ਸੰਮਾਂ ਤੋਂ ਸੈੱਲ ਫੋਨਾਂ ਦੀ ਰਹਿਤਲ ‘ਤੇ ਪਹੁੰਚੀ ਪੇਂਡੂ ਜਵਾਨੀ

ਪ੍ਰਿੰ: ਬਲਕਾਰ ਸਿੰਘ ਬਾਜਵਾ
ਫੋਨ: 647-402-2170
ਕਰੋਨਾ ‘ਚ ਘਿਰਿਆ, ਫਸਿਆ ਕਾਫੀ ਲੰਬਾ ਸਮਾਂ ਭਾਰਤ ਰਹਿਣਾ ਪਿਐ। ਘੇਰਾ ਕੁਝ ਕਰੋਨਾ ਬੰਦਿਸ਼ਾਂ ਦਾ ਸੀ, ਕੁਝ ਉਮਰ ਦੀਆਂ ਸੀਮਾਵਾਂ ਦਾ। ਵਿਹਲ ਓੜਕਾਂ ਦੀ ਸੀ। ਜੁਲਾਈ ‘ਚ ਫਲਾਈਟ ਦਿੱਲੀਓਂ ਲੈਣੀ ਸੀ। ਪੰਜਾਬ ‘ਚ ਮੁੜ ਸਖਤ ਲੌਕਡਾਊਨ ਲੱਗਣ ਦੇ ਖਦਸ਼ਿਆਂ ਨੇ ਹਰਿਆਣੇ ਦੇ ਸਾਹਿਬ-ਏ-ਇਕਬਾਲ, ਜਾਇਦਾਦ-ਏ-ਇਕਬਾਲ ਤਕੜੇ ਕਿਸਾਨ ਰਿਸ਼ਤੇਦਾਰਾਂ ਕੋਲ ਬੜਾ ਖੁੱਲ੍ਹ ਕੇ ਮਿਲਣ-ਗਿਲਣ ਦਾ ਮੌਕਾ ਮਿਲਿਆ। ਨਜ਼ਦੀਕੀ ਰਿਸ਼ਤਦਾਰੀਆਂ ਵੱਲੋਂ ਨਾ ਆਉਣ ਦੇ ਲੰਮੇ ਸਮੇਂ ਦੇ ਉਲ੍ਹਾਮੇ ਲਾਹੇ। ਪਹਿਲਾਂ ਭੱਜ-ਭਜਾਈ ‘ਚ ਕਈ ਵਾਰੀ ਜਾ ਨਹੀਂ ਸੀ ਹੁੰਦਾ। ਖੁੱਲ੍ਹੀਆਂ ਡੁੱਲ੍ਹੀਆਂ ਮਿਲਖਾਂ, ਸਿਆੜਾਂ ਦੇ ਮਾਲਕਾਂ ਨਾਲ ਗਹਿਗੱਚ ਮੇਲ ਮਿਲਾਪ ਹੋਏ। ਉਨ੍ਹਾਂ ਦੀ ਖੁੱਲ੍ਹੀ ਡੁੱਲ੍ਹੀ ਮਹਿਮਾਨ ਨਿਵਾਜੀ ਖੂਬ ਮਾਣੀ। ਸੋਚ ਵਰਤਮਾਨ ਤੋਂ ਅੱਸੀ ਸਾਲ ਪੁਰਾਣੀ ਰਹਿਤਲੀ ਸਿਮ੍ਰਤੀਆਂ ‘ਚ ਘੁੰਮਣ ਲੱਗ ਪੈਂਦੀ। ਖਾਣ ਪੀਣ ਦੇ ਵਸੀਲੇ ਝਰਨੇ ਵਾਂਗ ਵਗਦੇ ਸਨ।

ਨਵੀਂ ਪੁਸ਼ਤ ਦੀ ਜੀਵਨ ਸ਼ੈਲੀ ਦੀ ਕਸਰਤ, ਬਾਹਰ ਘੁੰਮਣ ਫਿਰਨ ਵੱਲ ਕੋਈ ਰੁਚੀ ਨਹੀਂ ਸੀ। ਉਨ੍ਹਾਂ ਵਿਚ ਖੇਡਣ-ਮੱਲਣ ਦਾ ਕੋਈ ਸ਼ੌਕ ਨਹੀਂ ਸੀ। ਆਪੋ ਆਪਣੇ ਸੈੱਲਾਂ ਨਾਲ ਇਉਂ ਚੁੰਬੜੇ ਰਹਿੰਦੇ, ਜਿਵੇਂ ਸ਼ਹਿਦ ਦੀਆਂ ਮੱਖੀਆਂ ਛੱਜੇ ਦੁਆਲੇ ਭਿਣ-ਭਣਾਉਂਦੀਆਂ ਫਿਰਦੀਆਂ ਹਨ। ‘ਭੱਈਏ 20, ਚੁੱਲ੍ਹੇ 21’ ਵਾਂਗ 10 ਬੱਚਿਆਂ ਕੋਲ 12, 13 ਸੈੱਲ ਹਨ। ਮੰਮੀ ਡੈਡੀ ਦੇ ਵੀ ਸੈੱਲ ਵਰਤੀ ਜਾਂਦੇ। ਬੈੱਡਾਂ, ਸੋਫਿਆਂ ‘ਤੇ ਟੇਢੇ-ਮੇਢੇ ਹੋ ਗੇਮਾਂ, ਸਨੈਪ ਚੈਟ, ਫੋਟੋਆਂ ਤੇ ਹੋਰ ਅਨੇਕ ਰੰਗਾਂ ਵਿਚ ਗਲਤਾਨ ਹੋਏ ਵੇਖਦਾ। ਬੜੀ ਮੁਸ਼ਕਿਲ ਨਾਲ ਕਈ ਵਾਰੀ ਗੱਲੀਂ ਬਾਤੀਂ ਲਾਉਣਾ ਅਤੇ ਕਹਿਣਾ ‘ਗੂਗਲ’ ਬਾਬੇ ਤੋਂ ਆਪਣੀ ਪੜ੍ਹਾਈ ਤੇ ਕੁਦਰਤੀ ਵਰਤਾਰਿਆਂ ਬਾਰੇ ਸਵਾਲ ਪੁੱਛਿਆ ਕਰੋ, ਆਪਸ ਵਿਚ ਚਰਚੇ ਕਰਿਆ ਕਰੋ। ਸਹਿਮਤ ਜ਼ਰੂਰ ਹੋ ਜਾਂਦੇ, ਪਰ ਫਿਰ ਵੀ ਉਹ ਬਾਹਰ ਦੀ ਅਸਲ ਜ਼ਿੰਦਗੀ ਤੋਂ ਅਣਭਿੱਜ ਸੋਸ਼ਲ ਮੀਡੀਆ ਦੀ ਦੁਨੀਆਂ ਵਿਚ ਹੀ ਗੁਆਚੇ ਰਹਿੰਦੇ। ਬਾਹਰਲੀ ਅਸਲ ਦੁਨੀਆਂ ਉਨ੍ਹਾਂ ਨੂੰ ਬੇਗਾਨੀ, ਉਪਰੀ ਤੇ ਨੀਰਸ ਲੱਗਦੀ। ਜੇ ਕਿਤੇ ਨਿੱਕੇ ਮੋਟੇ ਕੰਮ ਲਈ ਬਾਹਰ ਭੇਜਣਾ ਪੈਂਦਾ ਤਾਂ ਭੱਜ ਕੇ ਮੋਟਰ ਸਾਈਕਲਾਂ ਦੀਆਂ ਚਾਬੀਆਂ ਜਾ ਚੁੱਕਦੇ। ਵੱਡੇ, ਜੋ ਸਿਹਤ ਬਾਰੇ ਚੇਤੰਨ ਸਨ, ਜ਼ਰੂਰ ਖੇਤਾਂ ਵੱਲ ਪੈਦਲ ਜਾਂਦੇ। ਵਾਹੀ ਜੋਤੀ ਲਈ ਟਰੈਕਟਰ, ਟਰਾਲੀਆਂ, ਪੱਠੇ ਕੁਤਰਨ ਵਾਲੀਆਂ ਤੇ ਹੋਰ ਕਈ ਤਰ੍ਹਾਂ ਦੀਆਂ ਮਸ਼ੀਨਾਂ, ਕੰਬਾਈਨਾਂ, ਕੰਪਿਊਟਰ ਲੈਵਲਰ, ਇਤਿਆਦਿ। ਵੱਡੇ ਸਾਰੇ ਸ਼ੈੱਡ ਵਿਚ ਇਉਂ ਸਜੇ ਖਲੋਤੇ ਨਜ਼ਰੀਂ ਪੈਂਦੇ ਜਿਵੇਂ ਪਹਿਲੇ ਸਮਿਆਂ ‘ਚ ਸਰਦੇ-ਪੁੱਜਦੇ ਘੈਂਟ ਜੱਟਾਂ ਦੇ ਘਰੀਂ ਧੰਨੀ ਦੇ ਵਧੀਆ ਬੌਲਦ, ਗੱਡੇ, ਗੜਬੈਲਾਂ। ਉਨ੍ਹਾਂ ਦੀਆਂ ਟੱਲੀਆਂ, ਹਰਮੇਲਾਂ ਛਣਕਦੀਆਂ ਅੱਜ ਵੀ ਕੰਨੀਂ ਪੈਂਦੀਆਂ। ਉਹ ਸ਼ਾਨਾਂਮੱਤੇ ਦ੍ਰਿਸ਼ ਅੱਜ ਵੀ ਅੱਖਾਂ ‘ਚ ਰੂਪਮਾਨ ਹੋ ਜਾਂਦੇ ਨੇ।
ਲੌਕਡਾਊਨ ਕਰਕੇ ਸਕੂਲ, ਕਾਲਜ ਬੰਦ ਸਨ। ਨੌਜਵਾਨ ਘਰਾਂ ‘ਚ ਹੀ ਵਿਚਰਦੇ। ਔਨਲਾਈਨ ਪੜ੍ਹਾਈ ਦੀ ਕਾਰਵਾਈ ਜਿਹੀ ਜ਼ਰੂਰ ਪੂਰੀ ਕੀਤੀ ਜਾਂਦੀ, ਸਕੂਲਾਂ ਨੇ ਫੀਸਾਂ ਜੁ ਲੈਣੀਆਂ ਨੇ। ਸਮੁੱਚੇ ਤੌਰ ‘ਤੇ ਜੋ ਸਾਹਮਣੇ ਵਾਪਰਦਾ, ਉਹ ਵਾਚਣੋਂ, ਤੋਲਣੋਂ, ਤੁਲਨਾ ਕਰਨੋਂ ਰਹਿ ਨਾ ਹੁੰਦਾ। ਪਹਿਲੀ ਉਹ ਰਹਿਤਲ ਸੰਮਾਂ ਵਾਲੀ ਡਾਂਗ ਵਾਲੀ ਸੀ। ਮੌਜੂਦਾ ਸੈੱਲ ਫੋਨਾਂ ਅਤਿ ਆਧੁਨਿਕ ਤਕਨੀਕਾਂ ਦੁਆਲੇ ਘੁੰਮਦੀ ਦਿੱਸਦੀ।
ਇਨ੍ਹਾਂ ਪਰਿਵਾਰਾਂ ਦੇ ਮੁੱਛ-ਫੁੱਟ ਜਵਾਨੀ ਚੜ੍ਹਦੇ ਗੱਭਰੂਆਂ ਤੇ ਮੁਟਿਆਰਾਂ ਦੇ ਰੋਜ਼ਾਨਾ ਦੇ ਚਿਹਨ ਚਕਰ ਸੈੱਲਾਂ ‘ਤੇ ਹੀ ਕੇਂਦ੍ਰਿਤ ਰਹਿੰਦੇ। ਇਨ੍ਹਾਂ ਦੀ ਤੁਲਨਾ 80 ਸਾਲ ਪਹਿਲਾਂ ਦੇ ਗਭਰੀਟਾਂ, ਗੱਭਰੂਆਂ, ਮੁਟਿਆਰਾਂ ਨਾਲ ਆਪ-ਮੁਹਾਰੇ ਹੋ ਜਾਂਦੀ। ਇਸ ਤਰ੍ਹਾਂ ਸੰਮਾਂ ਵਾਲੀ ਡਾਂਗ, ਖੂੰਡਾ ਅਤੇ ਸੈੱਲ ਫੋਨਾਂ ਵਾਲੀ ਜੀਵਨ ਰਹਿਤਲ ਵਾਲੇ ਦੋ ਮਨਜ਼ਰ ਵਾਚਣ ਦਾ ਸਬੱਬ ਬਣਿਆ-ਪਹਿਲਾ ਸਿਮ੍ਰਤੀ ਵਿਚੋਂ ਅਤੇ ਦੂਜਾ ਅੱਖੀਂ ਡਿੱਠਾ। ਖਿਆਲ ਆਉਂਦਾ, ਪੇਂਡੂ ਜਵਾਨੀ ਕਿੱਥੋਂ ਕਿੱਥੇ ਪਹੁੰਚ ਗਈ ਹੈ! ਸਾਡੇ ਪਿੰਡਾਂ ‘ਚ ਕਦੀ ਸ਼ਾਸਤਰ ਅਤੇ ਸ਼ਸਤਰ ਕਾਰਨ ਰੱਬ ਵੱਸਦਾ ਹੁੰਦਾ ਸੀ। ਸ਼ਸਤਰ ਹੁੰਦੇ ਸਨ ਜਵਾਨਾਂ ਦੀ ਸੰਮਾਂ ਵਾਲੀ ਡਾਂਗ ਤੇ ਬਾਬਿਆਂ ਦੇ ਖੂੰਡੇ ਅਤੇ ਸ਼ਾਸਤਰ ਹੁੰਦਾ ਬਾਬੇ ਨਾਨਕ ਦੀ ਬਾਣੀ। ਉਦੋਂ ਜੀਵਨ ਦੀ ਲੋੜ ਸੀ, ਡਾਂਗ ਤੇ ਖੂੰਡਾ। ਡਾਂਗ ਤਾਕਤਵਰ, ਦਲੇਰ, ਜੋਸ਼ੀਲੇ, ਰੋਹਬੀਲੇ ਗੱਭਰੂਆਂ ਦਾ ਪਰੰਪਰਕ ਚਿੰਨ੍ਹ ਹੁੰਦਾ। ਤਾਕਤ ਨਾਲ ਹੀ ਉਦੋਂ ਮਾਲ ਡੰਗਰ, ਫਸਲ-ਵਾੜੀ ਦੀ ਰਾਖੀ ਕੀਤੀ ਜਾ ਸਕਦੀ ਸੀ। ਮੋਹਵੰਤੇ ਗੱਭਰੂ ਆਪਣੇ ਦਿਲਬਰ ਦਾ ਨਾਂ ਵੀ ਉਸੇ ਡਾਂਗ ‘ਤੇ ਖੁਣਵਾ ਲੈਂਦੇ। ਲੋਕ ਗੀਤ ਬੋਲਦਾ, ‘ਨਾਂ ਲਿਖ ਲਿਆ ਜੈ ਕੌਰੇ ਤੇਰਾ, ਕੋਕੇ ਵਾਲੀ ਡਾਂਗ ਦੇ ਉੱਤੇ।’
ਬਾਬੇ ਦਾ ਖੂੰਡਾ ਡਰ ਭਉ, ਬੇਬਾਕੀ, ਸਪਸ਼ਟਤਾ, ਸਮਾਜਕ ਕਦਰਾਂ ਕੀਮਤਾਂ ਦਾ ਰਖਵਾਲਾ, ਵੱਡਿਆਂ ਦੇ ਹੁਕਮਾਂ, ਆਦੇਸ਼ਾਂ ਦਾ ਪਾਲਕ ਚਿੰਨ੍ਹ। ਪਰਿਵਾਰ ਤੇ ਭਾਈਚਾਰੇ ‘ਤੇ ਇਸ ਦਾ ਚੰਗਾ ਦਬਦਬਾ ਹੁੰਦਾ। ਦਇਆ, ਦ੍ਰਿੜਤਾ, ਦਲੇਰੀ ਉਸ ‘ਚੋਂ ਡਲਕਦੀ। ਤਾਂ ਹੀ ਵਿਦੇਸ਼ੀ ਜਰਵਾਣਿਆਂ ਵੱਲੋਂ ਅਗਵਾ ਕਰਕੇ ਲਿਜਾਈਆਂ ਜਾ ਰਹੀਆਂ ਪੰਜਾਬਣਾਂ ਪੁਕਾਰ ਉੱਠਦੀਆਂ, ‘ਮੋੜੀਂ ਬਾਬਾ ਡਾਂਗ ਵਾਲਿਆ, ਰੰਨ ਗਈ ਬਸਰੇ ਨੂੰ।’ ਇਨ੍ਹਾਂ ਸ਼ਸਤਰਾਂ ਨੂੰ ਆਪਣੀ ਸੁਹਜ, ਸੂਝ ਤੇ ਸ਼ੌਂਕ ਦੇ ਵੇਗ ‘ਚ ਪਿੱਤਲ ਦੇ ਸੰਮ, ਕੋਕੇ ਜੜੇ ਹੁੰਦੇ; ਪਰ ਅੱਜ ਦੇ ਹਾਈ ਟੈਕ ਦੌਰ ਵਿਚ ਇਹ ਦੋਵੇਂ ਸ਼ਸਤਰ ਛੁੱਟ ਗਏ ਹਨ। ਸਟੇਜੀ ਗੀਤਾਂ ਵਿਚ ਕਲਾਕਾਰ ਜ਼ਰੂਰ ਖੂੰਡਾ/ਡਾਂਗ ਲੈ ਗੀਤ ਗਾਉਂਦੇ ਤੇ ਭੰਗੜੇ ਪਾਉਂਦੇ ਹਨ। ਦੂਜੇ ਪਾਸੇ, ਅੱਜ ਹੱਥਾਂ ‘ਚ ਆ ਗਏ ਹਨ ਸੈੱਲ ਫੋਨ! ਘੱਟ ਹੀ ਕੋਈ ਨਜ਼ਰੀਂ ਪੈਂਦਾ ਹੈ, ਜਿਸ ਕੋਲ ਸੈੱਲ ਨਹੀਂ। ਸ਼ਾਇਦ ਸਮੇਂ ਦੀ ਤੇਜ਼ਗਤੀ ਵਾਲੀ ਭੱਜ ਦੌੜ ‘ਚ ਲੋੜ ਵੀ ਬਣ ਚੁਕਾ ਹੈ, ਪਰ ਫਿਰ ਵੀ ਜ਼ਰੂਰੀ ਹੱਦਾਂ ਟੱਪ ਚੁਕੈ ਅਤੇ ਜਵਾਨੀ ਨੂੰ ਭੂਤ ਬਣ ਚੁੰਬੜਿਆ ਪ੍ਰਤੀਤ ਹੁੰਦੈ।
ਨਤੀਜਾ ਇਹ ਜਵਾਨ ਭੱਜਦੇ ਇਉਂ ਲੱਗਦੇ ਨੇ, ਜਿਵੇਂ ਲੱਤਾਂ ਲੱਕ ਕੋਲੋਂ ਘੁੱਟ ਕੇ ਬੱਧੀਆਂ, ਟੰਗੀਆਂ ਹੋਈਆਂ ਹਨ। ਕੁਝ ਕੁ ‘ਤੇ ਮੋਟਾਪਾ ਟੀਨ ਏਜ ‘ਚ ਹੀ ਵਾਹਵਾ ਪ੍ਰਗਟ ਹੋਇਆ ਦਿਸਦਾ। ਘੰਟਿਆਂ ਬੱਧੀ ਅੱਧ-ਖੁੱਲ੍ਹੇ ਚਾਕੂ ਵਾਂਗ ਟੇਢੇ ਹੋ ਸੈੱਲ ਵੇਖਦਿਆਂ ਛਾਤੀ, ਮੋਢੇ ਅੰਦਰ ਨੂੰ ਕੁੰਗੜ ਗਏ ਹੋਏ ਹਨ। ਤੁਰਦੇ-ਫਿਰਦੇ ਇਉਂ ਲੱਗਦੇ ਹਨ, ਜਿਉਂ ਟੀ. ਬੀ. ਦੇ ਮਰੀਜ਼ ਹੋਣ। ਛੋਟੀ ਉਮਰੇ ਹੀ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਲੱਗੀਆਂ ਹੋਈਆਂ ਹਨ। ਸੈੱਲ ਤੋਂ ਹਟ ਕੇ ਟੀ. ਵੀ. ਲਾ ਬੈਠਦੇ ਹਨ। ਪਰ ਹਾਂ, ਸੈੱਲਾਂ ਨੂੰ ਤਕਨੀਕੀ ਤੌਰ ‘ਤੇ ਚੰਗੀ ਤਰ੍ਹਾਂ ਹੈਂਡਲ ਕਰ ਲੈਂਦੇ ਹਨ। ਸਾਨੂੰ ਆਪਣੇ ਫੋਨ ਦੀ ਕਿਸੇ ਸਮੱਸਿਆ ਲਈ ਉਨ੍ਹਾਂ ਕੋਲੋਂ ਸਿੱਖਣਾ ਪੈਂਦਾ। ਤੀਸਰੀ ‘ਚ ਪੜ੍ਹਦੇ ਮੁੰਡੇ ਨੇ ਫੋਟੋ ਚੈਟ ਐਪ ਤੋਂ ਵੱਖਰੇ ਵੱਖਰੇ, ਨਿਵੇਲੇ ਜਿਹੇ ਹਾਰ ਸ਼ਿੰਗਾਰ, ਟੋਪੀਆਂ, ਲਿਪਸਟਿੱਕਾਂ ਲਾ ਦਾਦਾ-ਦਾਦੀ, ਭੂਆ-ਫੁਫੜ, ਮੰਮੀ-ਡੈਡੀ, ਭੈਣ-ਭਰਾਵਾਂ ਦੀਆਂ ਫੋਟੋਆਂ ਨਾਲ ਕਾਰਟੂਨੀ ਸੈਸ਼ਨ ਲਾਇਆ। ਖੂਬ ਹਾਸੜ ਮੱਚਿਆ। ਇਹ ਕਲਾ ਉਨ੍ਹਾਂ ਦੇ ਖੱਬੇ ਹੱਥ ਦੇ ਕ੍ਰਿਸ਼ਮੇ ਹਨ। ਅਸੀਂ ਨਹੀਂ ਕਰ ਸਕਦੇ। ਭਾਂਤ ਸੁਭਾਂਤੀ ਨਾਟਕੀ ਮੂਰਤਾਂ ਬਣਾ ਬਣਾ ਵੱਖੀਂ ਪੀੜਾਂ ਪਾ ਦਿੰਦੇ ਹਨ।
ਉਦੋਂ ਵੇਖਦਾ ਹੁੰਦਾ ਸੀ, ਮਾਂਵਾਂ ਵੱਲੋਂ ਚੜ੍ਹਦੀ ਜਵਾਨੀ ਦੇ ਗਭਰੀਟਾਂ ਨੂੰ ਖੂਬ ਦੁੱਧ, ਘਿਉ, ਮੱਖਣ, ਅਧਰੇੜਕੇ ਪਿਆਏ ਜਾਂਦੇ। ਲੋਕ ਧਾਰਾ ਸੀ: ਪੁੱਤ ਤੇ ਵਹਿੜਕੇ ਨੂੰ ਖੁਆਇਆ ਵਿਅਰਥ ਨਹੀਂ ਜਾਂਦਾ। ਜਦੋਂ ਕਿ ਅਜੋਕੀ ਨੌਜਵਾਨ ਪੁਸ਼ਤ ਇਨ੍ਹਾਂ ਚੀਜ਼ਾਂ ਤੋਂ ਦੂਰ ਭੱਜਦੀ ਹੈ। ਉਹ ਜਵਾਨੀ ਦੀ ਪਹਿਲੀ ਉਮਰੇ, ਬਜੁਰਗਾਂ ਨਾਲ ਬੇਲਿਆਂ ਤੇ ਰੱਖਾਂ ਵਿਚ ਡੰਗਰ ਚਾਰਦੇ। ਦੇਸੀ ਖੇਡਾਂ ਖੇਡਦੇ। ਮਸਤੀ ‘ਚ ਆਏ ਕੂਕਾਂ ਮਾਰਦੇ, ਰਾਂਝੇਟੜੇ ਦੇ ਨਿੱਕੇ-ਵੱਡੇ ਭਰਾ ਲੱਗਦੇ। ਉਨ੍ਹਾਂ ਤੋਂ ਵੱਡੇ ਸ਼ੇਰ ਦੂਲੇ ਰੱਜ ਕੇ ਹਲ ਵਾਹੁੰਦੇ, ਧੁੱਪਾਂ ‘ਚ ਫਲੇ ਹੱਕਦੇ, ਗੋਡੀਆਂ ਕਰਦੇ, ਧਾਰਾਂ ਕੱਢਦੇ, ਬੂਰੀਆਂ ਚੁੰਘਦੇ, ਵਾਢੀਆਂ ਕਰਦੇ ਤੇ ਟੋਕਿਆਂ ‘ਤੇ ਭਰੀਆਂ ਦੀਆਂ ਭਰੀਆਂ ਚਰੀਆਂ, ਬਾਜਰੇ, ਕਮਾਦ ਕੁਤਰਦੇ। ਕੰਮਾਂ ਤੋਂ ਵਿਹਲੇ ਹੋ ਵਗਦੇ ਖੂਹਾਂ ‘ਤੇ ਨਹਾਉਣ ਤੋਂ ਪਹਿਲਾਂ ਤੇਲ ਮਲਦੇ, ਡੰਡ ਬੈਠਕਾਂ ਮਾਰਦੇ। ਮੀਂਹਾਂ ਪਿੱਛੋਂ ਕਬੱਡੀ, ਛਾਲਾਂ, ਘੋਲਾਂ ਦੇ ਅਖਾੜੇ ਲੱਗ ਜਾਂਦੇ। ਕਈ ਵਾਰੀ ਕਿਸੇ ਹਵੇਲੀ ਵਿਚ ਪਏ ਭਾਰੇ ਸੁਹਾਗੇ, ਪੱਥਰ, ਵੇਲਣੇ ਦੀਆਂ ਲੱਠਾਂ, ਆਇਰਨ ਚੁੱਕਣ ਦਾ ਪਿੜ ਬੱਝ ਜਾਂਦਾ। ਦੁਆਲੇ ਪਿੰਡ ਦੇ ਵਡਾਰੂ ਆ ਜੁੜਦੇ। ਤਕੜਿਆਂ ਦੀ ਬੱਲੇ-ਬੱਲੇ, ਵਾਹ-ਵਾਹ ਹੁੰਦੀ। ਮੋਹਰੀਆਂ ਨੂੰ ਚੰਗਾ ਸਲਾਹਿਆ ਜਾਂਦਾ। ਮਜ਼ਬੂਤ ਪੱਟਾਂ ਤੇ ਸੋਹਣੇ ਡੌਲਿਆਂ ਵਾਲੇ ਜਵਾਨਾਂ ਨੂੰ ਵੇਖ ਭੁੱਖ ਲਹਿੰਦੀ। ਅਜਿਹੇ ਪੱਟਾਂ ‘ਤੇ ਖੁਣਵਾਈਆਂ ਮੋਰਨੀਆਂ ਤੇ ਹੱਥ ਵਿਚ ਫੜੀ ਸੰਮਾਂ ਵਾਲੀ ਡਾਂਗ ਅਤੇ ਬਜੁਰਗਾਂ ਦੇ ਹੱਥਾਂ ਵਿਚ ਖੂੰਡੇ ਯਾਦਗਾਰੀ ਪਰੰਪਰਕ ਚਿੱਤਰ ਪੇਸ਼ ਕਰਦੇ। ਪੰਜਾਬ ਦਾ ਅਲਬੇਲਾ ਕਵੀ ਪੂਰਨ ਸਿੰਘ ਇਨ੍ਹਾਂ ਨੂੰ ਹੀ ‘ਬੇਪ੍ਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀਂ ਨਹੀਂ ਡਰਦੇ।
ਪਿਆਰ ਨਾਲ ਇਹ ਕਰਨ ਗੁਲਾਮੀ
ਜਾਨ ਕੋਹ ਆਪਣੀ ਵਾਰ ਦਿੰਦੇ,
ਪਰ ਟੈਂ ਨਾ ਮੰਨਣ ਕਿਸੇ ਦੀ
ਖਲੋ ਜਾਣ ਡਾਂਗਾਂ ਮੋਢੇ ‘ਤੇ ਉਲਾਰ ਕੇ।
ਇਨ੍ਹਾਂ ਠਾਠਾਂ ਮਾਰਦੇ ਜ਼ੋਰਾਵਰ ਤੇ ਫੁਰਤੀਲੇ ਗੱਭਰੂਆਂ ਨੂੰ ਅੰਗਰੇਜ਼ ਆਪਣੀ ਫੌਜ ਵਿਚ ਹੱਸ ਕੇ ਭਰਤੀ ਕਰਦੇ ਅਤੇ ਮਾਣ ਮਹਿਸੂਸ ਕਰਦੇ। ਜਦੋਂ ਕਿ ਅੱਜ-ਕੱਲ੍ਹ ਭਰਤੀ ਸਮੇਂ ਸਾਡੇ ਗੱਭਰੂ ਸਰੀਰਕ ਮਾਪ ਦੰਡ ਪੂਰੇ ਕਰਨੋਂ ਵੀ ਰਹਿ ਜਾਂਦੇ ਹਨ। ਬਾਕੀ ਦੌੜ, ਦਮ-ਖਮ ਵੱਲੋਂ ਬਾਹਰ ਹੋ ਜਾਂਦੇ ਨੇ। ਪੰਜਾਬੀ ਰੈਜੀਮੈਂਟਾਂ ਦਾ ਨਿਸ਼ਚਿਤ ਕੋਟਾ ਵੀ ਪੂਰਾ ਨਹੀਂ ਹੁੰਦਾ। ਇਨ੍ਹਾਂ ਗੱਭਰੂਆਂ ਬਾਰੇ ਧਨੀ ਰਾਮ ਚਾਤ੍ਰਿਕ ਦੀ ਕਵਿਤਾ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਦਾ ਅਨੰਦ ਮਾਣੋਂ,
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਮੀਂਹਾਂ ਦੀ ਉਡੀਕ ਤੇ ਸਿਆੜ ਕੱਢ ਕੇ…
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ
ਪੱਗ, ਝੱਗਾ, ਚਾਦਰਾ ਨਵਾਂ ਸਵਾਇ ਕੇ…।
ਇੱਕ ਕਲਾਕਾਰ ਬੀਬੀ ‘ਸਤਿ ਗੁਰ ਤੇਰੀ ਲੀਲਾ ਨਿਆਰੀ ਏ’ ਗੀਤ ਛੇੜਦੀ ਹੈ। ਮੈਨੂੰ ਨੱਚਣਾ ਨਈਂ ਆਉਂਦਾ, ਪਰ ਜਦੋਂ ਹੱਥ ‘ਚ ਖੂੰਡਾ ਫੜ ਲੈਂਦੀ ਹੈ ਤਾਂ ਬੋਲ ਉੱਠਦੈ, ‘ਅੱਜ ਫੜ ਕੇ ਖੂੰਡੇ ਨੂੰ, ਭੰਗੜਾ ਪਾਵਾਂ ਜਗਤ ਹਿਲਾਵਾਂ।’ ਹੋਇਆ ਨਾ ਸਭਿਆਚਾਰ ‘ਚ ਖੂੰਡੇ ਦਾ ਜਲਵਾ! ਨਾਲ ਹੀ ਬਾਪੂ ਦੇ ਪਟਵਾਰੀ ਹੋਣ ਦਾ ਵੀ ਰੋਹਬ ਝਾੜਦੀ ਹੈ, ‘ਬਾਪੂ ਪਟਵਾਰੀ ਟੌਅਰ ਨਵਾਬੀ।’ ਯੁਗਾਂਤਰਾਂ ਤੋਂ ਹੀ ਜੱਟ ਪਟਵਾਰੀ ਨੂੰ ਡੀ. ਸੀ. ਤੋਂ ਉੱਤੇ ਸਮਝਦੈ। ਕਿਉਂ? ਕਿਉਂਕਿ ਉਹਦੀ ਕਲਮ ਵਿਚ ਜੱਟ ਦੀ ਜੀਵਿਕਾ, ਜਿੰਦ ਜਾਨ ਜ਼ਮੀਨ ਦੇ ਅਨੇਕ ਮਸਲੇ ਵਿਗਾੜਨ ਤੇ ਸੁਆਰਨ ਦੀ ਜਾਦੂਮਈ ਕਲਮੀ ਕਲਾ ਹੁੰਦੀ ਐ। ਜੋ ਅੱਜ ਵੀ ਬਰਕਰਾਰ ਹੈ। ਆਪਣੇ ਮੁੱਖ ਵਿਸ਼ੇ ਵੱਲ ਮੁੜਦਾ ਹਾਂ।
ਇਨ੍ਹਾਂ ਦੋਵੇਂ ਦ੍ਰਿਸ਼ਾਂ ਦੀ ਅਸਲੀਅਤਾਂ ‘ਚੋਂ ਮੇਰੀ ਕਲਮ ਪ੍ਰੋ. ਪੂਰਨ ਸਿੰਘ ਦੀ ਕਵਿਤਾ ‘ਪੰਜਾਬ ਨੂੰ ਕੂਕਾਂ ਮੈਂ’ ਗੂੰਜ ਉੱਠਦੀ ਐ,
ਆ ਪੰਜਾਬ-ਪਿਆਰ ਤੂੰ ਮੁੜ ਆ…
ਤੇਰੇ ਤੂਤ ਦਿਸਣ ਮੁੜ ਸਾਵੇ,
ਮੁੜ ਆਵਣ ਬੂਟਿਆਂ ਨਾਲ ਤੇਰੀਆਂ ਦੋਸਤੀਆਂ,
ਤੇਰੇ ਪਿੱਪਲਾਂ ਹੇਠ ਹੋਣ ਮੁੜ ਮੇਲੇ।
ਸੁਹਣੀਆਂ ਛਾਤੀਆਂ ਮੁੜ ਉਭਰਨ, ਧੜਕਣ, ਕੰਬਣ,
ਦਿਲ ਦਰਿਆ ਹੋਣ ਰੱਬ ਦੀ ਜੋਤਵਾਲੇ
ਰੱਬ ਦੀ ਦਇਆ
ਆ ਪੰਜਾਬ ਸਦਕੇ ਤੂੰ ਮੁੜ, ਫਿਰ ਆ।
ਸਾਡਾ ਵੀ ਮਨ ਲੋਚਦੈ, ਉਹ ਸਵਰਗ ਮੁੜ ਆਵੇ, ਜੋ ‘ਸਵਰਗ’ ਗੀਤ ‘ਜਿਉਂਦੇ ਜੀ ਆ ਸੋਹਣਿਆ, ਤੈਨੂੰ ਸਵਰਗ ਵਿਖਾਵਾਂ, ਜੁੜੀਆਂ ਹੋਈਆਂ ਨੀ ਰੌਣਕਾਂ ਪਿੱਪਲਾਂ ਦੀਆਂ ਛਾਂਵਾਂ’ ਨੇ ਚਿਤਰਿਆ ਸੀ। ਇਹ ਗੀਤ ਅਮਰਜੀਤ ਗੁਰਦਾਸਪੁਰੀ ਨੇ ਆਪਣੀ ਸੁਰੀਲੀ ਲੰਮੀ ਹੇਕ ਵਿਚ ਗਾ ਕੇ ਸਰੋਤਿਆਂ ਨੂੰ ਉਨ੍ਹਾਂ ਸਮਿਆਂ ਦੇ ਸਾਖਸ਼ਾਤ ਦਰਸ਼ਨ ਕਈ ਵਾਰ ਕਰਵਾਏ ਹਨ; ਪਰ ਜਾਪਦੈ, ਹੁਣ ਸਾਡੀ ਸਭਿਅਤਾ ਤੇ ਸਭਿਆਚਾਰ ਏਨੇ ਅੱਗੇ ਵਧ ਚੁਕੈ ਕਿ ਪਿੱਛੇ ਮੁੜਨਾ ਸੰਭਵ ਨਹੀਂ। ਜਿਵੇਂ ‘ਕੂੰਡਾ ਬਨਾਮ ਖੂੰਡਾ’ ਗੀਤ ਵਿਚ ਗਗਨ ਚੀਮਾ ਆਪਣੀ ਮੰਤਰ ਮੁਗਧ ਕਰ ਦੇਣ ਵਾਲੀ ਮਿੱਠੀ, ਸੁਰੀਲੀ ਲੋਕ ਗੀਤ ਸੁਰ ਵਿਚ ਪੇਸ਼ ਕਰਦੀ ਹੈ, “ਉਹ ਦਿਨ ਨਹੀਂ ਆਉਣੇ ਮੁੜ ਕੇ, ਬਹਿੰਦਾ ਸੀ ਟੱਬਰ ਜੁੜ ਕੇ…ਗੱਡਿਆਂ ਨੂੰ ਗੱਡੀਆਂ ਪੈ ਗਈਆਂ…ਕੂੰਡੇ ਦੀ ਚਟਣੀ ਸੀ ਤੇ ਖੂੰਡੇ ਦਾ ਡਰ ਹੁੰਦਾ ਸੀ।”
ਫਿਰ ਵੀ ਚਾਹਤ, ਹੇਰਵਾ ਇਸ ਪੁੱਠੇ ਚਕਰ ‘ਚੋਂ ਨਿਕਲ ਪਿਛਲੇ ਪਿਆਰੇ ਪੇਂਡੂ ਸੁਹਿਰਦ, ਸਾਦਾ, ਸਹਿਜ ਸਭਿਆਚਾਰ ਵੱਲ ਜਾਣ ਦੇ ਸੁਫਨੇ ਲੈਂਦਾ ਹੀ ਰਹਿੰਦੈ। ਸੁਫਨੇ ਲਵਾਂਗੇ ਤਾਂ ਹੀ ਜੀਵਤ ਰਹਾਂਗੇ! ਵੈਸੇ ਦੂਰਦਰਸ਼ੀ, ਨਿਰਪੱਖ ਵਿਗਿਆਨੀ ਤੇ ਸਮਾਜ ਸ਼ਾਸਤਰੀ ਭਵਿੱਖਵਾਣੀ ਕਰਦੇ ਹਨ ਕਿ 2050 ਤੱਕ ਸਾਨੂੰ ਮੌਜੂਦਾ ਰੁਝਾਨ ਨੂੰ ਪਿੱਛੇ ਵੱਲ ਮੋੜਨਾ ਹੀ ਪੈਣਾ, ਜੇ ਜੀਵਤ ਰਹਿਣੈ! ਜੇ ਬਚੇ ਰਹਿਣੈ ਤਾਂ ‘ਸਾਨੂੰ ਕੁਦਰਤ ਦੀ ਗੋਦ ਵੱਲ ਮੁੜਨਾ ਹੀ ਪੈਣੈ!’ ਜੋ ਕੰਧ ‘ਤੇ ਉੱਕਰਿਆ ਸੱਚ ਵੀ ਹੈ!