ਚੰਡੀਗੜ੍ਹ: ਮੁੱਖ ਮੰਤਰੀ ਵਿਦੇਸ਼ਾਂ ਵਿਚੋਂ ਮਿਲਣ ਵਾਲੇ ਮਹਿੰਗੇ ਤੋਹਫ਼ੇ ਆਪਣੇ ਘਰਾਂ ਵਿਚ ਰੱਖ ਲੈਂਦੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਸ ਦੀ ਕੋਈ ਸੂਚਨਾ ਨਹੀਂ ਦਿੱਤੀ ਜਾਂਦੀ। ਹਾਲਾਂਕਿ ਨਿਯਮਾਂ ਅਨੁਸਾਰ ਵਿਦੇਸ਼ ਯਾਤਰਾ ਦੌਰਾਨ ਮਿਲਣ ਵਾਲੇ ਹਰ ਤੋਹਫ਼ੇ ਦੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੂਚਨਾ ਦੇਣੀ ਲਾਜ਼ਮੀ ਹੁੰਦੀ ਹੈ। ਇਕੱਲੀ ਸੂਚਨਾ ਹੀ ਨਹੀਂ ਸਗੋਂ ਵਿਦੇਸ਼ੀ ਤੋਹਫ਼ੇ ਨੂੰ ਸਰਕਾਰੀ ਤੋਸ਼ਾਖਾਨਾ ਵਿਚ ਰੱਖਿਆ ਜਾਣਾ ਹੁੰਦਾ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜੋ ਪਾਕਿਸਤਾਨ ਵਿਚੋਂ ਤੋਹਫ਼ੇ ਪ੍ਰਾਪਤ ਹੋਏ ਸਨ, ਉਨ੍ਹਾਂ ਦੀ ਸਰਕਾਰੀ ਰਿਕਾਰਡ ਵਿਚ ਕੋਈ ਸੂਚਨਾ ਨਹੀਂ। ਸਰਕਾਰੀ ਸੂਚਨਾ ਅਨੁਸਾਰ ਕਿਸੇ ਵੀ ਰਾਜ ਦੇ ਮੁੱਖ ਮੰਤਰੀ ਵੱਲੋਂ ਇਸ ਸਮੇਂ ਦੌਰਾਨ ਵਿਦੇਸ਼ਾਂ ਵਿਚੋਂ ਮਿਲਣ ਵਾਲਾ ਕੋਈ ਵੀ ਤੋਹਫ਼ਾ ਸਰਕਾਰੀ ਤੋਸ਼ਾਖਾਨਾ ਵਿਚ ਜਮ੍ਹਾਂ ਨਹੀਂ ਕਰਾਇਆ ਗਿਆ। ਜਦੋਂ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ 18-19 ਫਰਵਰੀ 1999 ਵਿਚ ਵਿਸ਼ੇਸ਼ ਬੱਸ ਰਾਹੀਂ ਪਾਕਿਸਤਾਨ ਗਏ ਸਨ ਤਾਂ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਦੇ ਵਫ਼ਦ ਨਾਲ ਪਾਕਿਸਤਾਨ ਗਏ ਸਨ। ਉਦੋਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਸ਼ ਬਾਦਲ ਨੂੰ ਦੋ ਭੇਡੂ ਤੋਹਫ਼ੇ ਵਿਚ ਦਿੱਤੇ ਸਨ। ਏਦਾਂ ਹੀ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 30 ਜਨਵਰੀ, 2004 ਤੋਂ ਇਕ ਫਰਵਰੀ, 2004 ਤੱਕ ਤੇ ਫਿਰ 14 ਮਾਰਚ, 2005 ਤੋਂ 17 ਮਾਰਚ, 2005 ਤੱਕ ਪਾਕਿਸਤਾਨ ਦਾ ਦੌਰਾ ਕੀਤਾ ਸੀ। ਪਾਕਿਸਤਾਨ ਦੌਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਘੋੜਾ ਤੋਹਫ਼ੇ ਵਿਚ ਦਿੱਤਾ ਗਿਆ ਸੀ। ਮੁੱਖ ਮੰਤਰੀ ਬਾਦਲ ਨੇ ਭੇਡੂ ਆਪਣੇ ਫਾਰਮ ਹਾਊਸ ਵਿਚ ਰੱਖੇ ਹੋਏ ਸਨ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੇ ਤੋਹਫ਼ੇ ਵਾਲਾ ਘੋੜਾ ਫਿਲੌਰ ਅਕੈਡਮੀ ਵਿਚ ਭੇਜ ਦਿੱਤਾ ਸੀ। ਜਦੋਂ 13 ਅਪਰੈਲ, 2012 ਨੂੰ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਅੰਮ੍ਰਿਤਸਰ ਜ਼ਿਲ੍ਹੇ ਵਿਚ ਆਏ ਸਨ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਤੋਂ ਭੇਡੂਆਂ ਦੇ ਇਕ ਹੋਰ ਜੋੜੇ ਦੀ ਮੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਸ਼ ਬਾਦਲ ਜਾਨਵਰ ਪ੍ਰੇਮੀ ਹਨ ਤੇ ਜਾਨਵਰਾਂ ਨਾਲ ਉਨ੍ਹਾਂ ਦਾ ਕਾਫੀ ਲਗਾਓ ਹੈ। ਪੰਜਾਬ ਦੀ ਮੰਤਰੀ ਮੰਡਲ ਮਾਮਲੇ ਸ਼ਾਖਾ ਵੱਲੋਂ ਜੋ ਵੱਖਰੀ ਸੂਚਨਾ ਦਿੱਤੀ ਗਈ ਹੈ, ਉਸ ਅਨੁਸਾਰ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਪਾਕਿਸਤਾਨ ਵਿਚੋਂ ਜੋ ਤੋਹਫ਼ੇ ਮਿਲੇ ਹਨ, ਉਨ੍ਹਾਂ ਦਾ ਕੋਈ ਰਿਕਾਰਡ ਮੁਹੱਈਆ ਨਹੀਂ ਹੈ। ਇਹ ਸ਼ਾਖਾ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੋਈ ਪਾਕਿਸਤਾਨ ਦਾ ਦੌਰਾ ਕੀਤੇ ਜਾਣ ਤੋਂ ਵੀ ਮੁੱਕਰ ਗਈ ਹੈ।
ਸ਼ਾਖਾ ਨੇ ਲਿਖਤੀ ਸੂਚਨਾ ਦਿੱਤੀ ਹੈ ਕਿ ਇਕ ਅਪਰੈਲ 1997 ਤੋਂ ਸਾਲ 2012 ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਕਿਸਤਾਨ ਦਾ ਕੋਈ ਦੌਰਾ ਨਹੀਂ ਕੀਤਾ। ਜਦੋਂਕਿ ਉਹ ਪ੍ਰਧਾਨ ਮੰਤਰੀ ਦੇ ਵਫ਼ਦ ਨਾਲ ਪਾਕਿਸਤਾਨ ਜਾ ਚੁੱਕੇ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਵੀ ਇਨ੍ਹਾਂ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨੂੰ ਲੰਘੇ ਪੰਜ ਵਰ੍ਹਿਆਂ ਵਿਚ 223 ਵਿਦੇਸ਼ੀ ਤੋਹਫ਼ੇ ਮਿਲੇ ਹਨ। ਉਨ੍ਹਾਂ ਨੇ ਇਨ੍ਹਾਂ ਵਿਚੋਂ 54 ਤੋਹਫੇ ਆਪਣੇ ਕੋਲ ਰੱਖ ਲਏ ਹਨ ਜਦੋਂਕਿ ਬਾਕੀ 169 ਤੋਹਫ਼ੇ ਤੋਸ਼ਾਖਾਨਾ ਵਿਚ ਜਮ੍ਹਾਂ ਕਰਾ ਦਿੱਤੇ ਗਏ ਹਨ। ਵੀæਵੀæਆਈæਪੀਜ਼ ਨੂੰ ਵਿਦੇਸ਼ ਯਾਤਰਾ ਦੌਰਾਨ ਜੋ ਤੋਹਫ਼ੇ ਮਿਲਦੇ ਹਨ, ਉਨ੍ਹਾਂ ਦਾ ਹਿਸਾਬ-ਕਿਤਾਬ ਫੌਰਨ ਕੰਟਰੀਬਿਊਸ਼ਨ (ਅਸੈਪਟੇਸ਼ਨ ਐਂਡ ਰਿਟੈਂਨਸ ਆਫ ਗਿਫਟ ਐਂਡ ਪ੍ਰੈਜੈਟੇਸ਼ਨ) ਰੈਗੂਲੇਸ਼ਨਜ਼ 1978 ਤਹਿਤ ਰੱਖਿਆ ਜਾਂਦਾ ਹੈ। ਗ੍ਰਹਿ ਮੰਤਰਾਲੇ ਵੱਲੋਂ ਜੋ 22 ਜੂਨ, 1978 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਉਸ ਅਨੁਸਾਰ ਹਰ ਵੀæਵੀæਆਈæਪੀਜ਼ ਨੂੰ ਵਿਦੇਸ਼ ਯਾਤਰਾ ਦੌਰਾਨ ਮਿਲਣ ਵਾਲੇ ਤੋਹਫ਼ਿਆਂ ਦੀ ਸੂਚਨਾ 30 ਦਿਨਾਂ ਵਿੱਚ ਦੇਣੀ ਹੁੰਦੀ ਹੈ ਤੇ ਸੂਚਨਾ ਦੇਣ ਤੋਂ 30 ਦਿਨਾਂ ਦੇ ਅੰਦਰ ਅੰਦਰ ਮਿਲੇ ਵਿਦੇਸ਼ੀ ਤੋਹਫ਼ੇ ਨੂੰ ਸਰਕਾਰੀ ਤੋਸ਼ਾਖਾਨਾ ਵਿਚ ਜਮ੍ਹਾਂ ਕਰਾਇਆ ਜਾਣਾ ਹੁੰਦਾ ਹੈ।
ਵੀæਵੀæਆਈæਪੀਜ਼ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਤੋਹਫਾ ਕਿਥੋਂ ਤੇ ਕਦੋਂ ਕਿਸ ਤਰਫੋਂ ਦਿੱਤਾ ਗਿਆ ਅਤੇ ਉਸ ਦੀ ਭਾਰਤੀ ਕਰੰਸੀ ਵਿਚ ਬਾਜ਼ਾਰੀ ਕੀਮਤ ਕਿੰਨੀ ਹੈ। ਮਗਰੋਂ ਗ੍ਰਹਿ ਮੰਤਰਾਲੇ ਨੇ 27 ਜਨਵਰੀ 1999 ਨੂੰ ਸੋਧ ਕੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਸ ਅਨੁਸਾਰ ਜਿਸ ਵਿਦੇਸ਼ੀ ਤੋਹਫ਼ੇ ਦੀ ਕੀਮਤ ਪੰਜ ਹਜ਼ਾਰ ਤੋਂ ਘੱਟ ਹੈ, ਉਸ ਤੋਹਫ਼ੇ ਨੂੰ ਵੀæਵੀæਆਈæਪੀਜ਼æ ਆਪਣੇ ਕੋਲ ਰੱਖ ਸਕਦੇ ਹਨ।
Leave a Reply