਖਦਾ/ਪੜ੍ਹਦਾ ਵਾਪਸ ਕਰਦਾ ਰਿਹਾ।
ਅਸੀਂ ਇਸ ਸਮਾਚਾਰ ਪੱਤਰ ਦੇ ਪੱਕੇ ਪਾਠਕ ਨਾ ਹੋਣ ਦੇ ਬਾਵਜੂਦ ਇਸ ਦੀ ਪਹੁੰਚ ਤੇ ਧਾਰਨਾ ਤੋਂ ਮੁਤਾਸਰ ਸਾਂ। ਅਸੀਂ ਤੋਂ ਮੇਰਾ ਭਾਵ ਮੇਰੇ ਵਰਗੇ ਹੋਰ ਵੀ, ਜਿਨ੍ਹਾਂ ਵਿਚ ਚਾਂਦਸੂ ਵਾਲਾ ਦਰਸ਼ਨ ਸਿੰਘ ਹੀਰ ਵੀ ਸ਼ਾਮਲ ਸੀ, ਜੋ ਹੁਣ ਵਲਾਇਤੀਆ ਹੋ ਚੁਕਾ ਹੈ। ਸਾਡੇ ਵਿਹੰਦਿਆਂ ਵਿਹੰਦਿਆਂ ‘ਨਯਾ ਜ਼ਮਾਨਾ’ ਦੀ ਕਮਾਂਡ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਹੱਥਾਂ ਵਿਚੋਂ ਨਿਕਲ ਕੇ ਸਾਥੀ ਸੋਹਣ ਸਿੰਘ ਜੋਸ਼ ਦੇ ਹੱਥਾਂ ਵਿਚ ਚਲੀ ਗਈ, ਜਿਸ ਨੇ ਇਸ ਦੀ ਪਹਿਲਾਂ ਵਾਲੀ ਧਾਰਨਾ ਉੱਤੇ ਰੱਜ ਕੇ ਪਹਿਰਾ ਦਿੱਤਾ। ਜੋਸ਼ ਦੀ ਕਮਾਨ ਥੱਲੇ ਹੀ ਇਹ ਸਮਾਚਾਰ ਪੱਤਰ 1956 ਵਿਚ ਗੁਰਮੁਖੀ ਲਿਪੀ ਵਿਚ ‘ਨਵਾਂ ਜ਼ਮਾਨਾ’ ਨਾਮਕਰਨ ਥੱਲੇ ਛਪਣਾ ਸ਼ੁਰੂ ਹੋਇਆ ਤੇ ਅੱਜ ਤੱਕ ਛਪ ਰਿਹਾ ਹੈ।
ਬੀ. ਏ. ਦਾ ਇਮਤਿਹਾਨ ਦੇ ਕੇ ਮੈਂ ਦਿੱਲੀ ਚਲਾ ਗਿਆ। ਪਤਾ ਲੱਗਾ ਕਿ ਇਸ ਪਰਚੇ ਦੀ ਕਮਾਨ ਦਿੱਲੀ ਨਿਵਾਸੀ ਪੰਜਾਬੀ ਕਵੀ ਪ੍ਰੀਤਮ ਸਿੰਘ ਸਫੀਰ ਦੇ ਛੋਟੇ ਭਰਾ ਜਗਜੀਤ ਸਿੰਘ ਅਨੰਦ ਕੋਲ ਚਲੇ ਗਈ ਹੈ। ਇਹ ਵੀ ਕਿ ਬਾਬਾ ਗੁਰਬਖਸ਼ ਸਿੰਘ ਬੰਨੂਆਣਾ ਇਸ ਦੀ ਰੂਹ-ਏ-ਰਵਾਂ ਹੈ। ਪਰਚਾ ਤਾਂ ਕਦੀ ਕਦਾਈਂ ਨਜ਼ਰੀ ਪੈਂਦਾ, ਪਰ ਖਬਰ ਮਿਲਦੀ ਰਹਿੰਦੀ। ਜਗਜੀਤ ਅਨੰਦ ਨਾਲ ਬਹੁਤਾ ਵਾਹ ਪਰਚੇ ਕਰਕੇ ਨਹੀਂ, ਪਰ ਸੋਵੀਅਤ ਰੂਸ ਦੀਆਂ ਪ੍ਰਚਾਰ ਪੋਥੀਆਂ ਦੇ ਪੰਜਾਬੀ ਅਨੁਵਾਦ ਕਾਰਨ ਪੈਂਦਾ ਰਹਿੰਦਾ। ਉਹ ਤੇਜ਼ ਤਰਾਰ ਤੇ ਬਹੁਪੱਖੀ ਹਸਤੀ ਸੀ, ਢੁਕਵੀਂ ਪੰਜਾਬ ਸ਼ਬਦਾਵਲੀ ਦਾ ਮਾਹਰ। ਇੱਕ ਸਮਾਗਮ ਵਿਚ ਕਾਮਰੇਡ ਏ. ਕੇ. ਗੋਪਾਲਨ ਵਲੋਂ ਕਮਿਊਨਿਸਟ ਪਾਰਟੀ ਦੀਆਂ ਪ੍ਰਾਪਤੀਆਂ ਲਈ ਵਿੱਢੇ ਗਏ ਸੰਘਰਸ਼ ਨਾਲ ਸਬੰਧਤ ਘੋਲ ਲਈ ਵਰਤੇ ਗਏ ਕਿਸੇ ਅੰਗਰੇਜ਼ੀ ਭਾਸ਼ਾ ਦੇ ਵਾਕ ਨੂੰ ਪੰਜਾਬੀ ਭਾਸ਼ਾ ਵਿਚ ਸਮਝਾਉਣ ਸਮੇਂ ਉਹਦਾ ਵਰਤਿਆ ਗਿਆ ਵਾਕ ਮੈਨੂੰ ਅੱਜ ਤੱਕ ਚੇਤੇ ਹੈ। ਉਹ ਇਹ ਕਿ ਇਨ੍ਹਾਂ ਸਿਖਰਾਂ ਨੂੰ ਛੂਹਣ ਲਈ ਪਾਰਟੀ ਨੇ ਬੜੀ ਘਾਲਣਾ ਘਾਲੀ ਹੈ; ਪੈਰ ਥੱਲੇ ਬਟੇਰਾ ਨਹੀਂ ਆਇਆ।
ਮੇਰੇ ਦਿੱਲੀ ਤੋਂ ਚੰਡੀਗੜ੍ਹ ਆ ਜਾਣ ਪਿੱਛੋਂ ‘ਨਵਾਂ ਜ਼ਮਾਨਾ’ ਦਾ ਐਤਵਾਰਤਾ ਅੰਕ ਮੈਨੂੰ ਲਗਾਤਾਰ ਮਿਲ ਰਿਹਾ ਹੈ। ਸਮਾਂ ਲੱਗੇ ਤਾਂ ਮੈਂ ਜਲੰਧਰ ਵਾਲੇ ਦਫਤਰ ਵੀ ਦਸਤਕ ਦੇ ਆਉਂਦਾ ਹਾਂ। ਅਨੰਦ ਦੇ ਜਿਉਂਦੇ ਜੀ ਅਤੇ ਉਸ ਤੋਂ ਪਿੱਛੋਂ ਜਤਿੰਦਰ ਪੰਨੂੰ ਨੇ ਪਰਦੇ ਦੀ ਸੇਧ ਤੇ ਦ੍ਰਿਸ਼ਟੀਕੋਣ ਨੂੰ ਆਂਚ ਨਹੀਂ ਆਉਣ ਦਿੱਤੀ, ਇਸ ਵਰ੍ਹੇ ਦੇ ਅਰੰਭ ਵਿਚ ਇਸ ਦਾ ਸੰਪਾਦਨ ਚੰਦ ਫਤਿਹਪੁਰੀ ਦੇ ਹੱਥਾਂ ਵਿਚ ਚਲੇ ਜਾਣ ਤੱਕ। ਪਰਚੇ ਦਾ ਸੱਤ ਦਹਾਕੇ ਦਾ ਸਫਰ ਜ਼ਿੰਦਾਬਾਦ!
ਅੰਤਿਕਾ: ਲੋਕ ਬੋਲੀ
ਪਿੱਪਲ ਦਿਆ ਪੱਤਿਆ ਵੇ
ਕੇਹੀ ਖੜ ਖੜ ਲਾਈ ਹੈ,
ਪਤ ਝੜੇ ਪੁਰਾਣੇ ਵੇ
ਰੁੱਤ ਨਵਿਆਂ ਦੀ ਆਈ ਹੈ।